ਪਿਛਲੇ ਡੇਢ ਸਾਲ ਤੋਂ ਮਨੀਪੁਰ ਵਿੱਚ ਹਿੰਸਾ ਦਾ ਗੇੜ ਚਲ ਰਿਹਾ ਹੈ ਅਤੇ ਨੇੜ ਭਵਿੱਖ ਵਿੱਚ ਹਾਲਾਤ ਸੁਧਰਨ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਹੁਣ ਮਨੀਪੁਰ ਵਿੱਚ ਨਵੇਂ ਸਿਰਿਓਂ ਹਿੰਸਾ ਭੜਕ ਪਈ ਹੈ ਅਤੇ ਪਹਾੜੀਆਂ ’ਚ ਛੁਪੇ ਬੰਦੂਕਧਾਰੀ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੋ ਔਰਤਾਂ ਦੀ ਹੱਤਿਆ ਦੇ ਢੰਗਾਂ ਤੋਂ ਸਾਫ਼ ਹੋ ਰਿਹਾ ਹੈ ਕਿ ਹਤਿਆਰੇ ਬੇਖੌਫ਼ ਹੋ ਕੇ ਵਾਰਦਾਤਾਂ ਅੰਜਾਮ ਦੇ ਰਹੇ ਹਨ। ਇਨ੍ਹਾਂ ’ਚੋਂ ਇੱਕ ਔਰਤ ਨੂੰ ਗੋਲੀ ਮਾਰੀ ਗਈ ਸੀ; ਦੂਜੀ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀ। ਪਿਛਲੇ ਸਾਲ ਮਈ ਤੋਂ ਮਨੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਹਿੰਸਾ ਦਾ ਦੌਰ ਸ਼ੁਰੂ ਹੋਇਆ ਸੀ ਜਿਸ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ‘ਡਬਲ ਇੰਜਣ’ ਸਰਕਾਰ ਰਾਜ ਵਿੱਚ ਸ਼ਾਂਤੀ ਅਤੇ ਜਨਤਕ ਵਿਵਸਥਾ ਬਹਾਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਆਪਣੇ ਅਹੁਦੇ ’ਤੇ ਬੈਠੇ ਹਨ ਅਤੇ ਹਾਈਕਮਾਂਡ ਉਨ੍ਹਾਂ ਦੀ ਪਿੱਠ ਪੂਰ ਰਹੀ ਹੈ।
ਉਂਝ, ਮੁੱਖ ਮੰਤਰੀ ਬੀਰੇਨ ਸਿੰਘ ਦੀਆਂ ਮੁਸ਼ਕਿਲਾਂ ਹੁਣ ਵਧ ਰਹੀਆਂ ਹਨ। ਕੁਕੀ ਭਾਈਚਾਰੇ ਦੀ ਇੱਕ ਜਥੇਬੰਦੀ ਨੇ ਨਸਲੀ ਹਿੰਸਾ ਭੜਕਾਉਣ ਵਿੱਚ ਮੁੱਖ ਮੰਤਰੀ ਬੀਰੇਨ ਸਿੰਘ ਦੀ ਭੂਮਿਕਾ ਦੀ ਅਦਾਲਤੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਜਥੇਬੰਦੀ ਨੇ ਲੀਕ ਹੋਈਆਂ ਕੁਝ ਆਡੀਓ ਕਲਿੱਪਾਂ ਦੇ ਆਧਾਰ ’ਤੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਆਖਿਆ ਹੈ ਕਿ ਉਹ ਕਿਸੇ ਵੀ ਗ਼ਲਤ ਚੀਜ਼ ਨੂੰ ਰਫ਼ਾ-ਦਫ਼ਾ ਕਰਨ ਦੇ ਪੱਖ ਵਿੱਚ ਨਹੀਂ ਹੈ ਜਿਸ ਕਰ ਕੇ ਮੁੱਖ ਮੰਤਰੀ ਦੀ ਸਥਿਤੀ ਹੋਰ ਨਾਜ਼ੁਕ ਬਣ ਗਈ ਹੈ। ਹੁਣ ਇਹ ਜ਼ਿੰਮਾ ਪਟੀਸ਼ਨਰ ਦਾ ਹੈ ਕਿ ਉਹ ਅਦਾਲਤ ਦੇ ਸਾਹਮਣੇ ਇਨ੍ਹਾਂ ਕਲਿਪਾਂ ਦੀ ਪ੍ਰਮਾਣਿਕਤਾ ਸਿੱਧ ਕਰੇ।
ਟਕਰਾਅ ’ਚ ਪਈਆਂ ਧਿਰਾਂ ਨੂੰ ਵਾਰਤਾ ਲਈ ਸਹਿਮਤ ਕਰਨ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਕੋਈ ਫ਼ਲ ਨਹੀਂ ਨਿਕਲ ਸਕਿਆ ਹੈ। ਕੇਂਦਰ ਸਰਕਾਰ ਅਤੇ ਸਥਾਨਕ ਲੋਕਾਂ ਦਰਮਿਆਨ ਖੱਪਾ ਬਹੁਤ ਵੱਡਾ ਹੋ ਚੁੱਕਾ ਹੈ ਜਿਨ੍ਹਾਂ ਦੀਆਂ ਚਿੰਤਾਵਾਂ ਤੇ ਖਾਹਿਸ਼ਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਹੈ। ਭਾਰਤ-ਮਿਆਂਮਾਰ ਸਰਹੱਦ ’ਤੇ ਕੰਡਿਆਲੀ ਤਾਰ ਲਾਉਣਾ ਤੇ ਆਜ਼ਾਦ ਆਵਾਜਾਈ ਦੇ ਤੰਤਰ ਨੂੰ ਖ਼ਤਮ ਕਰਨ ਬਾਰੇ ਸਰਕਾਰ ਦੇ ਵਿਵਾਦ ਵਾਲੇ ਦੋ ਫ਼ੈਸਲਿਆਂ ਦਾ ਮਨੀਪੁਰ ਦੇ ਕਈ ਕਬਾਇਲੀ ਸੰਗਠਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਫ਼ੈਸਲਿਆਂ ਨਾਲ ਸਰਹੱਦ ਦੇ ਦੋਵੇਂ ਪਾਸੇ ਵੱਸੇ ਕਬਾਇਲੀ ਭਾਈਚਾਰਿਆਂ ਦੇ ਸਮਾਜਿਕ, ਸਭਿਆਚਾਰਕ ਤੇ ਆਰਥਿਕ ਸਬੰਧ ਖ਼ਤਰੇ ਵਿੱਚ ਪੈ ਸਕਦੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੇ ਖ਼ਦਸ਼ਿਆਂ ’ਤੇ ਮੁੜ ਵਿਚਾਰ ਕਰਨ ਦੇ ਰੌਂਅ ਵਿੱਚ ਨਹੀਂ ਜਾਪਦੀ। ਇੰਨੀਆਂ ਹਿੰਸਕ ਵਾਰਦਾਤਾਂ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਸੂਬੇ ਦਾ ਦੌਰਾ ਨਹੀਂ ਕੀਤਾ ਹੈ। ਇਸ ਮਸਲੇ ’ਤੇ ਕਾਂਗਰਸ ਆਗੂ ਉਨ੍ਹਾਂ ਦੀ ਲਗਾਤਾਰ ਤਿੱਖੀ ਨੁਕਤਾਚੀਨੀ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਨੇ ਉੱਕਾ ਹੀ ਖ਼ਾਮੋਸ਼ੀ ਧਾਰੀ ਹੋਈ ਹੈ। ਇਸ ਅੜੀ ਕਾਰਨ ਗੜਗੜ ਵਾਲੇ ਇਸ ਸੂਬੇ ਦੇ ਲੋਕ ਸਰਕਾਰ ਤੋਂ ਹੋਰ ਦੂਰ ਹੋ ਗਏ ਹਨ। ਮਨੀਪੁਰ ਨੂੰ ਇਸ ਦੇ ਹਾਲ ’ਤੇ ਛੱਡਣਾ, ਸਮੁੱਚੇ ਉੱਤਰ-ਪੂਰਬ ਦੀ ਸੁਰੱਖਿਆ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਜਿੱਥੇ ਸਰਕਾਰ ਦਹਾਕਿਆਂ ਤੋਂ ਅੰਦਰੂਨੀ ਗੜਬੜ ਭਰੇ ਹਾਲਾਤ ਨਾਲ ਜੂਝ ਰਹੀ ਹੈ।