ਦੇਸ਼ ਦੇ ਸਭ ਤੋਂ ਛੋਟੇ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦੇ ਲੋਕਾਂ ਦੀ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਪ੍ਰਸ਼ਾਸਕ ਪ੍ਰਫ਼ੁਲ ਖੋਡਾ ਪਟੇਲ ਦੀਆਂ ਪਹਿਲਕਦਮੀਆਂ ਖ਼ਿਲਾਫ਼ ਇਕਜੁੱਟਤਾ ਲੋਕਾਂ ਦੀ ਆਪਣੀ ਹੋਂਦ, ਸੱਭਿਆਚਾਰ ਅਤੇ ਭਵਿੱਖ ਪ੍ਰਤੀ ਜਾਗਰੂਕਤਾ ਦਾ ਸੰਕੇਤ ਹੈ। ਲਕਸ਼ਦੀਪ ਵਿਚ ਹੋਈ ਹੜਤਾਲ ਦਾ ਪ੍ਰਭਾਵ ਕਰਫਿਊ ਵਰਗਾ ਸੀ। ਇਸ ਹੜਤਾਲ ਦਾ ਸੱਦਾ ਸਾਰੀਆਂ ਪਾਰਟੀਆਂ ਦੇ ਸਥਾਨਕ ਆਗੂਆਂ ਦੀ ਸ਼ਮੂਲੀਅਤ ਵਾਲੇ ਨਵੇਂ ਬਣੇ ਲਕਸ਼ਦੀਪ ਬਚਾਓ ਫੋਰਮ ਨੇ ਦਿੱਤਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਤਜਵੀਜ਼ਾਂ ਉਨ੍ਹਾਂ ਦੀਆਂ ਜ਼ਮੀਨਾਂ ਹੜੱਪਣ, ਜੀਵਨ ਜਾਚ ਨੂੰ ਤਬਾਹ ਕਰਨ ਅਤੇ ਖਾਣ ਪੀਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿਚ ਸਰਕਾਰੀ ਦਖ਼ਲ ਵਧਾਉਣ ਵਾਲੀਆਂ ਹਨ। ਸਥਾਨਕ ਲੋਕਾਂ ਦਾ ਪ੍ਰਸ਼ਾਸਕ ਤੋਂ ਭਰੋਸਾ ਉੱਠ ਚੁੱਕਾ ਹੈ ਅਤੇ ਇਸੇ ਕਰ ਕੇ ਉਹ ਉਸ ਦੀ ਬਰਖਾਸਤਗ਼ੀ ਚਾਹੁੰਦੇ ਹਨ।
ਪ੍ਰਸ਼ਾਸਕ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਕਾਸ ਦੇ ਨਾਮ ’ਤੇ ਜਬਰੀ ਜ਼ਮੀਨ ਗ੍ਰਹਿਣ ਕਰਨ, ਸਥਾਨਕ ਡੇਅਰੀ ਖ਼ਤਮ ਕਰਨ, ਚੋਰੀਆਂ ਜਾਂ ਅਪਰਾਧ ਰੋਕਣ ਲਈ ਹਿਰਾਸਤੀ ਸਮਾਂ ਵਧਾਉਣ, ਪੰਚਾਇਤੀ ਚੋਣਾਂ ’ਚ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ’ਤੇ ਚੋਣ ਲੜਨ ਉੱਤੇ ਪਾਬੰਦੀ, ਅਧਿਕਾਰਤ ਮਨਜ਼ੂਰੀ ਬਿਨਾਂ ਮਾਸ ਵੇਚਣ ‘ੇ ਰੋਕ ਸਮੇਤ ਅਨੇਕਾਂ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਇੱਥੇ ਰਿਹਾਇਸ਼ੀ ਖੇਤਰਾਂ ਦੇ ਰੈਸਟੋਰੈਂਟਾਂ ਵਿਚ ਸ਼ਰਾਬ ਦੀ ਮਨਾਹੀ ਹੈ ਪਰ ਨਵੀਂ ਤਜਵੀਜ਼ ਵਿਚ ਸ਼ਰਾਬ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ। 2011 ਦੀ ਜਨਗਣਨਾ ਅਨੁਸਾਰ ਇਸ ਪ੍ਰਦੇਸ਼ ਦੀ 65 ਹਜ਼ਾਰ ਆਬਾਦੀ ਵਿਚੋਂ 96 ਫ਼ੀਸਦੀ ਲੋਕ ਮੁਸਲਮਾਨ ਅਤੇ 94.8 ਫ਼ੀਸਦੀ ਜਨਜਾਤੀ ਨਾਲ ਸਬੰਧਿਤ ਹਨ। ਉਹ ਸਾਰੇ ਇਕਜੁੱਟ ਹੋ ਕੇ ਇਹ ਆਵਾਜ਼ ਉਠਾ ਰਹੇ ਹਨ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਰਵਾਇਤਾਂ ਅਤੇ ਸਾਦੀ ਜੀਵਨ ਜਾਚ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।
ਇੱਥੋਂ ਲੋਕ ਸਭਾ ਦਾ ਨੁਮਾਇੰਦਾ ਮੁਹੰਮਦ ਫੈਜ਼ਲ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਨਾਲ ਸਬੰਧਿਤ ਹੈ। ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਫਿਲਹਾਲ ਕਿਸੇ ਵੀ ਤਜਵੀਜ਼ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਲੋਕਾਂ ਨੂੰ ਕੇਂਦਰ ਸਰਕਾਰ ਦੇ ਭਰੋਸੇ ਉੱਤੇ ਯਕੀਨ ਨਹੀਂ ਹੈ। ਪ੍ਰਫ਼ੁਲ ਪਟੇਲ ਲਕਸ਼ਦੀਪ ਨੂੰ ਮਾਲਦੀਵ ਦੇ ਬਰਾਬਰ ਟੂਰਿਸਟ ਜਗ੍ਹਾ ਬਣਾਉਣ ਦਾ ਦਾਅਵਾ ਕਰ ਰਿਹਾ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਵਰਗਾ ਬਣਨ ਦੀ ਨਹੀਂ ਸਗੋਂ ਆਪਣੀ ਮੌਲਿਕ ਦਿੱਖ ਕਾਇਮ ਰੱਖਣ ਦੀ ਇੱਛਾ ਹੈ। ਇਹ ਜਮਹੂਰੀਅਤ ਦਾ ਵੱਡਾ ਮੁੱਦਾ ਹੈ। ਪਿਛਲੇ ਸਾਢੇ ਛੇ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਵੀ ਸਰਕਾਰ ਇਹੀ ਕਹਿ ਰਹੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਫ਼ਾਇਦੇ ਵਿਚ ਹਨ ਜਦੋਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਫ਼ਾਇਦਾ ਨਹੀਂ ਚਾਹੀਦਾ। ਇਹੀ ਹਾਲ ਲਕਸ਼ਦੀਪ ਦੇ ਲੋਕਾਂ ਦਾ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਲਕਸ਼ਦੀਪ ਦੇ ਲੋਕਾਂ ਦੇ ਸੰਘਰਸ਼ ਵਿਚ ਸਹਿਯੋਗ ਦੇਣਾ ਚਾਹੀਦਾ ਹੈ।