ਸੁਰਿੰਦਰ ਸਿੰਘ ਤੇਜ
ਜੌਹਨ ਲਿ ਕੈਰੇ (John Le Carre) ਦੇ ਲੇਖਣ ਨਾਲ ਮੇਰੀ ਜਾਣ-ਪਛਾਣ 1980 ਵਿਚ (ਸਵਰਗੀ) ਹਰਭਜਨ ਹਲਵਾਰਵੀ ਰਾਹੀਂ ਹੋਈ। ਉਨ੍ਹਾਂ ਨੇ ਉਸ ਦੀ ਇਕ ਕਿਤਾਬ ‘ਦਿ ਨਾਈਵ ਐਂਡ ਦਿ ਸੈਂਟੀਮੈਂਟਲ ਲਵਰ’ (The Naive and the Sentimental Lover) ਮੈਨੂੰ ਕਿਸੇ ਤਰਜਮੇ ਬਦਲੇ ਇਨਾਮ ਵਜੋਂ ਦਿੱਤੀ। ਨਾਲ ਹੀ ਉਨ੍ਹਾਂ ਦੀ ਟਿੱਪਣੀ ਸੀ: ‘‘ਤੂੰ ਪੜ੍ਹ ਲਵੇਂਗਾ। ਮੈਂ ਬੂਰਜੂਆ ਸਾਹਿਤ ਨਹੀਂ ਪੜ੍ਹਦਾ।’’ ਇਹ ਨਾਵਲ ਭਾਵੇਂ ਲਿ ਕੈਰੇ ਦੀ ਸਭ ਤੋਂ ਘੱਟ ਵਿਕੀ ਕਿਤਾਬ ਸੀ, ਫਿਰ ਵੀ ਉਸ ਦੀ ਲੇਖਣੀ ਦੀ ਨਫ਼ਾਸਤ ਨੇ ਮੈਨੂੰ ਉਸ ਦਾ ਮੁਰੀਦ ਬਣਾ ਦਿੱਤਾ। ਮਸਤਾਨੀਆਂ ਜੇਬ੍ਹਾਂ ਵਾਲੇ ਦਿਨ ਸਨ ਉਹ। ਲਿਹਾਜ਼ਾ, ਹੋਰ ਕਿਤਾਬਾਂ ਪੜ੍ਹਨ ਲਈ ਲਾਇਬਰੇਰੀਆਂ ਛਾਨਣੀਆਂ ਪਈਆਂ। ਸਭ ਤੋਂ ਪਹਿਲਾਂ ਕਈ ਭਰਮ ਦੂਰ ਹੋਏ। ਜਿਵੇਂ ਕਿ ਨਾਮ ਤੋਂ ਭੁਲੇਖਾ ਪੈਂਦਾ ਹੈ, ਉਹ ਫਰਾਂਸੀਸੀ ਜਾਂ ਬੈਲਜੀਅਨ ਨਹੀਂ ਸੀ। ਅੰਗਰੇਜ਼ ਡੇਵਿਡ (ਜੌਹਨ ਮੂਰ) ਕੌਰਨਵੈੱਲ ਸੀ। ਜੌਹਨ ਲਿ ਕੈਰੇ ਉਸ ਦਾ ਕਲਮੀ ਨਾਮ ਸੀ। ਇਸ ਨਾਮ ਰਾਹੀਂ ਉਸ ਨੇ ਇਕ ਨਵੀਂ ਸਾਹਿਤਕ ਵਿਧਾ ਜਾਂ ਪਰੰਪਰਾ ਵਿਕਸਿਤ ਕੀਤੀ: ਅਦਬੀ ਜਾਸੂਸੀ ਨਾਵਲ। ਇਸ ਵਿਧਾ ਦੇ ਨਾਇਕ ਜੇਮਜ਼ ਬੌਂਡਨੁਮਾ ਹਰਫ਼ਨਮੌਲਾ ਜਾਸੂਸ ਨਹੀਂ ਹੁੰਦੇ; ਖਲਨਾਇਕ ਵੀ ਵਹਿਸ਼ੀ ਦਰਿੰਦੇ ਨਹੀਂ ਹੁੰਦੇ। ਸਾਰੇ ਹੀ ਸਾਡੇ ਵਰਗੇ ਇਨਸਾਨ ਹਨ; ਸਹਿਮਾਂ ਤੇ ਤੌਖ਼ਲਿਆਂ ਨਾਲ ਘੁਲਣ ਵਾਲੇ, ਇਖ਼ਲਾਕੀ ਵਲਵਲਿਆਂ ਤੇ ਦੁਚਿੱਤੀਆਂ ਵਿਚੋਂ ਗੁਜ਼ਰਨ ਵਾਲੇ, ਆਦਰਸ਼ਾਂ ਤੇ ਫ਼ਰੇਬਾਂ ਦਾ ਮੇਲ-ਕੁਮੇਲ। ਜਾਸੂਸ ਜਾਂ ਪੇਸ਼ੇਵਰ ਅਪਰਾਧੀ ਹੋਣ ਦੇ ਬਾਵਜੂਦ ਹਿੰਸਕ ਕਾਰਿਆਂ ਤੋਂ ਗੁਰੇਜ਼ ਤੇ ਪਰਹੇਜ਼ ਕਰਨ ਵਾਲੇ।
ਅਕਤੂਬਰ 1931 ਵਿਚ ਜਨਮਿਆ ਲਿ ਕੈਰੇ ਨੌਂ ਦਿਨ ਪਹਿਲਾਂ 12 ਦਸੰਬਰ ਨੂੰ ਇਸ ਜਹਾਨ ਤੋਂ ਰੁਖ਼ਸਤ ਹੋਇਆ। ਹਾਲ ਦੀ ਘੜੀ ਕੋਈ ਵੀ ਹੋਰ ਲੇਖਕ ਅਜਿਹਾ ਨਹੀਂ ਜਿਸ ਨੂੰ ਉਸ ਦਾ ਵਾਰਿਸ ਮੰਨਿਆ ਜਾ ਸਕੇ। ਪੱਛਮ ਵਿਚ ਜਾਸੂਸੀ ਨਾਵਲ ਲੇਖਣ ਮੋਟੀ ਕਮਾਈ ਵਾਲਾ ਧੰਦਾ ਹੈ। ਇਸ ਲੇਖਣ-ਕਲਾ ਲਈ ਇਨਾਮ-ਸਨਮਾਨ ਵੀ ਬਹੁਤ ਹਨ। ਬੜੀ ਮਿਹਨਤ ਤੇ ਖੋਜ ਕਰਦੇ ਹਨ ਬਹੁਤੇ ਨਾਮਵਰ ਲੇਖਕ ਅਜਿਹਾ ਸਾਹਿਤ ਰਚਣ ਲਈ। ਇਸ ਦੇ ਬਾਵਜੂਦ ਇਸ ਲੇਖਣ ਨੂੰ ਸੱਚਾ-ਸੁੱਚਾ ਅਦਬ ਨਹੀਂ ਮੰਨਿਆ ਜਾਂਦਾ, ਮਨੋਰੰਜਨ ਸਾਹਿਤ ਹੀ ਗਿਣਿਆ ਜਾਂਦਾ ਹੈ। ਲਿ ਕੈਰੇ ਨੇ ਇਨ੍ਹਾਂ ਦੋਵਾਂ ਦੇ ਪਾੜੇ ਨੂੰ ਮੇਟਿਆ। ਉਸ ਨੂੰ ਲੇਖਣ ਦੇ ਇਨ੍ਹਾਂ ਦੋਵਾਂ ਜਗਤਾਂ ਨੇ ਸਲਾਹਿਆ ਤੇ ਥਾਪੜਿਆ ਵੀ ਖ਼ੂਬ। ਗ੍ਰਾਹਮ ਗਰੀਨ ਨੇ ਉਸ ਨੂੰ ਨੋਬੇਲ ਪੁਰਸਕਾਰ ਦਾ ਹੱਕਦਾਰ ਦੱਸਿਆ। ਪਰ ਲਿ ਕੈਰੇ ਨੇ ਖ਼ੁਦ ਨੂੰ ਇਨਾਮਾਂ-ਸਨਮਾਨਾਂ ਤੋਂ ਦੂਰ ਰੱਖਿਆ। ਇਹ ਉਸ ਦੀ ਨਿੱਜੀ ਚੋਣ ਸੀ। ਉਹ ਅਸਾਧਾਰਨ ਹੋ ਕੇ ਵੀ ਸਾਧਾਰਨ ਬਣਿਆ ਰਹਿਣਾ ਚਾਹੁੰਦਾ ਸੀ। ਆਪਣੇ ਨਾਵਲਾਂ ਦੇ ਅਹਿਮ ਪਾਤਰ ਜੌਰਜ ਸਮਾਇਲੀ ਵਾਂਗ। ਸਮਾਇਲੀ ਉਸ ਦੇ 24 ਨਾਵਲਾਂ ਵਿਚੋਂ 13 ਵਿਚ ਮੌਜੂਦ ਰਿਹਾ; ਪੰਜ ਵਿਚ ਮੁੱਖ ਕਿਰਦਾਰ ਵਜੋਂ, ਬਾਕੀ ਅੱਠਾਂ ਵਿਚ ਹੋਰਨਾਂ ਵੱਡੇ-ਛੋਟੇ ਰੂਪਾਂ ਵਿਚ। ਉਹ ਬੌਂਡ ਜਾਂ ਹੋਰਨਾਂ ਪੱਛਮੀ ਜਾਸੂਸੀ ਨਾਇਕਾਂ ਵਾਂਗ ਜ਼ਹੀਨ, ਦਿਲਫ਼ਰੇਬ, ਦਲੇਰ, ਮਰਦਾਵਾਂ ਤੇ ਖੜਬਾਂਕਾ ਨੌਜਵਾਨ ਨਹੀਂ ਸੀ, ਔਸਤ ਕੱਦ, ਢਿੱਲੇ-ਢਾਲੇ ਲਬਿਾਸ ਤੇ ਮੋਟੇ-ਠੁੱਲ੍ਹੇ ਨਕਸ਼ਾਂ ਵਾਲਾ ਮੱਧਵਰਗੀ ਇਨਸਾਨ ਸੀ। ਬ੍ਰਿਟਿਸ਼ ਖ਼ੁਫ਼ੀਆ ਏਜੰਸੀ ਵਿਚ ਦਰਮਿਆਨੇ ਪੱਧਰ ’ਤੇ ਹੋਣ ਕਾਰਨ ਝੋਰਿਆਂ ਤੇ ਝਮੇਲਿਆਂ ’ਚ ਲਿਪਤ। ਫ਼ਰਜ਼ਾਂ ਪ੍ਰਤੀ ਸੁਚੇਤ, ਪਰ ਫਰਜ਼ਸ਼ੱਨਾਸੀ ਨੂੰ ਆਸਤੀਨ ’ਤੇ ਨਾ ਪਹਿਨਣ ਵਾਲਾ। ਉਸ ਦੀ ਕਹਿਣੀ-ਕਰਨੀ ਵਿਚੋਂ ਲੇਖਕ ਦੀ ਸ਼ਖ਼ਸੀਅਤ ਝਲਕਣ ਦਾ ਆਭਾਸ ਹੁੰਦਾ ਸੀ। ਪਰ ਹਕੀਕਤ ਇਸ ਤੋਂ ਉਲਟ ਸੀ: ਲਿ ਕੈਰੇ ਉਰਫ਼ ਕੌਰਨਵੈੱਲ ਸੁਨੱਖਾ, ਲੰਮਾ-ਉੱਚਾ, ਸਲੀਕੇਦਾਰ, ਲਬਿਾਸਦਾਰ ਅਤੇ ਧੌਲਪੁਣੇ ਦੇ ਸਿਖ਼ਰ ਸਮੇਂ ਵੀ ਸੀਨਾ ਤਾਣ ਕੇ ਤੁਰਨ ਵਾਲਾ ਇਨਸਾਨ ਸੀ। ਅਜਿਹੀ ਕਾਠੀ ਤੇ ਮਿਜ਼ਾਜ ਦੇ ਬਾਵਜੂਦ ਸਮਾਇਲੀ ਨਾਲ ਉਸ ਦੀਆਂ ਕੁਝ ਸਮਾਨਤਾਵਾਂ ਵੀ ਸਨ। ਉਹ ਵੀ ਬ੍ਰਿਟਿਸ਼ ਬਾਹਰੀ ਖ਼ੁਫ਼ੀਆ ਸੇਵਾ (ਐਮ16) ਵਿਚ ਰਿਹਾ। ਤਕਰੀਬਨ ਵੀਹ ਵਰ੍ਹੇ ਉਹ ਵੀ ਦਰਮਿਆਨੇ ਪੱਧਰ ਦੇ ਅਧਿਕਾਰੀ ਵਾਲੇ ਰੁਤਬੇ ’ਤੇ ਰਿਹਾ। ਸਮਾਇਲੀ ਵਾਂਗ ਉਹ ਵੀ ਜ਼ਮੀਨ ਤੇ ਜ਼ਮੀਰ ਨਾਲ ਜੁੜਿਆ ਰਿਹਾ ਅਤੇ ਇਖ਼ਲਾਕੀ ਦੁਬਿਧਾਵਾਂ ਨਾਲ ਘੁਲਦਾ ਰਿਹਾ।
ਲਿ ਕੈਰੇ ਕਮਿਊਨਿਸਟ-ਵਿਰੋਧੀ ਸੀ, ਪਰ ਸਿਰਫ਼ ਵਿਚਾਰਧਾਰਕ ਪੱਧਰ ’ਤੇ। ਉਸ ਨੇ ਆਪਣੇ ਨਾਵਲਾਂ ਨੂੰ ਸਾਮਵਾਦ-ਵਿਰੋਧੀ ਮਾਧਿਅਮ ਨਹੀਂ ਬਣਨ ਦਿੱਤਾ। ਪੱਛਮੀ ਦੇਸ਼ਾਂ, ਖ਼ਾਸ ਕਰਕੇ ਬਿਟ੍ਰੇਨ ਦੇ ਜਾਸੂਸ ਹੋਣ ਦੇ ਬਾਵਜੂਦ ਸਮਾਇਲੀ ਜਾਂ ਹੋਰ ਨਾਇਕ ਦੁੱਧ-ਧੋਤੇ ਨਹੀਂ ਸਨ; ਖਲਨਾਇਕ ਵੀ ਖ਼ਾਲਸ ਸਿਆਹ ਨਹੀਂ ਸਨ। ਦੋਵੇਂ ਸਲ੍ਹੇਟੀ ਭਾਹ ਵਾਲੇ; ਗੁਣਾਂ-ਦੋਸ਼ਾਂ ਦੇ ਪੁਤਲੇ। ਅਜਿਹੇ ਕਿਰਦਾਰਾਂ ਦੇ ਬਾਵਜੂਦ ਲਿ ਕੈਰੇ ਦੇ ਨਾਵਲ ਰੋਮਾਂਚ ਤੇ ਅਦਬੀ ਪਾਕੀਜ਼ਗੀ ਦਾ ਸੁਮੇਲ ਬਣੇ ਰਹੇ। ਲੱਖਾਂ ਦੀ ਗਿਣਤੀ ਵਿਚ ਵਿਕੇ। ਚੌਵੀ ਨਾਵਲਾਂ ਵਿਚੋਂ 17 ਉੱਤੇ ਬ੍ਰਿਟੇਨ, ਅਮਰੀਕਾ, ਫਰਾਂਸ ਤੇ ਜਰਮਨੀ ਵਿਚ ਫ਼ਿਲਮਾਂ ਤੇ ਡਰਾਮਾ ਲੜੀਆਂ ਬਣੀਆਂ: ਸਭ ਤੋਂ ਮਸ਼ਹੂਰ ਤੇ ਮਕਬੂਲ ਸਾਬਤ ਹੋਏ ਨਾਵਲ ‘ਦਿ ਸਪਾਈ ਹੂ ਕਮਜ਼ ਆਊਟ ਆਫ ਦਿ ਕੋਲਡ’ ਉੱਤੇ ਚਾਰ ਵਾਰ, ਉਸ ਤੋਂ ਪੋਟਾ ਕੁ ਘੱਟ ਮਕਬੂਲ ‘ਟਿੰਕਰ, ਟੇਅਲਰ, ਸੋਲਜਰ, ਸਪਾਈ’ ਉੱਤੇ ਚਾਰ ਵਾਰ, ਪੰਜ ਹੋਰ ਨਾਵਲਾਂ ਉੱਤੇ ਦੋ ਵਾਰ। ਪੱਛਮੀ ਸਿਨੇ ਜਗਤ ਦੇ ਸਿਖ਼ਰਲੇ ਸਿਤਾਰਿਆਂ ਨੇ ਇਨ੍ਹਾਂ ਫਿਲਮਾਂ ਵਿਚ ਕੰਮ ਕੀਤਾ। ਹੁਣ ਵੀ ਉਸ ਦੇ ਤਿੰਨ ਨਾਵਲਾਂ ‘ਦਿ ਲੁਕਿੰਗ ਗਲਾਸ ਵਾਰ’ (1965), ‘ਮਿਸ਼ਨ ਸੌਂਗ’ (2006) ਅਤੇ ‘ਏ ਮੋਸਟ ਵਾਂਟੇਡ ਮੈਨ’ (2008) ਉੱਤੇ ਬੀਬੀਸੀ ਵੱਲੋਂ ਵੈੱਬ ਸੀਰੀਜ਼ ਫਿਲਮਾਈਆਂ ਜਾ ਰਹੀਆਂ ਹਨ।
ਲਿ ਕੈਰੇ ਨੇ 1961 ਵਿਚ ਜਾਸੂਸੀ ਤਿਆਗ ਕੇ ਲੇਖਣ ਨੂੰ ਪੇਸ਼ੇ ਵਜੋਂ ਅਪਣਾਇਆ। ਉਸ ਦੀਆਂ ਤਕਰੀਬਨ 14 ਕਿਤਾਬਾਂ ਸੀਤ ਯੁੱਧ ਦੇ ਯੁੱਗ ਉੱਤੇ ਕੇਂਦਰਿਤ ਰਹੀਆਂ। ਇਹ ਯੁੱਗ ਮੁੱਕ ਗਿਆ, ਪਰ ਲਿ ਕੈਰੇ ਦੀ ਕਲਮ ਬੇਜਾਨ ਨਹੀਂ ਹੋਈ। ਉਸ ਨੇ ਨਵੇਂ ਧਰਾਤਲ ਖੋਜ ਲਏ। ਹਥਿਆਰਾਂ ਦਾ ਨਾਜਾਇਜ਼ ਕਾਰੋਬਾਰ ‘ਦਿ ਨਾਈਟ ਮੈਨੇਜਰ’ (1993) ਦਾ ਵਿਸ਼ਾ ਵਸਤੂ ਬਣਿਆ। ਦਵਾਈ ਸਨਅਤ ਦੀਆਂ ਬੇਕਾਇਦਗੀਆਂ ਤੇ ਲਾਕਾਨੂੰਨੀਆਂ ‘ਦਿ ਕੌਂਸਟੈਂਟ ਗਾਰਡਨਰ’ (2001) ਅਤੇ ਅਫ਼ਰੀਕੀ ਖਣਿਜੀ ਖਜ਼ਾਨੇ ਦੀਆਂ ਪੱਛਮੀ ਕਾਰਪੋਰੇਟਾਂ ਵੱਲੋਂ ਲੁੱਟਾਂ-ਖਸੁੱਟਾਂ ‘ਮਿਸ਼ਨ ਸੌਂਗ’ (2006) ਰਾਹੀਂ ਬੇਪਰਦ ਹੋਈਆਂ। ਬ੍ਰਿਟੇਨ ਵਿਚ ਅੰਧਰਾਸ਼ਟਰੀ ਧਾਰਾ ਦੀ ਮੌਜੂਦਾ ਨਿਜ਼ਾਮ ਵੱਲੋਂ ਸਿਆਸੀ ਪੁਸ਼ਤਪਨਾਹੀ ਤੇ ਸਰਬਰਾਹੀ ਨੂੰ ਉਸ ਨੇ ਆਪਣੇ ਆਖ਼ਰੀ ਨਾਵਲ ‘ਏਜੰਟ ਰਨਿੰਗ ਇਨ ਦਿ ਫੀਲਡ’ (2019) ਰਾਹੀਂ ਬੇਪਰਦ ਕੀਤਾ। ਇਸੇ ਨਾਵਲ ਵਿਚ ਸਮਾਇਲੀ ਦਾ ਝਲਕਾਰਾ ਵੀ ਦੇਖਣ ਨੂੰ ਮਿਲਿਆ। ਘੋਰ ਬੁਢਾਪੇ ਲਈ ਕੋਸੀ ਧੁੱਪ ਦਾ ਸਹਾਰਾ ਢੂੰਡਦਾ ਹੋਇਆ, ਅਤੀਤ ਦੀਆਂ ਖੁਸ਼ਗਵਾਹ-ਨਾਖੁਸ਼ਗਵਾਰ ਘੜੀਆਂ ਨੂੰ ਪੋਟਿਆਂ ’ਤੇ ਗਿਣਦਾ ਹੋਇਆ। ਮਾਰਮਿਕ ਦ੍ਰਿਸ਼ਾਵਲੀ ਹੈ ਇਹ, ਪਰ ਇਹੋ ਹੀ ਤਾਂ ਇਨਸਾਨੀ ਯਥਾਰਥ ਹੈ।
ਲਿ ਕੈਰੇ ਦੀ ਜ਼ਿੰਦਗਾਨੀ ਨੂੰ 652 ਕਿਤਾਬੀ ਪੰਨਿਆਂ ਰਾਹੀਂ ਕਲਮਬੰਦ ਕਰਨ ਵਾਲੇ ਐਡਮ ਸਿਸਮੈਨ ਨੇ ਇਸੇ ਕਿਤਾਬ ਦੀ ਅੰਤਿਕਾ ਵਿਚ ਲਿਖਿਆ ਸੀ ਕਿ ਲਿ ਕੈਰੇ ਨੇ ਨਾ ਸਿਰਫ਼ ਨਵੀਂ ਅਦਬੀ ਵਿਧਾ ਦੀ ਸਿਰਜਣਾ ਕੀਤੀ ਸਗੋਂ ਇਸ ਦਾ ਇਕੋ ਇਕ ਸੱਚਾ-ਸੁੱਚਾ ਪੈਰੋਕਾਰ ਵੀ ਰਿਹਾ। ਉਸ ਤੋਂ ਬਾਅਦ ਵਾਲੇ ਪੈਰੋਕਾਰ ਇਸ ਵਿਧਾ ਦੇ ਮਿਆਰਾਂ ਉੱਤੇ ਪਹਿਰਾ ਨਹੀਂ ਦੇ ਸਕੇ। ਬੜੇ ਲੋਕ ਇਸ ਰਾਇ ਨਾਲ ਮੁਤਫ਼ਿਕ ਨਹੀਂ। ਨਵੀਂ ਵਿਧਾ ਦਾ ਪ੍ਰਤੀਕ ਹੋਣ ਦੀ ਥਾਂ ਉਹ ਲਿ ਕੈਰੇ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਯੁੱਗ ਦੇ ਨਵੇਂ ਅਦਬੀ ਮੁਹਾਵਰੇ ਤੇ ਮੁਹਾਂਦਰੇ ਦਾ ਪ੍ਰਤੀਕ ਮੰਨਦੇ ਹਨ। ਇਨ੍ਹਾਂ ਵਿਚ ਮਾਰਕਸਵਾਦੀ ਨੇਤਾ ਪ੍ਰਕਾਸ਼ ਕਰਤ ਵੀ ਸ਼ਾਮਲ ਹੈ। ਚੰਦ ਦਿਨ ਪਹਿਲਾਂ ‘ਹਿੰਦੋਸਤਾਨ ਟਾਈਮਜ਼’ ਵਿਚ ਪ੍ਰਕਾਸ਼ਿਤ ਅਕੀਦਤਨੁਮਾ ਲੇਖ ਵਿਚ ਉਸ ਨੇ ਲਿ ਕੈਰੇ ਨੂੰ ਵਿਸ਼ਵ ਯੁੱਧ ਤੋਂ ਬਾਅਦ ਦੇ ਅੱਵਲਤਰੀਨ ਬ੍ਰਿਟਿਸ਼ ਨਾਵਲਕਾਰਾਂ ਵਿਚ ਸ਼ੁਮਾਰ ਕੀਤਾ। ‘ਬੂਰਜੂਆ ਸਾਹਿਤ’ ਨੂੰ ਇਸ ਤੋਂ ਵੱਡਾ ਥਾਪੜਾ ਹੋਰ ਕੀ ਹੋ ਸਕਦਾ ਹੈ।