ਬਲਵਿੰਦਰ ਸਿੰਘ ਭੁੱਲਰ
ਸਾਂਝੇ ਪੰਜਾਬ ਦੇ ਸ਼ਹਿਰ ਗੁਜਰਾਤ (ਹੁਣ ਪਾਕਿਸਤਾਨ) ਵਿੱਚ 28 ਫਰਵਰੀ 1925 ਨੂੰ ਜਨਮੀ ਕਹਾਣੀਕਾਰ ਤੇ ਨਾਵਲਕਾਰ ਕ੍ਰਿਸ਼ਨਾ ਸੋਬਤੀ ਅਜਿਹੀ ਲੇਖਿਕਾ ਸੀ ਜਿਸਨੇ ਪੰਜਾਬੀ ਭਾਸ਼ਾ ਨੂੰ ਕੇਵਲ ਸਤਿਕਾਰ ਹੀ ਨਹੀਂ ਦਿੱਤਾ ਸਗੋਂ ਉਹ ਆਪਣੇ ਰਚੇ ਸਬਦਾਂ ’ਤੇ ਪਹਿਰਾ ਦੇਣਾ ਆਪਣਾ ਫ਼ਰਜ਼ ਸਮਝਦੀ ਸੀ।
ਬ੍ਰਿਟਿਸ਼ ਰਾਜ ਸਮੇਂ ਉਸ ਨੇ ਆਪਣੀ ਮੁਢਲੀ ਵਿੱਦਿਆ ਤਾਂ ਭਾਵੇਂ ਆਪਣੇ ਸ਼ਹਿਰ ਗੁਜਰਾਤ ਤੋਂ ਸ਼ੁਰੂ ਕੀਤੀ, ਪਰ ਦਿੱਲੀ ਅਤੇ ਸ਼ਿਮਲੇ ਤੋਂ ਵੀ ਉਸ ਨੇ ਵਿੱਦਿਆ ਹਾਸਲ ਕੀਤੀ। ਸਕੂਲੀ ਵਿੱਦਿਆ ਪੂਰੀ ਕਰਕੇ ਉਸ ਨੇ ਲਾਹੌਰ ਦੇ ਫਤਹਿਗੰਜ ਕਾਲਜ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਸੋਬਤੀ ਅਗਾਂਹਵਧੂ ਤੇ ਲੋਕ-ਪੱਖੀ ਸੋਚ ਦੀ ਮਾਲਕ ਸੀ। ਸਮਾਜ ਵਿੱਚ ਵਾਪਰਦੀਆਂ ਘਟਨਾਵਾਂ, ਗ਼ਰੀਬੀ, ਔਰਤਾਂ ’ਤੇ ਹੁੰਦੇ ਅੱਤਿਆਚਾਰਾਂ ਆਦਿ ਨੇ ਉਸ ’ਤੇ ਡੂੰਘਾ ਪ੍ਰਭਾਵ ਪਾਇਆ। ਉਸ ਨੇ ਭਾਵੇਂ ਸਮਾਜਿਕ ਕੁਰੀਤੀਆਂ ਦੀਆਂ ਚੁਣੌਤੀਆਂ ਕਬੂਲਦਿਆਂ ਉਨ੍ਹਾਂ ਨਾਲ ਟਾਕਰਾ ਕਰਨ ਵਾਲੇ ਸਮਾਜ ਸੇਵਕਾਂ ਨੂੰ ਸਹਿਯੋਗ ਦਿੱਤਾ, ਪਰ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਆਪਣੀ ਸਾਰੀ ਜ਼ਿੰਦਗੀ ਆਪਣੀਆਂ ਲਿਖਤਾਂ ਨਾਲ ਯਤਨ ਕਰਦੀ ਰਹੀ। 1947 ’ਚ ਭਾਰਤ ਪਾਕਿਸਤਾਨ ਵੰਡ ਸਮੇਂ ਉਹ ਪਾਕਿਸਤਾਨ ਛੱਡ ਕੇ ਭਾਰਤ ਦੀ ਰਾਜਧਾਨੀ ਦਿੱਲੀ ਪਹੁੰਚ ਗਈ ਜਿੱਥੇ ਉਸ ਨੇ ਆਪਣੀ ਪੱਕੀ ਰਿਹਾਇਸ਼ ਕਰ ਲਈ। ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਲੰਘ ਜਾਣ ਉਪਰੰਤ ਉਸ ਨੇ ਇੱਕ ਡੋਗਰੀ ਲੇਖਕ ਸ੍ਰੀ ਸ਼ਿਵ ਨਾਥ ਨਾਲ ਜ਼ਿੰਦਗੀ ਦਾ ਆਖ਼ਰੀ ਸਮਾਂ ਬਿਤਾਉਣ ਦਾ ਫ਼ੈਸਲਾ ਕੀਤਾ ਅਤੇ ਉਹ ਮਯੂਰ ਵਿਹਾਰ ਦੇੇ ਨਜ਼ਦੀਕ ਪਟਪਰਗੰਜ ਵਿਖੇ ਰਹਿਣ ਲੱਗ ਪਏ।
ਕ੍ਰਿਸ਼ਨਾ ਸੋਬਤੀ ਵੱਲੋਂ ਲਿਖਿਆ ਔਰਤ ਦੇ ਜੀਵਨ ’ਤੇ ਆਧਾਰਤ ਨਾਵਲ ‘ਮਿਤਰੋ ਮਰਜਾਣੀ’ ਇੱਕ ਉੱਚ ਦਰਜੇ ਦਾ ਨਾਵਲ ਹੈ ਜਿਸ ਰਾਹੀਂ ਉਸ ਨੇ ਔਰਤ ਨੂੰ ਰੂੜੀਵਾਦੀ ਵਿਚਾਰਾਂ ’ਚੋਂ ਬਾਹਰ ਕੱਢਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਉਸ ਦਾ ਇੱਕ ਹੋਰ ਪ੍ਰਸਿੱਧ ਨਾਵਲ ‘ਜ਼ਿੰਦਗੀਨਾਮਾ’ ਪੇਂਡੂ ਜੀਵਨ ਅਤੇ ਕਿਸਾਨੀ ’ਤੇ ਆਧਾਰਿਤ ਹੈ ਜੋ ਸਮਾਜਿਕ ਚਿੰਤਾਵਾਂ ਉਜਾਗਰ ਕਰਦਾ ਹੋਇਆ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਵਡਮੁੱਲੇ ਵਿਚਾਰ ਤੇ ਸੁਝਾਅ ਵੀ ਪੇਸ਼ ਕਰਦਾ ਹੈ। ਉਨ੍ਹਾਂ ਆਪਣੇ ਜੀਵਨ ਵਿੱਚ ਜ਼ਿੰਦਗੀਨਾਮਾ, ਮਿਤਰੋ ਮਰ ਜਾਣੀ, ਡਾਰ ਸੇ ਬਿਛੜੀ, ਸੂਰਜਮੁਖੀ ਅੰਧੇਰੇ ਕੇ, ਯਾਰੋਂ ਕੇ ਯਾਰ, ਸਮਯ ਸਰਗਮ, ਚੰਨਾ, ਤੀਨ ਪਹਾੜ, ਏ ਲੜਕੀ, ਦਿਲ ਓ ਡੈਨਿਸ ਨਾਂ ਦੇ ਨਾਵਲ ਲਿਖੇ। ਇਸ ਤੋਂ ਇਲਾਵਾ ਕਹਾਣੀ ਸੰਗ੍ਰਹਿ ਨਫ਼ੀਸਾ, ਸਿੱਕਾ ਬਦਲ ਗਿਆ, ਬਾਦਲੋਂ ਕੇ ਘੇਰੇ, ਬਚਪਨ ਸਾਹਿਤ ਜਗਤ ਨੂੰ ਦਿੱਤੇ ਅਤੇ ਸਫ਼ਰਨਾਮਾ ਬੁੱਧ ਦਾ ਕਮੰਡਲ ਤੇ ਹੋਰ ਪੁਸਤਕਾਂ ਹਮ ਹਸਮਤ, ਸੋਬਤੀ ਏਕ ਮੁਹੱਬਤ ਤੇ ਸ਼ਬਦੋਂ ਕੇ ਅਲੋਖ ਸੇ ਵੀ ਲਿਖੀਆਂ। ਉਸ ਨੇ ਹਿੰਦੀ ਤੋਂ ਇਲਾਵਾ ਪੰਜਾਬੀ, ਉਰਦੂ ਅਤੇ ਰਾਜਸਥਾਨੀ ਵਿੱਚ ਵੀ ਸਾਹਿਤ ਦੀ ਰਚਨਾ ਕੀਤੀ। ਉਸ ਦੀਆਂ ਲਿਖਤਾਂ ਏਨੀਆਂ ਪਾਏਦਾਰ ਸਨ ਕਿ ਉਨ੍ਹਾਂ ਦਾ ਰੂਸੀ, ਅੰਗਰੇਜ਼ੀ, ਸਵੀਡਿਸ਼ ਅਤੇ ਹੋਰ ਕਈ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ।
ਕ੍ਰਿਸ਼ਨਾ ਸੋਬਤੀ ਨੇ ਸਮਾਜਿਕ ਚਿੰਤਾਵਾਂ ਤੇ ਸਮੱਸਿਆਵਾਂ ਉਜਾਗਰ ਕੀਤੀਆਂ। ਉਸ ਨੇ ਆਪਣੇ ਪਾਤਰਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ। ਉਸ ਦੇ ਪਾਤਰ ਤੀਖਣ ਬੁੱਧੀ ਵਾਲੇ, ਦਲੇਰ, ਚੁਣੌਤੀਆਂ ਦਾ ਟਾਕਰਾ ਕਰਨ ਵਾਲੇ ਤੇ ਲੋਕ ਪੱਖੀ ਹਨ। ਕ੍ਰਿਸ਼ਨਾ ਸੋਬਤੀ ਭਾਵੇਂ ਹਿੰਦੀ ਲੇਖਿਕਾ ਸੀ, ਪਰ ਉਸ ਦਾ ਜਨਮ ਸਾਂਝੇ ਪੰਜਾਬ ਵਿੱਚ ਹੋਣ ਕਾਰਨ ਉਸ ’ਤੇ ਪੰਜਾਬੀ ਅਤੇ ਉਰਦੂ ਦਾ ਵੀ ਕਾਫ਼ੀ ਪ੍ਰਭਾਵ ਸੀ। ਉਸ ਨੇ ਆਪਣੀਆਂ ਹਿੰਦੀ ਲਿਖਤਾਂ ਵਿੱਚ ਵੀ ਪੰਜਾਬੀਨੁਮਾ ਵਾਕਾਂ ਤੇ ਮੁਹਾਵਰਿਆਂ ਦੀ ਵਰਤੋਂ ਕੀਤੀ। ਉਸ ਦੀ ਇੱਕ ਖ਼ਾਸੀਅਤ ਇਹ ਵੀ ਸੀ ਕਿ ਉਹ ਆਪਣੇ ਰਚੇ ਇੱਕ ਇੱਕ ਸ਼ਬਦ ’ਤੇ ਪਹਿਰਾ ਦਿੰਦੀ ਸੀ, ਉਸ ਵਿੱਚ ਅਦਲ ਬਦਲ ਕਰਨਾ ਉਹ ਬਰਦਾਸ਼ਤ ਨਹੀਂ ਸੀ ਕਰ ਸਕਦੀ। ਇਸ ਦੀ ਮਿਸਾਲ ਉਸ ਦੇ ਨਾਵਲ ‘ਜ਼ਿੰਦਗੀਨਾਮਾ’ ਦੇ ਛਪਾਏ ਜਾਣ ਤੋਂ ਮਿਲਦੀ ਹੈ। ਉਸ ਨੇ ਆਪਣੇ ਇਸ ਨਾਵਲ ਦਾ ਖਰੜਾ ਉੱਤਰ ਪ੍ਰਦੇਸ਼ ਦੇ ਇੱਕ ਪ੍ਰਕਾਸ਼ਕ ਨੂੰ ਦਿੱਤਾ। ਕੁਝ ਦਿਨਾਂ ਬਾਅਦ ਜਦ ਨਾਵਲ ਦਾ ਪਰੂਫ਼ ਪੜ੍ਹਣ ਵਾਸਤੇ ਉਸ ਨੂੰ ਮਿਲਿਆ ਤਾਂ ਉਸ ਨੇ ਦੇਖਿਆ ਕਿ ਨਾਵਲ ਵਿਚਲੇ ਕੁਝ ਪੰਜਾਬੀ ਜਾਂ ਉਰਦੂ ਸ਼ਬਦਾਂ ਨੂੰ ਬਦਲ ਕੇ ਸੰਸਕ੍ਰਿਤਨੁਮਾ ਹਿੰਦੀ ਸਬਦਾਂ ਵਿੱਚ ਲਿਖ ਦਿੱਤਾ ਗਿਆ ਸੀ। ਬੱਸ ਇਹ ਦੇਖਦਿਆਂ ਹੀ ਉਹ ਆਪੇ ਤੋਂ ਬਾਹਰ ਹੋ ਗਈ ਅਤੇ ਤੁਰੰਤ ਹੀ ਇੱਕ ਟੈਲੀਗਰਾਮ ਕਰਕੇ ਨਾਵਲ ਦੀ ਛਪਵਾਈ ਬੰਦ ਕਰਵਾ ਦਿੱਤੀ ਅਤੇ ਪ੍ਰਕਾਸ਼ਕ ਦਾ ਹੋਇਆ ਖ਼ਰਚਾ ਉਸ ਨੂੰ ਅਦਾ ਕਰ ਦਿੱਤਾ। ਬਾਅਦ ਵਿੱਚ ਇਹ ਨਾਵਲ ਕਿਸੇ ਹੋਰ ਪ੍ਰਕਾਸ਼ਕ ਤੋਂ ਛਪਵਾਇਆ। ਸੋਬਤੀ ਦੀ ਸਾਹਿਤਕ ਭਾਸ਼ਾ ਬੜੀ ਸਰਲ ਹੈ। ਉਹ ਕਦੇ ਸੁਹਿਰਦਤਾ ਤੇ ਸੂਖ਼ਮਤਾ ਵਾਲੇ ਸ਼ਬਦਾਂ ਦੀ ਵਰਤੋਂ ਕਰਦੀ ਹੈ ਅਤੇ ਕਦੇ ਕਦੇ ਸਖ਼ਤ ਭਾਸ਼ਾ ਵਰਤ ਕੇ ਆਪਣੇ ਪਾਤਰ ਨੂੰ ਦਲੇਰ ਵੀ ਬਣਾ ਦਿੰਦੀ ਹੈ।
ਕ੍ਰਿਸ਼ਨਾ ਸੋਬਤੀ ਦੇ ਨਾਵਲ ਜ਼ਿੰਦਗੀਨਾਮਾ ਦਾ ਪ੍ਰਸਿੱਧ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਨੇ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਇੱਥੇ ਇਹ ਵੀ ਮਾਣ ਵਾਲੀ ਗੱਲ ਹੈ ਕਿ ਦੋ ਪੰਜਾਬੀ ਲੇਖਿਕਾਵਾਂ ਨੂੰ ਹੀ ਗਿਆਨਪੀਠ ਇਨਾਮ ਮਿਲੇ ਹਨ ਜਿਨ੍ਹਾਂ ਵਿੱਚ ਇੱਕ ਕ੍ਰਿਸ਼ਨਾ ਸੋਬਤੀ ਅਤੇ ਦੂਜੀ ਅੰਮ੍ਰਿਤਾ ਪ੍ਰੀਤਮ ਸੀ। ਪੰਜਾਬੀ ਦੀ ਉੱਘੀ ਕਹਾਣੀਕਾਰ ਅਜੀਤ ਕੌਰ ਨਾਲ ਉਸ ਦਾ ਬਹੁਤ ਪ੍ਰੇਮ ਸੀ। ਅਜੀਤ ਕੌਰ ਦੇ ਘਰ ਹਰ ਮਹੀਨੇ ਹਿੰਦੀ, ਪੰਜਾਬੀ ਤੇ ਊਰਦੂ ਦੇ ਲੇਖਕਾਂ ਦੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਕ੍ਰਿਸ਼ਨਾ ਸੋਬਤੀ ਵੀ ਪਹੁੰਚਦੀ ਅਤੇ ਉਹ ਮਨੋਰੰਜਨ ਦੀ ਬਜਾਏ ਲੋਕ ਪੱਖੀ, ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਦੇਣ ਵਾਲਾ ਸਾਹਿਤ ਰਚਨ ਦੀ ਲੋੜ ’ਤੇ ਜ਼ੋਰ ਦਿੰਦੀ ਸੀ। ਉਹ ਭਾਵੇਂ ਹਿੰਦੀ ਲੇਖਿਕਾ ਸੀ, ਪਰ ਉਸ ਦੇ ਦਿਲ ’ਚ ਪੰਜਾਬੀ ਪ੍ਰਤੀ ਤੜਪ ਸੀ। ਇਹੋ ਕਾਰਨ ਸੀ ਕਿ ਉਸ ਦੇ ਪੰਜਾਬੀ ਸਾਹਿਤਕਾਰਾਂ ਨਾਲ ਗੂੜ੍ਹੇ ਸਬੰਧ ਸਨ।
ਕ੍ਰਿਸ਼ਨਾ ਸੋਬਤੀ ਨੂੰ 1982 ਵਿੱਚ ਹਿੰਦੀ ਅਕਾਦਮੀ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 1996 ’ਚ ਸਾਹਿਤ ਅਕਾਦਮੀ ਫੈਲੋਸ਼ਿਪ, ਅਕਾਦਮੀ ਦਾ ਸਭ ਤੋਂ ਵੱਡਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਾਲ 1999 ਵਿੱਚ ਨਾਵਲ ਜ਼ਿੰਦਗੀਨਾਮਾ ਲਈ ਸਾਹਿਤ ਅਕਾਦਮੀ ਐਵਾਰਡ ਦਿੱਤਾ ਗਿਆ। 2008 ’ਚ ਚੰਦੂਮਨੀ ਐਵਾਰਡ ਅਤੇ 2017 ’ਚ ਗਿਆਨਪੀਠ ਐਵਾਰਡ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਲਕਾ ਐਵਾਰਡ, ਸ਼੍ਰੋਮਣੀ ਐਵਾਰਡ ਸਮੇਤ ਅਨੇਕਾਂ ਹੋਰ ਐਵਾਰਡਾਂ ਨਾਲ ਕ੍ਰਿਸ਼ਨਾ ਸੋਬਤੀ ਨੂੰ ਸਨਮਾਨਿਆ ਗਿਆ। ਲੋਕਾਂ ਦੀ ਹਮਦਰਦ, ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ, ਪੰਜਾਬੀ ਭਾਸ਼ਾ ਪ੍ਰਤੀ ਤੜਫ਼ ਰੱਖਣ ਵਾਲੀ ਇਹ ਮਹਾਨ ਲੇਖਿਕਾ ਕ੍ਰਿਸ਼ਨਾ ਸੋਬਤੀ 25 ਜਨਵਰੀ 2019 ਨੂੰ ਦਿੱਲੀ ਵਿਖੇ ਆਪਣੇ ਪਾਠਕਾਂ ਤੋਂ ਸਦਾ ਲਈ ਅਲਵਿਦਾ ਆਖ ਗਈ।