ਸਵਰਾਜਬੀਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ’ਤੇ ਕਿਹਾ ਹੈ ਕਿ ਭਾਜਪਾ ਤੋਂ ਵਾਰ ਵਾਰ ਹਾਰਨ ਵਾਲੇ ਲੋਕ ਪਾਰਟੀ ਦੇ ਸਾਕਾਰਾਤਮਕ ਕਦਮਾਂ (ਜਿਨ੍ਹਾਂ ਵਿਚ ਨਾਗਰਿਕਤਾ ਸੋਧ ਕਾਨੂੰਨ, ਸਨਅਤੀ ਮਜ਼ਦੂਰਾਂ ਲਈ ਬਣਾਏ ਗਏ ਕਿਰਤ ਕੋਡ ਅਤੇ ਖੇਤੀ ਸੁਧਾਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ) ਵਿਰੁੱਧ ਗ਼ਲਤ ਬਿਰਤਾਂਤ/ਬਿਆਨੀਆ ਬਣ ਕੇ ਦੇਸ਼ ਵਿਚ ਸਿਆਸੀ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਅਜਿਹੀਆਂ ਕੋਸ਼ਿਸ਼ਾਂ ਨੂੰ ਇਕ ਸਾਜ਼ਿਸ਼ ਕਰਾਰ ਦਿੱਤਾ। ਮੌਜੂਦਾ ਹਾਲਾਤ ਵਿਚ ਇਹ ਬਿਆਨ ਅਤਿਅੰਤ ਮਹੱਤਵਪੂਰਨ ਵੀ ਹੈ ਤੇ ਹੈਰਾਨ ਕਰ ਦੇਣ ਵਾਲਾ ਵੀ।
2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ 303 ਸੀਟਾਂ ਜਿੱਤੀਆਂ ਸਨ। ਸਪੱਸ਼ਟ ਹੈ ਕਿ ਸਰਕਾਰ ਦੀ ਸਥਿਰਤਾ ਨੂੰ ਕੋਈ ਖ਼ਤਰਾ ਨਹੀਂ ਹੈ। 5 ਅਗਸਤ 2019 ਨੂੰ ਉਨ੍ਹਾਂ ਦੀ ਮਜ਼ਬੂਤ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਮਨਸੂਖ਼ ਕਰਕੇ ਵਿਸ਼ੇਸ਼ ਦਰਜੇ ਵਾਲੇ ਪ੍ਰਾਂਤ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੰਡ ਦਿੱਤਾ ਅਤੇ ਭਾਜਪਾ ਦੇ ਬਿਆਨੀਏ ਅਨੁਸਾਰ ਜੰਮੂ-ਕਸ਼ਮੀਰ ਹੋਰ ਪੱਕੀ ਤਰ੍ਹਾਂ ਭਾਰਤ ਦਾ ਹਿੱਸਾ ਬਣ ਗਿਆ; ਦੇਸ਼ ਹੋਰ ਸਥਿਰ ਹੋ ਗਿਆ।
ਪੁਲਵਾਮਾ ਵਿਚ ਹੋਏ ਦਹਿਸ਼ਤਗਰਦ ਹਮਲੇ ਦਾ ਸਖ਼ਤ ਜਵਾਬ ਦਿੰਦਿਆਂ ਭਾਰਤ ਦੀ ਹਵਾਈ ਫ਼ੌਜ ਨੇ ਪਾਕਿਸਤਾਨ ਵਿਚ ਬਾਲਾਕੋਟ ਦੇ ਅਤਿਵਾਦੀ ਅੱਡੇ ’ਤੇ ਬੰਬਾਰੀ ਕਰਕੇ ਵਿਰੋਧੀ ਦੇਸ਼ ਨੂੰ ਸਬਕ ਸਿਖਾਇਆ ਸੀ। ਭਾਰਤੀ ਫ਼ੌਜ ਨੇ ਸਰਜੀਕਲ ਸਟਰਾਈਕ ਦੀ ਕਾਰਵਾਈ ਵੀ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਰੈਲੀਆਂ ਵਿਚ ਲੋਕਾਂ ਨੂੰ ਦੱਸਿਆ ਸੀ ਕਿ ਉਹ ਅਜਿਹੇ ਨੇਤਾ ਹਨ ਜਿਹੜੇ ਦੁਸ਼ਮਣ ਨੂੰ ਘਰ ਵਿਚ ਵੜ ਕੇ ਮਾਰਨ ਦੀ ਹਿੰਮਤ ਰੱਖਦੇ ਹਨ। ਬਾਅਦ ਵਿਚ ਲੱਦਾਖ ਵਿਚ ਚੀਨ ਦੀਆਂ ਫ਼ੌਜਾਂ ਨਾਲ ਹੋਈਆਂ ਝੜਪਾਂ ਬਾਰੇ ਦੇਸ਼ ਨੂੰ ਦੱਸਿਆ ਗਿਆ ਹੈ ਕਿ ਭਾਰਤ ਨੇ ਚੀਨ ਦੀ ਕਾਰਵਾਈ ਦਾ ਵਾਜਬ ਜਵਾਬ ਦਿੱਤਾ ਹੈ ਅਤੇ ਚੀਨ ਨੇ ਭਾਰਤ ਦੇ ਕਿਸੇ ਇਲਾਕੇ ’ਤੇ ਕਬਜ਼ਾ ਨਹੀਂ ਕੀਤਾ।
ਕੋਵਿਡ-19 ਦੀ ਮਹਾਮਾਰੀ ਦੇ ਸ਼ੁਰੂ ਹੁੰਦਿਆਂ ਜਦ ਦੇਸ਼ ਵਿਚ ਕੁੱਲ ਕੇਸ ਕੁਝ ਸੈਂਕੜਿਆਂ ਦੀ ਗਿਣਤੀ ਵਿਚ ਸਨ ਤਾਂ ਪ੍ਰਧਾਨ ਮੰਤਰੀ ਨੇ ਸਿਰਫ਼ ਸਾਢੇ ਚਾਰ ਘੰਟਿਆਂ ਦੀ ਮੁਹਲਤ ਦੇ ਕੇ ਪੂਰੇ ਦੇਸ਼ ਵਿਚ ਤਾਲਾਬੰਦੀ ਲਗਾ ਦਿੱਤੀ। ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਘੱਟ ਮੁਹਲਤ ਨਾਲ ਲਗਾਈ ਗਈ ਸਭ ਤੋਂ ਵੱਡੀ ਤਾਲਾਬੰਦੀ ਕਰਕੇ ਪ੍ਰਧਾਨ ਮੰਤਰੀ ਨੇ ਓਦਾਂ ਹੀ ਇਤਿਹਾਸ ਸਿਰਜਿਆ ਜਿਵੇਂ ਉਨ੍ਹਾਂ ਨੇ 2016 ਵਿਚ ਨੋਟਬੰਦੀ ਕਰਕੇ ਕੀਤਾ ਸੀ। ਦੇਸ਼ ਦੇ ਲੋਕਾਂ ਨੇ ਤਾਲਾਬੰਦੀ ਨੂੰ ਵੀ ਨੋਟਬੰਦੀ ਵਾਂਗ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ। ਕਈ ਹਫ਼ਤੇ ਦੇਸ਼ ਦੀਆਂ ਸੜਕਾਂ, ਬਾਜ਼ਾਰ, ਸਨਅਤਾਂ, ਵਪਾਰਕ ਅਦਾਰੇ, ਬੱਸਾਂ, ਰੇਲ ਗੱਡੀਆਂ, ਹਵਾਈ ਅੱਡਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵਿਆਹ ਘਰਾਂ, ਹੋਟਲਾਂ ਆਦਿ ਵਿਚ ਸੁੰਨ ਛਾਈ ਰਹੀ। ਇਸੇ ਦੌਰਾਨ 5 ਅਗਸਤ 2020 (ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੰਡਣ ਤੋਂ ਇਕ ਵਰ੍ਹਾ ਬਾਅਦ) ਨੂੰ ਪ੍ਰਧਾਨ ਮੰਤਰੀ ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖ ਕੇ ਦੇਸ਼ ਦੇ ਸਿਆਸੀ ਇਤਿਹਾਸ ਹੀ ਨਹੀਂ ਸਗੋਂ ਦੇਸ਼ ਦੀ ਵੱਡੀ ਬਹੁਗਿਣਤੀ ਫ਼ਿਰਕੇ ਦੇ ਧਾਰਮਿਕ ਇਤਿਹਾਸ ਦਾ ਅਮਰ ਅੰਗ ਵੀ ਬਣ ਗਏ।
ਕੋਵਿਡ-19 ਦੀ ਮਹਾਮਾਰੀ ਸਾਰੀ ਦੁਨੀਆਂ ਦੀ ਹਕੂਮਤਾਂ ਲਈ ਚੁਣੌਤੀ ਵੀ ਬਣ ਕੇ ਆਈ ਅਤੇ ਵਰਦਾਨ ਵੀ ਸਾਬਤ ਹੋਈ। ਇਸ ਨੇ ਸਰਕਾਰਾਂ ਨੂੰ ਉਹ ਕੰਮ ਤੱਟ-ਫੱਟ ਤਰੀਕੇ ਨਾਲ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੂੰ ਸਾਧਾਰਨ ਹਾਲਾਤ ਵਿਚ ਕਰਨ ਵਿਚ ਬਹੁਤ ਸਮਾਂ ਲੱਗਦਾ ਹੈ। 5 ਜੂਨ 2020 ਨੂੰ ਭਾਰਤ ਸਰਕਾਰ ਨੇ ਦੋ ਨਵੇਂ ਖੇਤੀ ਕਾਨੂੰਨਾਂ ਅਤੇ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਵਿਚ ਸੋਧ ਕਰਨ ਲਈ ਆਰਡੀਨੈਂਸ ਜਾਰੀ ਕੀਤੇ। ਸਰਕਾਰ ਮੁਤਾਬਿਕ ਇਨ੍ਹਾਂ ਆਰਡੀਨੈਂਸਾਂ ਤਹਿਤ ਕਿਸਾਨਾਂ ਨੂੰ ਆਪਣੀ ਫ਼ਸਲ ਆਪਣੀ ਮਨਮਰਜ਼ੀ ਦੀ ਥਾਂ, ਮਨਮਰਜ਼ੀ ਦੇ ਗਾਹਕ ਅਤੇ ਮਨਮਰਜ਼ੀ ਦੇ ਮੁੱਲ ’ਤੇ ਵੇਚਣ ਦੀ ਆਜ਼ਾਦੀ ਮਿਲੀ ਹੈ; ਕਾਰਪੋਰੇਟਾਂ ਦੀ ਕਿਸਾਨਾਂ ਤਕ ਸਿੱਧੀ ਰਸਾਈ ਹੋਈ ਅਤੇ ਵਿਚੋਲੀਏ, ਜੋ ਸਰਕਾਰ ਅਨੁਸਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਰਹੇ ਹਨ, ਨੂੰ ਖ਼ਤਮ ਕਰਨ ਦਾ ਰਾਹ ਪੱਧਰਾ ਹੋਇਆ ਹੈ। ਇਸੇ ਤਰ੍ਹਾਂ ਮਜ਼ਬੂਤ ਸਰਕਾਰ ਨੇ ਸਨਅਤੀ ਕਾਮਿਆਂ ਅਤੇ ਸਨਅਤਾਂ ਵਿਚ ਅਨੁਸ਼ਾਸਨ ਪੈਦਾ ਕਰਨ ਲਈ 40 ਤੋਂ ਵੱਧ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਕਿਰਤ ਕੋਡ ਬਣਾਏ ਜਿਨ੍ਹਾਂ ਤਹਿਤ ਕਾਮਿਆਂ ਨੂੰ ਕੱਢਣ, ਓਵਰਟਾਈਮ ਕੰਮ ਕਰਵਾਉਣ ਅਤੇ ਸਮਾਜਿਕ ਸੁਰੱਖਿਆ ਤੋਂ ਬਿਨਾਂ ਛੋਟੀਆਂ ਸਨਅਤੀ ਇਕਾਈਆਂ ਸ਼ੁਰੂ ਕਰਨ ਦੇ ਸਨਅਤਕਾਰਾਂ ਦੇ ਅਧਿਕਾਰ ਮਜ਼ਬੂਤ ਕਰ ਦਿੱਤੇ ਗਏ ਹਨ।
ਸਰਕਾਰ ਨੇ ਸੰਸਦ ਵਿਚ ਕੰਮ ਕਰਨ ਦੀ ਰਫ਼ਤਾਰ ਵੀ ਤੇਜ਼ ਕੀਤੀ ਅਤੇ ਪਿਛਲੇ ਬਜਟ ਇਜਲਾਸ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਨਿਰਧਾਰਤ ਕੀਤੇ ਗਏ ਕੰਮ ਤੋਂ 14 ਫ਼ੀਸਦੀ ਜ਼ਿਆਦਾ ਕੰਮ ਕੀਤਾ ਭਾਵ ਸੰਸਦ ਦੀ ਉਤਪਾਦਕਤਾ 114 ਫ਼ੀਸਦੀ ਰਹੀ। ਸਰਕਾਰ ਨੇ ਨਿੱਜੀਕਰਨ ਦੀਆਂ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸਰਕਾਰ ਅਨੁਸਾਰ ਅਕੁਸ਼ਲ ਅਤੇ ਢਿੱਲੇ-ਮੱਠੇ ਤਰੀਕੇ ਨਾਲ ਕੰਮ ਕਰਨ ਵਾਲੇ ਜਨਤਕ ਅਦਾਰਿਆਂ, ਜਿਨ੍ਹਾਂ ਵਿਚ ਰੇਲਵੇ, ਹਵਾਈ ਅੱਡੇ, ਸੜਕਾਂ ਦੇ ਮਹਿਕਮੇ, ਬੈਂਕ ਅਤੇ ਕਈ ਹੋਰ ਖੇਤਰ ਸ਼ਾਮਲ ਹਨ, ਦੇ ਵੱਡੇ ਹਿੱਸਿਆਂ ਦਾ ਨਿੱਜੀਕਰਨ ਕੀਤਾ ਜਾਵੇਗਾ।
ਲੋਕ ਸਰਕਾਰ ਦੇ ਆਦੇਸ਼ਾਂ ਕਾਰਨ ਘਰਾਂ ਵਿਚ ਡਰੇ ਬੈਠੇ ਅਤੇ ਭੀੜ-ਭੜੱਕੇ ਦੀਆਂ ਥਾਵਾਂ ’ਤੇ ਨਹੀਂ ਜਾਂਦੇ ਸਨ। ਇਸ ਡਰ ਨੂੰ ਖ਼ਤਮ ਕਰਨ ਦਾ ਜ਼ਿੰਮਾ ਵੀ ਮਜ਼ਬੂਤ ਪਾਰਟੀ ਨੇ ਲਿਆ। ਕੋਵਿਡ-19 ਦੀ ਮਹਾਮਾਰੀ ਦੌਰਾਨ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ, ਹੈਦਰਾਬਾਦ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਅਤੇ ਹੁਣ ਹੋ ਰਹੀਆਂ ਚਾਰ ਸੂਬਿਆਂ ਤੇ ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਆਗੂਆਂ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਵਾਲੀਆਂ ਰੈਲੀਆਂ ਅਤੇ ਰੋਡ-ਸ਼ੋਅ ਕੀਤੇ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਰੈਲੀਆਂ ਤੇ ਰੋਡ-ਸ਼ੋਅ ਕੀਤੇ, ਪਰ ਉਹ ਭਾਜਪਾ ਦੇ ਇਕੱਠਾਂ ਦੀ ਸ਼ਾਨ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸੇ ਦੌਰਾਨ ਸੁਪਰੀਮ ਕੋਰਟ ਨੇ ਕੇਂਦਰੀ ਸਰਕਾਰ ਦੀ ਦਿੱਲੀ ਦੇ ਕੇਂਦਰੀ ਇਲਾਕੇ ਨਵਾਂ ਪਾਰਲੀਮੈਂਟ ਹਾਊਸ ਅਤੇ ਹੋਰ ਵਿਸ਼ਾਲ ਇਮਾਰਤਾਂ ਬਣਾਉਣ ਦੀ ਸਕੀਮ ਨੂੰ ਵੀ ਹਰੀ ਝੰਡੀ ਦਿੱਤੀ।
ਇਸ ਤਰ੍ਹਾਂ ਭਾਜਪਾ ਦੇ ਏਜੰਡੇ ਨੂੰ ਬੇਰੋਕ-ਟੋਕ ਲਾਗੂ ਕਰਨ/ਹੋਣ ਦੇ ਇਸ ਆਲਮ ਵਿਚ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਕੁਝ ਲੋਕ ਦੇਸ਼ ਵਿਚ ਸਿਆਸੀ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਹੈਰਾਨ ਕਰਨ ਵਾਲਾ ਹੈ। ਲੋਕਾਂ ਨੇ ਅਜਿਹੀ ਸਥਿਰ ਅਤੇ ਮਜ਼ਬੂਤ ਸਰਕਾਰ ਬਹੁਤ ਦੇਰ ਬਾਅਦ ਦੇਖੀ ਹੈ। ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਸਿਆਸੀ ਅਸਥਿਰਤਾ ਕਿੱਥੇ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ। ਭਾਜਪਾ ਦੇ ਹਮਾਇਤੀਆਂ ਦੀ ਰਾਇ ਹੈ ਕਿ ਸਿਆਸੀ ਅਸਥਿਰਤਾ ਪੈਦਾ ਕਰਨ ਵਾਲੇ ਉਨ੍ਹਾਂ ਬਿੰਦੂਆਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੇਸ਼ ਸਿਆਸੀ ਤੌਰ ’ਤੇ ਸਥਿਰ ਅਤੇ ਹਰ ਤਰ੍ਹਾਂ ਨਾਲ ਸੁਰੱਖਿਅਤ ਹੋ ਜਾਵੇ; ਇਹ ਇਸ ਲਈ ਵੀ ਜ਼ਰੂਰੀ ਹੈ ਕਿ ਭਾਰਤ ਨੇ ਵਿਸ਼ਵ-ਗੁਰੂ ਬਣਨ ਦੇ ਨਾਲ ਨਾਲ ਵਿਸ਼ਵ-ਤਾਕਤ ਵੀ ਬਣਨਾ ਹੈ।
ਰਾਜਸੀ ਮਾਹਿਰ ਸਿਆਸੀ ਅਸਥਿਰਤਾ ਪੈਦਾ ਕਰਨ ਵਾਲੇ ਉਨ੍ਹਾਂ ਬਿੰਦੂਆਂ ਦੀ ਤਲਾਸ਼ ਕਰਦੇ ਥੱਕ ਜਾਂਦੇ ਹਨ ਤਾਂ ਕੋਈ ਉਨ੍ਹਾਂ ਦਾ ਧਿਆਨ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਵਿਚ ਨਾਨੀਆਂ, ਦਾਦੀਆਂ ਤੇ ਹਰ ਉਮਰ ਦੀਆਂ ਔਰਤਾਂ ਦੇ ਲਗਾਏ ਮੋਰਚੇ ਵੱਲ ਦਿਵਾਉਂਦਾ ਹੈ। ਚਿੰਤਕ, ਵਿਦਵਾਨ, ਕਲਾਕਾਰ ਤੇ ਸਮਾਜਿਕ ਕਾਰਕੁਨ ਸ਼ਾਹੀਨ ਬਾਗ ਪਹੁੰਚੇ। ਸ਼ਾਹੀਨ ਬਾਗ ਦੀਆਂ ਔਰਤਾਂ ਨੇ ਬੀ.ਆਰ. ਅੰਬੇਦਕਰ, ਗਾਂਧੀ, ਭਗਤ ਸਿੰਘ ਆਦਿ ਨੂੰ ਇਕ ਮੰਚ ’ਤੇ ਇਕੱਠਾ ਕਰ ਦਿੱਤਾ। ਦੇਸ਼ ਵਿਚ ਕਈ ਹੋਰ ਥਾਵਾਂ ’ਤੇ ਵੀ ਸ਼ਾਹੀਨ ਬਾਗ ਦੀ ਤਰਜ਼ ਦੇ ਮੋਰਚੇ ਲੱਗਣ ਲੱਗੇ। ਫਿਰ ਰਾਜਸੀ ਮਾਹਿਰ ਸੋਚਦੇ ਹਨ ਕਿ ਉਨ੍ਹਾਂ ਮੋਰਚਿਆਂ ਨੂੰ ਤਾਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ। ਦਿੱਲੀ ਪੁਲੀਸ ਨੇ ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰਨ ਵਾਲੇ ਸਮਾਜਿਕ ਕਾਰਕੁਨਾਂ ਤੇ ਵਿਦਿਆਰਥੀ ਆਗੂਆਂ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਇਹ ਵੀ ਦਰਿਆਫ਼ਤ ਕੀਤਾ ਹੈ ਕਿ ਇਨ੍ਹਾਂ ਨੇ ਹੀ ਫਰਵਰੀ 2020 ਵਿਚ ਉੱਤਰ ਪੂਰਬੀ ਦਿੱਲੀ ਵਿਚ ਦੰਗੇ ਕਰਾਏ ਸਨ; ਉਨ੍ਹਾਂ ਵਿਚੋਂ ਕਈ ਜੇਲ੍ਹ ਵਿਚ ਹਨ ਅਤੇ ਕਈਆਂ ’ਤੇ ਮੁਕੱਦਮੇ ਚੱਲ ਰਹੇ ਹਨ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ ਵੀ ਸਬਕ ਸਿਖਾਇਆ ਜਾ ਚੁੱਕਾ ਹੈ। ਹਰ ਜਗ੍ਹਾ ਸ਼ਾਂਤੀ ਹੈ।
ਫਿਰ ਸਿਆਸੀ ਮਾਹਿਰਾਂ ਦਾ ਧਿਆਨ ਕੁਝ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵੱਲ ਜਾਂਦਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਾਏ ਹੋਏ ਹਨ। ਇਸ ਅੰਦੋਲਨ ਨੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ’ਤੇ ਵੱਡਾ ਨੈਤਿਕ ਪ੍ਰਭਾਵ ਪਾਇਆ ਹੈ; ਇਸ (ਅੰਦੋਲਨ) ਨੇ ਇਹ ਸਿੱਧ ਕੀਤਾ ਹੈ ਕਿ ਸਰਕਾਰ ਕਾਰਪੋਰੇਟ ਅਦਾਰਿਆਂ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ। ਕਿਸਾਨ ਅੰਦੋਲਨ ਅਜਿਹਾ ਅੰਦੋਲਨ ਵੀ ਹੈ ਜੋ ਸਰਕਾਰ ਦੇ ਪੂਰੇ ਯਤਨਾਂ ਦੇ ਬਾਅਦ ਵੀ ਕਈ ਮਹੀਨਿਆਂ ਤੋਂ ਆਪਣੇ ਆਪ ਨੂੰ ਜਿਊਂਦਿਆਂ ਰੱਖ ਕੇ ਸਰਕਾਰ ਨੂੰ ਲਲਕਾਰ ਰਿਹਾ ਹੈ।
ਇਸ ਲਈ ਸਿਆਸੀ ਮਾਹਿਰਾਂ ਨੂੰ ਸ਼ੱਕ ਪੈਂਦਾ ਹੈ ਕਿ ਕਿਤੇ ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ਨੂੰ ਤਾਂ ਸਿਆਸੀ ਅਸਥਿਰਤਾ ਪੈਦਾ ਕਰਨ ਵਾਲੇ ਬਿੰਦੂ ਵਜੋਂ ਤਾਂ ਨਹੀਂ ਦੇਖ ਰਹੇ। ਇਸ ਅੰਦੋਲਨ ਨੇ ਗ਼ੈਰ-ਸਿਆਸੀ ਹੋਣ ਦੇ ਬਾਵਜੂਦ ਪੰਜਾਬ, ਹਰਿਆਣੇ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀ ਸਿਆਸਤ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਭਾਜਪਾ ਦਾ ਆਪਣੇ ਨਾਲ ਲੰਮਾ ਸਮਾਂ ਰਿਸ਼ਤਾ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ-ਵਿਛੋੜਾ ਹੋ ਗਿਆ ਹੈ। ਭਾਜਪਾ ਆਗੂਆਂ ਨੂੰ ਹਰਿਆਣਾ ਅਤੇ ਪੰਜਾਬ ਵਿਚ ਸਿਆਸੀ ਇਕੱਠ ਕਰਨ ਵਿਚ ਮੁਸ਼ਕਲ ਹੋ ਰਹੀ ਹੈ। ਫਿਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਤਾਂ ਸਿਰਫ਼ ਦੋ ਸੂਬੇ ਹਨ, ਕੇਂਦਰ ਅਤੇ ਬਹੁਤੇ ਸੂਬਿਆਂ ਵਿਚ ਭਾਜਪਾ ਦੇ ਪ੍ਰਭੂਤਵ ਨੂੰ ਕੋਈ ਖ਼ਤਰਾ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਇਸ ਅੰਦੋਲਨ ਨੂੰ ਸੀਮਤ ਅਤੇ ਇਕ ਸੂਬੇ ਦਾ ਅੰਦੋਲਨ ਦੱਸ ਚੁੱਕਾ ਹੈ।
ਕੁਝ ਮਾਹਿਰ ਇਸ ਤੱਥ ਵੱਲ ਧਿਆਨ ਦਿਵਾਉਂਦੇ ਹਨ ਕਿ ਮਜ਼ਬੂਤ ਆਗੂ ਹਮੇਸ਼ਾਂ ਪੂਰਨ ਅਤੇ ਸੰਪੂਰਨ ਸਥਿਰਤਾ ਚਾਹੁੰਦੇ ਹਨ। ਉਨ੍ਹਾਂ ਨੂੰ ਲੋਕ-ਰੋਸ ਅਤੇ ਵਿਰੋਧ ਦੇ ਛੋਟੇ ਛੋਟੇ ਬਿੰਦੂ ਵੀ ਵੱਡੇ ਪ੍ਰਤੀਤ ਹੁੰਦੇ ਹਨ। ਇਨ੍ਹਾਂ ਮਾਹਿਰਾਂ ਅਨੁਸਾਰ ਕਿਸਾਨ ਅੰਦੋਲਨ ਦੇ ਤੇਵਰ ਅਸਥਿਰਤਾ ਪੈਦਾ ਕਰਨ ਵਾਲੇ ਹਨ। ਇਹ ਭਾਜਪਾ ਦੇ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਪਾਰਟੀ ਅਤੇ ਭਾਰਤ ਦੇ ਵਿਸ਼ਵ-ਗੁਰੂ ਬਣਨ ਦੇ ਬਿਰਤਾਂਤ ਵਿਚ ਤਰੇੜਾਂ ਪੈਦਾ ਕਰ ਰਿਹਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਸ ਦਲੀਲ ਵਿਚ ਸੱਚਾਈ ਹੈ ਤਾਂ ਕੇਂਦਰ ਸਰਕਾਰ, ਭਾਜਪਾ ਅਤੇ ਪ੍ਰਧਾਨ ਮੰਤਰੀ ਅਸਥਿਰਤਾ ਪੈਦਾ ਕਰਨ ਵਾਲੇ ਇਸ ਬਿੰਦੂ ਨਾਲ ਕਿਵੇਂ ਨਜਿੱਠਣਗੇ। ਉਨ੍ਹਾਂ ਕੋਲ ਅਥਾਹ ਤਾਕਤ ਹੈ ਅਤੇ ਕਿਸਾਨਾਂ ਕੋਲ ਕੇਵਲ ਨੈਤਿਕ ਪੂੰਜੀ। ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਕਿ ਜਦ ਤਾਕਤ ਤੇ ਨੈਤਿਕਤਾ ਟਕਰਾਉਣਗੇ ਤਾਂ ਕੀ ਹੋਵੇਗਾ। ਇਕ ਪਾਸੇ ਭਾਜਪਾ ਦੀ ਸਿਆਸੀ ਸ਼ਕਤੀ, ਕਾਰਪੋਰੇਟ ਅਦਾਰਿਆਂ ਦੇ ਅਸੀਮ ਸਰਮਾਏ ਅਤੇ ਕੇਂਦਰ ਸਰਕਾਰ ਦੀ ਵਸੀਹ ਤਾਕਤ ਦਾ ਗੱਠਜੋੜ ਹੈ ਅਤੇ ਦੂਸਰੇ ਪਾਸੇ ਕਰਜ਼ਿਆਂ ਦੇ ਮਾਰੇ, ਖ਼ੁਦਕੁਸ਼ੀਆਂ ਕਰਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ। ਤਾਕਤ ਦੀ ਅਸਮਾਨਤਾ ਬਹੁਤ ਜ਼ਿਆਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਲੋਕ-ਸੰਘਰਸ਼ ਆਪਣੀ ਨੈਤਿਕਤਾ ਦੇ ਸਹਾਰੇ ਹੀ ਅੱਗੇ ਵਧਦੇ, ਜਿੱਤਦੇ ਅਤੇ ਹਾਰਦੇ ਹਨ। ਉਨ੍ਹਾਂ ਦਾ ਸ਼ੁਰੂ ਹੋਣਾ ਹੀ ਉਨ੍ਹਾਂ ਦੀ ਜਿੱਤ ਹੁੰਦਾ ਹੈ। ਸਥਿਰਤਾ ਦੀ ਤਲਾਸ਼ ਦੀ ਕਹਾਣੀ ਦੱਸਦੀ ਹੈ ਕਿ ਲੋਕਾਂ ਦੇ ਮਨਾਂ ਵਿਚ ਧੜਕਦੀ ਅਨਿਆਂ ਵਿਰੁੱਧ ਲੜਨ ਦੀ ਭਾਵਨਾ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਸਮਝਣ ਵਾਲੇ ਆਗੂਆਂ ਦੇ ਮਨ ਵਿਚ ਭੈਅ ਪੈਦਾ ਕਰਦੀ ਹੈ। ਉਹ ਅਜਿਹੀ ਭਾਵਨਾ ਪੈਦਾ ਕਰਨ ਜਾਂ ਰੱਖਣ ਵਾਲੇ ਲੋਕਾਂ ਦੀ ਹਸਤੀ ਖ਼ਤਮ ਕਰ ਦੇਣਾ ਚਾਹੁੰਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤਾਕਤ ਦੇ ਕੇਂਦਰੀਕਰਨ ਤੋਂ ਪੈਦਾ ਹੁੰਦੀ ਸਥਿਰਤਾ ਵਿਚ ਹੀ ਅਸਥਿਰਤਾ ਦੇ ਬੀਜ ਹੁੰਦੇ ਹਨ। ਲੋਕ ਹਮੇਸ਼ਾਂ ਅਜਿਹੀ ਸਥਿਰਤਾ ਵਿਰੁੱਧ ਲੜਦੇ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਲੀ ਧੜਕਦੀ, ਮਚਲਦੀ ਤੇ ਨੱਚਦੀ ਅਸਥਿਰਤਾ ਪੈਦਾ ਕਰਦੇ ਆਏ ਹਨ। ਬੰਦੇ ਦੇ ਹੋਣ ਦਾ ਭੇਤ ਤਾਕਤ ਦੇ ਤਵਾਜ਼ਨ ਵਿਚ ਅਸਥਿਰਤਾ ਪੈਦਾ ਕਰਨ ਵਾਲੀ ਉਸ ਦੀ ਊਰਜਾ ਵਿਚ ਪਿਆ ਹੈ। ਅਪੂਰਨ, ਅਸਥਿਰ, ਅਸਾਵੇਂ ਅਤੇ ਅਨਿਸ਼ਚਿਤ ਹੋਣਾ ਹੀ ਜ਼ਿੰਦਗੀ ਹੈ; ਪੂਰਨ, ਸਥਿਰ, ਸਾਵੇਂ ਤੇ ਨਿਸ਼ਚਿਤ ਹੋਣਾ ਜ਼ਿੰਦਗੀ ਦਾ ਨਿਸ਼ੇਧ ਹੈ। ਕਿਸਾਨ ਅੰਦੋਲਨ ਤਾਕਤ ਅਤੇ ਸਿਆਸੀ ਸਥਿਰਤਾ ਦੇ ਸਿਧਾਂਤ ਨੂੰ ਚੁਣੌਤੀ ਦੇ ਰਿਹਾ ਹੈ।
ਤੁਸੀਂ ਦੇਖੋ ਤੇ ਸਮਝੋ
ਕਿਸਾਨਾਂ ਨੂੰ
ਵਿਰੋਧ ਕਰਨ ਦਾ ਕੋਈ ਸ਼ੌਕ ਨਹੀਂ
ਅਤੇ ਨਾ ਹੀ
ਸਾਨੂੰ ਦਿੱਲੀ ਦੀਆਂ ਹੱਦਾਂ ਦੇ ਨਾਂ
ਯਾਦ ਕਰਵਾਉਣ ਦਾ
ਤੁਸੀਂ ਦੇਖੋ ਤੇ ਸਮਝੋ
ਕਿਸਾਨਾਂ ਨੂੰ ਕੋਈ ਸ਼ੌਕ ਨਹੀਂ
ਅੱਥਰੂ ਗੈਸ ਦੇ ਗੋਲੇ ਖਾਣ
ਜਾਂ ਪਾਣੀਆਂ ਦੀਆਂ ਬੁਛਾੜਾਂ
ਤੇ ਲਾਠੀਆਂ ਨਾਲ, ਹੱਡ ਤੜਵਾਉਣ ਦਾ
ਉਨ੍ਹਾਂ ਨੂੰ ਕੋਈ ਸ਼ੌਕ ਨਹੀਂ
ਮਹਾਮਾਰੀ ਦੇ ਦਿਨਾਂ
ਤੇ ਸਿਆਲਾਂ ਦੀਆਂ ਠੰਢੀਆਂ ਰਾਤਾਂ ’ਚ
ਸਿੱਲ੍ਹੀਆਂ ਸ਼ਾਹਰਾਹਾਂ ’ਤੇ, ਸੌਣ ਦਾ
ਜੇ ਉਨ੍ਹਾਂ ਦੇ ਵੱਸ ’ਚ ਹੁੰਦਾ
ਤਾਂ ਉਹ ਘਰਾਂ ’ਚ ਬੈਠੇ ਰਹਿੰਦੇ
ਉਹ ਜਾਣਨਾ ਚਾਹੁੰਦੇ ਨੇ
ਕਿ ਉਨ੍ਹਾਂ ਦੇ ਸੰਘਾਂ ’ਤੇ ਰੱਖਿਆ ਗੋਡਾ
ਉਨ੍ਹਾਂ ਦੇ ਸਾਹ
ਹੋਰ ਤਾਂ ਨਹੀਂ ਘੁੱਟੇਗਾ
– ਮਧੂ ਰਘੂਵੇਂਦਰ