ਹਾਕੀ ਦੇ ਨਾਲ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨੇ ਜੁੜੇ ਹੋਏ ਹਨ। ਵੀਰਵਾਰ ਓਲੰਪਿਕ ਵਿਚ ਭਾਰਤ ਦੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤਣ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਉਹ ਖੁਸ਼ੀਆਂ ਭਰੇ ਪਲ ਆਏ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਵਰ੍ਹਿਆਂ ਤੋਂ ਉਡੀਕ ਸੀ। ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਖੇਡ ਰਹੀ ਇਸ ਟੀਮ ਨੇ ਲੋਕਾਂ ਦੇ ਮਨਾਂ ਨੂੰ ਜਿੱਤ ਲਿਆ ਹੈ। ਹਰ ਓਲੰਪਿਕ, ਏਸ਼ੀਆ ਖੇਡਾਂ ਅਤੇ ਵਿਸ਼ਵ ਹਾਕੀ ਕੱਪ ਵਿਚ ਲੋਕ ਉਡੀਕਦੇ ਸਨ ਕਿ ਭਾਰਤ ਦੀ ਟੀਮ ਸੋਨੇ ਦਾ ਤਗ਼ਮਾ ਜਿੱਤੇ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਸੀ ਪੈਂਦਾ। ਇਸ ਜਿੱਤ ਵਿਚ ਟੀਮ ਦੇ ਕੋਚ ਗ੍ਰਾਹਮ ਰੀਡ ਅਤੇ ਉਸ ਦੇ ਸਹਿਯੋਗੀਆਂ ਦੇ ਨਾਲ ਨਾਲ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਉੜੀਸਾ ਸਰਕਾਰ, ਜਿਸ ਨੇ ਪੁਰਸ਼ਾਂ ਅਤੇ ਔਰਤਾਂ ਦੀ ਹਾਕੀ ਟੀਮ ਨੂੰ ਸਪਾਂਸਰ ਕੀਤਾ, ਦਾ ਵੱਡਾ ਯੋਗਦਾਨ ਹੈ। ਭਾਰਤ ਨੇ ਓਲੰਪਿਕ ਵਿਚ ਆਖ਼ਰੀ ਤਗ਼ਮਾ (ਸੋਨੇ ਦਾ) 1980 ਵਿਚ ਮਾਸਕੋ ਵਿਚ ਹੋਈਆਂ ਖੇਡਾਂ ਵਿਚ ਜਿੱਤਿਆ ਸੀ ਜਦ ਬਹੁਤ ਸਾਰੇ ਦੇਸ਼ਾਂ ਨੇ ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਵਿਚ ਫ਼ੌਜਾਂ ਭੇਜਣ ਕਾਰਨ ਖੇਡਾਂ ਵਿਚ ਹਿੱਸਾ ਨਹੀਂ ਸੀ ਲਿਆ। ਇਸ ਤੋਂ ਪਹਿਲਾਂ ਭਾਰਤ ਨੇ 1968 ਅਤੇ 1972 ਦੀਆਂ ਓਲੰਪਿਕ ਖੇਡਾਂ ਵਿਚ ਕਾਂਸੀ ਦੇ ਤਗ਼ਮੇ ਜਿੱਤੇ ਸਨ।
ਇਤਿਹਾਸਕਾਰਾਂ ਅਨੁਸਾਰ ਦੁਨੀਆ ਵਿਚ 4000 ਸਾਲਾਂ ਤੋਂ ਇਸ ਖੇਡ ਦੇ ਵੱਖ ਵੱਖ ਰੂਪਾਂ ਵਿਚ ਮਿਸਰ ਤੇ ਇਰਾਨ ਵਿਚ ਖੇਡੇ ਜਾਣ ਬਾਰੇ ਗਵਾਹੀ ਮਿਲਦੀ ਹੈ। ਇਸੇ ਤਰ੍ਹਾਂ ਯੂਨਾਨੀ ਅਤੇ ਰੋਮਨ ਸੱਭਿਆਤਾਵਾਂ ਵਿਚ ਇਹ ਖੇਡ ਆਪਣੇ ਪੁਰਾਤਨ ਰੂਪ ਵਿਚ ਖੇਡੀ ਜਾਂਦੀ ਰਹੀ ਹੈ। ਪੰਜਾਬ ਵਿਚ ਖਿਦੋ-ਖੂੰਡੀ ਸਦੀਆਂ ਤੋਂ ਖੇਡੀ ਜਾ ਰਹੀ ਹੈ। ਆਧੁਨਿਕ ਹਾਕੀ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਆਇਰਲੈਂਡ ਵਿਚ ਵਿਕਸਿਤ ਹੋਈ ਅਤੇ ਅੰਗਰੇਜ਼ਾਂ ਨੇ 1850ਵਿਆਂ ’ਚ ਇਸ ਨੂੰ ਭਾਰਤੀ ਫ਼ੌਜ ਵਿਚ ਖਿਡਾਉਣਾ ਸ਼ੁਰੂ ਕੀਤਾ। 1855 ਵਿਚ ਦੇਸ਼ ਦੀ ਪਹਿਲੀ ਹਾਕੀ ਕਲੱਬ ਕੋਲਕਾਤਾ ਵਿਚ ਬਣੀ। 1925 ਵਿਚ ਕੌਮਾਂਤਰੀ ਹਾਕੀ ਫੈਡਰੇਸ਼ਨ ਬਣਨ ਤੋਂ ਸਾਲ ਬਾਅਦ ਭਾਰਤੀ ਹਾਕੀ ਫੈਡਰੇਸ਼ਨ ਹੋਂਦ ਵਿਚ ਆਈ ਅਤੇ 1928 ਵਿਚ ਭਾਰਤ ਦੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿਚ ਸੋਨੇ ਦਾ ਪਹਿਲਾ ਤਗ਼ਮਾ ਜਿੱਤਿਆ। ਉਨ੍ਹਾਂ ਖੇਡਾਂ ਵਿਚ ਧਿਆਨ ਚੰਦ ਨੇ ਆਪਣੇ ਜੌਹਰ ਦਿਖਾਏ ਅਤੇ ਉਸ ਨੂੰ ਹੁਣ ਤਕ ਇਸ ਖੇਡ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਇਹ ਖੇਡ ਢਾਕੇ ਤੋਂ ਲੈ ਕੇ ਪੰਜਾਬ ਅਤੇ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲ ਨਾਡੂ ਤਕ ਲੋਕਾਂ ਵਿਚ ਮਕਬੂਲ ਹੋਈ ਪਰ ਪੰਜਾਬੀਆਂ ਨੇ ਇਸ ਨੂੰ ਇਸ ਤਰ੍ਹਾਂ ਅਪਣਾਇਆ ਕਿ ਇਹ ਖੇਡ ਉਨ੍ਹਾਂ ਦਾ ਖੇਲ-ਧਰਮ ਬਣ ਗਈ। ਪੰਜਾਬੀਆਂ ਨੇ ਖੇਡ ਨੂੰ ਸੀਨੇ ਨਾਲ ਲਾਇਆ ਅਤੇ ਇਸ ਦੇ ਅਨੇਕ ਨਗੀਨੇ ਪੰਜਾਬ ਦੀ ਧਰਤੀ ’ਤੇ ਪੈਦਾ ਹੋਏ।
1975 ਵਿਚ ਭਾਰਤ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਪਰ ਉਸ ਤੋਂ ਬਾਅਦ ਸਾਡੇ ਦੇਸ਼ ਵਿਚ ਇਸ ਖੇਡ ਦਾ ਪਤਨ ਸ਼ੁਰੂ ਹੋ ਗਿਆ। ਇਸ ਦਾ ਮੁੱਖ ਕਾਰਨ ਇਸ ਖੇਡ ਦਾ ਐਸਟਰੋਟਰਫ਼ ’ਤੇ ਖੇਡੇ ਜਾਣਾ ਸੀ। ਭਾਰਤ ਜਿਹੇ ਦੇਸ਼ ਵਿਚ ਜ਼ਿਆਦਾ ਐਸਟਰੋਟਰਫ਼ ਨਹੀਂ ਬਣਾਏ ਜਾ ਸਕਦੇ। ਇਸ ਕਾਰਨ ਆਸਟਰੇਲੀਆ ਅਤੇ ਯੂਰੋਪੀਅਨ ਦੇਸ਼ਾਂ ਦੀਆਂ ਟੀਮਾਂ ਦਾ ਗ਼ਲਬਾ ਵਧਿਆ। ਵਿਚ-ਵਿਚਾਲੇ ਭਾਰਤੀ ਟੀਮ ਨੇ ਕਈ ਵਾਰ ਹੰਭਲੇ ਮਾਰੇ ਤੇ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਪਰ 1964 ਤੋਂ ਪਹਿਲਾਂ ਵਾਲੀ ਸ਼ਾਨ ਵਾਪਸ ਨਾ ਆਈ। ਖੇਡ ਵਿਚ ਲਗਾਤਾਰ ਹਾਰਾਂ ਨੇ ਖੇਡ ਪ੍ਰੇਮੀਆਂ ਦੇ ਮਨਾਂ ਵਿਚ ਵੀ ਨਿਰਾਸ਼ਾ ਲਿਆਂਦੀ। ਫਿਰ ਵੀ ਜਦੋਂ ਭਾਰਤ ਦੀ ਟੀਮ ਓਲੰਪਿਕ ਤੇ ਹੋਰ ਮੁਕਾਬਲਿਆਂ ਵਿਚ ਖੇਡਦੀ ਤਾਂ ਲੋਕਾਂ ਦੇ ਮਨਾਂ ਵਿਚ ਵਲਵਲੇ ਉੱਠਦੇ ਕਿ ਸਾਡੀ ਟੀਮ ਜਿੱਤ ਪ੍ਰਾਪਤ ਕਰੇ। ਹਾਲ ਦੇ ਵਰ੍ਹਿਆਂ ਵਿਚ ਭਾਰਤ ਦੀ ਟੀਮ ਨੇ 2017 ਵਿਚ ਏਸ਼ੀਆ ਕੱਪ, 2018 ਵਿਚ ਏਸ਼ੀਅਨ ਚੈਂਪੀਅਨ ਟਰਾਫ਼ੀ ਅਤੇ 2019 ਵਿਚ ਐੱਫ਼ਆਈਐੱਚ ਸੀਰੀਜ਼ ਫਾਈਨਲ ਦੇ ਮੁਕਾਬਲੇ ਜਿੱਤੇ ਅਤੇ ਲੋਕਾਂ ਦੇ ਮਨਾਂ ਵਿਚ ਇਹ ਆਸਾਂ ਉੱਭਰੀਆਂ ਕਿ ਭਾਰਤ ਇਸ ਓਲੰਪਿਕ ਵਿਚ ਸੋਨੇ ਦਾ ਤਗ਼ਮਾ ਜਿੱਤੇਗਾ। ਲੋਕਾਂ ਦੇ ਮਨਾਂ ਵਿਚ ਸੋਨੇ ਦਾ ਤਗ਼ਮਾ ਜਿੱਤਣ ਦੀ ਆਸ ਇਕ ਖ਼ਾਸ ਤਰ੍ਹਾਂ ਨਾਲ ਇਸ ਲਈ ਉੱਕਰੀ ਹੋਈ ਹੈ ਕਿਉਂਕਿ ਭਾਰਤ ਨੇ ਓਲੰਪਿਕਸ ਵਿਚ ਸੋਨੇ ਦੇ 8 ਤਗ਼ਮੇ ਜਿੱਤੇ ਹਨ ਅਤੇ ਕਦੇ ਸਾਡੀ ਹਾਕੀ ਟੀਮ ਨੂੰ ਅਜਿੱਤ ਸਮਝਿਆ ਜਾਂਦਾ ਸੀ। ਇਹ ਟੀਮ ਸੋਨੇ ਦਾ ਤਗ਼ਮਾ ਤਾਂ ਨਹੀਂ ਜਿੱਤ ਸਕੀ ਪਰ ਜਿਵੇਂ ਕਿਹਾ ਜਾ ਰਿਹਾ ਹੈ, ਸਾਡਾ ਕਾਂਸੀ ਦਾ ਤਗ਼ਮਾ ਵੀ ਸੋਨੇ ਵਰਗਾ ਹੈ ਕਿਉਂਕਿ ਟੀਮ ਨੇ 41 ਸਾਲ ਬਾਅਦ ਓਲੰਪਿਕ ਹਾਕੀ ਦੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਮੈਡਲ ਵੀ ਜਿੱਤਿਆ ਹੈ। ਮਨਪ੍ਰੀਤ ਦੀ ਸਾਰੀ ਟੀਮ, ਉਨ੍ਹਾਂ ਦੇ ਕੋਚ ਤੇ ਹੋਰ ਸਹਿਯੋਗੀ ਮੁਬਾਰਕ ਦੇ ਹੱਕਦਾਰ ਹਨ ਜਿਨ੍ਹਾਂ ਨੇ ਮਿਹਨਤ ਅਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਇਹ ਸੁਪਨਾ ਸਾਕਾਰ ਕੀਤਾ ਹੈ।