ਪਰਮਜੀਤ ਢੀਂਗਰਾ
ਕਿਸੇ ਭਾਸ਼ਾ ਤੇ ਸਾਹਿਤ ਦਾ ਵਿਕਾਸ ਉਹਦੇ ਵਿਚ ਲਿਖੀ ਜਾ ਰਹੀ ਵਾਰਤਕ ਤੋਂ ਮਾਪਿਆ ਜਾ ਸਕਦਾ ਹੈ। ਜਦੋਂ ਮਨੁੱਖ ਕੁਦਰਤ ਤੇ ਸਮਾਜਿਕ ਵਰਤਾਰਿਆਂ ਵੱਲ ਭਾਵੁਕ ਪਹੁੰਚ ਰੱਖਦਾ ਸੀ ਤਾਂ ਉਹਨੇ ਆਪਣੀ ਉਦਗਾਰਾਂ ਦੇ ਪ੍ਰਗਟਾਵੇ ਲਈ ਕਵਿਤਾ ਨੂੰ ਮਾਧਿਅਮ ਬਣਾਇਆ, ਪਰ ਜਦੋਂ ਉਹਨੂੰ ਲੱਗਿਆ ਕਿ ਉਹ ਕਵਿਤਾ ਵਿਚ ਸੰਕੇਤਾਂ ਰਾਹੀਂ ਗੱਲ ਤਾਂ ਕਰ ਸਕਦਾ ਹੈ, ਪਰ ਆਪਣੇ ਅੰਦਰਲੇ ਵਿਚਾਰਾਂ ਦੇ ਵੇਗ ਨੂੰ ਕਵਿਤਾ ਵਿਚ ਆਪਮੁਹਾਰੇ ਪੇਸ਼ ਨਹੀਂ ਕਰ ਸਕਦਾ ਤਾਂ ਉਹਨੇ ਵਾਰਤਕ ਨੂੰ ਚੁਣਿਆ। ਵਾਰਤਕ ਵਿਚ ਕੋਈ ਵਿਅਕਤੀ ਆਪਣੀ ਪ੍ਰਗਟਾ ਸਮਰੱਥਾ ਕਰਕੇ ਆਪਣੇ ਖ਼ਿਆਲਾਂ ਨੂੰ ਵਿਸਥਾਰ ਨਾਲ ਪੇਸ਼ ਕਰ ਸਕਦਾ ਹੈ। ਅੱਜ ਦਾ ਯੁੱਗ ਕਹਿਣ ਦਾ ਯੁੱਗ ਹੈ। ਇਸੇ ਕਰਕੇ ਢੇਰਾਂ ਦੇ ਢੇਰ ਵਾਰਤਕ ਲਿਖੀ ਜਾ ਰਹੀ ਹੈ। ਪਰ ਚੰਗੀ ਵਾਰਤਕ ਲਿਖਣ ਲਈ ਜ਼ਿੰਦਗੀ ਦੇ ਡੂੰਘੇ ਅਨੁਭਵ, ਸਮਰੱਥ ਭਾਸ਼ਾ ਅਤੇ ਚੱਜ ਅਚਾਰੀ ਸੁਹਜ ਦਾ ਹੋਣਾ ਲਾਜ਼ਮੀ ਹੈ। ਗੁਰਬਚਨ ਸਿੰਘ ਭੁੱਲਰ ਪੰਜਾਬੀ ਦਾ ਵੱਡੇ ਕੱਦ ਵਾਲਾ ਗਲਪ ਲੇਖਕ ਹੈ, ਪਰ ਉਸ ਨੇ ਚੰਗੀ, ਸੁਹਜ ਭਰਪੂਰ, ਡੂੰਘੇ ਅਰਥਾਂ ਵਾਲੀ, ਗਿਆਨ ਸ਼ਾਸਤਰੀ ਵਾਰਤਕ ਵੀ ਕਮਾਲ ਦੀ ਲਿਖੀ ਹੈ।
ਪੁਸਤਕ ‘ਸੂਹਾ ਸਫ਼ਰ’ (ਕੀਮਤ: 150 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਵਿਚ ਲਿਖੀ ਗਈ ਵਾਰਤਕ ਵਿਚ ਗ਼ਦਰ ਲਹਿਰ ਤੇ ਭਗਤ ਸਿੰਘ ਨਾਲ ਜੁੜੇ ਵੱਖ ਵੱਖ ਸਰੋਕਾਰਾਂ ਬਾਰੇ ਭਰਵੀਂ ਰੌਸ਼ਨੀ ਪਾਈ ਗਈ ਹੈ। ਗ਼ਦਰ ਲਹਿਰ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਬੜਾ ਅਹਿਮ ਸਥਾਨ ਰੱਖਦੀ ਹੈ, ਪਰ ਸਿਆਸੀ ਕਾਰਨਾਂ ਕਰਕੇ ਹੁਣ ਤੱਕ ਇਸ ਨੂੰ ਹਾਸ਼ੀਏ ’ਤੇ ਰੱਖਿਆ ਗਿਆ ਹੈ ਜਦੋਂਕਿ ਇਸ ਲਹਿਰ ਨੇ ਪੂਰਨ ਆਜ਼ਾਦੀ ਦਾ ਸੁਪਨਾ ਲਿਆ ਸੀ ਤਾਂ ਜੋ ਦੇਸ਼ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਸਕੇ। ਗ਼ਦਰ ਲਹਿਰ ਦੇ ਬਾਨੀਆਂ ਨੇ ਜੋ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਦੀ ਪਛਾਣ ਕਰਨੀ ਅਜੇ ਬਾਕੀ ਹੈ। ਦੇਸ਼ ਭਗਤ ਗ਼ਦਰੀਆਂ ਦੇ ਮਿਸ਼ਨ ਨੂੰ ਸਲਾਮ ਕਰਦਾ ਹੋਇਆ ਲੇਖਕ ਲਿਖਦਾ ਹੈ:
ਦੇਸ਼ ਨੂੰ ਅਜ਼ਾਦ ਕਰਾਉਣ ਦੇ ਆਪਣੇ ਮਿਸ਼ਨ ਵੱਲ ਇਨ੍ਹਾਂ ਦਰਵੇਸ਼ਾਂ ਦੀ ਵਚਨਬੱਧਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਨਿੱਜਤਾ ਨੂੰ ਦੇਸ਼ ਪਿਆਰ ਖ਼ਾਤਰ ਪੂਰੀ ਤਰ੍ਹਾਂ ਲਾਂਭੇ ਕਰ ਦਿੱਤਾ। ਇਨ੍ਹਾਂ ਵਿਚ ਅਨੇਕਾਂ ਲੋਕ ਉਹ ਵੀ ਸਨ ਜਿਨ੍ਹਾਂ ਨੇ ਸਖ਼ਤ ਕਮਾਈ ਨਾਲ ਆਪਣਾ ਹੱਥ ਕਾਫ਼ੀ ਸੌਖਾ ਕਰ ਲਿਆ ਸੀ। ਉਨ੍ਹਾਂ ਨੇ ਨਵੀਆਂ ਧਰਤੀਆਂ ਤੋੜਦਿਆਂ, ਨਹਿਰਾਂ ਤੇ ਰੇਲਾਂ ਕਢਦਿਆਂ ਅਤੇ ਆਰਿਆਂ ਨਾਲ ਕਾਠ ਚੀਰਦਿਆਂ ਸਖ਼ਤ ਮਿਹਨਤ ਮੁਸ਼ੱਕਤ ਕੀਤੀ। ਉਨ੍ਹਾਂ ਨੇ ਲਹੂ ਬਾਲ ਕੇ ਅਤੇ ਪਸੀਨਾ ਵਹਾ ਕੇ…
ਗ਼ਦਰ ਲਹਿਰ ਦੇ ਸੰਗਰਾਮੀਏ ਦੂਰ ਦੁਰਾਡੇ ਗਏ ਤਾਂ ਕਮਾਈਆਂ ਕਰਨ ਸਨ ਤੇ ਉਨ੍ਹਾਂ ਨੇ ਓਥੇ ਜਾ ਕੇ ਬੜੀ ਮਿਹਨਤ ਮੁਸ਼ੱਕਤ ਵੀ ਕੀਤੀ, ਪਰ ਉਨ੍ਹਾਂ ਦੇ ਮਨਾਂ ਅੰਦਰ ਇਕ ਕਸਕ ਸੀ ਕਿ ਉਨ੍ਹਾਂ ਦਾ ਦੇਸ਼ ਗ਼ੁਲਾਮ ਹੈ ਤੇ ਉਹ ਆਪ ਵੀ ਗ਼ੁਲਾਮੀ ਦੇ ਇਸ ਜੂਲੇ ’ਚ ਫਸੇ ਹੋਏ ਹਨ। ਇਨ੍ਹਾਂ ਪਰਾਈਆਂ ਧਰਤੀਆਂ ’ਤੇ ਆ ਕੇ ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਆਈ ਕਿ ਇੱਥੇ ਆਜ਼ਾਦ ਦੇਸ਼ ਦੇ ਵਾਸੀ ਕਿਵੇਂ ਆਪਣੀ ਇੱਛਾ ਅਨੁਸਾਰ ਜਿਊ ਸਕਦੇ ਹਨ ਤੇ ਤਰੱਕੀ ਕਰ ਸਕਦੇ ਹਨ। ਇਹੀ ਉਨ੍ਹਾਂ ਲਈ ਚਿਣਗ ਬਣ ਗਈ ਕਿ ਉਹ ਵੀ ਦੇਸ਼ ਨੂੰ ਸਾਮਰਾਜੀਆਂ ਕੋਲੋਂ ਆਜ਼ਾਦ ਕਰਾਉਣ। ਇੰਜ ਗ਼ਦਰ ਲਹਿਰ ਦਾ ਮੁੱਢ ਬੱਝਿਆ। ਇਸ ਦਾ ਮੁੱਢ ਬੱਝਣ ਬਾਰੇ ਲੇਖਕ ਲਿਖਦਾ ਹੈ:
ਪਹਿਲਾਂ ਪਹਿਲ ਹਿੰਦੋਸਤਾਨ ਗ਼ਦਰ ਪਾਰਟੀ ਨੇ ਆਪਣਾ ਕੰਮ ਇੱਥੋਂ ਨਹੀਂ, ਸਾਨ ਫਰਾਂਸਿਸਕੋ ਦੇ ਹਿੱਲ ਸਟਰੀਟ ਦੇ 436 ਨੰਬਰ ਮਕਾਨ ਵਿਚੋਂ ਵਿੱਢਿਆ ਸੀ। ਉਸ ਸਥਾਨ ਦਾ ਨਾਂ ‘ਯੁਗਾਂਤਰ ਆਸ਼ਰਮ’ ਪ੍ਰਸਿੱਧ ਹੋ ਗਿਆ ਸੀ। ਲਾਲਾ ਹਰਦਿਆਲ ਦੇ ਸੰਪਾਦਨ ਅਧੀਨ ਓਥੋਂ ‘ਯੁਗਾਂਤਰ’ ਨਾਂ ਦਾ ਪਰਚਾ ਕੱਢਿਆ ਗਿਆ ਸੀ। ਉੱਥੋਂ ਗ਼ਦਰੀਆਂ ਨੇ ਅਵਾਸੀਆਂ ਦੀਆਂ, ਖ਼ਾਸ ਕਰਕੇ ਪੰਜਾਬੀਆਂ ਦੀਆਂ ਸਮਾਜਕ, ਸਭਿਆਚਾਰਕ ਲੋੜਾਂ ਦੀ ਪੂਰਤੀ ਦੇ ਅਤੇ ਉਨ੍ਹਾਂ ਨੂੰ ਪਾਰਟੀ ਦੁਆਲੇ ਲਾਮਬੰਦ ਕਰਨ ਦੇ ਉਦੇਸ਼ ਵਾਲੀਆਂ ਸਰਗਰਮੀਆਂ ਸ਼ੁਰੂ ਕੀਤੀਆਂ। ਉੱਥੋਂ ਹੀ ਪ੍ਰਸਿੱਧ ‘ਗ਼ਦਰ’ ਅਖ਼ਬਾਰ ਕੱਢਿਆ ਗਿਆ ਜੋ ਇਨਕਲਾਬੀ ਜਜ਼ਬੇ ਦੇ ਪ੍ਰਚਾਰ ਪ੍ਰਸਾਰ ਦਾ ਇਕ ਸ਼ਕਤੀਸ਼ਾਲੀ ਸਾਧਨ ਸਿੱਧ ਹੋਇਆ।
ਇਸ ਤਰ੍ਹਾਂ ਗ਼ਦਰ ਲਹਿਰ ਦੇ ਮੁੱਢ ਤੇ ਉੱਥੋਂ ਦੀਆਂ ਸਰਗਰਮੀਆਂ ਤੋਂ ਲੈ ਕੇ ਲੇਖਕ ਨੇ ਇਤਿਹਾਸ ਵਿਚ ਅਮਰ ਗ਼ਦਰੀ ਸੂਰਮੇ, ਗ਼ਦਰ ਲਹਿਰ ਦਾ ਇਕੋ ਨਿਸ਼ਾਨਾ ਦੇਸ਼ ਦੀ ਆਜ਼ਾਦੀ, ਸਟਾਕਟਨ ਦਾ ਗਦਰੀ ਬਾਬਿਆਂ ਦਾ ਸਥਾਨ, ਬਾਬਾ ਸੋਹਨ ਸਿੰਘ ਭਕਨਾ ਤੇ ਹੋਰ ਕਈ ਲੇਖ ਇਸ ਲਹਿਰ ਨਾਲ ਸਬੰਧਿਤ ਲਿਖੇ ਹਨ। ਇਨ੍ਹਾਂ ਦੀ ਭਾਸ਼ਾ ਸ਼ੈਲੀ ਅਖ਼ਬਾਰੀ ਹੈ ਤੇ ਸੰਜਮ ਇਨ੍ਹਾਂ ਦਾ ਵੱਡਾ ਗੁਣ। ਇਹੋ ਜਿਹੀ ਗਿਆਨ ਮੂਲਕ ਵਾਰਤਕ ਪਾਠਕਾਂ ਨੂੰ ਨਵੇਂ ਨਵੇਂ ਸਰੋਤਾਂ ਰਾਹੀਂ ਇਤਿਹਾਸਕ ਸਮੱਗਰੀ ਪ੍ਰਦਾਨ ਕਰਦੀ ਹੈ। ਇਸ ਕਿਤਾਬ ਦਾ ਦੂਸਰਾ ਹਿੱਸਾ ਭਗਤ ਸਿੰਘ ਨਾਲ ਸਬੰਧਿਤ ਹੈ। ਭਗਤ ਸਿੰਘ ਬਾਰੇ ਬਹੁਤ
ਸਾਰੀਆਂ ਮਿੱਥਾਂ ਪ੍ਰਚਲਤ ਹਨ। ਉਹਦੀ ਕੁਰਬਾਨੀ ਤੇ ਜਜ਼ਬੇ ਨੇ ਹਰ ਕਾਲ ਖੰਡ ਦੇ ਲੋਕਾਂ ਨੂੰ ਝੰਜੋੜਿਆ ਹੈ। ਇਸੇ ਕਰਕੇ ਹਰ ਰਾਜਸੀ ਪਾਰਟੀ, ਮੰਚ ਤੇ ਕਬੀਲੇ ਨੇ ਆਪਣਾ ਆਪਣਾ ਭਗਤ ਸਿੰਘ ਸਿਰਜ ਲਿਆ ਹੈ। ਇਸ ਕਰਕੇ ਲੇਖਕ ਨੇ ਭਗਤ ਸਿੰਘ ਨਾਲ ਜੁੜੇ ਲੇਖਾਂ ਵਿਚ ਕਈ ਭਰਮ ਭੁਲੇਖੇ ਤੋੜਨ ਦਾ ਜਤਨ ਕੀਤਾ ਹੈ। ਗਾਥਾ ਭਗਤ ਸਿੰਘ ਵਾਲੇ ਲੇਖ ਵਿਚ ਭਗਤ ਸਿੰਘ ਦੀ ਇਨਕਲਾਬੀ ਸੋਚ ਦਾ ਭੇਤ ਖੋਲ੍ਹਦਿਆਂ ਲਿਖਦਾ ਹੈ:
ਭਗਤ ਸਿੰਘ ਚੜ੍ਹਦੀ ਉਮਰ ਤੋਂ ਹੀ ਇਨਕਲਾਬੀ ਸਾਹਿਤ ਪੜ੍ਹਣ ਦਾ ਅਤੇ ਆਪਣੇ ਵਿਚਾਰ ਅਖ਼ਬਾਰਾਂ ਰਸਾਲਿਆਂ ਰਾਹੀਂ ਲੋਕਾਂ ਤੱਕ ਪੁਜਦੇ ਕਰਨ ਦਾ ਮਹੱਤਵ ਸਮਝ ਗਿਆ ਸੀ। ਉਹਦੀ ਇਹੋ ਸੋਚ ਉਹਨੂੰ ਇਸ ਨਤੀਜੇ ’ਤੇ ਲੈ ਗਈ ਕਿ ਜੋ ਵੀ ਕਾਰਵਾਈ ਕੀਤੀ ਜਾਵੇ, ਇਸ ਢੰਗ ਨਾਲ ਕੀਤੀ ਜਾਵੇ ਕਿ ਉਹ ਲੋਕਾਂ ਨੂੰ ਜਾਗਰਤ ਕਰਨ ਵਿਚ ਵੱਧ ਤੋਂ ਵੱਧ ਹਿੱਸਾ ਪਾਵੇ। ਇਸੇ ਕਰਕੇ ਸਾਈਮਨ ਕਮਿਸ਼ਨ ਵਿਰੋਧੀ ਮੁਜ਼ਾਹਰੇ ਵਿਚ ਲੱਗੀਆਂ ਸੱਟਾਂ ਨਾਲ ਹੋਈ ਲਾਲਾ ਲਾਜਪਤ ਰਾਇ ਦੀ ਮੌਤ ਦੇ ਜਵਾਬ ਵਿਚ ਇਸ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲੀਸ ਅਧਿਕਾਰੀ ਜੇਮਜ਼ ਸਕਾਟ ਨੂੰ ਭਰੇ ਬਜ਼ਾਰ ਮਾਰਨ ਦਾ ਫ਼ੈਸਲਾ ਕੀਤਾ ਗਿਆ।’
ਦਰਅਸਲ, ਭਗਤ ਸਿੰਘ ਨੂੰ ਲਗਾਤਾਰ ਪੜ੍ਹਦੇ ਰਹਿਣ ਕਰਕੇ ਛੋਟੀ ਉਮਰੇ ਇਸ ਗੱਲ ਦੀ ਸੋਝੀ ਆ ਗਈ ਸੀ ਕਿ ਉਹਦੀ ਦੁਸ਼ਮਣੀ ਜਾਤੀ ਨਹੀਂ, ਜਮਾਤੀ ਹੈ। ਇਸ ਲਈ ਲੋਕਾਂ ਨੂੰ ਇਨਕਲਾਬੀ ਆਜ਼ਾਦੀ ਲਈ ਜਾਗਰਤ ਕਰਨਾ ਸਮੇਂ ਦੀ ਮੁੱਖ ਲੋੜ ਸੀ। ਭਗਤ ਸਿੰਘ ਨੇ ਜੇਲ੍ਹ ਵਿਚ ਕਿਹਾ ਸੀ ਕਿ ‘ਬੰਦਿਆਂ ਨੂੰ ਮਾਰਨਾ ਸੌਖਾ ਹੈ ਪਰ ਵਿਚਾਰਾਂ ਨੂੰ ਮਾਰਿਆ ਨਹੀਂ ਜਾ ਸਕਦਾ। ਵੱਡੇ ਵੱਡੇ ਸਾਮਰਾਜ ਢਹਿ ਕੇ ਢੇਰੀ ਹੋ ਗਏ ਜਦੋਂਕਿ ਵਿਚਾਰ ਬਚੇ ਰਹੇ।’ ਭਗਤ ਸਿੰਘ ਨੇ ਜੇਲ੍ਹ ਵਿਚ ਕੈਦ, ਮੁਕੱਦਮੇ ਤੇ ਮੌਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਨ ਤੇ ਰੋਹ ਪ੍ਰਚੰਡ ਕਰਨ ਦਾ ਵਸੀਲਾ ਬਣਾਇਆ। ਸਿਆਸੀ ਕੈਦੀਆਂ ਦੀਆਂ ਮੰਗਾਂ ਲਈ ਉਸ ਨੇ ਜੇਲ੍ਹ ’ਚ ਭੁੱਖ ਹੜਤਾਲ ਕਰ ਦਿੱਤੀ। ਉਹਦੀ ਭੁੱਖ ਹੜਤਾਲ ਦੇ ਮੱਦੇਨਜ਼ਰ ਮੁਹੰਮਦ ਅਲੀ ਜਿਨਾਹ ਨੇ ਅਸੈਂਬਲੀ ਵਿਚ ਕਿਹਾ ਸੀ:
‘ਜੋ ਆਦਮੀ ਭੁੱਖ ਹੜਤਾਲ ਕਰਦਾ ਹੈ ਉਹਦੀ ਆਤਮਾ ਜਾਗ ਰਹੀ ਹੁੰਦੀ ਹੈ। ਉਹਨੂੰ ਇਹ ਆਤਮਾ ਝੰਜੋੜਦੀ ਹੈ ਤੇ ਉਹਨੂੰ ਆਪਣੇ ਉਦੇਸ਼ ਦੇ ਹੱਕੀ ਹੋਣ ਦਾ ਯਕੀਨ ਹੁੰਦਾ ਹੈ। ਇਨ੍ਹਾਂ ਨੌਜਵਾਨਾਂ ਦੀ ਤੁਸੀਂ ਕਿੰਨੀ ਵੀ ਨੁਕਤਾਚੀਨੀ ਕਰੋ ਤੇ ਕਿੰਨੇ ਵੀ ਉਨ੍ਹਾਂ ਨੂੰ ਕੁਰਾਹੀਏ ਕਹੋ ਇਹ ਸਿਸਟਮ ਰਾਜ ਕਰਨ ਦਾ ਲਾਅਨਤੀ ਸਿਸਟਮ ਹੈ ਜੋ ਲੋਕਾਂ ਦਾ ਕਰੋਧ ਜਗਾਉਂਦਾ ਹੈ।’ ਜਵਾਹਰ ਲਾਲ ਨਹਿਰੂ ਨੇ ਜਦੋਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਭੁੱਖ ਹੜਤਾਲ ’ਤੇ ਜੇਲ੍ਹ ਵਿਚ ਬੈਠਿਆਂ ਦੇਖਿਆਂ ਤਾਂ ਲਿਖਿਆ:
‘ਮੈਨੂੰ ਇਨ੍ਹਾਂ ਸੂਰਮਿਆਂ ਦਾ ਕਸ਼ਟ ਦੇਖ ਕੇ ਬੜਾ ਦੁੱਖ ਹੋਇਆ ਹੈ। ਇਸ ਸੰਗਰਾਮ ਵਿਚ ਉਨ੍ਹਾਂ ਨੇ ਆਪਣੀਆਂ ਜਾਨਾਂ ਹਥੇਲੀ ’ਤੇ ਰੱਖ ਲਈਆਂ ਹਨ। ਉਹ ਚਾਹੁੰਦੇ ਹਨ ਕਿ ਸਿਆਸੀ ਕੈਦੀਆਂ ਨੂੰ ਸਿਆਸੀ ਕੈਦੀ ਹੀ ਸਮਝਿਆ ਜਾਵੇ। ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੀ ਕੁਰਬਾਨੀ ਜ਼ਰੂਰ ਰੰਗ ਲਿਆਏਗੀ।’
ਇਸ ਤਰ੍ਹਾਂ ਇਨ੍ਹਾਂ ਲੇਖਾਂ ਵਿਚ ਭਗਤ ਸਿੰਘ ਬਾਰੇ ਬਹੁਤ ਹੀ ਮੁੱਲਵਾਨ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਵਿਚ ਹੀ ਇਕ ਹੋਰ ਮਹੱਤਵਪੂਰਨ ਲੇਖ ‘ਵਾਰਤਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੀ’ ਹੈ। ਭਗਤ ਸਿੰਘ ਦੀ ਤਸਵੀਰ ਬਾਰੇ ਵੀ ਬੜੀਆਂ ਮਿੱਥਾਂ ਹਨ ਕਿ ਉਹਦੀ ਅਗਲੀ ਤਸਵੀਰ ਟੋਪੀ ਪਾਈ ਵਾਲੀ ਹੈ ਜਾਂ ਪੱਗ ਬੰਨ੍ਹੀ ਵਾਲੀ। ਉਹਦੀ ਇਕ ਤਸਵੀਰ ਅਜਿਹੀ ਵੀ ਹੈ ਜਿਸਨੂੰ ਖਾਮਖਾਹ ਭਾਈ ਰਣਧੀਰ ਸਿੰਘ ਨਾਲ ਜੋੜ ਕੇ ਉਹਨੂੰ ਧਾਰਮਿਕ ਵਿਅਕਤੀ ਜਾਂ ਸੋਚ ਵਾਲਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂਕਿ ਉਹ ਖ਼ੁਦ ਲਿਖਦਾ ਹੈ ਕਿ ਮੈਂ ਨਾਸਤਿਕ ਕਿਉਂ ਹਾਂ? ਇਨ੍ਹਾਂ ਤੋਂ ਇਲਾਵਾ ਭਗਤ ਸਿੰਘ ਦੇ ਵਿਚਾਰਵਾਨ ਇਨਕਲਾਬੀ ਬਿੰਬ ਦੀ ਤਸਵੀਰ ਘੋੜੀਆਂ ਸ਼ਹੀਦ ਭਗਤ ਸਿੰਘ ਦੀਆਂ ਵਾਲੇ ਇਤਿਹਾਸਕ ਮਹੱਤਾ ਵਾਲੇ ਲੇਖ ਵਿਚੋਂ ਉਭਰਦੀ ਹੈ। ਫਾਂਸੀ ਤੋਂ ਇਕ ਦਿਨ ਪਹਿਲਾਂ ਇਨਕਲਾਬ ਬਾਰੇ ਕਹੇ ਉਹਦੇ ਬੋਲ ਸਦੀਵੀ ਹਨ: ‘ਮੇਰਾ ਨਾਂ ਹਿੰਦੋਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਊਂਦਿਆਂ ਰਹਿਣ ਦੀ ਸੂਰਤ ਵਿਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ।’
ਇਹ ਪੁਸਤਕ ਪਾਠਕ ਨੂੰ ਝੰਜੋੜਦੀ ਹੈ। ਜਿਹੋ ਜਿਹੇ ਹਾਲਾਤ ਵਿਚੋਂ ਅੱਜ ਦੇਸ਼ ਗੁਜਰ ਰਿਹਾ ਹੈ ਇਹੋ ਜਿਹੇ ਵੇਲੇ ਗ਼ਦਰ ਲਹਿਰ ਦੇ ਉਦੇਸ਼, ਭਗਤ ਸਿੰਘ ਦੀ ਇਨਕਲਾਬੀ ਚੇਤਨਾ ਤੇ ਦੇਸ਼ ਭਗਤਾਂ ਦੇ ਸੁਨੇਹੇ ਸਾਡੇ ਰਾਹ ਦਸੇਰੇ ਬਣ ਸਕਦੇ ਹਨ। ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਨੇ ਆਜ਼ਾਦੀ ਲਈ ਸ਼ਹੀਦੀ ਜਾਮ ਪੀਤੇ, ਪਰ ਉਨ੍ਹਾਂ ਦੇ ਆਦਰਸ਼ਾਂ ਵਾਲੀ ਉਹ ਇਨਕਲਾਬੀ ਆਜ਼ਾਦੀ ਤਾਂ ਆਈ ਹੀ ਨਹੀਂ। ਇਹ ਤਾਂ ਸਿਰਫ਼ ਰਾਜ ਤੇ ਸਿਆਸਤ ਦਾ ਤਬਾਦਲਾ ਹੋਇਆ ਜੋ ਪਿਛਲੇ 70 ਸਾਲਾਂ ਤੋਂ ਰਿੜ੍ਹਦਾ ਅੱਜ ਅਜਿਹੇ ਮੁਕਾਮ ’ਤੇ ਪਹੁੰਚ ਗਿਆ ਹੈ ਜਿੱਥੇ ਲੋਕ ਆਵਾਜ਼ ਇਕ ਹੋਰ ਆਜ਼ਾਦੀ ਦਾ ਨਾਅਰਾ ਗੁੰਜਾ ਰਹੀ ਹੈ। ਅਜਿਹੇ ਵੇਲਿਆਂ ਵਿਚ ਦੇਸ਼ ਭਗਤਾਂ ਦੀਆਂ ਕਿਰਤਾਂ ਜਿਆਰਤ ਕਰਨ ਵਾਂਗ ਸਕੂਨ ਵੀ ਦੇਂਦੀਆਂ ਹਨ ਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਨਾ ਵੀ। ਇਨ੍ਹਾਂ ਦਾ ਪਾਠ ਮੁੜ ਆਪਣੇ
ਅੰਦਰਲੀ ਚੇਤਨਾ ਨੂੰ ਜਗਾਉਣਾ ਹੈ ਤਾਂ ਜੋ ਸ਼ਹੀਦਾਂ, ਗ਼ਦਰੀਆਂ ਤੇ ਦੇਸ਼ ਭਗਤਾਂ ਦੇ ਸੁਪਨੇ ਪੂਰੇ ਕਰਨ ਦੀ ਜਿਗਿਆਸਾ ਬਲਦੀ ਰਹੇ। ਆਸ ਹੈ ਪੰਜਾਬੀ ਦੇ ਪ੍ਰਬੁੱਧ ਪਾਠਕ ਇਸ ਕਿਤਾਬ ਨੂੰ ਪੰਜਾਬ ਤੇ ਦੇਸ਼ ਦੇ ਭਲੇ ਲਈ ਜ਼ਰੂਰ ਵਾਚਣਗੇ।
ਸੰਪਰਕ: 94173-58120