ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਅਮੀਰ ਅਲੀ ਦਾ ਜਨਮ 1920 ਵਿਚ ਸ਼ਿਕਾਰਪੁਰ, ਸਿੰਧ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਇਆ। ਰਿਸ਼ਤੇਦਾਰੀ ਵਿਚੋਂ ਇਹ ਮਾਰੂਫ਼ ਮੌਸੀਕਾਰ ਰਬਾਬੀ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ ਦੇ ਸਕੇ ਭਾਣਜੇ ਤੇ ਸ਼ਾਗਿਰਦ ਸਨ। ਸਭ ਤੋਂ ਪਹਿਲਾਂ ਇਹ ਆਲ ਇੰਡੀਆ ਰੇਡੀਓ, ਲਾਹੌਰ ਅਤੇ ਫਿਰ ਲਾਹੌਰ ਦੀ ਹੀ ਮਸ਼ਹੂਰ ਜ਼ਮਾਨਾ ਗ੍ਰਾਮੋਫ਼ੋਨ ਕੰਪਨੀ ਜ਼ਾਇਨੋਫ਼ੋਨ ਵਿਚ ਕੰਮ ਕਰਦੇ ਰਹੇ। 1938 ਵਿਚ ਲਾਹੌਰ ਦੇ ਮਾਰੂਫ਼ ਫ਼ਿਲਮਸਾਜ਼ ਦਲਸੁੱਖ ਐੱਮ. ਪੰਚੋਲੀ ਕੋਲ ਆ ਗਏ। ਉਹ ਪਹਿਲਾਂ ਨੌਰਦਰਨ ਇੰਡੀਆ, ਨਵਯੁੱਗ ਤੇ ਫਿਰ ਮਾਹੇਸ਼ਵਰੀ ਪ੍ਰੋਡਕਸ਼ਨਜ਼ ਵਿਚ ਮੁੱਖ ਤੇ ਸਹਾਇਕ ਸੰਗੀਤ-ਨਿਰਦੇਸ਼ਕ ਦੀ ਹੈਸੀਅਤ ਨਾਲ ਕੰਮ ਕਰਦੇ ਰਹੇ।
ਜਦੋਂ ਠਾਕੁਰ ਰਾਜਿੰਦਰ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਦੀ ਹਿਦਾਇਤਕਾਰੀ ਵਿਚ ਆਪਣੀ ਰੂਮਾਨਵੀ ਪੰਜਾਬੀ ਫ਼ੀਚਰ ਫ਼ਿਲਮ ‘ਸਹਿਤੀ ਮੁਰਾਦ’ (1941) ਸ਼ੁਰੂ ਕੀਤੀ ਤਾਂ ਫ਼ਿਲਮ ਦੇ ਮੁੱਖ ਸੰਗੀਤਕਾਰ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਨਾਲ ਸਹਾਇਕ ਸੰਗੀਤਕਾਰ ਵਜੋਂ ਅਮੀਰ ਅਲੀ ਮੌਜੂਦ ਸਨ। ਕਹਾਣੀ ਤੇ ਗੀਤ ਮਨੋਹਰ ਸਿੰਘ ਸਹਿਰਾਈ ਨੇ ਲਿਖੇ। ਫ਼ਿਲਮ ਵਿਚ ਅਦਾਕਾਰਾ ਰਾਗਿਨੀ ਨੇ ‘ਸਹਿਤੀ’ ਅਤੇ ਰਾਮ ਲਾਲ ਨੇ ‘ਮੁਰਾਦ’ ਦਾ ਮਰਕਜ਼ੀ ਕਿਰਦਾਰ ਅਦਾ ਕੀਤਾ। ਤਸਵੀਰਕਸ਼ੀ ਹਰਚਰਨ ਸਿੰਘ ਕਵਾਤੜਾ (ਭਰਾ ਸਰਦੂਲ ਕਵਾਤੜਾ) ਅਤੇ ਸਾਊਂਡ ਰਿਕਾਰਡਿਸਟ ਪੀ. ਐੱਲ. ਕਪੂਰ ਸਨ। ਇਹ ਫ਼ਿਲਮ 24 ਜਨਵਰੀ 1941 ਨੂੰ ਨਿਸ਼ਾਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਨੌਰਦਰਨ ਇੰਡੀਆ ਸਟੂਡੀਓਜ਼ ਦੀ ਹੀ ਦੂਜੀ ਪੰਜਾਬੀ ਫ਼ਿਲਮ ‘ਮੇਰਾ ਮਾਹੀ’ (1941) ’ਚ ਸੰਗੀਤਕਾਰ ਅਮੀਰ ਅਲੀ ਨੇ ਨਗ਼ਮਾਨਿਗਾਰ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਦੇ ਲਿਖੇ 14 ਗੀਤਾਂ ਦੀਆਂ ਸ਼ਾਨਦਾਰ ਤਰਜ਼ਾਂ ਬਣਾਈਆਂ। ਕਹਾਣੀ ਐੱਮ. ਆਰ. ਕਪੂਰ ਤੇ ਬੀ. ਆਰ. ਚੋਪੜਾ (ਐੱਮ. ਏ.) ਅਤੇ ਮੁਕਾਲਮੇ ਐੱਮ. ਆਰ. ਸੇਰੇਵਰੀ ਨੇ ਤਹਿਰੀਰ ਕੀਤੇ। ਕਰਨ ਦੀਵਾਨ (ਯਸ਼), ਰਾਗਿਨੀ (ਮਾਯਾ), ਮਨੋਰਮਾ (ਕਮਲਾ) ’ਤੇ ਫ਼ਿਲਮਾਏ ਫ਼ਿਲਮ ਦੇ ਮਸ਼ਹੂਰ ਜ਼ਮਾਨਾ ਗੀਤ ‘ਪਿਆ ਹਰ ਇਕ ਫੁੱਲ ਹੱਸਦਾ ਦਿਲ ਵਿਚ ਮਾਹੀਏ ਵੱਸੇ ਮਾਹੀਏ ਵਿਚ ਰੱਬ ਵੱਸਦਾ’ (ਬਾਲੋ, ਕਰਨ ਦੀਵਾਨ), ‘ਪੀ ਲੈ…ਮੈਂ ਅਰਜ਼ਾਂ ਮੈਂ ਮਿੰਨਤਾਂ ਕਰ-ਕਰ ਥੱਕ ਗਈ’, ‘ਛੱਡ ਮੇਰੀ ਵੀਹਣੀ ਨਾ ਮਰੋੜ’ (ਸ਼ਮਸ਼ਾਦ ਬੇਗ਼ਮ), ‘ਉੱਡਦੇ ਪੰਛੀ ਪਿੰਜਰੇ ਪਾਏ’ (ਕਰਨ ਦੀਵਾਨ), ‘ਪਿੰਡ ਦੀਆਂ ਅਜਬ ਬਹਾਰਾਂ’, ‘ਮੈਂ ਆਖਦਾ ਸਾਂ ਜਦੋਂ ਯਾਰ ਮਿਲੇ ਸੀ’, ‘ਅੱਜ ਨਾ ਕੋਇਲੇ ਕੂਕ ਪਾਪਣੇ’, ‘ਉੱਡਦੇ ਪੰਛੀ ਪਿੰਜਰੇ ਪਾਏ’, ‘ਨੀਂ ਮੈਂ ਕਾਹਨੂੰ ਅੱਖੀਆਂ ਲਾਈਆਂ’, ‘ਨਾਲ ਧਰਮ ਦੇ ਸਾਨੂੰ ਲੱਗਣਾ ਏ’, ‘ਰਾਤੀਂ ਖ਼ਾਬ ਦੇ ਵਿਚ ਮਜਨੂੰ ਨੂੰ’, ‘ਗੋਰੇ ਰੰਗ ਉੱਤੇ ਡੁੱਲ੍ਹ ਨਾ ਜਾਈਂ’ ਤੇ ਇਕ ਉਰਦੂ ਗ਼ਜ਼ਲ ‘ਬਹੁਤ ਹੈਂ ਚਾਹਨੇ ਵਾਲੇ’ ਵੀ ਬੜੀ ਪਸੰਦ ਕੀਤੀ ਗਈ। ਇਹ ਕਾਮਯਾਬ ਨਗ਼ਮਾਤੀ ਫ਼ਿਲਮ 20 ਜੂਨ 1941 ਨੂੰ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ।
ਇਸ ਤੋਂ ਬਾਅਦ ਆਪਣੇ ਮਾਮੇ ਭਾਈ ਗ਼ੁਲਾਮ ਹੈਦਰ ਦੇ ਕਹਿਣ ’ਤੇ ਅਮੀਰ ਅਲੀ ਲਾਹੌਰ ਤੋਂ ਪੂਨਾ ਟੁਰ ਗਏ। ਨਵਯੁੱਗ ਚਿੱਤਰਪਟ ਲਿਮਟਿਡ, ਪੂਨਾ ਦੀ ਨਜ਼ਮ ਨੱਕਵੀ ਨਿਰਦੇਸ਼ਿਤ ਫ਼ਿਲਮ ‘ਨਯਾ ਤਰਾਨਾ’ (1943) ਵਿਚ ਵਲੀ ਸਾਹਿਬ ਦੇ ਲਿਖੇ 8 ਗੀਤਾਂ ਦਾ ਅਮੀਰ ਅਲੀ ਨੇ ਸ਼ਾਨਦਾਰ ਸੰਗੀਤ ਤਾਮੀਰ ਕੀਤਾ। ਅਦਾਕਾਰਾ ਸਨੇਹ ਪ੍ਰਭਾ ਤੇ ਪੀ. ਜੈਰਾਜ ’ਤੇ ਫ਼ਿਲਮਾਏ ਇਨ੍ਹਾਂ ਖ਼ੂਬਸੂਰਤ ਗੀਤਾਂ ਦੇ ਬੋਲ ਹਨ ‘ਹਮ ਦੁਨੀਆ ਕੇ ਅੰਨਦਾਤਾ ਹੈਂ’ (1/ਖ਼ਾਨ ਮਸਤਾਨਾ) ਤੇ ‘ਆ ਨਯਾ ਤਰਾਨਾ ਗਾਏਂ’ (2/ਸਨੇਹ ਪ੍ਰਧਾਨ, ਸਾਥੀ), ‘ਮੇਰੇ ਪ੍ਰਾਣੋਂ ਮੇਂ ਬਸ ਕੇ ਰਹੇ’, ‘ਯਾਦ ਕੋਈ ਆ ਰਹਾ ਹੈ ਕਯਾ ਕਰੂੰ’, ‘ਆਈ ਮੀਰਾ ਪ੍ਰਭੂ ਪਾਸ’ (ਸਨੇਹ ਪ੍ਰਭਾ ਪ੍ਰਧਾਨ) ਆਦਿ ਖ਼ੂਬ ਚੱਲੇ। ਇਸ ਫ਼ਿਲਮ ਵਿਚ ਮੌਸੀਕੀ ਮੁਰੱਤਬਿ ਕਰਨ ਤੋਂ ਬਾਅਦ ਅਮੀਰ ਅਲੀ ਲਾਹੌਰ ਆ ਗਏ। ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਪਗਲੀ’ (1943) ਦੇ ਚਾਰ ਸੰਗੀਤਕਾਰਾਂ ਝੰਡੇ ਖ਼ਾਨ, ਪੰਡਤ ਗੋਬਿੰਦਰਾਮ, ਰਸ਼ੀਦ ਅੱਤਰੇ ਤੋਂ ਇਲਾਵਾ ਅਮੀਰ ਅਲੀ ਨੇ ਫ਼ਿਲਮ ਦੇ 10 ਗੀਤਾਂ ਵਿਚੋਂ ਤਿੰਨ ਗੀਤਾਂ ਦਾ ਸੰਗੀਤ ਤਰਤੀਬ ਕੀਤਾ। ਇਨ੍ਹਾਂ ਗੀਤਾਂ ਦੇ ਖ਼ੂਬਸੂਰਤ ਬੋਲ ਹਨ ‘ਮਾਨਾ-ਮਾਨਾ ਮਾਨਾ…ਓ ਮਾਨਾ ਕਿ ਤੁਮ ਹੋ’, ‘ਪੀਏ ਜਾ ਪੀਏ ਜਾ ਸ਼ਬ-ਓ-ਰੋਜ਼ ਲੁਤਫ਼ੇ ਜਵਾਨੀ’ ਤੇ ‘ਹੁਸਨ ਕੀ ਯੇਹ ਮਿਹਰਬਾਨੀ ਫਿਰ ਕਹਾਂ’ (ਸ਼ਮਸ਼ਾਦ ਬੇਗ਼ਮ) ਆਦਿ ਗੀਤ ਬਹੁਤ ਮਕਬੂਲ ਹੋਏ। ਫ਼ਿਲਮ ਦੇ ਸਿਰਲੇਖ ਨ੍ਰਿਤ ਗੀਤ ਦੇ ਸੰਗੀਤਕਾਰ ਰੌਬੀ ਰਾਏ ਚੌਧਰੀ ਸਨ। ਇਹ ਕਾਮਯਾਬ ਫ਼ਿਲਮ 11 ਜੂਨ 1943 ਨੂੰ ਲਾਹੌਰ ਦੇ ਰਿਟਜ਼ ਸਿਨਮਾ ਅਤੇ ਅੰਮ੍ਰਿਤਸਰ ਦੇ ਚਿੱਤਰਾ ਟਾਕੀਜ਼ ਵਿਚ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ।
ਇਸ ਤੋਂ ਬਾਅਦ ਉਹ ਇਕ ਵਾਰ ਫਿਰ ਲਾਹੌਰ ਤੋਂ ਪੂਨਾ ਰਵਾਨਾ ਹੋ ਗਏ, ਜਿੱਥੇ ਅਣਹੋਣੀ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਨਵਯੁਗ ਚਿੱਤਰਪਟ ਲਿਮਟਿਡ, ਪੂਨਾ ਦੀ ਨਜ਼ਮ ਨੱਕਵੀ ਨਿਰਦੇਸ਼ਿਤ ਫ਼ਿਲਮ ‘ਪੰਨਾ’ (1944) ’ਚ ਵਲੀ ਸਾਹਿਬ ਦੇ ਲਿਖੇ 8 ਗੀਤਾਂ ਦਾ ਅਮੀਰ ਅਲੀ ਨੇ ਸੋਹਣਾ ਸੰਗੀਤ ਤਿਆਰ ਕੀਤਾ। ਖ਼ੂਬਸੂਰਤ ਅਦਾਕਾਰਾ ਗੀਤਾ ਨਿਜ਼ਾਮੀ ਅਤੇ ਜੈਰਾਜ ਉੱਪਰ ਫ਼ਿਲਮਾਏ ‘ਸਾਂਵਰੀਆ ਰੇ ਕਾਹੇ ਮਾਰੇ ਨਜ਼ਰੀਆ’, ‘ਤਕਦੀਰ ਨੇ ਜੋ ਆਗ ਲਗਾਈ ਹੈ ਬੁਝਾ ਦੇ’, ‘ਜੋ ਹਮ ਪੇ ਗੁਜਰਤੀ ਹੈ ਵੋ ਕੈਸੇ ਬਤਾਏਂ’, ‘ਹਰ ਚੀਜ਼ ਯਹਾਂ ਕੀ ਫ਼ਾਨੀ ਮੇਲਾ ਦੋ ਦਿਨ ਕਾ’, ‘ਲੈ ਲੋ ਲੈ ਲੋ ਮਲਨੀਆ ਸੇ ਹਾਰ’ (ਰਾਜਕੁਮਾਰੀ), ‘ਸਬ ਹਾਲ ਬਤਾ ਦੇਂਗੇ ਜੋ ਹਮ ਪੇ ਗੁਜਰਤੀ’ (ਸ਼ਮਸ਼ਾਦ ਬੇਗ਼ਮ ਤੇ ਸਾਥੀ), ‘ਹੌਸਲਾ ਨਾ ਹਾਰ ਤੂ ਹੌਸਲਾ ਨਾ ਹਾਰ’ ਆਦਿ ਗੀਤ ਜ਼ੁਬਾਨਜ਼ਦ ਹੋਏ। ਇਹ ਫ਼ਿਲਮ ਸੰਗੀਤਕਾਰ ਅਮੀਰ ਅਲੀ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
ਇਸ ਫ਼ਿਲਮ ਦੀ ਨੁਮਾਇਸ਼ ਤੋਂ ਪਹਿਲਾਂ ਹੀ ਇਹ ਨੌਜਵਾਨ ਸੰਗੀਤਕਾਰ ਇਕ ਦਿਨ ਪੂਨਾ (ਮਹਾਰਾਸ਼ਟਰ) ਵਿਚ ਸੜਕ ਪਾਰ ਕਰਦੇ ਹੋਏ ਟਰੱਕ ਦੇ ਥੱਲੇ ਆ ਕੇ ਮਰ ਗਿਆ। 24 ਸਾਲਾਂ ਦੀ ਜਵਾਨ ਉਮਰੇ ਜਹਾਨੋਂ ਰੁਖ਼ਸਤ ਹੋਣ ਵਾਲਾ ਅਮੀਰ ਸੰਗੀਤਕਾਰ ਅਮੀਰ ਅਲੀ ਆਪਣੀਆਂ ਸੁਰੀਲੀਆਂ ਸੰਗੀਤਕ ਤਰਜ਼ਾਂ ਦੇ ਤੂਫ਼ੈਲ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ: 97805-09545