ਬਲਦੇਵ ਸਿੰਘ (ਸੜਕਨਾਮਾ)
ਲਕੱਤੇ ਰਹਿੰਦੇ ਵੇਲੇ ਦਾ ਮੇਰਾ ਯਾਰ ਇਨ੍ਹਾਂ ਦਿਨਾਂ ਵਿਚ ਪੰਜਾਬ ਆਇਆ ਹੋਇਆ ਸੀ। ਉਸ ਨੇ ਤਿੰਨ ਕੁ ਦਿਨ ਪਹਿਲਾਂ ਫ਼ੋਨ ਕੀਤਾ, ‘‘ਜੇ ਤੂੰ ਮੇਰੇ ਨਾਲ ਚੱਲੇ ਆਪਾਂ ਕਿਸਾਨਾਂ ਦੇ ਸਿੰਘੂ ਬਾਰਡਰ ਵਾਲੇ ਧਰਨੇ ਵਿਚ ਸ਼ਾਮਲ ਹੋ ਜੀਏ?’’ ਮੈਂ ਉਸ ਨੂੰ ਸਹਿਮਤੀ ਦਿੱਤੀ ਤਾਂ ਕਹਿੰਦਾ, ‘‘ਮੈਂ ਫਿਰ ਇਕ ਮੋਟਾ ਜਿਹਾ ਕੁੜਤਾ ਪਜਾਮਾ ਸੁਆ ਲਵਾਂ, ਤੂੰ ਆਪਣੀ ਤਿਆਰੀ ਰੱਖ।’’
ਜਦੋਂ ਮੈਂ ਆਪਣਾ ਤੰਗ ਪੈੜਾ ਕਸਣ ਲੱਗਾ ਤਾਂ ਗ੍ਰਹਿ ਮੰਤਰੀ ਨੇ ਇਤਰਾਜ਼ ਕੀਤਾ, ‘‘ਐਸ ਉਮਰ ’ਚ ਠੀਕ ਨੀ ਹੈ ਜਾਣਾ।’’
‘‘ਓਥੇ ਤਾਂ ਮੇਰੇ ਨਾਲੋਂ ਵੀ 15-15 ਸਾਲਾਂ ਦੀ ਵੱਡੀ ਉਮਰ ਦੇ ਕਿਸਾਨ ਬੈਠੇ ਆ।’’ ਮੈਂ ਦਲੀਲ ਦਿੱਤੀ ਤਾਂ ਉਸ ਨੇ ਸਬਰ ਕਰ ਲਿਆ। ਸ਼ਾਇਦ ਸੋਚਿਆ ਹੋਵੇ ਇਸ ਨੇ ਮੇਰੇ ਕਹੇ ਤਾਂ ਜਾਣੋਂ ਹਟਣਾ ਨੀ।
ਤੀਜੇ ਦਿਨ ਬਾਸ਼ੇ ਦਾ ਫ਼ੋਨ ਆ ਗਿਆ, ‘‘ਬਾਈ ਜੀ ਹੋਰ ਈ ਪੰਗਾ ਪੈ ਗਿਆ।’’
‘‘ਕੀ ਗੱਲ ਹੋਗੀ?’’ ਮੈਂ ਫ਼ਿਕਰ ਨਾਲ ਪੁੱਛਿਆ।
‘‘ਦਰਜ਼ੀ ਨੇ ਮੇਰੇ ਨਾਲ ਮੋਦੀ ਵਾਲੀ ਕੀਤੀ।’’
‘‘ਹੈਂਅ…?’’ ਮੈਨੂੰ ਉਸ ਦੀ ਗੱਲ ਸਮਝ ਨਾ ਆਈ।
‘‘ਹੈਂਅ ਕਾਹਦਾ ਯਾਰ!’’ ਬਾਸ਼ਾ ਆਪਣੀ ਆਦਤ ਅਨੁਸਾਰ ਥੋੜ੍ਹਾ ਖਿੱਝ ਕੇ ਬੋਲਿਆ, ‘‘ਦਰਜ਼ੀ ਨੇ ਬੇਧਿਆਨੀ ’ਚ, ਕਿਸੇ ਨਾਲ ਗੱਲਾਂ ਕਰਦਾ ਹੋਣੈ, ਪਜਾਮੇ ਦਾ ਕੱਪੜਾ ਗਲਤ ਕੱਟ ਲਿਆ। ਜਦੋਂ ਮੈਂ ਕੱਪੜੇ ਲੈਣ ਗਿਆ, ਮੈਂ ਖੋਲ੍ਹ ਕੇ ਵੇਖੇ ਤਾਂ ਅੱਧਾ ਪਜਾਮਾ ਜਿਹਾ ਬਣਾਇਆ ਹੋਇਆ। ਨਾ ਉਹ ਪਜਾਮਾ ਨਾ ਕੱਛਾ ਜਿਸ ਨੂੰ ਆਪਾਂ ‘ਡੋਕਲ ਕੱਛਾ’ ਕਹਿੰਦੇ ਹੁੰਨੇ ਐਂ। ਮੈਂ ਪੁੱਛਿਆ, ‘ਆਹ ਕੀ ਐ?’
ਮੈਨੂੰ ਕਹਿੰਦਾ, ਇਹ ਬਰਮੂਡਾ ਐ, ਇਹਦਾ ਰਿਵਾਜ ਐ।
‘ਮੈਂ ਤੈਨੂੰ ਇਹ ਬਣਾਉਣ ਨੂੰ ਕਿਹਾ ਸੀ? ਮੈਂ ਤੈਨੂੰ ਬਰਮੂਡੇ ਪਾਉਣ ਵਾਲਾ ਦਿੱਸਦੈਂ?’
‘ਮੈਂ ਤਾਂ ਤੇਰੇ ਫ਼ਾਇਦੇ ਵਾਸਤੇ ਬਣਾਇਆ।’ ਦਰਜ਼ੀ ਕਹਿੰਦਾ।
‘ਮੈਂ ਕਦੋਂ ਕਿਹਾ ਸੀ… ਮੇਰਾ ਫ਼ਾਇਦਾ ਕਰ?’
ਦਰਜ਼ੀ ਫ਼ਾਇਦੇ ਗਿਣਾਉਣ ਲੱਗ ਪਿਆ, ‘ਇਹ ਪਹਿਨ ਕੇ, ਪਾਣੀ ਭਾਵੇਂ ਗੋਡੇ ਗੋਡੇ ਹੋਵੇ ਜਾਂ ਚਿੱਕੜ ਹੋਵੇ, ਪੌਂਚੇ ਨੀ ਲਿੜਬਦੇ। ਪਾਉਣਾ ਬੜਾ ਸੌਖਾ ਐ। ਸਰੀਰ ਦੇ ਸਾਰੇ ਅੰਗਾਂ ਨੂੰ ਫਰਨ ਫਰਨ ਹਵਾ ਆਊਗੀ ਸਿੱਧੀ।’ ਮੇਰਾ ਜੀ ਕਰੇ ਮੈਂ ਉਸ ਨੂੰ ਢਾਹ ਲਵਾਂ, ਉਹ ਅੱਗੋਂ ਮੋਦੀ ਵਾਂਗ ਜੁਮਲੇ ਛੱਡੀ ਜਾਵੇ। ਹੁਣ ਆਪਾਂ ਸਿੰਘੂ ਬਾਰਡਰ ’ਤੇ ਦੋ ਦਿਨ ਠਹਿਰ ਕੇ ਚੱਲਾਂਗੇ। ਮੈਂ ਨਵਾਂ ਕੱਪੜਾ ਖ਼ਰੀਦ ਕੇ ਦਿੱਤੈ।’
ਇਕ ਦਿਨ ਛੱਡ ਕੇ ਬਾਸ਼ੇ ਦਾ ਫਿਰ ਫੋਨ ਆ ਗਿਆ।
ਮੈਂ ਪੁੱਛਿਆ, ‘ਚੱਲੀਏ ਫਿਰ ਅੱਜ?’’
‘ਹੁਣ ਇਕ ਹੋਰ ਨਵੀਂ ਭਸੂੜੀ ਪੈਗੀ।’ ਬਾਸ਼ਾ ਢਿੱਲਾ ਜਿਹਾ ਬੋਲਿਆ।
‘ਹੁਣ ਕੀ ਹੋ ਗਿਆ?’ ਮੈਂ ਪੁੱਛਿਆ।
‘ਸਾਡੇ ਗੁਆਂਢ ’ਚ ਇਕ ਡਾਕਟਰ ਹੈ ਦੇਸੀ ਹਕੀਮ। ਮਾੜੀ-ਮੋਟੀ ਓਹਦੇ ਨਾਲ ਬੋਲਬਾਣੀ ਵੀ ਹੈਗੀ ਆ। ਮੈਥੋਂ ਗਲਤੀ ਹੋਗੀ, ਉਸ ਨੂੰ ਦੱਸ ਬੈਠਾ ਬਈ ਅਸੀਂ ਸਿੰਘੂ ਬਾਰਡਰ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਚੱਲੇ ਆਂ। ਉਹ ਘਰ ਗਿਆ ਤੇ ਥੋੜ੍ਹੀ ਦੇਰ ਬਾਅਦ 8-10 ਪੁੜੀਆਂ ਬਣਾ ਕੇ ਲੈ ਆਇਆ। ਕਹਿੰਦਾ ਰੋਜ਼ ਸਵੇਰੇ ਗਰਮ ਪਾਣੀ ਨਾਲ ਇਕ ਖਾ ਲਿਆ ਕਰੀਂ। ਇਕ ਤਾਂ ਸਾਰਾ ਦਿਨ ਸਰੀਰ ਫੁਰਤੀ ’ਚ ਰਹੂ। ਦੂਜਾ ਠੰਢ ਨੀ ਨੇੜੇ ਆਉਂਦੀ, ਤੀਜਾ ਆ ਕਰੋਨਾ-ਕਰੂਨਾ ਐ ਨਾ, ਇਸ ਦਾ ਕੋਈ ਅਸਰ ਨੀ ਹੋਣਾ।’
‘ਵਾਹ!’ ਮੈਂ ਸੁਣ ਕੇ ਖ਼ੁਸ਼ ਹੋ ਗਿਆ। ਕਿਹਾ, ‘ਫੇਰ ਤਾਂ ਮੌਜਾਂ ਬਣਗੀਆਂ। ਮੇਰੇ ਲਈ ਵੀ 10 ਕੁ ਪੁੜੀਆਂ ਹੋਰ ਬਣਵਾ ਲੈ।’
‘ਮੇਰੀ ਗੱਲ ਤਾਂ ਸੁਣ,’ ਬਾਸ਼ਾ ਬੋਲਿਆ, ‘ਮੈਂ ਕੱਲ੍ਹ ਇਕ ਪੁੜੀ ਖਾ ਲਈ, ਮੇਰੇ ਤੌਰ ਚੱਕੇ ਗਏ। ਭੱਜਿਆ ਡਾਕਟਰ ਵੱਲ। ਕਿਹਾ, ‘ਦੁਆਈ ਬਦਲ ਕੇ ਦੇ ਜਾਂ ਆਹ ਪਈਐਂ ਤੇਰੀਆਂ ਪੁੜੀਆਂ।’
‘ਹੋਇਆ ਕੀ?’ ਡਾਕਟਰ ਮੇਰੇ ਵੱਲ ਬਿੱਟਰ ਬਿੱਟਰ ਝਾਕਿਆ।
ਮੈਂ ਕਿਹਾ, ‘ਡਾਕਟਰ ਸਾਹਬ, ਸਾਰੇ ਪਿੰਡੇ ’ਤੇ ਖੁਰਕ ਹੋਣ ਲੱਗਪੀ ਤੇ ਅੱਖਾਂ ਅੱਗੇ ਨ੍ਹੇਰਾ ਜਿਹਾ ਆਈ ਜਾਂਦੈ।’
ਡਾਕਟਰ ਤਾਂ ਮੈਨੂੰ ਦਵਾਈ ਦੇ ਫ਼ਾਇਦੇ ਸਮਝਾਉਣ ਲੱਗ ਪਿਆ। ਕਹਿੰਦਾ, ‘ਸਰੀਰ ’ਤੇ ਖੁਰਕ ਹੋਣ ਦਾ ਮਤਲਬ ਇਹ ਹੈ ਕਿ ਤੇਰੇ ਸਰੀਰ ਦੇ ਸਾਰੇ ਵਿਕਾਰ ਬਾਹਰ ਆ ਰਹੇ ਨੇ। ਤੇਰੀ ਕਾਇਆ ਸਵੱਛ ਹੋਣ ਲੱਗ ਪਈ। ਤੇਰੀ ਚਮੜੀ ’ਚ ਕੋਈ ਇਨਫੈਕਸ਼ਨ ਹੋਣੈ, ਉਹ ਦੂਰ ਹੋ ਰਿਹੈ। ਜਿਹੜਾ ਅੱਖਾਂ ਅੱਗੇ ਹਨੇਰਾ ਆਉਣ ਲੱਗਿਐ। ਇਸ ਦਾ ਕਾਰਨ ਇਹ ਹੈ, ਤੇਰੇ ਮੋਤੀਆ ਉਤਰ ਰਿਹਾ ਸੀ। ਹੁਣ ਮੋਤੀਏ ਨੂੰ ਅੱਖਾਂ ’ਚੋਂ ਭੱਜਣਾ ਪੈਣੈ। ਇਹ ਦਵਾਈ ਤਾਂ ਬਹੁਤ ਕਾਰਗਰ ਹੈ। ਇਹ ਦਵਾਈ ਤਾਂ ਸੰਜੀਵਨੀ ਬੂਟੀ ਐ। ਇਸ ਦੇ ਸੇਵਨ ਨਾਲ ਤੈਨੂੰ ਐਨੇ ਫ਼ਾਇਦੇ ਹੋਣਗੇ ਤੂੰ ਸੋਚ ਵੀ ਨਹੀਂ ਸਕਦਾ।’
ਮੈਂ ਸੋਚਿਆ ‘ਇਹਦਾ ਵੀ ਹਾਲ ਦੇਸ਼ ਦੇ ਪ੍ਰਧਾਨ ਸੇਵਕ ਵਾਲਾ ਹੀ ਹੈ। ਖੇਤੀ ਕਾਨੂੰਨ ਲੈ ਆਇਆ, ਕਰੋਨਾ ਕਾਲ ’ਚ। ਕਰੋਨਾ ਤਾਂ ਉਹਦੇ ਲਈ ਵਰਦਾਨ ਸਾਬਤ ਹੋਇਐ। …ਅਕੇ ਮੈਂ ਕਿਸਾਨਾਂ ਦਾ ਫ਼ਾਇਦਾ ਕਰਦਾਂ। ਕਿਸਾਨ ਕਹਿੰਦੇ ਐ, ਅਸੀਂ ਕਦੋਂ ਆਏ ਸੀ ਤੇਰੇ ਕੋਲ ਬਈ ਤੂੰ ਸਾਡਾ ਫ਼ਾਇਦਾ ਕਰ। ਓਹੀ ਹਾਲ ਡਾਕਟਰ ਦਾ ਐ। ਮੈਂ ਖੁਰਕ ਖੁਰਕ ਕੇ ਪਿੰਡਾ ਛਿੱਲ ਲਿਆ। ਉਹ ਕਹੀ ਜਾਂਦੈ ਤੇਰਾ ਇਹਦੇ ’ਚ ਫਾਇਦਾ ਐ। ਹੁਣ ਸਿੰਘੂ ਬਾਰਡਰ ’ਤੇ ਹੋਰ ਨੀ ਇਕ-ਦੋ ਦਿਨ ਜਾਇਆ ਜਾਣਾ… ਨਹੀਂ ਤਾਂ ਥੋਡੀ ਚੁਣੀ ਮੋਦੀ ਸਰਕਾਰ ਦਾ ਸਿਆਪਾ ਕਰ ਆਉਂਦੇ।’
‘ਤੂੰ ਨੀ ਚੁਣੀ ਸਰਕਾਰ?’ ਮੈਂ ਹੈਰਾਨ ਹੁੰਦਿਆਂ ਪੁੱਛਿਆ।
‘ਨਾ ਜਵਾਂ ਨੀ, ਜਿਸ ਦਿਨ ਵੋਟਾਂ ਪੈਣੀਆਂ ਸੀ, ਮੈਂ ਤਾਂ ਗੁਹਾਟੀ ਆਪਣਾ ਮਾਲ ਲੋਡ ਕਰਦਾ ਸੀ ਤੇ ਵੋਟ ਮੇਰੀ ਬਣੀ ਐ ਲੌਂਗੋਵਾਲ ’ਚ।’
ਮੈਂ ਇਨ੍ਹਾਂ ਗੱਲਾਂ ਦਾ ਕੀ ਜਵਾਬ ਦਿੰਦਾ। ਕਦੇ ਮੈਂ ਬਾਸ਼ੇ ਦੇ ਡੋਕਲ ਕੱਛੇ ਬਾਰੇ, ਕਦੇ ਸੰਜੀਵਨੀ ਬੂਟੀ ਦੀਆਂ ਪੁੜੀਆਂ ਬਾਰੇ ਤੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਸੋਚਣ ਲੱਗਾ…
‘ਕੀ ਗੱਲ ਬੋਲਿਆ ਨੀ?’ ਬਾਸ਼ਾ ਦੀ ਓਧਰੋਂ ਆਵਾਜ਼ ਸੁਣੀ।
‘ਬੋਲਾਂ ਕੀ, ਮੈਂ ਤਾਂ ਪ੍ਰਧਾਨ ਸੇਵਕ ਤੇ ਉਸ ਦੀ ਜੁੰਡਲੀ ਬਾਰੇ ਸੋਚ ਰਿਹਾਂ। ਮੈਨੂੰ ਇਉਂ ਲੱਗਦੈ ਜਿਵੇਂ ਕਿਸਾਨਾਂ ਦੇ ਗਲਾਂ ’ਤੇ ਖੇਤੀ ਕਾਨੂੰਨਾਂ ਦੀ ਛੁਰੀ ਧਰੀ ਹੋਵੇ ਤੇ ਉਹ ਕਹਿ ਰਹੇ ਹੋਣ… ਜਬਿਾਹ ਹੋ ਜਾਓ। ਇਹਦੇ ’ਚ ਤੁਹਾਡਾ ਫ਼ਾਇਦਾ ਹੀ ਫ਼ਾਇਦਾ ਹੈ।’ ‘ਤਾਂ ਹੀ ਤਾਂ ਮੈਂ ਕਿਹਾ, ਆਹ ਦਰਜ਼ੀ ਤੇ ਮੇਰਾ ਦੇਸੀ ਹਕੀਮ ਵੀ ਪ੍ਰਧਾਨ ਸੇਵਕ ਬਣੇ ਫਿਰਦੇ ਐ।’ ਆਖ ਕੇ ਬਾਸ਼ਾ ਆਪਣੀ ਆਦਤ ਅਨੁਸਾਰ ਹੱਸਣ ਲੱਗਾ। ਫਿਰ ਇਕਦਮ ਗੰਭੀਰ ਹੋ ਕੇ ਕਿਹਾ, ‘ਤੂੰ ਤਿਆਰੀ ਰੱਖ, ਮੈਂ ਆਇਆ, ਪੁਰਾਣੇ ਕੱਪੜੇ ਹੀ ਲੈ ਕੇ ਜਾਵਾਂਗੇ। ਕੱਲ੍ਹ ਆਪਾਂ ਮੂੰਹ-ਹਨੇਰੇ ਹੀ ਤੁਰ ਪੈਣੈ।’
ਤੇ ਮੈਂ ਫਿਰ ਜਾਣ ਦੀ ਤਿਆਰੀ ਕਰਨ ਲੱਗਾ।
ਸੰਪਰਕ: 98147-83069