ਉੱਘੇ ਵਿਗਿਆਨੀ ਅਤੇ ਗਿਆਨਵੇਤਾ ਰੁਚੀ ਰਾਮ ਸਾਹਨੀ ਲੰਮਾ ਸਮਾਂ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਰਹੇ। ਇਤਿਹਾਸਕਾਰ ਵੀ.ਐੱਨ. ਦੱਤਾ (ਦਿ ਟ੍ਰਿਬਿਊਨ: ਏ ਵਿਟਨੈਸ ਟੂ ਹਿਸਟਰੀ ਦੇ ਲੇਖਕ) ਅਨੁਸਾਰ ‘‘ਮਾਰਚ 1921 ਤੋਂ ‘ਦਿ ਟ੍ਰਿਬਿਊਨ’ ਨੇ ਅਕਾਲੀ ਲਹਿਰ ਦੇ ਹਾਲ ਬੜੇ ਵਿਸਥਾਰ ਵਿਚ ਬਿਆਨ ਕੀਤੇ। ‘ਦਿ ਟ੍ਰਿਬਿਊਨ’ ਦੇ ਨੁਮਾਇੰਦੇ ਵਜੋਂ ਕੰਮ ਕਰਦਿਆਂ ਪ੍ਰੋ. ਰੁਚੀ ਰਾਮ ਸਾਹਨੀ ਨੇ ਅਕਾਲੀ ਲਹਿਰ ਨਾਲ ਜੁੜੀਆਂ ਘਟਨਾਵਾਂ ਬਾਰੇ ਅਖ਼ਬਾਰ ਵਿਚ ਬਹੁਤ ਵਿਸਥਾਰ ’ਚ ਲਿਖਿਆ।’’ ਇਹ ਲੇਖ ਗੁਰੂ ਕਾ ਬਾਗ਼ ਮੋਰਚੇ ਬਾਰੇ ਹੈ।
ਪ੍ਰੋ. ਰੁਚੀ ਰਾਮ ਸਾਹਨੀ
ਇਤਿਹਾਸਕ ਗਵਾਹੀ
ਗੁਰੂ ਕਾ ਬਾਗ਼ ਮਾਮਲੇ ਦੇ ਕਾਨੂੰਨੀ ਪੱਖਾਂ ਬਾਰੇ ਕਿਸੇ ਦਾ ਕੋਈ ਵੀ ਨਜ਼ਰੀਆ ਹੋ ਸਕਦਾ ਹੈ ਅਤੇ ਇਕ ਤੋਂ ਵੱਧ ਕਾਰਨ ਹਨ ਜਿਨ੍ਹਾਂ ਕਰਕੇ ਮੈਂ ਇਸ ਸਵਾਲ ਦਾ ਨਿਰਣਾ ਕਰਨ ਦੀ ਹੈਸੀਅਤ ਵਿਚ ਨਹੀਂ ਬੈਠਣਾ ਚਾਹਾਂਗਾ, ਪਰ ਕੋਈ ਇਸ ਅਹਿਸਾਸ ਦਾ ਕੀ ਕਰੇ ਕਿ ਅਕਾਲੀ ਜਥਿਆਂ ਦੇ ਰੂਪ ਵਿਚ ਆਏ ਕੁਝ ਆਮ ਪੇਂਡੂ ਲੋਕਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਅਤਿ ਦੀ ਉਕਸਾਹਟ ਦੇ ਬਾਵਜੂਦ ਕਿੰਨੇ ਠਰੰਮੇ, ਹੌਸਲੇ ਅਤੇ ਬੇਮਿਸਾਲ ਸਹਿਣਸ਼ੀਲਤਾ ਦਾ ਮੁਜ਼ਾਹਰਾ ਕੀਤਾ ਅਤੇ ਅਤਿ ਦੇ ਕਸ਼ਟਾਂ ਦੇ ਬਾਵਜੂਦ ਕਸੀਸ ਵੀ ਨਾ ਵੱਟੀ। ਉਹ ਸਭ ਪੇਂਡੂ ਲੋਕ ਉੱਚ ਦੁਮਾਲੜੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਤੇ ਵੀਹਵੀਂ ਸਦੀ ਦੀ ਇਸ ਮਹਾਂਗਾਥਾ ਦੇ ਅਜਿਹੇ ਨਾਇਕ ਸਨ ਜਿਨ੍ਹਾਂ ਨੂੰ ਦੇਸ਼ ਦੇ ਕਰੋੜਾਂ ਵਾਸੀ ਉਵੇਂ ਹੀ ਪਿਆਰ, ਸਤਿਕਾਰ ਅਤੇ ਸਲਾਹੁਤਾ ਨਾਲ ਚੇਤੇ ਰੱਖਣਗੇ ਜਿਵੇਂ ਉਹ ਅੱਜ ਤੱਕ ਪੁਰਾਤਨ ਗਾਥਾਵਾਂ ਦੇ ਮਹਾਂਨਾਇਕਾਂ ਦੀ ਯਾਦ ਨੂੰ ਸੰਜੋਅ ਕੇ ਰੱਖਦੇ ਹਨ। ਮੈਨੂੰ ਸ਼ਾਇਦ ਅਜਿਹੇ ਤਾਸੁਰਾਤ ਸਾਂਝੇ ਕਰਨ ਦਾ ਕਦੇ ਵੀ ਵਕਤ ਨਾ ਮਿਲਦਾ, ਪਰ ਜਿਵੇਂ ਉਨ੍ਹਾਂ ਇਕ ਇਕ ਕਰ ਕੇ ਅਦੁੱਤੀ ਦਲੇਰੀ ਤੇ ਅਡੋਲਤਾ ਦਾ ਮੁਜ਼ਾਹਰਾ ਕੀਤਾ ਉਹ ਮੰਜ਼ਰ ਦੇਖ ਕੇ ਮੈਂ ਇਸ ਵਹਿਸ਼ਤ ਤੇ ਅਣਮਨੁੱਖੀ ਕਾਰੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਮਜਬੂਰ ਹੋ ਗਿਆ।
ਚਾਰ ਸਤੰਬਰ ਨੂੰ ਮੈਂ ਰਾਜਾ ਸਾਂਸੀ ਤੋਂ ਕਰੀਬ ਡੇਢ ਮੀਲ ਅਗਾਂਹ ਉਹ ਮੰਜ਼ਰ ਦੇਖਣ ਲਈ ਪਹੁੰਚਿਆ ਸਾਂ ਜਿੱਥੇ ਸੰਘਰਸ਼ ਚੱਲ ਰਿਹਾ ਸੀ। ਇਸ ਵਾਰ ਮੇਰੇ ਨਾਲ ਪੰਡਿਤ ਮਦਨ ਮੋਹਨ ਮਾਲਵੀਆ, ਮਾਣਯੋਗ ਸਰਦਾਰ ਜੋਗਿੰਦਰ ਸਿੰਘ ਮੈਂਬਰ ਸੂਬਾਈ ਕੌਂਸਲ, ਸ. ਬਖ਼ਤਾਵਰ ਸਿੰਘ ਐੱਮਐੱਲਸੀ, ਪ੍ਰੋ. ਜੋਧ ਸਿੰਘ, ਸ. ਸੁੰਦਰ ਸਿੰਘ ਰਾਮਗੜ੍ਹੀਆ ਸਾਬਕਾ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ, ਫੈਲੋ ਪੰਜਾਬ ਯੂਨੀਵਰਸਿਟੀ ਅਤੇ ਆਨਰੇਰੀ ਮੈਜਿਸਟ੍ਰੇਟ, ‘ਜਥੇਦਾਰ’ ਅਤੇ ‘ਲੌਇਲ ਗਜਟ’ ਦੇ ਸੰਪਾਦਕ ਅਤੇ ਸਿੱਖ ਬਰਾਦਰੀ ਦੇ ਪੰਦਰ੍ਹਾਂ ਦੇ ਕਰੀਬ ਮੋਹਤਬਰ ਸੱਜਣ ਮੌਜੂਦ ਸਨ ਜਿਨ੍ਹਾਂ ’ਚੋਂ ਬਹੁਤੇ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਸਨ। ਉਨ੍ਹਾਂ ਸਾਰਿਆਂ ਕੋਲ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਪਰਮਿਟ ਸਨ, ਪਰ ਤਾਂ ਵੀ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਛੱਡ ਕੇ ਬਾਕੀ ਸਭਨਾਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਗਿਆ ਤੇ ਕੁਝ ਨੂੰ ਲਾਠੀਆਂ ਤੇ ਮੁੱਕਿਆਂ ਦਾ ਵੀ ਸਵਾਦ ਚੱਖਣਾ ਪਿਆ। ਸਰਦਾਰ ਤਾਰਾ ਸਿੰਘ, ਬੀ ਏ ਐੱਲਐੱਲਬੀ ਨੂੰ ਖੇਤਾਂ ਵਿਚ ਦੌੜਾਇਆ ਗਿਆ ਅਤੇ ਉਨ੍ਹਾਂ ਦੇ ਕੱਪੜੇ ਚਿੱਕੜ ਨਾਲ ਲੱਥਪਥ ਹੋ ਗਏ ਤੇ ਉਨ੍ਹਾਂ ਦਾ ਪਰਸ ਜਿਸ ਵਿਚ 7-8 ਰੁਪਏ ਸਨ ਅਤੇ ਐਨਕਾਂ ਸਨ, ਗੁੰਮ ਗਈਆਂ। ਵਫ਼ਦ ਦੇ ਇਕ ਹੋਰ ਮੈਬਰ ਤੋਂ ਦਸ ਰੁਪਏ ਖੋਹ ਲਏ ਗਏ। ਕੁਝ ਜਣਿਆਂ ’ਤੇ ਲਾਠੀਆਂ ਵਰ੍ਹਾਈਆਂ ਗਈਆਂ। ਮੇਰਾ ਵੀ ਇਸ ਕਰਕੇ ਬਚਾਓ ਹੋ ਗਿਆ ਕਿਉਂਕਿ ਮੈਂ ‘ਦਿ ਟ੍ਰਿਬਿਊਨ’ ਦਾ ਪ੍ਰਤੀਨਿਧ ਹੋਣ ਦੇ ਨਾਤੇ ਪੁਲੀਸ ਸੁਪਰਡੈਂਟ ਤੋਂ ਸੁਰੱਖਿਆ ਮੰਗੀ ਸੀ। ਮੈਂ ਆਪਣੇ ਸੰਪਾਦਕ ਦਾ ਲਿਖਿਆ ਇਕ ਪੱਤਰ ਵੀ ਦਿਖਾਇਆ ਜਿਸ ਵਿਚ ਮੈਨੂੰ ਅਖ਼ਬਾਰ ਦਾ ਪੱਤਰਕਾਰ ਨਿਯੁਕਤ ਕੀਤਾ ਹੋਇਆ ਸੀ ਹਾਲਾਂਕਿ ਮੈਂ ਅਖ਼ਬਾਰ ਦਾ ਟਰੱਸਟੀ ਸਾਂ। ਪੂਰੇ ਵਫ਼ਦ ਨੇ ਅੱਖੀਂ ਦੇਖਿਆ ਕਿ ਕਿਵੇਂ ਘੁੜਸਵਾਰ ਪੁਲੀਸ ਕਰਮੀਆਂ ਨੇ ਸੈਂਕੜੇ ਤਮਾਸ਼ਬੀਨਾਂ ਨੂੰ ਖੇਤਾਂ ਵਿਚ ਦੌੜਾਇਆ। ਉਨ੍ਹਾਂ ’ਚੋਂ ਬਹੁਤ ਸਾਰਿਆਂ ਨੇ ਪੁਲੀਸ ਕਰਮੀਆਂ ਵੱਲੋਂ ਕੀਤੀਆਂ ਲੁੱਟ ਖੋਹਾਂ ਦੀਆਂ ਕਹਾਣੀਆਂ ਸੁਣਾਈਆਂ। ਵਫ਼ਦ ਦੇ ਇਕ ਮੈਂਬਰ ਜੋ ਇਕ ਅਖ਼ਬਾਰ ਦਾ ਸੰਪਾਦਕ ਸੀ, ਨੇ ਮੈਨੂੰ ਦਰਜਨ ਭਰ ਅਜਿਹੇ ਲੋਕਾਂ ਤੋਂ ਲੁੱਟ ਖੋਹ ਦੇ ਵੇਰਵੇ ਦਿੱਤੇ ਜਿਨ੍ਹਾਂ ਨੂੰ ਪੁਲੀਸ ਨੇ ਖੇਤਾਂ ’ਚ ਦੌੜਾਇਆ ਸੀ। ਮੈਂ ਖ਼ੁਦ ਇਕ ਮਾਮਲਾ ਪੁਲੀਸ ਸੁਪਰਡੈਂਟ ਦੇ ਧਿਆਨ ਵਿਚ ਲਿਆਂਦਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਕ ਘੁੜਸਵਾਰ ਪੁਲੀਸ ਕਰਮੀ ਨੇ ਇਕ ਤਮਾਸ਼ਬੀਨ ਕੋਲੋਂ ਚਾਦਰ ਖੋਹ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਈ ਸੀ। ਮੈਨੂੰ ਜਵਾਬ ਮਿਲਿਆ ਕਿ ਮੈਂ ਕੋਈ ਤਫ਼ਤੀਸ਼ੀ ਅਫ਼ਸਰ ਨਹੀਂ ਹਾਂ ਤੇ ਜੇ ਮੈਂ ਚਾਹੁੰਦਾ ਹਾਂ ਤਾਂ ਥਾਣੇ ਰਿਪੋਰਟ ਲਿਖਵਾ ਸਕਦਾ ਹਾਂ ਤੇ ਇਸ ਦੇ ਨਤੀਜੇ ਦਾ ਇੰਤਜ਼ਾਰ ਕਰਾਂ। ‘ਦਿ ਇੰਡੀਪੈਂਡੈਟ’ ਦੇ ਨੁਮਾਇੰਦੇ ਸ਼੍ਰੀ ਸੁੰਦਰਮ ਨੇ ਇਕ ਹੋਰ ਵਿਅਕਤੀ ਬਾਰੇ ਨਾਇਬ ਤਹਿਸੀਲਦਾਰ ਨੂੰ ਆਗਾਹ ਕੀਤਾ ਜਿਸ ਬਾਰੇ ਉਨ੍ਹਾਂ ਦਾ ਸ਼ੱਕ ਸੀ ਕਿ ਉਸ ਕੋਲ ਲੋਕਾਂ ਤੋਂ ਲੁੱਟਿਆ ਹੋਇਆ ਕਾਫ਼ੀ ਪੈਸਾ ਸੀ। ਨਾਇਬ ਤਹਿਸੀਲਦਾਰ ਸਿਰਫ਼ ਸਿਰ ਹਿਲਾ ਕੇ ਚਲਿਆ ਗਿਆ ਜਿਸ ਦਾ ਇਸ਼ਾਰਾ ਸੀ ਕਿ ਉਹ ਇਸ ਮਾਮਲੇ ਵਿਚ ਬੇਵੱਸ ਹੈ। ਅਜਿਹੇ ਕੇਸਾਂ ਦੀ ਗਿਣਤੀ ਐਨੀ ਜ਼ਿਆਦਾ ਸੀ ਕਿ ਇੱਥੇ ਸਾਡੇ ਧਿਆਨ ਵਿਚ ਆਏ ਕੇਸਾਂ ਦਾ ਜ਼ਿਕਰ ਕਰਨਾ ਮੁਸ਼ਕਿਲ ਸੀ।
ਗੁਰੂ-ਕਾ-ਬਾਗ਼ ਦਾ ਹਾਲ:
ਜਿਵੇਂ ਕਿ ਸ੍ਰੀ ਬੀਟੀ ਨੇ ਸਾਨੂੰ ਦੱਸਿਆ ਕਿ ਉਹ ਕੁੱਟਮਾਰ ਕਰਨ ਨਾਲੋਂ ਹੋਰ ਤਰੀਕੇ ਇਸਤੇਮਾਲ ਕਰਨਾ ਚਾਹੇਗਾ ਤਾਂ ਅਸੀਂ ਉੱਥੋਂ ਕਰੀਬ ਚਾਰ ਮੀਲ ਹੋਰ ਅੱਗੇ ਗੁਰੂ-ਕਾ-ਬਾਗ਼ ਚਲੇ ਗਏ। ਅਸੀਂ ਉੱਥੇ ਮਸਾਂ ਦੋ ਕੁ ਘੰਟੇ ਰੁਕੇ ਹੋਵਾਂਗੇ। ਇਸ ਦੌਰਾਨ ਅਸੀਂ ਦੇਖਿਆ ਕਿ ਪੰਜ-ਪੰਜ ਦੇ ਜਥਿਆਂ ਵਿਚ 25 ਅਕਾਲੀ ਬਾਗ਼ (ਜੋ ਇਕ ਖੁੱਲ੍ਹਾ ਮੈਦਾਨ ਸੀ ਜਿੱਥੇ ਕਿੱਕਰਾਂ ਦੇ ਦਰੱਖ਼ਤ ਸਨ) ਵੱਲ ਵਧੇ। ਉਨ੍ਹਾਂ ਦੇ ਰਾਹ ਵਿਚ ਕਰੀਬ ਤੀਹ ਪੈਂਤੀ ਗੋਰਖਾ ਸਿਪਾਹੀ ਤਾਇਨਾਤ ਸਨ ਜਿਨ੍ਹਾਂ ਕੋਲ ਤਾਂਬੇ ਤੇ ਲੋਹੇ ਦੇ ਮੁੱਠੇ ਵਾਲੀਆਂ ਲਾਠੀਆਂ ਸਨ। ਉਨ੍ਹਾਂ ਨੂੰ ਸਹਾਇਕ ਪੁਲੀਸ ਸੁਪਰਡੈਂਟ ਮਿਸਟਰ ਲੌਬ੍ਹ ਹੁਕਮ ਦੇ ਰਿਹਾ ਸੀ ਪਰ ਉਹ ਆਪ ਕੁੱਟਮਾਰ ਵਿਚ ਹਿੱਸਾ ਨਹੀਂ ਲੈ ਰਿਹਾ ਸੀ, ਹਾਲਾਂਕਿ ਕਦੇ ਕਦਾਈਂ ਉਹ ਆਪ ਵੀ ਕਿਸੇ ਨੂੰ ਇਕ ਦੋ ਠੁੱਡ ਮਾਰ ਦਿੰਦਾ ਸੀ। ਅਕਾਲੀ ਸਿੱਧੇ ਬਾਊਂਡਰੀ ਵੱਲ ਜਾਂਦੇ ਜਿੱਥੇ ਉਨ੍ਹਾਂ ਨੂੰ ਧੱਕੇ ਮਾਰ ਕੇ ਸੁੱਟ ਲਿਆ ਜਾਂਦਾ ਸੀ ਤੇ ਫਿਰ ਉਨ੍ਹਾਂ ’ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਤੇ ਠੁੱਡੇ ਮਾਰੇ ਜਾਂਦੇ। ਅਕਸਰ ਪੱਟਾਂ ਦੇ ਅੰਦਰਲੇ ਪਾਸੇ ਲਾਠੀਆਂ ਚਲਾਈਆਂ ਜਾਂਦੀਆਂ ਸਨ। ਮੈਂ ਇਕ ਗੋਰਖੇ ਸਿਪਾਹੀ ਨੂੰ ਮੂਧੇ ਮੂੰਹ ਡਿੱਗੇ ਪਏ ਇਕ ਅਕਾਲੀ ਕਾਰਕੁਨ ਦੀ ਧੌਣ ਪੈਰ ਨਾਲ ਦਬਾਉਂਦਿਆਂ ਦੇਖਿਆ ਸੀ। ਉਹ ਆਦਮੀ ਵਾਰ ਵਾਰ ਉੱਠਦਾ ਤੇ ਗੋਰਖੇ ਸਿਪਾਹੀ ਦੇ ਸਾਹਮਣੇ ਜਾ ਖੜ੍ਹਦਾ ਸੀ। ਉੱਥੇ ਜੋ ਕੁਝ ਵਾਪਰ ਰਿਹਾ ਸੀ, ਦੇਖ ਕੇ ਸਾਡੇ ਸਾਰਿਆਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਰਹੇ ਸਨ ਤੇ ਸਰਦਾਰ ਜੋਗਿੰਦਰ ਸਿੰਘ ਤਾਂ ਭੁੱਬਾਂ ਮਾਰ ਕੇ ਰੋ ਰਹੇ ਸਨ। ਜਦੋਂ ਅਕਾਲੀ ਜਥਿਆਂ ’ਤੇ ਲਾਠੀਆਂ ਦਾ ਮੀਹ ਵਰ੍ਹ ਰਿਹਾ ਸੀ ਤਾਂ ਉਹ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਪੰਡਤ ਮਦਨ ਮੋਹਨ ਮਾਲਵੀਆ ਨੇ ਥੋੜ੍ਹੀ ਦੇਰ ਬਾਅਦ ਇਹ ਮੰਜ਼ਰ ਦੇਖਣ ਤੋਂ ਬਾਅਦ ਆਖਿਆ ਕਿ ਇਹ ਤਾਂ ਤਬਾਹੀ ਦਾ ਮੰਜ਼ਰ ਜਾਪਦਾ ਹੈ। ਵਫ਼ਦ ਦੇ ਕੁਝ ਹੋਰ ਮੈਂਬਰ ਵੀ ਜ਼ਿਆਦਾ ਦੇਰ ਇਹ ਹਾਲ ਨਾ ਦੇਖ ਸਕੇ। ਸਹਾਇਕ ਪੁਲੀਸ ਸੁਪਰਡੈਂਟ ਵੀ ਸ਼ਾਇਦ ਸ਼ਰਮਿੰਦਾ ਸੀ ਤੇ ਉਹ ਨਹੀਂ ਚਾਹੁੰਦਾ ਸੀ ਕਿ ਅਸੀਂ ਜ਼ਿਆਦਾ ਦੇਰ ਉੱਥੇ ਇਹ ਸਭ ਕੁਝ ਦੇਖੀਏ। ਮੈਂ ਉਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਕ ਅਖ਼ਬਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਉੱਥੇ ਰਹਿਣ ਦਾ ਪੂਰਾ ਹੱਕ ਹੈ। ਕਈ ਜਣਿਆਂ ਨੂੰ ਉੱਥੋਂ ਪਿਛਾਂਹ ਜਾਣ ਲਈ ਕਿਹਾ ਗਿਆ। ਇਕ ਵਿਅਕਤੀ ਨੇ ਦਲੀਲ ਦਿੱਤੀ ਕਿ ਉਹ ਵਿਧਾਨ ਪ੍ਰੀਸ਼ਦ ਦਾ ਮੈਂਬਰ ਹੈ ਪਰ ਅਫ਼ਸਰ ਨੇ ਜਵਾਬ ਦਿੱਤਾ ਕਿ ਉਸ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਉਸ ਨੂੰ ਪਿਛਾਂਹ ਜਾਣਾ ਪਵੇਗਾ।
ਮੰਜ਼ਰ ਤੋਂ ਮੂੰਹ ਘੁਮਾ ਕੇ ਇਕ ਸ਼ਖ਼ਸ ਨੇ ਕਿਹਾ ਕਿ ਇਹ ਸਾਡੀ ਕੌਮੀ ਗ਼ੁਲਾਮੀ ਤੇ ਬੇਪਤੀ ਦੀ ਨਿਸ਼ਾਨੀ ਹੈ। ਇਸ ’ਤੇ ਮੈਂ ਕਿਹਾ ਕਿ ਜੇ ਅਸੀਂ ਇਸ ਸਰਕਾਰੀ ਅੱਤਿਆਚਾਰ ਨੂੰ ਨੰਗਾ ਨਾ ਕੀਤਾ ਅਤੇ ਇਸ ਦੀ ਨਿਖੇਧੀ ਨਾ ਕੀਤੀ ਤਾਂ ਰੱਬ ਦੀ ਦਰਗਾਹ ਵਿਚ ਇਸ ਕਾਰੇ ਲਈ ਅਸੀਂ ਵੀ ਕੁਝ ਹੱਦ ਤੱਕ ਦੋਸ਼ੀ ਠਹਿਰਾਏ ਜਾਵਾਂਗੇ। ਮੇਰਾ ਮੰਨਣਾ ਸੀ ਕਿ ਇਹ ਜੋ ਕੁਝ ਵੀ ਵਾਪਰਿਆ, ਉਸ ਲਈ ਮੱਧਮਾਰਗੀ (Moderates) ਲੋਕ ਅਤੇ ਮੌਜੂਦਾ ਵਿਧਾਨ ਪ੍ਰੀਸ਼ਦ (Legislative Council) ਦੇ ਮੈਂਬਰ ਜ਼ਿੰਮੇਵਾਰ ਸਨ ਜਿਨ੍ਹਾਂ ਨੇ ਜਾ ਕੇ ਦੇਖਣ ਦੀ ਜ਼ਹਿਮਤ ਵੀ ਨਹੀਂ ਕੀਤੀ ਕਿ ਅੰਮ੍ਰਿਤਸਰ ਵਿਚ ਅਮਨ ਕਾਨੂੰਨ ਦੇ ਨਾਂ ’ਤੇ ਕੀ ਕੁਝ ਕੀਤਾ ਜਾ ਰਿਹਾ ਹੈ ਤੇ ਨਾ ਹੀ ਇਸ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ। ਜੇ ਉਹ ਖ਼ੁਦ ਇਸ ਤੋਂ ਭੈਅਭੀਤ ਸਨ ਤਾਂ ਜੇ ਜ਼ਰੂਰੀ ਸਮਝਿਆ ਜਾਵੇ ਤਾਂ ਉਨ੍ਹਾਂ ਨੂੰ ਅਜਿਹੀ ਨਕਾਰਾ ਵਿਧਾਨ ਪ੍ਰੀਸ਼ਦ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਵਾਪਸੀ ’ਤੇ ਅਸੀਂ ਅਕਾਲੀਆਂ ਦੀ ਇਕੱਤਰਤਾ ਵੇਖੀ ਜੋ ਉਸੇ ਤਰ੍ਹਾਂ ਲਾਠੀਆਂ ਦਾ ਸਾਹਮਣਾ ਕਰਨ ਲਈ ਤਿਆਰ ਸੀ ਜਿਸ ਨੂੰ ਅਸੀਂ ਹੁਣੇ ਹੁਣੇ ਅੱਖੀਂ ਦੇਖ ਕੇ ਆਏ ਸਾਂ। ਇਹ ਕਹਿਣਾ ਮੁਸ਼ਕਲ ਸੀ ਕਿ ਗੁਰਦੁਆਰੇ ਵਿਚ ਕਿੰਨੇ ਕੁ ਅਕਾਲੀ ਮੌਜੂਦ ਸਨ ਪਰ ਚਾਰ ਤਰੀਕ ਦੀ ਸ਼ਾਮ ਤੱਕ ਉਨ੍ਹਾਂ ਦੀ ਗਿਣਤੀ ਹਜ਼ਾਰ ਤੋਂ ਘੱਟ ਨਹੀਂ ਸੀ। ਇੱਥੇ ਅਸੀਂ ਆਸ ਪਾਸ ਦੇ ਪਿੰਡਾਂ ਤੋਂ ਆਏ ਬਹੁਤ ਸਾਰੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੂੰ ਇਸ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਕਿਉਂਕਿ ਉਨ੍ਹਾਂ ਅਕਾਲੀਆਂ ਨੂੰ ਲੰਗਰ ਛਕਾਇਆ ਸੀ। ਸਾਨੂੰ ਦੱਸਿਆ ਗਿਆ ਕਿ ਬਹੁਤ ਸਾਰੇ ਪੁਲੀਸ ਕਰਮੀ ਜਿਨ੍ਹਾਂ ਵਿਚ ਘੁੜਸਵਾਰ ਪੁਲੀਸ ਕਰਮੀ ਵੀ ਸ਼ਾਮਲ ਸਨ, ਪਿੰਡੋ ਪਿੰਡੀ ਜਾ ਰਹੇ ਸਨ ਤੇ ਅਕਾਲੀਆਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਤੇ ਗੁਰੂ-ਕਾ-ਬਾਗ਼ ਲਈ ਲੰਗਰ ਭੇਜਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਗੁਰੂ-ਕਾ-ਬਾਗ਼ ਦੇ ਆਸ ਪਾਸ ਕਈ ਮੀਲ ਤੱਕ ਸਮੁੱਚੇ ਇਲਾਕੇ ਨਾਲ ਬੇਹੱਦ ਹੌਲਨਾਕ ਸਲੂਕ ਕੀਤਾ ਜਾ ਰਿਹਾ ਸੀ- ਜ਼ਖ਼ਮੀਆਂ ਤੇ ਕੁੱਟਮਾਰ ਦਾ ਸ਼ਿਕਾਰ ਬੰਦਿਆਂ ਲਈ ਦੁੱਧ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਮੇਰਾ ਯਕੀਨ ਸੀ ਕਿ ਇਸ ਤਰ੍ਹਾਂ ਤਾਂ ਮਾਰਸ਼ਲ ਲਾਅ ਦੇ ਦਿਨਾਂ ਵਿਚ ਵੀ ਨਹੀਂ ਕੀਤਾ ਗਿਆ ਸੀ। ਅਸੀਂ ਸੈਂਸਰਾ ਕਲਾਂ ਵਾਸੀ ਸਰਦਾਰ ਊਧਮ ਸਿੰਘ ਨੂੰ ਦੇਖਿਆ ਜਿਸ ਦੀ ਪਿੱਠ ’ਤੇ ਲਾਠੀਆਂ ਦੀਆਂ 24 ਲਾਸਾਂ ਪਈਆਂ ਹੋਈਆਂ ਸਨ ਜਦਕਿ ਬਾਹਾਂ ’ਤੇ ਨਿਸ਼ਾਨ ਸਪੱਸ਼ਟ ਨਹੀਂ ਸਨ ਅਤੇ ਦੋਵੇਂ ਪੱਟਾਂ ’ਤੇ ਅੰਦਰਲੇ ਪਾਸੇ ਤਿੰਨ ਨਿਸ਼ਾਨ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਮੇਰੀ ਬੇਨਤੀ ’ਤੇ ਉਸ ਨੂੰ ਪਾਸੇ ਲਿਜਾ ਕੇ ਵਫ਼ਦ ਦੇ ਇਕ ਮੈਂਬਰ ਜੋ ਮਿੱਲ ਮਾਲਕ ਅਤੇ ਬੀਏ ਐੱਲਐੱਲਬੀ ਸੀ, ਵੱਲੋਂ ਇਨ੍ਹਾਂ ਸੱਟਾਂ ਦੀ ਨਿਸ਼ਾਨਦੇਹੀ ਕੀਤੀ ਗਈ। ਉਸੇ ਸੱਜਣ ਨੇ ਜਥੇ ਦੇ ਕਈ ਹੋਰ ਮੈਂਬਰਾਂ ਦੀਆਂ ਪਿੱਠਾਂ ’ਤੇ ਲਾਠੀਆਂ ਦੀਆਂ ਲਾਸਾਂ ਦੀ ਗਿਣਤੀ ਕੀਤੀ। ਊਧਮ ਸਿੰਘ ਦਾ ਕਸੂਰ ਇਹ ਸੀ ਕਿ ਉਸ ਨੇ ਗੁਰੂ-ਕਾ-ਬਾਗ਼ ਗੁਰਦੁਆਰੇ ਵਿਚ ਲੰਗਰ ਪਹੁੰਚਾਇਆ ਸੀ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਦੇ ਸਰੀਰ ’ਤੇ ਸੱਟਾਂ ਦੇ 18 ਜਦੋਂਕਿ ਇਕ ਹੋਰ ਦੇ 21 ਨਿਸ਼ਾਨ ਸਨ। ਹਰੇਕ ਜ਼ਖ਼ਮੀ ਆਪਣੀ ਹੌਲਨਾਕ ਕਹਾਣੀ ਤੇ ਸੰਤਾਪ ਦੇ ਵੇਰਵੇ ਦੇਣਾ ਚਾਹੁੰਦਾ ਸੀ ਪਰ ਸਾਡੇ ਕੋਲ ਇੰਨਾ ਵਕਤ ਨਹੀਂ ਸੀ। ਕੀ ਇਹ ਮੰਗ ਕਰਨੀ ਬੇਜਾ ਹੈ ਕਿ ਸਾਡੇ ਸੂਬੇ ਅਤੇ ਆਸ ਪਾਸ ਦੇ ਸੂਬਿਆਂ ਦੇ ਕੁਝ ਮੱਧਮਾਰਗੀ ਸੱਜਣ ਕਿਰਪਾ ਕਰਕੇ ਕੁਝ ਦਿਨ ਗੁਰੂ-ਕਾ-ਬਾਗ਼ ਇਲਾਕੇ ਵਿਚ ਬਿਤਾ ਕੇ ਆਪਣੀਆਂ ਲੱਭਤਾਂ ਦੁਨੀਆਂ ਦੇ ਸਾਹਮਣੇ ਲਿਆਉਣ? ਰੌਸ਼ਨੀ ਵਿਚ ਹੀ ਸਿਹਤਯਾਬੀ ਦਾ ਰਾਜ਼ ਹੈ ਅਤੇ ਸਾਡੀਆਂ ਸਾਰੀਆਂ ਕੌਮੀ ਮੁਸੀਬਤਾਂ ਦੀ ਜੜ੍ਹ ਇਸੇ ਤੱਥ ਵਿਚ ਪਈ ਹੈ ਕਿ ਸਾਡੇ ਕੋਲ ਮੌਜੂਦਾ ਪ੍ਰਸ਼ਾਸਨ ਦੇ ਧੱਬਿਆਂ ਨੂੰ ਰੱਬ ਦੇ ਪ੍ਰਕਾਸ਼ ਵਿਚ ਲਿਆਉਣ ਦਾ ਜੇਰਾ ਨਹੀਂ ਹੈ।
* * *
ਜਦੋਂ ਸਾਡਾ ਵਫ਼ਦ ਰਾਜਾ ਸਾਂਸੀ ਨੇੜੇ ਚੀਮਾ ਪੁਲ ਕੋਲ ਪਰਤਿਆ ਤਾਂ ਰਾਤ ਹੋ ਚੱਲੀ ਸੀ ਅਤੇ ਉੱਥੇ ਸੌ ਦੇ ਕਰੀਬ ਅਕਾਲੀ ਸੜਕ ਦੇ ਇਕ ਪਾਸੇ ਬੈਠੇ ਹੋਏ ਸਨ ਤੇ ਦੂਜਾ ਪਾਸਾ ਆਵਾਜਾਈ ਲਈ ਖੁੱਲ੍ਹਾ ਸੀ। ਇੱਥੇ ਪੰਡਤ ਮਦਨ ਮੋਹਨ ਮਾਲਵੀਆ ਅਤੇ ਵਫ਼ਦ ਦੇ ਹੋਰਨਾਂ ਮੈਂਬਰਾਂ ਨੇ ਸ਼੍ਰੀ ਬੈਟੀ ਨਾਲ ਲੰਮੀ ਗੱਲਬਾਤ ਕੀਤੀ। ਸ਼੍ਰੀ ਬੀਟੀ ਦੀ ਦਲੀਲ ਸੀ ਕਿ ਅਕਾਲੀਆਂ ਦਾ ਇਸ ਮਾਮਲੇ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਜਦੋਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਉਨ੍ਹਾਂ ਦੀ ਆਪ ਸਹੇੜੀ ਇਸ ਬਿਪਤਾ ਨੂੰ ਦੇਖਣ ਸੁਣਨ ਵਾਲਾ ਕੋਈ ਨਹੀਂ ਹੈ ਤਾਂ ਉਹ ਇਕ ਇਕ ਕਰਕੇ ਆਪੋ ਆਪਣੇ ਪਿੰਡਾਂ ਵੱਲ ਖਿਸਕ ਲੈਣਗੇ। ਕਾਫ਼ੀ ਵਿਚਾਰ ਚਰਚਾ ਤੋਂ ਬਾਅਦ ਇਹ ਤੈਅ ਹੋਇਆ ਕਿ ਐਂਬੂਲੈਂਸ ਕੋਰ, ਮੈਡੀਕਲ ਕਰਮੀਆਂ ਤੇ ਬੌਇ ਸਕਾਊਟਾਂ ਸਮੇਤ ਹਰ ਕਿਸੇ ਨੂੰ ਅੱਧਾ ਮੀਲ ਤੱਕ ਵਾਪਸ ਹਟਾ ਲਿਆ ਜਾਵੇ। ਘਟਨਾ ਸਥਾਨ ’ਤੇ ਸਿਰਫ਼ ਇਕ ਡਾਕਟਰ (ਡਾ. ਖ਼ਾਨ ਚੰਦ) ਨੂੰ ਰਹਿਣ ਦੀ ਆਗਿਆ ਹੋਵੇਗੀ ਅਤੇ ਪ੍ਰੈਸ ਦੇ ਤਿੰਨ ਨੁਮਾਇੰਦਿਆਂ ਨੂੰ ਘਟਨਾ ਸਥਾਨ ਤੋਂ ਅੱਧਾ ਫਰਲਾਂਗ ਉਰ੍ਹੇ ਰਹਿਣ ਦੀ ਆਗਿਆ ਹੋਵੇਗੀ ਜਿੱਥੇ ਅਕਾਲੀ ਸੱਤ ਘੰਟਿਆਂ ਤੋਂ ਧਰਨਾ ਮਾਰ ਕੇ ਬੈਠੇ ਹੋਏ ਸਨ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਅਤੇ ਉਨ੍ਹਾਂ ਤੱਕ ਲੰਗਰ ਨਹੀਂ ਪਹੁੰਚਾਉਣ ਦਿੱਤਾ ਜਾ ਰਿਹਾ ਸੀ। ਚੁਣੇ ਗਏ ਪ੍ਰੈਸ ਦੇ ਤਿੰਨ ਨੁਮਾਇੰਦਿਆਂ ਵਿਚ ਮੇਰੇ (ਦਿ ਟ੍ਰਿਬਿਊਨ ਦੇ ਪ੍ਰਤੀਨਿਧ) ਤੋਂ ਇਲਾਵਾ ਅੰਮ੍ਰਿਤਸਰ ਤੋਂ ਛਪਦੇ ਗੁਰਮੁਖੀ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ’ ਦਾ ਇਕ ਸਿੱਖ ਸੱਜਣ ਅਤੇ ਲਾਹੌਰ ਤੋਂ ਛਪਦੇ ਅਖ਼ਬਾਰ ‘ਜਿਮੀਂਦਾਰ’ ਦੇ ਨੁਮਾਇੰਦੇ ਸ਼੍ਰੀ ਅਤੀਕੀ ਸ਼ਾਮਲ ਸਨ। ਅਸੀਂ ਸੜਕ ਤੋਂ ਹੇਠਾਂ ਖਤਾਨਾਂ ਵਿਚ ਬੈਠ ਗਏ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਨਾ ਆਈਏ। ਉੱਥੋਂ ਸਾਨੂੰ ਸੜਕ ’ਤੇ ਬੈਠੀ ਭੀੜ ਹੀ ਨਜ਼ਰ ਆ ਰਹੀ ਸੀ ਪਰ ਸਾਨੂੰ ਕਿਸੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਬੱਦਲਵਾਈ ਹੋਣ ਕਰਕੇ ਰੌਸ਼ਨੀ ਦੀ ਚਮਕ ਮੱਧਮ ਪੈ ਗਈ ਸੀ। ਰਾਤੀਂ ਕਰੀਬ ਸਵਾ ਅੱਠ ਵਜੇ ਤੱਕ ਵੀ ਲਾਈਟਾਂ ਨਹੀਂ ਜਗਣ ਦਿੱਤੀਆਂ ਜਾ ਰਹੀਆਂ ਸਨ। ਸ਼੍ਰੀ ਬੀਟੀ ਨੇ ਆਪਣਾ ‘ਤਜਰਬਾ’ ਸ਼ੁਰੂ ਕਰ ਦਿੱਤਾ ਸੀ। ਮੈਂ ਕਹਿ ਨਹੀਂ ਸਕਦਾ ਸੀ ਕਿ ਜਿੱਥੇ ਅਕਾਲੀ ਬੈਠੇ ਸਨ ਉੱਥੇ ਕੀ ਹੋ ਰਿਹਾ ਸੀ ਪਰ ਅਸੀਂ ਪੁਲੀਸ ਵਾਲਿਆਂ ਵੱਲੋਂ ਚਿੱਟੀਆਂ ਪੱਗਾਂ ਵਾਲੇ ਦੋ ਬੰਦਿਆਂ ਨੂੰ ਲਿਜਾਂਦੇ ਹੋਏ ਦੇਖਿਆ ਅਤੇ ਇਸ ਤੋਂ ਬਾਅਦ ਇਕ ਬਜ਼ੁਰਗ ਨੂੰ ਸਹਾਰਾ ਦੇ ਕੇ ਲਿਜਾਇਆ ਗਿਆ। ਫਿਰ ਚਿੱਟੀ ਪੱਗ ਵਾਲੇ ਇਕ ਹੋਰ ਬੰਦੇ ਨੂੰ ਘੜੀਸ ਕੇ ਲਿਜਾਇਆ ਗਿਆ ਅਤੇ ਕੁੱਟਮਾਰ ਤੋਂ ਬਾਅਦ ਪੁਲੀਸ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਇਹ ਲੋਕ ਉੱਚੀ ਉੱਚੀ ਨਾਅਰੇ ਲਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਮਰ ਜਾਣਗੇ ਪਰ ਪਿੱਛੇ ਨਹੀਂ ਹਟਣਗੇ। ਇਕ ਬੰਦਾ ਕਹਿ ਰਿਹਾ ‘‘ਸਾਹਿਬ, ਐਨਾ ਜ਼ੁਲਮ ਨਾ ਕਰੋ।’’ ਪਰ ਉਹ ਵਾਪਸ ਜਾਣ ਲਈ ਤਿਆਰ ਨਹੀਂ ਸੀ। ਸਾਨੂੰ ਬਾਅਦ ਵਿਚ ਸਹੀ ਸਹੀ ਪਤਾ ਚੱਲਿਆ ਕਿ ਜਦੋਂ ਅਕਾਲੀਆਂ ਨੂੰ ਇਕ ਇਕ ਕਰਕੇ ਧੱਕੇ ਅਤੇ ਕਰੂਰ ਢੰਗ ਨਾਲ ਹਟਾਉਣ ਤੋਂ ਸ਼੍ਰੀ ਬੀਟੀ ਦੀ ਬੇਵਾਹ ਹੋ ਗਈ ਤਾਂ ਵੀ 75 ਜਣੇ ਉੱਥੇ ਡਟੇ ਹੋਏ ਸਨ ਤੇ ਇਹ ਲੜਾਈ ਫ਼ੈਸਲਾਕੁਨ ਸਾਬਿਤ ਹੋਈ। ਇਸ ਦਾ ਪਤਾ ਕਰਨਾ ਮੁਸ਼ਕਲ ਸੀ ਕਿ ਇਨ੍ਹਾਂ ’ਚੋਂ ਕਿੰਨੇ ਜ਼ਖ਼ਮੀ ਜਾਂ ਅਪਾਹਜ ਹੋ ਗਏ ਸਨ ਕਿਉਂਕਿ ਅਸੀਂ ਥੋੜ੍ਹੀ ਦੂਰ ਤੋਂ ਉਨ੍ਹਾਂ ਨੂੰ ਉੱਥੋਂ ਲਿਜਾਂਦੇ ਹੋਏ ਹੀ ਦੇਖ ਰਹੇ ਸਾਂ। ਬਾਅਦ ਵਿਚ ਸਾਨੂੰ ਪਤਾ ਚੱਲਿਆ ਕਿ ਰਾਹ ਵਿਚ ਉਨ੍ਹਾਂ ਨਾਲ ਕੁੱਟਮਾਰ ਹੁੰਦੀ ਰਹੀ ਸੀ। ਰਾਤੀਂ 9 ਵਜੇ ਤੱਕ ਸਭ ਚੁੱਪ ਚੈਨ ਹੋ ਗਈ। ਦਸ ਕੁ ਵਜੇ ਜਦੋਂ ਸ਼੍ਰੀ ਬੀਟੀ ਸਾਡੇ ਕੋਲੋਂ ਲੰਘਣ ਲੱਗੇ ਤਾਂ ਵੀ ਕੁਝ ਸ਼ਾਂਤ ਹੀ ਸੀ ਤੇ ਇਸ ਦੌਰਾਨ ਮੈਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸ਼ੁਰੂ ਵਿਚ ਹਟਾਏ ਗਏ ਚਿੱਟੀਆਂ ਪੱਗਾਂ ਵਾਲੇ ਬੰਦੇ ਅਕਾਲੀ ਨਹੀਂ ਸਨ।
ਇਸ ’ਤੇ ਸ਼੍ਰੀ ਬੀਟੀ ਨੇ ਕਿਹਾ ਕਿ ਉਨ੍ਹਾਂ ਉਹ ਆਪਣੀ ਜੇਬ੍ਹ ’ਚੋਂ ਨਹੀਂ ਕੱਢੇ ਸਨ ਸਗੋਂ ਉਹ ਉਸ ਦਿਨ ਆਏ ਜਥੇ ਵਿਚ ਹੀ ਸ਼ਾਮਲ ਸਨ। ਇਸ ਬਾਰੇ ਹੋਰ ਕੁਝ ਕਹਿਣਾ ਜ਼ਰੂਰੀ ਨਹੀਂ ਸੀ। ਇਨ੍ਹਾਂ ਤਿੰਨ ਚਿੱਟੀਆਂ ਪੱਗਾਂ ਵਾਲੇ ਬੰਦਿਆਂ ਬਾਰੇ ਹਰ ਕੋਈ ਆਪੋ ਆਪਣਾ ਅਨੁਮਾਨ ਲਾ ਸਕਦਾ ਹੈ। ਗੌਰਤਲਬ ਹੈ ਕਿ ਪੰਡਤ ਮਦਨ ਮੋਹਨ ਮਾਲਵੀਆ ਇਸ ਦੌਰਾਨ ਅੱਧਾ ਮੀਲ ਪਿਛਾਂਹ ਵਫ਼ਦ ਦੇ ਹੋਰਨਾਂ ਮੈਂਬਰਾਂ ਨਾਲ ਹੀ ਮੌਜੂਦ ਸਨ। ਉਹ ਇਹ ਵੇਖਣ ਦੀ ਉਡੀਕ ਕਰ ਰਹੇ ਸਨ ਕਿ ਸ਼੍ਰੀ ਬੀਟੀ ਦਾ ਨੁਸਖਾ ਕਿੰਨਾ ਕੁ ਕਾਰਆਮਦ ਰਿਹਾ ਜਾਂ ਨਾਕਾਮ ਸਿੱਧ ਹੋਇਆ ਤੇ ਰਾਤ ਨੂੰ ਅਕਾਲੀਆਂ ਦੀ ਕੁੱਟਮਾਰ ਨਾ ਕਰਨ ਦਾ ਉਨ੍ਹਾਂ ਦਾ ਵਾਅਦਾ ਕਿੰਨਾ ਕੁ ਨਿਭਾਇਆ ਜਾਵੇਗਾ। ਸਵਾ ਦਸ ਕੁ ਵਜੇ ਮਾਲਵੀਆ ਜੀ ਨੇ ਮੈਨੂੰ ਸੱਦਿਆ। ਮੈਂ ਜਾ ਕੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਡੇਢ ਕੁ ਘੰਟੇ ਤੋਂ ਚੁੱਪ ਚੈਨ ਚੱਲ ਰਹੀ ਹੈ ਅਤੇ ਪੁਲੀਸ ਦੀ ਨਫ਼ਰੀ ਵੀ ਘਟ ਰਹੀ ਹੈ ਜਿਸ ਤੋਂ ਜਾਪਦਾ ਹੈ ਕਿ ਰਾਤ ਨੂੰ ਅਕਾਲੀਆਂ ਦੀ ਕੁੱਟਮਾਰ ਨਹੀਂ ਕੀਤੀ ਜਾਵੇਗੀ। ਮਾਲਵੀਆ ਜੀ ਅਤੇ ਹੋਰ ਮੋਤਹਬਰ ਸੱਜਣ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਅਤੇ ਮੈਂ ਵੀ ਆਪਣੀ ਥਾਂ ’ਤੇ ਪਰਤ ਆਇਆ ਜਿੱਥੇ ਪ੍ਰੈਸ ਦੇ ਦੋ ਹੋਰ ਨੁਮਾਇੰਦੇ ਮੌਜੂਦ ਸਨ। ਇਸ ਤੋਂ ਕੁਝ ਪਲਾਂ ਬਾਅਦ ਹੀ ਬਾਕੀ ਬਚੇ 75 ਅਕਾਲੀਆਂ ਦੀ ਕੁੱਟਮਾਰ ਸ਼ੁਰੂ ਹੋ ਗਈ। ਉਨ੍ਹਾਂ ਦੀ ਕੁੱਟਮਾਰ ਅਤੇ ਖੇਤਾਂ ਅਤੇ ਪਾਣੀ ਨਾਲ ਭਰੇ ਟੋਏ ਵਿਚ ਉਨ੍ਹਾਂ ਦੀ ਖਿੱਚ ਧੂਹ ਬਹੁਤ ਹੀ ਦਰਦਨਾਕ ਮੰਜ਼ਰ ਪੇਸ਼ ਕਰ ਰਹੀ ਸੀ ਤੇ ਹਰ ਕਿਸਮ ਦਾ ਅੱਤਿਆਚਾਰ ਢਾਹਿਆ ਜਾ ਰਿਹਾ ਸੀ। ਇਸੇ ਵਕਤ ਕੁਝ ਬੌਇ ਸਕਾਊਟ ਅਤੇ ਹੋਰ ਪੱਤਰਕਾਰ ਵੀ ਮੌਕੇ ’ਤੇ ਪੁੱਜ ਗਏ ਤਾਂ ਕਿ ਦੇਖਿਆ ਜਾਵੇ ਕਿ ਕੁੱਟਮਾਰ ਤੋਂ ਬਾਅਦ ਅਕਾਲੀਆਂ ਨੂੰ ਕਿੱਥੇ ਸੁੱਟਿਆ ਜਾ ਰਿਹਾ ਸੀ ਤੇ ਉਨ੍ਹਾਂ ਨੂੰ ਲਾਰੀਆਂ ਵਿਚ ਲੱਦ ਕੇ ਲਿਜਾਇਆ ਜਾ ਸਕੇ। ਮੈਂ ਸ਼੍ਰੀ ਬੀਟੀ ਕੋਲ ਰੋਸ ਜਤਾਇਆ ਕਿ ਉਹ ਜੋ ਕੁਝ ਕਰ ਰਹੇ ਹਨ ਉਹ ਪੰਡਤ ਮਦਨ ਮੋਹਨ ਮਾਲਵੀਆ, ਸ. ਜੋਗਿੰਦਰ ਸਿੰਘ ਅਤੇ ਹੋਰਨਾਂ ਮੋਹਤਬਰਾਂ ਨਾਲ ਕੀਤੇ ਵਾਅਦੇ ਦੇ ਉਲਟ ਸੀ। ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਉਹ ਹਰ ਜਗ੍ਹਾ ਆਪ ਨਹੀਂ ਪਹੁੰਚ ਸਕਦੇ। ਲਾਠੀਚਾਰਜ ਆਮ ਵਰਤਾਰਾ ਸੀ ਤੇ ਹਰ ਕਿਤੇ ਹੋ ਰਿਹਾ ਹੈ। ਲਗਪਗ ਸਾਢੇ ਦਸ ਵਜੇ ਤੱਕ ਇਹ ਸਭ ਕੁਝ ਖ਼ਤਮ ਹੋ ਗਿਆ ਅਤੇ ਪੁਲੀਸ ਕਰਮੀ ਚੀਮਾ ਪੁਲ ਨੇੜਲੇ ਆਪਣੇ ਕੈਂਪ ਵੱਲ ਚਲੇ ਗਏ। ਚੱਲਣ ਫਿਰਨ ਤੋਂ ਅਸਮੱਰਥ ਬੰਦਿਆਂ ਨੂੰ ਥੋੜ੍ਹੀ ਬਹੁਤ ਠੀਕ ਠਾਕ ਹਾਲਤ ਵਾਲੇ ਬੰਦਿਆਂ ਵੱਲੋਂ ਲਾਰੀਆਂ ਵਿਚ ਚੜ੍ਹਾਇਆ ਗਿਆ ਪਰ ਉਹ ਵਾਪਸ ਜਾਣ ਲਈ ਤਿਆਰ ਨਹੀਂ ਸਨ। ਇਕ ਇਕ ਕਰਕੇ ਵਾਪਸ ਜਾਣ ਤੋਂ ਇਨਕਾਰੀ ਬੰਦਿਆਂ ਦੀ ਗਿਣਤੀ ਵਧ ਕੇ 19 ਹੋ ਗਈ। ਇਨ੍ਹਾਂ ਵਿਚ ਉਹ ਤਿੰਨ ਬੰਦੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਸ਼ੁਰੂ ਵਿਚ ਜਬਰੀ ਲਾਰੀਆਂ ਵਿਚ ਪਾ ਕੇ ਲਿਜਾਇਆ ਗਿਆ ਸੀ, ਪਰ ਉਹ ਲਾਰੀਆਂ ’ਚੋਂ ਉਤਰ ਕੇ ਵਾਪਸ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਗਏ ਸਨ।
ਜਥੇ ਦੇ ਇਹ ਬਾਕੀ ਰਹਿੰਦੇ ਕਾਰਕੁਨਾਂ ਵਿਚ 19 ਜਣੇ ਸ਼ਾਮਲ ਸਨ ਜੋ ਰਾਤੀਂ ਸਾਢੇ ਦਸ ਵਜੇ ਤੋਂ ਰਾਤੀਂ 12.45 ਵਜੇ ਤੱਕ ਉੱਥੇ ਮੌਜੂਦ ਰਹੇ ਅਤੇ ਵਾਹਿਗੁਰੂ ਦਾ ਜਾਪ ਤੇ ਸ਼ਬਦ ਗਾਇਨ ਕਰਦੇ ਰਹੇ ਤੇ ਵਿਚ ਵਿਚ ਸਤਿ ਸ੍ਰੀ ਅਕਾਲ ਦੇ ਨਾਅਰੇ ਲਾਉਂਦੇ ਰਹੇ। ਜਦੋਂ ਪੁਲੀਸ ਕਰਮੀਆਂ ਨੇ ਉਨ੍ਹਾਂ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਤਾਂ ਉਹ ਅੱਧਾ ਕੁ ਮੀਲ ਪੁਲ ਵੱਲ ਵਧੇ। ਦੋ ਜਣਿਆਂ ਦੀਆਂ ਟੰਗਾਂ ਬੁਰੀ ਤਰ੍ਹਾਂ ਜ਼ਖ਼ਮੀ ਸਨ ਤੇ ਉਹ ਬਾਕੀਆਂ ਨਾਲ ਚੱਲਣ ਤੋਂ ਆਰ੍ਹੀ ਸਨ ਤੇ ਉਹ ਪਿੱਛੇ ਹੀ ਰਹਿ ਗਏ। ਲਗਪਗ ਸਵਾ ਇਕ ਵਜੇ ਪੁਲੀਸ ਕਰਮੀ ਬਾਹਰ ਆਏ ਅਤੇ ਇਕ ਪਾਸੇ ਕੁੱਟਮਾਰ ਅਤੇ ਦੂਜੇ ਪਾਸੇ ਕਰਾਹ ਰਹੇ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਕਾਰਕੁਨਾਂ ਦਾ ਉਹ ਮੰਜ਼ਰ ਫਿਰ ਸਾਕਾਰ ਹੋ ਗਿਆ। ਸਮੁੱਚਾ ਵਫ਼ਦ ਰਾਤੀਂ ਕਰੀਬ ਡੇਢ ਵਜੇ ਚੱਲ ਪਿਆ ਅਤੇ ਦੋ ਵਜੇ ਅੰਮ੍ਰਿਤਸਰ ਪੁੱਜ ਗਿਆ ਸੀ।