ਡਾ. ਸ.ਸ. ਛੀਨਾ
ਹਿੰਦੋਸਤਾਨ ਦੀ ਵੰਡ ਸਮੇਂ ਮੈਂ ਸਾਢੇ ਤਿੰਨ ਸਾਲ ਦਾ ਸਾਂ ਪਰ ਮੈਨੂੰ ਜ਼ਿਲ੍ਹਾ ਸਰਗੋਧਾ ਦੇ ਚੱਕ ਨੰਬਰ 96 ਵਿਚ ਆਪਣੇ ਘਰ ਅਤੇ ਬਚਪਨ ਦੇ ਪਹਿਲੇ ਦੋ ਦੋਸਤ ਅਨਵਰ ਅਤੇ ਸਰਾਜ ਦੀ ਪੂਰੀ ਤਰ੍ਹਾਂ ਯਾਦ ਹੈ। ਇਸ ਕਰਕੇ ਮੈਂ 2005 ਵਿਚ ਫਿਰ ਆਪਣਾ ਜਨਮ ਅਸਥਾਨ ਦੇਖਣ ਅਤੇ ਦੋਵਾਂ ਦੋਸਤਾਂ ਨੂੰ ਮਿਲਣ ਆਪਣੇ ਪਿੰਡ ਗਿਆ। ਵੰਡ ਤੋਂ ਪਹਿਲਾਂ ਮੇਰੇ ਦਾਦਾ ਜੀ ਕੋਲ 250 ਏਕੜ ਜ਼ਮੀਨ ਸੀ ਜਿਸ ਦੇ ਵੱਡੇ ਖੇਤਰ ਵਿਚ ਮਾਲਟਿਆਂ ਦੇ ਬਾਗ਼ ਲੱਗੇ ਹੋਏ ਸਨ। ਦਾਦਾ ਜੀ ਨੇ ਵਿਸ਼ਾਲ ਘਰ ਬਣਾਇਆ ਸੀ ਜਿਸ ਵਿਚ ਤਕਰੀਬਨ 150 ਫੁੱਟ ਲੰਮਾ ਵਰਾਂਡਾ ਅਤੇ ਡੇਢ ਦਰਜਨ ਕਮਰੇ ਸਨ, ਉਪਰਲੀ ਛੱਤ ’ਤੇ ਹੀ ਅੱਠ ਕਮਰੇ ਅਤੇ ਉਨ੍ਹਾਂ ਅੱਗੇ ਵਰਾਂਡਾ। ਕਮਰਿਆਂ ਦੇ ਬੂਹੇ ਬਾਰੀਆਂ ਵਿਚ ਲੱਗੇ ਲਾਲ, ਪੀਲੇ ਅਤੇ ਹਰੇ ਰੰਗ ਦੇ ਸ਼ੀਸ਼ੇ ਤਾਂ ਮੈਨੂੰ ਅੱਜ ਵੀ ਯਾਦ ਹਨ। ਜਦੋਂ ਦਾਦਾ ਜੀ ਨੇ ਉਹ ਘਰ ਬਣਾਇਆ ਸੀ ਤਾਂ ਇਹ ਗੱਲ ਉਨ੍ਹਾਂ ਕਦੇ ਸੁਪਨੇ ਵਿਚ ਵੀ ਸੋਚੀ ਨਹੀਂ ਹੋਣੀ ਕਿ ਉਨ੍ਹਾਂ ਨੂੰ ਇਹ ਘਰ ਸਦਾ ਲਈ ਛੱਡਣਾ ਪਵੇਗਾ ਅਤੇ ਫਿਰ ਉਹ ਉਸ ਘਰ ਨੂੰ ਕਦੇ ਦੁਬਾਰਾ ਵੇਖ ਵੀ ਨਹੀਂ ਸਕਣਗੇ। ਮੇਰੇ ਬਾਪੂ ਜੀ ਕਈ ਵਾਰ ਕਹਿੰਦੇ ਹੁੰਦੇ ਸਨ ਕਿ ਅੱਜ ਸਾਰੀ ਰਾਤ ਮੈਨੂੰ ਆਪਣੇ ਸਰਗੋਧੇ ਵਾਲੇ ਘਰ ਦਾ ਹੀ ਸੁਫ਼ਨਾ ਆਉਂਦਾ ਰਿਹਾ ਪਰ ਉਹ ਸਰਕਾਰਾਂ ਦੇ ਵੀਜ਼ੇ ਦੀ ਨੀਤੀ ਕਾਰਨ ਦੁਬਾਰਾ ਉੱਥੇ ਜਾ ਨਾ ਸਕੇ।
ਅਸੀਂ ਕਾਫ਼ਲੇ ਵਿਚ ਵਾਹਗੇ ਵਾਲੀ ਸਰਹੱਦ ਦੀ ਬਜਾਏ ਖੇਮਕਰਣ ਵੱਲੋਂ ਭਾਰਤ ਵਿਚ ਦਾਖਲ ਹੋਏ ਸਾਂ। ਮੈਂ ਕਾਫ਼ਲੇ ਦੇ ਨਾਲ ਆਉਂਦਿਆਂ ਵੱਡੀ ਗਿਣਤੀ ਵਿਚ ਲੋਕ- ਬਜ਼ੁਰਗ, ਔਰਤ, ਮਰਦ, ਬੱਚੇ – ਵੇਖੇ ਪਰ ਉਸ ਵਕਤ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹ ਕਿੱਧਰ ਜਾ ਰਹੇ ਹਨ ਅਤੇ ਨਾ ਹੀ ਇਹ ਕੁਝ ਸੋਚਣ ਵਾਲੀ ਉਮਰ ਸੀ। ਯਕੀਨਨ ਕਾਫ਼ਲੇ ਦੇ ਜ਼ਿਆਦਾਤਰ ਮਰਦਾਂ ਅਤੇ ਔਰਤਾਂ ਨੂੰ ਵੀ ਇਹ ਪਤਾ ਨਹੀਂ ਹੋਣਾ ਕਿ ਉਨ੍ਹਾਂ ਨੇ ਕਿਸ ਜਗ੍ਹਾ ਜਾਣਾ ਹੈ।
ਇਹ ਕਾਫ਼ਲਾ ਕਈ ਦਿਨ ਚੱਲਦਾ ਰਿਹਾ। ਕਾਫ਼ਲੇ ਦੇ ਨਾਲ ਕੁਝ ਨੌਜਵਾਨਾਂ ਨੇ ਬੰਦੂਕਾਂ ਪਾਈਆਂ ਹੋਈਆਂ ਸਨ ਅਤੇ ਕਈਆਂ ਕੋਲ ਪਿਸਤੌਲ ਸਨ। ਰਾਤ ਨੂੰ ਜਦੋਂ ਇਹ ਕਾਫ਼ਲਾ ਕਿਸੇ ਅਣਜਾਣ ਜਗ੍ਹਾ ’ਤੇ ਠਹਿਰਦਾ ਤਾਂ ਉੱਚੀ ਆਵਾਜ਼ ’ਚ ਕਿਹਾ ਜਾਂਦਾ ਕਿ ਕੋਈ ਦੀਵਾ-ਬੱਤੀ ਨਾ ਜਗਾਇਓ। ਇਕ ਦਿਨ ਇਕ ਬਜ਼ੁਰਗ ਕੋਲੋਂ ਉਸ ਦੀ ਬੈਟਰੀ ਜਗ ਗਈ ਤਾਂ ਹਰ ਪਾਸੇ ਤੋਂ ਉਸ ਨੂੰ ਉੱਚੀ-ਉੱਚੀ ਆਵਾਜ਼ ਵਿਚ ਗਾਲ੍ਹਾਂ ਸੁਣਨੀਆਂ ਪਈਆਂ। ਉਨ੍ਹਾਂ ਲੋਕਾਂ ਦੇ ਚਿਹਰਿਆਂ ’ਤੇ ਬੇਯਕੀਨੀ, ਨਿਰਾਸ਼ਾ ਅਤੇ ਆਉਣ ਵਾਲੇ ਸਮੇਂ ਦੀ ਅਨਿਸ਼ਚਿਤਤਾ ਦੇ ਨਾਲ ਨਾਲ ਡਰ ਅਤੇ ਬੇਹੱਦ ਉਦਾਸੀ ਵੇਖੀ ਜਾ ਸਕਦੀ ਸੀ ਪਰ ਉਨ੍ਹਾਂ ਲੋਕਾਂ ਵਿਚ ਇਹ ਗੱਲਾਂ ਵੀ ਚੱਲਦੀਆਂ ਸਨ ਕਿ ਸ਼ਾਇਦ ਵੰਡ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇ ਅਤੇ ਉਹ ਫਿਰ ਆਪਣੇ ਘਰਾਂ ਨੂੰ ਪਰਤ ਜਾਣਗੇ।
ਖੇਮਕਰਣ ਦੀ ਸਰਹੱਦ ਲੰਘ ਕੇ ਕਾਫ਼ਲੇ ਦੇ ਲੋਕ ਵੱਡੀ ਰਾਹਤ ਮਹਿਸੂਸ ਕਰ ਰਹੇ ਸਨ ਪਰ ਉਨ੍ਹਾਂ ਨੇ ਕਿੱਥੇ ਜਾਣਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ। ਕਾਫ਼ਲਾ ਨਿਖੜ ਗਿਆ। ਜਿਨ੍ਹਾਂ ਲੋਕਾਂ ਦੀ ਕੁਝ ਵਾਕਫ਼ੀ ਸੀ, ਉਹ ਉਨ੍ਹਾਂ ਖੇਤਰਾਂ ਵੱਲ ਨੂੰ ਤੁਰ ਗਏ। ਅਸੀਂ ਧਾਰੀਵਾਲ ਦੇ ਨਜ਼ਦੀਕ ਸਾਡੇ ਹੁਣ ਵਾਲੇ ਪਿੰਡ ਆ ਗਏ। ਸ਼ਾਮ ਹੋ ਰਹੀ ਸੀ। ਮੈਂ ਆਪਣੀ ਦਾਦੀ ਦੀ ਉਂਗਲ ਫੜ ਕੇ ਇਕ ਛੋਟੇ ਜਿਹੇ ਘਰ ਵਿਚ ਦਾਖ਼ਲ ਹੋਇਆ ਤਾਂ ਦਾਦੀ ਨੇ ਉਹ ਛੋਟਾ ਜਿਹਾ ਘਰ ਵੇਖ ਕੇ ਕਿਹਾ ‘‘ਅਸੀਂ ਹੁਣ ਇਸ ਘਰ ਵਿਚ ਰਹਾਂਗੇ’’ ਅਤੇ ਮੈਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਪਰ ਦਾਦਾ ਜੀ ਨੇ ਕਿਹਾ, ‘‘ਨਹੀਂ ਇਹ ਵੀ ਆਰਜ਼ੀ ਘਰ ਹੈ। ਅਜੇ ਪਤਾ ਹੀ ਨਹੀਂ ਕਿੱਥੇ ਜ਼ਮੀਨ ਮਿਲਣੀ ਹੈ ਕਿੱਥੇ ਘਰ ਮਿਲਣਾ ਹੈ। ਇਹ ਤਾਂ ਕੁਝ ਸਮੇਂ ਲਈ ਹੀ ਹੋ ਸਕਦਾ ਹੈ।’’
ਜ਼ਿਮੀਂਦਾਰਾਂ ਨੂੰ ਪਾਕਿਸਤਾਨ ਵਿਚ ਛੱਡ ਕੇ ਆਉਣੀਆਂ ਪਈਆਂ ਜ਼ਮੀਨਾਂ ਦੇ ਬਦਲੇ ਸਿਰਫ਼ 40 ਫ਼ੀਸਦੀ ਜ਼ਮੀਨਾਂ ਹੀ ਮਿਲਣੀਆਂ ਸਨ। ਕੁਝ ਸਮੇਂ ਬਾਅਦ ਸਾਨੂੰ ਬਟਾਲੇ ਦੇ ਨਜ਼ਦੀਕ ਇਕ ਪਿੰਡ ਵਿਚ ਬੰਜਰ ਜਿਹੀ ਜ਼ਮੀਨ ਅਲਾਟ ਹੋਈ ਪਰ ਉਹ ਵੀ ਆਰਜ਼ੀ ਸੀ। ਪਿੰਡ ਵਾਲੇ ਘਰ ਤੋਂ ਬਹੁਤ ਦੂਰ ਸੀ। ਇਸ ਲਈ ਉਸ ਜ਼ਮੀਨ ਵਿਚ ਹੀ ਤੰਬੂ ਅਤੇ ਛੱਪਰ ਪਾ ਲਏ ਗਏ ਪਰ ਕੁਝ ਸਮੇਂ ਬਾਅਦ ਉਹ ਜ਼ਮੀਨ ਵੀ ਫਿਰ ਰੱਦ ਹੋ ਗਈ ਅਤੇ ਫਿਰ ਧਾਰੀਵਾਲ ਦੇ ਨਜ਼ਦੀਕ ਵਾਲੇ ਪਿੰਡ ਵਿਚ ਪੁਰਾਣੀ ਆਰਜ਼ੀ ਜ਼ਮੀਨ ਪੱਕੇ ਤੌਰ ’ਤੇ ਅਲਾਟ ਤਾਂ ਹੋ ਗਈ ਪਰ ਘਰ ਮਿਲਦਿਆਂ ਮਿਲਦਿਆਂ ਕਈ ਸਾਲ ਲੱਗ ਗਏ। 1955 ਵਿਚ ਭਾਵ ਵੰਡ ਤੋਂ ਅੱਠ ਸਾਲ ਬਾਅਦ ਸਾਨੂੰ ਸਾਡਾ ਘਰ ਮਿਲ ਸਕਿਆ।
ਖ਼ੈਰ! ਇਹ ਤਾਂ ਬਚਪਨ ਦੀਆਂ ਯਾਦਾਂ ਹਨ। 2005 ਵਿਚ ਮੈਨੂੰ ਸਰਗੋਧੇ ਦਾ ਵੀਜ਼ਾ ਮਿਲ ਗਿਆ। ਇਹ ਸ਼ਾਇਦ ਸਿਰਫ਼ ਭਾਰਤ ਪਾਕਿਸਤਾਨ ਵਿਚ ਹੀ ਹੈ ਕਿ ਜਿਸ ਸ਼ਹਿਰ ਜਾਂ ਜ਼ਿਲ੍ਹੇ ਦਾ ਵੀਜ਼ਾ ਮਿਲਿਆ ਹੈ ਤੁਸੀਂ ਉਸੇ ਜ਼ਿਲ੍ਹੇ ਵਿਚ ਜਾ ਸਕਦੇ ਹੋ, ਹੋਰ ਕਿਤੇ ਨਹੀਂ ਜਾ ਸਕਦੇ। ਬੜੇ ਲੰਮੇ ਸਮੇਂ ਤੋਂ ਮੇਰੀ ਇਹ ਖ਼ੁਆਹਿਸ਼ ਸੀ ਕਿ ਮੈਂ ਇਕ ਵਾਰ ਫਿਰ ਉਹ ਘਰ ਵੇਖ ਕੇ ਆਵਾਂ ਜਿੱਥੇ ਬਚਪਨ ਵਿਚ ਖੇਡਦਾ ਹੁੰਦਾ ਸਾਂ। ਸਰਗੋਧੇ ਪਹੁੰਚ ਕੇ ਇਕ ਰਾਤ ਮੈਂ ਸਰਗੋਧੇ ਸ਼ਹਿਰ ਰਿਹਾ ਅਤੇ ਅਗਲੇ ਦਿਨ ਸਵੇਰੇ ਮੈਂ ਆਪਣੇ ਉਸ ਵਾਕਿਫ਼ ਨੂੰ ਲੈ ਕੇ ਆਪਣੇ ਪੁਰਾਣੇ ਪਿੰਡ ਚੱਕ ਨੰਬਰ 96 ਨੂੰ ਚਲਾ ਗਿਆ। ਮੈਂ ਮਹਿਸੂਸ ਕਰਦਾ ਸਾਂ ਕਿ ਸਾਡਾ ਘਰ ਜਿਹੜਾ ਪਿੰਡ ਵਿਚ ਸਭ ਤੋਂ ਉੱਚਾ ਸੀ, ਉਹ ਦੂਰੋਂ ਹੀ ਨਜ਼ਰ ਆ ਜਾਵੇਗਾ ਪਰ ਇਸ ਤਰ੍ਹਾਂ ਦਾ ਤਾਂ ਕੋਈ ਵੀ ਘਰ ਨਹੀਂ ਸੀ। ਪਿੰਡ ਵਿਚ ਤਾਂ ਇਕ ਵੀ ਚੁਬਾਰਾ ਨਹੀਂ ਸੀ। ਬਾਅਦ ਵਿਚ ਉੱਥੇ ਜਾ ਕੇ ਪਤਾ ਲੱਗਾ ਕਿ ਦੋ ਕੁ ਸਾਲ ਪਹਿਲਾਂ ਉਸ ਘਰ ਨੂੰ ਢਾਹ ਦਿੱਤਾ ਗਿਆ ਸੀ ਕਿਉਂ ਜੋ ਉਸ ਘਰ ਦੀ ਕਈ ਲੋਕਾਂ ਵਿਚ ਵੰਡ ਹੋ ਚੁੱਕੀ ਸੀ ਪਰ ਪਿੰਡ ਦੇ ਇਕੱਠੇ ਹੋਏ ਲੋਕਾਂ ਨੇ ਮੈਨੂੰ ਜਿਹੜੀਆਂ ਗੱਲਾਂ ਦੱਸੀਆਂ ਉਹ ਬਹੁਤ ਵੱਖਰੀ ਤਰ੍ਹਾਂ ਦਾ ਵਿਹਾਰ ਅਤੇ ਪਿੰਡਾਂ ਦੇ ਲੋਕਾਂ ਦੇ ਪਿੰਡ ਤੋਂ ਜਾਣ ਵਾਲੇ ਲੋਕਾਂ ਬਾਰੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦੀਆਂ ਸਨ।
ਇਕ ਗੱਲ ਤਾਂ ਮੈਂ ਆਪਣੇ ਬਾਪੂ ਅਤੇ ਦਾਦਾ ਜੀ ਤੋਂ ਪਹਿਲਾਂ ਹੀ ਸੁਣਦਾ ਹੁੰਦਾ ਸਾਂ ਕਿ ਜਦੋਂ ਇਹ ਤੈਅ ਹੀ ਹੋ ਗਿਆ ਪਈ ਹੁਣ ਸਾਨੂੰ ਜਾਣਾ ਪੈਣਾ ਹੈ ਅਤੇ ਘਰ ਦਾ ਕੋਈ ਵੀ ਸਾਮਾਨ ਨਾਲ ਲਿਜਾਣਾ ਸੰਭਵ ਨਹੀਂ, ਨਾ ਹੀ ਘੋੜੀਆਂ, ਮੱਝਾਂ, ਬਲਦ ਆਦਿ ਜਾ ਸਕਦੇ ਹਨ ਤਾਂ ਦਾਦਾ ਜੀ ਨੇ ਸਾਡੇ ਬਹੁਤ ਵਫ਼ਾਦਾਰ ਅਜ਼ੀਜ਼ ਨੂੰ ਘਰ ਬੁਲਾ ਕੇ ਇਹ ਕਿਹਾ ਕਿ ਇਹ ਸਾਮਾਨ ਤੁਸੀਂ ਲੈ ਜਾਉ, ਲੋਕਾਂ ਨੇ ਲੁੱਟ ਕੇ ਲੈ ਜਾਣਾ ਹੈ ਤਾਂ ਅਜ਼ੀਜ਼ ਭਾਵੁਕ ਹੋ ਗਿਆ ਅਤੇ ਉੱਚੀ-ਉੱਚੀ ਰੋਣ ਲੱਗ ਪਿਆ। ਉਹ ਇਹ ਕਹਿੰਦਾ ਹੋਇਆ ਆਪਣੇ ਘਰ ਨੂੰ ਭੱਜ ਗਿਆ ਕਿ ‘‘ਲੰਬੜਦਾਰ ਜੀ ,ਇਹ ਨਹੀਂ ਹੋ ਸਕਦਾ, ਇਹ ਸਾਮਾਨ ਅਤੇ ਪਸ਼ੂ ਸਭ ਕੁਝ ਸੁਰੱਖਿਅਤ ਰਹੇਗਾ, ਅਸੀਂ ਸੰਭਾਲਾਂਗੇ ਅਤੇ ਉਡੀਕ ਕਰਾਂਗੇ ਕਿ ਅਮਨ ਅਮਾਨ ਹੋ ਜਾਵੇ ਅਤੇ ਤੁਸੀਂ ਆ ਕੇ ਸਾਂਭ ਲੈਣਾ।’’
ਦੂਸਰੀ ਗੱਲ ਮੈਂ ਪਹਿਲੀ ਵਾਰ ਸੁਣੀ ਸੀ। ਉਹ ਇਹ ਸੀ ਕਿ ਪਿੰਡ ਦੀ ਸਾਰੀ ਹੀ ਮੁਸਲਮਾਨ ਵਸੋਂ ਨੇ ਫ਼ੈਸਲਾ ਕੀਤਾ ਕਿ ਉਹ ਸਿੱਖ ਪਰਿਵਾਰਾਂ ਦੇ ਘਰਾਂ ਦਾ ਸਾਰਾ ਸਾਮਾਨ ਅਤੇ ਪਸ਼ੂ ਸੰਭਾਲ ਕੇ ਰੱਖਣਗੇ ਅਤੇ ਜਦੋਂ ਉਹ ਫਿਰ ਵਾਪਸ ਆਉਣਗੇ ਤਾਂ ਉਹ ਉਨ੍ਹਾਂ ਦਾ ਸੁਰੱਖਿਅਤ ਮਾਲ ਡੰਗਰ ਉਨ੍ਹਾਂ ਨੂੰ ਦੇ ਦੇਣਗੇ। ਉਨ੍ਹਾਂ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਸਿੱਖ ਪਰਿਵਾਰ ਫਿਰ ਵਾਪਸ ਆ ਜਾਣਗੇ ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਸਦੀਆਂ ਦੀ ਜ਼ਮੀਨ ਦੀ ਮਾਲਕੀ ਅਤੇ ਘਰਾਂ ਤੋਂ ਉਨ੍ਹਾਂ ਨੂੰ ਵੱਖ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਕੰਮ ਲਈ ਕੁਝ ਨੌਜਵਾਨਾਂ ਦੀ ਡਿਊਟੀ ਵੀ ਲਾਈ, ਰਾਤ ਦਾ ਪਹਿਰਾ ਵੀ ਲਗਾਇਆ। ਸਿਰਫ਼ ਦੋ ਦਿਨ ਹੀ ਉਨ੍ਹਾਂ ਘਰਾਂ ਦਾ ਸਾਮਾਨ ਸੁਰੱਖਿਅਤ ਰਹਿ ਸਕਿਆ। ਹੋਰ ਪਿੰਡਾਂ ਵਿਚ ਸਾਮਾਨ ਦੀ ਲੁੱਟ-ਖੋਹ ਅਤੇ ਕਤਲਾਂ ਦੀਆਂ ਖ਼ਬਰਾਂ ਰੋਜ਼ ਆਉਂਦੀਆਂ ਸਨ। ਤੀਸਰੇ ਦਿਨ ਸ਼ਾਮ ਨੂੰ ਦੂਸਰੇ ਪਿੰਡਾਂ ਦੇ ਧਾੜਵੀਆਂ ਦਾ ਇਕ ਟੋਲਾ ਬੰਦੂਕਾਂ ਅਤੇ ਪਿਸਤੌਲਾਂ ਨਾਲ ਲੈਸ ਹੋ ਕੇ ਪਿੰਡ ਵਿਚ ਪਹੁੰਚ ਗਿਆ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਅਪੀਲਾਂ ਕੀਤੀਆਂ ਕਿ ਇਹ ਕੰਮ ਨਾ ਕਰਨ ਪਰ ਉਨ੍ਹਾਂ ਨੇ ਬੰਦੂਕਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿਚ ਦੋ ਆਦਮੀ ਜ਼ਖ਼ਮੀ ਹੋ ਗਏ ਅਤੇ ਧਾੜਵੀਆਂ ਨੇ ਤਸੱਲੀ ਨਾਲ ਸਾਰਾ ਸਾਮਾਨ ਵੇਖਿਆ ਤੇ ਉਸ ਵਿਚੋਂ ਕੀਮਤੀ ਸਾਮਾਨ ਕੱਢ ਕੇ ਬਾਹਰ ਰੱਖ ਲਿਆ। ਬਾਅਦ ਵਿਚ ਉਹ ਉਸ ਸਾਮਾਨ ਨੂੰ ਗੱਡਿਆਂ ’ਤੇ ਲੱਦ ਕੇ ਲੈ ਗਏ। ਦੂਸਰੇ ਦਿਨ ਸਵੇਰੇ ਹੋਰ ਪਿੰਡਾਂ ਦੇ ਧਾੜਵੀਆਂ ਨੇ ਸਿੱਖਾਂ ਦਾ ਸਾਰਾ ਸਾਮਾਨ ਅਤੇ ਪਸ਼ੂ ਆਦਿ ਲੁੱਟ ਲਏ ਪਰ ਉਸ ਪਿੰਡ ਦੇ ਇਕ ਵੀ ਮੁਸਲਮਾਨ ਨੇ ਪਿੰਡ ਦਾ ਕੋਈ ਵੀ ਸਾਮਾਨ ਨਹੀਂ ਸੀ ਲੁੱਟਿਆ।
ਸੰਪਰਕ: 78890-39596