ਪੰਜਾਬੀ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਦੇਰ ਤੋਂ ਨਰਾਜ਼ ਹਨ। ਪੰਜਾਬੀਆਂ ਦੀ ਨਰਾਜ਼ਗੀ ਦੇ ਕਈ ਕਾਰਨ ਹਨ : 2007-2017 ਦੇ ਅਕਾਲੀ ਦਲ ਦੇ ਰਾਜ ਦੌਰਾਨ ਨਸ਼ਿਆਂ ਦੇ ਫੈਲਾਉ ਅਤੇ ਰਿਸ਼ਵਤਖ਼ੋਰੀ ਦਾ ਵਧਣਾ; ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਅਤੇ ਬਾਅਦ ਵਿਚ ਨਿਹੱਥੇ ਲੋਕਾਂ ’ਤੇ ਫਾਇਰਿੰਗ; ਅਕਾਲੀ ਦਲ ਵਿਚ ਪਰਿਵਾਰਵਾਦ ਦਾ ਭਾਰੂ ਹੋਣਾ ਅਤੇ ਪੰਜਾਬ ਦੇ ਕਿਸਾਨਾਂ, ਦਲਿਤਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣਾ। ਅਕਾਲੀ ਦਲ ਵਿਰੁੱਧ ਕਈ ਹੋਰ ਰੋਸ ਵੀ ਹਨ ਜਿਵੇਂ ਆਨੰਦਪੁਰ ਸਾਹਿਬ ਦੇ ਮਤੇ ਵਿਚਲੇ ਫੈਡਰਲਿਜ਼ਮ ਤੋਂ ਪਿੱਛੇ ਹਟਣਾ ਅਤੇ ਸੰਵਿਧਾਨ ਦੀ ਧਾਰਾ 370 ਮਨਸੂਖ਼ ਕਰ ਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਵੰਡਣ ਸਮੇਂ ਕੇਂਦਰੀ ਸਰਕਾਰ ਦੀ ਹਮਾਇਤ ਕਰਨਾ; ਨਾਗਰਿਕਤਾ ਸੋਧ ਬਿੱਲ ਦੇ ਪਾਸ ਕਰਾਉਣ ਵਿਚ ਭਾਜਪਾ ਦਾ ਸਮਰਥਨ ਅਤੇ ਫਰਵਰੀ 2020 ਦਿੱਲੀ ਦੰਗਿਆਂ ਦੌਰਾਨ ਕੱਟੜਪੰਥੀ ਜਥੇਬੰਦੀਆਂ ਦੀ ਭੂਮਿਕਾ ਬਾਰੇ ਚੁੱਪ ਰਹਿਣਾ; ਦੇਸ਼ ਦੇ ਵੱਖ ਵੱਖ ਸੂਬਿਆਂ ਤੇ ਪੰਜਾਬ ਵਿਚ ਬੁੱਧੀਜੀਵੀਆਂ, ਵਿਦਿਆਰਥੀਆਂ ਤੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਨਾ ਕਰਨਾ। ਪੰਜਾਬੀ ਇਹ ਕਹਿ ਸਕਦੇ ਹਨ ਕਿ ਇਨ੍ਹਾਂ ਸਮਿਆਂ ਵਿਚ ਦਲ ਵਿਚ ਧਨੀ ਕਿਸਾਨੀ ਦਾ ਬੋਲਬਾਲਾ ਰਿਹਾ ਹੈ ਪਰ ਇਨ੍ਹਾਂ ਤੱਥਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਨੇ ਬਸਤੀਵਾਦ-ਵਿਰੋਧੀ ਸੰਘਰਸ਼ ਵਿਚੋਂ ਜਨਮ ਲਿਆ; ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਜ਼ੀਮ ਕੁਰਬਾਨੀਆਂ ਦਿੱਤੀਆਂ ਅਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾ ਕੇ ਇਤਿਹਾਸ ਵਿਚ ਨਵੀਂ ਮਿਸਾਲ ਕਾਇਮ ਕੀਤੀ। ਆਜ਼ਾਦੀ ਦੀ ਲੜਾਈ ਅਤੇ ਪੰਜਾਬੀ ਸੂਬਾ ਲਹਿਰ ਦੌਰਾਨ ਵੀ ਪਾਰਟੀ ਸੰਘਰਸ਼ ਦੇ ਰਾਹ ’ਤੇ ਚੱਲਦੀ ਰਹੀ। ਇਸ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਇਤਿਹਾਸ ਨਾਲ ਡੂੰਘੀ ਤਰ੍ਹਾਂ ਨਾਲ ਜੁੜੀ ਹੋਈ ਪਾਰਟੀ ਹੈ ਅਤੇ ਦਲ ਦਾ ਕੇਂਦਰੀ ਕੈਬਨਿਟ ਤੋਂ ਬਾਹਰ ਆਉਣਾ ਅਤੇ ਭਾਰਤੀ ਜਨਤਾ ਪਾਰਟੀ ਤੋਂ ਨਾਤਾ ਤੋੜਨਾ ਪੰਜਾਬੀਅਤ ਦੀ ਨੈਤਿਕ ਜਿੱਤ ਹੈ।
ਸੱਤਾ ਪ੍ਰਾਪਤੀ ਹਰ ਸਿਆਸੀ ਪਾਰਟੀ ਦੀ ਇੱਛਾ ਹੁੰਦੀ ਹੈ ਪਰ ਸੱਤਾ ਵਿਚ ਆਉਣ ਤੋਂ ਬਾਅਦ ਸੱਤਾ ਚਲਾਉਣ ਦੀ ਦਿਸ਼ਾ ਨੂੰ ਲੋਕ-ਪੱਖੀ ਰੱਖਣਾ ਬਹੁਤ ਵੱਡੀ ਚੁਣੌਤੀ ਹੈ। ਬਹੁਤ ਸਾਰੀਆਂ ਪਾਰਟੀਆਂ ਪਰਿਵਾਰਵਾਦ ਅਤੇ ਦੌਲਤ ਇਕੱਠੇ ਕਰਨ ਵਿਚ ਉਲਝ ਕੇ ਬੁਨਿਆਦੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੰਦੀਆਂ ਹਨ। ਘਰਾਣਿਆਂ ’ਤੇ ਆਧਾਰਿਤ ਰਾਜ ਅਤੇ ਸਿਆਸੀ ਪਾਰਟੀਆਂ ਇਨ੍ਹਾਂ ਜਮਹੂਰੀ ਸਮਿਆਂ ਵਿਚ ਜ਼ਿਆਦਾ ਦੇਰ ਤਕ ਨਹੀਂ ਚੱਲ ਸਕਦੀਆਂ ਅਤੇ ਇਤਿਹਾਸ ਵਿਚ ਅਜਿਹੀਆਂ ਪਾਰਟੀਆਂ ਨੂੰ ਲੋਕ-ਵਿਰੋਧੀ ਗਰਦਾਨਿਆ ਜਾਂਦਾ ਹੈ। ਸੱਤਾ ਸ਼੍ਰੋਮਣੀ ਅਕਾਲੀ ਦਲ ਲਈ ਵੀ ਅਜਿਹੀਆਂ ਚੁਣੌਤੀਆਂ ਲੈ ਕੇ ਆਈ ਅਤੇ ਦਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਅਸਫ਼ਲ ਰਿਹਾ ਹੈ।
ਇਸ ਲਈ ਅਕਾਲੀ ਆਗੂਆਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਸਿਰਫ਼ ਕੇਂਦਰੀ ਕੈਬਨਿਟ ਅਤੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਤੋਂ ਬਾਹਰ ਆਉਣ ਨਾਲ ਉਹ ਪੰਜਾਬੀਆਂ ਦੇ ਦਿਲਾਂ ਨੂੰ ਜਿੱਤ ਲੈਣਗੇ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੁਝ ਦਿਨ ਪਹਿਲਾਂ ਤਕ ਇਹ ਪ੍ਰਮੁੱਖ ਆਗੂ ਕਿਵੇਂ ਖੇਤੀ ਮੰਡੀਕਰਨ ਨਾਲ ਸਬੰਧਿਤ ਆਰਡੀਨੈਂਸਾਂ ਦੇ ਹੱਕ ਵਿਚ ਰਾਗ਼ ਅਲਾਪਦੇ ਅਤੇ ਕੇਂਦਰੀ ਖੇਤੀ ਮੰਤਰੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲਿਖੀ ਚਿੱਠੀ ਦਿਖਾਉਂਦੇ ਰਹੇ ਹਨ। ਅਕਾਲੀ ਦਲ ਨੇ ਦਰਬਾਰ ਸਾਹਿਬ ਸੇਵਾ ਕਰ ਕੇ ਆਪਣੀਆਂ ਗ਼ਲਤੀਆਂ ਮੰਨਣ ਦੀ ਗੱਲ ਕਹੀ ਸੀ ਪਰ ਇਹ ਨਹੀਂ ਸੀ ਦੱਸਿਆ ਕਿ ਉਹ ਗ਼ਲਤੀਆਂ ਕੀ ਹਨ। ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਕਾਲੀ ਦਲ ਨੂੰ ਇਹ ਫ਼ੈਸਲਾ ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਭਾਰੀ ਦਬਾਅ ਕਾਰਨ ਲੈਣਾ ਪਿਆ ਹੈ। ਪੰਜਾਬ ਵਿਚ ਪੈਦਾ ਹੋਏ ਕਿਸਾਨੀ ਉਭਾਰ ਕਾਰਨ ਅਕਾਲੀ ਦਲ ਦੇ ਕਾਰਕੁਨਾਂ ਅਤੇ ਆਗੂਆਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਪਿੰਡਾਂ ਵਿਚ ਵੜਨਾ ਮੁਸ਼ਕਿਲ ਹੋ ਜਾਵੇਗਾ।
ਅਕਾਲੀ ਦਲ ਦੀ ਦੁਬਿਧਾ ਇਹ ਹੈ ਕਿ ਉਹ ਪਰਿਵਾਰਵਾਦ ਅਤੇ ਪਾਰਟੀ ਦੇ ਵਿਰਸੇ ’ਚੋਂ ਮਿਲੀ ਜਮਹੂਰੀ ਰਵਾਇਤ ਵਿਚ ਸਮਤੋਲ ਕਿਵੇਂ ਪੈਦਾ ਕਰੇ। ਇਹ ਅਜਿਹੀ ਸਿਆਸੀ ਅਤੇ ਨਿੱਜੀ ਦੁਚਿੱਤੀ ਵਾਲੀ ਸਥਿਤੀ ਹੈ ਜਿਹੜੀ ਕਈ ਸਿਆਸੀ ਪਾਰਟੀਆਂ ਦੇ ਪਤਨ ਦਾ ਕਾਰਨ ਬਣੀ ਹੈ। ਸਿਆਸੀ ਆਗੂਆਂ ਦੇ ਧੀਆਂ ਪੁੱਤਰਾਂ ਦੇ ਸਿਆਸਤ ਵਿਚ ਆਉਣ ਬਾਰੇ ਕਿਸੇ ਨੂੰ ਕੋਈ ਉਜ਼ਰ ਨਹੀਂ ਹੋਣਾ ਚਾਹੀਦਾ ਪਰ ਵੱਡਾ ਸਵਾਲ ਇਹ ਹੈ ਕਿ ਉਹ ਧੀਆਂ ਪੁੱਤਰ ਪਾਰਟੀ ਦੇ ਵਿਰਸੇ ਵਿਚ ਮਿਲੇ ਢਾਂਚੇ ਵਿਚ ਕਿਵੇਂ ਉੱਭਰਦੇ, ਵਿਗਸਦੇ ਅਤੇ ਸਵੀਕਾਰੇ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੀ ਪ੍ਰਮੁੱਖ ਪਾਰਟੀ ਕਾਂਗਰਸ ਵਿਚ ਵੀ ਇਸੇ ਸਵਾਲ ਕਾਰਨ ਵੱਡੀਆਂ ਕੜਵਲਾਂ ਪੈ ਰਹੀਆਂ ਹਨ।
ਸਿਆਸੀ ਮਾਹਿਰ ਇਸ ਗੱਲ ਬਾਰੇ ਬਹਿਸ ਕਰ ਰਹੇ ਹਨ ਕਿ ਅਕਾਲੀ ਦਲ ਦੇ ਸਾਹਮਣੇ ਕੀ ਰਾਹ-ਰਸਤੇ ਹਨ: ਕੀ ਉਹ ਸਿਰਫ਼ ਕਿਸਾਨਾਂ ਦੇ ਮੁੱਦੇ ਉਠਾਉਣ ਤਕ ਹੀ ਸੀਮਤ ਰਹਿਣਗੇ ਜਾਂ ਸਮੂਹ ਪੰਜਾਬੀਆਂ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਲਿਤਾੜੇ ਜਾ ਰਹੇ ਲੋਕਾਂ ਦੀਆਂ ਮੰਗਾਂ ਦੇ ਹੱਕ ਵਿਚ ਉੱਠ ਰਹੀ ਆਵਾਜ਼ ਵਿਚ ਆਪਣੀ ਆਵਾਜ਼ ਮਿਲਾਉਣਗੇ; ਕੀ ਉਹ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਵਿਰੁੱਧ ਵੱਡਾ ਫੈਡਰਲਵਾਦ-ਪੱਖੀ ਮੁਹਾਜ਼ ਬਣਾਉਣ ਲਈ ਹੋਰ ਖੇਤਰੀ ਪਾਰਟੀਆਂ ਨਾਲ ਹੱਥ ਮਿਲਾਉਣਗੇ? ਕਸ਼ਮੀਰ ਦੇ ਲੋਕਾਂ ਨਾਲ ਹੋ ਰਹੇ ਵਰਤਾਓ ਦਾ ਵਿਰੋਧ ਕਰਨਗੇ? ਪੰਜਾਬ ਦੇ ਦਲਿਤਾਂ ਤੇ ਔਰਤਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਅੰਦੋਲਨ ਕਰਨਗੇ? ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਪਰਵਾਸ ਕਰ ਰਹੇ ਹਨ। ਪਰਵਾਸ ਕਰਨ ਦੇ ਕਾਰਨਾਂ ਵਿਚੋਂ ਵਿੱਦਿਅਕ ਖੇਤਰ ਦਾ ਕਮਜ਼ੋਰ ਤੇ ਜ਼ਰਜ਼ਰਾ ਹੋਣਾ ਸਭ ਤੋਂ ਪ੍ਰਮੁੱਖ ਹੈ। ਅਕਾਲੀ ਦਲ ਦੇ ਸੱਤਾ ਵਿਚ ਰਹਿਣ ਦੌਰਾਨ ਇਸ ਖੇਤਰ ਨੂੰ ਵੱਡਾ ਖ਼ੋਰਾ ਲੱਗਾ। ਕੀ ਅਕਾਲੀ ਦਲ ਕੋਲ ਪੰਜਾਬ ਦੇ ਭਵਿੱਖ ਬਾਰੇ ਕੋਈ ਬਹੁ-ਪਰਤੀ ਏਜੰਡਾ ਹੈ?
ਪੰਜਾਬੀਆਂ ਦੇ ਮਨਾਂ ਵਿਚ ਵੱਡੇ ਸ਼ੰਕੇ ਹਨ। ਕੁਝ ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿਚ ਅਤਿ ਧਨੀ ਕਿਸਾਨੀ ਵਾਲੇ ਹਿੱਸੇ ਅੰਦਰੋ ਅੰਦਰ ਖੇਤੀ ਮੰਡੀਕਰਨ ਬਿੱਲਾਂ/ਕਾਨੂੰਨਾਂ ਦੇ ਹੱਕ ਵਿਚ ਹਨ ਕਿਉਂਕਿ ਉਹ ਕਾਰਪੋਰੇਟਾਂ ਦਾ ਹਿੱਸਾ ਬਣਨਾ ਲੋਚਦੇ ਹਨ; ਉਹ ਹੌਲੀ ਹੌਲੀ ਇਸ ਪਾਸੇ ਵਧ ਵੀ ਰਹੇ ਹਨ। ਇਸ ਲਈ ਅਜਿਹੇ ਆਗੂਆਂ ਦੀ ਪੰਜਾਬ ਨਾਲ ਪ੍ਰਤੀਬੱਧਤਾ ਬਾਰੇ ਸਵਾਲ ਉੱਠਣੇ ਲਾਜ਼ਮੀ ਹਨ। ਸਿਆਸੀ ਮਾਹਿਰਾਂ ਅਨੁਸਾਰ ਅਜਿਹੇ ਆਗੂਆਂ ਦੀ ਪ੍ਰਤੀਬੱਧਤਾ ਸਿਰਫ਼ 2022 ਵਿਚ ਸੱਤਾ ਹਾਸਿਲ ਕਰਨ ਤਕ ਹੈ। ਜੇ ਇਸ ਦਲੀਲ ਨੂੰ ਸੱਚ ਮੰਨ ਲਿਆ ਜਾਏ ਤਾਂ ਪੰਜਾਬ ਦੇ ਭਵਿੱਖ ਵਿਚ ਰੌਸ਼ਨੀ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ। ਆਮ ਆਦਮੀ ਪਾਰਟੀ ਜਿਸ ਨੇ ਪੰਜਾਬੀਆਂ ਦੇ ਮਨਾਂ ਵਿਚ ਤੀਸਰਾ ਬਦਲ ਪੈਦਾ ਕਰਨ ਦੀ ਆਸ ਜਗਾਈ ਸੀ, ਆਪਣੀ ਕੇਂਦਰੀ ਲੀਡਰਸ਼ਿਪ ਦੀ ਸਮਝੌਤਾਵਾਦੀ ਪਹੁੰਚ ਅਤੇ ਆਪਸੀ ਫੁੱਟ ਕਾਰਨ ਪੰਜਾਬ ਦੀ ਸਿਆਸਤ ਵਿਚੋਂ ਆਪਣੀ ਹੋਂਦ ਗਵਾਉਣ ਦੇ ਕਰੀਬ ਪਹੁੰਚ ਚੁੱਕੀ ਹੈ। ਖੱਬੇ-ਪੱਖੀ ਪਾਰਟੀਆਂ ਵਿਚ ਨਾ ਤਾਂ ਪੁਰਾਣੀ ਊਰਜਾ ਹੈ ਅਤੇ ਨਾ ਹੀ ਲਗਾਤਾਰ ਸੰਘਰਸ਼ ਕਰਨ ਦਾ ਨਿਸ਼ਚਾ।
ਇਸ ਸਭ ਕੁਝ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੀ ਅਗਵਾਈ ਵਾਲੇ ਕੇਂਦਰੀ ਜਮਹੂਰੀ ਗੱਠਜੋੜ (National Democratic Allience-NDA) ਨਾਲੋਂ ਨਾਤਾ ਤੋੜਨਾ ਪੰਜਾਬੀਅਤ ਦੀ ਜਿੱਤ ਹੈ; ਇਹ ਕਿਸਾਨ ਅੰਦੋਲਨ ਦੇ ਦਬਾਅ ਦਾ ਨਤੀਜਾ ਹੈ। ਭਾਵੇਂ ਅਕਾਲੀ ਦਲ ਨੂੰ ਇਹ ਫ਼ੈਸਲਾ ਰਾਜਸੀ ਮਜਬੂਰੀਆਂ ਕਾਰਨ ਕਰਨਾ ਪਿਆ ਹੈ ਅਤੇ ਇਸ ਵਿਚ ਸਿਆਸੀ ਮੌਕਾਪ੍ਰਸਤੀ ਵੀ ਸ਼ਾਮਿਲ ਹੈ ਪਰ ਅਕਾਲੀ ਦਲ ਦੇ ਇਸ ਕਦਮ ਨਾਲ ਐੱਨਡੀਏ ਨੈਤਿਕ ਪੱਖ ਤੋਂ ਕਮਜ਼ੋਰ ਹੋਈ ਹੈ। ਲੋਕ-ਸੰਘਰਸ਼ ਕਈ ਪੱਧਰਾਂ ’ਤੇ ਲੜੇ ਜਾਂਦੇ ਹਨ ਅਤੇ ਸਿਆਸੀ ਪਾਰਟੀਆਂ ਦੀ ਪੈਰ ਪੈਰ ’ਤੇ ਪਰਖ ਹੁੰਦੀ ਹੈ। ਇਹ ਤਾਂ ਭਵਿੱਖ ਹੀ ਦੱਸੇਗਾ ਕਿ ਅਕਾਲੀ ਦਲ ਕਿਹੜੀ ਤੋਰ ਤੁਰਦਾ ਹੈ ਅਤੇ ਪੰਜਾਬੀਆਂ ਦੇ ਹਿੱਤਾਂ ਵਿਚ ਆਵਾਜ਼ ਬੁਲੰਦ ਕਰਨ ਲਈ ਕੀ ਕਦਮ ਚੁੱਕਦਾ ਹੈ। – ਸਵਰਾਜਬੀਰ