ਪੰਜਾਬ ਵਿਚ ਚੱਲੇ ਖਾੜਕੂਵਾਦ ਦੇ ਸਮੇਂ ਤੋਂ ਪੰਥਕ ਅਤੇ ਖੱਬੇ-ਪੱਖੀਆਂ ਦਰਮਿਆਨ ਟਕਰਾਅ ਅਤੇ ਇਲਜ਼ਾਮਤਰਾਸ਼ੀ ਦਾ ਮਾਹੌਲ ਬਣਿਆ ਰਿਹਾ ਹੈ। ਖੱਬੇ-ਪੱਖੀ ਧਿਰਾਂ ਦਾ ਵੱਡਾ ਹਿੱਸਾ ਇਕ ਹੱਦ ਤੱਕ ਅਕਾਲੀ ਮੋਰਚੇ ਅਤੇ ਖ਼ਾਸ ਤੌਰ ’ਤੇ ਖਾੜਕੂ ਲਹਿਰ ਦੀ ਵੱਖਵਾਦੀ ਰੂਪ ਵਿਚ ਨਿਸ਼ਾਨਦੇਹੀ ਕਰਦਾ ਆਇਆ ਹੈ। ਪੰਥਕ ਧਿਰਾਂ ਖੱਬੇ-ਪੱਖੀਆਂ ਨੂੰ ਪੰਥ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਭਾਰਤੀ ਹਕੂਮਤ ਦੀਆਂ ਸਹਿਯੋਗੀ ਹੋਣ ਦਾ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ। ਇਸੇ ਵਿਵਾਦ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਵੀ ਵਿਚਾਰਧਾਰਕ ਨਜ਼ਰੀਏ ਵਿਚੋਂ ਦੇਖਿਆ ਜਾਂਦਾ ਰਿਹਾ ਹੈ। ਖੱਬੇ-ਪੱਖੀਆਂ ਦੇ ਕਤਲਾਂ ਜਾਂ ਉਨ੍ਹਾਂ ਉੱਤੇ ਹੋਣ ਵਾਲੀ ਸਖ਼ਤੀ ਦੇ ਮੁੱਦੇ ਨੂੰ ਪੰਥਕ ਧਿਰਾਂ ਅਤੇ ਪੰਥਕ ਧਿਰਾਂ ਖਿ਼ਲਾਫ਼ ਹੋਣ ਵਾਲੇ ਸਰਕਾਰੀ ਦਮਨ ਖਿ਼ਲਾਫ਼ ਖੱਬੇ-ਪੱਖੀ ਧਿਰਾਂ ਆਵਾਜ਼ ਉਠਾਉਣ ਤੋਂ ਗੁਰੇਜ਼ ਕਰਦੀਆਂ ਆਈਆਂ ਹਨ। ਲੰਮੇ ਸਮੇਂ ਪਿੱਛੋਂ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੌਰਾਨ ਕੇਸਰੀ ਨਿਸ਼ਾਨ ਸਾਹਿਬ, ਲਾਲ ਅਤੇ ਹੋਰ ਵੱਖ ਵੱਖ ਰੰਗਾਂ ਦੇ ਕਿਸਾਨੀ ਝੰਡੇ ਸਾਂਝੇ ਵਿਰਸੇ ਦੇ ਰੂਪ ਵਿਚ ਲਹਿਰਾਉਂਦੇ ਨਜ਼ਰ ਆਏ ਸਨ। ਇਸ ਮੌਕੇ ਵੀ ਪੰਥਕ ਬਨਾਮ ਖੱਬੇ-ਪੱਖੀ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਹੁੰਦੀ ਰਹੀ।
ਇਸ ਸਮੇਂ ਵੀ ਇਹ ਕੋਸ਼ਿਸ਼ਾਂ ਜਾਰੀ ਹਨ। ਇਸ ਮੌਕੇ ਇਕ ਸੁਹਿਰਦ ਪਹਿਲ ਲੱਗਦੀ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਅੰਦਰ ਪ੍ਰਦਰਸ਼ਨ ਕੀਤੇ ਹਨ। ਕਿਰਤੀ ਕਿਸਾਨ ਯੂਨੀਅਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠ ਕਰ ਕੇ ਮੰਗ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਵੀ ਸ਼ਾਇਦ ਪਹਿਲੀ ਵਾਰ ਗੁਰੂ ਨਾਨਕ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਪੰਦਰਵਾੜਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਾਹਿਤਕ ਕਿਤਾਬਾਂ ਅਤੇ ਪੈਂਫਲਿਟਾਂ ਨੂੰ ਆਧਾਰ ਬਣਾ ਕੇ ਤਿੰਨ ਸਿੱਖ ਨੌਜਵਾਨਾਂ ਨੂੰ ਨਵਾਂ ਸ਼ਹਿਰ ਦੀ ਇਕ ਅਦਾਲਤ ਵੱਲੋਂ ਦਿੱਤੀ ਸਜ਼ਾ ਦੇ ਮੁੱਦੇ ਉੱਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੀ ਪਹਿਲਕਦਮੀ ਉੱਤੇ ਸੈਮੀਨਾਰ ਕੀਤੇ ਗਏ ਸਨ ਪਰ ਇਹ ਮਾਮਲਾ ਜ਼ਿਆਦਾ ਅੱਗੇ ਨਹੀਂ ਵਧ ਸਕਿਆ ਸੀ।
ਪੰਜਾਬ ਅੰਦਰ ਲੰਮੇ ਸਮੇਂ ਤੋਂ ਇਹ ਵਿਚਾਰ ਕਿਸੇ ਨਾ ਕਿਸੇ ਰੂਪ ਵਿਚ ਚੱਲਦਾ ਰਿਹਾ ਹੈ ਕਿ ਸਿੱਖ ਅਤੇ ਖੱਬੇ-ਪੱਖੀ ਫਿਲਾਸਫ਼ੀ ਮੁਤਾਬਿਕ ਸਮਾਜ ਸਿਰਜਣ ਦੇ ਮਾਮਲੇ ਵਿਚ ਬਹੁਤ ਕੁਝ ਸਾਂਝਾ ਹੈ। ਮਨੁੱਖੀ ਆਜ਼ਾਦੀ, ਸਮਾਜਿਕ ਬਰਾਬਰੀ ਅਤੇ ਲੁੱਟ-ਖਸੁੱਟ ਖਿ਼ਲਾਫ਼ ਜੂਝਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਿਚਾਰਧਾਰਕ ਹੱਦਾਂ ਤੋਂ ਪਾਰ ਜਾ ਕੇ ਮਨੁੱਖੀ ਅਧਿਕਾਰਾਂ ਦੀ ਵਿਸ਼ਾਲ ਪਰਿਭਾਸ਼ਾ ਲਿਖਣ ਦੀ ਤਸਦੀਕ ਕਰਦੀ ਹੈ। ਮੁਲਕ ਵਿਚ ਮੌਜੂਦਾ ਬਹੁਗਿਣਤੀਵਾਦ ਘੱਟਗਿਣਤੀਆਂ, ਦਲਿਤਾਂ ਅਤੇ ਖੱਬੇ-ਪੱਖੀਆਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਘੱਟਗਿਣਤੀਆਂ ਨਾਲ ਸਬੰਧਿਤ ਬੋਲੀਆਂ, ਸੱਭਿਆਚਾਰ, ਧਰਮ ਅਤੇ ਹੋਰ ਪਛਾਣਾਂ ਲਗਾਤਾਰ ਦਬਾਅ ਮਹਿਸੂਸ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲੋਕ ਸਰੋਕਾਰਾਂ ਨੂੰ ਅੱਗੇ ਵਧਾਉਣ ਲਈ ਵੱਖ ਵੱਖ ਤੌਰ ’ਤੇ ਜੂਝਣ ਦੀ ਬਜਾਇ ਇਕਜੁੱਟ ਪਹਿਲਕਦਮੀ ਜ਼ਿਆਦਾ ਸਾਰਥਿਕ ਹੋ ਸਕਦੀ ਹੈ।