ਅਰਸ਼ਪ੍ਰੀਤ ਕੌਰ ਬੈਂਸ
ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਬੱਬਰ ਅਕਾਲੀ ਲਹਿਰ (1923-26) 20ਵੀਂ ਸਦੀ ਦੇ ਤੀਜੇ ਦਹਾਕੇ ਦੇ ਸ਼ੁਰੂ ਵਿਚ ਦੁਆਬੇ ਖੇਤਰ ‘ਚ ਆਰੰਭ ਕੀਤੀ ਗਈ ਅਹਿਮ ਲਹਿਰ ਸੀ। ਗੁਰਦੁਆਰਾ ਸੁਧਾਰ ਲਹਿਰ (1920-25) ਜਿੱਥੇ ਗੁਰਦੁਆਰਿਆਂ ਦੇ ਕਬਜ਼ਿਆਂ ਤੱਕ ਸੀਮਤ ਸੀ, ਉੱਥੇ ਬੱਬਰ ਅਕਾਲੀ ਲਹਿਰ ਗੁਰਦੁਆਰਿਆਂ ਨੂੰ ਚਰਿੱਤਰਹੀਣ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੇ ਨਾਲ ਨਾਲ ਭਾਰਤ ਨੂੰ ਆਜ਼ਾਦ ਕਰਾਉਣ ਦੀ ਵਿਸ਼ਾਲ ਦ੍ਰਿਸ਼ਟੀ ਰੱਖਦੀ ਸੀ। ਜਿਨ੍ਹਾਂ ਇਨਕਲਾਬੀਆਂ ਨੇ ਇਸ ਲਹਿਰ ਦੌਰਾਨ ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮਾਂ ਦਾ ਨਿਡਰਤਾ ਨਾਲ ਸਾਹਮਣਾ ਕਰਦਿਆਂ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਵਿਚ ਕਰਮ ਸਿੰਘ ਬੱਬਰ ਦਾ ਨਾਂ ਪਹਿਲੀ ਕਤਾਰ ਵਿਚ ਆਉਂਦਾ ਹੈ। ਉਨ੍ਹਾਂ ਦਾ ਜਨਮ 1880 ਵਿਚ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਦੌਲਤਪੁਰ ਵਿਚ ਮਾਤਾ ਦੁੱਲੀ ਅਤੇ ਪਿਤਾ ਨੱਥਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਅੱਠ ਵਰ੍ਹੇ ਅੰਗਰੇਜ਼ ਫ਼ੌਜ ਦੀ ਨੌਕਰੀ ਕਰਨ ਮਗਰੋਂ ਸੰਤ ਕਰਮ ਸਿੰਘ ਹੋਤੀ ਦੇ ਸੰਪਰਕ ਵਿਚ ਆਏ ਤੇ 1907 ਵਿਚ ਕੈਨੇਡਾ ਪਹੁੰਚੇ। ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ‘ਤੇ ਕੀਤੇ ਜਾਂਦੇ ਜ਼ੁਲਮਾਂ ਕਾਰਨ ਉਨ੍ਹਾਂ ਅੰਦਰ ਬ੍ਰਿਟਿਸ਼ ਸਾਮਰਾਜ ਵਿਰੋਧੀ ਭਾਵਨਾ ਪੈਦਾ ਹੋਈ। ਜਦੋਂ 1913 ਵਿਚ ਗ਼ਦਰ ਪਾਰਟੀ ਸਥਾਪਤ ਹੋਈ ਤਾਂ ਕਰਮ ਸਿੰਘ ਇਸ ਦੇ ਮੈਂਬਰ ਚੁਣੇ ਗਏ। 1914 ਵਿਚ ਪਹਿਲੇ ਸੰਸਾਰ ਯੁੱਧ ਦੌਰਾਨ ਭਾਰਤ ‘ਚ ਗ਼ਦਰ ਮਚਾ ਕੇ ਗੋਰਿਆਂ ਨੂੰ ਇੱਥੋਂ ਭਜਾਉਣ ਲਈ ਤੁਰਨ ਵਾਲੇ ਯੋਧਿਆਂ ‘ਚ ਕਰਮ ਸਿੰਘ ਵੀ ਸ਼ਾਮਲ ਸਨ।
ਨਨਕਾਣਾ ਸਾਹਿਬ ‘ਚ 21 ਫਰਵਰੀ, 1921 ਨੂੰ ਹੋਏ ਖ਼ੂਨੀ ਸਾਕੇ ਦੌਰਾਨ ਮਹੰਤ ਨਰੈਣ ਦਾਸ ਵੱਲੋਂ 100 ਤੋਂ ਵੱਧ ਸਿੱਖ ਸ਼ਹੀਦ ਕੀਤੇ ਗਏ ਤੇ ਸਿੱਟੇ ਵੱਜੋਂ ਸਿੱਖਾਂ ਵਿਚ ਗੁੱਸੇ ਦੀ ਲਹਿਰ ਪੈਦਾ ਹੋਈ। ਮਗਰੋਂ ਕਰਮ ਸਿੰਘ ਨੇ ਕੈਨੇਡਾ ਤੋਂ ਪਰਤੇ ਆਪਣੇ ਮਿੱਤਰ ਆਸਾ ਸਿੰਘ ਭੁਕੜੁਦੀ ਨਾਲ ਨਨਕਾਣਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਮਗਰੋਂ ਉਨ੍ਹਾਂ ਦਾ ਨਾਂ ਬਦਲ ਕੇ ਕਰਮ ਸਿੰਘ ਰੱਖਿਆ ਗਿਆ, ਜੋ ਪਹਿਲਾਂ ਨਰੈਣ ਸਿੰਘ ਸੀ। ਨਨਕਾਣਾ ਸਾਹਿਬ ਤੋਂ ਆ ਕੇ ਕਰਮ ਸਿੰਘ ਨੇ ਅਕਾਲੀਆਂ ਦੁਆਰਾ ਚਲਾਈ ਅਕਾਲੀ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਅਕਤੂਬਰ 1921 ਦੇ ਅਖ਼ੀਰ ‘ਚ ਕਰਮ ਸਿੰਘ ਨੇ 50 ਸਿੱਖਾਂ ਦਾ ਜੱਥਾ ਲੈ ਕੇ ਜ਼ਿਲ੍ਹਾ ਗੁਰਦਾਸਪੁਰ ‘ਚ ਬਟਾਲਾ ਦੇ ਨਜ਼ਦੀਕ ਪਿੰਡ ਓਠੀਆਂ ਵਿਖੇ ਭ੍ਰਿਸ਼ਟ ਮਹੰਤ ਤੋਂ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਆਜ਼ਾਦ ਕਰਵਾਇਆ ਅਤੇ 1922 ਵਿਚ ‘ਚਾਬੀਆਂ ਦੇ ਮੋਰਚੇ’ ‘ਚ ਸਰਮਗਰਮ ਹਿੱਸਾ ਲਿਆ। ਸੁੰਦਰ ਸਿੰਘ ਬੱਬਰ ਆਪਣੀ ਪੁਸਤਕ ‘ਬੱਬਰ ਅਕਾਲੀ ਲਹਿਰ’ ਦੇ ਸਫ਼ਾ ਨੰ. 63 ‘ਤੇ ਲਿਖਦੇ ਹਨ: “1922 ਦੇ ਸ਼ੁਰੂ ਵਿਚ ਕਰਮ ਸਿੰਘ ਬੱਬਰ ਨੇ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਬਹੁਤ ਕੰਮ ਕੀਤਾ। ਉਸ ਦੇ ਜਥੇ ਨੇ ਤਹਿਸੀਲ ਨਵਾਂ ਸ਼ਹਿਰ ਤੇ ਗੜ੍ਹਸ਼ੰਕਰ ਦੇ ਜੁੜਵੇਂ ਇਲਾਕੇ ‘ਚ ਬਲਾਚੌਰ, ਮਾਹਿਲ ਗਹਿਲਾ, ਨਵਾਂ ਸ਼ਹਿਰ, ਚੱਕ ਸੰਘਾ, ਰਾਮ ਗੜ੍ਹ, ਝੰਗੀਆਂ, ਜਾਂਡਲਾ ਤੇ ਲੰਗੜੋਆ ਆਦਿ ਬਹੁਤ ਸਾਰੇ ਪਿੰਡਾਂ ਵਿਚ ਭਰਪੂਰ ਪ੍ਰਚਾਰ ਕੀਤਾ।” ਅਗਸਤ 1922 ਵਿਚ ਕਰਮ ਸਿੰਘ ਦੌਲਤਪੁਰ ਨੇ ‘ਬੱਬਰ ਅਕਾਲੀ ਦੁਆਬਾ’ ਨਾਂਅ ਦਾ ਖੁਫ਼ੀਆ ਅਖ਼ਬਾਰ ਸ਼ੁਰੂ ਕੀਤਾ, ਜਿਸ ਦਾ ਪਹਿਲਾ ਅੰਕ ਬਛੋੜੀ ਦੇ ਕਾਕੇ ਨੰਬਰਦਾਰ ਪਾਸੋਂ ਖੋਹੇ ਗਏ 570 ਰੁਪਏ ਸਰਕਾਰੀ ਮਾਮਲੇ ਨਾਲ ਖਰੀਦੀ ਸਾਈਕਲੋ ਸਟਾਈਲ ਮਸ਼ੀਨ ‘ਤੇ 20 ਅਗਸਤ, 1922 ਨੂੰ ਛਪਣਾ ਸ਼ੁਰੂ ਹੋਇਆ। ਇਸ ਦਾ ਉਦੇਸ਼ ਦੇਸ਼ ਦੀ ਮੰਦਹਾਲੀ, ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮ, ਸ਼ਾਂਤਮਈ ਤਰੀਕਿਆਂ ਦਾ ਖੰਡਨ, ਚੱਕਰਵਰਤੀ ਜਥੇ ਦੇ ਬਣਨ ਅਤੇ ਉਸ ਦੇ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਸੀ। 11 ਮਈ, 1922 ਨੂੰ ਅਰਜਨ ਸਿੰਘ ਅਤੇ ਸੁੰਦਰ ਸਿੰਘ ਬੱਬਰ ਦੀ ਗ੍ਰਿਫ਼ਤਾਰੀ ਨੇ ਕਰਮ ਸਿੰਘ ਨੂੰ ਸਰਕਾਰੀ ਪਿੱਠੂਆਂ ਖ਼ਿਲਾਫ਼ ਕਾਰਵਾਈ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ, ਇਸ ਸਬੰਧੀ ਬਾਕਾਇਦਾ ਪ੍ਰੋਗਰਾਮ ਬਣਾਇਆ ਗਿਆ। ਝੋਲੀਚੁੱਕਾਂ ਨੂੰ ਸੋਧਣ ਦੇ ਪ੍ਰੋਗਰਾਮ ਦੀ ਰਣਨੀਤੀ ਚੋਖੀ ਗਹਿਰਾਈ ਨਾਲ ਵਿਚਾਰ ਕੇ ਤਿਆਰ ਕੀਤੀ ਗਈ ਸੀ।
ਅਗਸਤ 1922 ਵਿਚ ਬੱਬਰ ਅਕਾਲੀ ਜਥੇ ਦੇ ਉੱਭਰਨ ਨਾਲ ਹਥਿਆਰਬੰਦ ਇਕਲਾਬ ਦੇ ਸਿਧਾਂਤ ਨੂੰ ਹਰਮਨ ਪਿਆਰਾ ਬਣਾਉਣ ਲਈ ਦੀਵਾਨਾਂ ਦੀ ਮਹੱਤਤਾ ਤੇ ਨਾਲ ਹੀ ਮਨੋਰਥ ‘ਚ ਵਾਧਾ ਹੋਇਆ। ਕਿਸਾਨੀ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਅੰਗਰੇਜ਼ ਹਕੂਮਤ ਵਿਰੁੱਧ ਤਲਵਾਰ ਚੁੱਕਣ ਲਈ ਪ੍ਰੇਰਿਤ ਕਰਨ ਵਾਸਤੇ ਇਨ੍ਹਾਂ ਦੀਵਾਨਾਂ ਵਿਚ ਕਵਿਤਾਵਾਂ ਵੀ ਪੜ੍ਹੀਆਂ ਗਈਆ ਤੇ ਕਰਮ ਸਿੰਘ ਦੌਲਤਪੁਰ ਇਨਕਲਾਬੀ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ‘ਚ ਲੋਕਾਂ ਲਈ ਇਹੀ ਸੁਨੇਹਾ ਹੁੰਦਾ ਸੀ ਕਿ ਸ਼ਾਂਤੀ ਦਾ ਰਾਹ ਛੱਡ ਕੇ ਹਥਿਆਰ ਉਠਾਓ ਤੇ ਹਥਿਆਰਾਂ ਦੇ ਜ਼ੋਰ ‘ਤੇ ਬ੍ਰਿਟਿਸ਼ ਸਰਕਾਰ ਨੂੰ ਹਿੰਦੁਸਤਾਨ ‘ਚੋਂ ਭਜਾਓ। ਉਹ ਆਪਣੀ ਕਵਿਤਾ ਵਿਚ ਝੋਲੀ-ਚੁੱਕਾਂ ਦੇ ਸੁਧਾਰ ਦੀ ਗੱਲ ਵੀ ਕਰਦੇ ਸਨ। ਉਨ੍ਹਾਂ ਨੇ ਆਪਣੇ ਅਕੀਦੇ ਤੇ ਸਵੈ-ਰੱਖਿਆ ਨੂੰ ਦਰੁਸਤ ਠਹਿਰਾਉਣ ਲਈ ਹਿੰਸਾ ਦੀ ਵਰਤੋਂ ਦੀ ਵਕਾਲਤ ਕੀਤੀ।
ਆਖ਼ਰ ਬੱਬਰ ਅਕਾਲੀਆਂ ਦਾ ਮਦਦਗਾਰ ਹੋਣ ਦਾ ਬਹਾਨਾ ਕਰਨ ਵਾਲੇ ਅਨੂਪ ਸਿੰਘ ਮਾਣਕੋ ਦੀ ਗ਼ੱਦਾਰੀ ਕਰਕੇ ਬੱਬਰ ਕਰਮ ਸਿੰਘ ਦੌਲਤਪੁਰ 1 ਸਤੰਬਰ, 1923 ਨੂੰ ਪਿੰਡ ਬਬੇਲੀ (ਰਿਆਸਤ ਕਪੂਰਥਲਾ) ‘ਚ ਆਪਣੇ ਤਿੰਨ ਸਾਥੀਆਂ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਅਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਸਮੇਤ ਪੁਲੀਸ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ।
ਐਮਫਿਲ ਖੋਜਾਰਥੀ (ਇਤਿਹਾਸ ਵਿਭਾਗ),
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 89684-36075