ਮਨਦੀਪ ਸਿੰਘ ਸਿੱਧੂ
ਚਮਨ ਲਾਲ ਛਾਬੜਾ ਉਰਫ਼ ਚਮਨ ਲਾਲ ‘ਸ਼ੁਗਲ’ ਦੀ ਪੈਦਾਇਸ਼ 1930 ਨੂੰ ਪਿੰਡ ਠੇਠਰਵਾਲੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਮਾਤਾ ਪੂਰਨ ਦੇਵੀ ਤੇ ਪਿਤਾ ਪ੍ਰੇਮ ਚੰਦ ਛਾਬੜਾ ਦੇ ਇਸ ਲਾਡਲੇ ਫ਼ਰਜ਼ੰਦ ਨੇ ਮੁੱਢਲੀ ਸਕੂਲੀ ਤਾਲੀਮ ਸਿਆਲਕੋਟ ਤੋਂ ਹਾਸਲ ਕੀਤੀ। ‘ਸ਼ੁਗਲ’ ਇਨ੍ਹਾਂ ਦਾ ਕਲਮੀ ਤਖ਼ੱਲਸ ਸੀ ਜੋ ਹਰ ਗੱਲ ’ਤੇ ਮਜ਼ਾਹ ਕਰਨ ਕਰਕੇ ਇਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ਮਨਸੂਬ ਹੋ ਗਿਆ ਸੀ। ਬੁਨਿਆਦੀ ਤੌਰ ’ਤੇ ਚਮਨ ਲਾਲ ‘ਸ਼ੁਗਲ’ ਪੰਜਾਬੀ ਦੇ ਉਮਦਾ ਸ਼ਾਇਰ ਤੇ ਗੀਤਕਾਰ ਸਨ।
1947 ਵਿੱਚ ਹੋਈ ਪੰਜਾਬ ਵੰਡ ਤੋਂ ਬਾਅਦ 17 ਸਾਲਾ ਚਮਨ ਆਪਣੇ ਮਾਤਾ-ਪਿਤਾ, ਭਰਾ ਸਾਧੂ ਰਾਮ ‘ਆਜ਼ਾਦ’ ਤੇ ਭੈਣ ਕੌਸ਼ੱਲਿਆ ਦੇਵੀ ਨਾਲ ਅੰਮ੍ਰਿਤਸਰ ਆਣ ਵੱਸਿਆ। ਇੱਥੇ ਆ ਕੇ ਉਸ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵੀ ਸਿੱਖੀ। ਇਸ ਤੋਂ ਬਾਅਦ ਰੁਜ਼ਗਾਰ ਵਜੋਂ ਆਪਣੇ ਭਰਾ ਨਾਲ ਮਿਲ ਕੇ ਪੇਂਟਿੰਗ ਦਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਦੋਵੇਂ ਭਰਾ ਉਰਦੂ ਦੇ ਬੋਰਡ ਲਿਖਦੇ ਸਨ। ਉਪਰੰਤ ਸਾਈਕਲ ਮੁਰੰਮਤ ਦਾ ਕੰਮ ਅਤੇ ਫਿਰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਗ੍ਰਾਮੋਫ਼ੋਨ ਮਸ਼ੀਨਾਂ ਠੀਕ ਕਰਨ ਦੀ ਦੁਕਾਨ ਖੋਲ੍ਹ ਲਈ। ਇੰਜ ਹੀ ਇੱਕ ਦਿਨ ਸ਼ੁਗਲ ਦੀ ਦੁਕਾਨ ’ਤੇ ਜੋਗਿੰਦਰ ਸਿੰਘ ਸਮਰਾ ਗ੍ਰਾਮੋਫ਼ੋਨ ਮਸ਼ੀਨ ਠੀਕ ਕਰਵਾਉਣ ਆਏ। ਮਸ਼ੀਨ ਦੀ ਮੁਰੰਮਤ ਦੌਰਾਨ ਸ਼ੁਗਲ ਨੇ ਉਨ੍ਹਾਂ ਨੂੰ ਆਪਣੇ ਲਿਖੇ ਕੁਝ ਗੀਤ ਗੁਣ-ਗੁਣਾ ਕੇ ਸੁਣਾ ਦਿੱਤੇ, ਜਿਨ੍ਹਾਂ ਨੂੰ ਸੁਣ ਕੇ ਸਮਰਾ ਬੜਾ ਮੁਤਾਸਿਰ ਹੋਇਆ।
ਜਦੋਂ ਜੋਗਿੰਦਰ ਸਿੰਘ ਸਮਰਾ ਨੇ ਆਪਣੀ ਕਹਾਣੀ, ਫ਼ਿਲਮਸਾਜ਼ੀ ਤੇ ਹਿਦਾਇਤਕਾਰੀ (ਸਹਾਇਕ ਸਤੀਸ਼ ਭਾਖੜੀ) ਵਿੱਚ ਆਪਣੇ ਫ਼ਿਲਮਸਾਜ਼ ਅਦਾਰੇ ਚੱਠਾ ਫ਼ਿਲਮਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਖੇਡ ਪ੍ਰੀਤਾਂ ਦੀ’ (1967) ਸ਼ੁਰੂ ਕੀਤੀ ਤਾਂ ਸ਼ੁਗਲ ਨੂੰ ਨਵੇਂ ਮਜ਼ਾਹੀਆ ਅਦਾਕਾਰ ਵਜੋਂ ਪੇਸ਼ ਕੀਤਾ। ਚਮਨ ਲਾਲ ‘ਸ਼ੁਗਲ’ ਨੇ ਗੋਪਾਲ ਸਹਿਗਲ ਨਾਲ ‘ਸ਼ੁਗਲ ਸਾਹਬ’ ਦਾ ਛੋਟਾ ਜਿਹਾ ਮਜ਼ਾਹੀਆ ਪਾਰਟ ਵੀ ਅਦਾ ਕੀਤਾ। ਫ਼ਿਲਮ ਵਿੱਚ ਐੱਸ. ਮਦਨ (ਸਹਾਇਕ ਸੁਰਿੰਦਰ ਕੋਹਲੀ) ਦੇ ਸੰਗੀਤ ਵਿੱਚ ਚਮਨ ਲਾਲ ‘ਸ਼ੁਗਲ’ ਦੇ ਲਿਖੇ 2 ਗੀਤ ‘ਓਏ-ਓਏ ਨੀਂ ਮੈਂ ਤਾਂ ਸੌ ਗਈ’ (ਕ੍ਰਿਸ਼ਨਾ ਕੱਲੇ, ਪਾਲ ਸਿੱਧੂ) ਅਤੇ ਦੂਜਾ ਦੇਸ਼ ਭਗਤੀ ਗੀਤ ‘ਜਾਗ ਉੱਠੇ ਧਰਤੀ ਦੇ ਲਾਲ’ ਬੜੇ ਪਸੰਦ ਕੀਤੇ ਗਏ। ਇਹ ਫ਼ਿਲਮ 12 ਮਈ 1967 ਨੂੰ ਅਸ਼ੋਕਾ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਜਦੋਂ ਐੱਸ. ਓਪੇਂਦਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨਿਊ ਪੰਜਾਬੀ ਫ਼ਿਲਮਜ਼, ਅੰਮ੍ਰਿਤਸਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ’ਚ ਪੰਜਾਬੀ ਫ਼ਿਲਮ ‘ਪੰਜਾਬੀ ਮੁੰਡਾ’ (1968) ਬਣਾਈ ਤਾਂ ਇਸ ਫ਼ਿਲਮ ਵਿੱਚ ਉਨ੍ਹਾਂ ਨੇ ਚਮਨ ਲਾਲ ਸ਼ੁਗਲ ਨੂੰ ਸ਼ੁਗਲ ‘ਅੰਮ੍ਰਿਤਸਰੀ’ ਦੇ ਨਾਮ ਨਾਲ ਪੇਸ਼ ਕੀਤਾ। ਫ਼ਿਲਮ ਵਿੱਚ ਸਬਿਤਾ ਦੇਵੀ ਤੇ ਸ਼ਿਵ ਕੁਮਾਰ (ਨਵਾਂ ਚਿਹਰਾ/ਪਤੀ ਇੰਦਰਾ ਬਿੱਲੀ) ਨੇ ਮਰਕਜ਼ੀ ਕਿਰਦਾਰ ਅਦਾ ਕੀਤੇ। ਕਹਾਣੀ ਤੇ ਮੰਜ਼ਰਨਾਮਾ ਐੱਸ. ਓਪੇਂਦਰ, ਗੀਤ ਗਿਆਨੀ ਧਨਵੰਤ ਸਿੰਘ ‘ਸ਼ੀਤਲ’ ਅਤੇ ਸੰਗੀਤ ਮਹੇਸ਼ ਰਾਜਦਾਨ (ਸਹਾਇਕ ਰਾਮ ਕ੍ਰਿਸ਼ਨ) ਨੇ ਤਰਤੀਬ ਦਿੱਤਾ। ਇਹ ਫ਼ਿਲਮ 14 ਅਗਸਤ 1970 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ’ਚ ਰਿਲੀਜ਼ ਹੋਈ।
ਚਮਨ ਲਾਲ ‘ਸ਼ੁਗਲ’ ਦੇ ਫ਼ਿਲਮਸਾਜ਼ ਅਦਾਰੇ ਹੈਪੀ ਫ਼ਿਲਮਜ਼, ਬੰਬੇ ਦੀ ਜੋਗਿੰਦਰ ਸਮਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੁੱਖੜਾ ਚੰਨ ਵਰਗਾ’ (1969) ’ਚ ਉਸ ਨੇ ‘ਨਲਾਇਕ ਜੀ’ ਦਾ ਰੋਲ ਅਦਾ ਕੀਤਾ ਜੋ ਹਰ ਗੱਲ ਅੜ-ਅੜ ਕੇ ਕਰਦਾ ਹੈ। ਇਸ ਬੈਨਰ ਦਾ ਨਾਮ ਉਨ੍ਹਾਂ ਨੇ ਆਪਣੇ ਪੁੱਤਰ ਹੈਪੀ ‘ਸ਼ੁਗਲ’ ਦੇ ਨਾਮ ’ਤੇ ਰੱਖਿਆ ਸੀ। ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਇੰਦਰਾ ਬਿੱਲੀ ਤੇ ਰਾਜਿੰਦਰ ਕਪੂਰ ਸਨ। ਕਹਾਣੀ, ਮੁਕਾਲਮੇ ਤੇ ਮੰਜ਼ਰਨਾਮਾ ਜੋਗਿੰਦਰ ਸਮਰਾ ਨੇ ਲਿਖਿਆ। ਸੰਗੀਤਕਾਰ ਸੁਰਿੰਦਰ ਕੋਹਲੀ (ਸਹਾਇਕ ਨਰਿੰਦਰ ਕਾਕਾ) ਦੇ ਸੰਗੀਤ ਵਿੱਚ ਚਮਨ ਲਾਲ ਸ਼ੁਗਲ ਦੇ ਲਿਖੇ 8 ਗੀਤ ‘ਚੜ੍ਹਿਆ ਨੀਂ ਮੈਨੂੰ ਸਾਲ ਸੋਲ੍ਹਵਾਂ’ (ਸ਼ਮਸ਼ਾਦ ਬੇਗ਼ਮ, ਕ੍ਰਿਸ਼ਨਾ ਕੱਲੇ), ‘ਜੱਟੀ ਧੁੱਪ ਵਿੱਚ ਭੱਤਾ ਲੈ ਕੇ ਆਈ’ (ਮਹਿੰਦਰ ਕਪੂਰ, ਕ੍ਰਿਸ਼ਨਾ ਕੱਲੇ), ‘ਹਾੜ੍ਹ ਮਹੀਨਾ…ਹੋਏ ਛੱਤਰੀ ਦੀ ਛਾਂ ਕਰਦੇ’ (ਕ੍ਰਿਸ਼ਨਾ ਕੱਲੇ, ਸੁਰਿੰਦਰ ਕੋਹਲੀ), ‘ਅਸੀਂ ਧੀਆਂ ਭਾਰਤ ਮਾਂ ਦੀਆਂ’ (ਕ੍ਰਿਸ਼ਨਾ ਕੱਲੇ), ‘ਕਿਸੇ ਤੱਤੜੀ ਦਾ ਲੁੱਟ ਗਿਆ ਰਾਂਝਾ’ (ਕ੍ਰਿਸ਼ਨਾ ਕੱਲੇ), ‘ਦੋ-ਤਿੰਨ-ਪੰਜ-ਤਿੰਨ ਹੋਏ ਪੂਰੇ ਅੱਠ’ (ਐੱਸ. ਬਲਬੀਰ, ਸ਼ਮਸ਼ਾਦ ਬੇਗ਼ਮ) ਗੀਤ ਬੜੇ ਮਕਬੂਲ ਹੋਏ, ਉੱਥੇ ਹੀ ਗਾਇਕ ਕੁੱਕੂ ਦੀ ਗਾਈ ਗ਼ਜ਼ਲ ‘ਵੇਖ ਲਈ ਯਾਰਾਂ ਨੇ ਯਾਰੀ ਯਾਰ ਦੀ’ ਬਹੁਤ ਪਸੰਦ ਕੀਤੀ ਗਈ। ਇਸ ਫ਼ਿਲਮ ਵਿੱਚ ਪਹਿਲੀ ਵਾਰ ਆਪਣੇ ਦੌਰ ਦੇ ਮਸ਼ਹੂਰ ਲੋਕ ਗਵੱਈਆ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਨਿਰਮਲ ਸਿੰਘ ਨਿਰਮਲ, ਮਿਲਖੀ ਰਾਮ ਤੇ ਨਰਿੰਦਰ ਬੀਬਾ ਨੇ ਵੀ ਲੋਕ ਟੱਪੇ ਪੇਸ਼ ਕੀਤੇ। 20 ਅਗਸਤ 1971 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ ਇਸ ਫ਼ਿਲਮ ਲਈ ਸ਼ੁਗਲ ਤੇ ਸਮਰੇ ਨੇ 5-5 ਹਜ਼ਾਰ ਦੀ ਰਕਮ ਆਪਣੇ ਕੋਲੋਂ ਲਾ ਕੇ ਇਹ ਫ਼ਿਲਮ ਮੁਕੰਮਲ ਕੀਤੀ ਸੀ।
ਰੂਪ ਕਿਰਨ ਪਿਕਚਰਜ਼, ਅੰਮ੍ਰਿਤਸਰ ਦੀ ਜੋਗਿੰਦਰ ਸਮਰਾ ਨਿਰਦੇਸ਼ਿਤ ਫ਼ਿਲਮ ‘ਮੇਲੇ ਮਿੱਤਰਾਂ ਦੇ’ (1972) ’ਚ ‘ਸ਼ੁਗਲ’ ਨੇ ਫੈਮਿਲੀ ਪਲਾਨ ਦੇ ਪ੍ਰਚਾਰਕ ‘ਖ਼ਾਹਮਖ਼ਾਹ’ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਮਜ਼ਾਹੀਆ ਅਦਾਕਾਰਾ ਟੁਨਟੁਨ ਉਰਫ਼ ਉਮਾ ਦੇਵੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਜਸਵੰਤ ਭੰਵਰਾ ਦੇ ਸੰਗੀਤ ਵਿੱਚ ਉਸ ਦੇ ਲਿਖੇ 7 ਗੀਤ ‘ਭਾਵੇਂ ਲੱਖ ਵਾਰੀ ਮੁੱਖ ਸਾਥੋਂ ਮੋੜ ਸੱਜਣਾ’ (ਕ੍ਰਿਸ਼ਨਾ ਕੱਲੇ), ‘ਜ਼ੁਲਫ਼ ਕਾਲੀ ਕਾਲੀ ਮੈਂ ਗੋਰੀ-ਗੋਰੀ’ (ਹੇਮਲਤਾ, ਸੁਰਿੰਦਰ ਕੋਹਲੀ), ‘ਕੋਈ ਦੁਖੀ ਹੋ ਕੇ ਦੁਨੀਆ ਨੂੰ ਛੱਡ ਚੱਲਿਆ’ (ਮਹਿੰਦਰ ਕਪੂਰ) ਆਦਿ ਤੋਂ ਇਲਾਵਾ ਮਹਿੰਦਰ ਕਪੂਰ ਦਾ ਗਾਇਆ ‘ਕਿਤੇ ਪਿਆਰ ਵਾਲਾ ਰੰਗ ਕਿਤੇ ਨਫ਼ਰਤਾਂ ਦੀ ਜੰਗ’ ਗੀਤ ਬੇਹੱਦ ਮਕਬੂਲ ਹੋਇਆ। ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਸ਼ੁਗਲ ਇਸ ਫ਼ਿਲਮ ਦੇ ਫ਼ਿਲਮਸਾਜ਼ (ਸਾਥੀ ਠਾਕੁਰ ਸਿੰਘ ਅਰੋੜਾ ਤੇ ਜੋਗਿੰਦਰ ਸਿੰਘ ਸਮਰਾ) ਵੀ ਸਨ। ਸ਼ੁਗਲ ਤੇ ਸਮਰੇ ਹੋਰਾਂ ਇਸ ਫ਼ਿਲਮ ਵਿੱਚ ਪੰਜਾਬ ਦੇ ਲੋਕ ਗਾਇਕ ਕੇ. ਦੀਪ ਤੇ ਬਿੱਲੂ ਭਾਖੜੀ (ਭਰਾ ਸਤੀਸ਼ ਭਾਖੜੀ) ਨੂੰ ਨਵੇਂ ਚਿਹਰਿਆਂ ਵਜੋਂ ਮੁਤਆਰਿਫ਼ ਕਰਵਾਇਆ। ਇਹ ਕਾਮਯਾਬ ਫ਼ਿਲਮ 27 ਅਕਤੂਬਰ 1972 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ’ਚ ਨੁਮਾਇਸ਼ ਹੋਈ। ਇਸ ਫ਼ਿਲਮ ਲਈ ਸ਼ੁਗਲ ਨੂੰ 1972 ਵਿੱਚ ਪੰਜਾਬ ਨਾਤਯਾ ਸੰਘ ਚੰਡੀਗੜ੍ਹ ਵੱਲੋਂ ‘ਬੈਸਟ ਕਾਮੇਡੀਅਨ’ ਦਾ ਐਵਾਰਡ ਵੀ ਦਿੱਤਾ ਗਿਆ। ਦਾਰਾ ਸਿੰਘ ਦੇ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਧਾਰਮਿਕ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ (1976) ’ਚ ਉਸ ਨੇ ‘ਬੰਸਾ ਰਾਮ’ ਦਾ ਕਿਰਦਾਰ ਨਿਭਾਇਆ। ਸਰਦਾਰ ਨਾਨਕ ਸਿੰਘ (ਨਾਲ ਮੋਹਨ ਸਿੰਘ ਬੱਗਾ) ਦੇ ਫ਼ਿਲਮਸਾਜ਼ ਅਦਾਰੇ ਨਾਨਕ ਮੂਵੀਜ਼, ਅੰਮ੍ਰਿਤਸਰ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਂਝਾ ਇੱਕ ਤੇ ਹੀਰਾਂ ਦੋ’ (1979) ’ਚ ਸ਼ੁਗਲ ਨੇ ਰਾਜਿੰਦਰ ਨਾਥ ਨਾਲ ਜੋੜੀਦਾਰ ਵਜੋਂ ‘ਭੋਲੂ’ ਦਾ ਮਜ਼ਾਹੀਆ ਪਾਰਟ ਅਦਾ ਕੀਤਾ।
ਠਾਕੁਰ ਤਪੱਸਵੀ (ਸਹਿਯੋਗੀ ਆਰ. ਕੇ. ਦੁੱਗਲ) ਦੇ ਫ਼ਿਲਮਸਾਜ਼ ਅਦਾਰੇ ਤਪੱਸਵੀ ਪ੍ਰੋਡਕਸ਼ਨਜ਼, ਬੰਬੇ ਦੀ ਕੰਵਰ ਜਗਦੀਸ਼ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਮਾਤਾ ਦਾ ਦਰਬਾਰ’ (1982) ’ਚ ਉਸ ਨੇ ਹੱਟੀ ਵਾਲੇ ‘ਲਾਲਾ’ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 29 ਅਪਰੈਲ 1983 ਨੂੰ ਲਕਸ਼ਮੀ ਪੈਲੇਸ, ਲੁਧਿਆਣਾ ਵਿਖੇ ਰਿਲੀਜ਼ ਹੋਈ। ਐੱਚ. ਐੱਸ. ਪਾਹਲ ਦੇ ਫ਼ਿਲਮਸਾਜ਼ ਅਦਾਰੇ ਪਾਹਲ ਬ੍ਰਦਰਜ਼ ਪ੍ਰੋਡਕਸ਼ਨਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਫ਼ਿਲਮ ‘ਰੂਪ ਸ਼ੌਕੀਨਣ ਦਾ’ (1983) ’ਚ ਚਮਨ ਲਾਲ ਸ਼ੁਗਲ ਨੇ ਖ਼ਾਨਦਾਨੀ ਹਕੀਮ ‘ਵਲੈਤੀ ਰਾਮ’ ਦਾ ਮਜ਼ਾਹੀਆ ਕਿਰਦਾਰ ਨਿਭਾਇਆ। ਇਹ ਫ਼ਿਲਮ 30 ਸਤੰਬਰ 1983 ਨੂੰ ਜੋਸ਼ੀ ਪੈਲੇਸ ਸਿਨਮਾ, ਫ਼ਿਰੋਜ਼ਪੁਰ ਵਿਖੇ ਰਿਲੀਜ਼ ਹੋਈ। ਕੰਵਲ ਬਿਆਲਾ ਦੇ ਫ਼ਿਲਮਸਾਜ਼ ਅਦਾਰੇ ਆਸ਼ੂਰਾਜ ਪਿਕਚਰਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਰੁਮਾਨੀ ਫ਼ਿਲਮ ‘ਸੋਹਣੀ ਮਹੀਵਾਲ’ (1984) ਵਿੱਚ ਚਮਨ ਲਾਲ ਸ਼ੁਗਲ ਨੇ ‘ਸੋਹਣੀ’ (ਦਲਜੀਤ ਕੌਰ) ਦੇ ‘ਮੰਦ ਬੁੱਧੀ ਸ਼ੌਹਰ’ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 13 ਜੁਲਾਈ 1984 ਨੂੰ ਗਗਨ ਸਿਨਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਨਾਗੀ ਇੰਟਰਪ੍ਰਾਈਸਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜਗ ਚਾਣਨ ਹੋਇਆ’ (1986) ’ਚ ਸੁਰਿੰਦਰ ਕੋਹਲੀ ਦੇ ਸੰਗੀਤ ਵਿੱਚ ਚਮਨ ਲਾਲ ‘ਸ਼ੁਗਲ’ ਨੇ ਫ਼ਿਲਮ ’ਚ ਚਾਰ ਗੀਤ ਲਿਖੇ ‘ਵਿੱਚ ਨਨਕਾਣੇ…ਸਤਿਗੁਰੂ ਨਾਨਕ ਬਖ਼ਸ਼ਣਹਾਰ’ (ਮੁਹੰਮਦ ਰਫ਼ੀ), ‘ਆਜਾ ਟੁੱਟ ਪੈਣਿਆ ਵੇ ਪਿਆਰ ਕਰ ਲੈ’ (ਮੀਨੂੰ ਪ੍ਰਸ਼ੋਤਮ, ਕਿਰਨ ਭਾਖੜੀ, ਮਹਿੰਦਰ ਕਪੂਰ), ‘ਨਾ ਜਾਵੀਂ ਸੱਜਣਾ ਦਿਲ ਦਾ ਸ਼ੀਸ਼ਾ ਤੋੜ ਕੇ’ (ਕਿਰਨ ਭਾਖੜੀ) ਤੇ ‘ਅੱਜ ਮੈਨੂੰ…ਓ ਮੇਰੇ ਛਣ-ਛਣ ਛਣਕ ਰਹੇ ਘੁੰਗਰੂ’ (ਮੀਨੂੰ ਪ੍ਰਸ਼ੋਤਮ) ਜੋ ਬੜੇ ਮਕਬੂਲ ਹੋਏ। ਪਹਿਲਾਂ ਇਹ ਫ਼ਿਲਮ ਤੇ ਇਸ ਦਾ ਈ. ਪੀ. ਰਿਕਾਰਡ ‘ਸਤਿਗੁਰੂ ਨਾਨਕ ਬਖਸ਼ਣਹਾਰ’ (1974) ਦੇ ਨਾਮ ਨਾਲ ਬਣਿਆ ਸੀ, ਪਰ ਕਿਸੇ ਧਾਰਮਿਕ ਵਿਵਾਦ ਦੇ ਚੱਲਦਿਆਂ ਇਹ ਫ਼ਿਲਮ 12 ਸਾਲਾਂ ਬਾਅਦ ‘ਜਗ ਚਾਣਨ ਹੋਇਆ’ (1986) ਦੇ ਨਾਮ ਨਾਲ ਸੈਂਸਰ ਹੋਈ।
1990ਵਿਆਂ ਦੇ ਦਹਾਕੇ ਵਿੱਚ ਸ਼ੁਗਲ ਨੇ ਸਿਰਫ਼ ਦੋ ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਕੀਤੀ। ਪਹਿਲੀ ਕਰਤਾਰ ਲੁਬਾਣਾ ਦੇ ਫ਼ਿਲਮਸਾਜ਼ ਅਦਾਰੇ ਲੁਬਾਣਾ ਪ੍ਰੋਡਕਸ਼ਨਜ਼, ਬੰਬੇ ਦੀ ਕੰਵਰ ਜਗਦੀਸ਼ ਨਿਰਦੇਸ਼ਿਤ ਫ਼ਿਲਮ ‘ਸ਼ਰੀਕਾ’ (1991) ’ਚ ਅੱਗ ਲਾਊ ‘ਭਾਈਆ’ ਦਾ ਕਿਰਦਾਰ ਅਦਾ ਕੀਤਾ। ਸ਼ੌਂਕੀ ਪ੍ਰੋਡਕਸ਼ਨਜ਼, ਬੰਬੇ ਦੀ ਠਾਕੁਰ ਤਪੱਸਵੀ ਨਿਰਦੇਸ਼ਿਤ ਐਕਸ਼ਨ ਫ਼ਿਲਮ ‘ਜੰਗ ਦਾ ਮੈਦਾਨ’ (1996) ’ਚ ਉਸ ਨੇ ‘ਸਿਪਾਹੀ’ ਦਾ ਰੋਲ ਕੀਤਾ।
ਪੰਜਾਬੀ ਫ਼ਿਲਮੀ ਗੀਤਾਂ ਤੋਂ ਇਲਾਵਾ 60 ਦੇ ਦਹਾਕੇ ਵਿੱਚ ਉਸ ਨੇ ਪੰਜਾਬ ਦੇ ਮਾਰੂਫ਼ ਪੰਜਾਬੀ ਲੋਕ ਗਵੱਈਆਂ ਲਈ ਵੀ ਅਨੇਕਾਂ ਖ਼ੂਬਸੂਰਤ ਲੋਕ ਗੀਤਾਂ ਦੀ ਰਚਨਾ ਕੀਤੀ ਜੋ ਗ੍ਰਾਮੋਫ਼ੋਨ ਰਿਕਾਰਡਾਂ (78 ਆਰਪੀਐੱਮ) ਯਾਨੀ ਪੱਥਰ ਦੇ ਤਵਿਆਂ ਵਿੱਚ ਜਾਰੀ ਹੋਏ। ਇਹ ਮਸ਼ਹੂਰ ਜ਼ਮਾਨਾ ਲੋਕ ਗੀਤ ਹਨ ‘ਘੁੰਡ ਕੱਢ ਲੈ ਨੀਂ ਬਿੱਲੋ’ ਤੇ ‘ਮੇਰੇ ਨਾਲ ਚੱਲ ਸਿਨਮਾ’ (ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ/ਜੀਈ 39563/1966), ‘ਦੁੱਧ ਲੈ ਕੇ ਚੱਲਿਆ ਮੈਂ ਸ਼ਹਿਰ ਗੋਰੀਏ’ (ਓਮ ਪ੍ਰਕਾਸ਼, ਸ਼ਕੁੰਤਲਾ/ਜੀਈ 39592/1967) ਆਦਿ ਤੋਂ ਇਲਾਵਾ ਈਪੀ (ਅਕਸਟੈਂਡ ਪਲੇਅ/45ਆਰਪੀਐੱਮ) ਤੇ ਐੱਲਪੀ (ਲੌਂਗ ਪਲੇਅ) ਰਿਕਾਰਡਾਂ ’ਚ ਚਮਨ ਲਾਲ ਸ਼ੁਗਲ ਦੇ ਲਿਖੇ ਕੁਝ ਹੋਰ ਮਕਬੂਲ ਲੋਕ ਗੀਤ ‘ਮਨ ਜਾ ਬਾਲਮਾ’ (ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ) ਤੇ ‘ਗੱਲਾਂ ਗੱਲਾਂ ਵਿੱਚ ਗੱਲ ਪਿਆਰ’ (ਆਸਾ ਸਿੰਘ ਮਸਤਾਨਾ/ਈਸੀਐੱਸਡੀ 2462/1970), ‘ਮੇਰੀ ਗੱਲ ਸੁਣੋ ਸਰਦਾਰ ਜੀ’ ਤੇ ‘ਬੁੱਢੜੀਏ ਆਜਾ ਨੀਂ’ (ਕੇ. ਦੀਪ, ਜਗਮੋਹਨ ਕੌਰ/7ਈਪੀਈ 1904), ‘ਦੋ ਛੜਿਆਂ ਨੂੰ ਫੋਟੋ ਲੱਭੀ’ (ਸੁਰਿੰਦਰ ਕੌਰ, ਨਰਿੰਦਰ ਕੌਰ/45 ਐੱਨ 93322/1971) ਆਦਿ ਦੀ ਲੰਬੀ ਸੂਚੀ ਹੈ।
ਚਮਨ ਲਾਲ ਸ਼ੁਗਲ ਨੇ ‘ਨਖਰਾ ਗੋਰੀ ਦਾ’ (1966), ‘ਰੰਗ ਰੰਗੀਲੇ ਗੀਤ’, ‘ਸਿਹਰੇ ਤੇ ਸਿੱਖਿਆ’ ਆਦਿ ਵਰਗੀਆਂ ਅਨੇਕਾਂ ਕਿਤਾਬਾਂ ਤੇ ਕਿੱਸੇ ਵੀ ਲਿਖੇ। ਇਸ ਤੋਂ ਇਲਾਵਾ ਜਲੰਧਰੋਂ ਛਪਦੇ ਸਪਤਾਹਿਕ ਅਖ਼ਬਾਰ ‘ਸਮਰਾਟ ਵੀਕਲੀ’ ’ਚ ਵੀ ਇਹ ‘ਨਹਿਲੇ ਤੇ ਦਹਿਲਾ’ ਹਾਸ-ਵਿਅੰਗ ਲਿਖਦੇ ਸਨ। ਉਨ੍ਹਾਂ ਨੂੰ ਉਮਰ ਦੇ ਆਖਰੀ ਦਿਨਾਂ ਵਿੱਚ ਕੁਝ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਕਰਵਾਏ ਗਏ ਪਹਿਲੇ ਪੰਜਾਬੀ ਫ਼ਿਲਮ ਫੈਸਟੀਵਲ ’ਚ ਉਸ ਨੂੰ ਉਮਦਾ ਗੀਤਕਾਰ ਦਾ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ (2007) ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਹੋਰਨਾਂ ਸਨਮਾਨਾਂ ਵਿੱਚੋਂ ਮੁਹੰਮਦ ਰਫ਼ੀ ਮੈਮੋਰੀਅਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਮੁਹੰਮਦ ਰਫ਼ੀ ਦੀ 10ਵੀਂ ਬਰਸੀ ਉੱਤੇ ਬਿਹਤਰੀਨ ਗੀਤਕਾਰ ਦਾ ‘ਸ੍ਰੀ ਮੁਹੰਮਦ ਰਫ਼ੀ ਸਾਹਿਬ ਐਵਾਰਡ’ (1990) ਦਿੱਤਾ ਗਿਆ।
ਚਮਨ ਲਾਲ ਸ਼ੁਗਲ ਦਾ ਵਿਆਹ ਜਨਕ ਰਾਣੀ ਨਾਲ ਹੋਇਆ ਸੀ। ਇਨ੍ਹਾਂ ਦੇ ਤਿੰਨ ਬੱਚੇ ਹਨ। ਦੋ ਪੁੱਤ ਰਵਿੰਦਰ ਵਿੱਦੂ, ਗੁਲਸ਼ਨ ਕੁਮਾਰ ਉਰਫ਼ ਹੈਪੀ ‘ਸ਼ੁਗਲ’ ਅਤੇ ਧੀ ਮੀਨਾ ਕੁਮਾਰੀ। ਉਨ੍ਹਾਂ ਨੇ ਆਪਣਾ ਆਖਰੀ ਸਮਾਂ ਅੰਮ੍ਰਿਤਸਰ ਦੇ ਮੁਹੱਲਾ ਨਵਾਂ ਕੋਟ (ਗਲੀ ਨੰਬਰ 2) ਸਥਿਤ ਘਰ ਵਿੱਚ ਬਿਤਾਏ, ਜਿੱਥੇ 18 ਜੂਨ 2007 ਨੂੰ 77 ਸਾਲਾਂ ਦੀ ਉਮਰ ਵਿੱਚ ਉਹ ਫ਼ੌਤ ਹੋ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਨੇ ਅੰਮ੍ਰਿਤਸਰ ਵਿੱਚ ‘ਸੀ. ਐੱਲ. ਸ਼ੁਗਲ ਮੈਮੋਰੀਅਲ ਸੁਸਾਇਟੀ’ ਵੱਲੋਂ ‘ਸੀ. ਐੱਲ. ਸ਼ੁਗਲ ਮੈਮੋਰੀਅਲ ਹਸਪਤਾਲ’ ਦੀ ਸਥਾਪਨਾ ਕੀਤੀ ਜੋ ਅੱਜਕੱਲ੍ਹ ਬੰਦ ਪਿਆ ਹੈ। ਚਮਨ ਲਾਲ ਸ਼ੁਗਲ ਦੀ ਮਜ਼ਾਹੀਆ ਵਿਰਾਸਤ ਨੂੰ ਉਨ੍ਹਾਂ ਦਾ ਪੁੱਤ ਹੈਪੀ ‘ਸ਼ੁਗਲ’ ਅੱਗੇ ਵਧਾ ਰਿਹਾ ਹੈ। ਇਸ ਦੇ ਨਾਲ ਹੀ ਸ਼ੁਗਲ ਸਾਹਬ ਦਾ ਭਾਣਜਾ ਸੁਰਿੰਦਰ ‘ਫ਼ਰਿਸ਼ਤਾ’ ਉਰਫ਼ ‘ਘੁੱਲੇ ਸ਼ਾਹ’ ਵੀ ਮਜ਼ਾਹੀਆ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਪੁਖ਼ਤਾ ਪਛਾਣ ਰੱਖਦਾ ਹੈ ਜੋ ਆਪਣੇ ਮਾਮਾ ਜੀ ਨੂੰ ਹੀ ਆਪਣਾ ਆਦਰਸ਼ ਮੰਨਦਾ ਹੈ।
ਸੰਪਰਕ: 97805-09545