ਗੁਰਪ੍ਰੀਤ ਬੋੜਾਵਾਲ*
ਸਿਰਜਣਾ ਤੇ ਸਿਰਜਕ
ਦਿਓਲ ਦੀ ਕਵਿਤਾ ‘ਮਾਇਆ’ ਪੰਜਾਬੀ ਪ੍ਰੇਮ-ਕਾਵਿ ਦੀ ਹਾਸਿਲ ਕਵਿਤਾ ਹੈ। ਇਹ ਸ਼ਾਇਦ ਇਕੱਲੀ ਕਵਿਤਾ ਹੈ ਜਿਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੀ ਨੁਹਾਰ ਵਾਲੇ ਇਕ ਵੱਖਰੇ ਕਿਤਾਬਚੇ ’ਚ ਛਾਪਿਆ। ਇਸ ਕਵਿਤਾ ਵਿਚ ਦਿਓਲ ਦੀ ਅਨੂਠੀ ਭਾਸ਼ਾ ਅਤੇ ਕਾਵਿ-ਅਨੁਭਵ ਦੇਖਣ ਨੂੰ ਮਿਲਦੇ ਹਨ। ਸੁਰਿੰਦਰ ਸਿੰਘ ਜੌਹਰ ਨੇ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਅਮਰਜੀਤ ਚੰਦਨ ਨੇ ਇਸ ਨੂੰ ਪੰਜਾਬੀ ਦੀਆਂ ਸ਼੍ਰੇਸ਼ਠ ਪ੍ਰੇਮ-ਕਵਿਤਾਵਾਂ ਵਿਚ ਸ਼ਾਮਿਲ ਕੀਤਾ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਖਦਾ ਹੈ ਕਿ ਚੰਗੇ ਸ਼ਬਦ, ਚੰਗੇ ਮਨੋਰਥ ਨਾਲ, ਚੰਗੇ ਲਹਿਜੇ ਵਿਚ ਵਰਤੇ ਹੋਏ ਦਿਲ ਮੋਹ ਲੈਂਦੇ ਹਨ, ਜੇ ਦਿਲ ਵਿਚ ਜ਼ਰਾ ਜਿੰਨੀ ਵੀ ਕੋਈ ਇਨਸਾਫ਼ੀ ਖ਼ਸਲਤ ਹੋਵੇ। ਇਹ ਸਭ ਕੁਝ ਬਖ਼ਤਾਵਰ ਸਿੰਘ ਦਿਓਲ ਦੇ ਹਿੱਸੇ ਆਉਂਦਾ ਹੈ। ਉਹ ਕਵੀ ਹੈ। ਆਧੁਨਿਕ ਪੰਜਾਬੀ ਕਵੀ। ਤੀਜੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਜਿਸ ਦਾ ਜਨਮ 7 ਜਨਵਰੀ 1931 ਨੂੰ ਸ਼ੇਖਦੌਲਤ ਪਿੰਡ ਵਿਚ ਹੋਇਆ। ਇਹ ਪਿੰਡ ਲੁਧਿਆਣੇ ਦੇ ਜਗਰਾਉਂ ਸ਼ਹਿਰ ਲਾਗੇ ਹੈ। ਉਸ ਨੇ ਆਪਣੀ ਪੜ੍ਹਾਈ ਵਿਸ਼ਵ-ਵਿਦਿਆਲੇ ਦੀ ਜਗ੍ਹਾ ਜ਼ਿੰਦਗੀ ਦੇ ਵਿਸ਼ਵ-ਵਿਦਿਆਲੇ ਵਿਚੋਂ ਪੂਰੀ ਕੀਤੀ। ਮਨ ਜਗਿਆਸੂ ਬਿਰਤੀ ਨਾਲ ਨੱਕੋ-ਨੱਕ ਭਰਿਆ। ਉਹ ਆਪਣੇ ਨਾਨਕੇ ਪਿੰਡ ਦੇ ਗੁਰਦੁਆਰੇ ਵਿਚ ਗਿਆ। ਉਸ ਨੇ ਭਾਈ ਜੀ ਕੋਲੋਂ ਗੁਰਮੁਖੀ ਅੱਖਰ ਵਾਹੁਣੇ ਸਿੱਖੇ ਅਤੇ ਗੁਰਮਤਿ ਗਿਆਨ ਹਾਸਲ ਕੀਤਾ। ਉਸ ਦਾ ਮਨ ਫਿਰ ਵੀ ਸੰਤੁਸ਼ਟ ਨਾ ਹੋਇਆ। ਉਹ ਕਿਸੇ ਸ਼ਾਸਤਰੀ ਦੀ ਸ਼ਰਨ ਵਿਚ ਚਲਾ ਗਿਆ। ਪੌਰਾਣਿਕ ਸਾਹਿਤ ਅਤੇ ਹਿੰਦੀ ਭਾਸ਼ਾ ਦੀਆਂ ਬਾਰੀਕੀਆਂ ਸਿੱਖੀਆਂ। ਉਹ ਭਾਸ਼ਾ ਦੀਆਂ ਬਾਰੀਕੀਆਂ ਸਿੱਖਦਾ-ਸਿੱਖਦਾ ਦੇਸ਼-ਪ੍ਰੇਮੀ ਹੋ ਗਿਆ ਸੀ। ਬਾਰ੍ਹਾਂ-ਤੇਰ੍ਹਾਂ ਵਰ੍ਹਿਆ ਦੀ ਉਮਰ। ਪਿੰਡ ਰੁੜਕੀ। ਜਿੱਥੇ ਉਹ ਭਾਰਤੀ ਫ਼ੌਜ ਦੀ ‘ਬੱਚਾ ਕੰਪਨੀ’ ਵਿਚ ਭਰਤੀ ਹੋਇਆ। ਉਸ ਦਾ ਘਰ ਅਤੇ ਪਰਿਵਾਰ ਪ੍ਰਤੀ ਫ਼ਿਕਰ ਇਸ ਗੱਲ ਵਿਚੋਂ ਝਲਕਦਾ ਹੈ ਜਦ ਉਹ ਆਪਣੀ ਬਾਰ੍ਹਾਂ-ਤੇਰ੍ਹਾਂ ਵਰ੍ਹਿਆਂ ਦੀ ਉਮਰ ਨੂੰ ਸੋਲ੍ਹਾਂ ਵਰ੍ਹਿਆਂ ਦੀ ਉਮਰ ਦੱਸ ਕੇ ਫ਼ੌਜ ਵਿਚ ਭਰਤੀ ਹੋਇਆ। ਇਹ ਉਹ ਸਮਾਂ ਸੀ ਜਦ ਇੱਕ ਪਾਸੇ ਦੂਜੀ ਆਲਮੀ ਜੰਗ ਧਰਤੀ ਨੂੰ ਨੇਸਤੋ-ਨਾਬੂਦ ਕਰ ਰਹੀ ਸੀ ਅਤੇ ਦੂਜੇ ਪਾਸੇ ਮੁਲਕ ਦੀਆਂ ਫ਼ਿਜ਼ਾਵਾਂ ਵਿਚ ਆਜ਼ਾਦੀ ਦਾ ਤਿਰੰਗਾ ਲਹਿਰਾ ਰਿਹਾ ਸੀ।
ਬਖ਼ਤਾਵਰ ਸਿੰਘ ਦਿਓਲ ਫ਼ੌਜੀ ਸੀ। ਉਸ ਨੂੰ ਬੰਦੂਕ ਵੀ ਚਲਾਉਣੀ ਆਉਂਦੀ ਸੀ ਅਤੇ ਕਲਮ ਵੀ। ਉਸ ਨੇ ਇਹ ਦੋਵੇਂ ਕਾਰਜ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਏ। ਭਰਤੀ ਹੋਣ ਤੋਂ ਲੈ ਕੇ ਸੇਵਾ-ਮੁਕਤੀ ਤੱਕ। ਉਸ ਦੀ ਸ਼ਬਦ-ਸਾਧਨਾ 1947 ਤੋਂ ਲੈ ਕੇ 1991 ਤੱਕ ਦੀ ਹੈ। ਸ਼ਬਦ-ਰਚਨਾ ਵਿਚ ਪ੍ਰਪੱਕਤਾ ਆਉਣ ਨਾਲ ਕਵੀ ਨੂੰ ‘ਬ.ਸ਼ ਦਿਓਲ’ ਕਲਮੀ ਨਾਂ ਬੋਝਲ ਲੱਗਣ ਲੱਗ ਪਿਆ। ਫਿਰ ਉਹ ‘ਨ.ਸ. ਦਿਓਲ’ ਨਾਂ ਨਾਲ ਆਪਣੀ ਕਾਵਿ ਸਿਰਜਣਾ ਕਰਨ ਲੱਗਿਆ। ਕੁਝ ਸਮਾਂ ਬੀਤਣ ਤੋਂ ਬਾਅਦ ਇਸ ਨਾਂ ਵਿਚੋਂ ਵੀ ਮਹਿਕ ਸੁੱਕਣ ਲੱਗੀ। ਇਸ ਦੀ ਕੰਨਸੋਅ ਸਿੱਧੂ ਦਮਦਮੀ ਦੀ ਲਿਖਤ ਵਿਚੋਂ ਪ੍ਰਗਟ ਹੁੰਦੀ ਹੈ। ਉਹ ਖ਼ੁਦ ਆਖਦਾ ਹੈ ਕਿ ‘‘ਜਦੋਂ ਬਖ਼ਤਾਵਰ ਵਜੋਂ ਬੁਲਾਇਆ ਜਾਂਦਾ ਹੈ ਤਾਂ ਓਪਰਾ ਮਹਿਸੂਸ ਕਰਦਾ ਹਾਂ ਪਰ ਜਦ ਦਿਓਲ ਕਹਿਕੇ ਪੁਕਾਰਿਆ ਜਾਂਦਾ ਹੈ ਤਾਂ ਮਨ ਮਿਠਾਸ ਨਾਲ ਭਰ ਜਾਂਦਾ ਹੈ।’’ ਇਹ ਮਿਠਾਸ ਪਿਛੋਕੜ ਦੀ ਹੈ। ਪੁਰਖਿਆਂ ਦੀ ਹੈ। ਉਹ ਸ਼ਬਦ ਨੂੰ ਜੀਂਵਦਾ ਹੈ। ਉਸ ਦੀ ਆਤਮਾ ਵਿਚ ਉੱਤਰਦਾ ਹੈ। ਦਿਓਲ ਨੇ ਚਾਰ ਦਹਾਕਿਆਂ ਵਿਚ ਚਾਰ ਕਾਵਿ ਸੰਗ੍ਰਹਿਆਂ, ਦੋ ਨਾਵਲਾਂ, ਇੱਕ ਕਹਾਣੀ ਸੰਗ੍ਰਹਿ, ਕੁਝ ਇਕਾਂਗੀ ਸੰਗ੍ਰਹਿਆਂ ਅਤੇ ਕਾਵਿ ਨਾਟਕਾਂ ਦੀ ਸਿਰਜਣਾ ਕੀਤੀ।
ਉਸ ਦੀ ਕਵਿਤਾ ਨੇ ਓਦੋਂ ਅੰਗੜਾਈ ਲੈਂਦੀ ਹੈ ਜਦ ਆਧੁਨਿਕ ਪੰਜਾਬੀ ਕਾਵਿਧਾਰਾ ਮੁੱਢਲੀ ਅਵਸਥਾ ਵਿਚੋਂ ਗੁਜ਼ਰ ਰਹੀ ਸੀ। ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਰਹੀ ਸੀ। ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਦੀਵਾਨ ਸਿੰਘ ਕਾਲੇਪਾਣੀ ਵਰਗੇ ਸਰਗਰਮ ਕਵੀ ਸਨ। ਇਹ ਮੱਧ ਸ਼੍ਰੇਣੀ ਦੇ ਕਵੀ ਸਨ, ਪਰ ਦਿਓਲ ਪਿੰਡਾਂ ਦਾ ਕਵੀ ਸੀ। ਕਿਰਤੀ ਅਤੇ ਕਿਸਾਨ ਦੀ ਵੇਦਨਾ ਨੂੰ ਸਮਝਣ ਵਾਲਾ ਕਵੀ। ਇਨ੍ਹਾਂ ਨਾਲੋਂ ਦਿਓਲ ਦਾ ਕਾਵਿ ਮਨੋਰਥ ਵੱਖਰਾ ਸੀ। ਉਹ ਕਵਿਤਾ ਦੇ ਚੁਰਾਹੇ ’ਚ ਖੜ੍ਹ ਕੇ ਅਗਨੀਆਂ ਵੇਚਦਾ ਹੈ। ਕਿੱਥੇ ਅਗਨੀਆਂ ਵੇਚਦਾ ਹੈ, ਇਸ ਦਾ ਕੋਈ ਸਿਰਨਾਵਾਂ ਨਹੀਂ ਦੱਸਦਾ, ਪਰ ਜਿਸ ਨੂੰ ਅੱਗ ਦੀ ਤਲਬ ਹੁੰਦੀ ਹੈ ਉਹ ਰਾਹ-ਰਸਤਾ ਲੱਭ ਹੀ ਲੈਂਦਾ ਹੈ। ਬੇਸ਼ੱਕ ਉਹ ਆਰਸੀ ਵਾਲਾ ਭਾਪਾ ਪ੍ਰੀਤਮ ਸਿੰਘ ਹੋਵੇ, ਨਾਗਮਣੀ ਵਾਲੀ ਅੰਮ੍ਰਿਤਾ ਪ੍ਰੀਤਮ ਹੋਵੇ, ਪੰਜ ਦਰਿਆ ਵਾਲਾ ਪ੍ਰੋ. ਮੋਹਨ ਸਿੰਘ ਹੋਵੇ, ਪ੍ਰੀਤਲੜੀ ਵਾਲਾ ਨਵਤੇਜ ਹੋਵੇ। ਇਹ ਸਾਹਿਤ ਦੇ ਪਾਰਖੂ ਸਨ। ਇਨ੍ਹਾਂ ਨੇ ਦਿਓਲ ਨੂੰ ਲੱਭਿਆ, ਤਰਾਸ਼ਿਆ ਅਤੇ ਸ਼ਿੰਗਾਰਿਆ। ਆਪਣੇ ਮੈਗਜ਼ੀਨ ਵਿਚ ਬਣਦੀ ਥਾਂ ਦਿੱਤੀ। ਅੰਮ੍ਰਿਤਾ ਪ੍ਰੀਤਮ ਨੇ ਉਨ੍ਹਾਂ ਦੀ ਲੰਮੇਰੀ ਕਵਿਤਾ ‘ਪਿਆਸ’ ਨੂੰ ਇੱਕ ਰੁਪਏ ਵਾਲੀ ਸੀਰੀਜ਼ ਵਿਚ ਛਾਪ ਕੇ ਮਾਣ ਦਿੱਤਾ। ਇਸ ਮਾਣ ਨੂੰ ਦੂਣਾ ਮਾਣ ਸੁਰਿੰਦਰ ਸਿੰਘ ਜੌਹਰ ਨੇ ‘ਪਿਆਸ’ ਕਵਿਤਾ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਸੰਗ੍ਰਹਿ ‘ਇੰਡੀਅਨ ਮਾਡਰਨ ਪੋਇਟਰੀ’ ਵਿਚ ਸ਼ਾਮਲ ਕਰਵਾਉਣ ਸਦਕਾ ਦਿੱਤਾ। ਇਸ ਤੋਂ ਇਲਾਵਾ ‘ਆਟੇ ਦਾ ਦੀਵਾ’ ਕਵਿਤਾ ਸ਼ਾਰਧਾ ਸਾਹਿਤ ਸੰਸਥਾਨ ਵਿਚ ਭੁਵਨੇਸ਼ ਕੁਮਾਰ ਵੱਲੋਂ ਹਿੰਦੀ ’ਚ ਅਨੁਵਾਦ ਕੀਤੀ ਗਈ। ਉਸ ਦੀ ਕਹਾਣੀ ‘ਪੁਨਰ-ਜਨਮ’ ਨੂੰ ਸਤੰਬਰ 1954 ਦੇ ਵਿਸ਼ਵ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਹੋਇਆ। ਇਹ ਦਿਓਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਹਨ।
ਦਿਓਲ ਦੀ ਮੁੱਢਲੀ ਕਵਿਤਾ ਵਿਚ ਪਿਆਰ ਹੈ। ਵੈਰਾਗ ਹੈ। ਇਹ ਵੈਰਾਗ ਇਕੱਲਤਾ ਦਾ ਹੈ। ਦਿਲ ਦੀ ਬੇਕਰਾਰੀ ਦਾ ਹੈ। ਉਹ ਪਿਆਰ ਦੀ ਘੁੱਟ ਭਰਦਾ ਹੈ। ਇੱਕ ਘੁੱਟ ਨਾਲ ਇੱਕ ਕਵਿਤਾ ਲਿਖਦਾ ਹੈ। ਇਹ ਘੁੱਟਾਂ ਇੱਕ ਦਹਾਕੇ ਵਿਚ ਦੋ ਸੌ ਹਨ। ਅਸਲ ਵਿਚ ਦਿਓਲ ਦੀ ਕਵਿਤਾ ਵਿਚ ਪਿਆਰ ਲੰਮਾ ਅਤੇ ਸੰਘਣਾ ਹੈ। ਸੱਤਰ-ਅੱਸੀ ਦੇ ਦਹਾਕੇ ਵਿਚ ਉਸ ਦੀ ਕਵਿਤਾ ਬੌਧਿਕਤਾ ਦੀ ਉਡਾਰੀ ਭਰਦੀ ਹੈ। ਉਹ ਪ੍ਰੋੜ ਅਤੇ ਸੱਜਰੇ ਬਿੰਬਾਂ ਵਾਲੀ ਕਵਿਤਾ ਰਚਦਾ ਹੈ। ਸਮਕਾਲੀ ਆਲੋਚਕ ਉਸ ਨੂੰ ਬਿੰਬਾਂ ਦਾ ਕਵੀ ਕਹਿ ਕੇ ਪੁਕਾਰਦੇ ਹਨ ਜਿਹੜਾ ਦੱਸਣ ਨਾਲੋਂ ਦਿਖਾਉਣ ਵਿਚ ਵਧੇਰੇ ਦਿਲਚਸਪੀ ਰੱਖਦਾ ਹੈ। ਇਸੇ ਲਈ ਉਹ ਸ਼ਿਵ ਕੁਮਾਰ ਬਟਾਲਵੀ ਲਈ ‘ਜੈਨੁਇਨ ਪੋਇਟ’ ਅਤੇ ਪ੍ਰੋ. ਮੋਹਨ ਸਿੰਘ ਲਈ ‘ਅੰਡਰਐਸਟੀਮੇਟਿਡ ਪੋਇਟ’ ਬਣ ਗਿਆ ਸੀ। ਜਦ ਪ੍ਰੋ. ਮੋਹਨ ਸਿੰਘ ‘ਆਵਾਜ਼ਾਂ’ ਤੇ ‘ਵੱਡ-ਵੇਲਾ’ ਅਤੇ ਅੰਮ੍ਰਿਤਾ ਪ੍ਰੀਤਮ ‘ਸੁਨੇਹੜੇ’ ਕਾਵਿ ਸੰਗ੍ਰਹਿ ਵਿਚ ਪ੍ਰਗਤੀਵਾਦੀ ਕਵਿਤਾ ਰਚ ਰਹੇ ਸਨ ਤਦ ਦਿਓਲ ਵੀ ਆਪਣੀ ਪ੍ਰਪੱਕ ਕਵਿਤਾ ਨਾਲ ਹਾਜ਼ਰ-ਨਾਜ਼ਰ ਸੀ। ਉਸ ਦੀ ਇੱਕ ਕਵਿਤਾ ਹੈ:
ਉੱਚੇ ਮਹਿਲਾਂ ਵਾਲਿਆ, ਵੇ ਤੈਨੂੰ ਪੈਣ ਬਲਾਈਂ
ਤੇਰੇ ਤਾਂ ਪੱਕਣ ਪਰੌਂਠੀਆਂ, ਵੇ ਸਾਡੇ ਸੱਤੂ ਨਾਹੀਂ
ਉੱਚੇ ਮਹਿਲਾਂ ਵਾਲਿਆ, ਵੇ ਤੈਂ ਕਾਲ ਪੁਆਏ
ਅੰਨ ਲੁਕੋਇਆ ਭੋਰਿਆਂ, ਵੇ ਬੂਹੇ ਜਿੰਦਰੇ ਲਾਏ
ਉੱਚੇ ਮਹਿਲਾਂ ਵਾਲਿਆ, ਵੇ ਤੂੰ ਛੇੜੇ ਜੰਗਾਂ
ਤੇਰੀ ਗੋਰੀ ਦੇ ਸੋਨ ਚਿੜੀਆਂ, ਸਾਡੇ ਕੱਚ ਦੀਆਂ ਵੰਗਾਂ
ਹਰ ਕਵੀ ਦਾ ਕਾਵਿ ਮਨੋਰਥ ਹੁੰਦਾ ਹੈ। ਉਹ ਆਪਣੀ ਕਵਿਤਾ ਵਿਚ ਕਿਸੇ ਖ਼ਾਸ ਧਿਰ ਨੂੰ ਮੁਖ਼ਾਤਬਿ ਹੁੰਦਾ ਹੈ। ਦਿਓਲ ਲੋਕਾਂ ਨੂੰ ਮੁਖ਼ਾਤਬਿ ਹੈ। ਉਹ ਲੋਕ ਜਿਨ੍ਹਾਂ ਦੀ ਪੁੱਛ-ਪਰਤੀਤ ਨਹੀਂ। ਉਹ ਲੋਕ ਜੋ ਅੱਜ ਵੀ ਸੰਤ ਰਾਮ ਉਦਾਸੀ ਦੇ ਗੀਤਾਂ ਵਿਚੋਂ ਝਾਕਦੇ ਹਨ। ਉਹ ਲੋਕ ਜੋ ਅਵਤਾਰ ਪਾਸ਼ ਦੀ ਕਵਿਤਾ ਰਾਹੀਂ ਆਪਣਾ ਹੱਕ ਮੰਗਦੇ ਹਨ। ਦਿਓਲ ਵੀ ਆਪਣੀ ਕਵਿਤਾ ਵਿਚ ਇਹੋ ਕਹਿੰਦਾ ਹੈ:
ਅਸੀਂ ਮਹਿਲਾਂ ਲਈ ਨਹੀਂ
ਝੁੱਗੀਆਂ ਲਈ ਲਿਖਦੇ ਹਾਂ
ਲੋਕ ਲੁਟੇਰਿਆਂ ਲਈ ਚਤੁਰਾਈ ਭਰੀ
ਸਿਆਸਤ ਨਹੀਂ ਲਿਖਦੇ
ਭੋਲਿਆਂ ਨੈਣਾਂ ਦਾ ਭੋਲਾਪਣ ਲਿਖਦੇ ਹਾਂ
ਜੇਤੂ ਜਰਨੈਲਾਂ ਦੇ ਕਰਤਬ ਨਹੀਂ ਲਿਖਦੇ
ਲੋਕਾਂ ਲਈ ਹੌਂਸਲਾ, ਹਿੰਮਤ, ਲਲਕਾਰ ਲਿਖਦੇ ਹਾਂ
ਇਹ ਦਿਓਲ ਦਾ ਕਾਵਿ-ਮੈਨੀਫੈਸਟੋ ਹੈ। ਆਪਣੇ ਆਪ ਨਾਲ ਵਚਨਬੱਧਤਾ ਹੈ। ਇਸ ਵਚਨਬੱਧਤਾ ਨਾਲ ਉਸ ਨੂੰ ਘਾਟਾ ਵੀ ਸਹਿਣਾ ਪਿਆ। ਉਸ ਦਾ ਇੱਕ ਸਾਥੀ ਲਿਖਦਾ ਹੈ ਕਿ ਦਿਓਲ ਨੂੰ ਊਰਜਾ ਸੰਭਾਲਣ ਵਿਚ ਨਹੀਂ ਸਗੋਂ ਖਰਚਣ ਵਿਚ ਸੁਆਦ ਆਉਂਦਾ ਸੀ। ਇਹ ਊਰਜਾ ਉਹ ਆਪਣੇ ਚੰਗੇ ਸਾਥੀਆਂ ਨਾਲ ਸੰਵਾਦ ਕਰਕੇ ਖਰਚਦਾ ਸੀ। ਚਾਪਲੂਸ ਬੰਦਿਆਂ ਤੋਂ ਹਮੇਸ਼ਾਂ ਦੂਰੀ ਬਣਾ ਕੇ ਰੱਖੀ ਤਾਂ ਹੀ ਉਹ ਕਿਸੇ ਸਾਹਿਤਕ ਗਰੁੱਪ ਦਾ ਮੈਂਬਰ ਨਹੀਂ ਬਣਿਆ। ਅਵਤਾਰ ਜਗਰਾਉਂ ਆਖਦਾ ਹੈ ਕਿ ਜੇ ਉਹ ਕਿਸੇ ਸਾਹਿਤਕ ਧਿਰ ਨਾਲ ਨਹੀਂ ਜੁੜਿਆ ਤਾਂ ਉਸ ਨੇ ਕਿਸੇ ਦੀ ਟੈਂਅ ਵੀ ਨਹੀਂ ਮੰਨੀ।
ਅਸਲ ਵਿਚ ਦਿਓਲ ਪ੍ਰਗੀਤ ਦਾ ਕਵੀ ਹੈ। ਪ੍ਰਗੀਤ ਉਸ ਦੀ ਕਾਵਿ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਹੁਨਰ ਉੱਤੇ ਬਹੁਤ ਸਾਰੇ ਕਵੀ ਅਤੇ ਪਾਠਕ ਮਾਣ ਮਹਿਸੂਸ ਕਰਦੇ ਹਨ। ਆਲੋਚਕ ਉਸ ਦੇ ਪ੍ਰਗੀਤ ਨੂੰ ਪੰਜਾਬੀ ਸਭਿਆਚਾਰ ਅਤੇ ਲੋਕਯਾਨ ਦਾ ਇੱਕ ਵਿਸਤ੍ਰਿਤ ਕੋਸ਼ ਆਖਦੇ ਹਨ। ਇਸ ਵਿਸਤ੍ਰਿਤ ਕੋਸ਼ ਵਿਚੋਂ ਇੱਕ ਨਮੂਨਾ ਮਾਣੋ:
ਭੱਤਾ ਚੁੱਕੀ ਆਉਂਦੀਏ ਨਾਰੇ ਨੀ
ਛੇਤੀ ਛੇਤੀ ਪੈਰ ਉਠਾ ਬਾਂਕੀਏ ਨਾਰੇ ਨੀ
ਪੈਰੀਂ ਪਾ ਪੰਜੇਬਾਂ ਨੀ ਹਾੜ੍ਹੀ ਆਉਣ ਦੇ
ਸੂਫ਼ ਦੀਆਂ ਸਲਵਾਰਾਂ ਨੀ ਮੌਸਮ ਸਾਉਣ ਦੇ
ਪਏ ਲ੍ਹਾਣ ਨੂੰ ਗਾਹ, ਸਿੱਟੇ ਭੁਰੇ ਭੁਰੇ
ਸ਼ਾਹੂਕਾਰਾਂ ਦੇ ਮੁਣਸ਼ੀ ਗੱਡੇ ਲੱਦ ਤੁਰੇ
ਛੰਨਾ ਕਹਿੰ ਦਾ ਮਾਂਜਦੀ, ਵੇ ਪਲ ਪੈਰ ਮਲੀਂ
ਸ਼ੱਕਰ ਘੋਲ ਖਲੋਤੀ ਵੇ, ਸ਼ਰਬਤ ਪੀਂਦਾ ਜਾਈਂ
ਲੈ ਫੜ ਛੰਨਾ ਦੁੱਧ, ਚਾਟੀਆਂ ਭਰੀਆਂ ਵੇ
ਤੌਣਾਂ ਗੁੰਨ ਪਕਾਵਾਂ, ਕੋਠੀਆਂ ਭਰੀਆਂ ਵੇ
ਦਿਓਲ ਨੇ ਘਸੀ-ਪਿਟੀ ਕਵਿਤਾ ਨਹੀਂ ਲਿਖੀ। ਉਹ ਆਪਣੀ ਕਵਿਤਾ ਵਿਚ ਮੌਲਿਕ ਅਨੁਭਵ ਪੇਸ਼ ਕਰਦਾ ਹੈ। ਸੱਜਰਾ ਅਤੇ ਨਵੇਕਲਾ ਅਨੁਭਵ ਜਿਸ ਨਾਲ ਉਸ ਦੀ ਕਵਿਤਾ ਵਿਚ ਅਮੀਰੀ ਆਉਂਦੀ ਗਈ।
ਜੇ ਦਿਓਲ ਕਵਿਤਾ ਨੂੰ ਮਾਣਦਾ ਹੈ ਤਾਂ ਕਹਾਣੀ ਨੂੰ ਹੰਢਾਉਂਦਾ ਹੈ। ਉਸ ਦੀ ਕਹਾਣੀ ਦੁੱਖ ਦੀ ਘੜੀ ਵਿਚ ਵੀ ਸੁੱਖ ਦਾ ਹੱਥ ਫੜੀ ਰੱਖਦੀ ਹੈ। ਜਿੱਥੇ ਉਹ ਕੁਦਰਤੀ ਨਿਆਮਤਾਂ ਅਤੇ ਖੁੱਲ੍ਹੇਪਣ ਦੀਆਂ ਕਹਾਣੀਆਂ ਸਿਰਜਦਾ ਹੈ, ਉੱਥੇ ਮਨੁੱਖੀ ਦੰਭ, ਭ੍ਰਿਸ਼ਟਾਚਾਰ ਅਤੇ ਸੰਕੀਰਨਤਾ ਦੀਆਂ ਬਾਤਾਂ ਵੀ ਪਾਉਂਦਾ ਹੈ। ਉਹ ਪੰਜਾਬੀਅਤ ਦਾ ਚਿੱਤਰ ਖਿੱਚਦਾ ਹੋਇਆ ਉੱਤਰ-ਪੂਰਬ ਅਤੇ ਕਸ਼ਮੀਰ ਦਾ ਚਿੱਤਰ ਵੀ ਖਿੱਚ ਲੈਂਦਾ ਹੈ। ਇਹ ਉਸ ਦੀ ਕਹਾਣੀ ਦੀ ਕਲਾਤਮਿਕ ਖ਼ੂਬੀ ਹੈ। ਉਹ ਮਨੁੱਖ ਦਾ ਬਾਹਰਲਾ ਹੀ ਨਹੀਂ ਸਗੋਂ ਅੰਦਰਲਾ ਖਾਸਾ ਵੀ ਸਿਰਜਦਾ ਹੈ। ਸਮੁੱਚੀ ਕਹਾਣੀ ਵਿਚ ਮਨੁੱਖ ਦੀਆਂ ਅਸੰਵੇਦਨਸ਼ੀਲ, ਕਰੂਰਤਾ, ਜਾਂਗਲੀਪੁਣਾ ਅਤੇ ਵਹਿਸ਼ਤ ਭਰਿਆ ਘਿਨੌਣਾ ਵਿਹਾਰ ਬਾਖ਼ੂਬੀ ਪੇਸ਼ ਹੁੰਦਾ ਹੈ। ਉਸ ਦਾ ਪਾਤਰ ਕਰੂਰ, ਭੈੜੇ ਅਤੇ ਮਾੜੇ ਬੰਦਾ ਨਾਲ ਲੜਦਾ ਹੈ। ਅੰਤ ਤੱਕ ਲੜਦਾ ਹੈ ਜਦ ਤੱਕ ਜਿੱਤ ਪੱਕੀ ਨਹੀਂ ਹੋ ਜਾਂਦੀ। ਦਿਓਲ ਦੀ ਕਹਾਣੀ ਵਿਚ ਔਰਤ ਨਾਲ ਹੁੰਦੀ ਧੱਕੇਸ਼ਾਹੀ ਅਤੇ ਅਮਾਨਵੀ ਵਿਹਾਰ ਦੇ ਅਨੇਕਾਂ ਚਿੱਤਰ ਵੀ ਦੇਖਣ ਨੂੰ ਮਿਲਦੇ ਹਨ।
ਉਹ ਨਾਵਲਕਾਰ ਵੀ ਹੈ। ਦੋ ਨਾਵਲਾਂ ਦਾ ਸਿਰਜਕ। ‘ਉਮਰ ਤਮਾਮ’ ਅਤੇ ‘ਉਹਦੇ ਮਰਨ ਤੋਂ ਮਗਰੋਂ’। ‘ਉਮਰ ਤਮਾਮ’ ਨਾਵਲ ਅਜਿਹੇ ਮਨੁੱਖ ਦੀ ਹੋਣੀ ਨੂੰ ਬਿਆਨ ਕਰਦਾ ਹੈ ਜੋ ਤਮਾਮ ਉਮਰ ਜਿਉਣ ਦੀ ਇੱਛਾ ਰੱਖਦਾ ਹੈ, ਪਰ ਇੱਛਾ ਅਧੂਰੀ ਰਹਿੰਦੀ ਹੈ। ਉਹ ਅਧੂਰੀ ਇੱਛਾ ਲੈ ਕੇ ਬਿਨ ਜੀਵਿਆ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ। ਉਸ ਦਾ ਦੂਸਰਾ ਨਾਵਲ ‘ਉਹਦੇ ਮਰਨ ਤੋਂ ਮਗਰੋਂ’ ਹੈ ਜਿਸ ਵਿਚ ਨਿਪੁੰਸਕ ਵਿਅਕਤੀ ਦੀ ਵਿਥਿਆ ਹੈ। ਉਸ ਦਾ ਗੁਆਂਢੀ ਭਾਈਚਾਰਾ ਅਤੇ ਰਿਸ਼ਤੇਦਾਰ ਨਿਆਈਂ ਵਾਲੀ ਜ਼ਮੀਨ ਉੱਤੇ ਅੱਖ ਰੱਖਦੇ ਹਨ। ਦਿਲਚਸਪ ਘਟਨਾ ਇਹ ਵਾਪਰਦੀ ਹੈ ਕਿ ਨਿਪੁੰਸਕ ਦੀ ਪਤਨੀ ਬੱਚਾ ਜੰਮ ਕੇ ਵਾਰਿਸ ਪੈਦਾ ਕਰਦੀ ਹੈ। ਇਸ ਵਰਜਿਤ ਰਿਸ਼ਤੇ ਉੱਤੇ ਅਦਾਲਤੀ ਮੁਕੱਦਮੇ ਦਾਇਰ ਹੁੰਦੇ ਹਨ। ਇਨ੍ਹਾਂ ਸਾਰੀਆਂ ਗੁੰਝਲਾਂ ਅਤੇ ਘੁਣਤਰਾਂ ਨੂੰ ਨਾਵਲ ਵਿਚ ਬਾਖ਼ੂਬੀ ਬਿਆਨ ਕੀਤਾ ਗਿਆ ਹੈ।
ਦਿਓਲ ਇੱਕ ਸਮਰੱਥ ਨਾਟਕਕਾਰ ਵੀ ਹੈ। ਕਵਿਤਾ ਤੋਂ ਬਾਅਦ ਉਸ ਦੀ ਦੂਜੀ ਪਸੰਦ ਨਾਟਕ ਹੈ। ਉਹ 1952 ਤੋਂ ਲੈ ਕੇ 1986 ਤੱਕ ਨਾਟਕ ਲਿਖਦਾ ਰਿਹਾ। ਇਨ੍ਹਾਂ ਵਿਚੋਂ ਇਕਾਂਗੀਆਂ ‘ਕਰਤੇ ਕੇ ਕੇਤੇ ਵੇਸ’ (ਜਨਵਰੀ 1960) ਤੇ ‘ਬਾਬੇ ਦਾ ਵਿਹੜਾ’ (ਮਾਰਚ 1960 ਪਹਿਲਾ ਅੰਕ) ਅਤੇ (ਜੁਲਾਈ 1960 ਦੂਜਾ ਅੰਕ) ਪੰਜ ਦਰਿਆ ਵਿਚ ਛਪੀਆਂ। ਕਾਵਿ ਨਾਟਕ ‘ਇਸ਼ਕ ਤੇ ਮੁਸ਼ਕ’ (ਜੁਲਾਈ 1961) ਪੰਜਾਬੀ ਦੁਨੀਆ, ‘ਜਬਰ ਜਿੰਨ’ (ਸਤੰਬਰ 1981) ਸਚਿੱਤਰ ਪੰਜਾਬੀ ਪੱਤ੍ਰਿਕਾ ਤੇ ‘ਹੱਥ ਨਾ ਲਾਈਂ ਕਸੁੰਭੜੇ’ (ਸਤੰਬਰ 1987) ਆਰਸੀ ਰਸਾਲੇ ਵਿਚ ਛਪੇ। ਇਸ ਦੇ ਨਾਲ ਨਾਲ ਉਹ ਲੇਖ, ਵਿਅੰਗ ਤੇ ਮੁਲਾਕਾਤਾਂ ਵੀ ਲਿਖਦਾ ਰਿਹਾ। ਏਨਾ ਕੁਝ ਲਿਖਣ ਤੋਂ ਬਾਅਦ ਦਿਓਲ ਦੀ ਤਸੱਲੀ ਨਾਵਲ ਲਿਖ ਕੇ ਹੀ ਹੁੰਦੀ ਸੀ, ਪਰ ਉਹ ਫ਼ੌਜੀ ਜੀਵਨ ਦੇ ਰੁਝੇਵਿਆਂ ਵਿਚ ਸਮਾਂ ਨਾ ਕੱਢ ਸਕਿਆ। ਇਸ ਲਲਕ ਨੂੰ ਪੂਰੀ ਕਰਨ ਵਾਸਤੇ ਦਿਓਲ ਲਈ ਨਾਟਕ ਲਿਖਣਾ ਇੱਕੋ-ਇੱਕ ਮਾਧਿਅਮ ਬਣ ਕੇ ਰਹਿ ਗਿਆ ਸੀ।
ਉਹ ਸੁਹਿਰਦ ਅਤੇ ਸੰਵੇਦਨਸ਼ੀਲ ਸਾਹਿਤਕਰਮੀ ਸੀ। ਉਸ ਅੰਦਰ ਕੋਈ ਫਿਲਟਰ ਨਹੀਂ ਸੀ। ਉਹ ਪਾਠਕ ਤੋਂ ਕੁਝ ਵੀ ਲੁਕੋ ਨਹੀਂ ਸੀ ਰੱਖਦਾ। ਉਹ ਆਪਣਾ ਸਾਰਾ ਚੰਗਾ-ਮਾੜਾ ਅਨੁਭਵ ਪਾਠਕ ਨਾਲ ਸਾਂਝਾ ਕਰਦਾ। ਅਖੀਰਲਾ ਸਮਾਂ ਕਵਿਤਾ ਦੀ ਗੋਦ ਵਿਚ ਬਿਤਾਇਆ। ਅਖੀਰਲਾ ਸਮਾਂ ਅਤੇ ਅਖੀਰਲੀ ਕਵਿਤਾ ‘ਸ਼ਗਨਾਂ ਦਾ ਗਾਨਾ’ ਹੋ ਨਿੱਬੜੀ। ਲੰਮੀ ਕਵਿਤਾ ਸੀ। ਕਵਿਤਾ ਦੀਆਂ ਪਗਡੰਡੀਆਂ ਉੱਤੇ ਤੁਰਦਾ-ਤੁਰਦਾ ਦਿਓਲ ‘ਆਓ ਸੁਭਾਗੀ ਨੀਂਦੜੀਏ’ ਆਖ਼ਰੀ ਕਾਵਿ ਪੰਕਤੀ ਲਿਖ ਕੇ ਸਦਾ ਦੀ ਨੀਂਦ ਸੌਂ ਗਿਆ। ਇੱਥੇ ਮੈਨੂੰ ਰਾਬਿੰਦਰਨਾਥ ਟੈਗੋਰ ਦੀ ਇੱਕ ਕਥਾ ਯਾਦ ਆਉਂਦੀ ਹੈ ਕਿ ਅਸਤ ਹੋ ਰਿਹਾ ਸੂਰਜ ਅਵਾਮ ਨੂੰ ਪੁੱਛਦਾ ਹੈ ਕਿ ਉਸ ਤੋਂ ਬਾਅਦ ਉਸ ਦਾ ਕੰਮ ਕੌਣ ਸੰਭਾਲੇਗਾ ਤਾਂ ਮਿੱਟੀ ਦਾ ਇੱਕ ਨਿੱਕਾ ਜਿਹਾ ਦੀਵਾ ਜਵਾਬ ਦਿੰਦਾ ਹੈ ਕਿ ਮੈਂ ਸੰਭਾਲਾਂਗਾ ਆਪਣੀ ਪੂਰੀ ਤਾਕਤ ਲਗਾ ਕੇ। ਦਿਓਲ ਦੀ ਅਗਲੀ ਪੀੜ੍ਹੀ ਵੀ ਸੂਖ਼ਮ ਕਲਾਵਾਂ ਨਾਲ ਜੁੜੀ ਹੋਈ ਹੈ ਤੇ ਪਿਤਾ ਦੀ ਵਿਰਾਸਤ ਨੂੰ ਸਾਂਭ ਰਹੀ ਹੈ।
16 ਮਾਰਚ ਦਿਓਲ ਦੀ ਬਰਸੀ ਹੈ। ਉਸ ਦੀ ਸਮੁੱਚੀ ਸ਼ਖ਼ਸੀਅਤ ਅਤੇ ਸਾਹਿਤਕ ਸਫ਼ਰ ਸਬੰਧੀ ਜਾਣਨ ਤੋਂ ਬਾਅਦ ਇਹੋ ਸਵਾਲ ਬਾਕੀ ਰਹਿ ਜਾਂਦੇ ਹਨ ਕਿ ਦਿਓਲ ਵਰਗੇ ਸਰਬਾਂਗੀ ਸਾਹਿਤਕਾਰ ਅੱਜ ਤੱਕ ਅਣਗੌਲੇ ਕਿਉਂ ਰਹੇ ਹਨ? ਉਨ੍ਹਾਂ ਦੀ ਸਾਹਿਤਕ ਕਿਰਤ ਦਾ ਨੋਟਿਸ ਕਿਉਂ ਨਹੀਂ ਲਿਆ ਗਿਆ? ਜੇ ਅੱਧੀ ਸਦੀ ਬੀਤਣ ਤੋਂ ਬਾਅਦ ਨੋਟਿਸ ਲਿਆ ਵੀ ਜਾਂਦਾ ਹੈ ਤਾਂ ਕੀ ਇਹ ਸਾਹਿਤਕਾਰ ਦੀ ਸਾਹਿਤਕ ਘਾਲਣਾ ਨਾਲ ਇਨਸਾਫ਼ ਹੈ? ਇਹ ਸਭ ਸਵਾਲ ਇਹ ਸਵਾਲ ਵੀ ਪੈਦਾ ਕਰਦੇ ਹਨ ਕਿ ਹੁਣ ਤੱਕ ਸਾਡੀਆਂ ਸਾਹਿਤਕ ਸੰਸਥਾਵਾਂ ਦੀ ਭੂਮਿਕਾ ਕੀ ਰਹੀ ਹੈ? ਕੀ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਇਮਾਨਦਾਰੀ ਤੇ ਸੁਹਿਰਦਤਾ ਨਾਲ ਕੰਮ ਕਰਨਾ ਸਾਹਿਤਕ ਸੰਸਥਾਵਾਂ ਜ਼ਰੂਰੀ ਨਹੀਂ ਸਮਝਦੀਆਂ? ਸੋ ਸਮੁੱਚੀਆਂ ਸਾਹਿਤਕ ਸੰਸਥਾਵਾਂ ਅਤੇ ਅਦਾਰਿਆਂ ਨੂੰ ਦਿਓਲ ਵਰਗੇ ਅਣਗੌਲੇ ਸਾਹਿਤਕਾਰਾਂ ਲਈ ਮੰਚ ਮੁਹੱਈਆ ਕਰਵਾਉਣਾ ਆਪਣਾ ਮੁੱਢਲਾ ਫਰਜ਼ ਸਮਝਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀਆਂ ਲਿਖਤਾਂ ਪਾਠਕ ਵਰਗ ਦੀ ਕਚਹਿਰੀ ਵਿਚ ਪੇਸ਼ ਹੋਣ ਅਤੇ ਬਣਦਾ ਮਾਣ-ਸਤਿਕਾਰ ਲੈ ਸਕਣ। ਇੰਨਾ ਹੀ ਨਹੀਂ ਸਗੋਂ ਨਵ-ਪ੍ਰਤਿਭਾ ਨੂੰ ਲੱਭਣਾ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਵੀ ਸਾਹਿਤਕ ਸੰਸਥਾਵਾਂ ਤੇ ਅਦਾਰਿਆਂ ਦੇ ਮੁੱਢਲੇ ਏਜੰਡਿਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵੇਲ ਨੂੰ ਹਰੀ ਰੱਖਿਆ ਜਾ ਸਕੇ।
* ਖੋਜਾਰਥੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: 94176-18624