ਵੀਰਵਾਰ ਨੂੰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਇਸ ਬਿਆਨ ਕਿ ਭਾਰਤੀ ਜਨਤਾ ਪਾਰਟੀ ਕਈ ਦਹਾਕਿਆਂ ਤਕ ਦੇਸ਼ ਦੀ ਸਿਆਸਤ ਵਿਚ ਇਕ ਮਜ਼ਬੂਤ ਤਾਕਤ ਬਣੀ ਰਹੇਗੀ, ਨੇ ਨਵੀਂ ਸਿਆਸੀ ਚਰਚਾ ਛੇੜੀ ਹੈ। ਪ੍ਰਸ਼ਾਂਤ ਨੇ ਕਿਹਾ, ‘‘ਭਾਜਪਾ ਭਾਰਤ ਦੀ ਸਿਆਸਤ ਦੇ ਕੇਂਦਰ ਵਿਚ ਰਹੇਗੀ… ਭਾਵੇਂ ਉਹ ਜਿੱਤਣ ਜਾਂ ਹਾਰਨ, ਜਿਵੇਂ ਕਾਂਗਰਸ ਨਾਲ ਪਹਿਲੇ ਚਾਲੀ ਸਾਲਾਂ (ਭਾਵ ਆਜ਼ਾਦੀ ਤੋਂ ਬਾਅਦ ਦੇ 40 ਸਾਲ) ਦੌਰਾਨ ਹੋਇਆ। ਜੇ ਤੁਹਾਨੂੰ ਕੌਮੀ ਪੱਧਰ ’ਤੇ 30 ਫ਼ੀਸਦੀ ਵੋਟ ਮਿਲ ਜਾਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਜਲਦੀ ਨਾਲ ਕਿਤੇ ਨਹੀਂ ਜਾ ਰਹੇ (ਭਾਵ ਸੱਤਾ ਤੋਂ ਬਾਹਰ ਨਹੀਂ ਜਾ ਰਹੇ)।’’ ਭਾਜਪਾ ਦੇ ਹਮਾਇਤੀਆਂ ਨੇ ਪ੍ਰਸ਼ਾਂਤ ਦੇ ਇਸ ਬਿਆਨ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਪ੍ਰਸ਼ਾਂਤ ਨੇ ਇਹ ਟਿੱਪਣੀ ਵੀ ਕੀਤੀ, ‘‘ਕਦੇ ਵੀ ਇਸ ਭਰਮ ਦਾ ਸ਼ਿਕਾਰ ਨਾ ਹੋਵੋ ਕਿ ਲੋਕ ਰੋਹ ਵਿਚ ਆ ਰਹੇ ਹਨ ਅਤੇ ਉਹ ਮੋਦੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਹੋ ਸਕਦਾ ਹੈ ਕਿ ਉਹ ਮੋਦੀ ਨੂੰ ਸੱਤਾ ਤੋਂ ਬਾਹਰ ਕਰ ਦੇਣ ਪਰ ਭਾਜਪਾ ਕਿਤੇ ਨਹੀਂ ਜਾ ਰਹੀ। ਉਹ ਇੱਥੇ ਹੀ ਰਹੇਗੀ ਅਤੇ ਕਈ ਦਹਾਕਿਆਂ ਤਕ ਲੜੇਗੀ।’’
ਕੁਝ ਲੋਕਾਂ ਨੂੰ ਇਹ ਟਿੱਪਣੀ ਨਿਰਾਸ਼ਾ ਵਿਚੋਂ ਜਨਮੀ ਲੱਗ ਸਕਦੀ ਹੈ ਅਤੇ ਉਹ ਇਹ ਦਲੀਲ ਦੇਣਗੇ ਕਿ ਮੌਜੂਦਾ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਜਿਨ੍ਹਾਂ ਵਿਚ ਨੋਟਬੰਦੀ, ਜੀਐੱਸਟੀ, ਕੋਵਿਡ-19 ਦੌਰਾਨ ਅਚਨਚੇਤ ਕੀਤੀ ਤਾਲਾਬੰਦੀ, ਖੇਤੀ ਕਾਨੂੰਨ, ਸਨਅਤੀ ਮਜ਼ਦੂਰਾਂ ਦੇ ਹੱਕ ਸੀਮਤ ਕਰਨ ਵਾਲੇ ਕੋਡ ਆਦਿ ਸ਼ਾਮਲ ਹਨ, ਕਾਰਨ 2024 ਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਭਾਜਪਾ ਨੂੰ ਹਰਾ ਦੇਣਗੇ। ਇਨ੍ਹਾਂ ਨੀਤੀਆਂ ਕਾਰਨ ਲੋਕਾਂ ਵਿਚ ਪੈਦਾ ਹੋਏ ਰੋਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਪ੍ਰਸ਼ਨ ਇਹ ਹੈ: ਕੀ ਇਹ ਰੋਹ ਭਾਜਪਾ ਨੂੰ ਚੋਣਾਂ ਵਿਚ ਹਰਾਉਣ ਲਈ ਕਾਫ਼ੀ ਹੈ। 2014 ਤੋਂ 2019 ਵਿਚਕਾਰ ਭਾਜਪਾ ਦੀਆਂ ਅਜਿਹੀਆਂ ਨਾਕਾਰਾਤਮਕ ਨੀਤੀਆਂ ਦੇ ਬਾਵਜੂਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਉੱਤਰੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਉਸ ਨੂੰ 50 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ।
ਭਾਜਪਾ ਨੂੰ ਵਿਰੋਧੀ ਪਾਰਟੀਆਂ ਵਿਚ ਪਾੜੇ ਪਾਉਣ, ਸਮਾਜ ਨੂੰ ਜਾਤੀ ਅਤੇ ਧਾਰਮਿਕ ਲੀਹਾਂ ’ਤੇ ਵੰਡਣ, ਸਿਆਸੀ ਆਗੂਆਂ ਦੀ ਬਾਂਹ ਮਰੋੜਨ ਅਤੇ ਉਨ੍ਹਾਂ ਨੂੰ ਖ਼ਰੀਦਣ, ਜਜ਼ਬਾਤਾਂ ਦੀ ਸਿਆਸਤ ਕਰਨ ਜਿਹੇ ਹਰਬੇ ਵਰਤਣ ਵਿਚ ਮੁਹਾਰਤ ਹਾਸਲ ਹੈ। ਉਸ ਦੇ ਕਾਰਪੋਰੇਟ ਅਦਾਰਿਆਂ, ਵਪਾਰੀਆਂ ਅਤੇ ਸਨਅਤਕਾਰਾਂ ਨਾਲ ਡੂੰਘੇ ਜਾਤੀ ਅਤੇ ਜਮਾਤੀ ਸਬੰਧ ਹਨ ਜਿਨ੍ਹਾਂ ਕਾਰਨ ਭਾਜਪਾ ਉਨ੍ਹਾਂ ਦੀ ਪਸੰਦੀਦਾ ਪਾਰਟੀ ਹੈ। ਪਿਛਲੇ ਸੱਤ ਸਾਲਾਂ ਦੌਰਾਨ ਸਿਰਫ਼ ਮੌਜੂਦਾ ਕਿਸਾਨ ਅੰਦੋਲਨ ਨੇ ਹੀ ਕੇਂਦਰ ਸਰਕਾਰ ਨੂੰ ਗੰਭੀਰ ਚੁਣੌਤੀ ਦਿੱਤੀ ਹੈ। ਸਿਆਸੀ ਮਾਹਿਰਾਂ ਦੀ ਰਾਇ ਹੈ ਕਿ ਕਿਸਾਨ ਅੰਦੋਲਨ ਭਾਜਪਾ ਦੇ ਅਕਸ ਨੂੰ ਢਾਹ ਤਾਂ ਲਗਾ ਰਿਹਾ ਹੈ, ਪਰ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਿਚ ਉਸ ਦੀ ਭੂਮਿਕਾ ਸੀਮਤ ਹੀ ਹੋਵੇਗੀ।
ਰਾਸ਼ਟਰੀ ਸਵੈਮਸੇਵਕ ਸੰਘ ਅਤੇ ਇਸ ਨਾਲ ਸਬੰਧਿਤ ਜਥੇਬੰਦੀਆਂ ਨੇ ਲਗਭਗ ਨੌਂ ਦਹਾਕੇ ਲਗਾਤਾਰ ਮਿਹਨਤ ਕਰ ਕੇ ਇਕ ਅਜਿਹਾ ਬਿਰਤਾਂਤ ਘੜਿਆ ਹੈ ਜਿਸ ਨਾਲ ਹਿੰਦੂ ਭਾਈਚਾਰੇ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਦਿੱਲੀ ਵਿਚ ਕੁਤਬਦੀਨ ਐਬਕ ਦੀ ਸਲਤਨਤ ਕਾਇਮ ਹੋਣ ਤੋਂ ਪਹਿਲਾਂ ਇਸ ਭੂਗੋਲਿਕ ਖ਼ਿੱਤੇ ਵਿਚ ਸਭ ਕੁਝ ਸਹੀ ਸੀ; ਦੇਸ਼ ਵਿਚ ਇਕ ਤਰ੍ਹਾਂ ਦਾ ਸਵਰਨ ਯੁੱਗ ਸੀ ਜਿਹੜਾ ਮੁਸਲਮਾਨਾਂ ਦੇ ਸੱਤਾ ਵਿਚ ਆਉਣ ’ਤੇ ਢਹਿ-ਢੇਰੀ ਹੋ ਗਿਆ। ਉਸ ਸਮੇਂ ਦੇ ਸਮਾਜਾਂ ਵਿਚਲੀਆਂ ਊਣਤਾਈਆਂ, ਉਨ੍ਹਾਂ ਦੇ ਵਰਣ-ਆਸ਼ਰਮ ਤੇ ਜਾਤ-ਪਾਤ ਕਾਰਨ ਵੰਡੇ ਹੋਣ ’ਤੇ ਊਰਜਾਹੀਣ ਹੋ ਜਾਣ, ਔਰਤਾਂ ਦੀ ਬਦਹਾਲੀ, ਕਰਮਕਾਂਡ ਤੇ ਵਹਿਮਾਂ-ਭਰਮਾਂ ਦੀ ਚੜ੍ਹਤ, ਵਿਗਿਆਨਕ ਸੋਚ ਦਾ ਪਤਨ, ਨੂੰ ਨਾ ਸਿਰਫ਼ ਵਿਸਾਰਿਆ ਜਾਂਦਾ ਹੈ ਸਗੋਂ ਬਹੁਤ ਸਾਰੀਆਂ ਕਮੀਆਂ ਦਾ ਕਾਰਨ ਮੁਸਲਮਾਨਾਂ ਦੀ ਆਮਦ ਨੂੰ ਠਹਿਰਾਇਆ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੱਧਕਾਲੀਨ ਸਮਿਆਂ ਦੇ ਕਈ ਸ਼ਾਸਕ ਕੱਟੜਪੰਥੀ ਸਨ ਅਤੇ ਉਨ੍ਹਾਂ ਨੇ ਲੋਕਾਂ ’ਤੇ ਭਿਅੰਕਰ ਜ਼ੁਲਮ ਕੀਤੇ। ਕਈਆਂ ਨੇ ਧਾਰਮਿਕ ਕੱਟੜਪੰਥੀ ਨੂੰ ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਹਥਿਆਰ ਵਜੋਂ ਵਰਤਿਆ ਪਰ ਬਹੁਤ ਸਾਰੇ ਸ਼ਾਸਕਾਂ ਨੇ ਲੋਕਾਂ ਦਾ ਸਹਿਯੋਗ ਲੈ ਕੇ ਰਾਜ ਕਰਨ ਦਾ ਯਤਨ ਕੀਤਾ। ਅਜਿਹੀਆਂ ਜਟਿਲਤਾਵਾਂ ਨੂੰ ਨਕਾਰ ਕੇ ਸਰਲ ਦਲੀਲ ਇਹ ਬਣਾਈ ਹੈ ਕਿ ਹਿੰਦੂ ਭਾਈਚਾਰੇ ’ਤੇ ਲਗਾਤਾਰ ਜ਼ੁਲਮ ਹੋਏ ਅਤੇ ਉਸ ਨੂੰ ਸਦੀਆਂ ਤੱਕ ਗ਼ੁਲਾਮੀ ਸਹਿਣੀ ਪਈ।
ਬਰਤਾਨਵੀ ਸਾਮਰਾਜ ਨੂੰ ਇਸਾਈਆਂ ਦੀ ਹਕੂਮਤ ਵਜੋਂ ਪੇਸ਼ ਕਰਕੇ ਮੁਸਲਮਾਨ ਅਤੇ ਇਸਾਈ ਭਾਈਚਾਰਿਆਂ ਨੂੰ ਅਜਿਹੇ ਲੋਕ-ਸਮੂਹਾਂ ਵਿਚ ਬਦਲ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਵਡੇਰਿਆਂ ਨੇ ਹਿੰਦੂ ਭਾਈਚਾਰੇ ’ਤੇ ਜ਼ੁਲਮ ਕੀਤੇ। ਇਸੇ ਬਿਰਤਾਂਤ ਅਨੁਸਾਰ ਹਿੰਦੂ ਭਾਈਚਾਰੇ ਦੀ ਵੱਡੀ ਗਿਣਤੀ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਉਨ੍ਹਾਂ ਦਾ ਅਸਲੀ ਰਾਜ 2014 ਵਿਚ ਆਇਆ ਹੈ ਅਤੇ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਣ ਵਾਲੀਆਂ ਪਾਰਟੀਆਂ ਉਨ੍ਹਾਂ ਦੀਆਂ ਵਿਰੋਧੀ ਹਨ। ਇਸ ਬਿਰਤਾਂਤ ਵਿਚ ਇਹ ਦਲੀਲ ਨਿਹਿਤ ਹੈ ਕਿ ਭਾਜਪਾ ਹੀ ਹਿੰਦੂ ਭਾਈਚਾਰੇ ਦੀ ਪ੍ਰਮੁੱਖਤਾ ਨੂੰ ਕਾਇਮ ਰੱਖਦਿਆਂ ਉਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰ ਸਕਦੀ ਹੈ। ਇਸ ਲਈ ਭਾਜਪਾ ਦਾ ਸੱਤਾ ਵਿਚ ਰਹਿਣਾ ਜ਼ਰੂਰੀ ਹੈ; ਮੌਜੂਦਾ ਸਰਕਾਰ ਦੀਆਂ ਕਮੀਆਂ-ਪੇਸ਼ੀਆਂ ਨੂੰ ਇਸ ਲਈ ਅੱਖੋਂ-ਪਰੋਖੇ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਆਪਣੀ (ਭਾਵ ਹਿੰਦੂ ਭਾਈਚਾਰੇ ਦੀ) ਸਰਕਾਰ ਹੈ। ਇਹ ਡਰ ਵੀ ਪੈਦਾ ਕੀਤਾ ਜਾਂਦਾ ਹੈ ਕਿ ਜੇ ਕੋਈ ਗ਼ੈਰ-ਭਾਜਪਾ ਪਾਰਟੀ ਜਿੱਤਦੀ ਹੈ ਤਾਂ ਇਹ ਹਿੰਦੂ ਭਾਈਚਾਰੇ ਦੀ ਹਾਰ ਹੈ; ਇਸ ਬਿਰਤਾਂਤ ਦੀ ਤਾਈਦ ਕਰਦੇ ਭਾਜਪਾ ਆਗੂਆਂ ਦੇ ਇਹ ਬਿਆਨ ਚੋਣਾਂ ਦੌਰਾਨ ਆਮ ਸੁਣੇ ਜਾਂਦੇ ਹਨ ਕਿ ਜੇ ਭਾਜਪਾ ਹਾਰ ਗਈ ਤਾਂ ਪਾਕਿਸਤਾਨ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ।
ਇਸ ਡਰ ਨੂੰ ਸਮੇਂ ਸਮੇਂ ਵਧਾਇਆ ਜਾਂਦਾ ਹੈ, ਕਦੇ ਰੋਹਿੰਗੀਆ ਮੁਸਲਮਾਨਾਂ ਦੇ ਆਉਣ, ਕਦੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਘੁਸਪੈਠ, ਕਦੇ ਲਵ-ਜਹਾਦ ਦੇ ਹਊਏ, ਕਦੇ ਮੁਸਲਮਾਨਾਂ ਵਿਚ ਜਨਮ ਦਰ ਵੱਧ ਹੋਣ ਅਤੇ ਭਾਰਤ ਨੂੰ ਤਬਾਹ ਕਰਨ ਲਈ ਪਾਕਿਸਤਾਨ ਦੁਆਰਾ ਬਣਾਏ ਜਾ ਰਹੇ ਮਨਸੂਬਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹੋਏ।
ਡਰ ਪੈਦਾ ਕਰਨ ਤੋਂ ਬਾਅਦ ਲੋਕਾਂ ਨੂੰ ‘ਬਹਾਦਰ’ ਬਣਾਉਣ ਦੀ ਪ੍ਰਕਿਰਿਆ ਤਹਿਤ ਨਫ਼ਰਤ ਨੂੰ ਇਕ ਵੱਡੇ ਹਥਿਆਰ ਵਜੋਂ ਵਰਤ ਕੇ ਉਨ੍ਹਾਂ ਨੂੰ ਹਜੂਮੀ ਹਿੰਸਾ ਵਰਗੀਆਂ ਕਾਰਵਾਈਆਂ ਕਰਨ ਲਈ ਉਕਸਾਇਆ ਜਾਂਦਾ ਹੈ। ਹਜੂਮੀ ਹਿੰਸਾ ਨਾਲ ਭੀੜਾਂ ਵਿਚ ਫਰਜ਼ੀ ਬਹਾਦਰੀ ਦਾ ਅਹਿਸਾਸ ਪੈਦਾ ਹੁੰਦਾ ਹੈ ਅਤੇ ਘੱਟਗਿਣਤੀ ਫ਼ਿਰਕਿਆਂ ਵਿਰੁੱਧ ਲਗਾਤਾਰ ਸੂਖ਼ਮ ਹਿੰਸਾ ਤੇ ਵਿਤਕਰਾ ਕਰਨ ਦਾ ਮਾਹੌਲ ਬਣ ਜਾਂਦਾ ਹੈ; ਡਰ ਗਾਇਬ ਹੋ ਜਾਂਦਾ ਹੈ ਅਤੇ ਨਫ਼ਰਤ ਤੇ ਧਾਰਮਿਕ ਕੱਟੜਤਾ ਸਮਾਜ ਵਿਚ ਗ਼ਾਲਬ ਜਜ਼ਬੇ ਤੇ ਸ਼ਕਤੀਆਂ ਬਣ ਜਾਂਦੇ ਹਨ। ਡਰ, ਨਫ਼ਰਤ, ਧਾਰਮਿਕ ਕੱਟੜਤਾ ਅਤੇ ਕਾਰਪੋਰੇਟਵਾਦੀ ਸਰਮਾਏ ਦੀ ਇਸ ਸਲਤਨਤ ਵਿਰੁੱਧ ਲੜਨਾ ਬਹੁਤ ਕਠਿਨ ਕਾਰਜ ਹੈ।
ਕੁਝ ਸਿਆਸੀ ਮਾਹਿਰਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਚੋਣਾਂ ਦੀ ਰਣਨੀਤੀ ਨੂੰ ਸਿਰਫ਼ ਧਾਰਮਿਕ ਫ਼ਿਰਕਿਆਂ ਅਤੇ ਜਾਤਾਂ ਦੇ ਹਿਸਾਬ-ਕਿਤਾਬ ਅਤੇ ਜੋੜ-ਤੋੜ ਦੇ ਸ਼ੀਸ਼ਿਆਂ ਰਾਹੀਂ ਦੇਖਦਾ ਹੈ। ਇਸ ਦਲੀਲ ਅਨੁਸਾਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਚੋਣਾਂ ਵਿਚ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਜ਼ਰੂਰੀ ਹੈ। ਪ੍ਰਸ਼ਾਂਤ ਦੀ ਰਣਨੀਤੀ ਵਿਚ ਇਹ ਪੱਖ ਕਿ ਭਾਜਪਾ ਨਾਲ ਲੜਨ ਲਈ ਉਸ ਵਿਰੁੱਧ ਵਿਚਾਰਧਾਰਕ ਮੁਹਾਜ਼ ਬਣਾਇਆ ਜਾਣਾ ਚਾਹੀਦਾ ਹੈ, ਸਪੱਸ਼ਟ ਤੌਰ ’ਤੇ ਨਹੀਂ ਉੱਭਰਦਾ। ਬਾਕੀ ਸਿਆਸੀ ਆਗੂਆਂ ਵਾਂਗ ਪ੍ਰਸ਼ਾਂਤ ਕਿਸ਼ੋਰ ਅਮਲੀ ਰਾਜਨੀਤੀ ਦਾ ਮਾਹਿਰ ਹੈ ਜਿਸ ਵਿਚ ਸੱਤਾ ਪ੍ਰਾਪਤੀ ਹੀ ਸਿਆਸੀ ਜੀਵਨ ਦੀ ਅੰਤਿਮ ਮੰਜ਼ਿਲ ਹੈ।
ਸਿਆਸੀ ਮਾਹਿਰ ਨਰਿੰਦਰ ਮੋਦੀ ਬਾਰੇ ਇਹ ਰਾਇ ਵੀ ਦਿੰਦੇ ਹਨ ਕਿ ਉਹ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਆਗੂ ਹੈ। ਜਿਹੜੇ ਵਿਰੋਧੀ ਆਗੂ ਉਸ ਦੀ ਜ਼ਮੀਨੀ ਸਿਆਸਤ ਕਰਨ ਦੀ ਸਮਰੱਥਾ ਨੂੰ ਘਟਾ ਕੇ ਵੇਖਦੇ ਹਨ, ਉਹ ਆਪਣਾ ਨੁਕਸਾਨ ਆਪ ਕਰ ਰਹੇ ਹਨ। ਮਾਹਿਰਾਂ ਅਨੁਸਾਰ ਮਜ਼ਬੂਤ ਅਤੇ ਤਾਨਾਸ਼ਾਹੀ ਰੁਚੀਆਂ ਵਾਲੇ ਸਾਸ਼ਕ ਜਦ ਇਕ ਵਾਰ ਸੱਤਾ ਵਿਚ ਆ ਜਾਣ ਤਾਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਮੌਜੂਦਾ ਸਮਿਆਂ ਵਿਚ ਮਾਰਗਰੈਟ ਥੈਚਰ ਤੋਂ ਲੈ ਕੇ ਵਲਾਦੀਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਦਾ ਲਗਾਤਾਰ ਸੱਤਾ ’ਚ ਰਹਿਣਾ ਇਸ ਤਰਕ ਦੀ ਹਾਮੀ ਭਰਦਾ ਹੈ।
ਪ੍ਰਸ਼ਾਂਤ ਕਿਸ਼ੋਰ ਦਾ ਬਿਆਨ ਸੱਤਾ ਪ੍ਰਾਪਤੀ ਦੇ ਟੀਚੇ ਤਕ ਸੀਮਤ ਹੋਣ ਦੇ ਬਾਵਜੂਦ ਭਾਜਪਾ ਦੇ ਹਰ ਹਾਲਤ ਵਿਚ ਸੱਤਾ ਵਿਚ ਬਣੇ ਰਹਿਣ ਦੇ ਯਥਾਰਥ ’ਤੇ ਉਂਗਲ ਧਰਦਾ ਹੈ। ਕਾਲਪਨਿਕ ਲੋਕ-ਸ਼ਕਤੀ ਦੇ ਨਾਅਰੇ ਲਾ ਕੇ ਅਸੀਂ ਇਸ ਯਥਾਰਥ ਨੂੰ ਨਕਾਰ ਨਹੀਂ ਸਕਦੇ ਅਤੇ ਜੇ ਨਕਾਰਦੇ ਹਾਂ ਤਾਂ ਅਸੀਂ ਸ੍ਵੈ-ਸਿਰਜੇ ਕਲਪਿਤ ਯਥਾਰਥ ਵਿਚ ਜੀਅ ਰਹੇ ਹੋਵਾਂਗੇ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵਿਰੋਧੀ ਸਿਆਸੀ ਪਾਰਟੀਆਂ ਨੇ ਲੋਕ ਹੱਕਾਂ ਲਈ ਕੋਈ ਘੋਲ ਨਾ ਕਰ ਕੇ ਜ਼ਮੀਨੀ ਪੱਧਰ ’ਤੇ ਭਾਜਪਾ ਦਾ ਸਾਹਮਣਾ ਨਹੀਂ ਕੀਤਾ। ਭਾਜਪਾ ਵਾਂਗ ਉਹ ਵੀ ਜਾਤ, ਧਰਮ ਜਾਂ ਖੇਤਰ ਦੇ ਆਧਾਰ ’ਤੇ ਹੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ ਅਤੇ ਅਜਿਹੀ ਸਿਆਸਤ ਵਿਚ ਭਾਜਪਾ ਉਨ੍ਹਾਂ ਤੋਂ ਕਿਤੇ ਅੱਗੇ ਨਜ਼ਰ ਆਉਂਦੀ ਹੈ।
ਸੀਮਤ ਸਿਆਸੀ ਸੰਭਾਵਨਾਵਾਂ ਦੇ ਇਸ ਦੌਰ ਵਿਚ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਦੇ ਨਾਲ ਨਾਲ ਧਰਮ ਨਿਰਪੱਖਤਾ ’ਤੇ ਆਧਾਰਿਤ ਵਿਚਾਰਧਾਰਕ ਮੁਹਾਜ਼ ਬਣਾਉਣ ਦੀ ਵੀ ਸਖ਼ਤ ਜ਼ਰੂਰਤ ਹੈ ਕਿਉਂਕਿ ਜੇ ਅਜਿਹਾ ਵਿਚਾਰਧਾਰਕ ਮੁਹਾਜ਼ ਨਾ ਬਣਾਇਆ ਗਿਆ ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਵਿਰੋਧੀ ਪਾਰਟੀ ਕਿਸੇ ਸੂਬੇ ਵਿਚ ਭਾਜਪਾ ਦਾ ਰੂਪ-ਸਰੂਪ ਗ੍ਰਹਿਣ ਕਰ ਕੇ ਭਾਜਪਾ ਨੂੰ ਹਰਾ ਤਾਂ ਦੇਵੇ (ਜਿਸ ਤਰ੍ਹਾਂ ਦਾ ਯਤਨ ਆਮ ਆਦਮੀ ਪਾਰਟੀ ਕਰ ਰਹੀ ਹੈ) ਪਰ ਭਾਜਪਾ ਦੀ ਵਿਚਾਰਧਾਰਾ ਨੂੰ ਕਾਇਮ ਰੱਖੇ। ਇਸ ਤਰ੍ਹਾਂ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ, ਜ਼ਮੀਨੀ ਪੱਧਰ ’ਤੇ ਅੰਦੋਲਨ ਅਤੇ ਉਸ ਦੀ ਵਿਚਾਰਧਾਰਾ ਵਿਰੁੱਧ ਵਿਚਾਰਧਾਰਕ ਮੁਹਾਜ਼ ਦਾ ਸੰਗਮ ਹੀ ਇਸ ਦੀ ਵਿਆਪਕ ਤਾਕਤ ਨੂੰ ਟੱਕਰ ਦੇ ਸਕਦਾ ਹੈ। ਅਜਿਹੇ ਹਾਲਾਤ ਵਿਚ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਕਬਾਇਲੀਆਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੇ ਆਪਣੇ ਹੱਕਾਂ ਲਈ ਅੰਦੋਲਨਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਅਜਿਹੇ ਅੰਦੋਲਨ ਹੀ ਸਾਕਾਰਾਤਮਕ ਸਿਆਸੀ ਸਰਗਰਮੀਆਂ ਦੀ ਜ਼ਮੀਨ ਤਿਆਰ ਕਰ ਸਕਦੇ ਹਨ।
– ਸਵਰਾਜਬੀਰ