ਪ੍ਰਿੰ. ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਇਸ ਕਾਲਮ ਵਿਚ ਅਜਿਹੇ ਲਿਖਾਰੀ ਦਾ ਜਿ਼ਕਰ ਛੇੜਿਆ ਹੈ ਜਿਸ ਨੇ ਘੋੜਿਆਂ ਅਤੇ ਬਲਦਾਂ ਬਾਰੇ ਬੜੀ ਖੋਜ ਕੀਤੀ ਹੈ। ਅਮਰੀਕ ਸਿੰਘ ਭਾਗੋਵਾਲੀਆ ਘੋੜਿਆਂ ਅਤੇ ਬੈਲਗੱਡੀਆਂ ਦੇ ਸ਼ੌਕੀਨਾਂ ਦਾ ਲੇਖਕ ਹੈ। ਸ਼ੌਕ ਸ਼ੌਕ ਵਿਚ ਉਸ ਨੇ ਉੱਤਰੀ ਭਾਰਤ ਵਿਚ ਘੋੜਿਆਂ ਦੇ ਅਨੇਕਾਂ ਸਟੱਡ ਫਾਰਮ ਅਤੇ ਤਬੇਲੇ ਗਾਹੇ ਹਨ। ਘੋੜਿਆਂ ਤੇ ਬੈਲਗੱਡੀਆਂ ਵਾਲੇ ਬਲਦਾਂ ਦੇ ਸ਼ੌਂਕੀਆਂ ਨੂੰ ਘਰ ਘਰ ਜਾ ਕੇ ਮਿਲਿਆ। ਹਿੰਮਤ ਨਾਲ ਘੋੜਿਆਂ ਤੇ ਬਲਦਾਂ ਦੇ ਸ਼ੌਂਕੀਆਂ ਬਾਰੇ ਚਾਰ ਪੁਸਤਕਾਂ ਤਿਆਰ ਕੀਤੀਆਂ। ‘ਘੋੜਿਆਂ ਵਾਲੇ ਸਰਦਾਰ’, ‘ਘੋੜੇ ਸਰਦਾਰਾਂ ਦੇ’ ਤੇ ‘ਸਰਦਾਰਾਂ ਦੇ ਘੋੜੇ’ ਸਚਿੱਤਰ ਛਪ ਚੁੱਕੀਆਂ ਹਨ।
ਅਮਰੀਕ ਸਿੰਘ ਭਾਗੋਵਾਲੀਆ ਘੋੜਿਆਂ ਅਤੇ ਬੈਲਗੱਡੀਆਂ ਦੇ ਸ਼ੌਕੀਨਾਂ ਦਾ ਲੇਖਕ ਹੈ। ਸ਼ੌਕ ਸ਼ੌਕ ਵਿਚ ਉਸ ਨੇ ਉੱਤਰੀ ਭਾਰਤ ਵਿਚ ਘੋੜਿਆਂ ਦੇ ਅਨੇਕਾਂ ਸਟੱਡ ਫਾਰਮ ਅਤੇ ਤਬੇਲੇ ਗਾਹੇ ਹਨ। ਘੋੜਿਆਂ ਤੇ ਬੈਲਗੱਡੀਆਂ ਵਾਲੇ ਬਲਦਾਂ ਦੇ ਸ਼ੌਂਕੀਆਂ ਨੂੰ ਘਰ ਘਰ ਜਾ ਕੇ ਮਿਲਿਆ ਜਿਥੋਂ ਉਨ੍ਹਾਂ ਦੇ ਵੇਰਵੇ ਇਕੱਠੇ ਕੀਤੇ। ਨਾ ਕਦੇ ਮੀਂਹ ਦੀ ਪਰਵਾਹ ਕੀਤੀ ਤੇ ਨਾ ਹਨੇਰੀ ਦੀ। ਨਾ ਗਰਮੀ ਦੀ ਨਾ ਸਰਦੀ ਦੀ। ਦੂਰ ਦੀਆਂ ਵਾਟਾਂ ਦੀ ਵੀ ਕਦੇ ਤਕਲੀਫ਼ ਨਹੀਂ ਮੰਨੀ। ਹਿੰਮਤ ਤੇ ਮਿਹਨਤ ਨਾਲ ਘੋੜਿਆਂ ਤੇ ਬਲਦਾਂ ਦੇ ਸ਼ੌਂਕੀਆਂ ਬਾਰੇ ਚਾਰ ਦਰਸ਼ਨੀ ਪੁਸਤਕਾਂ ਤਿਆਰ ਕੀਤੀਆਂ। ‘ਘੋੜਿਆਂ ਵਾਲੇ ਸਰਦਾਰ’, ‘ਘੋੜੇ ਸਰਦਾਰਾਂ ਦੇ’ ਤੇ ‘ਸਰਦਾਰਾਂ ਦੇ ਘੋੜੇ’ ਤਾਂ ਸਚਿੱਤਰ ਰੂਪ ਵਿਚ ਛਪ ਹੀ ਚੁੱਕੀਆਂ ਹਨ ਅਤੇ ‘ਬਲਦਾਂ ਦੇ ਸ਼ੌਂਕੀ’ ਛਪਣ ਵਾਲੀ ਹੈ। ਘੋੜਿਆਂ ਬਾਰੇ ਦੋ ਹੋਰ ਪੁਸਤਕਾਂ ਦੇ ਖਰੜੇ ਤਿਆਰ ਹਨ। ‘ਸਰਦਾਰਾਂ ਦੇ ਘੋੜੇ’ ਕੌਫ਼ੀ ਟੇਬਲ ਬੁੱਕ ਹੈ ਜਿਸ ਦੀ ਕੀਮਤ 1495 ਰੁਪਏ ਹੈ। ਇਸ ਦੇ ਮੋਮੀ ਪੰਨਿਆਂ ਉਤੇ ਸੌ ਦੇ ਕਰੀਬ ਦਰਸ਼ਨੀ ਘੋੜਿਆਂ ਦੀਆਂ ਰੰਗੀਨ ਤਸਵੀਰਾਂ ਹਨ। ਪੰਜਾਬੀ ਦੀ ਇਸ ਦਰਸ਼ਨੀ ਪੁਸਤਕ ਨੂੰ ਕਿਸੇ ਵੀ ਹੋਰ ਭਾਸ਼ਾ ਦੀਆਂ ਨੁਮਾਇਸ਼ੀ ਪੁਸਤਕਾਂ ਦੇ ਮੁਕਾਬਲੇ ਰੱਖਿਆ ਜਾ ਸਕਦਾ ਹੈ।
ਪੁਸਤਕ ਦੇ ਸਰਵਰਕ ਉਤੇ ਨਰਿੰਦਰ ਸਿੰਘ ਕਪੂਰ ਦੇ ਸ਼ਬਦ ਹਨ: ਅਮਰੀਕ ਸਿੰਘ ਭਾਗੋਵਾਲੀਆ ਨੇ ਪਹਿਲਾਂ ‘ਘੋੜਿਆਂ ਵਾਲੇ ਸਰਦਾਰ’ ਅਤੇ ਹੁਣ ‘ਸਰਦਾਰਾਂ ਦੇ ਘੋੜੇ’ ਪੁਸਤਕ ਰਚ ਕੇ ਆਪਣੇ ਸ਼ੌਂਕ ਨੂੰ ਕਲਾ ਬਣਾ ਵਿਖਾਇਆ ਹੈ। ਪਹਿਲਾਂ ਬਲਦਾਂ ਅਤੇ ਮਗਰੋਂ ਘੋੜਿਆਂ ਵਿਚ ਉਸ ਦੀ ਦਿਲਚਸਪੀ ਉਸ ਦੇ ਸ਼ੌਂਕ ਦੀ ਅਮੀਰੀ ਅਤੇ ਨਿਰੰਤਰ ਘੋਲ-ਕਮਾਈ ਦੇ ਪ੍ਰਮਾਣ ਹਨ। ਮੈਨੂੰ ਉਸ ਦੀ ਰਚਨਾ ਦਾ ਮੀਰੀ ਗੁਣ ਇਹ ਪ੍ਰਤੀਤ ਹੋਇਆ ਹੈ ਕਿ ਉਹ ਮਨੁੱਖਾਂ ਨਾਲੋਂ ਵੀ ਘੋੜਿਆਂ ਬਾਰੇ ਵਧੇਰੇ ਸਹਿਜ ਨਾਲ ਗੱਲਾਂ ਕਰਦਾ ਹੈ। ਉਸ ਦੀ ਘੋਖਵੀਂ ਨਜ਼ਰ ਅਤੇ ਤਿੱਖੀ ਸੂਝ, ਗੁਣੀ ਘੋੜਿਆਂ ਨੂੰ ਵੇਖਣ, ਨਿਹਾਰਨ ਅਤੇ ਪਰਖਣ ਵਿਚ ਮਾਹਿਰ ਹੈ। ਉਸ ਨੂੰ ਘੋੜੇ ਪਛਾਣਨੇ ਤਾਂ ਆਉਂਦੇ ਹੀ ਹਨ, ਵੇਰਵੇ ਲੱਭਣੇ ਵੀ ਆਉਂਦੇ ਹਨ ਅਤੇ ਆਪਣੀਆਂ ਗੱਲਾਂ ਦਿਲਚਸਪ ਢੰਗ ਨਾਲ ਕਹਿਣੀਆਂ ਅਤੇ ਲਿਖਣੀਆਂ ਵੀ ਆਉਂਦੀਆਂ ਹਨ। ਉਸ ਨੇ ਪੰਜਾਬੀ ਭਾਸ਼ਾ ਵਿਚ ਅਣਗੌਲੇ ਖੇਤਰ ਦੀਆਂ ਸਭਿਆਚਾਰਕ ਅਤੇ ਆਰਥਿਕ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ। ਘੋੜਿਆਂ ਨੂੰ ਹਮੇਸ਼ਾ ਆਜ਼ਾਦ, ਖੁਸ਼ਹਾਲ, ਬਹਾਦਰ ਤੇ ਸੋਹਣੀਆਂ ਕੌਮਾਂ ਨੇ ਪਾਲਿਆ ਅਤੇ ਵਰਤਿਆ ਹੈ। ਜੋ ਸਵੈ-ਵਿਸ਼ਵਾਸ ਘੋੜੇ ਦੀ ਸਵਾਰੀ ਨਾਲ ਉਪਜਦਾ ਹੈ, ਉਸ ਨਾਲ ਇਤਿਹਾਸ ਵਿਚ ਗੁਲਾਮਾਂ ਤੋਂ ਬਾਦਸ਼ਾਹ ਬਣਦੇ ਵੇਖੇ ਗਏ ਹਨ। ਨਿਰਸੰਦੇਹ ਇਹ ਪੁਸਤਕ ਉਸ ਦੀ ਲਗਨ, ਮਿਹਨਤ, ਸਿਰੜ ਅਤੇ ਸਿਦਕ ਦੀ ਗਵਾਹੀ ਭਰਦੀ ਹੈ। ਜਿਵੇਂ ਕਿਸੇ ਦੀ ਬਹਾਦਰੀ ਅਤੇ ਦਲੇਰੀ ਦਾ ਹਵਾਲਾ ਸ਼ੇਰ ਨਾਲ ਦਿੱਤਾ ਜਾਂਦਾ ਹੈ, ਉਵੇਂ ਹੀ ਕਿਸੇ ਦੀ ਸੁਹਿਰਦਤਾ, ਵਫ਼ਾਦਾਰੀ, ਤੰਦਰੁਸਤੀ ਅਤੇ ਅਣਥੱਕ-ਫੁਰਤੀਲੇਪਣ ਦਾ ਹਵਾਲਾ ਘੋੜੇ ਨਾਲ ਦਿੱਤਾ ਜਾਂਦਾ ਹੈ। ਭਾਗੋਵਾਲੀਏ ਦੀਆਂ ਲਿਖਤਾਂ ਨਾ ਕੇਵਲ ਘੋੜੇ-ਪਾਲਕਾਂ ਨੂੰ ਉਤਸ਼ਾਹ ਦੇਣਗੀਆਂ ਸਗੋਂ ਇਹ ਪਾਠਕਾਂ ਦੇ ਗਿਆਨ ਵਿਚ ਵੀ ਵਾਧਾ ਕਰਨਗੀਆਂ ਅਤੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਦਾ ਅਹਿਸਾਸ ਕਰਵਾਉਣਗੀਆਂ। ਜੇਕਰ ਉਸ ਨੇ ਪੰਜਾਬੀਆਂ ਨੂੰ ਘੋੜਿਆਂ ਸਬੰਧੀ ਧਿਆਨ ਲਗਾਉਣ ਤੇ ਸੁਚੇਤ ਕਰਨ ਦੇ ਯਤਨ ਹੋਰ ਜਾਰੀ ਰੱਖੇ ਤਾਂ ਇੱਕ ਦਿਨ ਪੰਜਾਬ ਦੇ ਘੋੜ ਸਵਾਰ ਜਵਾਨ ਅਤੇ ਮੁਟਿਆਰਾਂ ਓਲੰਪਿਕਸ ਵਿਚ ਧੁੰਮਾਂ ਪਾਉਣਗੀਆਂ।
ਐੱਸ ਅਸ਼ੋਕ ਭੌਰਾ ਨੇ ਅਮਰੀਕ ਸਿੰਘ ਬਾਰੇ ਲਿਖਿਆ: ਅਮਰੀਕ ਸਿੰਘ ਭਾਗੋਵਾਲੀਆ ਰਾਤੋ-ਰਾਤ ਲੇਖਕ ਨਹੀਂ ਬਣਿਆ ਸਗੋਂ ਇਸ ਪਿਛੇ ਉਸ ਦਾ ਕਰੜਾ ਸੰਘਰਸ਼ ਅਤੇ ਘਾਲਣਾ ਹੈ। ਘਰ ਬੈਠ ਕੇ ਲਿਖਣਾ ਸੌਖਾ ਹੋ ਸਕਦਾ ਹੈ ਪਰ ਘੁੰਮ ਫਿਰ ਕੇ ਲਿਖਣਾ ਔਖਾ ਕਾਰਜ ਹੈ। ਅਮਰੀਕ ਸਿੰਘ ਭਾਗੋਵਾਲੀਏ ਦੀ ਇਹ ਸਿਆਣਪ ਹੈ ਕਿ ਉਸ ਨੇ ਆਮ ਜ਼ਿੰਦਗੀ ਦੇ ਅਣਛੋਹੇ ਅਮੀਰ ਵਿਰਸੇ ਦੇ ਵਿਸ਼ਿਆਂ ਬਾਰੇ ਬਾਖੂਬੀ ਲਿਖਿਆ ਹੀ ਨਹੀਂ ਸਗੋਂ ਇਨ੍ਹਾਂ ਨੂੰ ਮਾਣਿਆ ਵੀ ਹੈ। ਚੰਗੀ ਨਸਲ ਦੇ ਘੋੜਿਆਂ ਨੇ ਆਪਣੇ ਮਾਲਕਾਂ ਨੂੰ ਮਸ਼ਹੂਰ ਕੀਤਾ ਜਦਕਿ ਭਾਗੋਵਾਲੀਏ ਨੇ ਆਪਣੀ ਕਲਮ ਰਾਹੀਂ ਇਨ੍ਹਾਂ ਦੋਵਾਂ ਨੂੰ ਪੂਰੇ ਵਿਸ਼ਵ ਵਿਚ ਚਮਕਾਇਆ ਹੈ। ਸਾਰੇ ਜਾਨਵਰਾਂ ਵਿਚੋਂ ਘੋੜਾ ਮਨੁੱਖ ਦਾ ਸਭ ਤੋਂ ਵੱਧ ਵਫ਼ਾਦਾਰ ਤੇ ਭਰੋਸੇਮੰਦ ਸਾਥੀ ਹੈ। ਇਸੇ ਕਰਕੇ ਘੋੜੇ ਤੇ ਮਰਦ ਵਿਚ ਕਾਫ਼ੀ ਸਮਾਨਤਾਵਾਂ ਹਨ। ਜੇਕਰ ਦੋਵਾਂ ਨੂੰ ਚੰਗੀ ਖੁਰਾਕ ਮਿਲਦੀ ਰਹੇ ਤਾਂ ਇਹ ਕਦੇ ਬੁੱਢੇ ਨਹੀਂ ਹੁੰਦੇ। ਇਹ ਕੰਮ ਕਰਦੇ ਹੋਏ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਦੁੱਖ ਇਸ ਗੱਲ ਦਾ ਹੈ ਕਿ ਬੁੱਢੇਵਾਰੇ ਦੋਵੇਂ ਜਵਾਨੀ ਨੂੰ ਬਹੁਤ ਝੂਰਦੇ ਨੇ। ਮਰਦ ਦੀ ਅਗਾੜੀ ਤੇ ਘੋੜੇ ਦੀ ਪਛਾੜੀ ਨਹੀਂ ਕਰਨੀ ਚਾਹੀਦੀ। ਘੋੜਾ ਲੱਤ ਮਾਰਦੈ, ਇਸ ਦਾ ਦਵਾ ਦਾਰੂ ਤਾਂ ਹੋ ਜਾਂਦੈ ਪਰ ਮਰਦ ਤੋਂ ਬਚਿਆ ਹੀ ਰਹਿਣਾ ਚਾਹੀਦਾ ਐ ਕਿਉਂਕਿ ਜੋ ਉਹ ਜੋ ਮਾਰਦੈ, ਉਸ ਅੱਗੇ ਵੈਦ ਹਕੀਮ ਵੀ ਹੱਥ ਖੜ੍ਹੇ ਕਰ ਕੇ ਕਹਿੰਦੇ ਨੇ- ‘ਭਰਾਵਾ ਸਾਡੀ ਬਸ ਐ!’ ਅਮਰੀਕ ਸਿੰਘ ਭਾਗੋਵਾਲੀਏ ਨੇ ਮਰਦਾਂ ਤੇ ਘੋੜਿਆਂ ਦੀਆਂ ਬਾਤਾਂ ਪਾ ਕੇ ਦੱਸਿਆ ਹੈ ਕਿ ਦੋਵਾਂ ਦਾ ‘ਹੁੰਗਾਰਾ ਹੀ ਸਾਂਝਾ ਨਹੀਂ ਬਲਕਿ ਇਹ ਸੁਭਾਅ ਪੱਖੋਂ ਵੀ ਇੱਕ ਨੇ, ਫ਼ਰਕ ਸਿਰਫ਼ ਨਸਲ ਦਾ ਹੀ ਹੈ। ਉਸ ਨੇ ਚੰਗੀ ਨਸਲ ਦੇ ਘੋੜਿਆਂ ਦਾ ਤੁਆਰਫ਼ ਤਾਂ ਕਰਾ ਦਿੱਤਾ ਹੈ ਪਰ ਚੰਗੀ ਨਸਲ ਦੇ ਮਰਦਾਂ ਦਾ ਤੁਆਰਫ਼ ਪਤਾ ਨਹੀਂ ਕਦੋਂ ਕਰਾਵੇਗਾ? ਮੈਂ ਸਮੂਹ ਘੋੜਾ ਪਾਲਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਨ੍ਹਾਂ ਨੇ ‘ਸਰਦਾਰੀ’ ਦੇ ਪ੍ਰਤੀਕ ‘ਘੋੜੇ’ ਨੂੰ ਆਪਣੇ ਅਸਤਬਲਾਂ ਤੇ ਸਟੱਡਾਂ ਦਾ ਸ਼ਿੰਗਾਰ ਬਣਾਇਆ ਹੋਇਆ ਹੈ।
ਡਾ. ਹਰਚੰਦ ਸਿੰਘ ਸਰਹਿੰਦੀ ਨੇ ਲਿਖਿਆ: ‘ਘੋੜਿਆਂ ਵਾਲੇ ਸਰਦਾਰ’ ਪਸ਼ੂ ਪੇ੍ਰਮੀਆਂ ਲਈ ਖ਼ਾਸਕਰ ਘੋੜਿਆਂ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਕੀਮਤੀ ਤੋਹਫ਼ਾ ਹੈ। ਵੈਟਰਨਰੀ ਡਾਕਟਰ ਹੋਣ ਦੇ ਨਾਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬੀ ਭਾਸ਼ਾ ਵਿਚ ਘੋੜਿਆਂ ਬਾਰੇ ਇਸ ਤੋਂ ਵਧੀਆ ਜਾਣਕਾਰੀ ਹੋਰ ਕਿਧਰੇ ਵੀ ਉਪਲੱਬਧ ਨਹੀਂ। ਅਮਰੀਕ ਸਿੰਘ ਭਾਗੋਵਾਲੀਆ ਦੀ ਲਗਨ, ਮਿਹਨਤ, ਸਿਦਕ ਤੇ ਸਿਰੜ ਦੀ ਦਾਦ ਦੇਣੀ ਬਣਦੀ ਹੈ। ਦਿਲਚਸਪ ਬੋਲੀ ਤੇ ਸ਼ੈਲੀ ਵਿਚ ਲਿਖੀ ਇਹ ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ।
ਭਾਗੋਵਾਲ ਦਾ ਅਮਰੀਕ ਸਿੰਘ
ਭਾਗੋਵਾਲ ਰੂਪਨਗਰ (ਰੋਪੜ) ਜ਼ਿਲ੍ਹੇ ਦਾ ਨਿੱਕਾ ਜਿਹਾ ਪਿੰਡ ਹੈ ਜੋ ਕੁਰਾਲੀ ਨਜ਼ਦੀਕ ਲੰਘੇ ਨਵੇਂ ਬਾਈਪਾਸ ਦੇ ਛਿਪਦੇ ਪਾਸੇ ਪੈਂਦਾ ਹੈ। ਇਸ ਪਿੰਡ ਦੇ ਹੋਣਹਾਰ ਨੌਜੁਆਨ ਅਮਰੀਕ ਸਿੰਘ ਭਾਗੋਵਾਲੀਆ ਨੂੰ ਬੈਲਗੱਡੀਆਂ ਦੀਆਂ ਦੌੜਾਂ ਬਾਰੇ ਲਿਖਣ ਦੀ ਅਜਿਹੀ ਚੇਟਕ ਲੱਗੀ ਕਿ ਉਸ ਨੇ ਨਿੱਕੀ ਉਮਰੇ ਬਲਦਾਂ, ਘੋੜਿਆਂ, ਖੇਡਾਂ, ਸਭਿਆਚਾਰਕ ਸਰਗਰਮੀਆਂ ਅਤੇ ਹੋਰ ਵੱਖ ਵੱਖ ਵਿਸ਼ਿਆਂ ਬਾਰੇ ਲਿਖ ਕੇ ਸਾਹਿਤਕ ਖੇਤਰ ਵਿਚ ਚੰਗਾ ਨਾਮਣਾ ਖੱਟਿਆ। ਉਸ ਦਾ ਜਨਮ ਬਾਪੂ ਕੇਸਰ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ ਪਹਿਲੀ ਜਨਵਰੀ 1969 ਨੂੰ ਹੋਇਆ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਸ ਨੂੰ ਹਾਇਰ ਸੈਕੰਡਰੀ ਪਾਸ ਕਰਨ ਸਾਰ ਹੀ ਕੇਂਦਰ ਸਰਕਾਰ ਦੀ ਨੌਕਰੀ ਮਿਲ ਗਈ। ਅੱਜ ਕੱਲ੍ਹ ਉਹ ਡਿਪਾਰਟਮੈਂਟ ਆਫ਼ ਸਪੇਸ (ਐੱਸਸੀਐੱਲ ਮੁਹਾਲੀ) ਵਿਖੇ ਬਤੌਰ ਸੀਨੀਅਰ ਟੈਕਨੀਸ਼ੀਅਨ ‘ਏ’ ਸੇਵਾ ਨਿਭਾ ਰਿਹਾ ਹੈ। ਉਸ ਦੀ ਪਤਨੀ ਮਨਜੀਤ ਕੌਰ ਸਰਕਾਰੀ ਅਧਿਆਪਕਾ ਅਤੇ ਇਕਲੌਤਾ ਬੇਟਾ ਸਹਿਜਦੀਪ ਸਿੰਘ 12ਵੀਂ ਜਮਾਤ ਵਿਚ ਪੜ੍ਹ ਰਿਹਾ ਹੈ। 18 ਸਾਲਾਂ ਤੋਂ ਉਸ ਨੇ ਰੈਣ ਬਸੇਰਾ ਕੁਰਾਲੀ ਵਿਖੇ ਕੀਤਾ ਹੋਇਆ ਹੈ।
ਪੜ੍ਹਨ ਲਿਖਣ ਦਾ ਉਸ ਨੂੰ ਇੰਨਾ ਸ਼ੌਕ ਸੀ ਕਿ ਨੌਕਰੀ ਮਿਲਣ ਦੇ ਬਾਵਜੂਦ ਉਸ ਨੇ ਪੜ੍ਹਾਈ ਜਾਰੀ ਰੱਖੀ। ਉਸ ਨੇ ਗਰੈਜੂਏਸ਼ਨ ਕਰਨ ਪਿੱਛੋਂ ਪੰਜਾਬੀ, ਫਿ਼ਲਾਸਫੀ, ਪਬਲਿਕ ਐਡਮਨਿਸਟ੍ਰੇਸ਼ਨ ਤੇ ਸਮਾਜਿਕ ਵਿਗਿਆਨ ਵਿਸ਼ਿਆਂ ਵਿਚ ਮਾਸਟਰ ਡਿਗਰੀਆਂ ਹਾਸਲ ਕੀਤੀਆਂ ਅਤੇ ਜਰਨਲਿਜ਼ਮ ਐਂਡ ਮਾਸ ਕਮਊਨੀਕੇਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਡਿਪਲੋਮਾ ਕੀਤਾ। ਬਚਪਨ ਵਿਚ ਹੀ ਪੰਜਾਬੀ ਸਭਿਆਚਾਰ ਦੇ ਰੰਗ ਮਾਣਦਿਆਂ ਉਨ੍ਹਾਂ ਦਾ ਅਸਰ ਉਹਦੇ ਅਚੇਤ ਮਨ ਉੱਤੇ ਉਕਰਿਆ ਗਿਆ। ਪਸ਼ੂ-ਪੰਛੀਆਂ ਤੇ ਕੁਦਰਤ ਨਾਲ ਉਸ ਦਾ ਮੁੱਢ ਕਦੀਮ ਤੋਂ ਪਿਆਰ ਹੈ। ਆਪਣੇ ਬਾਪੂ ਤੇ ਵੱਡੇ ਭਰਾਵਾਂ ਦੇ ਕੰਧਾੜਿਆਂ `ਤੇ ਚੜ੍ਹ ਕੇ ਵੇਖੇ ਮੇਲਿਆਂ ਵਿਚੋਂ ਉਹ ਅਕਸਰ ਮਿੱਟੀ ਦੇ ਖਿਡੌਣਿਆਂ ਵਿਚੋਂ ਬਲਦ, ਘੋੜੇ ਤੇ ਤੋਤੇ ਆਦਿ ਹੀ ਖਰੀਦਦਾ ਹੁੰਦਾ ਸੀ। ਆਪਣੇ ਪੈਰਾਂ `ਤੇ ਖਲੋਣ ਪਿੱਛੋਂ ਉਸ ਨੇ ਲੁਧਿਆਣੇ ਦੇ ਪ੍ਰੋ. ਮੋਹਨ ਸਿੰਘ ਮੇਲੇ ਦੀਆਂ ਝਲਕਾਂ ਅਤੇ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ ਬਹੁਤ ਨੇੜੇ ਤੋਂ ਬੜੀ ਰੀਝ ਨਾਲ ਤੱਕੀਆਂ ਤੇ ਮਾਣੀਆਂ। ਪੜ੍ਹਨਾ ਤੇ ਲਿਖਣਾ ਉਸ ਦਾ ਨਿੱਤਨੇਮ ਬਣ ਗਿਆ। ਉਸ ਨੇ ਉੱਘੇ ਲੇਖਕਾਂ ਦੀਆਂ ਲਿਖਤਾਂ ਤੇ ਕਿਤਾਬਾਂ ਨੂੰ ਬੜੀ ਰੀਝ ਨਾਲ ਪੜ੍ਹਿਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬੈਲਗੱਡੀਆਂ ਦੀਆਂ ਹੀਟ ਦੌੜਾਂ ਤੇ ਫਾਈਨਲ ਦੌੜਾਂ ਨੇ ਉਸ ਨੂੰ ਬਲਦਾਂ ਦੇ ਮਾਲਕਾਂ ਬਾਰੇ ਲਿਖਣ ਲਈ ਪ੍ਰੇਰਿਆ। ਅਖ਼ਬਾਰਾਂ ਦੇ ਸੰਪਾਦਕਾਂ ਦੀ ਹੱਲਾਸ਼ੇਰੀ ਨਾਲ ਉਸ ਨੇ ਬੈਲਗੱਡੀਆਂ ਦੇ ਪ੍ਰਸਿੱਧ ਦੌੜਾਕਾਂ ਬਾਰੇ ਪੌਣੇ ਦੋ ਸੌ ਆਰਟੀਕਲ ‘ਸ਼ੌਂਕੀ ਬਲਦਾਂ ਦੇ’ ਕਾਲਮ ਹੇਠ ਲਿਖੇ। ਫਿਰ ‘ਘੋੜਿਆਂ ਵਾਲੇ ਸਰਦਾਰ’ ਕਾਲਮ ਅਧੀਨ 150 ਘੋੜਾ ਪਾਲਕਾਂ ਨੂੰ ਪਾਠਕਾਂ ਦੇ ਰੂ-ਬ-ਰੂ ਹੀ ਨਹੀਂ ਕਰਵਾਇਆ ਸਗੋਂ ਘੋੜਿਆਂ ਦੇ ਸ਼ੌਂਕ ਤੇ ਵਪਾਰ ਵਿਚ ਇੱਕ ਤਰ੍ਹਾਂ ਇਨਕਲਾਬ ਲੈ ਆਂਦਾ। ਪ੍ਰਸਿੱਧ ਖਿਡਾਰੀਆਂ, ਗਾਇਕਾਂ ਤੇ ਕਲਕਾਰਾਂ ਦੇ ਰੇਖਾ ਚਿੱਤਰ ਲਿਖਣ ਤੋਂ ਇਲਾਵਾ ਓਲੰਪਿਕ ਤੇ ਏਸ਼ੀਅਨ ਖੇਡਾਂ ਬਾਰੇ ਲਿਖੇ ਅਨੇਕਾਂ ਫੀਚਰ ਵੀ ਉਸ ਦੇ ਚੰਗੇ ਕਾਲਮਨਵੀਸ ਹੋਣ ਦੀ ਗਵਾਹੀ ਭਰਦੇ ਹਨ। ਉਸ ਨੇ ਲਿਖਿਆ:
ਘੋੜਾ ਜੋ ਪਹਿਲਾਂ ਜੰਗਲੀ ਜਾਨਵਰ ਹੁੰਦਾ ਸੀ, ਮਨੁੱਖ ਨੇ 4000 ਬੀਸੀ ਦੇ ਆਸ ਪਾਸ ਘਰੇਲੂ ਤੇ ਪਾਲਤੂ ਜਾਨਵਰ ਵਜੋਂ ਅਪਣਾਇਆ। ਘੋੜੀ ਗਰਭ ਧਾਰਨ ਤੋਂ 11 ਮਹੀਨਿਆਂ ਬਾਅਦ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਜਿਸ ਨੂੰ ਵਛੇਰਾ ਜਾਂ ਵਛੇਰੀ ਕਿਹਾ ਜਾਂਦਾ ਹੈ। ਇਸ ਦਾ ਨਵਾਂ ਜੰਮਿਆ ਬੱਚਾ ਜਿਥੇ ਜਨਮ ਤੋਂ ਹੀ ਖੜ੍ਹਾ ਹੋ ਜਾਂਦਾ ਹੈ, ਉਥੇ ਇਹ ਥੋੜ੍ਹਾ ਭੱਜਣ ਦੇ ਸਮਰੱਥ ਵੀ ਹੁੰਦਾ ਹੈ। ਇਕ ਘੋੜੀ ਪੰਦਰਾਂ ਤੋਂ ਤੀਹ ਤਕ ਸੂਏ ਦੇ ਸਕਦੀ ਹੈ। ਘੋੜੇ ਦੀ ਉਮਰ 20-50 ਸਾਲ ਵਿਚਕਾਰ ਹੁੰਦੀ ਹੈ। ਕੁੱਤੇ ਦੀ ਉਮਰ ਲਗਭਗ ਦਸ ਸਾਲ ਹੁੰਦੀ ਹੈ। ਇਸੇ ਕਰਕੇ ਘੋੜੇ ਨੂੰ ਕੁੱਤੇ ਨਾਲੋਂ ਲੰਮਾ ਸਾਥੀ ਮੰਨਿਆ ਜਾਂਦਾ ਹੈ। ਘੋੜੇ ਦੀਆਂ ਔਸਤਨ 205 ਹੱਡੀਆਂ ਹੁੰਦੀਆਂ ਹਨ। ਸਾਢੇ ਚਾਰ ਕੁਇੰਟਲ ਵਜ਼ਨੀ ਘੋੜਾ 7 ਤੋਂ 11 ਕਿਲੋਗਰਾਮ ਖੁਰਾਕ ਖਾਂਦਾ ਹੈ ਅਤੇ 38 ਤੋਂ 45 ਲਿਟਰ ਤਕ ਪਾਣੀ ਪੀਂਦਾ ਹੈ। ਮਨੁੱਖ ਦੇ ਉਲਟ ਘੋੜੇ ਦੀ ਨੀਂਦ ਗੂੜ੍ਹੀ ਨਹੀਂ ਹੁੰਦੀ ਤੇ ਉਹ ਖੜ੍ਹਾ ਖੜ੍ਹਾ ਹੀ ਸੌਂ ਲੈਂਦਾ ਹੈ।
ਪੰਜਾਬੀ ਦੇ ਸਾਹਿਤਕ ਖੇਤਰ ਵਿਚ ‘ਖੇਡ ਸਾਹਿਤ’ ਦਾ ਵੱਖਰਾ ਰੂਪ ਆਣ ਜੁੜਿਆ ਹੈ ਜੋ ਖੇਡ ਜਗਤ ਲਈ ਸ਼ੁਭ ਸ਼ਗਨ ਹੈ। ਖੇਡ ਜਗਤ ਅੰਦਰ ਖੇਡ ਲੇਖਕਾਂ ਦਾ ਰੋਲ ਢਾਡੀਆਂ ਵਰਗਾ ਹੁੰਦਾ ਹੈ। ਜਿਸ ਤਰ੍ਹਾਂ ਜੰਗ ਵਿਚ ਢਾਡੀ ਬੀਰ ਰਸੀ ਵਾਰਾਂ ਗਾ ਕੇ ਫੌਜਾਂ ਦਾ ਹੌਸਲਾ ਤੇ ਮਨੋਬਲ ਵਧਾ ਦਿੰਦੇ ਹਨ, ਠੀਕ ਇਸੇ ਤਰ੍ਹਾਂ ਖੇਡ ਲੇਖਕ ਖਿਡਾਰੀਆਂ ਨੂੰ ਵਧੀਆ ਖੇਡਣ ਅਤੇ ਸਰਕਾਰਾਂ ਨੂੰ ਚੰਗੀਆਂ ਤੇ ਵਧੀਆ ਖੇਡ ਨੀਤੀਆਂ ਘੜਨ ਲਈ ਰਾਹ ਦਸੇਰੇ ਬਣਦੇ ਹਨ। ਆਮ ਪਾਠਕਾਂ ਲਈ ਖੇਡ ਫੀਚਰ ਸਾਧਾਰਨ ਲਿਖਤ ਹੁੰਦੀ ਹੈ ਪਰ ਨਿੱਕਾ ਜਿਹਾ ਪ੍ਰਸੰਸਾਮਈ ਖੇਡ ਆਰਟੀਕਲ ਕਿਸੇ ਖਿਡਾਰੀ ਦੀ ਜਿ਼ੰਦਗੀ ਹੀ ਬਦਲ ਦਿੰਦਾ ਹੈ। ਇੱਕ ਵਾਰੀ ਭਾਗੋਵਾਲੀਏ ਨੇ ਮਿਸਟਰ ਵਰਲਡ ਬਾਡੀ ਬਿਲਡਰ ਰਮਾਕਾਂਤ ਬਾਰੇ ਅਖ਼ਬਾਰ ਵਿਚ ਲੇਖ ਲਿਖਿਆ ਸੀ ਜਿਸ ਨੂੰ ਹੁਸ਼ਿਆਰਪੁਰ ਦੇ ਨੌਜਵਾਨ ਬਲਵਿੰਦਰ ਬੱਲੀ ਨੇ ਕੱਟ ਕੇ ਆਪਣੇ ਪਰਸ ਵਿਚ ਪ੍ਰੇਰਨਾ ਵਜੋਂ ਸਾਂਭ ਲਿਆ। ਜਦੋਂ ਬੱਲੀ ਨੇ ਰਾਮਾਕਾਂਤ ਦੀ ਦੇਖ ਰੇਖ ਹੇਠ ਸਖ਼ਤ ਮਿਹਨਤ ਕਰਦਿਆਂ ਮਿਸਟਰ ਇੰਡੀਆ ਦਾ ਖਿ਼ਤਾਬ ਜਿੱਤਿਆ ਤਾਂ ਉਸ ਨੇ ਅਖ਼ਬਾਰ ਦੀ ਉਹੀ ਕਟਿੰਗ ਫਰੇਮ ਵਿਚ ਜੜਵਾ ਕੇ ਆਪਣੇ ਰੋਲ ਮਾਡਲ ਸ੍ਰੀ ਰਮਾਕਾਂਤ ਨੂੰ ਸਨਮਾਨ ਵਜੋਂ ਭੇਟ ਕੀਤੀ।
ਲੋਕ ਉਸ ਨੂੰ ਪੁੱਛਦੇ ਹਨ ਕਿ ਬਲਦਾਂ ਘੋੜਿਆਂ ਬਾਰੇ ਲਿਖਦਿਆਂ ਤੈਨੂੰ ਕੀ ਮਿਲਦੈ? ਉਸ ਦਾ ਜਵਾਬ ਹੁੰਦਾ ਕਿ ਜੋ ਕੁਝ ਕਿਸੇ ਨੂੰ ਕਰੋੜਾਂ ਅਰਬਾਂ ਰੁਪਏ ਖਰਚ ਕੇ ਵੀ ਨਹੀਂ ਮਿਲਦਾ, ਉਹ ਮੈਨੂੰ ਮੁਫ਼ਤ `ਚ ਮਿਲ ਜਾਂਦਾ। ਇਸ ਖੇਤਰ ’ਚ ਤਕਰੀਬਨ ਜਿੰਨੀਆਂ ਵੀ ਸ਼ਖ਼ਸੀਅਤਾਂ ਉਸ ਦੇ ਸੰਪਰਕ ਵਿਚ ਆਈਆਂ, ਉਨ੍ਹਾਂ ਨਾਲ ਉਸ ਦੇ ਪਰਿਵਾਰਕ ਸਬੰਧ ਬਣ ਗਏ। ਹੋਰ ਤਾਂ ਹੋਰ ਕਈ ਵਾਰ ਬਲਦ ਤੇ ਘੋੜਾ ਪਾਲਕਾਂ ਦੇ ਰਿਸ਼ਤਿਆਂ ਦੀ ਪੁੱਛ ਪੜਤਾਲ ਲਈ ਵੀ ਉਸ ਨੂੰ ਫੋਨ ਆਉਂਦੇ ਹਨ। ਉਸ ਦੇ ਲੇਖਾਂ ਵਿਚ ਘੋੜੇ ਜਾਂ ਬਲਦ ਪਾਲਕ ਦੇ ਪਿਛੋਕੜ ਬਾਰੇ ਜ਼ਿਕਰ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੇ ਕਈ ਜਾਣਕਾਰਾਂ ਦਾ ਪਾਕਿਸਤਾਨ ਦੇ ਵਿਛੜਨ ਤੋਂ ਬਾਅਦ ਮੁੜ ਮੇਲ ਜੋਲ ਹੋਇਆ। ਇਸ ਨੂੰ ਉਹ ਪੁੰਨ ਦਾ ਕਾਰਜ ਸਮਝਦਾ ਹੈ। ਇਸ ਤਰ੍ਹਾਂ ਅਨੇਕਾਂ ਹੋਰ ਕਿੱਸੇ ਉਸ ਦੀ ਕਲਮ ਨਾਲ ਜੁੜੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਬਲਦਾਂ ਅਤੇ ਘੋੜਿਆਂ ਦੀ ਦੌੜਾਂ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰੀ ਮਾਨਤਾ ਦੁਆਰਾ ਹੋਣੀਆਂ ਚਾਹੀਦੀਆਂ ਹਨ। ਪੰਜਾਬ ਸਰਕਾਰ ਨੂੰ ਘੋੜਿਆਂ ਦੇ ਸਟੱਡ ਫਾਰਮ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਉਪਰਾਲੇ ਕਰਨ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੂੰ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਮੁਹਾਲੀ ਵਿਖੇ ਘੋੜਿਆਂ ਦੀਆਂ ਆਧੁਨਿਕ ਸਹੂਲਤਾਂ ਵਾਲੀਆਂ ਪੱਕੀਆਂ ਮੰਡੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਦੂਸਰੇ ਰਾਜਾਂ ਤੋਂ ਆਉਣ ਵਾਲੇ ਵਪਾਰੀਆਂ ਅਤੇ ਘੋੜਾ ਪ੍ਰੇਮੀਆਂ `ਤੇ ਇਸ ਦਾ ਵਧੀਆ ਪ੍ਰਭਾਵ ਪੈ ਸਕੇ। ਇਸ ਨਾਲ ਪੰਜਾਬ ਵਿਚ ਘੋੜਿਆਂ ਦਾ ਵਪਾਰ ਹੋਰ ਵਧੇਗਾ।
ਬੈਲਗੱਡੀਆਂ ਦੀਆਂ ਦੌੜਾਂ ਦਾ ਸ਼ੌਂਕੀ
ਸੱਚੀ ਗੱਲ ਹੈ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਅਮਰੀਕ ਭਾਗੋਵਾਲੀਆ 1995 ਤੋਂ ਕਾਪੀ ਕੈਮਰਾ ਚੁੱਕੀ ਬਲਦਾਂ ਦੀਆਂ ਦੌੜਾਂ ਲੁਆਉਣ ਵਾਲਿਆਂ ਮਗਰ ਦੌੜਦਾ ਆ ਰਿਹਾ ਹੈ। ਉਸ ਨੇ ਸੈਂਕੜੇ ਪਿੰਡ ਗਾਹੇ ਅਤੇ ਸੈਂਕੜੇ ਬੈਲ ਗੱਡੀਆਂ ਦੀਆਂ ਦੌੜਾਂ ਅੱਖੀਂ ਦੇਖੀਆਂ। ਤਬੇਲਿਆਂ ਵਿਚ ਵੱਛਿਆਂ ਤੇ ਬਲਦਾਂ ਦੀ ਪਾਲਣਾ ਪੁੱਤਰਾਂ ਵਾਂਗ ਹੁੰਦੀ ਦੇਖੀ ਤੇ ਫਿਰ ਬੜੀ ਮਿਹਨਤ ਨਾਲ ਬਲਦਾਂ ਦੇ ਸ਼ੌਂਕੀਆਂ ਲਈ ਪੁਸਤਕ ‘ਸ਼ੌਂਕੀ ਬਲਦਾਂ ਦੇ’ ਤਿਆਰ ਕੀਤੀ ਜੋ ਬੈਲਗੱਡੀਆਂ ਵਾਲਿਆਂ ਲਈ ਅਨਮੋਲ ਤੋਹਫ਼ਾ ਹੋਵੇਗੀ! ਇਹ ਬੈਲਗੱਡੀਆਂ ਤੇ ਹਲਟ ਦੌੜਾਂ ਦੇ ਬਲਦਾਂ ਦਾ ਮਹਾਨਕੋਸ਼ ਹੈ। ਪਾਠਕ ਇਸ ਪੁਸਤਕ ਰਾਹੀਂ ਤੇਜ਼ ਤੋਂ ਤੇਜ਼ ਦੌੜਨ ਵਾਲੇ ਬਲਦਾਂ ਦੀ ਦੁਨੀਆ ਦੇ ਦਰਸ਼ਨ ਘਰ ਬੈਠਿਆਂ ਹੀ ਕਰ ਸਕਣਗੇ। ਬਲਦਾਂ ਦੇ ਸ਼ੌਂਕੀਆਂ ਦੀਆਂ ਗੱਲਾਂ ਕਮਾਲ ਦੀਆਂ ਹਨ:
ਢੰਡਾਰੀ ਕਲਾਂ ਦੇ ਗੁਰਬਚਨ ਸਿੰਘ ਬਾਰੇ ਲਿਖਿਆ ਹੈ ਕਿ ਉਸ ਦਾ ਪਿਤਾ ਹਰਚੰਦ ਸਿੰਘ ਬਲਦਾਂ `ਚ ਜੰਮਿਆ, ਬਲਦਾਂ `ਚ ਜੁਆਨ ਹੋਇਆ ਤੇ ਬਲਦਾਂ ਵਿਚ ਹੀ ਫੌਤ ਹੋਇਆ। ਉਸ ਨੇ ਆਪਣੇ ਬਲਦਾਂ ਨਾਲ ਬੁਨੈਣਾਂ ਤੇ ਲਾਲਟੈਣਾਂ ਤੋਂ ਲੈ ਕੇ ਮੋਟਰ ਸਾਈਕਲਾਂ ਤਕ ਦੇ ਇਨਾਮ ਜਿੱਤੇ। ਗੁਰਬਚਨ ਸਿੰਘ ਨੇ ਚੌਦਾਂ ਸਾਲ ਦੀ ਉਮਰ ਵਿਚ ਆਪਣੇ ਬਾਪੂ ਨਾਲ ਜਾ ਕੇ 1891 ਵਿਚ ਮਾਣਕੀ ਵਾਲਾ ਬਲਦ 82 ਹਜ਼ਾਰ ਵਿਚ ਖਰੀਦਿਆ ਸੀ। ਫਿਰ ਲੱਖਾਂ ਰੁਪਿਆਂ ਦੇ ਚੜ੍ਹਦੇ ਤੋਂ ਚੜ੍ਹਦੇ ਬਲਦ ਖਰੀਦੇ ਤੇ ਲੱਖਾਂ ਦੇ ਇਨਾਮ ਜਿੱਤੇ। 1980 ਤੋਂ 2009 ਤਕ ਉਸ ਨੇ 80 ਲੱਖ ਰੁਪਏ ਬਲਦਾਂ `ਤੇ ਖਰਚੇ। ਛਿੰਦੇ ਤੋਂ ਧਲੇਰੀਆ ਬਲਦ ਸਵਾ ਤਿੰਨ ਲੱਖ ਰੁਪਏ ਦਾ, ਬੌੜਹਾਈ ਵਾਲਾ ਬਲਦ ਛੇ ਲੱਖ ਦਾ, ਮਕਸੂਦੜੇ ਵਾਲਾ ਸਵਾ ਤਿੰਨ ਲੱਖ ਦਾ, ਭਮਾਰਸੀ ਤੋਂ ਢਾਈ ਲੱਖ ਦਾ, ਜਰਗੜੀ ਤੋਂ ਛੇ ਲੱਖ ਦਾ ਤੇ ਕੋਟ ਵਾਲਾ ਕਾਲਾ ਬਲਦ ਪੰਜ ਲੱਖ ਰੁਪਏ ਦਾ ਖਰੀਦਆ। ਭੀਮੇ ਸਹੇੜੀ ਦਾ ਬਲਦ ਦੋ ਲੱਖ ਦਸ ਹਜ਼ਾਰ ਤੇ ਸ਼ੇਰਪੁਰੀਆ ਬੈਲ ਦੋ ਲੱਖ ਸੱਠ ਹਜ਼ਾਰ ਰੁਪਏ ਦੇ ਕੇ ਦੌੜਾਂ `ਚ ਭਜਾਏ। ਜਿਵੇਂ ਜਿਵੇਂ ਉਹ ਬਲਦਾਂ `ਤੇ ਪੈਸਾ ਲਾਉਂਦਾ ਗਿਆ, ਬਲਦ ਉਸ ਦਾ ਘਰ ਭਰਦੇ ਗਏ।
ਹੁਣ ਵੀ ਉਸ ਦੇ ਤਬੇਲੇ ਵਿਚ ਸਾਢੇ ਛੇ ਲੱਖ ਦਾ ਜਰਗੜੀ ਵਾਲਾ, ਪੰਜ ਲੱਖ ਦਾ ਕਾਲਖਾਂ ਵਾਲਾ ਤੇ ਦੋ ਲੱਖ ਦਾ ਧਨੌਰੀਆ ਬਲਦ ਕਿੱਲਿਆਂ `ਤੇ ਬੱਝੇ ਹੋਏ ਹਨ। ਉਸ ਦੇ ਬਲਦ ਸੋਲਾਂ ਮੋਟਰਸਾਈਕਲ, ਇਕ ਫਰਿਜ ਤੇ ਲੱਖਾਂ ਰੁਪਏ ਦੇ ਇਨਾਮ ਜਿੱਤ ਚੁੱਕੇ ਹਨ। ਉਹ ਉਸੇ ਬਲਦ `ਤੇ ਪੈਸਾ ਲਾਉਂਦੈ ਜਿਹੜਾ ਆਪਣਾ ਖਰਚਾ ਆਪ ਚੁੱਕੇ। ਗੁਰਬਚਨ ਸਿੰਘ ਹਰ ਸਾਲ ਸੱਤ ਲੱਖ ਰੁਪਏ ਦੇ ਇਨਾਮਾਂ ਵਾਲੀਆਂ ਬੈਲ ਗੱਡੀਆਂ ਦੀਆਂ ਦੌੜਾਂ ਕਰਾ ਕੇ ਆਪਣੇ ਸਵਰਗੀ ਪਿਤਾ ਹਰਚੰਦ ਸਿੰਘ ਨੂੰ ਸ਼ਰਧਾਂਜਲੀ ਦਿੰਦੈ। ਕਿਸੇ ਨੂੰ ਮੋਟਰਸਾਈਕਲ, ਕਿਸੇ ਨੂੰ ਫਰਿਜ, ਕਿਸੇ ਨੂੰ ਟੀਵੀ ਤੇ ਇੱਕੀਵੇਂ ਨੰਬਰ `ਤੇ ਆਉਣ ਵਾਲੀ ਬੈਲ ਗੱਡੀ ਨੂੰ ਵੀ ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਦੈ। ਬੈਲ ਗੱਡੀਆਂ ਦੀਆਂ ਦੌੜਾਂ ਉਹਦਾ ਇਸ਼ਕ ਹਨ।
ਪੰਜਾਬ ਵਿਚ ਸੈਂਕੜੇ ਪਿੰਡ ਹਨ ਜਿਥੇ ਬੈਲ ਗੱਡੀਆਂ ਤੇ ਹਲਟਾਂ ਦੀਆਂ ਦੌੜਾਂ ਹੁੰਦੀਆਂ ਹਨ। ਇਨ੍ਹਾਂ ਦੌੜਾਂ ਸਦਕੇ ਹੀ ਪੰਜਾਬ ਵਿਚ ਬਲਦ ਜਿ਼ੰਦਾ ਹਨ, ਨਹੀਂ ਤਾਂ ਟ੍ਰੈਕਟਰਾਂ ਆ ਜਾਣ ਨਾਲ ਬਲਦ ਕਿਸੇ ਨੇ ਪੁੱਛਣੇ ਨਹੀਂ ਸਨ। ਮੈਨੂੰ ਕੋਟ ਗੰਗੂ ਰਾਏ ਦੇ ਖੇਡ ਮੇਲੇ `ਤੇ ਪਤਾ ਲੱਗਾ ਕਿ ਇਕ ਬਲਦ ਦੀ ਕੀਮਤ ਤੇਰਾਂ ਲੱਖ ਰੁਪਏ ਤਕ ਚਲੀ ਗਈ ਹੈ ਪਰ ਮਾਲਕ ਵੇਚ ਨਹੀਂ ਰਿਹਾ!
ਬੈਲ ਗੱਡੀਆਂ ਦੀਆਂ ਦੌੜਾਂ ਦਾ ਤੋਰਾ ਕਿਲ੍ਹਾ ਰਾਇਪੁਰ ਦੀਆਂ ਖੇਡਾਂ `ਚ 1940 ਦੇ ਕਰੀਬ ਤੁਰਿਆ ਸੀ। ਉਥੋਂ ਦਾ ਬਖਸ਼ੀਸ਼ ਸਿੰਘ ਬਖਸ਼ੀ ਕਮਾਲ ਦਾ ਗੱਡੀਵਾਨ ਸਾਬਤ ਹੋਇਆ। ਉਸ ਦੀਆਂ ਗਵਾਹੀਆਂ ਇਲਾਕੇ ਦੇ ਝਾੜ-ਬੂਟ ਵੀ ਭਰਦੇ ਹਨ। ਉਸ ਦੀ ਗੱਡੀ ਹਵਾ ਨੂੰ ਗੰਢਾਂ ਦਿੰਦੀ ਜਾਂਦੀ ਸੀ। ਉਸ ਬਾਰੇ ਟੱਪਾ ਪ੍ਰਚਲਿਤ ਹੋਇਆ:
ਬਖਸ਼ੀ ਚਾਬਕ ਨੀ ਕਿਸੇ ਬਣ ਜਾਣਾ,
ਘਰ ਘਰ ਪੁੱਤ ਜੰਮਦੇ…।
ਬਖਸ਼ੀਸ਼ ਸਿੰਘ ਦੀ ਯਾਦ ਵਿਚ ਉਸ ਦੇ ਪੁੱਤਰ ਸੁਰਜੀਤ ਸਿੰਘ ਗਰੇਵਾਲ ਨੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਕਿਲ੍ਹਾ ਰਾਇਪੁਰ ਨੂੰ ਟਰਾਫੀ ਵਜੋਂ ਦਸ ਤੋਲੇ ਸੋਨੇ ਦੀ ਛੋਟੀ ਬੈਲ ਗੱਡੀ ਬਣਾ ਕੇ ਦਿੱਤੀ ਜੋ ਬੈਲ ਗੱਡੀਆਂ ਦੀ ਦੌੜ ਦੇ ਜੇਤੂ ਨੂੰ ਇਨਾਮ ਦਿੱਤੀ ਜਾਂਦੀ ਹੈ। ਹੁਣ ਤਾਂ ਬੈਲ ਗੱਡੀਆਂ ਤੇ ਹਲਟ ਦੌੜਾਂ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਲੱਗਣ ਲੱਗ ਪਈਆਂ ਹਨ। ਸਿਆਲ ਵਿਚ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਣ ਕਿਤੇ ਦੌੜਾਂ ਨਾ ਹੋ ਰਹੀਆਂ ਹੋਣ। ਕਈ ਵਾਰ ਤਾਂ ਇਕੋ ਦਿਨ ਕਈ ਕਈ ਪਿੰਡਾਂ ਵਿਚ ਦੌੜਾਂ ਹੁੰਦੀਆਂ ਹਨ। ਕੁਝ ਪਿੰਡਾਂ ਦੀਆਂ ਦੌੜਾਂ ਵਿਚ ਦੌ ਸੌ ਤੋਂ ਵੀ ਵੱਧ ਬੈਲ ਗੱਡੀਆਂ ਪੁੱਜ ਜਾਂਦੀਆਂ ਹਨ। ਖੀਰੇ ਦੁੱਗਿਆਂ ਦੀ ਦੌੜ ਤੋਂ ਲੈ ਕੇ ਬਲਦਾਂ ਦੀਆਂ ਹੀਟਾਂ, ਸੈਮੀ ਫਾਈਨਲ ਤੇ ਫਾਈਨਲ ਦੌੜਾਂ, ਹਲਟਾਂ ਦੇ ਗੇੜੇ ਅਤੇ ਇਕਹਿਰੀਆਂ ਤੇ ਦੂਹਰੀਆਂ ਦੌੜਾਂ ਲੱਗਦੀਆਂ ਹਨ। ਬੈਲ ਗੱਡੀਆਂ ਤੇ ਹਲਟ ਦੌੜਾਂ ਪੇਂਡੂ ਪੰਜਾਬੀਆਂ ਦਾ ਮਨਭਾਉਂਦਾ ਮਨੋਰੰਜਨ ਬਣ ਗਈਆਂ ਹਨ।
ਖੇਤੀਬਾੜੀ `ਚੋਂ ਬਲਦ ਬੇਸ਼ਕ ਮਨਫ਼ੀ ਹੋ ਗਏ ਹਨ ਪਰ ਪੰਜਾਬੀਆਂ ਨੇ ਗਊ ਦੇ ਜਾਇਆਂ ਨੂੰ ਆਪਣੇ ਜੀਵਨ `ਚੋਂ ਮਨਫ਼ੀ ਨਹੀਂ ਹੋਣ ਦਿੱਤਾ। ਅੱਜ ਵੀ ਖੀਰਿਆਂ, ਦੁੱਗਿਆਂ, ਛਿਗਲਾਂ, ਚੌਰਿਆਂ, ਬੱਗਿਆਂ, ਸਾਵਿਆਂ, ਨਾਰਿਆਂ, ਖੰਡਿਆਂ, ਮੀਣਿਆਂ, ਭੋਡਿਆਂ, ਬੂਲਿਆਂ, ਲਸਣੀਆਂ, ਚੱਪਿਆਂ, ਨਗੌਰੀਏ ਤੇ ਹਿਸਾਰੀਏ ਵੱਛਿਆਂ, ਵਹਿੜਿਆਂ ਤੇ ਬਲਦਾਂ ਦੀਆਂ ਗੱਲਾਂ ਹੁੰਦੀਆਂ ਹਨ। ਬੈਲ ਗੱਡੀਆਂ ਦੀਆਂ ਦੌੜਾਂ ਨਾਲ ਕਈ ਸ਼ਬਦ ਜੁੜ ਗਏ ਹਨ। ਕੋਈ ਬਲਦ ਰੁਸਤਮੇ ਹਿੰਦ ਹੈ, ਕੋਈ ਮਾਣਕ, ਕੋਈ ਲਾਦਿਨ, ਕੋਈ ਛਿੰਗੜੀ ਤੇ ਕੋਈ ਉਡਣਾ ਬਾਜ। ਬਲਦ ਵੀ ਹਾਕੀ ਦੇ ਗੋਲਾਂ ਵਾਂਗ ਹੈਟਟ੍ਰਿਕ ਮਾਰਨ ਲੱਗ ਪਏ ਹਨ। ਚਾਬਕਾਂ `ਚ ਪਹਿਲਵਾਨੀ ਦੇ ਪੱਠਿਆਂ ਵਾਂਗ ਉਸਤਾਦੀ ਸ਼ਗਿਰਦੀ ਚੱਲਣ ਲੱਗ ਪਈ ਹੈ ਤੇ ਕਿਸੇ ਕਿਸੇ ਗਡਵਾਨ ਨੂੰ ਚਾਬਕੀ ਦੇ ਹੀਰੋ ਦਾ ਖਿ਼ਤਾਬ ਮਿਲਣ ਲੱਗ ਪਿਐ। ਚੈਂਪੀਅਨ ਬਲਦਾਂ ਦਾ ਮਰਨ ਉਪਰੰਤ ਸੋਗ ਮਨਾਇਆ ਜਾਂਦੈ, ਸਸਕਾਰ ਹੁੰਦੈ ਤੇ ਭੋਗ ਪਾਇਆ ਜਾਂਦੈ!
ਕੋਈ ਬਲਦਾਂ ਦਾ ਜੌਹਰੀ ਹੈ, ਕੋਈ ਚਾਬਕੀ ਦਾ ਬਾਦਸ਼ਾਹ, ਕੋਈ ਬੈਲ ਗੱਡੀਆਂ ਦਾ ਲੰਬੜਦਾਰ, ਕੋਈ ਦੌੜਾਂ ਦਾ ਝੰਡਾਬਰਦਾਰ, ਕੋਈ ਮੋਹੜੀਗੱਡ, ਕੋਈ ਬੈਲ ਗੱਡੀਆਂ ਦਾ ਥੰਮ੍ਹ, ਕੋਈ ਚੈਂਪੀਅਨਾਂ ਦਾ ਚੈਂਪੀਅਨ, ਕੋਈ ਲੰਡੇ ਵਾਲਾ, ਮੀਣੇ ਵਾਲਾ, ਕੋਈ ਬੈਲ ਗੱਡੀਆਂ ਦਾ ਵਣਜਾਰਾ, ਕੋਈ ਹਲਟ ਦੌੜਾਂ ਦਾ ਬਾਦਸ਼ਾਹ, ਕੋਈ ਬਲਦਾਂ ਦੀ ਜਿੰਦ-ਜਾਨ, ਕੋਈ ਬਲਦਾਂ ਦਾ ਪੁਜਾਰੀ, ਪ੍ਰੇਮੀ, ਕੋਈ ਬਲਦਾਂ ਦਾ ਸਰਦਾਰ, ਕੋਈ ਸੇਵਾਦਾਰ, ਕੋਈ ਦੀਵਾਨਾ ਤੇ ਕੋਈ ਭਾਗ ਖਾਂ ਟੇਲਰ ਵਾਂਗ ਬਲਦਾਂ ਨੂੰ ਦੁਲਹਨ ਵਾਂਗ ਸਜਾਉਣ ਵਾਲਾ ‘ਸਿ਼ੰਗਾਰੀਆ’ ਹੈ।
ਕਟਾਣੀ ਦੇ ਅੱਡੇ ’ਚ ਦੁਕਾਨ ਚਲਾ ਰਿਹਾ ਭਾਗ ਖਾਂ ਉੱਠਦਾ-ਬਹਿੰਦਾ, ਖਾਂਦਾ-ਪੀਂਦਾ, ਜਾਗਦਾ-ਸੌਂਦਾ ਬਲਦਾਂ ਦੇ ਝੁੱਲ ਹੋਰ ਵਧੀਆ ਬਣਾਉਣ ਬਾਰੇ ਸੋਚਦਾ ਰਹਿੰਦੈ। ਪੂਰੇ ਪੰਜਾਬ ’ਚ ਉਸ ਦੇ ਬਣਏ ਝੁੱਲਾਂ ਦੀ ਝੰਡੀ ਹੈ। ਗਿਣੇ ਤਾਂ ਨਹੀਂ ਪਰ ਅੰਦਾਜ਼ਾ ਕਿ ਉਹ ਹਜ਼ਾਰ ਝੁੱਲ ਤਾਂ ਸਿਓਂ ਹੀ ਚੁੱਕਾ ਹੋਵੇਗਾ। ਉਸ ਨੂੰ ਝੁੱਲ ਬਣਾਉਣ ਦੇ ਹੁਨਰ ਕਾਰਨ ਕੋਟ, ਹਾਦੀਵਾਲ, ਤਰਖੇੜੀ, ਬੀਜਾ, ਮੁੰਡੀਆਂ, ਕੁਹਾੜਾ ਤੇ ਹੋਰ ਨਾਮੀ ਗਰਾਮੀ ਖੇਡ ਮੇਲਿਆਂ ’ਤੇ ਸਨਮਾਨਿਤ ਕੀਤਾ ਜਾ ਚੁੱਕੈ। ਇਹ ਤਾਂ ਕਿਤਾਬ ਵਿਚਲੇ ਕੁਝ ਵੇਰਵਿਆਂ ਦਾ ਹੀ ਟ੍ਰੇਲਰ ਹੈ ਜਦ ਕਿ ਪੂਰੀ ਪੁਸਤਕ ਅਜਿਹੇ ਅਨੇਕਾਂ ਵੇਰਵਿਆਂ ਨਾਲ ਭਰੀ ਪਈ ਹੈ।
‘ਸ਼ੌਂਕੀ ਬਲਦਾਂ ਦੇ’ ਪੁਸਤਕ ਪੰਜਾਬੀ ਖੇਡ ਸਾਹਿਤ ਵਿਚ ਨਵਾਂ ਵਾਧਾ ਹੋਵੇਗੀ। ਜਦੋਂ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਤਾਂ ਪੰਜਾਬੀ ਵਿਚ ‘ਭਾਰਤ ਦੇ ਪਹਿਲਵਾਨ’ ਬਿਨਾ ਕੋਈ ਖੇਡ ਪੁਸਤਕ ਨਹੀਂ ਸੀ। ਮੇਰੇ ਵੇਖਦੇ ਵੇਖਦੇ ਡੇਢ ਸੌ ਤੋਂ ਵੱਧ ਖੇਡ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬੀ ਖੇਡ ਸਾਹਿਤ ਦੇ ਵੀ ਪਾਠਕ ਹਨ। ਅਮਰੀਕ ਭਾਗੋਵਾਲੀਏ ਨੂੰ ਨਵੇਕਲੀਆਂ ਪੁਸਤਕਾਂ ਲਿਖਣ ਦੀ ਵਧਾਈ ਦੇਣ ਦੇ ਨਾਲ ਮੈਂ ਸਲਾਹ ਵੀ ਦਿੰਦਾ ਹਾਂ ਕਿ ਉਹ ਆਪਣਾ ਸ਼ੌਂਕ ਹੋਰ ਅੱਗੇ ਵਧਾਵੇ ਅਤੇ ਦੌੜਨ ਵਾਲੇ ਕੁੱਤਿਆਂ, ਬਾਜ਼ੀ ਪਾਉਣ ਵਾਲੇ ਕਬੂਤਰਾਂ ਤੇ ਹੋਰਨਾਂ ਜਾਨਵਰਾਂ ਦੇ ਸ਼ੌਂਕੀਆਂ ਬਾਰੇ ਵੀ ਲਿਖੇ। ਉਹ ਵੀ ਖੇਡ ਪੁਸਤਕਾਂ ਲਿਖਣ ਦੇ ਹਾਕੀ ਦੇ ਬਲਬੀਰ ਸਿੰਘ ਵਾਂਗ ‘ਗੋਲਡਨ ਹੈਟਟ੍ਰਿਕ’ ਮਾਰੇ।
ਸੰਪਰਕ: principalsarwansingh@gmail.com