ਸਰਬਜੀਤ ਸਿੰਘ ਵਿਰਕ
ਰਾਬਿੰਦਰਨਾਥ ਟੈਗੋਰ ਨੇ ਕਿਸੇ ਆਪਣੇ ਦੀ ਮੌਤ ਦੇ ਪ੍ਰਭਾਵ ਬਾਰੇ ਇਉਂ ਲਿਖਿਆ ਸੀ: “ਜਦੋਂ ਮੇਰਾ ਮੌਤ ਨਾਲ ਅਚਾਨਕ ਸਾਹਮਣਾ ਹੋਇਆ, ਜਿਸਨੇ ਇਕ ਜ਼ਿੰਦਗੀ ਰੂਪੀ ਕੱਪੜੇ ਨੂੰ ਲੀਰੋ ਲੀਰ ਕਰ ਦਿੱਤਾ ਸੀ ਤਾਂ ਇਹ ਮੰਜ਼ਰ ਮੇਰੇ ਲਈ ਬੜੀ ਪਰੇਸ਼ਾਨੀ ਤੇ ਘਬਰਾਹਟ ਵਾਲਾ ਸੀ। ਮੈਨੂੰ ਇਸ ਗੱਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਸੀ ਮਿਲ ਰਿਹਾ ਕਿ ਜੋ ਬਾਕੀ ਬਚਿਆ ਹੈ, ਉਸ ਨਾਲ ਮੈਂ ਨੁਕਸਾਨ ਦੀ ਪੂਰਤੀ ਕਿੰਜ ਕਰਾਂ।”
ਕੁਝ ਏਦਾਂ ਦੇ ਹੀ ਭਾਵ ਅਭੈ ਸਿੰਘ ਸੰਧੂ ਨੂੰ ਜਾਣਨ ਅਤੇ ਚਾਹੁਣ ਵਾਲੇ ਹਜ਼ਾਰਾਂ ਦਿਲਾਂ ਨੇ ਮਹਿਸੂਸ ਕੀਤੇ ਹੋਣਗੇ ਜਿਨ੍ਹਾਂ ਤੱਕ ਉਨਾਂ ਦੀ 14 ਮਈ 2021 ਨੂੰ ਇਸ ਸੰਸਾਰ ਤੋਂ ਅਚਾਨਕ ਰੁਖ਼ਸਤ ਹੋਣ ਦੀ ਖ਼ਬਰ ਪੁੱਜੀ ਹੋਵੇਗੀ। ਕਰੋਨਾ ਮਹਾਂਮਾਰੀ ਨੇ ਸਾਡੇ ਕੋਲੋਂ ਇਹ ਅਨਮੋਲ ਹੀਰਾ ਖੋਹ ਲਿਆ ਹੈ। ਉਨ੍ਹਾਂ ਦਾ ਜਨਮ 20 ਅਕਤੂਬਰ 1956 ਨੂੰ ਸ. ਕੁਲਬੀਰ ਸਿੰਘ (ਭਰਾ ਸ਼ਹੀਦ ਭਗਤ ਸਿੰਘ) ਅਤੇ ਮਾਤਾ ਕਾਂਤਾ ਜੀ ਦੇ ਘਰ ਹੋਇਆ। ਉਹ ਚਾਰ ਭੈਣਾਂ ਭਰਾਵਾਂ ਵਿਚ ਦੂਜੇ ਨੰਬਰ ’ਤੇ ਸਨ। ਵੱਡੇ ਹੁੰਦਿਆਂ ਉਨ੍ਹਾਂ ਪਰਿਵਾਰ ਵਿਚ ਚੱਲੀ ਆ ਰਹੀ ਦੇਸ਼ ਭਗਤੀ ਦੀ ਪਰੰਪਰਾ ਬਾਰੇ ਕਹਾਣੀਆਂ ਪੜ੍ਹੀਆਂ ਸੁਣੀਆਂ ਤੇ ਸਮਾਜ ਬਾਰੇ ਵਧੇਰੇ ਜਾਗਰੂਕ ਅਤੇ ਪ੍ਰਤੀਬੱਧ ਹੁੰਦੇ ਗਏ। ਇਨ੍ਹਾਂ ਕਹਾਣੀਆਂ ਵਿਚ ਅਭੈ ਸੰਧੂ ਦੇ ਪਿਤਾ ਸ. ਕੁਲਬੀਰ ਸਿੰਘ ਵੱਲੋਂ ਆਜ਼ਾਦੀ ਲਈ ਕੀਤੀਆਂ ਘਾਲਣਾਵਾਂ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਸਰਦਾਰ ਕੁਲਬੀਰ ਸਿੰਘ ਨੇ ਵੀ ਆਪਣੀ ਜ਼ਿੰਦਗੀ ਦੇਸ਼ ਸੇਵਾ ਵਿਚ ਲਾਈ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਵੇਲੇ ਕੁਲਬੀਰ ਸਿੰਘ ਪੰਦਰਾਂ ਕੁ ਵਰ੍ਹਿਆਂ ਦੇ ਸਨ। ਇਸ ਪਿੱਛੋਂ ਦੇਸ਼ ਭਗਤੀ ਦੀ ਵਿਰਾਸਤ ਨੂੰ ਸਾਂਭਦਿਆਂ ਉਹ ਆਜ਼ਾਦੀ ਸੰਘਰਸ਼ ਵਿਚ ਕੁੱਦ ਪਏ। ਉੱਨੀ ਵਰ੍ਹਿਆਂ ਦੀ ਉਮਰੇ ਉਨ੍ਹਾਂ ਦੀ ਪਹਿਲੀ ਗ੍ਰਿਫ਼ਤਾਰੀ ਉਦੋਂ ਹੋਈ, ਜਦੋਂ ਉਹ ਆਪਣੇ ਸਾਥੀਆਂ ਨਾਲ ਜਨਤਕ ਤੌਰ ਉੱਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਚਮ ਦੀ ਭਾਰਤ ਫੇਰੀ ਦੇ ਵਿਰੋਧ ਵਿਚ ਨਿੱਤਰੇ ਸਨ। ਕੁਝ ਮਹੀਨਿਆਂ ਦੀ ਜੇਲ੍ਹ ਪਿੱਛੋਂ ਉਹ ਬਾਹਰ ਆਏ ਤਾਂ ਕਿਸਾਨ ਸਭਾ ਨੇ ਉਨ੍ਹਾਂ ਨੂੰ ਆਪਣਾ ਆਗੂ ਚੁਣ ਲਿਆ ਜਿਸ ਨਾਲ ਆਵਾਮ ਪ੍ਰਤੀ ਉਨ੍ਹਾਂ ਦੇ ਰੁਝੇਵੇਂ ਅਤੇ ਜ਼ਿੰਮੇਵਾਰੀਆਂ ਹੋਰ ਵਧ ਗਈਆਂ।
1939 ਵਿਚ ਕਿਸਾਨ ਸਭਾ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਰੈਲੀਆਂ-ਮੁਜ਼ਾਹਰੇ ਕੀਤੇ ਗਏ ਤਾਂ ਹਕੂਮਤ ਨੇ ਸਖ਼ਤੀ ਵਿਖਾਉਂਦਿਆਂ ਸ. ਕੁਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਆਜ਼ਾਦੀ ਮਿਲਣ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਰਿਹਾਈ ਦਾ ਸਿਲਸਿਲਾ ਨਿਰੰਤਰ ਚਲਦਾ ਰਿਹਾ।
ਅਭੈ ਸਿੰਘ ਸੰਧੂ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਦਿਆਂ ਇਹ ਜਾਣ ਲਿਆ ਸੀ ਕਿ ਉਨ੍ਹਾਂ ਦੇ ਤਾਇਆ ਜੀ ਸ਼ਹੀਦ ਭਗਤ ਸਿੰਘ ਅਸਲੀ ਆਜ਼ਾਦੀ (ਇਨਕਲਾਬ) ਇਸ ਕਰਕੇ ਚਾਹੁੰਦੇ ਸਨ ਤਾਂ ਕਿ ਭਾਰਤੀ ਸਮਾਜ ਵਿਚੋਂ ਊਚ-ਨੀਚ, ਜਾਤ-ਪਾਤ ਅਤੇ ਮਜ਼ਹਬੀ ਭੇਦ-ਭਾਵ ਖ਼ਤਮ ਹੋ ਜਾਣ ਅਤੇ ਹਰ ਇਕ ਨੂੰ ਬਰਾਬਰ ਦਾ ਸਨਮਾਨ ਤੇ ਨਿਆਂ ਮਿਲੇ। ਉਨ੍ਹਾਂ ਦੇ ਮਨ ਉੱਤੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਸੈਸ਼ਨਜ਼ ਕੋਰਟ ਦਿੱਲੀ ਸਾਹਮਣੇ 6 ਜੂਨ 1929 ਨੂੰ ਦਿੱਤੇ ਉਸ ਇਤਿਹਾਸਕ ਬਿਆਨ ਦੇ ਸ਼ਬਦ ਵੀ ਉੱਕਰ ਗਏ ਸਨ ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ: “ਇਨਕਲਾਬ ਤੋਂ ਸਾਡਾ ਭਾਵ ਹੈ- ਬੇਇਨਸਾਫ਼ੀ ਉੱਤੇ ਆਧਾਰਿਤ ਮੌਜੂਦਾ ਨਿਜ਼ਾਮ ਨੂੰ ਬਦਲ ਦਿੱਤਾ ਜਾਵੇ। ਲੁੱਟ ਖਸੁੱਟ ਖ਼ਤਮ ਕਰ ਦਿੱਤੀ ਜਾਵੇ। ਸਮਾਜ ਦਾ ਪ੍ਰਮੁੱਖ ਅੰਗ ਹੋਣ ਦੇ ਬਾਵਜੂਦ ਅੱਜ ਕਾਸ਼ਤਕਾਰਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੁੱਢਲੇ ਹੱਕਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਲੁੱਟੀ ਜਾ ਰਹੀ ਹੈ। ਦੂਜਿਆਂ ਲਈ ਅੰਨਦਾਤਾ ਮੰਨਿਆ ਜਾਣ ਵਾਲਾ ਕਿਸਾਨ ਅੱਜ ਆਪਣੇ ਪਰਿਵਾਰ ਦੀ ਦੋ ਵੇਲੇ ਦੀ ਰੋਟੀ ਲਈ ਮੁਥਾਜ ਹੈ। ਦੁਨੀਆਂ ਭਰ ਦੇ ਬਾਜ਼ਾਰਾਂ ਨੂੰ ਕੱਪੜਾ ਤਿਆਰ ਕਰਕੇ ਦੇਣ ਵਾਲੇ ਬੁਣਕਰਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਤਨ ਢਕਣ ਲਈ ਵੀ ਕੱਪੜਾ ਨਸੀਬ ਨਹੀਂ ਹੋ ਰਿਹਾ। ਰਾਜਗੀਰ, ਲੋਹਾਕੁੱਟ ਅਤੇ ਕਾਰੀਗਰ ਜਿਹੜੇ ਖ਼ੂਬਸੂਰਤ ਮਹਿਲਾਂ ਦਾ ਨਿਰਮਾਣ ਕਰਦੇ ਹਨ, ਖ਼ੁਦ ਨਿਥਾਵਿਆਂ ਵਾਂਗੂ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ। ਦੂਜੇ ਪਾਸੇ ਸਮਾਜ ਵਿਚ ਲਹੂ-ਪੀਣ ਵਾਲੀਆਂ ਜੋਕਾਂ ਭਾਵ ਸਰਮਾਏਦਾਰ ਅਤੇ ਮਿਹਨਤਾਂ ਦੇ ਲੁਟੇਰੇ ਆਪਣੀ ਐਸ਼ੋ-ਇਸ਼ਰਤ ਉੱਤੇ ਲੱਖਾਂ ਰੁਪਏ ਉਡਾ ਰਹੇ ਹਨ।”
ਅਭੈ ਸਿੰਘ ਨੇ ਮਹਿਸੂਸ ਕੀਤਾ ਕਿ ਆਜ਼ਾਦੀ ਤੋਂ ਕਈ ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ। ਇਸ ਲਈ ਉਹ ਸਮਾਜ ਵਿਚ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਾਗੂਕਤਾ ਪੈਦਾ ਕਰਨ ਦੇ ਅਮਲ ਵਿਚ ਰੁੱਝਦੇ ਗਏ। ਸ਼ਾਇਦ ਉਨ੍ਹਾਂ ਦੇ ਨਾਮਕਰਣ ਵੇਲੇ ਹੀ ਉਨ੍ਹਾਂ ਨੂੰ ਮਾਪਿਆਂ ਨੇ ‘ਅਭੈ ਸਿੰਘ’ ਨਾਮ ਦੇ ਨਾਲ ‘ਭੈ ਮੁਕਤ’ ਕਰਕੇ ਸਮਾਜ ਨੂੰ ਚੇਤਨ ਕਰਨ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੂੰ ਇਸ ਮਿਸ਼ਨ ਵਿਚ ਜਨਵਰੀ 1983 ਨੂੰ ਇਕ ਨਿਸ਼ਠਾਵਾਨ ਤੇ ਕਾਬਲ ਸਹਿਯੋਗੀ ਸ੍ਰੀਮਤੀ ਤੇਜਿੰਦਰ ਕੌਰ ਜੀਵਨ ਸਾਥਣ ਵਜੋਂ ਮਿਲ ਗਏ ਸਨ ਜੋ ਕਰਤਾਰ ਸਿੰਘ ਆਜ਼ਾਦੀ ਘੁਲਾਟੀਆ ਦੇ ਅਗਾਂਹਵਧੂ ਪਰਿਵਾਰ ਵਿਚੋਂ ਸਨ।
ਅਭੈ ਸਿੰਘ ਨੇ ਵੇਖ ਲਿਆ ਸੀ ਕਿ ਆਜ਼ਾਦੀ ਤਾਂ ਆਈ ਹੈ, ਪਰ ਲੋਕਾਂ ਦੇ ਸਮਾਜਿਕ ਤੇ ਆਰਥਿਕ ਹਾਲਾਤ ਵਿਚ ਖ਼ਾਸ ਪਰਿਵਰਤਨ ਨਹੀਂ ਹੋਇਆ। ਪੂੰਜੀ ਫੇਰ ਵੱਡੇ ਘਰਾਣਿਆਂ ਕੋਲ ਇਕੱਠੀ ਹੋਣ ਲੱਗੀ ਹੈ। ਕਾਨੂੰਨ ਫੇਰ ਤਾਕਤਵਰ ਦਾ ਪੱਖ ਕਰਨ ਲੱਗਿਆ ਹੈ ਅਤੇ ਲੋਕ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਦਰ-ਬਦਰ ਭਟਕ ਰਹੇ ਹਨ। ਕੁਲਬੀਰ ਸਿੰਘ ਤਾਂ ਹਾਲਾਤ ਸੁਧਰਨ ਦਾ ਸੁਪਨਾ ਦਿਲ ਵਿਚ ਲੈ ਕੇ ਦਸੰਬਰ 1983 ਵਿਚ ਦੁਨੀਆਂ ਤੋਂ ਚਲੇ ਗਏ ਸਨ। ਹੁਣ ਉਨ੍ਹਾਂ ਤੋਂ ਬਾਅਦ ਅਭੈ ਸਿੰਘ ਦੀ ਵਾਰੀ ਸੀ ਕਿ ਉਹ ਪਰਿਵਾਰ ਦੀ ਦੇਸ਼ ਭਗਤੀ ਦੀ ਵਿਰਾਸਤ ਦਾ ਪਹਿਰੇਦਾਰ ਬਣ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਾਵੇ ਤਾਂ ਕਿ ਉਹ ਸੰਘਰਸ਼ ਕਰਕੇ ਇਕ ਨਵੇਂ ਸਮਾਜ ਦੀ ਸਿਰਜਣਾ ਕਰ ਸਕਣ। ਇਸੇ ਮਿਸ਼ਨ ਤਹਿਤ ਉਨ੍ਹਾਂ ਨੇ ਆਪਣੇ ਪੁੱਤਰ ਅਭਿਤੇਜ ਸਿੰਘ ਅਤੇ ਹੋਰਾਂ ਦੇ ਸਹਿਯੋਗ ਨਾਲ ‘ਸਰਦਾਰ ਕੁਲਬੀਰ ਸਿੰਘ ਮੈਮੋਰੀਅਲ ਫਾਂਊਡੇਸ਼ਨ’ ਬਣਾਈ ਜਿਸ ਦੇ ਆਸ਼ਿਆਂ ਵਿਚ ਇਨਕਲਾਬੀ ਲਹਿਰ ਦੇ ਇਤਿਹਾਸ ਉੱਤੇ ਆਹਲਾ ਖੋਜ ਸੰਸਥਾ ਦੀ ਸਥਾਪਨਾ ਕਰਨਾ, ਆਜ਼ਾਦੀ ਲਹਿਰ ਦੇ ਸ਼ਹੀਦਾਂ ਦੇ ਸੰਦੇਸ਼, ਜੀਵਨੀਆਂ ਅਤੇ ਘਾਲਣਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰਨਾ, ਦੇਸ਼ ਭਗਤਾਂ ਦੀ ਵਿਰਾਸਤ ਨੂੰ ਸਾਂਭਣਾ ਅਤੇ ਉਨ੍ਹਾਂ ਨਾਲ ਸਬੰਧਤ ਸਾਹਿਤ ਛਪਵਾ ਕੇ ਲੋਕਾਂ ਵਿਚ ਵੰਡਣਾ ਅਤੇ ਆਰਥਿਕ ਤੇ ਸਮਾਜਿਕ ਪੱਖੋਂ ਪਛੜੇ ਲੋਕਾਂ ਦੀ ਸਹਾਇਤਾ ਕਰਨਾ ਸ਼ਾਮਲ ਸਨ।
ਅਭੈ ਸਿੰਘ ਆਪਣੇ ਸਾਥੀਆਂ ਦੇ ਸਹਿਯੋਗ ਅਤੇ ਸਰਕਾਰਾਂ ਦੀ ਮੱਦਦ ਨਾਲ ਕਈ ਮਹੱਤਵਪੂਰਨ ਕੰਮ ਕਰਨ ਵਿਚ ਸਫ਼ਲ ਵੀ ਹੋਏ। ਉਨ੍ਹਾਂ ਆਪਣੀ ਭੂਆ ਸ੍ਰੀਮਤੀ ਅਮਰ ਕੌਰ ਦੇ ਪੁੱਤਰ ਪ੍ਰੋ. ਜਗਮੋਹਨ ਸਿੰਘ, ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ, ਪੰਜਾਬ ਸਰਕਾਰ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਖਟਕੜ ਕਲਾਂ ਨੂੰ ਇਕ ਮਾਡਰਨ ਤੇ ਡਿਜੀਟਲ ਮਿਊਜ਼ੀਅਮ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਇਸ ਦੇ ਕਾਇਆ ਕਲਪ ਪਿੱਛੋਂ ਹੁਣ ਨੌਂ ਗੈਲਰੀਆਂ ਬਣਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਆਜ਼ਾਦੀ ਸੰਘਰਸ਼ ਦਾ ਇਤਿਹਾਸ, ਤਸਵੀਰਾਂ ਅਤੇ ਸ਼ਹੀਦਾਂ ਨਾਲ ਸਬੰਧਤ ਬਹੁਤ ਸਾਰੇ ਅਹਿਮ ਅਤੇ ਕੀਮਤੀ ਦਸਤਾਵੇਜ਼ ਤੇ ਵਸਤਾਂ ਰੱਖੀਆਂ ਗਈਆਂ ਹਨ।
ਪ੍ਰੋ. ਜਗਮੋਹਨ ਸਿੰਘ ਮੁਤਾਬਿਕ ਅਭੈ ਸਿੰਘ ਸੰਧੂ ਨੇ ਇਸ ਮਿਊਜ਼ੀਅਮ ਵਿਚ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੀ ਸਕੈਨ ਕਾਪੀ ਰਖਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਮਕਸਦ ਲਈ ਉਹ ਆਪਣੇ ਪਿਤਾ ਸ. ਕੁਲਬੀਰ ਸਿੰਘ ਨੂੰ ਦਿੱਲੀ ਲੈ ਕੇ ਗਏ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਜਵਾਹਰਲਾਲ ਨਹਿਰੂ ਨੈਸ਼ਨਲ ਮਿਊਜ਼ੀਅਮ ਵਿਚ ਸਾਂਭੀ ਅਸਲ ਡਾਇਰੀ ਦੀ ਕਾਪੀ ਉਪਲਬਧ ਕਰਾਵੇ।
ਭਗਤ ਸਿੰਘ ਦੀ ਜੇਲ੍ਹ ਡਾਇਰੀ ਅਜਿਹਾ ਦਸਤਾਵੇਜ਼ ਸੀ ਜਿਸ ਨੂੰ ਹਰ ਵਿਅਕਤੀ ਪੜ੍ਹਨ ਦੀ ਇੱਛਾ ਰੱਖਦਾ ਸੀ। ਅਭੈ ਸਿੰਘ ਨੇ ਭਗਤ ਸਿੰਘ ਦੇ ਸੌਵੇਂ ਜਨਮ ਦਿਨ, ਜੋ 2007 ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਮੌਕੇ ਇਸ ਡਾਇਰੀ ਨੂੰ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਮੱਦਦ ਨਾਲ ਸ. ਕੁਲਬੀਰ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਇਕੋ ਸਮੇਂ ਛਪਵਾ ਕੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ।
ਅਭੈ ਸਿੰਘ ਦਾ ਇਹ ਸੁਪਨਾ ਸੀ ਕਿ ਇਨਕਲਾਬੀ ਲਹਿਰ ਉੱਤੇ ਇਕ ਖੋਜ ਸੰਸਥਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਆਪਣੇ ਪੁੱਤਰ ਅਭਿਤੇਜ ਅਤੇ ਬੇਟੀ ਅਨੁਪ੍ਰਿਆ ਦੀ ਜ਼ਿੰਮੇਵਾਰੀ ਲਾਈ। ਅਭੈ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਉਦੋਂ ਬਹੁਤ ਵੱਡਾ ਸਦਮਾ ਲੱਗਾ ਜਦੋਂ 2016 ਵਿਚ ਅਭਿਤੇਜ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਪਿੱਛੋਂ ਪ੍ਰੋ. ਚਮਨ ਲਾਲ ਅਤੇ ਦਿੱਲੀ ਸਰਕਾਰ ਦੇ ਸਹਿਯੋਗ ਤੇ ਯਤਨਾਂ ਨਾਲ ਭਗਤ ਸਿੰਘ ਆਰਕਾਈਵਜ਼ ਤੇ ਸੰਸਾਧਨ ਕੇਂਦਰ ਦਿੱਲੀ ਦੀ ਸਥਾਪਨਾ ਹੋ ਗਈ ਅਤੇ ਦੇਸ਼ ਦੇ ਪ੍ਰੱਮੁਖ ਇਤਿਹਾਸਕਾਰਾਂ ਦੇ ਨਾਲ ਅਭੈ ਸਿੰਘ ਸੰਧੂ ਨੂੰ ਵੀ ਇਸ ਦੇ ਸਲਾਹਕਾਰ ਬੋਰਡ ਦਾ ਮੈਂਬਰ ਬਣਾਇਆ ਗਿਆ। ਡਾ. ਚਮਨ ਲਾਲ ਦੱਸਦੇ ਹਨ ਕਿ ਅਭੈ ਸਿੰਘ ਇਸ ਕੇਂਦਰ ਨਾਲ ਬਹੁਤ ਜੁੜੇ ਹੋਏ ਸਨ ਅਤੇ ਇਸ ਨੂੰ ਕਾਮਯਾਬ ਕਰਨ ਲਈ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿਚ ਆਪਣੇ ਮੁੱਲਵਾਨ ਸੁਝਾਅ ਰੱਖਦੇ ਸਨ।
ਕਈ ਸਾਲ ਪਹਿਲਾਂ ਕੇਂਦਰ ਵੱਲੋਂ ਮੁਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਪ੍ਰੋਜੈਕਟ ਪਾਸ ਕੀਤਾ ਗਿਆ। ਇਸ ਪ੍ਰਾਜੈਕਟ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਕੇਂਦਰ ਚਾਰੇ ਭਾਈਵਾਲ ਸਨ। ਲੋਕਾਂ ਦੀ ਮੰਗ ਸੀ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇ। ਅਭੈ ਸਿੰਘ ਨੇ ਲੋਕ ਨੁਮਾਇੰਦਿਆਂ ਨੂੰ ਨਾਲ ਲੈ ਕੇ ਇਸ ਮੰਗ ਦੇ ਸਮਰਥਨ ਵਿਚ ਸੰਘਰਸ਼ ਛੇੜ ਦਿੱਤਾ। ਉਹ ਇਸ ਵਿਚ ਕੁਝ ਹੱਦ ਤੱਕ ਸਫ਼ਲ ਵੀ ਹੋਏ ਕਿਉਂਕਿ ਪੰਜਾਬ ਅਤੇ ਹਰਿਆਣੇ ਦੀਆਂ ਤਤਕਾਲੀ ਸਰਕਾਰਾਂ ਨੇ ਆਪਣੀਆਂ ਆਪਣੀਆਂ ਅਸੈਂਬਲੀਆਂ ਵਿਚ ਮਤੇ ਪਾ ਕੇ ਕੇਂਦਰ ਨੂੰ ਭੇਜ ਦਿੱਤੇ, ਪਰ ਕੁਝ ਸਿਆਸੀ ਕਾਰਨਾਂ ਕਰਕੇ ਇਹ ਮਾਮਲਾ ਲਟਕ ਗਿਆ।
ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਵਿਚ ਪਾਇਆ ਯੋਗਦਾਨ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਜਿਸ ਦਿਨ (ਪੰਜ ਜੂਨ 2020 ਨੂੰ) ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਗਏ, ਉਸੇ ਦਿਨ ਤੋਂ ਅਭੈ ਸਿੰਘ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨਾਲ ਮਿਲ ਕੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਉਹ ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਲਈ ਗਏ। ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਪਿਆਰੇ ਚੱਲ ਰਹੀ ਮਹਾਂਮਾਰੀ ਕਾਰਨ ਉਨ੍ਹਾਂ ਦੀ ਸਿਹਤ ਬਾਰੇ ਚਿੰਤਤ ਸਨ, ਪਰ ਉਨ੍ਹਾਂ ਦੇ ਮਨ ਵਿਚ ਆਪਣੇ ਲੋਕਾਂ ਲਈ ਇੰਨਾ ਪਿਆਰ ਅਤੇ ਸਤਿਕਾਰ ਸੀ ਕਿ ਉਹ ਕਿਸੇ ਵੀ ਬੁਲਾਵੇ ਨੂੰ ਨਾਂਹ ਨਹੀਂ ਸਨ ਕਰਦੇ ਅਤੇ ਉੱਥੇ ਪਹੁੰਚ ਜਾਂਦੇ ਸਨ। ਅਖੀਰ ਉਹ ਇਸੇ ਮਹਾਂਮਾਰੀ ਦਾ ਸ਼ਿਕਾਰ ਹੋ ਗਏ।
ਅਭੈ ਸਿੰਘ ਸੰਧੂ 23 ਮਾਰਚ 2020 ਨੂੰ ਆਪਣੇ ਪਰਿਵਾਰ ਸਮੇਤ ਸਿੰਘੂ ਬਾਰਡਰ ਉੱਤੇ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਉੱਤੇ ਸਨ। ਉਨ੍ਹਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਉੱਤੇ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਉਨ੍ਹਾਂ ਦਾ ਤਨ, ਮਨ, ਧਨ ਹਾਜ਼ਰ ਹੈ ਅਤੇ ਉਹ ਐਲਾਨ ਕਰਦੇ ਹਨ ਕਿ ਉਨ੍ਹਾਂ ਲਈ ਕਿਸਾਨ ਵੱਡੇ ਹਨ, ਜਾਨ ਵੱਡੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸੰਯੁਕਤ ਮੋਰਚਾ ਪ੍ਰੋਗਰਾਮ ਦੇਵੇ ਤਾਂ ਉਹ ਇਸ ਪਵਿੱਤਰ ਕਾਜ਼ ਲਈ ਮਰਨ ਵਰਤ ਰੱਖਣ ਲਈ ਤਿਆਰ ਹਨ। ਭਗਤ ਸਿੰਘ ਪਰਿਵਾਰ ਦੇ ਇਸ ਬਹਾਦਰ ਯੋਧੇ ਨੂੰ ਭਾਵੇਂ ਮਰਨ ਵਰਤ ਉੱਤੇ ਜਾਣ ਦੀ ਅਜੇ ਸੰਯੁਕਤ ਮੋਰਚੇ ਨੇ ਇਜਾਜ਼ਤ ਨਹੀਂ ਸੀ ਦਿੱਤੀ, ਪਰ ਉਹ ਇਸ ਅੰਦੋਲਨ ਦੇ ਉਨ੍ਹਾਂ ਸੈਂਕੜੇ ਸ਼ਹੀਦਾਂ ਵਿਚ ਨਾਂ ਲਿਖਵਾ ਗਏ ਹਨ ਜਿਨ੍ਹਾਂ ਸਖ਼ਤ ਮੌਸਮਾਂ ਅਤੇ ਮਹਾਂਮਾਰੀ ਦੀ ਪਰਵਾਹ ਨਾ ਕਰਦਿਆਂ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਅਤੇ ਜਾਨਾਂ ਦੀ ਬਾਜ਼ੀ ਲਾ ਦਿੱਤੀ।
ਸੰਪਰਕ: 94170-72314