ਪਿਛਲੇ ਐਤਵਾਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਇਸਲਾਮਿਕ ਸਟੇਟ ਨਾਲ ਸਬੰਧਿਤ ਅਤਿਵਾਦੀਆਂ ਨੇ 11 ਖਾਣ ਮਜ਼ਦੂਰਾਂ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ। ਇਹ ਮਜ਼ਦੂਰ ਸ਼ੀਆ ਭਾਈਚਾਰੇ ਦੀ ਹਜ਼ਾਰਾ ਬਰਾਦਰੀ ਨਾਲ ਸਬੰਧਿਤ ਸਨ। ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਧਰਨਾ ਦੇ ਕੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਇਟਾ ਆਏ ਤੇ ਲੋਕਾਂ ਦੀਆਂ ਮੰਗਾਂ ਨੂੰ ਸੁਣੇ। ਇਸ ਤੋਂ ਉਲਟ ਇਮਰਾਨ ਖਾਨ ਨੇ ਸ਼ੁੱਕਰਵਾਰ ਬਹੁਤ ਅਸੰਵੇਦਨਸ਼ੀਲ ਬਿਆਨ ਦਿੱਤਾ ਕਿ ਲੋਕ ਉਸ ਨੂੰ ਕੋਇਟੇ ਆ ਕੇ ਆਪਣੀਆਂ ਮੰਗਾਂ ਸੁਣਨ ਲਈ ਦਾਬਾ ਨਹੀਂ ਮਾਰ (ਬਲੈਕਮੇਲ ਨਹੀਂ ਕਰ) ਸਕਦੇ। ਇਸ ਤੋਂ ਬਾਅਦ ਬਲੋਚਿਸਤਾਨ ਦਾ ਮੁੱਖ ਮੰਤਰੀ ਮੁਜ਼ਾਹਰਾ ਕਰਨ ਵਾਲਿਆਂ ਨੂੰ ਦੁਬਾਰਾ ਮਿਲਣ ਗਿਆ, ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਸ਼ਨਿੱਚਰਵਾਰ ਆਵੇਗਾ। ਇਸ ਤੋਂ ਬਾਅਦ ਅੰਦੋਲਨਕਾਰੀਆਂ ਨੇ ਮ੍ਰਿਤਕ ਦੇਹਾਂ ਨੂੰ ਦਫ਼ਨਾਇਆ। ਇਮਰਾਨ ਖ਼ਾਨ ਸ਼ਨਿੱਚਰਵਾਰ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚਿਆ।
ਪਾਕਿਸਤਾਨ ਵਿਚ ਬਹੁਗਿਣਤੀ ਸੁੰਨੀ ਮੁਸਲਮਾਨਾਂ ਦੀ ਹੈ, ਸ਼ੀਆ ਮੁਸਲਮਾਨਾਂ ਦੀ ਗਿਣਤੀ ਸਿਰਫ਼ 12-15% ਹੈ। ਸ਼ੀਆ ਮੁਸਲਮਾਨਾਂ ਨੂੰ ਕਈ ਦਹਾਕਿਆਂ ਤੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀਆਂ ਮਸਜਿਦਾਂ ’ਤੇ ਹਮਲੇ ਕਰ ਕੇ ਸੈਂਕੜੇ ਸ਼ੀਆ ਮੁਸਲਮਾਨਾਂ ਨੂੰ ਮਾਰਿਆ ਗਿਆ ਹੈ। ਸਰਕਾਰ ਦਾ ਰਵੱਈਆ ਵੀ ਉਨ੍ਹਾਂ ਪ੍ਰਤੀ ਹਮਦਰਦੀ ਵਾਲਾ ਨਹੀਂ ਹੈ। ਹਜ਼ਾਰਾ ਸ਼ੀਆ ਮੁਸਲਮਾਨ ਮੁੱਖ ਤੌਰ ’ਤੇ ਅਫ਼ਗਾਨਿਸਤਾਨ ਵਿਚ ਰਹਿੰਦੇ ਹਨ ਪਰ ਪਾਕਿਸਤਾਨ ਵਿਚ ਵੀ ਉਨ੍ਹਾਂ ਦੀ ਗਿਣਤੀ 7 ਲੱਖ ਤੋਂ ਵੱਧ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤਿਵਾਦੀਆਂ ਅਤੇ ਪਾਕਿਸਤਾਨ ਵਿਚ ਸੁੰਨੀ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਹਜ਼ਾਰਾ ਮੁਸਲਮਾਨਾਂ ਦਾ ਕਈ ਵੱਡੇ ਕਤਲੇਆਮ ਕੀਤੇ ਹਨ। ਹਜ਼ਾਰਾ ਫ਼ਿਰਕੇ ਦੇ ਸਿਆਸੀ ਆਗੂਆਂ ਅਨੁਸਾਰ ਤਾਲਿਬਾਨ ਨੇ ਹਜ਼ਾਰਾ ਭਾਈਚਾਰੇ ਦੇ 15000 ਤੋਂ ਵੱਧ ਲੋਕਾਂ ਨੂੰ ਕਤਲ ਕੀਤਾ ਹੈ। ਅਗਸਤ 1998 ਵਿਚ ਅਫ਼ਗਾਨਿਸਤਾਨ ’ਚ ਮਜ਼ਾਰ-ਏ-ਸ਼ਰੀਫ਼ ਅਤੇ ਬਾਮਿਆਨ ਇਲਾਕਿਆਂ ਵਿਚ ਇਸ ਫ਼ਿਰਕੇ ਦੇ 12000 ਲੋਕਾਂ ਦਾ ਕਤਲੇਆਮ ਹੋਇਆ। ਇਹ ਇਕ ਤਰ੍ਹਾਂ ਦੀ ਨਸਲਕੁਸ਼ੀ ਸੀ ਪਰ ਇਹ ਵਿਸ਼ਵ ਪੱਧਰ ’ਤੇ ਲੋਕਾਂ ਦੇ ਧਿਆਨ ਦਾ ਕੇਂਦਰ ਇਸ ਲਈ ਨਹੀਂ ਬਣੀ ਕਿਉਂਕਿ ਇਸ ਨੂੰ ਮੁਸਲਮਾਨ ਭਾਈਚਾਰੇ ਵਿਚਲੀ ਖ਼ਾਨਾਜੰਗੀ ਵਜੋਂ ਪੇਸ਼ ਕੀਤਾ ਗਿਆ। ਸੰਯੁਕਤ ਰਾਸ਼ਟਰ ਨੂੰ ਇਨ੍ਹਾਂ ਇਲਾਕਿਆਂ ਵਿਚ ਉਹ ਕਬਰਸਤਾਨ ਮਿਲੇ ਜਿੱਥੇ ਸੈਂਕੜੇ ਮ੍ਰਿਤਕ ਦੇਹਾਂ ਸਮੂਹਿਕ ਤੌਰ ’ਤੇ ਦਫ਼ਨ ਕੀਤੀਆਂ ਗਈਆਂ ਸਨ। 19ਵੀਂ ਸਦੀ ਦੇ ਅਖ਼ੀਰ (1890) ਵਿਚ ਵੀ ਅਫ਼ਗਾਨਿਸਤਾਨ ਦੇ ਪਠਾਣਾਂ ਅਤੇ ਕੁਝ ਹੋਰ ਕਬੀਲਿਆਂ ਨੇ ਹਜ਼ਾਰਾ ਕਬੀਲਿਆਂ ਦੇ ਲੋਕਾਂ ਦਾ ਘਾਣ ਕੀਤਾ ਅਤੇ ਵੱਡੀ ਪੱਧਰ ’ਤੇ ਲੁੱਟਮਾਰ ਕੀਤੀ। ਇਤਿਹਾਸਕਾਰਾਂ ਅਨੁਸਾਰ ਉਸ ਕਤਲੋਗ਼ਾਰਤ ਵਿਚ ਹਜ਼ਾਰਿਸਤਾਨ/ਹਜ਼ਾਰਾਜਾਤ ਇਲਾਕੇ ਦੀ ਅੱਧੀ ਆਬਾਦੀ ਬੇਘਰ ਹੋ ਗਈ ਸੀ। ਉਸ ਸਮੇਂ ਹੀ ਇਸ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਅਫ਼ਗਾਨਿਸਤਾਨ ਤੋਂ ਹਿਜਰਤ ਕੀਤੀ।
ਪਾਕਿਸਤਾਨ ਵਿਚ ਹਜ਼ਾਰਾ ਸ਼ੀਆ ਜ਼ਿਆਦਾ ਕਰ ਕੇ ਬਲੋਚਿਸਤਾਨ ’ਚ ਰਹਿੰਦੇ ਹਨ। ਦੁਨੀਆ ਦੇ ਹਰ ਦੇਸ਼ ’ਚ ਘੱਟਗਿਣਤੀ ਫ਼ਿਰਕਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪਾਕਿਸਤਾਨ ’ਚ ਅਹਿਮਦੀਆ ਫ਼ਿਰਕੇ ਨੂੰ ਗ਼ੈਰ-ਮੁਸਲਮਾਨ ਕਰਾਰ ਦਿੱਤਾ ਗਿਆ ਹੈ ਅਤੇ ਸ਼ੀਆ ਫ਼ਿਰਕੇ ਨੂੰ ਹਿੰਦੂਆਂ, ਸਿੱਖਾਂ ਅਤੇ ਇਸਾਈਆਂ ਵਾਂਗ ਵੱਡੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁੰਨੀ ਫ਼ਿਰਕੇ ਨਾਲ ਜੁੜੀਆਂ ਕੱਟੜ ਜਥੇਬੰਦੀਆਂ, ਮੌਲਵੀ, ਮੁਲਾਣੇ ਤੇ ਸਿਆਸੀ ਆਗੂ ਘੱਟਗਿਣਤੀ ਫ਼ਿਰਕਿਆਂ ਨਾਲ ਸਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸੱਤਾ ਅਤੇ ਤਾਕਤ ਮਜ਼ਬੂਤ ਕਰਦੇ ਹਨ। ਅਜਿਹੀਆਂ ਘਟਨਾਵਾਂ ਇਨਸਾਨੀ ਬਰਾਬਰੀ ਅਤੇ ਸਾਂਝੀਵਾਲਤਾ ਬਾਰੇ ਸਵਾਲ ਖੜ੍ਹੇ ਕਰਦੀਆਂ ਅਤੇ ਮਨੁੱਖਾਂ ਵਿਚਲੀ ਅਮਨੁੱਖਤਾ ਨੂੰ ਸਾਹਮਣੇ ਲਿਆਉਂਦੀਆਂ ਹਨ। ਰਿਆਸਤ/ਸਟੇਟ ਅਤੇ ਧਾਰਮਿਕ ਆਗੂਆਂ ਦੀ ਭੂਮਿਕਾ ਪ੍ਰਸ਼ਨਾਂ ਦੇ ਘੇਰੇ ’ਚ ਆਉਂਦੀ ਹੈ। ਦੁਖਾਂਤ ਇਹ ਹੈ ਕਿ ਸਾਰੀ ਦੁਨੀਆ ’ਚ ਘੱਟਗਿਣਤੀ ਫ਼ਿਰਕਿਆਂ ਨੂੰ ਵੱਡੀਆਂ ਦੁਸ਼ਵਾਰੀਆਂ ਸਹਿਣੀਆਂ ਪੈਂਦੀਆਂ ਹਨ। ਆਪਣੇ ਆਪ ਨੂੰ ਧਾਰਮਿਕ ਅਤੇ ਸੱਭਿਅਕ ਅਖਵਾਉਣ ਵਾਲੇ ਲੋਕ ਅੱਤਿਆਚਾਰ ਵਿਚ ਹਿੱਸੇਦਾਰ ਬਣਦੇ ਹਨ। ਸਾਰੀ ਦੁਨੀਆ ਦੇ ਲੋਕਾਂ ਨੂੰ ਪਾਕਿਸਤਾਨ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਕੌਮਾਂਤਰੀ ਬਰਾਦਰੀ ਅਤੇ ਸੰਯੁਕਤ ਰਾਸ਼ਟਰ ਨੂੰ ਕਈ ਦਹਾਕਿਆਂ ਤੋਂ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਇਸ ਸਮੂਹਿਕ ਘਾਣ ਵੱਲ ਧਿਆਨ ਦੇਣਾ ਚਾਹੀਦਾ ਹੈ।