ਸੁਰਜੀਤ ਜੱਸਲ
ਹਾਲ ਹੀ ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਹਰਜੀਤ ਰਿੱਕੀ ਦੀ ਫ਼ਿਲਮ ‘ਉੱਚਾ ਪਿੰਡ’ ਐਕਸ਼ਨ ਪ੍ਰਧਾਨ ਫ਼ਿਲਮ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਐਕਸ਼ਨ ਹੀਰੋ ਬਣਕੇ ਉੱਭਰੇ ਨਵਦੀਪ ਕਲੇਰ ਦੀ ਮਿਹਨਤ ਉਸ ਦੇ ਕਿਰਦਾਰ ਨੂੰ ਨਿਖਾਰਦੀ ਹੈ। ਉਸ ਦੇ ਦਿਲ ਦੀ ਧੜਕਣ ਬਣੀ ਖੂਬਸੂਰਤ ਨਾਇਕਾ ਪੂਨਮ ਸੂਦ ਵੀ ਪੂਰਾ ਜਚੀ ਹੈ। ਨਵਦੀਪ ਕਲੇਰ ਤੇ ਪੂਨਮ ਸੂਦ ਦੀ ਬਤੌਰ ਨਾਇਕ-ਨਾਇਕਾ ਇਹ ਪਹਿਲੀ ਫ਼ਿਲਮ ਹੈ, ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਨੇ ਅਨੇਕਾਂ ਫ਼ਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਏ ਹਨ।
ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ, ਸੀਮਾ ਕੌਸ਼ਲ, ਰਾਹੁਲ ਜੁਗਰਾਲ, ਲੱਖਾ ਲਹਿਰੀ, ਦਿਲਾਵਰ ਸਿੱਧੂ, ਮਨੀ ਕੁਲਾਰ, ਸੰਜੀਵ ਢਿੱਲੋਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਪੰਜਾਬ ਦੇ ਪਿੰਡਾਂ ਨਾਲ ਜੁੜੇ ਪੁਰਾਣੇ ਕਿੱਸਿਆਂ, ਕਹਾਣੀਆਂ ਦਾ ਸੱਚ ਬਿਆਨਦੀ ਹੈ। ਇੱਕ ਅਜਿਹਾ ਪਿੰਡ ਜਿੱਥੇ ਇੱਕ ਹੱਸਦੇ-ਵੱਸਦੇ ਪਰਿਵਾਰ ਨਾਲ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਕਿ ਦੁਸ਼ਮਣੀਆਂ ’ਤੇ ਭਾਜੀ ਮੋੜਨ ਵਾਲੀ ਪ੍ਰਥਾ ਸ਼ੁਰੂ ਹੋ ਜਾਂਦੀ ਹੈ। ਅਣਖ ਅਤੇ ਹੱਕ ਸੱਚ ਦੀ ਗਾਥਾ ਪੇਸ਼ ਕਰਦੀ ਇਹ ਫ਼ਿਲਮ ਸਾਡੇ ਸਮਾਜ ਦਾ ਸ਼ੀਸ਼ਾ ਵੀ ਹੈ। ਫ਼ਿਲਮ ਵਿੱਚ ਜਿੱਥੇ ਜਬਰਦਸਤ ਐਕਸ਼ਨ ਹੈ, ਉੱਥੇ ਪਿਆਰ ਮੁਹੱਬਤ ਵਿੱਚ ਭਿੱਜੇ ਗੀਤ ਅਤੇ ਭਾਵੁਕਤਾ ਵੀ ਫ਼ਿਲਮ ਦੀ ਜਿੰਦਜਾਨ ਹੈ। ਇਸ ਫ਼ਿਲਮ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ ਤੇ ਡਾਇਲਾਗ ਤੇ ਸਕਰੀਨ ਪਲੇਅ ਨਵਦੀਪ ਕਲੇਰ ਤੇ ਨਰਿੰਦਰ ਅੰਬਰਸਰੀਆ ਨੇ ਰਲ ਕੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਨਾਮਵਰ ਗੀਤਕਾਰ ਜਾਨੀ ਨੇ ਲਿਖਿਆ ਹੈ। ਜਿਨ੍ਹਾਂ ਨੂੰ ਬੀ ਪਰਾਕ, ਕਮਲ ਖਾਨ, ਅਫ਼ਸਾਨਾ ਖਾਨ ਅਤੇ ਹਿੰਮਤ ਸੰਧੂ ਨੇ ਗਾਇਆ ਹੈ। ਸੰਗੀਤ ਬੀ ਪਰਾਕ, ਬਿਰਗੀ ਵੀ ਰਜੀ ਨੇ ਤਿਆਰ ਕੀਤਾ ਹੈ। ਨਿਊ ਦੀਪ ਐਂਟਰਟੈਨਮੈਂਟ ਅਤੇ 2 ਆਰ-ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ਦੇ ਨਿਰਮਾਤਾ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ।
ਸੰਪਰਕ: 98146-07737