ਗੁਰਦੇਵ ਸਿੰਘ ਸਿੱਧੂ
ਸ੍ਰੀ ਗੁਰੂ ਕਾ ਬਾਗ ਮੋਰਚੇ ਦੇ ਕੈਦੀਆਂ ਵਾਲੀ ਰੇਲ ਗੱਡੀ 30 ਅਕਤੂਬਰ 1922 ਨੂੰ ਪੰਜਾ ਸਾਹਿਬ ਪਹੁੰਚੀ ਤਾਂ ਸੰਗਤ ਨੇ ਉਨ੍ਹਾਂ ਨੂੰ ਲੰਗਰ ਪਾਣੀ ਛਕਾਉਣ ਲਈ ਗੱਡੀ ਨੂੰ ਰੋਕਣ ਦੀ ਬੇਨਤੀ ਕੀਤੀ। ਰੇਲ ਗੱਡੀ ਨੂੰ ਰੋਕਣ ਤੋਂ ਇਨਕਾਰ ਕਰਨ ਉੱਤੇ ਸੰਗਤ ਨੇ ਰੇਲਵੇ ਲਾਈਨ ’ਤੇ ਮੋਰਚਾ ਲਾ ਦਿੱਤਾ। ਇਹ ਲੇਖ ਇਸ ਸਾਕੇ ਬਾਰੇ ਜਾਣਕਾਰੀ ਦਿੰਦਾ ਹੈ।
ਗੁਰੂ ਨਾਨਕ ਦੇਵ ਜੀ ਅਰਬ ਮੁਲਕਾਂ ਦੀ ਉਦਾਸੀ ਤੋਂ ਪਰਤਦਿਆਂ 1521 ਈਸਵੀ ਵਿਚ ਹਸਨ ਅਬਦਾਲ ਦੇ ਸਥਾਨ ਉੱਤੇ ਰੁਕੇੇ। ਲੰਮਾ ਸਫ਼ਰ ਕਰਨ ਕਾਰਨ ਭਾਈ ਮਰਦਾਨੇ ਨੂੰ ਪਿਆਸ ਲੱਗੀ ਹੋਈ ਸੀ। ਉਸ ਨੇ ਇਸ ਬਾਰੇ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ। ਨੇੜਲਾ ਪਾਣੀ ਦਾ ਸਰੋਤ, ਜਿੱਥੋਂ ਪਾਣੀ ਪੀ ਕੇ ਪਿਆਸ ਬੁਝਾਈ ਜਾ ਸਕਦੀ ਸੀ, ਪਹਾੜੀ ਉੱਤੇ ਵਲੀ ਕੰਧਾਰੀ ਦਾ ਚਸ਼ਮਾ ਸੀ। ਗੁਰੂ ਜੀ ਵੱਲੋਂ ਇਸ ਬਾਰੇ ਦੱਸੇ ਜਾਣ ਉੱਤੇ ਭਾਈ ਮਰਦਾਨਾ ਪਹਾੜੀ ਚੜ੍ਹ ਕੇ ਚਸ਼ਮੇ ਕੋਲ ਗਿਆ। ਜਿਉਂ ਹੀ ਉਸ ਨੇ ਪਾਣੀ ਪੀਣ ਵਾਸਤੇ ਹੱਥ ਅੱਗੇ ਕੀਤੇ ਤਾਂ ਵਲੀ ਕੰਧਾਰੀ ਨੇ ਉਸ ਨੂੰ ਪਾਣੀ ਪੀਣ ਤੋਂ ਵਰਜ ਦਿੱਤਾ। ਪਿਆਸ ਦਾ ਸਤਾਇਆ ਭਾਈ ਮਰਦਾਨਾ ਵਾਪਸ ਗੁਰੂ ਨਾਨਕ ਦੇਵ ਜੀ ਕੋਲ ਆਇਆ ਤਾਂ ਉਨ੍ਹਾਂ ਨੇ ਭਾਈ ਮਰਦਾਨੇ ਨੂੰ ਫਿਰ ਵਲੀ ਕੰਧਾਰੀ ਵੱਲ ਭੇਜਿਆ। ਕਈ ਵਾਰ ਅਜਿਹਾ ਹੋਇਆ। ਹਰ ਵਾਰ ਵਲੀ ਕੰਧਾਰੀ ਨੇ ਨਾ ਕੇਵਲ ਭਾਈ ਮਰਦਾਨੇ ਨੂੰ ਹੀ ਮੰਦਾ ਬੋਲਿਆ ਸਗੋਂ ਗੁਰੂ ਨਾਨਕ ਦੇਵ ਜੀ ਬਾਰੇ ਵੀ ਬੇਅਦਬੀ ਵਾਲੇ ਅਪਸ਼ਬਦ ਕਹੇ। ਸਾਖੀਕਾਰ ਦੱਸਦੇ ਹਨ ਕਿ ਜਦ ਵਲੀ ਕੰਧਾਰੀ ਨੇ ਜ਼ਿਦ ਨਾ ਛੱਡੀ ਤਾਂ ਗੁਰੂ ਨਾਨਕ ਦੇਵ ਜੀ ਨੇ ਇਕ ਪੱਥਰ ਚੁੱਕਿਆ ਜਿਸ ਹੇਠੋਂ ਮਿੱਠੇ ਨਿਰਮਲ ਪਾਣੀ ਦਾ ਚਸ਼ਮਾ ਫੁੱਟਿਆ ਅਤੇ ਦੇਖਦਿਆਂ ਦੇਖਦਿਆਂ ਵਲੀ ਕੰਧਾਰੀ ਵਾਲਾ ਚਸ਼ਮਾ ਪਾਣੀ ਤੋਂ ਖਾਲੀ ਹੋ ਗਿਆ। ਕ੍ਰੋਧਵਾਨ ਵਲੀ ਕੰਧਾਰੀ ਨੇ ਗੁਰੂ ਜੀ ਨੂੰ ਚੋਟ ਪਹੁੰਚਾਉਣ ਵਾਸਤੇ ਇਕ ਵੱਡਾ ਪੱਥਰ ਉਨ੍ਹਾਂ ਵੱਲ ਰੋੜ੍ਹਿਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਪੰਜੇ ਨਾਲ ਰੋਕ ਲਿਆ ਅਤੇ ਉਸ ਪੱਥਰ ਉੱਤੇ ਪੰਜੇ ਦਾ ਨਿਸ਼ਾਨ ਪੈ ਗਿਆ। ਸਿੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਬਿਨਾਂ ਮੌਲਵੀ ਬੂਟੇ ਸ਼ਾਹ ਲਿਖਿਤ ‘ਤਾਰੀਖ-ਇ-ਪੰਜਾਬ’ ਅਤੇ ਸੋਹਨ ਲਾਲ ਸੂਰੀ ਲਿਖਿਤ ‘ਉਮਦਾਤੁੱ ਤਵਾਰੀਖ’ ਵਿਚ ਇਹ ਸਾਖੀ ਬਿਆਨ ਕੀਤੀ ਮਿਲਦੀ ਹੈ।
ਇਹ ਅਸਥਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 40 ਕੁ ਕਿਲੋਮੀਟਰ ਉੱਤਰ ਪੱਛਮ ਵਿਚ ਸਥਿਤ ਹੈ। ਚੌਦਵੀਂ ਪੰਦਰਵੀਂ ਸਦੀ ਵਿਚ ਸਥਾਨ ਦਾ ਨਾਉਂ ਹਰੋ ਸੀ ਅਤੇ ਇਹ ਹਿੰਦੂ, ਬੋਧੀ ਅਤੇ ਇਸਲਾਮ ਧਰਮ ਅਭਿਲੰਭੀਆਂ ਦਾ ਘੁੱਗ ਵਸਦਾ ਨਗਰ ਸੀ। ਪੰਦਰਵੀਂ ਸਦੀ ਵਿਚ ਅਫ਼ਗ਼ਾਨਿਸਤਾਨ ਤੋਂ ਆਏ ਹਸਨ ਅਬਦਾਲ ਨਾਉਂ ਦੇ ਇਕ ਮੁਸਲਮਾਨ ਫ਼ਕੀਰ ਨੇ ਇੱਥੇ ਇਕ ਪਹਾੜੀ, ਜਿੱਥੇ ਨਿਰਮਲ ਪਾਣੀ ਦਾ ਚਸ਼ਮਾ ਵਗਦਾ ਸੀ, ਨੂੰ ਟਿਕਾਣਾ ਬਣਾਇਆ। ਕੰਧਾਰ ਤੋਂ ਆਇਆ ਹੋਣ ਕਾਰਨ ਲੋਕ ਉਸ ਕਰਨੀ ਵਾਲੇ ਫ਼ਕੀਰ ਨੂੰ ਵਲੀ ਕੰਧਾਰੀ ਵੀ ਕਹਿੰਦੇ ਸਨ। ਥੋੜ੍ਹੇ ਸਮੇਂ ਵਿਚ ਹੀ ਆਪਣੇ ਸ਼ੁਭ ਗੁਣਾਂ ਕਾਰਨ ਉਸ ਫ਼ਕੀਰ ਨੇ ਲੋਕ ਮਨਾਂ ਵਿਚ ਥਾਂ ਮੱਲ ਲਈ ਅਤੇ ਉਸ ਦੇ ਨਾਉਂ ਉੱਤੇ ਹੀ ਕਸਬੇ ਦਾ ਨਾਂ ਪੈ ਗਿਆ। ਉਸ ਦੇ ਅੱਲ੍ਹਾ ਨੂੰ ਪਿਆਰੇ ਹੋ ਜਾਣ ਪਿੱਛੋਂ ਉਸ ਦੇ ਜਾਂਨਸ਼ੀਨ ਗੱਦੀਦਾਰ ਵੀ ਵਲੀ ਕੰਧਾਰੀ ਹੀ ਸੱਦੇ ਜਾਣ ਲੱਗੇ।
ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਬਾਵਜੂਦ ਸਿੱਖ ਵਸੋਂ ਖੇਤਰ ਤੋਂ ਦੂਰ ਹੋਣ ਕਾਰਨ ਲੰਮਾ ਸਮਾਂ ਇਹ ਸਥਾਨ ਅਣਗੌਲਿਆ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫ਼ਗ਼ਾਨ ਪਠਾਣਾਂ ਨੂੰ ਅਧੀਨ ਕਰਨ ਵਾਸਤੇ ਲਾਹੌਰ ਦਰਬਾਰ ਦੀ ਫ਼ੌਜ ਇਸ ਪਾਸੇ ਆਉਣੀ ਸ਼ੁਰੂ ਹੋਈ ਤਾਂ ਇਸ ਸਥਾਨ ਦਾ ਜ਼ਿਕਰ ‘ਪੰਜਾ ਸਾਹਿਬ’ ਦੇ ਹਵਾਲੇ ਨਾਲ ਹੋਣ ਲੱਗਾ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ 23 ਅਗਸਤ 1818 ਨੂੰ ਇਸ ਸਥਾਨ ਦੀ ਯਾਤਰਾ ਕੀਤੀ ਅਤੇ ਜ਼ਿਲ੍ਹਾ ਅਟਕ ਦਾ ਪਿੰਡ ਖਰਾ ਖੇਲ ਇਸ ਸਥਾਨ ਦੇ ਨਾਉਂ ਲਵਾ ਦਿੱਤਾ। 1823 ਵਿਚ ਸ. ਹਰੀ ਸਿੰਘ ਨਲੂਆ ਅਤੇ ਹੁਕਮ ਸਿੰਘ ਚਿਮਨੀ ਨੇ ਇਸ ਥਾਂ ਇਮਾਰਤ ਬਣਵਾਈ ਅਤੇ ਈਸ਼ਰ ਸਿੰਘ ਨਾਉਂ ਦੇ ਸਿੱਖ ਨੂੰ ਇਸ ਸਥਾਨ ਦੀ ਸਾਂਭ ਸੰਭਾਲ ਲਈ ਨਿਯੁਕਤ ਕੀਤਾ। ਪਿੱਛੋਂ ਸ. ਹਰੀ ਸਿੰਘ ਨਲੂਆ, ਦੀਵਾਨ ਕਿਸ਼ਨ ਕੰਵਰ ਅਤੇ ਸ. ਚਤਰ ਸਿੰਘ ਅਟਾਰੀ ਵਾਲਾ ਨੇ ਗੁਰਦੁਆਰਾ ਇਮਾਰਤ ਦੇ ਨੇੜੇ ਆਪਣੀਆਂ ਬਾਰਾਂਦਰੀਆਂ ਬਣਵਾਈਆਂ। 1836 ਵਿਚ ਦੂਜੀ ਵਾਰ ਮਹਾਰਾਜਾ ਰਣਜੀਤ ਸਿੰਘ ਪੰਜਾ ਸਾਹਿਬ ਆ ਕੇ ਨਤਮਸਤਕ ਹੋਇਆ। ਇਸ ਗੁਰਦੁਆਰੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਭਾਈ ਈਸ਼ਰ ਸਿੰਘ ਤੋਂ ਪਿੱਛੋਂ ਉਸ ਦੇ ਵੰਸ਼ਜਾਂ ਕੋਲ ਹੀ ਰਹੀ।
ਵੀਹਵੀਂ ਸਦੀ ਦੇ ਵੀਹਵਿਆਂ ਵਿਚ ਗੁਰਦੁਆਰਾ ਪੰਜਾ ਸਾਹਿਬ ਦੋ ਘਟਨਾਵਾਂ ਕਾਰਨ ਸਿੱਖ ਜਗਤ ਵਿਚ ਚਰਚਾ ਦਾ ਵਿਸ਼ਾ ਬਣਿਆ। 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸਿੱਖ ਸੰਗਤ ਦੇ ਪ੍ਰਤੀਨਿਧ ਭਾਈ ਤੇਜਾ ਸਿੰਘ ਭੁੱਚਰ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ। ਇਸ ਪਿੱਛੋਂ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਦੇ ਪ੍ਰਬੰਧ ਨੂੰ ਪੁਰਾਤਨ ਸਿੱਖੀ ਪਰੰਪਰਾਵਾਂ ਅਨੁਸਾਰ ਪੁਨਰ ਸਥਾਪਤ ਕਰਨ ਦੀ ਲੋੜ ਨੂੰ ਮੁੱਖ ਰੱਖਦਿਆਂ ਜਥੇਦਾਰ ਤੇਜਾ ਸਿੰਘ ਚੂਹੜਕਾਣਾ, ਜਥੇਦਾਰ ਕਰਤਾਰ ਸਿੰਘ ਝੱਬਰ ਆਦਿ ਇੱਥੇ ਹੀ ਠਹਿਰੇ ਹੋਏ ਸਨ ਕਿ ਹਸਨ ਅਬਦਾਲ ਦੇ ਇਲਾਕੇ ਦੀ ਸੰਗਤ ਨੇ ਗੁਰਦੁਆਰਾ ਪੰਜਾ ਸਹਬਿ ਦੇ ਮਹੰਤ ਸੰਤ ਸਿੰਘ ਦੀਆਂ ਮਨਮਤੀ ਕਾਰਵਾਈਆਂ ਦੀ ਸ਼ਿਕਾਇਤ ਕੀਤੀ। ਇਸ ਨੂੰ ਸੁਣ ਕੇ ਕਰਤਾਰ ਸਿੰਘ ਝੱਬਰ ਆਪਣੇ ਜਥੇ ਸਮੇਤ ਪੰਜਾ ਸਾਹਿਬ ਪੁੱਜ ਗਿਆ ਅਤੇ ਕਈ ਦਿਨ ਦੀ ਜਦੋਜਹਿਦ ਪਿੱਛੋਂ 20 ਨਵੰਬਰ 1922 ਤੋਂ ਇਸ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਗਤ ਵੱਲੋਂ ਨਾਮਜ਼ਦ ਕਮੇਟੀ ਦੇ ਹੱਥਾਂ ਵਿਚ ਆਇਆ।
ਦੋ ਸਾਲ ਪਿੱਛੋਂ ਪੰਜਾ ਸਾਹਿਬ ਮੁੜ ਸਿੱਖ ਜਗਤ ਵਿਚ ਚਰਚਾ ਦਾ ਵਿਸ਼ਾ ਬਣਿਆ। ਉਦੋਂ 22 ਅਗਸਤ ਤੋਂ ਸ਼ੁਰੂ ਹੋਇਆ ਗੁਰੂ ਕਾ ਬਾਗ ਦਾ ਮੋਰਚਾ ਸਿਖਰ ਉੱਤੇ ਸੀ। ਮੋਰਚੇ ਵਿਚ ਹਿੱਸਾ ਲੈਣ ਵਾਲੇ ਸੱਤਿਆਗ੍ਰਹੀਆਂ ਨੂੰ ਬੇਤਹਾਸ਼ਾ ਜ਼ੁਲਮ ਦਾ ਸ਼ਿਕਾਰ ਬਣਾਏ ਜਾਣ ਦੇ ਬਾਵਜੂਦ ਤਿੰਨ ਹਜ਼ਾਰ ਤੋਂ ਵਧੇਰੇ ਅਕਾਲੀ ਜੇਲ੍ਹਾਂ ਵਿਚ ਪਹੁੰਚ ਗਏ ਸਨ ਅਤੇ ਅਜੇ ਵੀ ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਲਈ ਆਉਣ ਵਾਲੇ ਅਕਾਲੀਆਂ ਦੀ ਗਿਣਤੀ ਵਿਚ ਕਮੀ ਨਹੀਂ ਸੀ ਆਈ ਅਤੇ ਅਕਾਲੀ ਧੜਾਧੜ ਗੁਰੂ ਕਾ ਬਾਗ ਪਹੁੰਚ ਰਹੇ ਸਨ। ਅਜਿਹੇ ਵਿਚ 25 ਅਕਤੂਬਰ ਨੂੰ ਸੂਬੇਦਾਰ ਅਮਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ 101 ਸਾਬਕਾ ਫ਼ੌਜੀਆਂ ਨੇ ਗ੍ਰਿਫ਼ਤਾਰੀ ਦਿੱਤੀ। ਇਸ ਜਥੇ ਨੂੰ ਅੰਮ੍ਰਿਤਸਰ ਲਿਜਾ ਕੇ 27 ਅਕਤੂਬਰ ਨੂੰ ਮੈਜਿਸਟ੍ਰੇਟ ਲਾਲਾ ਅਮਰ ਨਾਥ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਦੋਸ਼ ਹਿੰਦ ਦੰਡਾਵਲੀ ਦੀ ਧਾਰਾ 145 ਅਧੀਨ ਕਿਸੇ ਹੋਰ ਵਿਅਕਤੀ ਦੀ ਜਾਇਦਾਦ ਨੁੰ ਨੁਕਸਾਨ ਪਹੁੰਚਾਉਣ ਦਾ ਸੀ। ਵਡੇਰੀ ਉਮਰ ਦੇ ਕੁਝ ਅਕਾਲੀਆਂ ਨੂੰ ਛੱਡ ਕੇ ਬਾਕੀਆਂ ਨੂੰ ਸਜ਼ਾ ਦਿੱਤੀ ਗਈ ਦੋ ਦੋ ਸਾਲ ਦੀ ਕੈਦ ਬਾ-ਮੁਸ਼ੱਕਤ ਅਤੇ ਸੌ ਸੌ ਰੁਪਏ ਜੁਰਮਾਨਾ, ਜੁਰਮਾਨਾ ਨਾ ਭਰੇ ਜਾਣ ਦੀ ਸੂਰਤ ਵਿਚ ਛੇ ਛੇ ਮਹੀਨੇ ਦੀ ਹੋਰ ਕੈਦ ਸਖ਼ਤ ਭੁਗਤਣੀ ਪੈਣੀ ਸੀ। ਸਜ਼ਾ ਸੁਣਾ ਕੇ ਸਾਰੇ ਕੈਦੀਆਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹ ਜੇਲ੍ਹ ਪਹਿਲਾਂ ਹੀ ਕੈਦੀਆਂ ਨਾਲ ਤੁੰਨੀ ਪਈ ਸੀ। ਇਸ ਸਥਿਤੀ ਨੂੰ ਟਾਲਣ ਵਾਸਤੇ ਸਰਕਾਰ ਨੇ ਕੁਝ ਦਿਨ ਪਹਿਲਾਂ ਬੰਦੀਆਂ ਨੂੰ ਵੱਖ ਵੱਖ ਜੇਲ੍ਹਾਂ ਵਿਚ ਭੇਜਣ ਦੀ ਯੋਜਨਾ ਬਣਾ ਕੇ ਇਨ੍ਹਾਂ ਨੂੰ ਰੇਲ ਰਾਹੀਂ ਨਵੇਂ ਟਿਕਾਣਿਆਂ ਉੱਤੇ ਭੇਜਿਆ ਸੀ। ਕੁਝ ਕੈਦੀ ਅਟਕ ਦੇ ਕਿਲ੍ਹੇ ਵਿਚ ਬੰਦ ਕਰਨ ਲਈ ਭੇਜੇ ਗਏ ਸਨ। ਇਸ ਬਾਰੇ ਸਿੱਖ ਸੰਗਤ ਨੂੰ ਸੂਚਨਾ ਮਿਲੀ ਤਾਂ ਉਸ ਨੇ ਰਾਹ ਵਿਚ ਜਿਹਲਮ, ਰਾਵਲਪਿੰਡੀ ਆਦਿ ਸਟੇਸ਼ਨਾਂ ਉੱਤੇ ਗੱਡੀ ਰੁਕਣ ਸਮੇਂ ਅਕਾਲੀ ਬੰਦੀਆਂ ਦੀ ਲੰਗਰ ਪਾਣੀ ਨਾਲ ਸੇਵਾ ਕੀਤੀ। ਸਰਕਾਰ ਲਈ ਅਜਿਹਾ ਦ੍ਰਿਸ਼ ਦੇਖਣਾ ਅਸਹਿਣਸ਼ੀਲ ਸੀ। ਇਸ ਲਈ ਕੈਦੀਆਂ ਦੀ ਅਗਲੀ ਟੋਲੀ ਨੂੰ ਅਟਕ ਭੇਜਣ ਸਮੇਂ ਆਮ ਯਾਤਰੂਆਂ ਵਾਲੀ ਗੱਡੀ ਵਿਚ ਭੇਜਣ ਦੀ ਥਾਂ ਸਪੈਸ਼ਲ ਗੱਡੀ, ਜੋ ਰਸਤੇ ਵਿਚ ਕਿਧਰੇ ਨਾ ਰੁਕੇ, ਵਿਚ ਭੇਜਣ ਦਾ ਫ਼ੈਸਲਾ ਹੋਇਆ। ਇਹ ਗੱਡੀ 203 ਕੈਦੀਆਂ, ਜਿਨ੍ਹਾਂ ਵਿਚ ਬਹੁਗਿਣਤੀ ਸਾਬਕਾ ਫ਼ੌਜੀਆਂ ਦੀ ਸੀ, ਨੂੰ ਲੈ ਕੇ 29 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਹ ਸੂਚਨਾ ਪੰਜਾ ਸਾਹਿਬ ਪਹੁੰਚੀ ਤਾਂ ਉੱਥੋਂ ਦੀ ਸੰਗਤ ਨੇ ਪਿਛਲੇ ਦਿਨੀਂ ਬੰਦੀ ਅਕਾਲੀਆਂ ਨੂੰ ਲੰਗਰ ਨਾ ਛਕਾ ਸਕਣ ਕਾਰਨ ਹੋਏ ਅਫ਼ਸੋਸ ਤੋਂ ਮੁਕਤ ਹੋਣ ਲਈ ਇਸ ਵਾਰ ਮੌਕਾ ਨਾ ਖੁੰਝਾਉਣ ਦਾ ਐਲਾਨ ਕਰ ਦਿੱਤਾ। ਲੰਗਰ ਤਾਂ ਵਰਤਾਇਆ ਹੀ ਜਾਣਾ ਸੀ, ਲੋਕ ਵੱਡੇ ਤੜਕੇ ਦੁੱਧ, ਫਲ, ਮਠਿਆਈ ਆਦਿ ਲੈ ਕੇ ਰੇਲਵੇ ਸਟੇਸ਼ਨ ਉੱਤੇ ਪੁੱਜ ਗਏ। ਸਟੇਸ਼ਨ ਮਾਸਟਰ ਨਾਲ ਗੱਲ ਕਰਨ ਉੱਤੇ ਗੱਡੀ ਦੇ ਇਸ ਸਟੇਸ਼ਨ ਉੱਤੇ ਨਾ ਰੁਕਣ ਬਾਰੇ ਜਾਣਕਾਰੀ ਮਿਲੀ ਤਾਂ ਸੰਗਤ ਨੇ ਗਿਣੇ-ਮਿਥੇ ਵਕਤ ਲਈ ਗੱਡੀ ਰੋਕਣ ਦੀ ਬੇਨਤੀ ਕੀਤੀ ਤਾਂ ਜੋ ਰਾਤ ਤੋਂ ਭੁੱਖੇ ਪਿਆਸੇ ਕੈਦੀ ਵੀਰਾਂ ਦੀ ਲੰਗਰ ਪਾਣੀ ਦੀ ਸੇਵਾ ਕੀਤੀ ਜਾ ਸਕੇ। ਸਟੇਸ਼ਨ ਮਾਸਟਰ ਵੱਲੋਂ ਗੱਡੀ ਰੋਕਣ ਤੋਂ ਅਸਮਰੱਥਾ ਪ੍ਰਗਟਾਏ ਜਾਣ ਉੱਤੇ ਸੰਗਤ ਨੇ ਹਰ ਹੀਲੇ ਗੱਡੀ ਰੋਕਣ ਦਾ ਫ਼ੈਸਲਾ ਕਰ ਲਿਆ ਭਾਵੇਂ ਅਜਿਹਾ ਕਰਨ ਲਈ ਜਾਨਾਂ ਦੀ ਕੁਰਬਾਨੀ ਵੀ ਕਿਉਂ ਨਾ ਦੇਣੀ ਪਵੇ। ਜਿਉਂ ਹੀ ਮਰਗਲਾ ਦੱਰ੍ਹਾ ਪਾਰ ਕਰਨ ਉੱਤੇ ਗੱਡੀ ਦੇ ਇੰਜਣ ਦਾ ਧੂੰਆਂ ਦਿਖਾਈ ਦਿੱਤਾ, ਸੰਗਤ ‘‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’’ ਜੈਕਾਰਾ ਗੁੰਜਾਉਂਦੀ ਰੇਲ ਗੱਡੀ ਦੀ ਪਟੜੀ ਉੱਤੇ ਚੌਂਕੜੀ ਮਾਰ ਕੇ ਬੈਠ ਗਈ। ਸਭ ਤੋਂ ਅੱਗੇ ਭਾਈ ਕਰਮ ਸਿੰਘ, ਫਿਰ ਭਾਈ ਪ੍ਰਤਾਪ ਸਿੰਘ ਅਤੇ ਫਿਰ ਹੋਰ ਸੰਗਤ। ਰੇਲ ਦੇ ਡਰਾਈਵਰ ਨੇ ਪਟੜੀ ਉੱਤੇ ਬੰਦੇ ਬੈਠੇ ਦੇਖ ਕੇ ਉਨ੍ਹਾਂ ਨੂੰ ਦੂਰ ਹਟ ਜਾਣ ਦੀ ਸੀਟੀ ਵਜਾਈ, ਇਕ ਵਾਰ, ਦੋ ਵਾਰ ਅਤੇ ਫਿਰ ਲਗਾਤਾਰ ਵੱਜਦੀ ਸੀਟੀ। ਕਿਸੇ ਨੂੰ ਵੀ ਟੱਸ ਤੋਂ ਮੱਸ ਨਾ ਹੋਇਆ ਵੇਖ ਕੇ ਨਿਕਲਣ ਵਾਲੇ ਨਤੀਜੇ ਨੂੰ ਸੋਚਦਿਆਂ ਡਰਾਈਵਰ ਨੂੰ ਕੰਬਣੀ ਛਿੜ ਗਈ ਅਤੇ ਅਭੋਲ ਹੀ ਉਸ ਦੇ ਹੱਥ ਗੱਡੀ ਦੀ ਬ੍ਰੇਕ ਉੱਤੇ ਜਾ ਪਏ, ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਰੇਲ ਗੱਡੀ ਹੇਠ ਆ ਕੇ ਅੱਠ ਸਿੰਘ ਜ਼ਖ਼ਮੀ ਹੋ ਚੁੱਕੇ ਸਨ। ਵਧੇਰੇ ਜ਼ਖ਼ਮੀਆਂ ਵਿਚੋਂ ਅਗਲੇ ਦਿਨੀਂ ਪਹਿਲਾਂ ਭਾਈ ਕਰਮ ਸਿੰਘ ਅਤੇ ਫਿਰ ਭਾਈ ਪ੍ਰਤਾਪ ਸਿੰਘ ਸ਼ਹੀਦੀ ਜਾਮ ਪੀ ਗਏ। ਬਾਕੀ ਜ਼ਖ਼ਮੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਸਿੱਖ ਸੰਗਤ ਦੀ ਅਗਵਾਈ ਕਰ ਕੇ ਰੇਲਵੇ ਸਟੇਸ਼ਨ ਉੱਤੇ ਲਿਜਾਣ ਦੇ ਦੋਸ਼ ਵਿਚ ਪੰਜਾ ਸਾਹਿਬ ਗੁਰਦੁਆਰੇ ਦੇ ਸਹਾਇਕ ਮੈਨੇਜਰ ਭਾਈ ਅਵਤਾਰ ਸਿੰਘ ਖਿਲਾਫ਼ ਰੇਲਵੇ ਐਕਟ ਦੀ ਧਾਰਾ 128 ਅਧੀਨ ਮੁਕੱਦਮਾ ਚਲਾਇਆ ਜਿਸ ਵਿਚ ਉਸ ਨੂੰ ਦੋ ਸਾਲ ਕੈਦ ਬਾ-ਮੁਸ਼ੱਕਤ ਸਜ਼ਾ ਸੁਣਾਈ ਗਈ।
ਦੇਸ਼ ਵੰਡ ਹੋਣ ਤੱਕ ਇਸ ਸਾਕੇ ਦੀ ਯਾਦ ਵਿਚ ਪੰਜਾ ਸਾਹਿਬ ਗੁਰਦੁਆਰੇ ਵਿਚ ਹਰ ਸਾਲ 14, 15 ਅਤੇ 16 ਕੱਤਕ ਨੂੰ ਜੋੜ ਮੇਲਾ ਕੀਤਾ ਜਾਂਦਾ ਰਿਹਾ।
ਹੋਰਨਾਂ ਧਾਰਮਿਕ-ਰਾਜਸੀ ਘਟਨਾਵਾਂ ਵਾਂਗ ਇਸ ਘਟਨਾ ਨੇ ਵੀ ਪੰਜਾਬੀ ਕਵੀਆਂ ਦੇ ਹਿਰਦੇ ਨੂੰ ਟੁੰਬਿਆ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਰਚਨਾ ਦਾ ਵਿਸ਼ਾ ਬਣਾਇਆ। ਪੰਜਾਬੀ ਕਵੀਆਂ ਸੋਹਨ ਸਿੰਘ ‘ਸੀਤਲ’, ਦੇਵਾ ਸਿੰਘ ‘ਕਿਰਤੀ’ ਗੁੱਜਰਾਂਵਾਲੀਆ, ਨਿਧਾਨ ਸਿੰਘ ‘ਆਲਮ’ ਭੁੱਟੀਵਾਲਾ (ਮੁਕਤਸਰ), ਬਖਸ਼ੀ ਈਸਾਈ ਅੰਮ੍ਰਿਤਸਰ, ਬੂਟਾ ਸਿੰਘ ‘ਲੈਹਰੀ’, ਮਹਾਂ ਸਿੰਘ ਗੁੜੇ (ਲੁਧਿਆਣਾ) ਆਦਿ ਨੇ ਇਸ ਘਟਨਾ ਨੂੰ ਕਾਵਿ ਰੂਪ ਵਿਚ ਬਿਆਨ ਕੀਤਾ। ਇਹ ਪ੍ਰਸੰਗ ਲਿਖਣ ਵਾਸਤੇ ਕਵੀਆਂ ਨੇ ਰਵਾਇਤੀ ਛੰਦਾਂ ਕਬਿੱਤ, ਕੋਰੜਾ, ਬੈਂਤ ਆਦਿ ਦੀ ਵਰਤੋਂ ਤਾਂ ਕੀਤੀ ਹੀ ਹੈ, ਸੋਹਨ ਸਿੰਘ ‘ਸੀਤਲ’ ਨੇ ਇਕ ਨਵੇਂ ‘ਗੱਡੀ’ ਛੰਦ ਦੀ ਸਿਰਜਨਾ ਵੀ ਕੀਤੀ। ਇਹ ਛੰਦ ਇਨ੍ਹਾਂ ਪੰਕਤੀਆਂ ਨਾਲ ਸ਼ੁਰੂ ਹੁੰਦਾ ਸੀ:
ਗੱਡੀ ਭਰ ਕੇ ਸਪੈਸ਼ਲ ਤੋਰੀ, ਅੰਮ੍ਰਿਤਸਰ ਸ਼ਹਿਰ ਤੋਂ,
ਜੀਹਦੇ ਵਿਚ ਸੀ ਪੈਨਸ਼ਨੀ ਸਾਰੇ, ਕੈਦ ਕੀਤੇ ਗੁਰੂ ਬਾਗ ਚੋਂ…
ਅਤੇ ਅੰਤ ਦਾ ਤੋੜਾ ਸੀ:
ਮੱਲ ਲਈ! ਮੱਲ ਲਈ!!
ਖਾਲਸੇ ਨੇ ਰੱਤ ਡੋਲ੍ਹ ਕੇ ਗੱਡੀ ਠੱਲ੍ਹ ਲਈ।
ਇਕ ਰਾਤ ਦੇ ਭੁੱਖਣ ਭਾਣੇ ਕੁਝ ਸੈਂਕੜੇ ਵਿਅਕਤੀਆਂ ਨੂੰ ਲੰਗਰ ਛਕਾਉਣ ਵਾਸਤੇ ਜਾਨਾਂ ਉੱਤੇ ਖੇਡ ਜਾਣ ਵਾਲੇ ਇਨ੍ਹਾਂ ਮਰਜੀਵੜਿਆਂ ਦੇ ਵਾਰਸ ਅੱਜ ਕਰੋੜਾਂ ਦੇਸ਼ਵਾਸੀਆਂ ਨੂੰ ਪੇਟ ਭਰਨ ਵਾਸਤੇ ਹੱਥਾਂ ਵਿਚ ਠੂਠੇ ਫੜ੍ਹਨ ਲਈ ਮਜਬੂਰ ਕਰਨ ਵਾਲੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੁੜ ਤਲੀਆਂ ਉੱਤੇ ਸਿਰ ਰੱਖੀ ਬੈਠੇ ਹਨ। ਭਾਵੇਂ ਪੰਜਾ ਸਾਹਿਬ ਦੀ ਘਟਨਾ ਵਿਚ ਦੋ ਸ਼ਹੀਦਾਂ ਦਾ ਲਹੂ ਪੀ ਕੇ ਰੇਲ ਇੰਜਣ ਦੀ ਪਿਆਸ ਬੁਝ ਗਈ ਸੀ, ਪਰ ਵਰਤਮਾਨ ਰੱਤ ਪੀਣੇ ‘ਇੰਜਣ’ ਦੀ ਪਿਆਸ ਬੁਝਾਉਣ ਵਾਸਤੇ ਕਿੰਨੇ ਸੂਰਮਿਆਂ ਨੂੰ ਕੁਰਬਾਨੀ ਦੇਣੀ ਪਵੇਗੀ, ਇਹ ਅਨੁਮਾਨ ਲਾਉਣਾ ਕਠਿਨ ਹੈ।
ਪੰਜਾ ਸਾਹਿਬ ਦੇ ਸ਼ਹੀਦ
ਭਾਈ ਪ੍ਰਤਾਪ ਸਿੰਘ: ਅਕਾਲਗੜ੍ਹ ਜ਼ਿਲ੍ਹਾ ਗੁੱਜਰਾਂਵਾਲਾ ਦੇ ਵਸਨੀਕ ਸ. ਸਰੂਪ ਸਿੰਘ ਅਤੇ ਮਾਤਾ ਪ੍ਰੇਮ ਕੌਰ ਦਾ ਪੁੱਤਰ ਪਰਤਾਪ ਸਿੰਘ ਗੱਭਰੂ ਹੋ ਕੇ ਸੈਨਾ ਵਿਚ ਕਲਰਕ ਭਰਤੀ ਹੋ ਗਿਆ। ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਅਕਾਲੀ ਦਲ ਨੇ ਅੰਗਰੇਜ਼ ਸਰਕਾਰ ਪ੍ਰਤੀ ਰੋਸ ਪ੍ਰਗਟਾਵੇ ਵਜੋਂ ਕਾਲੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਤਾਂ ਪ੍ਰਤਾਪ ਸਿੰਘ ਵੀ ਕਾਲੀ ਪੱਗ ਬੰਨ੍ਹਣ ਲੱਗ ਪਿਆ। ਸੈਨਿਕ ਅਧਿਕਾਰੀਆਂ ਨੇ ਅਜਿਹਾ ਕਰਨ ਨੂੰ ਸੈਨਿਕ ਜ਼ਬਤ ਦੀ ਉਲੰਘਣਾ ਐਲਾਨਿਆ ਅਤੇ ਪ੍ਰਤਾਪ ਸਿੰਘ ਦਾ ਨਾਂ ਸੈਨਾ ਵਿਚੋਂ ਕੱਟ ਦਿੱਤਾ। ਪਿੱਛੋਂ ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਸ ਨੂੰ ਮੈਨੇਜਰ ਵਜੋਂ ਨਿਯੁਕਤ ਕਰ ਲਿਆ। ਸ਼ਹੀਦ ਹੋਣ ਸਮੇਂ ਉਸ ਦੀ ਉਮਰ 23 ਸਾਲ 7 ਮਹੀਨੇ ਸੀ।
ਭਾਈ ਕਰਮ ਸਿੰਘ: ਭਾਈ ਕਰਮ ਸਿੰਘ ਆਨੰਦਪੁਰ ਦਾ ਵਸਨੀਕ ਸੀ। ਉਸ ਦੇ ਪਿਤਾ ਦਾ ਨਾਂ ਭਾਈ ਭਗਵਾਨ ਸਿੰਘ ਅਤੇ ਮਾਤਾ ਦਾ ਨਾਉਂ ਰੂਪ ਕੌਰ ਸੀ। ਪਿਤਾ ਅਤੇ ਪੁਰਖੇ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਚ ਸੇਵਾ ਕਰਦੇ ਹੋਣ ਕਾਰਨ ਉਸ ਨੂੰ ਗੁਰੂ ਘਰ ਨਾਲ ਪਿਆਰ ਵਿਰਸੇ ਵਿਚ ਹੀ ਪ੍ਰਾਪਤ ਹੋਇਆ। ਉਹ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਸਮੇਤ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ। ਸ਼ਹੀਦੀ ਸਮੇਂ ਉਸ ਦੀ ਉਮਰ 36 ਸਾਲ ਸਾਢੇ ਨੌਂ ਮਹੀਨੇ ਸੀ।