ਸੁਰਿੰਦਰ ਸਿੰਘ ਤੇਜ
ਸਾਡੀ ਧਰਤ ਦੀ ਕੁਦਰਤੀ ਫ਼ਿਜ਼ਾ ਦੀ ਫ਼ਨਾਹੀ ਕਦੋਂ ਸ਼ੁਰੂ ਹੋਈ? ਇਸ ਸਵਾਲ ਦਾ ਵਿਗਿਆਨਕ ਜਵਾਬ ਹੈ: ਜਦੋਂ ਆਦਮ ਜ਼ਾਤ ਨੇ ਦੋ ਲੱਤਾਂ ਦੇ ਸਹਾਰੇ ਖੜ੍ਹ ਕੇ ਤੁਰਨਾ ਸ਼ੁਰੂ ਕੀਤਾ। ਉਸ ਦੀਆਂ ਦੋਵੇਂ ਬਾਹਵਾਂ ਤੇ ਹੱਥ ਵਿਹਲੇ ਹੋ ਗਏ। ਉਹ ਦਿਨੋਂ-ਦਿਨ ਵੱਧ ਜੁਗਤੀ ਬਣਦਾ ਗਿਆ। ਸਭ ਤੋਂ ਪਹਿਲਾਂ ਉਸ ਨੇ ਅੱਗ ਬਾਲਣੀ ਸਿੱਖੀ। ਅੱਗ ਬਾਲਣ ਤੋਂ ਅੱਗ ਲਾਉਣ ਦੇ ਅਮਲ ਤਕ ਪੁੱਜਣ ਨੇ ਬਹੁਤਾ ਸਮਾਂ ਨਹੀਂ ਲਿਆ। ਇਹੋ ਕੁਝ ਕੁਦਰਤ ਦੀਆਂ ਹੋਰ ਨਿਆਮਤਾਂ ਨਾਲ ਵਾਪਰਿਆ। ਉਨ੍ਹਾਂ ਨੂੰ ਵਰਤਣ ਤੇ ਵਿਗਾੜਨ ਦੀ ਪ੍ਰਕਿਰਿਆ ਨਾਲੋ-ਨਾਲ ਚੱਲਣ ਲੱਗੀ। ਅਜਿਹੇ ਤੌਰ-ਤਰੀਕਿਆਂ ਸਦਕਾ ਆਦਮੀ ਉਸ ਪੰਧ ‘ਤੇ ਪੈ ਗਿਆ ਜਿਸ ਨੂੰ ਅਸੀਂ ਹੁਣ ‘ਆਧੁਨਿਕ ਸਭਿਅਤਾ’ ਮੰਨਦੇ ਹਾਂ। ਇਹ ਵੱਖਰੀ ਗੱਲ ਹੈ ਕਿ ਇਸੇ ‘ਸਭਿਅਤਾ’ ਦੀ ਬਦੌਲਤ ਅੱਜ ਅਸੀਂ ਉਸ ਮੁਕਾਮ ‘ਤੇ ਆ ਪਹੁੰਚੇ ਹਾਂ ਜਿੱਥੇ ਇਸ ਧਰਤ ਦੀ ਮੁਕੰਮਲ ਫ਼ਨਾਹੀ ਦਾ ਮੰਜ਼ਰ ਸਾਡੀਆਂ ਅੱਖਾਂ ਸਾਹਵੇਂ ਦ੍ਰਿਸ਼ਮਾਨ ਹੋਣ ਲੱਗਾ ਹੈ। ਖ਼ੌਫ਼ਨਾਕ ਹੈ ਇਹ ਮੰਜ਼ਰ। ਵਾਤਾਵਰਨ ਵਿਚ ਉਹ ਤਬਦੀਲੀਆਂ ਵਾਪਰਨ ਲੱਗੀਆਂ ਹਨ ਜਿਨ੍ਹਾਂ ਦਾ ਕੁਝ ਦਹਾਈਆਂ ਪਹਿਲੇ ਕਿਆਸ ਤੱਕ ਨਹੀਂ ਸੀ ਕੀਤਾ ਗਿਆ। ਬਰਫ਼ਾਨੀ ਜੰਗਲਾਂ ਨੂੰ ਅੱਗਾਂ ਲੱਗਣ ਲੱਗੀਆਂ ਹਨ। ਧਰੁਵ ਪਿਘਲ ਰਹੇ ਹਨ। ਸਮੁੰਦਰ ਤਪਣ ਲੱਗੇ ਹਨ। ਆਬੋ-ਹਵਾ ਨਿਊਯਾਰਕ ਵਿਚ ਵੀ ਪਲੀਤ ਹੈ, ਦਿੱਲੀ ਵਿਚ ਵੀ ਤੇ ਲਾਹੌਰ ਵਿਚ ਵੀ। ਟੋਕੀਓ, ਜਕਾਰਤਾ ਤੇ ਮੈਲਬਰਨ ਵੀ ਇਸੇ ਮਲੀਨਤਾ ਤੋਂ ਨਹੀਂ ਬਚ ਸਕੇ। ਪ੍ਰਜਾਤੀਆਂ ਲੋਪ ਹੋ ਰਹੀਆਂ ਹਨ; ਸਾਧਾਰਨ ਮਰਜ਼ਾਂ, ਮਹਾਂਮਾਰੀਆਂ ਵਿਚ ਬਦਲਣ ਲੱਗੀਆਂ ਹਨ।
ਇਹ ਨਹੀਂ ਕਿ ਆਦਮ ਜ਼ਾਤ ਇਸ ਵਰਤਾਰੇ ਤੋਂ ਫ਼ਿਕਰਮੰਦ ਨਹੀਂ। ਫ਼ਿਕਰਮੰਦ ਉਹ ਹੈ। ਇਸੇ ਲਈ ਆਲਮੀ ਤਪਸ਼ ਘਟਾਉਣ ਅਤੇ ਧਰਤ ਨੂੰ ਮੁੜ-ਹਰਿਆਉਣ ਦੇ ਟੀਚੇ ਤੈਅ ਕੀਤੇ ਜਾ ਰਹੇ ਹਨ। ਪਰ ਮਾਨਵਾਂ, ਮਸ਼ੀਨਾਂ ਤੇ ਮਸਨੂਈ ਸਾਧਨਾਂ ਦੀ ਬਹੁਤਾਤ ਏਨੀ ਜ਼ਿਆਦਾ ਹੋ ਗਈ ਹੈ ਕਿ ਟੀਚੇ ਵੀ ਆਪਣਾ ਅਰਥ ਗੁਆ ਬੈਠੇ ਹਨ। ਤਿੰਨ ਸਦੀਆਂ ਪਹਿਲਾਂ ਜੌਹਨ ਮਿਲਟਨ ਨੇ ਆਪਣੀ ਮਹਾਂ-ਕਵਿਤਾ ‘ਗੁਆਚੀ ਜੰਨਤ’ (ਪੈਰਾਡਾਈਜ਼ ਲੌਸਟ) ਵਿਚ ਮਸਨੂਈ ਸੁਖ-ਸਾਧਨਾਂ ਤੇ ਵਿਲਾਸੀ ਵਸਤਾਂ ਨੂੰ ਜ਼ਹਿਰੀਲੇ ਔਜ਼ਾਰ ਦੱਸਿਆ ਸੀ। ਇਹੋ ਔਜ਼ਾਰ ਅੱਜ ਇਨਸਾਨੀ ਵਜੂਦ ਦਾ ਅਭਿੰਨ ਹਿੱਸਾ ਬਣ ਚੁੱਕੇ ਹਨ। ਇਹੋ ਸਾਰੀ ਕਥਾ-ਵਾਰਤਾ ਸਰਲ ਪਰ ਵਿਗਿਆਨਕ ਪਰਪੇਖ ਵਿਚ ਪੇਸ਼ ਕਰਦੀ ਹੈ ਬ੍ਰਿਟਿਸ਼ ਇਤਿਹਾਸਕਾਰ ਪੀਟਰ ਫਰੈਂਕੋਪੈਨ ਦੀ ਨਵੀਂ ਕਿਤਾਬ ‘ਦਿ ਅਰਥ ਟਰਾਂਸਫੌਰਮਡ’ (ਧੁਆਂਖੀ ਧਰਤ, ਸਿਆਹ ਫ਼ਿਜ਼ਾ; ਬਲੂਮਜ਼ਬਰੀ; 697 ਪੰਨੇ; 850 ਰੁਪਏ)। ਧਰਤ ਭਾਵ ਪ੍ਰਿਥਵੀ ਗ੍ਰਹਿ ‘ਤੇ ਹੁਣ ਤਕ ਆਈਆਂ ਸਾਰੀਆਂ ਤਬਦੀਲੀਆਂ ਦਾ ਇਤਿਹਾਸ ਹੈ ਇਹ ਕਿਤਾਬ; ਉਹ ਵੀ ਦਿਲਕਸ਼ ਤੇ ਦਿਲਚਸਪ ਅੰਦਾਜ਼ ਵਿਚ। ਫਰੈਂਕੋਪੈਨ ਔਕਸਫੋਰਡ ਯੂਨੀਵਰਸਿਟੀ ਵਿਚ ਇਤਿਹਾਸ ਦਾ ਪ੍ਰੋਫੈਸਰ ਵੀ ਹੈ ਅਤੇ ਗਲਪਕਾਰ ਵੀ। ਨਾਲ ਹੀ ਉਹ ਸਹੁਰੇ ਪਰਿਵਾਰ ਦੀ ਤਰਫ਼ੋਂ ਹੋਟਲ ਵੀ ਚਲਾਉਂਦਾ ਹੈ। ਲਿਹਾਜ਼ਾ ਖੋਜ ਕਾਰਜਾਂ ਵਾਸਤੇ ਉਸ ਕੋਲ ਧਨ-ਦੌਲਤ ਦੀ ਕਮੀ ਨਹੀਂ ਸੀ। ਇਹ ਹਕੀਕਤ, ਕਿਤਾਬ ‘ਤੇ ਹੋਈ ਮਿਹਨਤ ਤੋਂ ਪ੍ਰਤੱਖ ਹੈ। ਫਰੈਂਕੋਪੈਨ ਨੇ 2015-16 ਵਿਚ ‘ਰੇਸ਼ਮੀ ਰਾਹਾਂ’ (ਸਿਲਕ ਰੂਟਸ) ਬਾਰੇ ਦੋ ਕਿਤਾਬਾਂ ਲਿਖੀਆਂ ਸਨ। ਹੁਣ ‘ਅਰਥ ਟਰਾਂਸਫੌਰਮਡ’ ਵੱਧ ਪੁਖ਼ਤਗੀ ਤੇ ਵੱਧ ਸ਼ਾਇਸਤਗੀ ਨਾਲ ਧਰਤ ਦੇ ਨਿਘਾਰ ਨਾਲ ਜੁੜੇ ਖ਼ਤਰਿਆਂ ਬਾਰੇ ਚੌਕਸ ਕਰਦੀ ਹੈ।
ਫਰੈਂਕੋਪੈਨ ਅਨੁਸਾਰ ਵਾਤਾਵਰਨ ਨਾਲ ਸਿੱਧੀ ਇਨਸਾਨੀ ਛੇੜਛਾੜ ਦਾ ਅਮਲ 12 ਕੁ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ। 3500 ਵਰ੍ਹੇ ਪਹਿਲਾਂ ਇਹ ਅਮਲ ਤੇਜ਼ੀ ਫੜ ਗਿਆ, ਖ਼ਾਸ ਤੌਰ ‘ਤੇ ਸ਼ਹਿਰਾਂ ਦੇ ਵਸਣ ਅਤੇ ਇਨਸਾਨੀ ਵਸੋਂ ਦੇ ਇਨ੍ਹਾਂ ਵੱਲ ਪਰਵਾਸ ਕਾਰਨ। ਨੀਲ ਘਾਟੀ, ਸਿੰਧ ਘਾਟੀ, ਮੈਸੋਪੋਟੇਮੀਆ ਅਤੇ ਗੁਆਂਗਜ਼ੂ (ਚੀਨ) ਦੀਆਂ ਸਭਿਅਤਾਵਾਂ ਦਾ ਉਭਾਰ ਤੇ ਪਤਨ ਇਸੇ ਪੇਸ਼ੇਰਫ਼ਤ ਦਾ ਨਤੀਜਾ ਸੀ। ਉਹ ਲਿਖਦਾ ਹੈ: ”ਸ਼ਹਿਰੀਕਰਨ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਸਾਡੀ ਬਦਕਿਸਮਤੀ ਹੈ ਕਿ ਸ਼ਹਿਰ ਹੀ ਸਭਿਅਤਾ ਦਾ ਪ੍ਰਤੀਕ ਮੰਨੇ ਜਾਂਦੇ ਹਨ। ਅਸਲੀਅਤ ਇਹ ਹੈ ਕਿ ਸ਼ਹਿਰ ਸਾਡੇ ਵਾਤਾਵਰਨ ਦੇ ਨਿਘਾਰ ਦਾ ਸਭ ਤੋਂ ਵੱਡਾ ਮਾਧਿਅਮ ਹਨ। ਸ਼ਹਿਰਾਂ ਦੀ ਵਸੋਂ ਦੀਆਂ ਊਰਜਾ ਲੋੜਾਂ ਅਤੇ ਕੁਦਰਤੀ ਸੋਮਿਆਂ, ਖ਼ਾਸ ਕਰਕੇ ਖੁਰਾਕ ਤੇ ਪਾਣੀ ਦੀ ਖਪਤ ਨੇ ਫ਼ਿਜ਼ਾਈ ਬੋਸੀਦਗੀ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ ਹੈ। ਭਾਵੇਂ ਸ਼ਹਿਰ, ਧਰਤ ਦੇ ਕੁੱਲ ਜ਼ਮੀਨੀ ਰਕਬੇ ਦਾ ਸਿਰਫ਼ 3 ਫ਼ੀਸਦੀ ਹਨ, ਪਰ ਇਨ੍ਹਾਂ ਵਿਚ ਦੁਨੀਆਂ ਦੀ ਅੱਧੀ ਤੋਂ ਵੱਧ ਵਸੋਂ ਵਸੀ ਹੋਈ ਹੈ। ਇਹ ਵਸੋਂ ਆਲਮੀ ਤਪਸ਼ ਵਿਚ ਲਗਾਤਾਰ ਇਜ਼ਾਫ਼ੇ ਦੀ ਅਹਿਮ ਵਜ੍ਹਾ ਹੈ।”
ਅਜਿਹੇ ਵਿਚਾਰਾਂ ਦੇ ਬਾਵਜੂਦ ਫਰੈਂਕੋਪੈਨ ਇਹ ਵੀ ਮੰਨਦਾ ਹੈ ਕਿ ਸਾਡੀ ਧਰਤ ਦੀ ਸ਼ਕਲ-ਸੂਰਤ ਤੇ ਸੁਭਾਅ ਵਿਚ ਆਏ ਤਲਖ਼ ਵਿਗਾੜਾਂ ਵਾਸਤੇ ਸਿਰਫ਼ ਆਦਮ-ਜ਼ਾਤ ਹੀ ਦੋਸ਼ੀ ਨਹੀਂ। ਉਹ ਜਵਾਲਾਮੁਖੀਆਂ ਦੇ ਫਟਣ, ਮਹਾਂਮਾਰੀਆਂ ਦੀ ਆਮਦ ਤੇ ਪਾਸਾਰ, ਹੜ੍ਹਾਂ ਤੇ ਸੋਕਿਆਂ, ਜੰਗਾਂ-ਯੁੱਧਾਂ ਤੇ ਕਤਲਾਮਾਂ ਆਦਿ ਨੂੰ ਵੱਡੀ ਹੱਦ ਤਕ ਦੋਸ਼ੀ ਦੱਸਦਾ ਹੈ। ਕਿਤਾਬ ਦੇ 24 ਅਧਿਆਇਆਂ ਵਿਚੋਂ ਅੱਧੇ ਸਿਰਫ਼ ਉਪਰੋਕਤ ਵਰਤਾਰਿਆਂ ਕਾਰਨ ਹੋਈ ਤਬਾਹੀ ਦੇ ਦ੍ਰਿਸ਼ਾਂ ਉਤੇ ਕੇਂਦਰਿਤ ਹਨ। ਸਾਡੇ ਜਗਤ-ਜਹਾਨ ਦਾ ਇਕ ਵੀ ਹਿੱਸਾ ਅਜਿਹਾ ਨਹੀਂ ਜੋ ਉਪਰੋਕਤ ਵਰਤਾਰਿਆਂ ਦੀ ਮਾਰ ਤੋਂ ਬਚਿਆ ਹੋਵੇ। ਉਂਜ, ਉਹ ਇਹ ਵੀ ਕਬੂਲਦਾ ਹੈ ਕਿ ਪਿਛਲੀਆਂ ਤਿੰਨ ਸਦੀਆਂ, ਖ਼ਾਸ ਕਰਕੇ ਸਨਅਤੀ ਇਨਕਲਾਬ ਤੋਂ ਬਾਅਦ ਦੇ ਸਮਿਆਂ ਦੌਰਾਨ ਕੁਦਰਤ ਦੀਆਂ ਨਿਆਮਤਾਂ ਦੀ ਜੋ ਬਦਹਾਲੀ ਹੋਈ ਹੈ, ਉਸ ਨੇ ਸਾਡੀ ਜ਼ਮੀਨ ਦਾ ਇਕ ਵੀ ਹਿੱਸਾ ਅਜਿਹਾ ਨਹੀਂ ਰਹਿਣ ਦਿੱਤਾ ਜਿਸ ਨੂੰ ਜੰਨਤ ਵਰਗਾ ਹੁਸੀਨ ਮੰਨਿਆ ਜਾ ਸਕੇ। ਕਿਤਾਬ ਆਕਾਰ ਪੱਖੋਂ ਤਾਂ ਵਜ਼ਨਦਾਰ ਹੈ ਹੀ, ਗਿਆਨ ਪੱਖੋਂ ਕਿਤੇ ਜ਼ਿਆਦਾ ਦਮਦਾਰ ਹੈ।
* * *
ਜਸਬੀਰ ਭੁੱਲਰ ਦੇ ਆਪਣੇ ਸ਼ਬਦ ਹਨ: ”ਦਰਅਸਲ ਮੈਂ ਕਵਿਤਾ ਦਾ ਬਣਿਆ ਹੋਇਆ ਸਾਂ। ਵਕਤ ਨੇ ਮੈਨੂੰ ਕਹਾਣੀਆਂ ਦੇ ਜੰਗਲ ਵੱਲ ਤੋਰ ਦਿੱਤਾ ਸੀ। ਮੇਰੇ ਕਿੱਤੇ ਨੇ ਕਵਿਤਾ ਨੂੰ ਧੱਕ ਕੇ ਮੈਥੋਂ ਪਰ੍ਹਾਂ ਕਰਨ ਦਾ ਯਤਨ ਵੀ ਕੀਤਾ। ਕਵਿਤਾ ਫ਼ੇਰ ਵੀ ਵਜੂਦ ਤੋਂ ਵੱਖਰੀ ਨਹੀਂ ਸੀ ਹੋਈ। ਕਹਾਣੀਆਂ ਦੇ ਕੰਡਿਆਲੇ ਜੰਗਲ ਨੇ ਬੜਾ ਵਲੂੰਧਰਿਆ ਸੀ ਕਵਿਤਾ ਨੂੰ। ਕਵਿਤਾ ਫ਼ੇਰ ਵੀ ਜਿਊਂਦੀ ਸੀ।”
ਕਵਿਤਾ ਦੀ ਇਸ ਨਾਅਲਹਿਦਗੀ ਦਾ ਪ੍ਰਮਾਣ ਹੈ ਕਾਵਿ ਸੰਗ੍ਰਹਿ ‘ਕੁਝ ਹਰਫ਼ ਮੁਸਾਫ਼ਿਰ’ (ਯੂਨੀਸਟਾਰ ਬੁੱਕਸ; 116 ਪੰਨੇ; 350 ਰੁਪਏ)। ਪੰਜ ਅਨੁਭਾਗ ਹਨ ਇਸ ਸੰਗ੍ਰਹਿ ਦੇ। ਇਨ੍ਹਾਂ ਵਿਚ ਕਵਿਤਾਵਾਂ ਵੀ ਕਈ ਸਾਰੀਆਂ ਹਨ; ਜ਼ਿੰਦਗੀ ਤੇ ਸੋਚ ਦੇ ਵੱਖ-ਵੱਖ ਪੜਾਵਾਂ ਨੂੰ ਸੂਖਮਭਾਵੀ ਅਹਿਸਾਸਾਂ ਰਾਹੀਂ ਰੇਖਾਂਕਿਤ ਕਰਨ ਵਾਲੀਆਂ। ਸਾਧਾਰਨ ‘ਚੋਂ ਅਸਾਧਾਰਨ ਲੱਭ ਲੈਣ ਦੇ ਹੁਨਰ ਨਾਲ ਲਬਰੇਜ਼। ਇਕ ਮਿਸਾਲ: ”ਤੁਸੀਂ ਪੁੱਛਦੇ ਹੋ/ ਮੇਰੀ ਜ਼ਮੀਨ ਕਿੰਨੀ ਹੈ/ ਤਾਂ ਦੱਸ ਦੇਵਾਂ/ ਜਿੱਥੋਂ ਸੂਰਜ ਉੱਗਦਾ ਹੈ/ ਜਿੱਥੇ ਕੁ ਸ਼ਾਮ ਢਲਦੀ ਹੈ/ ਉਸ ਦੇ ਵਿਚ ਵਿਚਾਲੇ/ ਤੇ ਔਹ/ ਜਿੰਨੇ ਚੰਨ ਤਾਰੇ ਨੇ/ ਉਨ੍ਹਾਂ ਤੋਂ ਪਰ੍ਹਾਂ ਤਕ/ ਸਗਲੀ ਕਾਇਨਾਤ ਉੱਤੇ/ ਮੇਰੇ ਹਰਫ਼ਾਂ ਦਾ ਦਾਅਵਾ ਹੈ।” (ਮੇਰੀ ਜ਼ਮੀਨ, ਪੰਨਾ 17)।
ਅਤੇ ਇਕ ਹੋਰ: ”ਇਸ ਵਾਰ ਤੂੰ ਆਵੀਂ/ ਤੂੰ ਆਵੀਂ ਮੇਰੀ ਜ਼ਮੀਨ ਤਕ/ ਆਪਾਂ ਤਿਲਕਾਂਗੇ ਨਹੀਂ/ ਚੀਕਣੀ ਮਿੱਟੀ ਦੇ ਬਰਤਨ ਬਣਾਵਾਂਗੇ/ ਬਰਤਨਾਂ ਵਿਚ/ ਸੁਪਨੇ ਪਕਾਵਾਂਗੇ/ ਤੇ ਫਿਰ/ ਸੱਚੀਂ-ਮੁੱਚੀ ਦਾ/ ਇਕ ਘਰ ਬਣਾਵਾਂਗੇ।” (ਇਸ ਵਾਰ, ਪੰਨਾ 99)। ਹਰ ਕਵਿਤਾ ਦੇ ਵਿਚ ਅਨੂਠਾ ਸਲੀਕਾ ਹੈ; ਇਕ ਰੂਹਾਨੀ ਰਵਾਨੀ ਹੈ। ਯਾਦਗਾਰੀ ਹੈ ਇਹ ਸੰਗ੍ਰਹਿ।
* * *
ਹੋਰਨਾਂ ਭਾਸ਼ਾਵਾਂ ਤੋਂ ਕਹਾਣੀਆਂ ਜਾਂ ਨਬਿੰਧਾਂ ਦਾ ਅਨੁਵਾਦ ਕਰਨਾ ਸੌਖਾ ਹੁੰਦਾ ਹੈ। ਪਰ ਕਵਿਤਾ ਦਾ ਅਨੁਵਾਦ ਔਖਾ ਕੰਮ ਹੈ। ਖ਼ਾਸ ਕਰਕੇ ਇਲਾਕਾਈ ਜਾਂ ਉਪ ਭਾਸ਼ਾਵਾਂ ਦੀਆਂ ਕਵਿਤਾਵਾਂ ਦਾ। ਇਨਸਾਨੀ ਜਜ਼ਬਾਤ ਤੇ ਸੰਵੇਦਨਾਵਾਂ ਇਕੋ ਜਹੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸ਼ਬਦਾਂ ਵਿਚ ਢਾਲਣ ਦਾ ਕਾਰਜ ਆਸਾਨ ਨਹੀਂ ਹੁੰਦਾ, ਖ਼ਾਸ ਤੌਰ ‘ਤੇ ਉਦੋਂ ਜਦੋਂ ਅਸੀਂ ਸਬੰਧਤ ਖੇਤਰ ਦੀ ਮਿੱਟੀ ਦੀ ਰੂਹ ਤੋਂ ਵਾਕਫ਼ ਨਾ ਹੋਈਏ। ਕਾਰਜ ਬਿਖਮ ਹੋਣ ਦੇ ਬਾਵਜੂਦ ਤਰਸੇਮ, ਸਤਪਾਲ ਭੀਖੀ ਤੇ ਗੁਰਦੀਪ ਸਿੰਘ ਦੀ ਟੀਮ ਨੇ ਪੰਜਾਬੀ ਤੇ 21 ਹੋਰ ਭਾਸ਼ਾਵਾਂ ਦੀਆਂ ਪ੍ਰਤੀਨਿਧ ਕਵਿਤਾਵਾਂ ਦਾ ਸੰਗ੍ਰਹਿ ‘ਕਾਵਿ ਦਿਸ਼ਾਵਾਂ’ (ਕੈਲੀਬਰ ਪਬਲੀਕੇਸ਼ਨ; 136 ਪੰਨੇ; 150 ਰੁਪਏ) ਪਾਠਕਾਂ ਦੇ ਸਨਮੁੱਖ ਲਿਆਂਦਾ ਹੈ। ਕੌਮੀ ਭਾਸ਼ਾ ਵਜੋਂ ਮਾਨਤਾ-ਪ੍ਰਾਪਤ ਪ੍ਰਾਂਤਕ ਜ਼ੁਬਾਨਾਂ ਤੋਂ ਇਲਾਵਾ ਡੋਗਰੀ, ਸੰਥਾਲੀ, ਕੋਂਕਣੀ, ਬੋਡੋ ਤੇ ਮੈਥਿਲੀ ਵਰਗੀਆਂ ਉਪ ਭਾਸ਼ਾਵਾਂ ਨੂੰ ਵੀ ਇਸ ਸੰਗ੍ਰਹਿ ਵਿਚ ਥਾਂ ਦਿੱਤੀ ਗਈ ਹੈ।
ਗੁਲਜ਼ਾਰ, ਜਾਵੇਦ ਅਖ਼ਤਰ, ਨਿਦਾ ਫਾਜ਼ਲੀ (ਸਾਰੇ ਉਰਦੂ ਸ਼ਾਇਰ) ਬਹੁਤ ਜਾਣੇ-ਪਛਾਣੇ ਨਾਮ ਹਨ, ਪਰ ਨਵਨਿਤਾ ਦੇਵ ਸੇਨ (ਬੰਗਲਾ) ਦੀ ਕਵਿਤਾ ਮੈਂ ਪਹਿਲੀ ਵਾਰ ਪੜ੍ਹੀ ਹੈ। ਇੰਜ ਹੀ ਸੁਨੀਲ ਗੰਗੋਪਾਧਿਆਇ ਨੂੰ ਨਾਵਲਕਾਰ ਤੇ ਕਹਾਣੀਕਾਰ ਵਜੋਂ ਭਰਪੂਰ ਮਾਨਤਾ ਪੂਰੇ ਭਾਰਤ ਵਿਚ ਮਿਲੀ, ਪਰ ਉਸ ਅੰਦਰ ਛੁਪੇ ਕਵੀ ਨਾਲ ਵਾਕਫ਼ੀਅਤ ਇਸ ਸੰਗ੍ਰਹਿ ਨੇ ਕਰਵਾਈ। ਪ੍ਰਫੁਲ ਸ਼ਿਲੇਦਾਰ (ਮਰਾਠੀ ਸਾਹਿਤ ਜਗਤ ਵਿਚ ਮੁਕਾਮ ਬਣਾਉਣ ਵਾਸਤੇ ਢਾਈ ਦਹਾਕਿਆਂ ਤੋਂ ਜੂਝ ਰਿਹਾ ਹੈ, ਪਰ ਉਸ ਅੰਦਰਲੇ ਕਵੀ ਦੀ ਪ੍ਰਤਿਭਾ ਦੀ ਸ਼ਨਾਖ਼ਤ ਇਸ ਸੰਗ੍ਰਹਿ ਨੇ ਬਾਖ਼ੂਬੀ ਕੀਤੀ ਹੈ। ‘ਪਿਆਰ’ ਨਾਂ ਦੀ ਇਕ ਕਵਿਤਾ ਦੇ ਕੁਝ ਬੰਦ ਹਨ: ”ਮੈਂ ਆਪਣੇ ਆਪ ਪਿਆਰ ਕਰਨਾ ਸਿੱਖ ਗਿਆ/ ਪਰ ਹਰ ਪਲ/ ਪ੍ਰੇਮ ਨਹੀਂ ਕਰ ਸਕਿਆ/ ਗੁੱਸਾ, ਨਫ਼ਰਤ, ਵੈਰ/ ਅੰਤ ਤਕ ਇਹ ਸਾਰੀਆਂ ਗੱਲਾਂ/ ਮੇਰੇ ਪਿਆਰ ਨੂੰ/ ਜ਼ਿੰਦਗੀ ਭਰ ਕੁਤਰਦੀਆਂ ਰਹੀਆਂ।” ਜਾਨਦਾਰ ਹੈ ਇਹ ਸੰਗ੍ਰਹਿ।
* ਕਾਲਮ ‘ਪੜ੍ਹਦਿਆਂ-ਸੁਣਦਿਆਂ’ ਨਿਯਤ ਸਮੇਂ ‘ਤੇ ਨਹੀਂ ਸੀ ਛਪ ਸਕਿਆ। ਅੱਜ ਇਸ ਨੂੰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।