ਇੰਦਰਜੀਤ ਸਿੰਘ ਹਰਪੁਰਾ
ਪੁਰਾਣੇ ਕਿਲ੍ਹੇ ਦੇਖਣ ਦੇ ਸ਼ੌਕੀਨਾਂ ਅਤੇ ਇਤਿਹਾਸ ਦੇ ਖੋਜੀਆਂ ਲਈ ਹੁਸ਼ਿਆਰਪੁਰ ਸ਼ਹਿਰ ਦੀ ਚੜ੍ਹਦੀ-ਦੱਖਣ ਬਾਹੀ ’ਤੇ ਦੋ ਮੀਲ ਦੂਰ ਬਜਵਾੜਾ ਦਾ ਇਤਿਹਾਸਕ ਕਿਲ੍ਹਾ ਬਹੁਤ ਖ਼ਾਸ ਹੈ। 19ਵੀਂ ਸਦੀ ਦੇ ਸ਼ੁਰੂ ਵਿੱਚ ਬਣੇ ਇਸ ਕਿਲ੍ਹੇ ਦਾ ਜ਼ਿਆਦਾ ਹਿੱਸਾ ਢਾਹ ਦਿੱਤਾ ਗਿਆ ਹੈ, ਪਰ ਇਸ ਦੀ ਇੱਕ ਦੀਵਾਰ ਅਤੇ ਦੋ ਬੁਰਜ ਇਸ ਦੀ ਸ਼ਾਨ ਨੂੰ ਦਰਸਾਉਣ ਲਈ ਅਜੇ ਵੀ ਕਾਫ਼ੀ ਹਨ।
ਪ੍ਰਾਚੀਨ ਬਜਵਾੜਾ (ਹੁਸ਼ਿਆਰਪੁਰ) ਮਹੱਤਵਪੂਰਨ ਦਰ੍ਹਾ ਸੀ। ਇਸ ਦਾ ਨਾਂ ਪ੍ਰਸਿੱਧ ਸੰਗੀਤਕਾਰ ਬੈਜੂ ਬਾਵਰਾ ਦੇ ਨਾਂ ’ਤੇ ਪਿਆ। ਉਹ ਇਸ ਥਾਂ ਦੀ ਮਸ਼ਹੂਰੀ ਦਾ ਇੱਕ ਕਾਰਨ ਤਾਂ ਸੀ ਹੀ ਸਗੋਂ ਇਸ ਦੀ ਪ੍ਰਸਿੱਧੀ ਦਾ ਕਾਰਨ ਇਹ ਵੀ ਸੀ ਕਿ ਕਾਂਗੜੇ ਦੇ ਰਾਜੇ ਸੰਸਾਰ ਚੰਦ ਵੱਲੋਂ ਇੱਥੇ 1801 ਵਿੱਚ ਜੰਗੀ ਕਿਲ੍ਹਾ ਉਸਾਰਨ, ਮਹਾਰਾਜਾ ਰਣਜੀਤ ਸਿੰਘ ਵੱਲੋਂ 1825 ਵਿੱਚ ਇਸ ਦਾ ਕਬਜ਼ਾ ਲੈਣ ਤੋਂ ਕਿਤੇ ਪਹਿਲਾਂ ਇੱਥੇ ਅਫ਼ਗ਼ਾਨਾਂ ਦਾ ਰਾਜ ਸਥਾਪਿਤ ਹੋ ਚੁੱਕਾ ਸੀ। ਇਹ ਵਪਾਰਕ ਅਤੇ ਆਬਿਆਨਾ ਨਜ਼ਰੀਏ ਤੋਂ ਮਹੱਤਵਪੂਰਨ ਹੋਣ ਕਾਰਨ ਜੰਗੀ ਉਥਲ-ਪੁਥਲ ਦਾ ਸ਼ਿਕਾਰ ਵੀ ਰਿਹਾ। ਅਫ਼ਗ਼ਾਨਾਂ (ਪਠਾਣਾਂ) ਨੇ ਇਸ ਦੀ ਰੱਖਿਆ ਖ਼ਾਤਰ ਇਸ ਦੁਆਲੇ ਜੰਗੀ ਪਿਕੇਟਾਂ ਬਿਠਾਈਆਂ, ਲੋੜ ਅਨੁਸਾਰ ਗੜ੍ਹੀਆਂ ਬਣਾਈਆਂ। ਇਹ ਮਗਰੋਂ ਜੰਗੀ ਸਰਦਾਰਾਂ ਦੇ ਵੰਸ਼ਜਾਂ ਦੀ ਟਿਕਵੀਂ ਰਿਹਾਇਸ਼ ਬਣੀਆਂ ਜੋ ਹੋਰ ਧਿਰਾਂ ਦੇ ਆ ਵਸਣ ਜਾਂ ਵਸਾਏ ਜਾਣ ਕਾਰਨ ਮੁਸਲਮਾਨਾਂ ਦੇ ਪਿੰਡਾਂ ਬਾਈ ਬਸੀਆਂ ਵਜੋਂ ਵਿਕਸਿਤ ਹੋਈਆਂ।
ਕਹਿੰਦੇ ਹਨ ਕਿ ਬਜਵਾੜਾ ਦੀ ਮਸ਼ਹੂਰੀ ਦਾ ਵੱਡਾ ਕਾਰਨ ਬਾਦਸ਼ਾਹ ਸ਼ੇਰਸ਼ਾਹ ਸੂਰੀ ਦੀ ਜੰਮਣ ਭੋਇੰ ਅਤੇ ਅਕਬਰ ਬਾਦਸ਼ਾਹ ਦੇ ਨੌਂ ਰਤਨਾਂ ਵਿੱਚੋਂ ਇੱਕ ਟੋਡਰ ਮੱਲ (ਮਾਲ ਮੰਤਰੀ) ਦਾ ਨਾਨਕਾ ਪਿੰਡ ਹੋਣਾ ਵੀ ਸੀ। ਬਜਵਾੜਾ ਦਾ ਦੋਹਤਰਾ ਰਾਜਾ ਟੋਡਰ ਮੱਲ ਅਕਬਰ ਬਾਦਸ਼ਾਹ ਦਾ ਆਲ੍ਹਾ ਵਜ਼ੀਰ ਬਣਿਆ ਜਿਸ ਦੇ ਕੀਤੇ ਜ਼ਮੀਨੀ ਬੰਦੋਬਸਤ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜ਼ਮੀਨ ਦੀ ਹੱਦਬੰਦੀ ਮਾਲਕੀ ਅਤੇ ਵਿਗਿਆਨਕ ਲੀਹਾਂ ’ਤੇ ਕਲਮਬੰਦ ਕਰਵਾਉਣ ਵਾਲੀ ਉਹ ਭਾਰਤ ਦੀ ਪਹਿਲੀ ਸ਼ਖ਼ਸੀਅਤ ਕਹੀ ਜਾ ਸਕਦੀ ਹੈ।
ਇੱਕ ਵਾਰ ਰਾਜਾ ਟੋਡਰ ਮੱਲ ਕਿਸੇ ਜੰਗੀ ਮੁਹਿੰਮ ਦੌਰਾਨ ਬਜਵਾੜਾ ਪਹੁੰਚਿਆ ਤਾਂ ਬਜਵਾੜੀਆਂ ਨੇ ਆਪਣਾ ਦੋਹਤਰਾ-ਭਾਣਜਾ ਜਾਣ ਕੇ ਉਹ ਮਾਹੌਲ ਨਹੀਂ ਸਿਰਜਿਆ ਜੋ ਕੋਈ ਰਾਜਾ ਜਾਂ ਵੱਡਾ ਅਹਿਲਕਾਰ ਚਾਹੁੰਦਾ ਹੈ। ਇਸ ਦਾ ਇੱਕ ਕਾਰਨ ਉਨ੍ਹਾਂ ਦਾ ਸਕਾ
ਹੋਣਾ ਹੀ ਨਹੀਂ ਸੀ ਸਗੋਂ ਉਸ ਤੋਂ ਕਿਤੇ ਵੱਡੇ ਬਾਦਸ਼ਾਹ ਸ਼ੇਰਸ਼ਾਹ ਸੂਰੀ ਦੀ ਨਿਮਰ ਸ਼ਖ਼ਸੀਅਤ ਦੀ ਯਾਦ
ਵੀ ਸੀ। ਰਾਜਾ ਟੋਡਰ ਮੱਲ ਆਪਣੇ ਅਫ਼ਸਰਾਂ ਸਾਹਵੇਂ ਬਣਦਾ ਆਦਰ ਨਾ ਹੋਣ ਕਾਰਨ ਨਾਰਾਜ਼ ਹੋ
ਗਿਆ। ਆਪਣੇ ਸਕਿਆਂ ਦੀ ਮਰਿਆਦਾ ਨਾ ਰੱਖਦਿਆਂ ਸਮੁੱਚੇ ਬਜਵਾੜਾ ਨੂੰ ਸਬਕ ਸਿਖਾਉਣ ਲਈ ਉਸ ਨੇ ਲਾਗਲੇ ਚਰਚਿਤ ਪਿੰਡਾਂ ਮਹਿਲਾਂਵਾਲੀ, ਨਾਰੂ ਨੰਗਲ ਅਤੇ ਬਸੀ ਕਲਾਂ ਨੂੰ ਅਹਿਮੀਅਤ ਦੇਣੀ ਹੀ ਨਹੀਂ ਸ਼ੁਰੂ ਕੀਤੀ ਸਗੋਂ ਬਜਵਾੜਾ ਦੇ ਮੁਕਾਬਲੇ ਬੋਹਣ-ਪੱਟੀ ਨੂੰ ਵੀ ਪਰਗਨੇ ਦਾ ਦਰਜਾ ਦੇ ਦਿੱਤਾ। ਉਸ ਨੇ ਹੁਸ਼ਿਆਰਪੁਰ ਦੀ ਮੋੜ੍ਹੀ ਆਪਣੇ ਨਜ਼ਦੀਕੀ ਹੁਸ਼ਿਆਰ ਖ਼ਾਨ ਰਾਹੀਂ ਰਖਵਾ ਕੇ ਬਜਵਾੜਾ ਦੇ ਮੁਕਾਬਲੇ ਵਪਾਰਕ ਕੇਂਦਰ ਵਜੋਂ ਅਜਿਹਾ ਉਭਾਰਿਆ ਕਿ ਬਜਵਾੜਾ ਰੁਲ ਕੇ ਰਹਿ ਗਿਆ। ਸਮੁੱਚੇ ਬਜਵਾੜੀਏ ਤਾਂ ਟੋਡਰ ਮੱਲ ਨੂੰ ਆਪਣਾ ਦੋਹਤਰਾ ਹੀ ਕਿਆਸਦੇ ਰਹੇ, ਉਹ ਭੁੱਲ ਬੈਠੇ ਕਿ ‘ਹੁਣ ਉਹ ਇੱਕ ਹਾਕਮ ਸੀ।’
ਉਸ ਵੇਲੇ ਦੀ ਸਬ-ਰਿਆਸਤ ਵਰਗਾ ਦਰਜਾ ਰੱਖਦੇ ਵਿਕਸਤ ਬਜਵਾੜਾ ਨੂੰ ਕਈ ਡਿਵੀਜ਼ਨਾਂ ਵਿੱਚ ਵੰਡ ਕੇ ਇਸ ਦਾ ਦਰਜਾ ਘਟਾ ਦਿੱਤਾ ਗਿਆ, ਪਰ ਇਸ ਦੀ ਭੂਗੋਲਿਕ ਸਥਿਤੀ ਅਤੇ ਮਾਲ-ਅਸਬਾਬ ਢੋਹਣ ਵਾਲੇ ਗੈਰਤਮੰਦ ਫ਼ਤਹਿਗੜ੍ਹੀਏ ਘੁਮਿਆਰਾਂ ਵੱਲੋਂ ਬਜਵਾੜਾ ਨਾਲ ਨਾਤਾ ਨਾ ਤੋੜਨ ਕਰਕੇ ਉਹ ਇਸ ਦੀ ਮਹੱਤਵਪੂਰਨ ਦਰ੍ਹੇ ਵਜੋਂ ਦਰਜਾਬੰਦੀ ਨਾ ਘਟਾ ਸਕਿਆ। 1857 ਦੇ ਗ਼ਦਰ ਵਕਤ ਗੋਰਿਆਂ ਵੱਲੋਂ ਢਹਿ-ਢੇਰੀ ਕਰਨ ਦੇ ਬਾਵਜੂਦ ਇੱਥੋਂ ਦੀ ਉੱਘੀ ਕਿਰਤੀ ਜਮਾਤ ਮੁਸਲਿਮ ਜੁਲਾਹਿਆਂ ਨੇ ਇੱਥੋਂ ਪਰਵਾਸ ਨਾ ਕੀਤਾ। ਇਹ ਜੁਲਾਹੇ ਢਹਿ-ਢੇਰੀ ਹੋ ਚੱਲੇ ਬਜਵਾੜਾ ਦੀ ਆਨ-ਸ਼ਾਨ ਹੀ ਨਹੀਂ ਬਣੇ ਸਗੋਂ ਉਨ੍ਹਾਂ ਦੇ ਉਣੇ-ਬੁਣੇ ਕੱਪੜੇ ਨੂੰ ਇੱਥੋਂ ਦੇ ਸ਼ਾਹ ਵੀ ਵੇਚ-ਵੱਟ ਕੇ ਮੁੜ ਪੱਕੇ ਪੈਰੀਂ ਹੋ ਗਏ। ਇਹ ਜੁਲਾਹੇ ਕੱਪੜਾ ਬੁਣਨ ’ਚ ਇੰਨੀ ਮੁਹਾਰਤ ਰੱਖਦੇ ਸਨ ਕਿ ਉਨ੍ਹਾਂ ਵੱਲੋਂ ਬੁਣੀ ਜਾਂਦੀ ਢੋਸੀ, ਮਲਮਲ, ਬਾਰੀਕ ਖੱਦਰ, ਰੇਸ਼ਮ, ਸਨਾਟਾ, ਤਿੱਲੇ ਵਾਲੀਆਂ ਪਗੜੀਆਂ ਅਤੇ ਡੇਢ ਅਰਜ਼ ਵਾਲਾ ਚਿੜੀ ਪੰਜਾ ਤੇ ਤੁਫ਼ਾਨ ਮੇਲ ਬੋਸਕੀ ਧੁਰ ਲਾਹੌਰ ਤਕ ਹੀ ਨਹੀਂ, ਲੇਹ ਲੱਦਾਖ ਤਕ ਵੀ ਜਾਂਦੀ ਸੀ। ਨਾਲ ਖਹਿੰਦੇ ਫ਼ਤਹਿਗੜ੍ਹ ਪਿੰਡ ਦੇ ਘੁਮਿਆਰ ਉਨ੍ਹਾਂ ਵੱਲੋਂ ਉਣਿਆ-ਬੁਣਿਆ ਕੱਪੜਾ ਖੱਚਰਾਂ ’ਤੇ ਲੱਦ ਕੇ ਹਿਮਾਚਲ, ਕਸ਼ਮੀਰ ਅਤੇ ਅਫ਼ਗ਼ਾਨ ਘਾਟੀ ਰਾਹੀਂ ਧੁਰ ਸਮਰਕੰਦ (ਰੂਸ) ਤਕ ਪਹੁੰਚਾਉਂਦੇ। ਇੱਥੋਂ ਦੀ ਮਲਮਲ, ਢਾਕੇ ਦੀ ਮਲਮਲ ਵਾਂਗ ਤੀਲ੍ਹਾਂ ਦੀ ਡੱਬੀ ਵਿੱਚ ਤਾਂ ਭਾਵੇਂ ਨਾ ਬੰਦ ਹੁੰਦੀ ਹੋਵੇ, ਪਰ ਉਹ ਉਸ ਨੂੰ ਕਈ ਪੱਖਾਂ ਤੋਂ ਮਾਤ ਜ਼ਰੂਰ ਪਾਉਂਦੀ ਸੀ ਜਿਸ ਦੀ ਕਾਰੀਗਰੀ ਸਿਰਫ਼ ਉਹ ਹੀ ਜਾਣਦੇ ਸਨ।
ਹੁਣ ਗੱਲ ਕਰਦੇ ਹਾਂ ਬਜਵਾੜਾ ਦੇ ਇਤਿਹਾਸਕ ਕਿਲ੍ਹੇ ਦੀ। ਇਹ ਕਿਲ੍ਹਾ ਸੰਨ 1801 ਵਿੱਚ ਕਾਂਗੜੇ ਦੇ ਰਾਜੇ ਸੰਸਾਰ ਚੰਦ ਕਟੋਚ ਨੇ ਸਿੱਖ ਮਿਸਲ ਦੇ ਸਰਦਾਰ ਭੂਪ ਸਿੰਘ ਫੈਸਲਪੁਰੀਆ ਕੋਲੋਂ ਬਜਵਾੜਾ ਜਿੱਤਣ ਉਪਰੰਤ ਬਣਵਾਇਆ ਸੀ। ਸੰਸਾਰ ਚੰਦ ਕਟੋਚ ਨੇ ਇਸ ਕਿਲ੍ਹੇ ਦਾ ਨਿਰਮਾਣ ਬਿਸਤ ਦੁਆਬ ਦੇ ਖੇਤਰ ਵਿੱਚ ਆਪਣੀ ਹਕੂਮਤ ਕਾਇਮ ਕਰਨ ਲਈ ਕੀਤਾ ਸੀ ਪਰ ਸਿੱਖ ਮਿਸਲਾਂ ਦੀ ਵਧਦੀ ਤਾਕਤ ਕਾਰਨ ਉਹ ਬਹੁਤਾ ਚਿਰ ਇਸ ਨੂੰ ਆਪਣੇ ਕਬਜ਼ੇ ਵਿੱਚ ਨਾ ਰੱਖ ਸਕਿਆ। ਰਾਮਗੜ੍ਹੀਆ ਅਤੇ ਕਨ੍ਹਈਆ ਮਿਸਲਾਂ ਦੀ ਦੁਆਬੇ ਵਿੱਚ ਵਧ ਰਹੀ ਤਾਕਤ ਨੂੰ ਇਹ ਕਿਲ੍ਹਾ ਵੀ ਰੋਕ ਨਾ ਸਕਿਆ ਅਤੇ ਇਸ ਸਾਰੇ ਖਿੱਤੇ ਉੱਪਰ ਸਿੱਖ ਮਿਸਲਾਂ ਦਾ ਰਾਜ ਕਾਇਮ ਹੋ ਗਿਆ। 1825 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਜਵਾੜੇ ਦੇ ਕਿਲ੍ਹੇ ਨੂੰ ਜਿੱਤ ਕੇ ਸਰਕਾਰ ਖਾਲਸਾ ਦੇ ਅਧੀਨ ਲੈ ਆਂਦਾ।
ਈਸਟ ਇੰਡੀਆ ਕੰਪਨੀ ਨੇ 1849 ਵਿੱਚ ਪੰਜਾਬ ਨੂੰ ਪੂਰਨ ਰੂਪ ਵਿੱਚ ਆਪਣੇ ਅਧੀਨ ਕਰ ਲਿਆ ਤਾਂ ਅੰਗਰੇਜ਼ਾਂ ਨੇ ਇਸ ਕਿਲ੍ਹੇ ਨੂੰ ਪਹਿਲਾਂ ਫ਼ੌਜੀ ਛਾਉਣੀ ਵਜੋਂ ਵਰਤਿਆ ਅਤੇ 1857 ਦੇ ਵਿਦਰੋਹ ਸਮੇਂ ਬਾਗ਼ੀਆਂ ਨੂੰ ਇੱਥੇ ਕੈਦ ਕੀਤਾ। ਬਾਅਦ ਵਿੱਚ ਅੰਗਰੇਜ਼ ਹਕੂਮਤ ਨੇ ਇਸ ਕਿਲ੍ਹੇ ਦੇ ਵੱਡੇ ਹਿੱਸੇ ਨੂੰ ਢਾਹ ਕੇ ਮਿੱਟੀ ਵਿੱਚ ਮਿਲਾ ਦਿੱਤਾ। ਉਸ ਸਮੇਂ ਤੋਂ ਇਸ ਕਿਲ੍ਹੇ ਦੀ ਸਿਰਫ਼ ਚੜ੍ਹਦੇ ਪਾਸੇ ਦੀ ਇੱਕ ਦੀਵਾਰ ਅਤੇ ਕਰੀਬ 60 ਫੁੱਟ ਉੱਚੇ ਬੁਰਜ ਹੀ ਬਚੇ ਹਨ।
ਬਜਵਾੜੇ ਦੀ ਸਭ ਤੋਂ ਉੱਚੀ ਥਾਂ ’ਤੇ ਬਣਿਆ ਇਹ ਕਿਲ੍ਹਾ ਸੁਰੱਖਿਆ ਦੇ ਪੱਖ ਤੋਂ ਬਹੁਤ ਅਹਿਮ ਸੀ ਅਤੇ ਚਾਰੇ ਪਾਸੇ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਦੇ ਵਿਚਲੇ ਖੁੱਲ੍ਹੇ ਵਿਹੜੇ ਵਿੱਚ ਇੱਕ ਖੂਹ ਬਣਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ। ਕਿਲ੍ਹੇ ਦੀ ਦੀਵਾਰ ਅਤੇ ਬੁਰਜਾਂ ਵਿੱਚ ਦੁਸ਼ਮਣ ’ਤੇ ਬੰਦੂਕਾਂ ਤੇ ਤੀਰਾਂ ਨਾਲ ਹਮਲੇ ਕਰਨ ਲਈ ਵਿਸ਼ੇਸ਼ ਮੋਰਚੇ ਬਣਾਏ ਗਏ ਸਨ। ਕਿਲ੍ਹੇ ਦੇ ਇਨ੍ਹਾਂ ਮੋਰਚਿਆਂ ਰਾਹੀਂ ਦੁਸ਼ਮਣ ਉੱਪਰ ਹਰ ਦਿਸ਼ਾ ਵੱਲ ਹਮਲਾ ਕੀਤਾ ਜਾ ਸਕਦਾ ਸੀ। 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਇਸ ਕਿਲ੍ਹੇ ਨੂੰ ਢਾਹ-ਢੇਰੀ ਕਰਨ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੰਗਰੇਜ਼ ਹਕੂਮਤ ਡਰਦੀ ਸੀ ਮਤੇ ਪੰਜਾਬੀ ਮੁੜ ਇਕੱਠੇ ਹੋ ਕਿਲ੍ਹੇ ਨੂੰ ਜਿੱਤ ਕੇ ਉਨ੍ਹਾਂ ਦੀ ਹਕੂਮਤ ਲਈ ਖ਼ਤਰਾ ਹੀ ਨਾ ਖੜ੍ਹਾ ਕਰ ਦੇਣ।
ਬਜਵਾੜਾ ਦੇ ਇਸ ਇਤਿਹਾਸਕ ਕਿਲ੍ਹੇ ਦੀ ਸਾਂਭ ਸੰਭਾਲ ਦਾ ਕੰਮ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਕੁਝ ਸਾਲ ਪਹਿਲਾਂ ਅਰੰਭਿਆ ਗਿਆ ਸੀ ਜੋ ਫੰਡਾਂ ਦੀ ਘਾਟ ਕਾਰਨ ਅਧਵਾਟੇ ਹੀ ਰਹਿ ਗਿਆ। ਇਸ ਕਿਲ੍ਹੇ ਦਾ ਭਾਵੇਂ ਕੁਝ ਕੁ ਹਿੱਸਾ ਹੀ ਬਚਿਆ ਹੈ ਪਰ ਇਹ ਆਪਣੇ ਦੌਰ ਦੀ ਦਾਸਤਾਨ ਸੁਣਾਉਣ ਲਈ ਕਾਫ਼ੀ ਹੈ। ਹਾਂ, ਸ਼ਰਤ ਇਹ ਹੈ ਕਿ ਦਾਸਤਾਨ ਸੁਣਨ ਵਾਲਾ ਵੀ ਤਾਂ ਕੋਈ ਹੋਵੇ।
ਸੰਪਰਕ: 98155-77574