ਹਰੀਸ਼ ਪੁਰੀ
‘ਪੰਜਾਬੀ ਟ੍ਰਿਬਿਊਨ’ ਦੇਸ਼ ਵੰਡ ਬਾਰੇ ਲੇਖ ਲੜੀ ਪ੍ਰਕਾਸ਼ਿਤ ਕਰ ਰਿਹਾ ਹੈ। ਇਤਿਹਾਸਕਾਰ ਹਰੀਸ਼ ਪੁਰੀ ਦੇ ਇਸ ਲੇਖ ਦੇ ਪਹਿਲੇ ਹਿੱਸੇ (20 ਫਰਵਰੀ 2022) ਵਿਚ ਵੀਹਵੀਂ ਸਦੀ ਵਿਚ ਦਲਿਤ ਭਾਈਚਾਰੇ ਤੇ ਸਿਆਸਤ ਦੀਆਂ ਮੁੱਢਲੀਆਂ ਕੜਵੱਲਾਂ ਤੋਂ ਲੈ ਕੇ ਅਛੂਤਸਤਾਨ ਦੇ ਮੋਰਚੇ ਤਕ ਦਾ ਜ਼ਿਕਰ ਕੀਤਾ ਗਿਆ ਸੀ। ਲੇਖ ਦਾ ਇਹ ਹਿੱਸਾ ਵੰਡ ਵੇਲੇ ਦੇ ਦੁਖਾਂਤ ਨੂੰ ਚਿਤਰਦਾ ਹੈ।
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਨੁਸੂਚਿਤ ਜਾਤੀਆਂ ਦੀ ਤਕਦੀਰ ਬਾਰੇ ਦੂਜੀਆਂ ਧਿਰਾਂ ਦਾ ਰਵੱਈਆ
ਆਰੀਆ ਸਮਾਜ ਤੇ ਹਿੰਦੂ ਮਹਾਸਭਾ ਜਿਹੀਆਂ ਹਿੰਦੂ ਜਥੇਬੰਦੀਆਂ ਨੂੰ ਅਨੁਸੂਚਿਤ ਜਾਤੀਆਂ ਜਾਂ ਦਲਿਤ ਨੇਤਾਵਾਂ ਦੇ ਮੁਸਲਿਮ ਲੀਗ ਵੱਲ ਝੁਕਾਅ ਕਾਰਨ ਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਬਾਰੇ ਤਸ਼ਵੀਸ਼ ਪੈਦਾ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਦਲਿਤਾਂ ਨੂੰ ਆਪਣੇ ਵੱਲ ਮੋੜਨ ਲਈ ਮੰਦਿਰਾਂ ਅਤੇ ਪਿੰਡਾਂ ਦੇ ਪਾਣੀ ਦੇ ਖੂਹਾਂ ਨੂੰ ਉਨ੍ਹਾਂ ਲਈ ਖੋਲ੍ਹਣਾ ਸ਼ੁਰੂ ਕਰ ਦਿੱਤਾ ਤੇ ਖ਼ਾਸ ਮੌਕਿਆਂ ਵਿਚ ਉਨ੍ਹਾਂ ਨੂੰ ਸੱਦਾ ਵੀ ਦੇਣ ਲੱਗ ਪਏ। ਉਨ੍ਹਾਂ ਨੂੰ ਆਪਣੀ ਕੁੱਲ ਗਿਣਤੀ ਵਿਚ ਸ਼ਾਮਿਲ ਕਰਨ ਲਈ ਕਾਂਗਰਸ ਤੇ ਲੀਗ, ਦੋਵਾਂ ਨੇ ਕਈ ਤਰ੍ਹਾਂ ਦੇ ਢੰਗ-ਤਰੀਕੇ ਵਰਤਣੇ ਸ਼ੁਰੂ ਕੀਤੇ। ਧਰਮ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਦਲਿਤ ਲੀਡਰਾਂ ਨੇ ਪੰਜਾਬ ਦੇ ਗਵਰਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਮੁਸਲਿਮ, ਸਿੱਖ, ਇਸਾਈ ਧਰਮ ਪ੍ਰਚਾਰਕਾਂ ਨੇ ਅਨੁਸੂਚਿਤ ਜਾਤੀਆਂ ਵਿਚ ਧਰਮ-ਬਦਲੀ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤਾਂ ਕਿ ਨਿਰੋਲ ਸਿਆਸੀ ਮਕਸਦ ਲਈ ਆਪਣੀ-ਆਪਣੀ ਗਿਣਤੀ ਵਧਾ ਸਕਣ।
ਇਹ ਜਾਣਨਾ ਦਿਲਚਸਪ ਹੈ ਕਿ ਇਕ ਧਿਰ ਨੇ ਦੂਜੀ ਧਿਰ ਦੀ ਆਬਾਦੀ ਨੂੰ ਘਟਾ ਕੇ ਪੇਸ਼ ਕਰਨ ਲਈ ਉਸ ਵਿੱਚੋਂ ਦਲਿਤਾਂ ਦੀ ਗਿਣਤੀ ਨੂੰ ਬਾਹਰ ਕੱਢ ਕੇ, ਪਰ ਆਪਣੀ ਗਿਣਤੀ ਵਿਚ ਸ਼ਾਮਿਲ ਕਰਨ ਦੀਆਂ ਹਾਸੋਹੀਣੀਆਂ ਹਰਕਤਾਂ ਕੀਤੀਆਂ। ਇਸ ਹਵਾਲੇ ਨਾਲ ਪਾੱਲ ਬਰਾਸ ਨੇ ਪੰਜਾਬ ਬਾਊਂਡਰੀ ਕਮਿਸ਼ਨ ਸਾਹਮਣੇ ਸਿੱਖਾਂ ਦੇ ਨੁਮਾਇੰਦੇ ਹਰਨਾਮ ਸਿੰਘ ਦੀ ਪੇਸ਼ ਕੀਤੀ ਦਲੀਲ ਵੱਲ ਧਿਆਨ ਦੁਆਇਆ। ਸਿੱਖ ਭਾਈਚਾਰੇ ਦਾ ਇਹ ਦਾਅਵਾ ਕਿ ਕੇਂਦਰੀ ਪੰਜਾਬ ਜ਼ਿਲ੍ਹਿਆਂ ਦੀ ਹੱਦਬੰਦੀ ਕਰ ਕੇ ਸਿੱਖ ਹੋਮਲੈਂਡ ਬਣਾਇਆ ਜਾ ਸਕਦਾ ਹੈ, ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ‘‘ਧਰਤੀ ਦੇ ਅਸਲ ਸਪੂਤ’’ ਅਰਥਾਤ ਮਾਲਿਕ ਕਿਸਾਨ (ਜੱਟ) ਹਨ। ਦੂਜੇ ਪਾਸੇ, ਮੁਸਲਮਾਨਾਂ ਵਿੱਚੋਂ ਬਹੁਤੇ ਤਾਂ ਫ਼ਕੀਰ, ਮੰਗਤੇ, ਤੇਲੀ, ਗਾ ਕੇ ਮੰਗਣ ਵਾਲ਼ੇ, ਨਾਈ, ਲੁਹਾਰ, ਧੋਬੀ, ਮਾਲੀ, ਕਸਾਈ ਤੇ ਮਰਾਸੀ ਹਨ। ਇਹ ਐਸੇ ਲੋਕ ਹਨ ਜਿਨ੍ਹਾਂ ਨੂੰ ਸੈਟਲਮੈਂਟ ਰਿਪੋਰਟਾਂ ਵਿਚ ਬੇਜ਼ਮੀਨੇ ਤੇ ਕੰਮੀ ਕਿਹਾ ਗਿਆ ਹੈ।’’ ਬਰਾਸ ਨੇ ਇਸ ਗੱਲ ਵੱਲ ਖ਼ਾਸ ਧਿਆਨ ਦੁਆਇਆ ਕਿ ਜਿੱਥੇ ਸਿੱਖ ਨੁਮਾਇੰਦਾ ਮਜ਼੍ਹਬੀਆਂ (ਅਤੇ ਨੀਵੀਂ ਸ਼੍ਰੇਣੀ ਦੇ ਸਮਝੇ ਜਾਂਦੇ ਹੋਰ ਸਿੱਖਾਂ) ਨੂੰ ਆਪਣੀ ਵੱਸੋਂ ਦੇ ਕੁੱਲ ਜੋੜ ਵਿਚ ਸ਼ਾਮਿਲ ਕਰਦਾ ਸੀ, ਉੱਥੇ ਉਨ੍ਹਾਂ ਦੀ ਦਲੀਲ ਇਹ ਸੀ ਕਿ ਉਪਰੋਕਤ ਜਾਤੀਆਂ ਦੇ ਲੋਕਾਂ ਨੂੰ ਮੁਸਲਿਮ ਭਾਈਚਾਰੇ ਦੀ ਵੱਸੋਂ ਦੀ ਕੁੱਲ ਗਿਣਤੀ ਵਿਚ ਸ਼ਾਮਿਲ ਨਾ ਕੀਤਾ ਜਾਏ।’’ ਦੂਸਰੇ ਲਫ਼ਜ਼ਾਂ ਵਿਚ ਉਪਰ ਦੱਸੇ ਭਾਈਚਾਰਿਆਂ ਦੇ ਲੋਕ ‘‘ਬੰਦੇ’’ ਨਹੀਂ ਸਨ। ਇਨ੍ਹਾਂ ਗ਼ੈਰ-ਬੰਦਿਆਂ ਨੂੰ ਬਾਹਰ ਰੱਖ ਕੇ ਇਨ੍ਹਾਂ ਜ਼ਿਲ੍ਹਿਆਂ ਵਿਚ ਮੁਸਲਮਾਨਾਂ, ਜਿਹੜੇ 1941 ਦੀ ਮਰਦਮਸ਼ੁਮਾਰੀ ਅਨੁਸਾਰ ਬਹੁਗਿਣਤੀ ਵਿਚ ਸਨ, ਨੂੰ ਘੱਟਗਿਣਤੀ ਵਿਚ ਬਦਲਿਆ ਜਾ ਸਕਦਾ ਸੀ। ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਸੀ ਕਿ ਜਿਨਾਹ ਨੇ ਇਹ ਤਜਵੀਜ਼ ਦਿੱਤੀ ਸੀ ਕਿ ਕਿਉਂ ਜੋ ਦਲਿਤ ਨਾ ਹਿੰਦੂ ਹਨ ਤੇ ਨਾ ਮੁਸਲਮਾਨ, ਉਨ੍ਹਾਂ ਨੂੰ ਹਿੰਦੋਸਤਾਨ ਤੇ ਪਾਕਿਸਤਾਨ ਵਿਚ ਅੱਧੋ-ਅੱਧ ਵੰਡ ਲਿਆ ਜਾਵੇ, ਜਿਵੇਂ ਇਹ ਕੋਈ ਪਸ਼ੂ-ਡੰਗਰ ਜਾਂ ਜਾਇਦਾਦ ਹੋਵਣ। ਇਸ ਨਾਲ ਮੁਸਲਮਾਨਾਂ ਦੀ ਗਿਣਤੀ ਵਧ ਜਾਂਦੀ ਸੀ ਤੇ ਪਾਕਿਸਤਾਨ ਨੂੰ ਸਫ਼ਾਈ ਕਰਨ ਵਾਲੇ, ਮਰੇ ਡੰਗਰਾਂ ਨੂੰ ਸਾਂਭਣ, ਚਮੜੇ ਦਾ ਕੰਮ ਕਰਨ ਵਾਲੇ ਕਾਫ਼ੀ ਗਿਣਤੀ ਵਿਚ ਮਿਲ ਸਕਦੇ ਸਨ।
ਵੰਡ ਦੇ ਉਜਾੜੇ ਵੇਲੇ ਦਲਿਤਾਂ ਦੀ ਹੋਣੀ
ਵੰਡ ਵਾਲੇ ਤਸ਼ੱਦਦ, ਉਜਾੜੇ ਤੇ ਹਿਜਰਤ ਦੇ ਵੇਲੇ ਦੇ ਜ਼ੁਲਮ ਤੇ ਦੁਸ਼ਵਾਰੀਆਂ ਜੋ ਹਿੰਦੂ, ਸਿੱਖ, ਮੁਸਲਿਮ ਲੋਕਾਂ ਨੇ ਹੰਢਾਈਆਂ ਸਨ; ਉਨ੍ਹਾਂ ਬਾਰੇ ਹੁਣ ਤਕ ਕਾਫ਼ੀ ਅਦਬੀ ਤੇ ਤਾਰੀਖ਼ੀ ਬਿਆਨ ਮਿਲਦਾ ਹੈ। ਹੱਸਾਸ ਇਤਿਹਾਸਕਾਰਾਂ ਉਰਵਸ਼ੀ ਬੁਟਾਲੀਆ, ਰਿਤੂ ਮੈਨਨ, ਕਮਲਾ ਭਸੀਨ, ਕ੍ਰਿਸ਼ਨਾ ਸੋਬਤੀ, ਅਹਿਮਦ ਸਲੀਮ ਜਿਹੇ ਹੋਰਨਾਂ ਨੇ ਜਿਊਂਦੇ ਬਚ ਰਹੇ ਮਜ਼ਲੂਮਾਂ ਦੇ ਆਪਣੇ ਆਪ ’ਤੇ ਬੀਤੀਆਂ ਤੇ ਅੱਖੀਂ ਡਿੱਠੀਆਂ ਘਟਨਾਵਾਂ ਦੇ ਰਿਕਾਰਡ ਕਲਮਬੰਦ ਕੀਤੇ। ਪਰ ਇਹ ਤਕਰੀਬਨ ਸਾਰੇ ਬਿਰਤਾਂਤ ਗ਼ੈਰ-ਦਲਿਤ (ਉੱਚੀਆਂ ਜਾਤਾਂ ਦੇ) ਲੋਕਾਂ ਦੇ ਪੇਸ਼ ਕੀਤੇ ਹੋਏ ਹਨ। ਦਲਿਤ ਅਤੇ ਹੇਠਲੇ ਤਬਕੇ ਦੇ ਸੰਤਾਪ ਦੀ ਗੱਲ ਦੱਸਣ ਵਾਲਿਆਂ ਦੇ ਬਿਆਨ ਨਹੀਂ ਲੱਭਦੇ।
ਦਲਿਤ ਪੰਜਾਬੀ ਲੇਖਕ ਸਰੂਪ ਸਿਆਲਵੀ ਨੇ ਆਪਣੀ ਸਵੈ-ਜੀਵਨੀ ‘ਜ਼ਲਾਲਤ’ ਵਿਚ ਪਰਵਾਸ ਦੌਰਾਨ ਆਪਣੀ ਭੂਆ ਦੇ ਉਧਾਲ਼ੇ ਜਾਣ ਤੇ ਜਬਰ-ਜਨਾਹ ਤੇ ਇਕ ਬੱਚੇ ਦੀ ਮੌਤ ਦਾ ਬਿਆਨ ਕੀਤਾ ਤੇ ਪੂਰਬੀ ਪੰਜਾਬ ਵਿਚ ਆ ਕੇ ਸ਼ਰਨਾਰਥੀਆਂ ਵਜੋਂ ਭੁਗਤੀ ਨਦਾਮਤ ਤੇ ਜ਼ਲਾਲਤ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਤਜਰਬਾ ਇੰਨਾ ਦੁਖਦਾਈ ਸੀ ਕਿ ਉਹਦੇ ਦਾਦਾ ਜੀ ਆਪਣੇ ਪੁੱਤਰ ਨੂੰ ਕੋਸਦੇ ਹੋਏ ਕੁੱਟਣ ਨੂੰ ਪੈਂਦੇ ਸਨ ਕਿ ਮੁਸਲਮਾਨ ਅਕਸਰੀਅਤ ਤੇ ਚੌਧਰ ਵਾਲੇ ਲਾਇਲਪੁਰ ਬਾਰ ਦੇ ਪਿੰਡ ਤੋਂ ਹਿੰਦੋਸਤਾਨ ਵਾਲੇ ਪਾਸੇ ਪਰਵਾਸ ਕਰਨ ਦਾ ਫ਼ੈਸਲਾ ਕਿਉਂ ਕੀਤਾ। ਉੱਥੋਂ ਦੇ ਮੁਸਲਮਾਨ ਜ਼ਿਮੀਦਾਰ ਮਾਲਿਕ ਦੇ ਕੰਮੀਂ ਬਣ ਕੇ ਆਰਾਮ ਨਾਲ ਰਹੀ ਜਾਂਦੇ: ‘‘ਏਥੇ ਆ ਕੇ ਤਾਂ ਸਾਡੀ ਪਛਾਣ ਸਿਰਫ਼ ਚਮਾਰ ਵਾਲੀ ਹੀ ਰਹਿ ਗਈ।’’ ਪਰ ਜਿਸ ਵੇਲੇ ਦਾਦੇ ਨੂੰ ਪੁੱਛਿਆ ਕਿ ਉਸ ਪਾਕਿਸਤਾਨ ਦੇ ਪਿੰਡ ਵਿਚ ਤੁਹਾਡੀ ਪਛਾਣ ਕਿਹੋ ਜਿਹੀ ਸੀ, ਤਾਂ ਉਹਨੇ ਬਿਨਾਂ ਝਿਜਕ ਦੱਸਿਆ ਕਿ ਦਲਿਤਾਂ ਦੀ ਹਾਲਤ ਤਾਂ ਤਕਰੀਬਨ ਪਸ਼ੂਆਂ ਵਾਲੀ ਹੁੰਦੀ ਸੀ ਤੇ ਪਛਾਣ ਤਾਂ ਮਾਲਿਕ ਦੇ ਨਾਲ ਜੁੜੇ ਗ਼ੁੁਲਾਮ ਵਾਲੀ ਹੀ ਸੀ।
ਪਾਕਿਸਤਾਨ ਵਿਚ ਦਲਿਤ ਲੋਕਾਂ, ਖ਼ਾਸਕਰ ਅਖੌਤੀ ‘ਜਰਾਇਮ ਪੇਸ਼ਾ ਕਬੀਲਿਆਂ’ ਦੇ ਬੰਦਿਆਂ ਦੇ ਕਾਫ਼ੀ ਵੱਡੀ ਗਿਣਤੀ ਵਿਚ ਕਤਲ ਕੀਤੇ ਗਏ ਸਨ, ਪਰ ਜ਼ਿਆਦਾ ਤਸ਼ੱਦਦ ਉਨ੍ਹਾਂ ਦੇ ਧਰਮ ਬਦਲਣ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ 1948 ਦੇ ਲਾਜ਼ਮੀ ਸੇਵਾਵਾਂ ਔਰਡੀਨੈਂਸ ਰਾਹੀਂ ਦਲਿਤ ਲੋਕਾਂ ’ਤੇ ਭਾਰਤ ਵੱਲ ਜਾਣ ਤੋਂ ਰੋਕ ਲਾ ਦਿੱਤੀ ਗਈ ਸੀ। ਦਲੀਲ ਇਹ ਸੀ ਕਿ ਜੇ ਇਹ ਸਫ਼ਾਈ ਕਰਨ ਵਾਲੇ, ਚਮੜੇ ਦਾ ਕੰਮ ਕਰਨ ਵਾਲੇ ਭਾਰਤ ਚਲੇ ਗਏ ਤਾਂ ਪਾਕਿਸਤਾਨ ਦਾ ਇਨ੍ਹਾਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਤੇ ਹਰ ਪਾਸੇ ਗੰਦਗੀ ਫੈਲ ਜਾਵੇਗੀ।
ਉਸ ਵੇਲੇ ਭਾਰਤ ਸਰਕਾਰ ਦੇ ਕਾਨੂੰਨ ਵਜ਼ੀਰ ਅੰਬੇਡਕਰ ਨੂੰ ਮਿਲੀ ਇਤਲਾਹ ਨੇ ਬਹੁਤ ਪਰੇਸ਼ਾਨ ਕੀਤਾ ਕਿ ਪਾਕਿਸਤਾਨ ਵਿਚ ਬਹੁਤ ਵੱਡੀ ਗਿਣਤੀ ਦਲਿਤਾਂ ਨੂੰ ਜਬਰਨ ਭਾਰਤ ਵੱਲ ਆਉਣੋਂ ਰੋਕਿਆ ਗਿਆ ਹੈ ਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਜਬਰਨ ਮੁਸਲਮਾਨ ਬਣਾਇਆ ਜਾ ਰਿਹਾ ਹੈ। ਉਹਨੇ ਕਿਹਾ ਕਿ ‘‘ਬਿਪਤਾ ਵਿਚ ਫਸੇ ਦਲਿਤ ਲੋਕਾਂ ਨੂੰ ਧੀਰਜ ਦੇਣਾ ਮੇਰੇ ਵੱਸ ਤੋਂ ਬਾਹਰ ਹੈ।’’ ਪਰ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਵਿਚ ਅਨੁਸੂਚਿਤ ਜਾਤੀਆਂ ਲਈ ਇਹ ਧਰਮ ਬਦਲ ਕੇ ਮੁਸਲਮਾਨ ਬਣਨਾ ਘਾਤਕ ਹੋਵੇਗਾ। ਇਹ ਵੀ ਗਿਲਾ ਕੀਤਾ ਕਿ ਅਨੁਸੂਚਿਤ ਜਾਤੀਆਂ ਵਿਚ ਇਹ ਆਦਤ ਬਣ ਗਈ ਜਾਪਦੀ ਹੈ ਕਿ ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਉਹ ਦਲਿਤਾਂ ਦੇ ਮਿੱਤਰ ਲੱਗਦੇ ਸਨ। ਇਹ ਭੁਲੇਖਾ ਹੈ।’’ ਅੰਬੇਡਕਰ ਨੇ ਜਿਨਾਹ ਉਪਰ ਬੇਵਫ਼ਾਈ ਦਾ ਇਲਜ਼ਾਮ ਲਾਇਆ ਕਿ ਉਹਨੇ ਦਲਿਤਾਂ ਨੂੰ ਘੱਟਗਿਣਤੀ ਵਜੋਂ ਵੱਖਰੀ ਪਛਾਣ ਦੇਣ ਦੇ ਆਪਣੇ ਵਾਅਦੇ ਤੋਂ ਮੂੰਹ ਮੋੜ ਲਿਆ ਹੈ।
ਅੰਬੇਡਕਰ ਤੇ ਜਵਾਹਰ ਲਾਲ ਨਹਿਰੂ ਨੇ ਖ਼ੁਦ ਪਾਕਿਸਤਾਨ ਦੀ ਸਰਕਾਰ ਨੂੰ ਸ਼ਿਕਾਇਤ ਕਰ ਕੇ ਦਲਿਤ ਲੋਕਾਂ ਨੂੰ ਉੱਥੋਂ ਕੱਢ ਕੇ ਭਾਰਤ ਲਿਆਉਣ ਲਈ ਖ਼ਾਸ ਅਫ਼ਸਰ ਤਾਇਨਾਤ ਕੀਤੇ ਤੇ ਮਹਿਫ਼ੂਜ਼ ਸਫ਼ਰ ਦੇ ਵੱਡੇ ਪ੍ਰਬੰਧ ਕੀਤੇ। ਇਸ ਵਿਸ਼ੇ ਦੀ ਖੋਜ ਕਰ ਰਹੇ ਕਿਸੇ ਇਤਿਹਾਸਕਾਰ ਮੁਤਾਬਿਕ ਪੱਛਮੀ ਪੰਜਾਬ ਵਿਚ ਹਿੰਦੂ ਤੇ ਸਿੱਖ ਭਾਈਚਾਰਿਆਂ ਦੇ ਦਲਿਤ ਲੋਕਾਂ ਦੀ ਗਿਣਤੀ ਕੋਈ ਤਿੰਨ ਲੱਖ ਸੀ। ਗ਼ੈਰ-ਮੁਸਲਿਮ ਵੱਸੋਂ ਦੇ ਪਰਵਾਸ ਕਰਨ ਵਾਲਿਆਂ ਵਿਚ ਇਹ ਉਹ ਲੋਕੀਂ ਹਨ ਜਿਨ੍ਹਾਂ ਦਾ ਪੱਖ ਵੰਡ ਦੇ ਬਿਆਨ ਵਿੱਚੋਂ ਗ਼ਾਇਬ ਹੈ। ਦਲਿਤਾਂ ਦੀ ਵੱਡੀ ਗਿਣਤੀ ਨੂੰ ਸਭ ਤੋਂ ਬਾਅਦ ਅਪਰੈਲ-ਮਈ 1948 ਵਿਚ ਪਾਕਿਸਤਾਨ ਤੋਂ ਕਢਵਾਇਆ ਜਾ ਸਕਿਆ, ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਉਸ ਵੇਲੇ ਤਕ ਧਰਮ ਬਦਲ ਕੇ ਮੁਸਲਮਾਨ ਹੋ ਚੁੱਕੇ ਸਨ।
ਦਲਿਤ ਸ਼ਰਨਾਰਥੀਆਂ ਦਾ ਮੁੜ-ਵਸੇਬਾ
ਭਾਰਤ ਦੇ ਪੂਰਬੀ ਪੰਜਾਬ ਵਿਚ ਸ਼ਰਨਾਰਥੀਆਂ ਦੀ ਸੇਵਾ-ਸੰਭਾਲ਼ ਤੇ ਰਾਹਤ ਦੇ ਪ੍ਰਬੰਧ ਕਰਨ ਵਾਲੇ ਅਫ਼ਸਰ ਤੇ ਸਮਾਜਸੇਵੀ ਵਲੰਟੀਅਰਾਂ ਨੂੰ ਜਲਦੀ ਚੇਤੇ ਆ ਗਿਆ ਸੀ ਕਿ ਦਲਿਤ ਸ਼ਰਨਾਰਥੀਆਂ ਨੂੰ ਦੂਜੇ ਸ਼ਰਨਾਰਥੀਆਂ ਲਈ ਬਣਾਏ ਹੋਏ ਕੈਂਪਾਂ ਵਿਚ ਭਰਤੀ ਨਹੀਂ ਕੀਤਾ ਜਾ ਸਕਦਾ। ਇਸ ਦਾ ਹਰ ਥਾਂ ਸਖ਼ਤ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਭਿਆਨਕ ਆਫ਼ਤ ਦੇ ਮਾਹੌਲ ਵਿਚ ਉਧਰੋਂ ਬਿਲਕੁਲ ਉੱਜੜ ਕੇ ਆਏ ਨਿਹਾਇਤ ਪੀੜਿਤ ਤੇ ਬੇਸਹਾਰਾ ਹਿੰਦੂ-ਸਿੱਖ ਸ਼ਰਨਾਰਥੀਆਂ ਲਈ ਇਹ ਬਰਦਾਸ਼ਤ ਕਰਨਾ ਮੁਮਕਿਨ ਨਹੀਂ ਸੀ ਕਿ ਦਲਿਤ ਸ਼ਰਨਾਰਥੀ ਉਨ੍ਹਾਂ ਦੇ ਨਾਲ ਰਹਿਣ। ਇਸ ਲਈ ਹਿੰਦੂ-ਸਿੱਖਾਂ ਦੇ ਕੈਂਪਾਂ ਤੋਂ ਅਲੱਗ ਤੇ ਦੂਰ-ਦੂਰ ਸ਼ਹਿਰਾਂ ਵਿਚ ਦਲਿਤ ਸ਼ਰਨਾਰਥੀ ਕੈਂਪ ਬਣਾਉਣੇ ਪਏ। ਜਲੰਧਰ ਸ਼ਹਿਰ ਵਿਚ ਭਾਰਗੋ ਕੈਂਪ, ਕੁਰੂਕਸ਼ੇਤਰ ਵਿਚ ਗਾਂਧੀ ਕੈਂਪ ਵਿਸ਼ੇਸ਼ ਦਲਿਤ ਸ਼ਰਨਾਰਥੀ ਕੈਂਪ ਸਨ। ਅੰਬੇਡਕਰ ਨੇ ਪ੍ਰਧਾਨ ਮੰਤਰੀ ਨਹਿਰੂ ਕੋਲ ਖ਼ਾਸ ਸ਼ਿਕਾਇਤ ਕੀਤੀ ਕਿ ‘‘ਅਨੁਸੂਚਿਤ ਜਾਤੀਆਂ ਦੇ ਰਫ਼ਿਊਜੀਆਂ ਨੂੰ ਸ਼ਰਨਾਰਥੀ ਕੈਂਪਾਂ ਵਿਚ ਆਸਰਾ ਨਹੀਂ ਮਿਲ਼ ਰਿਹਾ।’’ ਸ਼ਰਨਾਰਥੀਆਂ ਦੀ ਦੇਖਭਾਲ ਦੀ ਸਰਕਾਰੀ ਵਿਸ਼ੇਸ਼ ਲੀਡਰ ਰਾਜੇਸ਼ਵਰੀ ਨਹਿਰੂ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਖਿੱਝ ਕੇ ਲਿਖਿਆ: ‘‘ਢਾਈ ਲੱਖ ਦਲਿਤ ਸ਼ਰਨਾਰਥੀ ਪੂਰਬੀ ਪੰਜਾਬ ਦੇ ਕੈਂਪਾਂ ਵਿਚ ਸੜ ਰਹੇ ਹਨ।’’ ਮੁੜ-ਵਸੇਬੇ ਦੇ ਜੋ ਅਸੂਲ ਬਣਾਏ ਗਏ ਸਨ, ਉਨ੍ਹਾਂ ਦੇ ਹਵਾਲੇ ਨਾਲ ਦਲਿਤ ਲੋਕਾਂ ਦੀ ਚਾਰਾਜੋਈ ਨਹੀਂ ਸੀ ਹੋ ਸਕਦੀ। ਇਹ ਕਾਸ਼ਤਕਾਰ ਤਾਂ ਸਨ, ਪਰ ਬੇ-ਜ਼ਮੀਨੇ ਸਨ। ਮੁਆਵਜ਼ੇ ਦੇ ਤੌਰ ’ਤੇ ਜ਼ਮੀਨ ਸਿਰਫ਼ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਸੀ ਜਿਹੜੇ ਉਸ ਪਾਸੇ ਮਾਲਿਕ ਕਿਸਾਨ ਸਨ। ਪਰ ਉਨ੍ਹਾਂ ਨੂੰ ਤਾਂ ਬਹੁਤੀ ਥਾਵੇਂ ਸਿਰ ਢੱਕਣ ਦੀ ਥਾਂ ਨਹੀਂ ਸੀ ਲੱਭ ਰਹੀ। ਦਲਿਤ ਰਫ਼ਿਊਜੀ ਪਰਿਵਾਰਾਂ ਨੂੰ ਪਿੰਡਾਂ ਵਿਚ ਉੱਥੋਂ ਦੇ ਲੋਕਾਂ ਕੋਲ਼ੋਂ ਵੀ ਤੇ ਪੁਲੀਸ ਕੋਲ਼ੋਂ ਵੀ ਦੁਰ-ਦੁਰ ਕਰ ਕੇ ਧੱਕੇ ਪੈਂਦੇ ਸਨ। ਦਲਿਤਾਂ ਦੇ ਜ਼ਾਤੀ ਨਾਂ ਲੈ ਕੇ ਜ਼ਲੀਲ ਕੀਤਾ ਜਾਂਦਾ ਸੀ। ਸਿਆਲਵੀ ਦੇ ਪਰਿਵਾਰ ਨੂੰ ਤਾਂ ਰੜੇ ਮੈਦਾਨ ਵਿਚ ਰਾਤ ਕੱਟਣ ਨਹੀਂ ਦਿੱਤੀ ਜਾਂਦੀ ਸੀ ਤੇ ਦਲਿਤਾਂ ਨੂੰ ਆਮ ਕਰਕੇ ਪਿੰਡ ਦੇ ਖੂਹ ਤੋਂ ਪਾਣੀ ਲੈਣ ਦੀ ਮਨਾਹੀ ਸੀ।
ਮੁੜ-ਵਸੇਬੇ ਵਿਚ ਦਲਿਤ ਪਰਿਵਾਰਾਂ ਨਾਲ ਹੋਏ ਵਿਤਕਰੇ ਵਾਲੇ ਅਣਛੋਹੇ ਮੌਜ਼ੂ ’ਤੇ ਖੋਜ ਕਰ ਰਹੀਆਂ ਵਿਦਵਾਨ ਬੀਬੀਆਂ ਰਵਿੰਦਰ ਕੌਰ ਤੇ ਅਕਾਂਕਸ਼ਾ ਕੁਮਾਰ ਨੇ ਪਿਛਲੇ ਕੁਝ ਸਾਲਾਂ ਵਿਚ ਕਾਫ਼ੀ ਕੁਝ ਲਿਖਿਆ ਹੈ। ਰਵਿੰਦਰ ਕੌਰ ਨੇ 1947 ਤੋਂ 1965 ਦਰਮਿਆਨ ਮੁੜ-ਵਸੇਬੇ ਦੀਆਂ ਨੀਤੀਆਂ, ਅਸੂਲਾਂ ਤੇ ਸਰਕਾਰ ਦੇ ਅਮਲੀ ਸਲੂਕ ਦੇ ਸਬੂਤ ਦੇ ਕੇ ਸਾਫ਼ ਲਿਖਿਆ ਹੈ ਕਿ ਕਿਵੇਂ ‘‘ਦਲਿਤ ਪਰਵਾਸੀਆਂ ਨੂੰ ਉੱਚੀਆਂ ਜ਼ਾਤਾਂ ਦੇ ਹਿੰਦੂਆਂ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਗਏ।’’ ਬਹੁਤੇ ਪੰਜਾਬੀ ਹਿੰਦੂ-ਸਿੱਖ ਰਫ਼ਿਊਜੀ ਦਿੱਲੀ ਵਿਚ ਕਰੋਲ ਬਾਗ਼ ਵਿਚ ਜਾ ਟਿਕੇ ਸਨ। ਦਲਿਤਾਂ ਨੂੰ ਨੇੜਲੇ ਰੈਹਗੜਪੁਰੇ ਵਿਚ ਕੱਚੀਆਂ ਝੁੱਗੀਆਂ ਵਿਚ ਵਸਾਇਆ ਗਿਆ ਤੇ ਛੱਤਾਂ ਨੂੰ ਕੱਜਣ ਲਈ ਤਾਰਪੋਲੀਨ – ਤਰਪਾਲਾਂ – ਦਿੱਤੀਆਂ ਗਈਆਂ। ਸਰਕਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਫ਼ਰਵਰੀ 1948 ਵਿਚ ਮੁੜ-ਵਸੇਬਾ ਵਜ਼ਾਰਤ ਵਿਚ ਖ਼ਾਸ ‘ਹਰੀਜਨ ਸੈਕਸ਼ਨ’ ਬਣਾਇਆ ਗਿਆ ਸੀ ਜਿਹਦਾ ਕੰਮ ‘‘ਉੱਜੜੇ ਹਰੀਜਨਾਂ ਨੂੰ ਵਸਾਉਣਾ’’ ਸੀ। ਵਲੰਟਰੀ ਸੇਵਾ ਸੰਸਥਾਵਾਂ, ਖ਼ਾਸ ਕਰਕੇ ‘‘ਹਰੀਜਨ ਸੇਵਕ ਸੰਘ’’ ਨੇ ਦਲਿਤਾਂ ਦੀ ਰਾਹਤ ਲਈ ਕਾਫ਼ੀ ਕੰਮ ਕੀਤਾ। ਸਰਕਾਰ ਹੋਵੇ ਜਾਂ ਸਮਾਜ ਸੇਵੀ ਸੰਸਥਾਵਾਂ, ਦਲਿਤਾਂ ਨੂੰ ਦਲਿਤ ਹੀ ਬਣਾਈ ਰੱਖੇ ਜਾਣ ਬਾਰੇ ਸਹਿਜ-ਸੁਭਾਅ ਸਹਿਮਤੀ ਬਣੀ ਜਾਪਦੀ ਸੀ।
ਦੋ-ਤਿੰਨ ਸਾਲ ਪਹਿਲਾਂ ਅਕਾਂਕਸ਼ਾ ਕੁਮਾਰ ਨੇ ‘ਪੰਜਾਬ ਦੀ ਵੰਡ ਤੋਂ ਬਾਅਦ ਰਫ਼ਿਊਜੀਆਂ ਦੇ ਮੁੜ ਵਸਾਉਣ ਵਿਚ ਜ਼ਾਤ ਦਾ ਸਵਾਲ’ ਮੌਜ਼ੂ ’ਤੇ ਪੀਐੱਚ.ਡੀ. ਥੀਸਿਸ ਲਿਖਿਆ। ਇਸ ਵਿਚ ਇਹ ਸਾਫ਼ ਲਿਖਿਆ ਹੈ ਕਿ ਸਰਕਾਰੀ ਨੀਤੀਆਂ ਤੇ ਸਮੁੱਚੀ ਸਰਕਾਰੀ ਕਾਰਵਾਈ ਦਾ ਮਕਸਦ ਤੇ ਰੁਝਾਨ ਜ਼ਾਤਪਾਤ ਵਾਲੀ ਊਚ-ਨੀਚ ਨੂੰ ਬਣਾਈ ਰੱਖਣ ਵੱਲ ਸੀ। ਇਕ ਦੂਜੇ ਪੱਖ ਵੱਲ ਧਿਆਨ ਦੁਆਉਂਦਿਆਂ ਪੰਜਾਬੀ ਕਵੀ ਲਾਲ ਸਿੰਘ ਦਿਲ ਨੇ ਅੱਖੀਂ ਡਿੱਠੀਆਂ ਕਾਰਵਾਈਆਂ ਬਾਰੇ ਦੱਸਿਆ ਹੈ। ਉਸ ਮੁਤਾਬਿਕ ਵੰਡ ਤੋਂ ਬਾਅਦ ਪਿੰਡਾਂ ਦੀ ਸ਼ਾਮਲਾਤ ਜ਼ਮੀਨ ਜੋ ਕਿ ਦਲਿਤਾਂ ਲਈ ਇੱਕੋ-ਇਕ ਐਸੀ ਸਪੇਸ ਸੀ ਜਿੱਥੇ ਉਹ ਵਿਚਰ ਸਕਦੇ ਸਨ – ਉਹ ਵੀ ਨਵੇਂ ਆਏ ਅਸਰ-ਰਸੂਖ਼ ਵਾਲਿਆਂ ਨੇ ਖੋਹ ਲਈ।
ਪਾਕਿਸਤਾਨ ਵਿਚ ਰਹਿ ਗਏ ਦਲਿਤਾਂ ਦੀ ਹਾਲਤ
ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦਾ ਜੋ ਵਿਰੋਧ ਹੋਇਆ, ਉਸ ਵਿਚ ਇਕ ਇਲਜ਼ਾਮ ਇਹ ਵੀ ਲਾਇਆ ਜਾਂਦਾ ਸੀ ਕਿ ਹਿੰਦੂ ਜ਼ਾਤ-ਪਾਤ ਨਜ਼ਾਮ ਵਿਚ ਮੁਸਲਮਾਨਾਂ ਨਾਲ ਦਲਿਤਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਹਿੰਦੂ ਸ਼ੁੱਧ ਤੇ ਮੁਸਲਮਾਨ ਅਸ਼ੁੱਧ। ਸ਼ੁੱਧੀਕਰਨ ਦਾ ਮਤਲਬ ਹੀ ਇਹ ਸੀ ਕਿ ਨਾਪਾਕ ਗੰਦੇ ਲੋਕਾਂ ਨੂੰ ਸੁੱਚੇ ਬਣਾਇਆ ਜਾਵੇ। ਇਹ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ। ਵਖਰੇਵੇਂ ਤੇ ਵੰਡ ਦੇ ਬੀਜ ਇਸ ਛੂਤ-ਛਾਤ ਵਿਚ ਪਏ ਸਨ। ਜਿਨਾਹ ਨੇ ਵੀ ਇਸ਼ਾਰਾ ਕੀਤਾ ਸੀ ਕਿ ਵੰਡ ਦਾ ਇਹ ਵੀ ਇਕ ਕਾਰਨ ਸੀ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਮੁਸਲਿਮ ਧਰਮ ਤੇ ਭਾਈਚਾਰੇ ਵਿਚ ਬਰਾਬਰੀ ਹੈ, ਕੋਈ ਜ਼ਾਤ-ਪਾਤ ਊਚ-ਨੀਚ ਨਹੀਂ ਹੈ। ਪਰ ਕੀ ਅਸਲ ਵਿਚ ਹਿੰਦੂਆਂ ਹੱਥੋਂ ਹੁੰਦਾ ਮੁਸਲਮਾਨਾਂ ਦੇ ਖ਼ਾਸ ਮੁਲਕ ਪਾਕਿਸਤਾਨ ਵਿਚ ਜ਼ਾਤ-ਪਾਤ ਦਾ ਵਿਤਕਰਾ ਖ਼ਤਮ ਜਾਂ ਘੱਟ ਹੋ ਗਿਆ ਹੈ? ‘‘ਪਾਕਿਸਤਾਨ ਵਿਚ ਦਲਿਤਾਂ ਨਾਲ ਸਰਕਾਰ ਤੇ ਆਮ ਲੋਕ ਜਿਹੜਾ ਸਲੂਕ ਕਰਦੇ ਹਨ, ਉਸ ਵਿਚ ਭਾਰਤ ਦੇ ਮੁਕਾਬਲੇ ਕੋਈ ਫ਼ਰਕ ਨਹੀਂ ਹੈ।’’ ਪਾਕਿਸਤਾਨ ਦੇ ਦਲਿਤਾਂ ਦੀ ਕਹਾਣੀ ਵੱਖਰੀ ਨਹੀਂ ਹੋ ਸਕੀ। ਵੰਡ ਤੋਂ ਬਾਅਦ ਦਲਿਤਾਂ ਦੇ ਜਬਰੀ ਧਰਮ ਪਰਿਵਰਤਨ ਦੀ ਲਹਿਰ, ਉਨ੍ਹਾਂ ਉਪਰ ਪਰਵਾਸ ਬਾਰੇ ਲਾਈ ਕਾਨੂੰਨੀ ਰੋਕ ਕਾਰਨ ਦਲਿਤਾਂ ਉਪਰ ਜ਼ੁਲਮ ਹੋਏ ਸਨ। ਇਸ ਤੋਂ ਇਲਾਵਾ ਮੁਸਲਿਮ ਸਮਾਜ ਦੇ ਆਪਣੇ ਅੰਦਰਲੀ ਜ਼ਾਤ-ਪਾਤ ਊਚ-ਨੀਚ ਬਾਰੇ ਬਹੁਤ ਘੱਟ ਲਿਖਿਆ ਮਿਲਦਾ ਹੈ। ਇਸ ਪੱਖ ’ਤੇ ਚੁੱਪ ਵਰਤੀ ਹੋਈ ਹੈ। ਪਾਕਿਸਤਾਨ ਵਿਚ ਦਲਿਤਾਂ ਦੀ ਦਸ਼ਾ ਬਾਰੇ ਮਿਲੀ ਕੁਝ ਜਾਣਕਾਰੀ ਤੇ ਸਾਹਿਤ ਤੋਂ ਉਸੇ ਤਰ੍ਹਾਂ ਦੀ ਦਰਦਨਾਕ ਹਾਲਤ ਦਾ ਪਤਾ ਲੱਗਦਾ ਹੈ। 1956 ਵਿਚ ਪਾਕਿਸਤਾਨ ਦੇ ‘ਪੱਟੀਦਰਜ ਜਾਤੀਆਂ ਦੇ ਕਾਨੂੰਨ’ ਵਿਚ 36 ਵੱਖਰੀਆਂ ਦਲਿਤ ਜਾਤੀਆਂ ਦੀ ਪਛਾਣ ਕੀਤੀ ਗਈ ਸੀ। ਯੋਗਿੰਦਰ ਸਿਕੰਦ ਮੁਤਾਬਿਕ ਦਲਿਤ ਇਸ ਗੱਲ ਬਾਰੇ ‘ਕਨਫ਼ਿਊਜ਼ਡ’ ਤੇ ਪਰੇਸ਼ਾਨ ਹਨ ਕਿ ਉਨ੍ਹਾਂ ਉੱਤੇ ਹਾਲਾਂ ਵੀ ਹਿੰਦੂ ਦਲਿਤ ਹੋਣ ਦੀ ਤੁਹਮਤ ਲਾਈ ਜਾਂਦੀ ਹੈ। ਮੁਸਲਮਾਨਾਂ ਵਿਚ ਉਸੇ ਤਰ੍ਹਾਂ ਦੀ ਜ਼ਾਤ ਦੀ ਦਰਜਾਬੰਦੀ ਹੈ ਤੇ ਉਨ੍ਹਾਂ ਦਾ ਦਲਿਤਾਂ ਨਾਲ ਉਸੇ ਤਰ੍ਹਾਂ ਦਾ ਨਜ਼ਰੀਆ ਤੇ ਸਲੂਕ ਹੈ ਜਿਵੇਂ ਦਾ ਹਿੰਦੂਆਂ ਵਿਚ ਬ੍ਰਾਹਮਣਾਂ ਦਾ ਹੁੰਦਾ ਹੈ। ਪਿੰਡ ਸੇਹਵਾਨ ਵਿਚ ਹਜ਼ਰਤ ਲਾਲ ਸ਼ਾਹਬਾਜ਼ ਦੀ ਦਰਗਾਹ ’ਤੇ ਜੁੜੇ ਕਿਸੇ ਦਲਿਤ ਨੇ ਦੱਸਿਆ ਕਿ ਲਾਹੌਰ ਦੇ ਭੰਗੀ ਤੇ ਲਾਲ ਬੇਗੀ ਸਫ਼ਾਈ ਕਰਨ ਵਾਲਿਆਂ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ। ਸੱਪ ਫੜਨ ਵਾਲੇ ਜੋਗੀਆਂ ਤੇ ਫੇਰੀ ਲਾ ਕੇ ਨਿਕਸੁੱਕ ਵੇਚਣ ਵਾਲੇ ਗੁਰਗਲਿਆਂ ਵਿਚ ਵੀ ਊਚ-ਨੀਚ ਬਣੀ ਹੋਈ ਹੈ। ਪਾਕਿਸਤਾਨ ਦੇ ਪ੍ਰਭੂਲਾਲ ਸਤਿਆਨੀ ਦੀ ਉਰਦੂ ਵਿਚ ਛਪੀ ਪੁਸਤਕ ‘ਹਮੇ ਭੀ ਜੀਨੇ ਦੋ: ਪਾਕਿਸਤਾਨ ਮੇਂ ਅਛੂਤ ਲੋਗੋਂ ਕੀ ਸੂਰਤ-ਏ-ਹਾਲ’ ਵਿਚ ਇਹ ਵੱਡਾ ਗਿਲਾ ਤੇ ਅਫ਼ਸੋਸ ਕੀਤਾ ਗਿਆ ਹੈ ਕਿ ਦਲਿਤ, ਇਸਲਾਮ ਕਬੂਲ ਕਰਨ ਤੋਂ ਬਾਅਦ ਦੀਨਦਾਰ, ਚੰਘੜ ਜਾਂ ਮੁਸੱਲੀ ਅਖਵਾਏ ਜਾਂਦੇ ਲੋਕ, ਨਫ਼ਰਤ ਦੇ ਸ਼ਿਕਾਰ ਤੇ ਬਦਬਖ਼ਤ ਦਲਿੱਦਰੀ ਬਣੇ ਹੋਏ ਹਨ। ਜਿਹੜਾ ਭਰਮ ਪੈਦਾ ਕੀਤਾ ਹੋਇਆ ਸੀ ਕਿ ਮੁਸਲਮਾਨਾਂ ਵਿਚ ਜ਼ਾਤ-ਪਾਤ ਦਾ ਵਿਤਕਰਾ ਨਹੀਂ ਤੇ ਪਾਕਿਸਤਾਨ ਬਣਨ ਨਾਲ ਜਾਤ-ਪਾਤ ਤੋਂ ਨਿਜਾਤ ਮਿਲ ਜਾਏਗੀ, ਕੋਰਾ ਧੋਖਾ ਸਾਬਿਤ ਹੋਇਆ। ‘‘ਇਹ ਨਾਬਰਾਬਰੀ ਹੱਡਾਂ ਵਿਚ ਇੰਨੀ ਗਹਿਰੀ ਰਚੀ ਹੋਈ ਹੈ ਕਿ ਇਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ।’’
ਵੰਡ ਦੌਰਾਨ ਤੇ ਉਸ ਤੋਂ ਬਾਅਦ ਦਲਿਤ ਅਖਵਾਏ ਜਾਂਦੇ ਲੋਕਾਂ ਦੀ ਹੋਣੀ ਬਾਰੇ ਹੱਸਾਸ ਖੋਜ ਦੀ ਲੋੜ ਹੈ। ਤਾਰੀਖ਼ ਤੇ ਸਾਹਿਤ ਵਿਚ ਸਿਰਫ਼ ਉੱਚੀਆਂ ਜਾਂ ਤਰੱਕੀਯਾਫ਼ਤਾ ਧਿਰਾਂ ਦਾ ਪੱਖ ਹੀ ਪੇਸ਼ ਕਰਨਾ ਸਹੀ ਨਹੀਂ। ਦਲਿਤਾਂ ਦੀ ਆਪਣੀ ਆਪ-ਬੀਤੀ, ਉਨ੍ਹਾਂ ਦੇ ਮੂੰਹੋਂ ਸੁਣੀਆਂ ਹੱਡਬੀਤੀਆਂ ਤਾਂ ਹਾਲਾਂ ਲਿਖੀਆਂ ਜਾਣੀਆਂ ਹਨ। (ਸਮਾਪਤ)
ਪੰਜਾਬੀ ਯੂਨੀਵਰਸਟੀ ਵਿਚ 23-25 ਫ਼ਰਵਰੀ 2018 ਨੂੰ ਹੋਈ ਪੰਜਾਬ ਹਿਸਟਰੀ ਕਾਨਫ਼ਰੰਸ ਵਿਚ ਅੰਗਰੇਜ਼ੀ ਵਿਚ ਪੜ੍ਹਿਆ ਪਰਚਾ। ਅੰਗਰੇਜ਼ੀ ਤੋਂ ਪੰਜਾਬੀ ਵਿਚ ਇਹ ਉਲੱਥਾ ਹਰੀਸ਼ ਪੁਰੀ ਤੇ ਅਮਰਜੀਤ ਚੰਦਨ ਨੇ ਕੀਤਾ ਹੈ।