ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਕਸ਼ਮੀਰ ਵਾਦੀ ਦੇ ਕੁਲਗਾਮ ਜ਼ਿਲ੍ਹੇ ਵਿਚ ਸਕੂਲ ਵਿਚ ਪੜ੍ਹਾ ਰਹੀ ਅਧਿਆਪਕਾ ਰਜਨੀ ਬਾਲਾ ਦੇ ਕਤਲ ਨੇ ਫਿਰ ਦੇਸ਼ ਵਾਸੀਆਂ ਦੇ ਦਿਲ ਨੂੰ ਦਹਿਲਾਇਆ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਰੋਜ਼ ਲਗਭਗ 80 ਕਤਲ ਹੁੰਦੇ ਹਨ ਪਰ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਕਤਲ ਸਮਾਜ ਵਿਚ ਦਹਿਸ਼ਤ ਤੇ ਸਹਿਮ ਫੈਲਾਉਂਦੇ ਹਨ। ਖ਼ਬਰਾਂ ਅਨੁਸਾਰ ਦਹਿਸ਼ਤਗਰਦ ਮੰਗਲਵਾਰ ਸਵੇਰੇ ਦਸ ਵਜੇ ਸਕੂਲ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇੜਿਓਂ ਰਜਨੀ ਬਾਲਾ ਦੇ ਸਿਰ ਵਿਚ ਗੋਲੀ ਮਾਰੀ। ਜੰਮੂ ਦੇ ਸਾਂਭਾ ਜ਼ਿਲ੍ਹੇ ਦੀ ਰਹਿਣ ਵਾਲੀ ਰਜਨੀ ਬਾਲਾ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ। ਇਸ ਕਤਲ ਨੂੰ ਦਹਿਸ਼ਤਗਰਦਾਂ ਵੱਲੋਂ ਕਸ਼ਮੀਰ ਵਿਚ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਮੁੜ ਵਸੇਬੇ ਦੇ ਪੈਕੇਜ ਅਧੀਨ ਜੰਮੂ ਇਲਾਕੇ ਤੋਂ ਅਨੁਸੂਚਿਤ ਜਾਤੀਆਂ ਦੇ ਕੋਟੇ ਅਧੀਨ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਕਸ਼ਮੀਰ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਕਤਲ ਨੇ ਦਲਿਤ ਭਾਈਚਾਰੇ ਨਾਲ ਸਬੰਧਿਤ ਕਰਮਚਾਰੀਆਂ ਵਿਚ ਰੋਸ ਪੈਦਾ ਕੀਤਾ ਹੈ; ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਬਾਦਲਾ ਕਰਨ ਲਈ ਕੋਈ ਨੀਤੀ ਨਹੀਂ ਬਣਾਈ ਗਈ।
ਸੈਂਕੜੇ ਕਸ਼ਮੀਰੀ ਪੰਡਿਤਾਂ ਨੇ ਕੁਲਗਾਮ ਤੇ ਸ੍ਰੀਨਗਰ ਸ਼ਾਹਰਾਹ ’ਤੇ ਧਰਨਾ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕਸ਼ਮੀਰ ਵਾਦੀ ’ਚੋਂ ਬਾਹਰ ਕੱਢ ਕੇ ਕਿਤੇ ਹੋਰ ਵਸਾਇਆ ਜਾਏ। ਧਰਨਾ ਦੇਣ ਵਾਲਿਆਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਨੂੰ ਵਾਦੀ ਤੋਂ ਬਾਹਰ ਵਸਾਉਣ ਦੇ ਪ੍ਰਬੰਧ ਨਹੀਂ ਕਰਦੀ ਤਾਂ ਉਹ ਸਾਰੇ ਖ਼ੁਦ ਇਕੱਠੇ ਹੋ ਕੇ ਵਾਦੀ ਛੱਡ ਜਾਣਗੇ। ਉਨ੍ਹਾਂ ਨੇ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਇਹ ਧਮਕੀਆਂ ਦੇਣ ਦਾ ਦੋਸ਼ ਵੀ ਲਗਾਇਆ ਕਿ ਜੇ ਉਹ ਵਾਦੀ ਛੱਡ ਕੇ ਗਏ ਤਾਂ ਉਨ੍ਹਾਂ ਦੀਆਂ ਤਨਖ਼ਾਹਾਂ ਰੋਕ ਲਈਆਂ ਜਾਣਗੀਆਂ। ਉਨ੍ਹਾਂ ਨੇ ਪ੍ਰਦੇਸ਼ ਦੇ ਲੈਫ਼ਟੀਨੈਂਟ ਗਵਰਨਰ ਵਿਰੁੱਧ ਨਾਅਰੇ ਲਗਾਏ ਅਤੇ ਨਿਆਂ ਦੀ ਮੰਗ ਕੀਤੀ। ਅਜਿਹੇ ਪ੍ਰਦਰਸ਼ਨ ਕਈ ਹੋਰ ਥਾਵਾਂ ’ਤੇ ਵੀ ਹੋਏ।
ਲਗਭਗ ਪੌਣੇ ਤਿੰਨ ਸਾਲ ਪਹਿਲਾਂ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰ ਕੇ ਜੰਮੂ ਕਸ਼ਮੀਰ ਸੂਬੇ ਨੂੰ ਦਿੱਤੇ ਗਏ ਖ਼ਾਸ ਰੁਤਬੇ ਦਾ ਖ਼ਾਤਮਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ। ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਦੋ ਕੁ ਵਰ੍ਹਿਆਂ ਵਿਚ ਪ੍ਰਦੇਸ਼ ਵਿਚੋਂ ਦਹਿਸ਼ਤਗਰਦੀ ਖ਼ਤਮ ਕਰ ਦਿੱਤੀ ਜਾਵੇਗੀ। ਸਰਕਾਰ ਅੰਕੜਿਆਂ ਦੇ ਸਹਾਰੇ ਹਿੰਸਾ ਵਿਚ ਕਮੀ ਹੋਣ ਦੇ ਦਾਅਵੇ ਤਾਂ ਕਰਦੀ ਹੈ ਪਰ ਉੱਥੇ ਨਾ ਤਾਂ ਅਮਨ ਬਹਾਲ ਹੋਇਆ ਹੈ ਅਤੇ ਨਾ ਹੀ ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਖ਼ਤਮ ਹੋਇਆ ਹੈ। ਦਹਿਸ਼ਤਗਰਦਾਂ ਨੇ ਨਵੀਂ ਰਣਨੀਤੀ ਅਪਣਾ ਕੇ ਹਿੰਦੂ ਭਾਈਚਾਰੇ ਦੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਭਾਵੇਂ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਹੈ ਪਰ ਇਨ੍ਹਾਂ ਕਤਲਾਂ ਕਾਰਨ ਪੈਦਾ ਹੋ ਰਹੇ ਸਹਿਮ ਤੇ ਦਹਿਸ਼ਤ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਅਕਹਿ ਰੋਸ ਪੈਦਾ ਕੀਤਾ ਹੈ। ਪਾਬੰਦੀਆਂ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਕਾਰਨ ਮੁਸਲਮਾਨ ਭਾਈਚਾਰਾ ਆਪਣੇ ਆਪ ਨੂੰ ਵੱਡੇ ਪੱਧਰ ’ਤੇ ਪੀੜਤ ਮਹਿਸੂਸ ਕਰਦਾ ਹੈ ਅਤੇ ਇਸ ਭਾਈਚਾਰੇ ’ਚ ਬੇਗ਼ਾਨਗੀ ਤੇ ਉਦਾਸੀਨਤਾ ਦੀਆਂ ਭਾਵਨਾਵਾਂ ਵਧੀਆਂ ਹਨ। ਦੋਵਾਂ ਭਾਈਚਾਰਿਆਂ ਵਿਚ ਪਾੜਾ ਵੀ ਵਧਿਆ ਹੈ। ਸਰਕਾਰ ਕਿਸੇ ਵੀ ਪੱਖ ਤੋਂ ਕਾਮਯਾਬ ਹੁੰਦੀ ਦਿਖਾਈ ਨਹੀਂ ਦਿੰਦੀ। ਜੰਮੂ ਕਸ਼ਮੀਰ ਵਿਚ ਪ੍ਰਸ਼ਾਸਨ ਅਤੇ ਪੁਲੀਸ ਦੀ ਸਥਿਤੀ ਦੱਸਦੀ ਹੈ ਕਿ ਸਰਕਾਰ ਕੋਲ ਦਹਿਸ਼ਤਗਰਦੀ ਵਿਰੁੱਧ ਲੜਨ ਦੀ ਕੋਈ ਸੁਚਾਰੂ ਨੀਤੀ ਨਹੀਂ ਹੈ। ਸਿਆਸੀ ਪੱਧਰ ’ਤੇ ਲੋਕਾਂ ਨਾਲ ਰਾਬਤਾ ਵਧਾਉਣ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਵਿਚ ਅਸਫਲਤਾ ਸਪੱਸ਼ਟ ਦਿਖਾਈ ਦਿੰਦੀ ਹੈ। ਕੇਂਦਰ ਸਰਕਾਰ ਨੂੰ ਇਸ ਖਿੱਤੇ ਦੀਆਂ ਸਿਆਸੀ ਪਾਰਟੀਆਂ ਨਾਲ ਗੰਭੀਰ ਸੰਵਾਦ ਰਚਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਬੰਧ ਵਿਚ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣਾ ਅਤੇ ਜਮਹੂਰੀ ਪ੍ਰਕਿਰਿਆ ਨੂੰ ਬਹਾਲ ਕਰ ਕੇ ਚੋਣਾਂ ਕਰਵਾਉਣੀਆਂ ਅਹਿਮ ਕਦਮ ਸਾਬਿਤ ਹੋ ਸਕਦੇ ਹਨ।