ਜੰਮੂ-ਕਸ਼ਮੀਰ ਦੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਿਆਂ ਇਕ ਵਰ੍ਹਾ ਹੋ ਗਿਆ ਹੈ। ਅੱਜ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਕਰ ਕੇ ਇਸ ਦਿਨ ਨੂੰ ਨਵੀਂ ਇਤਿਹਾਸਕਤਾ ਬਖ਼ਸ਼ੀ ਜਾ ਰਹੀ ਹੈ। ਇਸ ਦਿਨ ਨੂੰ ਨਵੀਂ ਇਤਿਹਾਸਕਤਾ ਦੇਣ ਵਾਲੇ ਇਸ ਨੂੰ ਇਸ ਕਰ ਕੇ ਵੀ ‘ਮਹਾਨ ਦਿਨ’ ਮੰਨ ਰਹੇ ਹਨ ਕਿ ਉਨ੍ਹਾਂ ਅਨੁਸਾਰ ਇਸ ਦਿਨ ਜੰਮੂ-ਕਸ਼ਮੀਰ ਭਾਰਤ ਦਾ ‘ਅਟੁੱਟ ਅੰਗ’ ਬਣ ਗਿਆ। ਸਵਾਲ ਇਹ ਹੈ ਕਿ ਇਸ ਵਰ੍ਹੇ ਦੌਰਾਨ ਜੰਮੂ-ਕਸ਼ਮੀਰ ਉਸ ਰਾਹ-ਰਸਤੇ ’ਤੇ ਅੱਗੇ ਵਧ ਸਕਿਆ ਹੈ ਜਿਸ ਦੇ ਵਾਅਦੇ ਸੂਬੇ ਨੂੰ ਤੋੜ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਸਮੇਂ ਕੀਤੇ ਗਏ ਸਨ। ਉਦੋਂ ਜੰਮੂ-ਕਸ਼ਮੀਰ ਵਿਚ ਨਵੀਆਂ ਸਨਅਤਾਂ ਲਗਾਉਣ ਤੇ ਨਿਵੇਸ਼ ਕਰਨ ਦੇ ਸੁਨਹਿਰੀ ਖ਼ਾਬ ਦਿਖਾਏ ਗਏ ਸਨ ਜਦੋਂਕਿ ਹਕੀਕਤ ਇਹ ਹੈ ਕਿ ਸੂਬੇ ਵਿਚ ਅੰਤਾਂ ਦੀ ਬੇਰੁਜ਼ਗਾਰੀ ਹੈ, ਜ਼ਿਆਦਾਤਰ ਵਿਦਿਆਰਥੀ ਵਿੱਦਿਆ-ਪ੍ਰਾਪਤੀ ਤੋਂ ਕੋਹਾਂ ਦੂਰ ਹਨ, ਸਨਅਤਾਂ ਤਬਾਹ ਹੋ ਗਈਆਂ ਹਨ।
ਸ਼ਾਇਦ ਹਾਕਮ ਜਮਾਤ ਅਤੇ ਰਿਆਸਤ/ਸਟੇਟ ਦੀ ਸਭ ਤੋਂ ਵੱਡੀ ਸਫ਼ਲਤਾ ਇਸ ਤੱਥ ਵਿਚ ਹੈ ਕਿ ਉਸ ਨੇ ਜੰਮੂ-ਕਸ਼ਮੀਰ ਅਤੇ ਖ਼ਾਸ ਕਰਕੇ ਕਸ਼ਮੀਰ ਵਾਦੀ ਵਿਚੋਂ ਸਿਆਸਤ ਨੂੰ ਮਨਫ਼ੀ ਕਰ ਦਿੱਤਾ ਹੈ। ਇਹ ਅਜੀਬ ਮੰਜ਼ਰ ਹੈ ਕਿ ਕੁਝ ਸਿਆਸੀ ਆਗੂ ਜੇਲ੍ਹਾਂ ਵਿਚ ਹਨ ਅਤੇ ਜਿਹੜੇ ਜੇਲ੍ਹਾਂ ਤੋਂ ਬਾਹਰ ਆ ਗਏ ਹਨ, ਉਨ੍ਹਾਂ ਕੋਲ ਕੋਈ ਰਚਨਾਤਮਕ ਸਿਆਸਤ ਬਚੀ ਨਹੀਂ ਜਾਪਦੀ। ਕਸ਼ਮੀਰੀਆਂ ਦੇ ਜੀਵਨ ਵਿਚੋਂ ਸਿਆਸਤ ਦੀ ਗ਼ੈਰਹਾਜ਼ਰੀ ਦੀ ਸਿਆਸਤ ਦੇ ਮਾਇਨੇ ਬਹੁਤ ਡੂੰਘੇ ਹਨ। ਅਜਿਹੀ ਸਿਆਸਤ ਲੋਕਾਂ ਨੂੰ ਸਨਕੀ ਬਣਾਉਂਦੀ, ਉਨ੍ਹਾਂ ਨੂੰ ਮਾਯੂਸੀ, ਹਤਾਸ਼ਾ, ਬੇਗਾਨਗੀ ਅਤੇ ਉਦਾਸੀਨਤਾ ਵੱਲ ਧੱਕਦੀ ਹੈ। ਲੋਕ ਸਮੇਂ, ਜੀਵਨ, ਸੱਭਿਆਚਾਰ, ਸਾਂਝੀਵਾਲਤਾ, ਹੱਕ-ਸੱਚ ਅਤੇ ਹੋਰ ਸਮਾਜਿਕ ਸਰੋਕਾਰਾਂ ਦੇ ਅਰਥਾਂ ਤੋਂ ਬੇਗਾਨੇ ਹੋ ਜਾਂਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੌਣ ਹੈ ਅਤੇ ਉਨ੍ਹਾਂ ਦੇ ਸਿਆਸੀ ਨੇਤਾਵਾਂ ਦੀ ਇਨ੍ਹਾਂ ਸਮਿਆਂ ਵਿਚ ਕੀ ਪ੍ਰਸੰਗਿਕਤਾ ਹੈ। ਜਦ ਸਿਆਸੀ ਆਗੂ ਅਪ੍ਰਸੰਗਿਕ ਹੋ ਜਾਣ ਤਾਂ ਲੋਕਾਂ ਦਾ ਦਿਸ਼ਾਹੀਣ ਹੋ ਜਾਣਾ ਸੁਭਾਵਿਕ ਹੈ। ਦਲੀਲ ਦਿੱਤੀ ਜਾ ਸਕਦੀ ਹੈ ਕਿ ਦੁੱਖਾਂ-ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਲੋਕ ਆਪਣੇ ਆਗੂ ਖ਼ੁਦ ਲੱਭ ਕੇ ਸਹੀ ਦਿਸ਼ਾ ਵੱਲ ਜਾਣ ਲਈ ਰਾਹ-ਰਸਤੇ ਲੱਭ ਲੈਂਦੇ ਹਨ ਪਰ ਇਸ ਦੌਰਾਨ ਮਨੁੱਖੀ ਜੀਵਨ ਅਤੇ ਸਮਾਜਿਕਤਾ ਦਾ ਏਨੀ ਵਿਆਪਕ ਪੱਧਰ ’ਤੇ ਘਾਣ ਹੁੰਦਾ ਹੈ ਕਿ ਅਜਿਹੇ ਸਮੇਂ ਵੱਡੇ ਦੁਖਾਂਤ ਵਾਲੇ ਸਮੇਂ ਬਣ ਜਾਂਦੇ ਹਨ। ਲੋਕ ਕੱਟੜਪੰਥੀ ਸਿਆਸਤ ਦੀ ਬੇਜ਼ਮੀਰ ਮਸ਼ੀਨ ਵਿਚ ਦਰੜੇ ਜਾਂਦੇ ਹਨ। ਕਸ਼ਮੀਰ ਦੇ ਉਰਦੂ ਸ਼ਾਇਰ ਮਰਹੂਮ ਹਾਮਿਦ ਕਸ਼ਮੀਰੀ ਨੇ ਕਈ ਵਰ੍ਹੇ ਪਹਿਲਾਂ ਲਿਖਿਆ ਸੀ ‘‘ਲਬ ਹਿਲਾਨੇ ਕੀ ਸਕਤ (ਤਾਕਤ) ਹੈ ਨ ਕਲਮ ਉਠੇ ਹੈ/ਸਾਮਨੇ ਜੋ ਭੀ ਹੈ ਦਲ ਮੇਂ ਗ੍ਰਿਫ਼ਤਾਰ ਹੈ ਕਿਆ?’’ ਭਾਵ ਨਾ ਹੋਂਠ ਹਿਲਾਉਣ ਦੀ ਤਾਕਤ ਹੈ, ਨਾ ਕਲਮ ਉੱਠ ਰਹੀ ਹੈ, ਹਰ ਕੋਈ ਦਲਦਲ ਵਿਚ ਫਸਿਆ ਹੋਇਆ ਹੈ। ਅੱਜ ਵੀ ਕਸ਼ਮੀਰ ਦੇ ਲੋਕ ਪੁਰਾਣੀ ਦਲਦਲ ਵਿਚ ਫਸੇ ਹੋਏ ਹਨ। ਇਹ ਦਲਦਲ ਇਤਿਹਾਸ ਦੀ ਦਲਦਲ ਹੈ; ਸਿਆਸੀ ਮੱਕਾਰੀ ਹੈ ਅਤੇ ਧੋਖੇ ਦੀ ਦਲਦਲ ਹੈ।
ਸਾਡੇ ਗਵਾਂਢੀ ਦੇਸ਼ ਦੇ ਦਖ਼ਲ ਨੇ ਕਸ਼ਮੀਰ ਦੀ ਸਥਿਤੀ ਨੂੰ ਹੋਰ ਜਟਿਲ ਬਣਾ ਦਿੱਤਾ ਹੈ। ਇਹ ਦੇਸ਼ 1980ਵਿਆਂ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਦੀ ਅਫ਼ਗ਼ਾਨਿਸਤਾਨ ਵਿਚ ਮੌਜੂਦਗੀ ਖ਼ਿਲਾਫ਼ ਪੈਦਾ ਕੀਤੇ ਜਹਾਦ ਨੂੰ ਅਮਲੀ ਰੂਪ ਦੇਣ ਲਈ ਅਮਰੀਕਾ ਅਤੇ ਸਾਊਦੀ ਅਰਬ ਦਾ ਹੱਥ-ਠੋਕਾ ਬਣ ਗਿਆ। ਮਦਰੱਸੇ ਖੋਲ੍ਹ ਕੇ ਉੱਥੇ ਵਹਾਬੀ ਇਸਲਾਮ ਦਾ ਪ੍ਰਚਾਰ ਕੀਤਾ ਗਿਆ ਅਤੇ ਹਜ਼ਾਰਾਂ ਨੌਜਵਾਨ ਜਹਾਦੀ ਦਹਿਸ਼ਤਪਸੰਦ ਬਣਾਏ ਗਏ। ਸੋਵੀਅਮ ਯੂਨੀਅਨ ਦੇ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲ ਜਾਣ ਬਾਅਦ ਇਨ੍ਹਾਂ ਦਹਿਸ਼ਤਗਰਦਾਂ ਨੇ ਅਫ਼ਗ਼ਾਨਿਸਤਾਨ, ਅਮਰੀਕਾ, ਪਾਕਿਸਤਾਨ ਅਤੇ ਕਸ਼ਮੀਰ ਵੱਲ ਮੂੰਹ ਮੋੜਿਆ। ਪਾਕਿਸਤਾਨੀ ਦਾਨਿਸ਼ਵਰ ਹਸਨ ਨਿਸਾਰ ਨੂੰ ਇਕ ਵਾਰ ਸਵਾਲ ਪੁੱਛਿਆ ਗਿਆ ਸੀ ਕਿ ਫ਼ਰਜ਼ ਕਰੋ ਜੇ ਤੁਹਾਨੂੰ ਕਸ਼ਮੀਰ ਮਿਲ ਜਾਂਦਾ ਹੈ ਤਾਂ ਤੁਹਾਡੇ ਸਿਆਸਤਦਾਨ ਉੱਥੇ ਕੀ ਕਰਨਗੇ। ਹਸਨ ਨਿਸਾਰ ਨੇ ਜਵਾਬ ਦਿੱਤਾ ਕਿ ਉਹ ਉਸ ਥਾਂ ਦਾ ਵੀ ਓਦਾਂ ਹੀ ਬੁਰਾ ਹਾਲ ਕਰਨਗੇ ਜਿਵੇਂ ਲਾਹੌਰ, ਮੁਲਤਾਨ ਅਤੇ ਹੋਰ ਸ਼ਹਿਰਾਂ ਦਾ ਕੀਤਾ ਹੈ; ਕਾਲੋਨੀਆਂ ਕੱਟਣਗੇ, ਪਲਾਟ ਬਣਾਉਣਗੇ, ਅਰਬਾਂ ਰੁਪਈਏ ਕਮਾਉਣਗੇ। ਪਾਕਿਸਤਾਨ ਵਿਚ ਗ਼ਾਲਬ ਫ਼ੌਜ, ਪੰਜਾਬੀ ਸਿਆਸਤਦਾਨਾਂ, ਸਰਮਾਏਦਾਰਾਂ ਅਤੇ ਨਸ਼ਿਆਂ ਦੇ ਤਸਕਰਾਂ ਦਾ ਗੱਠਜੋੜ ਨਾ ਸਿਰਫ਼ ਆਪਣੇ ਦੇਸ਼ ਨੂੰ ਤਬਾਹ ਕਰ ਰਿਹਾ ਹੈ ਸਗੋਂ ਕਸ਼ਮੀਰ ਨੂੰ ਮੁੱਦਾ ਬਣਾ ਕੇ ਆਪਣੇ ਲੋਕਾਂ ਨੂੰ ਲਗਾਤਾਰ ਗੁਮਰਾਹ ਕਰ ਰਿਹਾ ਹੈ। ਇਹ ਲੋਕ ਕਸ਼ਮੀਰੀਆਂ ਦੇ ਦੋਸਤ ਨਹੀਂ। ਕਸ਼ਮੀਰੀਆਂ ਨੂੰ ਆਪਣੀ ਸਿਆਸੀ ਕਿਸਮਤ ਦੇ ਨਕਸ਼ ਆਪ ਘੜਨੇ ਪੈਣੇ ਹਨ। ਕਸ਼ਮੀਰੀਆਂ ਦੇ ਹੱਕ ਵਿਚ ਰਾਏ ਲਾਮਬੰਦ ਕਰਨੀ ਸਾਰੀਆਂ ਜਮਹੂਰੀ ਧਿਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ।