ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਆਪਣੇ ਮੁਲਕ ਦੇ ਫਿਲਮਸਾਜ਼ਾਂ ਨੂੰ ਪਾਕਿਸਤਾਨੀ ਸਿਨਮਾ ਵਿਚ ਮੌਲਿਕਤਾ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਰਾਇ ਪ੍ਰਗਟਾਈ ਕਿ ਬਹੁਤ ਘੱਟ ਪਾਕਿਸਤਾਨੀ ਫਿਲਮਾਂ ਵਿਚ ਵਿਸ਼ਾ-ਵਸਤੂ ਪੱਖੋਂ ਮੌਲਿਕਤਾ ਨਜ਼ਰ ਆਉਂਦੀ ਹੈ। ਇਹ ਅਫ਼ਸੋਸਨਾਕ ਰੁਝਾਨ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸਲਾਮਾਬਾਦ ਵਿਚ ਕੌਮੀ ਲਘੂ ਫਿਲਮ ਮੇਲੇ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਸਿਨਮਾ ਨੂੰ ਪਾਕਿਸਤਾਨੀਅਤ ਪਰੋਮੋਟ ਕਰਨੀ ਚਾਹੀਦੀ ਹੈ। ਹੁਣ ਤਕ ਪਾਕਿਸਤਾਨੀਅਤ, ਪਾਕਿਸਤਾਨੀ ਟੈਲੀਵਿਜ਼ਨ ਡਰਾਮਿਆਂ ਵਿਚੋਂ ਨਜ਼ਰ ਜ਼ਰੂਰ ਆਉਂਦੀ ਰਹੀ ਹੈ, ਪਾਕਿਸਤਾਨੀ ਫਿਲਮਾਂ ਵਿਚੋਂ ਨਹੀਂ। ਬਹੁਤੀਆਂ ਫਿਲਮਾਂ ਬੌਲੀਵੁੱਡ ਦੀਆਂ ਫਿਲਮਾਂ ਦੀ ਨਕਲ ਜਾਪਦੀਆਂ ਹਨ। ਇਹ ਰੁਝਾਨ ਰੁਕਣਾ ਚਾਹੀਦਾ ਹੈ। ਸਿਨਮਾ ਵਿਚ ਅਸ਼ਲੀਲਤਾ ਹੌਲੀਵੁੱਡ ਰਾਹੀਂ ਆਈ। ਹੌਲੀਵੁੱਡ ਦਾ ਪੈਰੋਕਾਰ ਹੋਣ ਕਾਰਨ ਬੌਲੀਵੁੱਡ ਵੀ ਅਸ਼ਲੀਲਤਾ ਗ੍ਰਹਿਣ ਕਰਨ ਲੱਗਾ। ਇਹੋ ਚਾਸ਼ਨੀ ਹੁਣ ਪਾਕਿਸਤਾਨੀ ਫਿਲਮਾਂ ਵਿਚ ਨਜ਼ਰ ਆਉਣ ਲੱਗੀ ਹੈ। ਇਹ ਪਾਕਿਸਤਾਨ ਉਪਰ ਵਿਦੇਸ਼ੀ ਤਹਿਜ਼ੀਬ ਲੱਦਣ ਵਾਂਗ ਹੈ।
ਇਮਰਾਨ ਨੇ ਕਿਹਾ ਕਿ ਇਹ ਸਹੀ ਹੈ ਕਿ ਪਾਕਿਸਤਾਨ ਵਿਚ ਵੀ ਮੌਲਿਕ ਫਿਲਮਾਂ ਬਣਦੀਆਂ ਆਈਆਂ ਹਨ; ਹੁਣ ਇਹ ਰਿਵਾਜ ਕੁਝ ਵਧਿਆ ਵੀ ਹੈ, ਪਰ ਅਜੇ ਵੀ ਬਹੁਤਾ ਕੁਝ ਹਿੰਦੋਸਤਾਨੀ ਫਿਲਮਾਂ ਦੇ ਅਸਰ ਹੇਠ ਹੈ। ਇਹ ਅਸਰ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਪ੍ਰਸੰਗ ਵਿਚ ਤੁਰਕੀ ਦੇ ਸਿਨਮਾ ਦੀ ਚਰਚਾ ਕੀਤੀ ਅਤੇ ਕਿਹਾ ਕਿ ਕਦੇ ਉਹ ਵੀ ਹੌਲੀਵੁੱਡ ਤੇ ਬੌਲੀਵੁੱਡ ਦੇ ਪ੍ਰਭਾਵ ਹੇਠ ਸੀ। ਹੁਣ ਉਹ ਮੁਕੰਮਲ ਤੌਰ ’ਤੇ ਮੌਲਿਕ ਹੈ। ਤੁਰਕਿਸ਼ ਫਿਲਮਾਂ ਦੀ ਹੁਣ ਯੂਰੋਪੀਅਨ ਸਿਨਮਾ ਵੱਲੋਂ ਨਕਲ ਹੁੰਦੀ ਹੈ। ਤੁਰਕਿਸ਼ ਟੀ.ਵੀ. ਡਰਾਮੇ ਦੁਨੀਆਂ ਭਰ ਵਿਚ ਮਕਬੂਲ ਹਨ। ਪਾਕਿਸਤਾਨੀ ਫਿਲਮ ਸਨਅਤ ਨੂੰ ਵੀ ਇਹੋ ਤਰਜ਼-ਇ-ਅਮਲ ਅਪਨਾਉਣਾ ਚਾਹੀਦਾ ਹੈ।
ਇਸੇ ਸਮਾਗਮ ਵਿਚ ਪਾਕਿਸਤਾਨੀ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਮੁਲਕ ਦੀ ਪਹਿਲੀ ਮੀਡੀਆ ਟੈਕਨਾਲੋਜੀ ਯੂਨੀਵਰਸਿਟੀ ਅਗਸਤ ਮਹੀਨੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਹ ਲਾਹੌਰ ਵਿਚ ਕਾਇਮ ਕੀਤੀ ਗਈ ਹੈ।
ਵਾਲਮੀਕੀ ਮੰਦਿਰ ਬਾਰੇ ਭਰੋਸਾ
ਅਟਕ ਜ਼ਿਲ੍ਹੇ ਵਿਚ ਤਰਸ਼ਿਲਾ ਸਥਿਤ ਵਾਲਮੀਕੀ ਮੰਦਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਨੇ ਕੀਤਾ ਹੈ। ਇਸ ਪਾਰਟੀ ਦੇ ਮਹਿਲਾ ਵਿੰਗ ਦੀ ਅਟਕ ਜ਼ਿਲ੍ਹੇ ਦੀ ਪ੍ਰਧਾਨ ਸਦਾਫ਼ ਜ਼ਾਹਰਾ ਨੇ ਮੰਦਰ ਦਾ ਦੌਰਾ ਕਰਨ ਮਗਰੋਂ ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਨੂੰ ਦੱਸਿਆ ਕਿ ਇਹ ਮੰਦਰ 90 ਵਰ੍ਹੇ ਪੁਰਾਣਾ ਹੈ। ਮੰਦਿਰ ਕਮੇਟੀ ਨੇ ਇਸ ਦੀ ਇਮਾਰਤ ਦੀ ਬਣਦੀ-ਸਰਦੀ ਦੇਖਭਾਲ ਯਕੀਨੀ ਬਣਾਈ ਹੋਈ ਹੈ, ਪਰ ਇਸ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਹ ਘਾਟ ਦੋ ਮਹੀਨਿਆਂ ਦੇ ਅੰਦਰ ਦੂਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਟੀ.ਆਈ. ਘੱਟਗਿਣਤੀ ਫ਼ਿਰਕਿਆਂ ਦੀ ਪੱਕੀ ਹਿਤੈਸ਼ੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਸ਼ੁਰੂ ਕਰ ਰਹੀ ਹੈ।
ਉਨ੍ਹਾਂ ਐਲਾਨ ਕੀਤਾ ਕਿ ਅਟਕ ਵਿਚ ਹਿੰਦੂ ਮ੍ਰਿਤਕਾਂ ਦੇ ਸਸਕਾਰ ਲਈ ਸ਼ਮਸ਼ਾਨਘਾਟ ਦਾ ਪ੍ਰਬੰਧ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਹ ਸ਼ਮਸ਼ਾਨਘਾਟ ਦਰਿਆ ਸਿੰਧ ਦੇ ਕੰਢੇ ’ਤੇ ਸਥਿਤ ਹੋਵੇਗਾ। ਇਸ ਸ਼ਮਸ਼ਾਨ ਨੂੰ ਸਸਤੇ ਭਾਅ ’ਤੇ ਲੱਕੜੀ ਮੁਹੱਈਆ ਕਰਵਾਉਣ ਦੀ ਤਜਵੀਜ਼ ਵੀ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।
ਮੋਬਾਈਲ ਕਾਲ ਹੋਈ ਮਹਿੰਗੀ
ਮੋਬਾਈਲ ਤੋਂ ਕੀਤੀਆਂ ਕਾਲਾਂ ਉਪਰ ਨਵੀਂ ਫੈਡਰਲ ਐਕਸਾਈਜ਼ ਡਿਊਟੀ (ਫੈੱਡ) ਲਾਏ ਜਾਣ ਦੀ ਤਜਵੀਜ਼ ਦਾ ਮੋਬਾਈਲ ਕੰਪਨੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਮ ਲੋਕਾਂ ਵੱਲੋਂ ਵੀ। ਕੰਪਨੀਆਂ ਦਾ ਕਹਿਣਾ ਹੈ ਕਿ ਇਸ ਡਿਊਟੀ ਨਾਲ ਪੰਜ ਮਿੰਟਾਂ ਦੀ ਮੋਬਾਈਲ ਕਾਲ 1.97 ਰੁਪਏ ਤੋਂ ਵਧ ਕੇ 2.72 ਰੁਪਏ ਦੀ ਹੋ ਜਾਵੇਗੀ। ਕੇਂਦਰੀ ਖਜ਼ਾਨਾ ਮੰਤਰੀ ਸ਼ੌਕਤ ਤਾਰੀਨ ਨੇ ਸ਼ਨਿੱਚਰਵਾਰ ਨੂੰ ਕੌਮੀ ਅਸੈਂਬਲੀ ਵਿਚ ਖਜ਼ਾਨਾ ਬਿੱਲ ’ਤੇ ਬਹਿਸ ਦੌਰਾਨ ਸਪਸ਼ਟ ਕੀਤਾ ਕਿ ‘ਫੈੱਡ’ ਸਿਰਫ਼ ਜ਼ੁਬਾਨੀ (ਵੌਇਸ) ਕਾਲਾਂ ਉੱਤੇ ਲਾਗੂ ਹੋਵੇਗੀ। ਹਰ ਪੰਜ ਮਿੰਟਾਂ ਬਾਅਦ ਕਾਲ ਉਪਰ 75 ਪੈਸੇ ‘ਫੈੱਡ’ ਵਜੋਂ ਪੈਣਗੇ। ਇਹ ਟੈਕਸ ਇੰਟਰਨੈੱਟ ਜਾਂ ਐੱਸ.ਐਮ.ਐੱਸ. ਉਪਰ ਲਾਗੂ ਨਹੀਂ ਹੋਵੇਗਾ।
ਟੈਲੀਕਾਮ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਟੈਕਸ ਦਾ ਬੋਝ ਗ਼ਰੀਬਾਂ ਤੇ ਦਰਮਿਆਨੇ ਤਬਕੇ ਉੱਤੇ ਸਭ ਤੋਂ ਵੱਧ ਪਵੇਗਾ। ਅਖ਼ਬਾਰ ‘ਡੇਲੀ ਐਕਸਪ੍ਰੈਸ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਸੈਲੂਲਰ ਫੋਨਾਂ ਦੇ ਕੁਨੈਕਸ਼ਨ-ਧਾਰਕਾਂ ਦੀ ਗਿਣਤੀ 18.30 ਕਰੋੜ ਹੈ। ਇਨ੍ਹਾਂ ਵਿਚੋਂ 8.5 ਕਰੋੜ ਉਹ ਹਨ ਜਿਹੜੇ ਫੋਨ ਦੀ ਵਰਤੋਂ ਸਿਰਫ਼ ਕਾਲਾਂ ਕਰਨ ਲਈ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ। ਅਜਿਹੇ ਲੋਕਾਂ ਉੱਤੇ ਬੋਝ ਪਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਜਾਪਦਾ।
ਰਾਵਲਪਿੰਡੀ ਦੀ ਕਾਇਆ-ਕਲਪ
ਰਾਵਲਪਿੰਡੀ ਵਿਕਾਸ ਅਥਾਰਟੀ (ਆਰ.ਡੀ.ਏ.) ਨੇ ਪੁਰਾਣੇ ਰਾਵਲਪਿੰਡੀ ਸ਼ਹਿਰ ਦੇ ਭਾਬੜਾ ਬਾਜ਼ਾਰ ਤੋਂ ਸਰਾਫ਼ਾ ਬਾਜ਼ਾਰ ਚੌਕ ਤਕ ਸਮੁੱਚੇ ਇਲਾਕੇ ਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਯੋਜਨਾ ਉਲੀਕੀ ਹੈ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ‘ਕਾਇਆ ਕਲਪ’ ਦੇ ਇਸ ਅਮਲ ਦਾ ਪਹਿਲਾ ਪੜਾਅ 150 ਸਾਲ ਪੁਰਾਣੀ ਸੁਜਾਨ ਸਿੰਘ ਹਵੇਲੀ ਅਤੇ ਇਸ ਦੇ ਆਸ-ਪਾਸ ਦੇ ਇਕ ਕਿਲੋਮੀਟਰ ਦੇ ਇਲਾਕੇ ਉੱਤੇ ਕੇਂਦ੍ਰਿਤ ਰਹੇਗਾ। ਇਸ ਇਲਾਕੇ ਵਿਚ ਸੱਤ ਮੰਦਿਰ ਵੀ ਆਉਂਦੇ ਹਨ। ਉਨ੍ਹਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਅਤੇ ਪ੍ਰਾਚੀਨ ਸਰੂਪ ਬਹਾਲ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ 26 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਲਾਹੌਰ ਵਿਕਾਸ ਅਥਾਰਟੀ ਦੇ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਨੇ ਲਾਹੌਰ ਦੇ ਕਿਲੇ ਸਮੇਤ ਫ਼ਸੀਲ ਵਾਲੇ ਸਾਰੇ ਹਿੱਸੇ ਦੀ ਸ਼ਾਨ ਬਹਾਲੀ ਸੰਭਵ ਬਣਾਈ ਸੀ। ਰਿਪੋਰਟ ਮੁਤਾਬਿਕ ਰਾਵਲਪਿੰਡੀ ਦੀ ਤੇਲੀ ਮੁਹੱਲਾ ਰੋਡ ਤੋਂ ਭਾਬੜਾ ਬਾਜ਼ਾਰ ਤਕ ਗਲੀਆਂ ਵਿਚ ਟਾਈਲਾਂ ਲਾਉਣ ਅਤੇ ਬਿਜਲੀ ਤੇ ਟੈਲੀਫੋਨਾਂ ਦੀਆਂ ਸਾਰੀਆਂ ਤਾਰਾਂ ਜ਼ਮੀਨਦੋਜ਼ ਕਰਨ ਦਾ ਟੈਂਡਰ ਜਾਰੀ ਹੋ ਚੁੱਕਾ ਹੈ। ਕੋਸ਼ਿਸ਼ ਇਹ ਰਹੇਗੀ ਕਿ ਪ੍ਰਾਚੀਨ ਸ਼ਹਿਰ ਵਿਚ ਬਿਜਲੀ ਦੀ ਇਕ ਵੀ ਤਾਰ ਕਿਸੇ ਖੰਭੇ ਨਾਲ ਲਟਕਦੀ ਨਾ ਦਿਸੇ। ਲਾਹੌਰ ਤੋਂ ਆਏ ਮਾਹਿਰਾਂ ਦਾ ਕਹਿਣਾ ਹੈ ਕਿ ਰਾਵਲਪਿੰਡੀ ਦੇ ਫ਼ਸੀਲ ਵਾਲੇ ਸਾਰੇ ਹਿੱਸੇ ਦੀ ਕਾਇਆ ਕਲਪ ਸੰਭਵ ਹੈ, ਬਸ਼ਰਤੇ ਸ਼ਹਿਰ ਵਾਸੀ ਇਸ ਕਾਰਜ ਵਿਚ ਤਹਿ ਦਿਲੋਂ ਸਹਿਯੋਗ ਦੇਣ।
– ਪੰਜਾਬੀ ਟ੍ਰਿਬਿਊਨ ਫੀਚਰ