ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਆਪਣਾ ਪਹਿਲਾ ਪੜਾਅ ਪੂਰਾ ਕਰਨ ਵਾਲੀ ਹੈ। ਇਸ ਦੌਰਾਨ ਰਾਹੁਲ ਗਾਂਧੀ, ਕਾਂਗਰਸ ਦੇ ਹੋਰ ਆਗੂਆਂ ਤੇ ਸਮਾਜਿਕ ਕਾਰਕੁਨਾਂ ਨੇ ਦੱਖਣ ਦੇ ਸੂਬਿਆਂ ਵਿਚ ਪੈਦਲ ਯਾਤਰਾ ਕੀਤੀ। ਇਹ ਯਾਤਰਾ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਜਿੱਥੇ ਰਾਹੁਲ ਗਾਂਧੀ ਨੇ ਸਵਾਮੀ ਵਿਵੇਕਾਨੰਦ, ਪੁਰਾਤਨ ਤਾਮਿਲ ਕਵੀ ਤਿਰੂਵਲੂਵਰ, ਰਾਜੀਵ ਗਾਂਧੀ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 4 ਦਿਨ ਤਾਮਿਲ ਨਾਡੂ ਦੇ ਸ਼ਹਿਰਾਂ ਤੇ ਪਿੰਡਾਂ ਵਿਚੋਂ ਲੰਘਦਿਆਂ ਰਾਹੁਲ ਗਾਂਧੀ ਦਾ ਕਾਫ਼ਲਾ 11 ਸਤੰਬਰ ਨੂੰ ਕੇਰਲ ਵਿਚ ਪਹੁੰਚਿਆ ਅਤੇ 19 ਦਿਨ ਇਸ ਸੂਬੇ ਵਿਚ ਯਾਤਰਾ ਕੀਤੀ। ਰਾਹੁਲ ਗਾਂਧੀ ਇਸ ਸੂਬੇ ਦੇ ਵਾਇਨਾਡ ਹਲਕੇ ਤੋਂ ਲੋਕ ਸਭਾ ਦੀ ਨੁਮਾਇੰਦਗੀ ਕਰਦਾ ਹੈ; ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਸੂਬੇ ਤੋਂ 15 ਹਲਕਿਆਂ ’ਚ ਜਿੱਤ ਪ੍ਰਾਪਤ ਕੀਤੀ ਸੀ। ਕਾਫ਼ਲਾ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੀ ਯਾਤਰਾ ਵੀ ਕਰ ਚੁੱਕਾ ਹੈ ਅਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੱਖਣ ਦੇ ਸੂਬਿਆਂ ਵਿਚ ਯਾਤਰਾ ਦੌਰਾਨ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ ਪਰ ਅਸਲੀ ਇਮਤਿਹਾਨ ਉਦੋਂ ਸ਼ੁਰੂ ਹੋਵੇਗਾ ਜਦੋਂ ਇਹ ਹਿੰਦੀ ਬੋਲਣ ਵਾਲੇ ਸੂਬਿਆਂ ਵਿਚ ਦਾਖ਼ਲ ਹੋਵੇਗੀ; ਯਾਤਰਾ ਨੇ ਸ੍ਰੀਨਗਰ ਵਿਚ 2023 ਵਿਚ ਸਮਾਪਤ ਹੋਣਾ ਹੈ।
ਭਾਰਤੀ ਜਨਤਾ ਪਾਰਟੀ ਨੇ ਇਸ ਯਾਤਰਾ ਨੂੰ ਦਿਸ਼ਾਹੀਣ ਅਤੇ ਕਾਂਗਰਸ ਵਿਚ ਫੈਲੀ ਨਿਰਾਸ਼ਾ ਦਾ ਪ੍ਰਤੀਕ ਦੱਸਿਆ ਹੈ। ਭਾਜਪਾ ਅਨੁਸਾਰ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਅਤੇ ਕਈ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਕੋਲ ਕੋਈ ਠੋਸ ਸਿਆਸੀ ਪ੍ਰੋਗਰਾਮ ਨਹੀਂ ਹੈ ਅਤੇ ਉਸ ਦੇ ਆਗੂ ਪਾਰਟੀ ਛੱਡ ਰਹੇ ਹਨ। ਭਾਜਪਾ ਨੇ ਇਸ ਯਾਤਰਾ ਬਾਰੇ ਬਣਾਈ ਇਕ ਵੀਡਿਉ ਵਿਚ ਰਾਹੁਲ ਗਾਂਧੀ ਦੀ ਤੁਲਨਾ ‘ਸ਼ੋਲੇ’ ਫ਼ਿਲਮ ਵਿਚ ਮਸਖ਼ਰਾ ਸਟਾਈਲ ਜੇਲ੍ਹਰ ਦਾ ਕਿਰਦਾਰ ਅਦਾ ਕਰਨ ਵਾਲੇ ਅਦਾਕਾਰ ਅਸਰਾਨੀ ਨਾਲ ਕੀਤੀ ਹੈ। ਕਾਂਗਰਸ ਦੇ ਦਿਸ਼ਾਹੀਣ ਹੋਣ ਬਾਰੇ ਟਿੱਪਣੀ ਕਾਫ਼ੀ ਹੱਦ ਤਕ ਸਹੀ ਹੈ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਯਾਤਰਾ ਪਿਛਲੇ ਕਈ ਸਾਲਾਂ ਬਾਅਦ ਕਿਸੇ ਵੀ ਪਾਰਟੀ ਵੱਲੋਂ ਲੋਕ-ਸਮੂਹਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਨ ਦਾ ਪਹਿਲਾ ਸਭ ਤੋਂ ਵੱਡਾ ਉਪਰਾਲਾ ਹੈ। ਪ੍ਰਮੁੱਖ ਸਵਾਲ ਇਹ ਹੈ ਕਿ ਕੀ ਇਹ ਯਾਤਰਾ ਦੇਸ਼ ਦੇ ਲੋਕਾਂ ਵਿਚ ਜਮਹੂਰੀਅਤ, ਸਮਾਜਿਕ ਏਕਤਾ ਅਤੇ ਆਪਣੇ ਬੁਨਿਆਦੀ ਮੁੱਦਿਆਂ ਨੂੰ ਉਠਾਉਣ ਵਾਲੀਆਂ ਭਾਵਨਾਵਾਂ ਤੇ ਜੋਸ਼ ਪੈਦਾ ਕਰੇਗੀ; ਕੀ ਇਹ ਕਾਂਗਰਸੀ ਕਾਰਕੁਨਾਂ ਨੂੰ ਊਰਜਿਤ ਕਰਨ ਅਤੇ ਰਾਹੁਲ ਗਾਂਧੀ ਨੂੰ ਨਵੀਂ ਸਿਆਸੀ ਸ਼ਖ਼ਸੀਅਤ ਦੇਣ ਵਿਚ ਕਾਮਯਾਬ ਹੋਵੇਗੀ?
ਕਾਂਗਰਸੀ ਆਗੂ ਯਾਤਰਾ ਦੀ ਕਾਮਯਾਬੀ ਬਾਰੇ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਕਾਂਗਰਸ ਅਨੁਸਾਰ ਇਸ ਯਾਤਰਾ ਦਾ ਮਕਸਦ ‘ਡਰ, ਕੱਟੜਾ ਅਤੇ ਤੁਅੱਸਬ ਦੀ ਸਿਆਸਤ’ ਵਿਰੁੱਧ ਲੜਨ ਦਾ ਮਾਹੌਲ ਬਣਾਉਣਾ ਹੈ; ਯਾਤਰਾ ਵਿਚ ਬੇਰੁਜ਼ਗਾਰੀ ਅਤੇ ਵਧ ਰਹੀ ਮਹਿੰਗਾਈ ਤੇ ਆਰਥਿਕ ਨਾਬਰਾਬਰੀ ਦੇ ਮੁੱਦੇ ਲਗਾਤਾਰ ਉਠਾਏ ਗਏ ਹਨ। ਕੁਝ ਸਿਆਸੀ ਮਾਹਿਰਾਂ ਅਨੁਸਾਰ ਰਾਹੁਲ ਗਾਂਧੀ ਨਵੀਂ ਤਰ੍ਹਾਂ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ; ਇਹ ਵੱਖਰੀ ਗੱਲ ਹੈ ਕਿ ਉਹ ਇਸ ਵਿਚ ਕਾਮਯਾਬ ਹੁੰਦਾ ਹੈ ਜਾਂ ਨਹੀਂ ਕਿਉਂਕਿ ਲੋਕਾਂ ਨਾਲ ਜੁੜਨ ਵਾਲੀ ਸਿਆਸਤ ਬਹੁਤ ਦੇਰ ਤੋਂ ਦੇਸ਼ ਦੀ ਸਿਆਸੀ ਧਰਾਤਲ ਤੋਂ ਗਾਇਬ ਹੋ ਚੁੱਕੀ ਹੈ। ਇਨ੍ਹਾਂ ਮਾਹਿਰਾਂ ਅਨੁਸਾਰ ਅਜਿਹੀ ਕੋਸ਼ਿਸ਼ ਕਰਨਾ ਹੀ ਆਪਣੇ ਆਪ ਵਿਚ ਇਕ ਕਾਮਯਾਬੀ ਹੈ। ਯਾਤਰਾ ਦਾ ਅਸਲੀ ਇਮਤਿਹਾਨ ਇਸ ਤੋਂ ਮਿਲਣ ਵਾਲੀ ਸਿਆਸੀ ਸਫ਼ਲਤਾ ਦੇ ਆਧਾਰ ’ਤੇ ਹੋਣਾ ਹੈ। ਕਾਂਗਰਸ ਸਿਆਸੀ ਪਾਰਟੀ ਹੈ; ਉਹ ਚੋਣਾਂ ਲੜ ਕੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਯਾਤਰਾ ਦਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼, ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ, ਵਿਚੋਂ ਨਾ ਲੰਘਣਾ ਇਕ ਖ਼ਾਸ ਤਰ੍ਹਾਂ ਦਾ ਸਿਆਸੀ ਪੈਂਤੜਾ ਹੋ ਸਕਦਾ ਹੈ ਪਰ ਇਹ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸ ਨੂੰ ਆਪਣੀ ਹੋਂਦ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਪਿਛਲੇ ਕਈ ਦਹਾਕਿਆਂ ਤੋਂ ਆਗੂਆਂ ਵਿਚ ਫੈਲੇ ਭ੍ਰਿਸ਼ਟਾਚਾਰ, ਸੱਤਾ-ਮੋਹ ਅਤੇ ਲੋਕ-ਮੁੱਦਿਆਂ ਤੋਂ ਬੇਗ਼ਾਨਗੀ ਦੇ ਰੁਝਾਨਾਂ ਕਾਰਨ ਖੋਖਲੀ ਤੇ ਜਰਜਰੀ ਸਿਆਸੀ ਇਕਾਈ ਬਣ ਕੇ ਰਹਿ ਗਈ ਹੈ। ਯਾਤਰਾ ਦੀ ਯੋਜਨਾ ਬਣਾਉਣ ਵਾਲਿਆਂ ਸਾਹਮਣੇ ਮੁੱਖ ਚੁਣੌਤੀ ਇਹੀ ਹੈ ਕਿ ਇੰਨੀ ਵੱਡੀ ਪੱਧਰ ’ਤੇ ਕੀਤਾ ਜਾ ਰਿਹਾ ਇਹ ਉਪਰਾਲਾ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੂੰ ਊਰਜਿਤ ਕਰ ਕੇ ਪਾਰਟੀ ਵਿਚ ਫੈਲੇ ਨਕਾਰਾਤਮਕ ਰੁਝਾਨਾਂ ਤੋਂ ਨਿਜਾਤ ਦਿਵਾ ਸਕਦਾ ਹੈ?