ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ (ICMR-ਆਈਸੀਐੱਮਆਰ) ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਲਈ ਵੈਕਸੀਨ 15 ਅਗਸਤ ਤਕ ਤਿਆਰ ਕਰ ਲਈ ਜਾਵੇਗੀ। ਆਈਸੀਐੱਮਆਰ ਦੇ ਇਸ ਐਲਾਨ ਨਾਲ ਸਿਹਤ ਖੇਤਰ ਦੇ ਸਭ ਵਿਗਿਆਨੀ ਹੈਰਾਨ ਰਹਿ ਗਏ ਹਨ। ਇਹ ਵੈਕਸੀਨ ਜਿਸ ਦਾ ਨਾਂ ਕੋਵੈਕਸੀਨ (Covaxin) ਦੱਸਿਆ ਜਾ ਰਿਹਾ ਹੈ, ਆਈਸੀਐੱਮਆਰ ਦੀ ਵਾਇਰਸਾਂ ਦੇ ਖੇਤਰ ਵਿਚ ਖੋਜ ਕਰਨ ਵਾਲੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਵਿਰਾਲੋਜੀ, ਪੂਨੇ ਅਤੇ ਭਾਰਤ ਬਾਇਓਟੈਕ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ।
ਹਰ ਵੈਕਸੀਨ ਵਿਚ ਮਾਰੇ ਗਏ ਜਾਂ ਕਮਜ਼ੋਰ ਕੀਤੇ ਗਏ ਉਹ ਜਰਾਸੀਮ/ਕੀਟਾਣੂ/ਵਾਇਰਸ ਹੁੰਦੇ ਹਨ ਜਿਹੜੇ ਉਹ ਬਿਮਾਰੀ ਫੈਲਾਉਂਦੇ ਹਨ ਜਾਂ ਉਨ੍ਹਾਂ ਜਰਾਸੀਮਾਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਪਦਾਰਥ (Toxin) ਜਿਨ੍ਹਾਂ ਦਾ ਅਸਰ ਘਟਾ ਦਿੱਤਾ ਜਾਂਦਾ ਹੈ ਜਾਂ ਜਰਾਸੀਮ ਦੀ ਸਤਹਿ ਤੋਂ ਲਏ ਗਏ ਕੁਝ ਪ੍ਰੋਟੀਨ। ਵੈਕਸੀਨ ਦਾ ਮੰਤਵ ਇਹ ਹੁੰਦਾ ਹੈ ਕਿ ਉਹ ਮਨੁੱਖ ਦੇ ਸਰੀਰ ’ਤੇ ਉਵੇਂ ਹੀ ਹਮਲਾ ਕਰੇ ਜਿਵੇਂ ਜਰਾਸੀਮ ਕਰਦੇ ਹਨ ਪਰ ਇਸ ਹਮਲੇ ਦਾ ਪ੍ਰਭਾਵ ਬਹੁਤ ਘੱਟ ਹੋਵੇ। ਇਸ ਵਰਤਾਰੇ ਨਾਲ ਮਨੁੱਖੀ ਸਰੀਰ ਜਰਾਸੀਮ ਨਾਲ ਲੜਨ ਵਾਲੇ ਪਦਾਰਥ (Antibodies) ਪੈਦਾ ਕਰ ਲੈਂਦਾ ਹੈ ਤੇ ਜੇਕਰ ਉਹ ਜਰਾਸੀਮ ਮਨੁੱਖੀ ਸਰੀਰ ’ਤੇ ਹਮਲਾ ਕਰੇ ਤਾਂ ਉਹ ਮਨੁੱਖ, ਜਿਹੜਾ ਵੈਕਸੀਨ ਲੈ ਕੇ ਉਸ ਵਿਰੁੱਧ ਲੜਨ ਵਾਲੇ ਪਦਾਰਥ ਬਣਾ ਚੁੱਕਾ ਹੈ, ਉਸ ਹਮਲੇ ਦਾ ਮੁਕਾਬਲਾ ਬਹੁਤ ਚੰਗੀ ਤਰ੍ਹਾਂ ਨਾਲ ਕਰ ਸਕਦਾ ਹੈ। ਇਸ ਤਰ੍ਹਾਂ ਕਿਸੇ ਬਿਮਾਰੀ ਵਿਰੁੱਧ ਬਣਾਈ ਗਈ ਵੈਕਸੀਨ ਮਨੁੱਖ ਦਾ ਉਸ ਬਿਮਾਰੀ ਵਿਰੁੱਧ ਬਣਾਇਆ ਗਿਆ ਸੁਰੱਖਿਆ-ਕਵਚ ਹੈ।
ਸਾਰੀ ਦੁਨੀਆਂ ਵਿਚ ਮਨੁੱਖੀ ਸਰੀਰ ਨੂੰ ਕੋਵਿਡ-19 ਤੋਂ ਬਚਾਉਣ ਲਈ ਵੈਕਸੀਨ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇੰਗਲੈਂਡ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਨਿੱਜੀ ਖੇਤਰ ਦੀ ਫਰਮ ਐਸਟਰਾ ਜੈਨਕ (Astra Zeneca) ਇਕ ਵੈਕਸੀਨ ਦਾ ਟੈਸਟ ਕਰ ਰਹੀ ਹੈ। ਇਸ ਵਿਚ ਕਮਜ਼ੋਰ ਕੀਤਾ ਗਿਆ ਵਾਇਰਸ ਵਰਤਿਆ ਜਾ ਰਿਹਾ ਹੈ। ਅਮਰੀਕਾ ਵਿਚ ਮੋਡਰਿਨਾ ਕੰਪਨੀ ਦੁਆਰਾ ਬਣਾਈ ਜਾ ਰਹੀ ਵੈਕਸੀਨ ਵੱਖਰੀ ਤਰ੍ਹਾਂ ਦੀ ਹੈ ਅਤੇ ਇਸ ਦੇ ਪ੍ਰਯੋਗ ਅੰਤਲੇ ਪੜਾਅ ’ਤੇ ਹਨ। ਸਾਰੀਆਂ ਕੰਪਨੀਆਂ ਇਹ ਦੱਸ ਰਹੀਆਂ ਹਨ ਕਿ ਵੈਕਸੀਨ ਜਲਦੀ ਤੋਂ ਜਲਦੀ ਇਸ ਸਾਲ ਦੇ ਅੰਤ ਤਕ ਤਿਆਰ ਕੀਤੀ ਜਾ ਸਕਦੀ ਹੈ। ਵੈਕਸੀਨ ਵਿਚ ਮਾਰੇ ਗਏ ਜਾਂ ਕਮਜ਼ੋਰ ਕੀਤੇ ਜਰਾਸੀਮ ਜਾਂ ਜਰਾਸੀਮਾਂ ਤੋਂ ਪੈਦਾ ਹੋਏ ਪਦਾਰਥ ਮੌਜੂਦ ਹੋਣ ਕਾਰਨ ਵੈਕਸੀਨ ਨੂੰ ਅੰਤਿਮ ਰੂਪ ਦੇਣ ਵਾਲੇ ਟੈਸਟ ਬਹੁਤ ਧਿਆਨ ਨਾਲ ਅਤੇ ਬਹੁਤ ਵੱਡੇ ਪੱਧਰ ’ਤੇ ਕੀਤੇ ਜਾਂਦੇ ਹਨ। ਇਸ ਲਈ ਸਿਹਤ ਖੇਤਰ ਦੇ ਵਿਗਿਆਨੀਆਂ ਅਤੇ ਡਾਕਟਰਾਂ ਨੇ ਆਈਸੀਐੱਮਆਰ ਦੇ ਇਸ ਦਾਅਵੇ ਕਿ ਵੈਕਸੀਨ 15 ਅਗਸਤ ਤਕ ਆਮ ਲੋਕਾਂ ਵਿਚ ਵਰਤੇ ਜਾਣ ਲਈ ਤਿਆਰ ਕਰ ਲਈ ਜਾਵੇਗੀ, ਬਾਰੇ ਹੈਰਾਨੀ ਪ੍ਰਗਟਾਈ ਹੈ। ਜਿੱਥੇ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆਂ ਵਿਚ ਕੋਈ ਵੀ ਵੈਕਸੀਨ ਏਨੀ ਤੇਜ਼ੀ ਨਾਲ ਨਹੀਂ ਬਣਾਈ ਜਾ ਸਕਦੀ, ਉੱਥੇ ਸਰਕਾਰ ਦੇ ਸਿਆਸੀ ਵਿਰੋਧੀਆਂ ਅਨੁਸਾਰ ਸਰਕਾਰ ਆਈਸੀਐੱਮਆਰ ’ਤੇ ਦਬਾਓ ਪਾ ਕੇ ਸਿਆਸੀ ਲਾਹਾ ਖੱਟਣ ਲਈ ਇਹ ਵੈਕਸੀਨ 15 ਅਗਸਤ, ਜਦ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ, ਤੋਂ ਪਹਿਲਾਂ ਬਣਾਉਣ ਲਈ ਕਿਹਾ ਜਾ ਰਿਹਾ ਹੈ। ਵੈਕਸੀਨ ਬਣਾਉਣਾ ਜਟਿਲ ਵਰਤਾਰਾ ਹੈ, ਹਰ ਵੈਕਸੀਨ ਦੀ ਅਜ਼ਮਾਇਸ਼ ਤਿੰਨ ਪੜਾਵਾਂ ਵਿਚ ਹੁੰਦੀ ਹੈ; ਹਰ ਪੜਾਅ ਵਿਚ ਇਹ ਅਧਿਐਨ ਕੀਤਾ ਜਾਂਦਾ ਹੈ ਕਿ ਵੈਕਸੀਨ ਮਨੁੱਖੀ ਸਰੀਰ ਵਿਚ ਬਿਮਾਰੀ ਵਿਰੁੱਧ ਲੜਨ ਵਾਲੀ ਅੰਦਰੂਨੀ ਸ਼ਕਤੀ (Immunity) ਵਿਕਸਿਤ ਕਰਨ ਦੇ ਨਾਲ ਨਾਲ ਸਰੀਰ ’ਤੇ ਹੋਰ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ (Side Effect) ਪਾਉਂਦੀ ਹੈ। ਮਨੁੱਖ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਨਾਲ ਨਾਲ ਹਰ ਵੈਕਸੀਨ ਮਨੁੱਖੀ ਸਰੀਰ ’ਤੇ ਕੁਝ ਮਾੜੇ ਪ੍ਰਭਾਵ ਪਾਉਂਦੀ ਹੈ ਪਰ ਇਨ੍ਹਾਂ ਪ੍ਰਭਾਵਾਂ ਦਾ ਅਸਰ ਏਨਾ ਘੱਟ ਅਤੇ ਦਵਾਈ/ਵੈਕਸੀਨ ਵਰਤਣ ਦਾ ਫ਼ਾਇਦਾ ਏਨਾ ਜ਼ਿਆਦਾ ਹੁੰਦਾ ਹੈ ਕਿ ਅਸੀਂ ਇਨ੍ਹਾਂ ਦਵਾਈਆਂ/ਵੈਕਸੀਨਾਂ ਦੀ ਵਰਤੋਂ ਕਰਦੇ ਹਾਂ। ਆਈਸੀਐੱਮਆਰ ਨੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸਿਹਤ-ਵਿਗਿਆਨ ਦੇ ਖੇਤਰ ਵਿਚ ਵੈਕਸੀਨ ਨੂੰ ਜਲਦੀ ਬਣਾਉਣ ਬਾਰੇ ਵਿਸ਼ਵ ਪੱਧਰ ’ਤੇ ਸਵੀਕਾਰੇ ਜਾਂਦੇ ਸਾਰੇ ਮਾਪਦੰਡਾਂ ਦਾ ਪਾਲਣ ਕਰ ਰਹੀ ਹੈ। ਸਿਹਤ-ਵਿਗਿਆਨ ਦੇ ਜ਼ਿਆਦਾ ਮਾਹਿਰ ਆਈਸੀਐੱਮਆਰ ਦੇ ਇਸ ਦਾਅਵੇ ’ਤੇ ਯਕੀਨ ਨਹੀਂ ਕਰ ਰਹੇ। ਵੈਕਸੀਨ ਬਣਾਉਂਦਿਆਂ ਅਤੇ ਉਸ ਦੀ ਅਜ਼ਮਾਇਸ਼ ਕਰਦਿਆਂ ਸਮਾਂ ਲੱਗਣਾ ਲਾਜ਼ਮੀ ਹੈ। ਆਈਸੀਐੱਮਆਰ ਨੂੰ ਕਾਹਲ ਨਾ ਕਰਦਿਆਂ ਵਿਗਿਆਨਕ ਲੀਹਾਂ ’ਤੇ ਚੱਲਣਾ ਚਾਹੀਦਾ ਹੈ।