ਐਤਵਾਰ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਸ਼ਾਮ ਵੇਲੇ ਮੱਛੂ ਨਦੀ ’ਤੇ ਬਣਿਆ ਤਾਰਾਂ ਵਾਲਾ ਪੁਲ (Suspension Bridge) ਟੁੱਟਣ ਨਾਲ 140 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਟੁੱਟਣ ਸਮੇਂ ਪੁਲ ’ਤੇ ਲਗਭਗ 500 ਵਿਅਕਤੀ ਖੜ੍ਹੇ ਸਨ ਜਦੋਂਕਿ ਤਕਨੀਕੀ ਸਮਰੱਥਾ ਅਨੁਸਾਰ ਉੱਥੇ 125 ਤੋਂ ਜ਼ਿਆਦਾ ਲੋਕ ਨਹੀਂ ਸਨ ਹੋਣੇ ਚਾਹੀਦੇ। ਮੱਛੂ ਨਦੀ ਗੁਜਰਾਤ ਦੀਆਂ ਮਾਦਲਾ ਪਹਾੜੀਆਂ ਤੋਂ ਨਿਕਲਦੀ ਹੈ। ਅੰਗਰੇਜ਼ ਸਰਕਾਰ ਨੇ ਲਗਭਗ 145 ਸਾਲ ਪਹਿਲਾਂ ਇਹ ਪੁਲ ਬਣਾਉਣਾ ਸ਼ੁਰੂ ਕੀਤਾ; ਸਰੋਤਾਂ ਅਨੁਸਾਰ ਇਸ ਨੂੰ ਬਣਵਾਉਣ ਲਈ ਸਾਜ਼ੋ-ਸਾਮਾਨ ਦਾ ਵੱਡਾ ਹਿੱਸਾ ਇੰਗਲੈਂਡ ਤੋਂ ਮੰਗਵਾਇਆ ਗਿਆ। ਇਸ ਦਾ ਉਦਘਾਟਨ 1879 ਵਿਚ ਮੁੰਬਈ (ਉਸ ਸਮੇਂ ਬੰਬੇ) ਦੇ ਰਾਜਪਾਲ (ਗਵਰਨਰ) ਸਰ ਰਿਚਰਡ ਟੈਂਪਲ (ਪੰਜਾਬੀ ਲੋਕ-ਗੀਤ ਇਕੱਠੇ ਕਰਨ ਵਾਲੇ ਪ੍ਰਸ਼ਾਸਕ ਸਰ ਰਿਚਰਡ ਕਰਨਕ ਟੈਂਪਲ ਦਾ ਪਿਤਾ) ਨੇ ਕੀਤਾ। ਇਹ ਪੁਲ ਲਗਭਗ 7 ਮਹੀਨੇ ਪਹਿਲਾਂ ਮੁਰੰਮਤ ਲਈ ਬੰਦ ਕੀਤਾ ਗਿਆ ਸੀ ਅਤੇ ਮੁਰੰਮਤ ਤੋਂ ਬਾਅਦ 5 ਦਿਨ ਪਹਿਲਾਂ ਹੀ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ। ਤਾਰਾਂ ਵਾਲੇ ਪੁਲ ਮੱਧਕਾਲੀਨ ਸਮਿਆਂ ਵਿਚ ਬਣਨੇ ਸ਼ੁਰੂ ਹੋਏ ਸਨ ਅਤੇ ਸਾਧਾਰਨ ਤਾਰਾਂ ਵਾਲਾ ਪਹਿਲਾ ਪੁਲ ਤਿੱਬਤ ਵਿਚ ਬਣਾਇਆ ਗਿਆ। ਇੰਗਲੈਂਡ ਵਿਚ ਤਕਨੀਕੀ ਤੌਰ ’ਤੇ ਵਿਕਸਿਤ ਪੁਲ ਬਣੇ ਅਤੇ ਬਾਅਦ ਵਿਚ ਇਨ੍ਹਾਂ ਨੂੰ ਬਣਾਉਣ ਦੀ ਤਕਨੀਕ ਵਿਚ ਵੱਡੇ ਸੁਧਾਰ ਹੋਏ। ਅਜਿਹੇ ਸਭ ਤੋਂ ਲੰਮੇ ਪੁਲ ਤੁਰਕੀ ਅਤੇ ਚੀਨ ਵਿਚ ਬਣਾਏ ਗਏ ਹਨ।
ਤਾਰਾਂ ਵਾਲੇ ਪੁਲ ਵਿਚ ਇਕ ਖ਼ਾਸੀਅਤ ਇਹ ਹੁੰਦੀ ਹੈ ਕਿ ਇਸ ’ਤੇ ਜ਼ਿਆਦਾ ਆਦਮੀ ਤੁਰਨ ਕਾਰਨ ਕਈ ਵਾਰ ਪੁਲ ਇਕ ਖ਼ਾਸ ਰਫ਼ਤਾਰ ’ਤੇ ਹੁਲਾਰੇ ਲੈਣ ਲੱਗਦਾ ਹੈ; ਉਹ ਰਫ਼ਤਾਰ ਪੁਲ ਦੀ ਕੁਦਰਤੀ ਤੌਰ ’ਤੇ ਹੁਲਾਰੇ ਵਾਲੀ ਰਫ਼ਤਾਰ (Natural Resonance) ਦੇ ਬਰਾਬਰ ਹੋਣ ’ਤੇ ਹੁਲਾਰਿਆਂ ਦੇ ਤੇਜ਼ ਹੋਣ ਨਾਲ ਪੁਲ ਟੁੱਟ ਸਕਦਾ ਹੈ। ਇੰਗਲੈਂਡ ਵਿਚ 1826 ਵਿਚ ਅਜਿਹਾ ਇਕ ਪੁਲ ਉਸ ਵੇਲੇ ਟੁੱਟਿਆ ਜਦੋਂ ਇਕ ਫ਼ੌਜੀ ਟੁਕੜੀ ਉਸ ’ਤੇ ਕਦਮ ਨਾਲ ਕਦਮ ਮਿਲਾ ਕੇ ਪਰੇਡ ਕਰਦੀ ਲੰਘੀ। ਇਸ ਲਈ ਫ਼ੌਜੀ ਟੁਕੜੀਆਂ ਨੂੰ ਹਦਾਇਤ ਹੁੰਦੀ ਹੈ ਕਿ ਅਜਿਹੇ ਪੁਲਾਂ ਤੋਂ ਲੰਘਦੇ ਸਮੇਂ ਕਦਮ ਨਾਲ ਕਦਮ ਨਾ ਮਿਲਾਉਣ। ਪੁਲ ਦਾ ਪੁਰਾਣਾ ਹੋਣਾ, ਉਸ ’ਤੇ ਵੱਧ ਬੋਝ ਪੈਣਾ ਆਦਿ ਟੁੱਟਣ ਦੇ ਹੋਰ ਕਾਰਨ ਹੋ ਸਕਦੇ ਹਨ। ਮੋਰਬੀ ਪੁਲ ਵਾਲੇ ਹਾਦਸੇ ਨੂੰ ਵੇਖਣ ਵਾਲਿਆਂ ਵਿਚੋਂ ਕੁਝ ਦਾ ਕਹਿਣਾ ਹੈ ਕਿ ਕਈ ਲੋਕ ਪੁਲ ਨੂੰ ਹੁਲਾਰੇ ਦੇ ਰਹੇ ਸਨ।
ਇਸ ਪੁਲ ਦੀ ਮੁਰੰਮਤ ਕਰਨ ਦਾ ਠੇਕਾ ਘੜੀਆਂ ਬਣਾਉਣ ਵਾਲੀ ਉਰੇਵਾ (Oreva) ਕੰਪਨੀ ਨੂੰ ਦਿੱਤਾ ਗਿਆ ਸੀ। ਕੰਪਨੀ, ਜਿਸ ਨੇ ਅਗਲੇ 15 ਸਾਲ ਪੁਲ ਦਾ ਰੱਖ-ਰਖਾਅ ਵੀ ਕਰਨਾ ਹੈ, ਨੇ ਇਸ ’ਤੇ ਜਾਣ ਲਈ 12-17 ਰੁਪਏ ਦੀ ਟਿਕਟ ਲਗਾਈ। ਕੰਪਨੀ ਨੂੰ ਹਰ ਸਾਲ ਟਿਕਟ ਦੀ ਕੀਮਤ ਵਧਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਤਕਨੀਕੀ ਮਾਹਿਰ ਇਹ ਸਵਾਲ ਪੁੱਛ ਰਹੇ ਹਨ ਕਿ ਘੜੀਆਂ ਬਣਾਉਣ ਵਾਲੀ ਕੰਪਨੀ ਨੂੰ ਪੁਲ ਦੀ ਮੁਰੰਮਤ ਕਰਨ ਦਾ ਠੇਕਾ ਕਿਉਂ ਦਿੱਤਾ ਗਿਆ। ਸਥਾਨਕ ਪ੍ਰਸ਼ਾਸਨ ਅਨੁਸਾਰ ਕੰਪਨੀ ਨੇ ਲੋੜ ਤੋਂ ਵੱਧ ਲੋਕਾਂ ਨੂੰ ਟਿਕਟ ਦਿੱਤੇ। ਕੁਝ ਲੋਕ ਪੁਲ ’ਤੇ ਕੁਦਰਤੀ ਨਜ਼ਾਰੇ ਮਾਣ ਰਹੇ ਸਨ ਜਦੋਂਕਿ ਕੁਝ ਛੱਠ ਪੂਜਾ ਕਰ ਰਹੇ ਸਨ। ਹੁਣ ਤਕ ਲਗਭਗ 170 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ ਸਨ। ਸਥਾਨਕ ਮਿਉਂਸਿਪਲ ਕਮੇਟੀ ਅਨੁਸਾਰ ਕੰਪਨੀ ਨੇ ਪੁਲ ਦੀ ਮੁਰੰਮਤ ਤੋਂ ਬਾਅਦ ਇਸ ਦੀ ਸੁਰੱਖਿਆ ਬਾਰੇ ਸਰਟੀਫਿਕੇਟ ਹਾਸਲ ਨਹੀਂ ਕੀਤਾ; ਇਹ ਸਵਾਲ ਉੱਠਦਾ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਤੋਂ ਪਹਿਲਾਂ ਪੁਲ ਖੋਲ੍ਹਣ ਦੀ ਇਜਾਜ਼ਤ ਕਿਸ ਨੇ ਦਿੱਤੀ। ਘੜੀਆਂ ਬਣਾਉਣ ਵਾਲੀ ਕੰਪਨੀ ਨੂੰ ਮੁਰੰਮਤ ਕਰਨ ਦਾ ਠੇਕਾ ਦੇਣ ਦੇ ਮਾਮਲੇ ਦੀ ਵੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਨਵ-ਉਦਾਰਵਾਦ ਦੇ ਸਮਿਆਂ ਵਿਚ ਪੂੰਜੀਪਤੀ ਕਾਰੋਬਾਰੀ ਹਰ ਕਾਰੋਬਾਰ, ਭਾਵੇਂ ਉਸ ਵਿਚ ਉਨ੍ਹਾਂ ਦਾ ਤਜਰਬਾ ਹੋਵੇ ਜਾਂ ਨਾ ਹੋਵੇ, ਹਾਸਲ ਕਰ ਰਹੇ ਹਨ; ਇਹ ਸਮਝਿਆ ਜਾਂਦਾ ਹੈ ਕਿ ਪੂੰਜੀ ਦੇ ਸਿਰ ’ਤੇ ਹੁਨਰ, ਗਿਆਨ ਤੇ ਕਾਰਜਕੁਸ਼ਲਤਾ ਖ਼ਰੀਦੀ ਜਾ ਸਕਦੀ ਹੈ। ਇਸ ਦੁਖਾਂਤ ਦਾ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਘੱਟੋ ਘੱਟ ਉਹ ਕਾਰਜ, ਜਿਨ੍ਹਾਂ ਵਿਚ ਮਨੁੱਖੀ ਜ਼ਿੰਦਗੀ ਦੇ ਘਾਣ ਦਾ ਖ਼ਦਸ਼ਾ ਹੋਵੇ, ਨਾ-ਤਜਰਬਾਕਾਰ ਕਾਰੋਬਾਰੀਆਂ ਨੂੰ ਨਹੀਂ ਸੌਂਪੇ ਜਾਣੇ ਚਾਹੀਦੇ। ਗੁਜਰਾਤ ਸਰਕਾਰ ਨੂੰ ਸਰਕਾਰੀ ਅਧਿਕਾਰੀਆਂ ਅਤੇ ਕੰਪਨੀ ਵਿਰੁੱਧ ਕਾਰਵਾਈ ਕਰਨ ਦੇ ਨਾਲ ਨਾਲ ਉਨ੍ਹਾਂ ਸਿਆਸੀ ਆਗੂਆਂ, ਜਿਨ੍ਹਾਂ ਕਾਰਨ ਅਜਿਹਾ ਹੋਇਆ ਹੋਵੇਗਾ, ਦੀ ਜਵਾਬਦੇਹੀ ਵੀ ਤੈਅ ਕਰਨੀ ਚਾਹੀਦੀ ਹੈ।