ਜਗਤਾਰਜੀਤ ਸਿੰਘ
ਅਨੇਕਾਂ ਸਾਹਿਤਕਾਰਾਂ ਨੇ ਸਾਹਿਤ ਤੋਂ ਇਲਾਵਾ ਆਪਣੇ ਪੂਰਵਕਾਲੀ ਜਾਂ ਸਮਕਾਲੀ ਸਾਹਿਤਕਾਰਾਂ ਬਾਬਤ ਵੀ ਲਿਖਿਆ। ਇਹ ਰੀਤ ਹਰ ਖਿੱਤੇ ਅਤੇ ਭਾਸ਼ਾ ਦੇ ਸਾਹਿਤਕਾਰ ਨਿਭਾਉਂਦੇ ਆ ਰਹੇ ਹਨ। ਪੰਜਾਬੀ ਲੇਖਕਾਂ ਨੇ ਵੀ ਆਪਣੇ ਸਮਕਾਲੀ ਲੇਖਕਾਂ ਬਾਰੇ ਲਿਖ ਕੇ ਉਨ੍ਹਾਂ ਪ੍ਰਤੀ ਆਪਣਾ ਨੇੜ ਅਤੇ ਸਤਿਕਾਰ ਨਿਭਾਇਆ ਹੈ। ਇਉਂ ਆਪਸੀ ਰਿਸ਼ਤਿਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਦਾ ਪਾਠਕ ਨੂੰ ਇਹ ਲਾਭ ਮਿਲਦਾ ਹੈ ਕਿ ਉਹ ਲੇਖਕ ਦੀ ਰਚਨਾ ਦੇ ਨਾਲ ਨਾਲ ਉਸ ਦੇ ਜੀਵਨ ਨਾਲ ਜੁੜੇ ਦੂਸਰੇ ਪਹਿਲੂਆਂ ਬਾਬਤ ਵੀ ਨਿੱਕੀ-ਮੋਟੀ ਜਾਣਕਾਰੀ ਹਾਸਲ ਕਰ ਲੈਂਦਾ ਹੈ।
ਚਿੱਤਰਕਾਰ ਜਸਵੰਤ ਸਿੰਘ ਮੂਲ ਰੂਪ ਵਿਚ ਲੇਖਕ ਨਹੀਂ, ਚਿੱਤਰਕਾਰ ਹੈ। ਇਸ ਦੇ ਬਾਵਜੂਦ ਉਸ ਦਾ ਮੇਲ-ਮਿਲਾਪ ਸਾਹਿਤਕਾਰਾਂ, ਸੰਗੀਤਕਾਰਾਂ ਨਾਲ ਵੀ ਰਿਹਾ। ਉਸ ਦੀ ਖਾਸੀਅਤ ਇਹ ਰਹੀ ਕਿ ਉਸ ਨੇ ਆਪਣੇ ਮਾਧਿਅਮ (ਪੇਂਟਿੰਗ) ਰਾਹੀਂ ਆਪਣੇ ਸਮਕਾਲੀ ਲੇਖਕਾਂ, ਚਿੱਤਰਕਾਰਾਂ, ਸੰਗੀਤਕਾਰਾਂ ਨੂੰ ਸਾਕਾਰ ਕੀਤਾ। ਇਹ ਵਿਧੀ ਅਤਿ ਦੀ ਵਿਰਲੀ ਅਤੇ ਵਿਲੱਖਣ ਹੈ। ਪੰਜਾਬੀ ਚਿੱਤਰ-ਖੇਤਰ ਵਿਚ ਕਿਸੇ ਹੋਰ ਚਿਤੇਰੇ ਨੇ ਇਸ ਵਿਧਾ ਵੱਲ ਮੂੰਹ ਨਹੀਂ ਕੀਤਾ।
ਜਸਵੰਤ ਸਿੰਘ ਵੱਲੋਂ ਬਾਵਾ ਬਲਵੰਤ (ਅਗਸਤ 1915 ਤੋਂ ਜੂਨ 1976) ਦੇ ਬਣਾਏ ਚਿੱਤਰ ਵਿਚੋਂ ਸਾਹਿਤਕਾਰ ਦਾ ਚਿਹਰਾ-ਮੋੋਹਰਾ ਪੂਰੀ ਤਰ੍ਹਾਂ ਗਾਇਬ ਹੈ। ਇਸ ਦੇ ਬਾਵਜੂਦ ਬਾਵੇ ਨੂੰ ਜਾਣਨ ਵਾਲੇ ਜਾਂ ਉਸ ਦੀ ਜੀਵਨ ਵਿਧੀ, ਵਿਹਾਰ ਦਾ ਗਿਆਨ ਰੱਖਣ ਵਾਲੇ ਕੈਨਵਸ ਦੇਖ ਕੇ ਇਸ ਨੂੰ ਸਾਹਿਤਕਾਰ ਬਲਵੰਤ ਬਾਵਾ ਨਾਲ ਜੋੜ ਲੈਣਗੇ।
ਚਿੱਤਰ ਸੰਕੇਤ ਕਰਦਾ ਹੈ ਕਿ ਪਛਾਣ ਵਾਸਤੇ ਵਿਅਕਤੀ ਵਿਸ਼ੇਸ਼ ਨਹੀਂ ਸਗੋਂ ਉਸ ਨਾਲ ਜੁੜੀਆਂ ਵਸਤੂਆਂ ਰਾਹੀਂ ਵੀ ਵਿਅਕਤੀ ਤਕ ਪਹੁੰਚਿਆ ਜਾ ਸਕਦਾ ਹੈ। ਇਹ ਵੀ ਦਰੁਸਤ ਹੈ ਕਿ ਇਹ ਵਿਧੀ ਹਰ ਸ਼ਖ਼ਸ ਵਾਸਤੇ ਨਹੀਂ ਵਰਤੀ ਜਾ ਸਕਦੀ। ਜਸਵੰਤ ਸਿੰਘ ਦੀ ਬਾਵਾ ਬਲਵੰਤ ਨਾਲ ਜਾਣ-ਪਛਾਣ ਕਦ ਹੋਈ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ। ਇਹ ਚਿੱਤਰ ਦੱਸਦਾ ਹੈ ਕਿ ਦੋਹਾਂ ਦਾ ਸੰਘਣਾ ਮੇਲ-ਜੋਲ, ਵਿਚਾਰ-ਸਾਂਝ ਸੀ। ਸਾਹਿਤ ਦੀ ਸਾਂਝ ਕੇਂਦਰੀ ਇਕਾਈ ਸੀ।
ਬਾਵਾ ਬਲਵੰਤ ਦਾ ਪਹਿਲਾ ਨਾਂ ਮੰਗਲ ਸੈਨ ਸੀ। ਕੋਈ ਵਿਧੀਵਤ ਸਿੱਖਿਆ ਪ੍ਰਾਪਤ ਨਾ ਹੋਣ ਦੇ ਬਾਵਜੂਦ ਉਹ ਪੰਜਾਬੀ, ਉਰਦੂ, ਹਿੰਦੀ, ਫ਼ਾਰਸੀ ਪੜ੍ਹ-ਲਿਖ ਲੈਂਦਾ ਸੀ। ਪਹਿਲਾਂ-ਪਹਿਲ ਉਰਦੂ ਵਿਚ ਸ਼ਾਇਰੀ ਕੀਤੀ ਤਾਂ ਆਪਣਾ ਨਾਂ ਰੱਖਿਆ ਬਲਵੰਤ ਰਾਏ। 1930 ਵਿਚ ‘ਸ਼ੇਅਰ-ਏ-ਹਿੰਦ’ (ਉਰਦੂ ਵਿਚ) ਛਪੀ ਜਿਸ ਨੂੰ ਅੰਗਰੇਜ਼ੀ ਹਕੂਮਤ ਨੇ ਜਲਦ ਹੀ ਜ਼ਬਤ ਕਰ ਲਿਆ। ਇਸ ਤੋਂ ਬਾਅਦ ਉਹ ਪੰਜਾਬੀ ਵੱਲ ਮੁੜਿਆ ਅਤੇ ਬਾਵਾ ਬਲਵੰਤ ਦੇ ਨਾਂ ਨਾਲ ਲਿਖਣ ਲੱਗਾ। ਬਾਵਾ ਬਲਵੰਤ ਦੇ ਚਿੱਤਰ ਨੂੰ ਦੇਖਦਿਆਂ ਹੀ ਅੱਖ ਨੂੰ ਵਿਸ਼ਾਲ ਜ਼ਮੀਨੀ ਥਾਂ ਦਾ ਅਹਿਸਾਸ ਹੁੰਦਾ ਹੈ ਜਿਹੜਾ ਅਗਲੇਰੇ ਪਾਸੇ ਤੋਂ ਸ਼ੁਰੂ ਹੋ ਧੁਰ ਅੰਤ ਤਕ, ਹਰਿਆਵਲ ਤਕ ਫੈਲਿਆ ਹੋਇਆ ਹੈ। ਹਰਿਆਵਲ ਉਪਰ ਨੀਲਾ ਅੰਬਰ ਹੈ।
ਬਾਵਾ ਦਾ ਜਨਮ ਪਿੰਡ ਨੇਸ਼ਟਾ, ਅੰਮ੍ਰਿਤਸਰ ਦਾ ਸੀ। ਕਾਰੋਬਾਰ ਕਰਦਿਆਂ ਵੱਡਾ ਹੋਇਆ ਤਾਂ ਉਸ ਨੂੰ ਕ੍ਰਿਸ਼ਨਾ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ। ਪਿਆਰ, ਵਿਆਹ ਵਿਚ ਤਬਦੀਲ ਨਾ ਹੋਇਆ। ਕੁੜੀ ਜਦ ਹੋਰ ਥਾਂ ਵਿਆਹੀ ਗਈ ਤਾਂ ਬਾਵਾ ਸਦਾ ਲਈ ਆਪਣਾ ਸ਼ਹਿਰ ਛੱਡ ਦਿੱਲੀ ਆ ਪਹੁੰਚਿਆ। ਉਸ ਨੇ ਯਮਨਾ ਪਾਰ ਕ੍ਰਿਸ਼ਨ ਨਗਰ ਕਲੋਨੀ ਦੇ ਇਕ ਘਰ ਦੀ ਮਿਆਨੀ ਨੂੰ ਆਪਣਾ ਟਿਕਾਣਾ ਬਣਾ ਲਿਆ। ਵੱਖ ਹੋਈ ਕੁੜੀ ਦਾ ਨਾਂ ਵੀ ਕ੍ਰਿਸ਼ਨਾ ਸੀ। ਦੋਵੇਂ ਨਾਵਾਂ ਦੀ ਆਪਸੀ ਸਮਾਨਤਾ ਉਸ ਦੀ ਮਾਨਸਿਕ ਹਾਲਤ ਵੱਲ ਝਾਤ ਪੁਆਉਣ ਦੇ ਨਾਲ ਨਾਲ ਜਿਵੇਂ ਉਸ ਨੂੰ ਸਕੂਨ ਵੀ ਦੇ ਰਹੀ ਜਾਪਦੀ ਹੈ। ਦਿੱਲੀ ਰਹਿੰਦਿਆਂ ਉਸ ਨੇ ਇੱਥੋਂ ਦੇ ਸਾਹਿਤਕਾਰਾਂ ਨਾਲ ਸਾਂਝ ਪਾਈ। ਆਪਣੇ ਪ੍ਰਗਤੀਸ਼ੀਲ ਵਿਚਾਰਾਂ ਅਤੇ ਬਿੰਬ ਯੋਜਨਾ ਕਾਰਨ ਉਹ ਪ੍ਰਮੁੱਖ ਕਵੀਆਂ ਦੀ ਕਤਾਰ ਦਾ ਹਿੱਸਾ ਸੀ। ਇਕ ਦਿਨ ਸਿਖਰ ਗਰਮੀ ਦੀ ਰੁੱਤੇ, ਸਿਆਹ ਸੜਕ ਉਪਰ ਚਲਦਿਆਂ-ਚਲਦਿਆਂ ਉਸ ਆਪਣੇ ਪ੍ਰਾਣ ਤਿਆਗ ਦਿੱਤੇ। ਸਾਰਾ ਵੇਰਵਾ ਦੁਖਦਾਈ ਹੈ, ਪਰਾਏ ਸ਼ਹਿਰ ਮਰਨਾ ਹੋਰ ਵੀ।
ਚਿੱਤਰਕਾਰ, ਬਾਵਾ ਬਲਵੰਤ ਦੇ ਜੀਵਨ ਦੀ ਕਿਸੇ ਘਟਨਾ ਨੂੰ ਨਹੀਂ ਸਗੋਂ ਸਦਾ ਉਸ ਦਾ ਸਾਥ ਮਾਣਨ ਵਾਲੀਆਂ ਵਸਤਾਂ ਥੈਲਾ ਅਤੇ ਕਾਲੀ ਛਤਰੀ ਨੂੰ ਕੈਨਵਸ ਉਪਰ ਸਾਕਾਰ ਕਰਦਾ ਹੈ। ਜਿਸ ਜ਼ਮੀਨ ਉਪਰ ਇਹ ਹਨ, ਉਹ ਬਜਰੀ ਰੰਗਾ ਲਾਲ ਹੈ। ਲਾਲ ਤੇਜ਼ ਰੰਗਤ ਵਾਲਾ ਨਹੀਂ ਸਗੋਂ ਹਲਕੇ ਵੱਲ ਦਾ ਹੈ ਜੋ ਪਿਛਾਂਹ ਜਾਂਦਿਆਂ-ਜਾਂਦਿਆਂ ਸਿਆਹ ਹੋ ਜਾਂਦਾ ਹੈ ਅਤੇ ਅਦਿੱਸ ਇਮਾਰਤਾਂ ਦੇ ਪਰਛਾਵਿਆਂ ਥੱਲੇ ਆਪਣੀ ਰੰਗਤ ਗੁਆ ਲੈਂਦਾ ਹੈ।
ਲਾਲ ਮੁੱਠ ਵਾਲੀ ਛਤਰੀ ਇਕਦਮ ਸਿੱਧੀ ਖੜ੍ਹੀ ਇਵੇਂ ਪ੍ਰਤੀਤ ਹੁੰਦੀ ਹੈ ਜਿਵੇਂ ਧਰਤੀ ਵਿਚ ਗੱਡੀ ਹੋਈ ਹੈ। ਇਸ ਦੇ ਸੱਜੇ ਵੱਲ ਥੈਲਾ ਹੈ। ਦੋਹਾਂ ਵਸਤਾਂ ਵਿਚਾਲੇ ਤਰਕਸੰਗਤ ਫ਼ਾਸਲਾ ਹੈ। ਵਿੱਥ ਓਨੀ ਕੁ ਪ੍ਰਤੀਤ ਹੁੰਦੀ ਹੈ ਜਿੰਨਾ ਕੁ ਚੌੜਾ ਕੋਈ ਸਰੀਰ ਹੁੰਦਾ ਹੈ। ਇਕੋ ਵਿਅਕਤੀ ਨੂੰ ਪਰਣਾਈਆਂ ਦੋਵੇਂ ਵਸਤਾਂ ਇਕ-ਦੂਜੇ ਵਿਚ ਉਲਝੀਆਂ ਜਾਂ ਗੁਥਮੁਥ ਨਹੀਂ। ਲੱਗਦਾ ਹੈ ਕਿ ਅਗਲ-ਬਗਲ ਦੀਆਂ ਦੋ ਵਸਤਾਂ ਇੱਥੇ ਰਹਿ ਗਈਆਂ ਹਨ ਪਰ ਇਨ੍ਹਾਂ ਵਿਚਾਲਿਓਂ ਇਨ੍ਹਾਂ ਦਾ ਮਾਲਕ ਗਾਇਬ ਹੋ ਗਿਆ ਹੈ। ਅਨੁਮਾਨ ਮਾਤਰ ਹੈ, ਇਹ ਪੇਂਟਿੰਗ ਬਾਵਾ ਦੇ ਅਕਾਲ ਚਲਾਣੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਓਦਾਂ ਇਸ ਨੂੰ ਪੇਂਟ ਕਰਨ ਦੇ ਸਹੀ ਸਾਲ ਦਾ ਪਤਾ ਨਹੀਂ ਲੱਗ ਸਕਿਆ।
ਦਿਖਾਈ ਦਿੰਦੀ ਸਿੱਧੀ ਖੜ੍ਹੀ ਛਤਰੀ ਭਾਵ ਜਗਾਉਂਦੀ ਹੈ ਜਿਵੇਂ ਉਹ ਜ਼ਮੀਨ ਵਿਚ ਖੋਭੀ ਗਈ ਹੈ। ਥੈਲੇ ਦੀ ਸਥਿਤੀ ਭਿੰਨ ਹੈ ਜਿਹੜਾ ਜ਼ਮੀਨ ਉਪਰ ਨਾ ਟਿਕੇ ਹੋਣ ਦੇ ਬਾਵਜੂਦ ਸਿੱਧਾ ਖੜ੍ਹਾ ਹੈ। ਉਸ ਦੀ ਤਣੀ ਵੀ ਬਿਨਾਂ ਕਿਸੇ ਦਿਸ਼ਾ ਵੱਲ ਝੁਕਿਆਂ ਖੜ੍ਹੀ ਹੋਈ ਹੈ। ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਅਦਿਸ ਹੱਥ ਇਸ ਨੂੰ ਫੜੀ ਖੜ੍ਹਾ ਹੈ। ਥੈਲੇ ਦੀ ਸਥਿਤੀ ਤੋਂ ਜਾਣੂੰ ਹੋ ਕੇ ਕਿਹਾ ਜਾ ਸਕਦਾ ਹੈ ਛਤਰੀ ਸਿੱਧੀ ਹੈ ਕਿਉਂਕਿ ਚਿਤੇਰੇ ਦੀ ਮਨਸ਼ਾ ਹੀ ਅਜਿਹੀ ਹੈ। ਅਸਲ ਵਿਚ ਇਸ ਰਾਹੀਂ ਚਿੱਤਰ ਨੂੰ ਜਾਦੂਈ ਛੋਹ ਦਿੱਤੀ ਹੈ। ਇਕ ਰਹੱਸ ਭਾਰੀ ਹੁੰਦਾ ਹੈ ਕਿ ਇਹ ਕਿਵੇਂ ਹੋ ਰਿਹਾ ਹੈ? ਖਿਆਲ ਆ ਜਾਂਦਾ ਹੈ, ਇਹ ਬਿਨ ਆਸਰੇ ਕਿਵੇਂ ਖੜ੍ਹੇ ਹਨ? ਥੈਲਾ ਧਰਤੀ ਤੋਂ ਉਪਰ ਉੱਠਿਆ ਕਿਉਂ ਅਤੇ ਕਿਵੇਂ ਹੈ? ਥੈਲਾ ਧਰਤੀ ਉਪਰ ਨਾ ਟਿਕੇ ਹੋਣ ਦਾ ਇਹ ਗਿਆਨ ਉਸ ਦੇ ਪਰਛਾਵੇਂ ਤੋਂ ਹੀ ਹੁੰਦਾ ਹੈ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਨਹੀਂ ਸਗੋਂ ਹਟਵਾਂ ਹੈ।
ਇਹ ਕਿਰਤ ਸਾਨੂੰ ਗੰਭੀਰ ਰਾਹ ਵੱਲ ਵੀ ਤੋਰਦੀ ਹੈ। ਵਿਅਕਤੀ ਅਤੇ ਵਸਤੂ ਦੀ ਸਾਂਝ ਆਦਿ ਕਾਲ ਤੋਂ ਹੈ। ਸਮੇਂ ਦੇ ਨਾਲ ਨਾਲ ਇਹ ਪਕੇਰੀ ਹੁੰਦੀ ਰਹੀ। ਫਿਰ ਉਹ ਸਮਾਂ ਵੀ ਆਇਆ ਜਦ ਵਿਅਕਤੀ ਵਸਤੂ ਪਿੱਛੇ ਲੁਕ ਗਿਆ। ਉਹ ਸਾਂਭੀਆਂ ਵਸਤੂਆਂ ਕਰਕੇ ਜਾਣਿਆ ਜਾਣ ਲੱਗਾ। ਵਿਅਕਤੀ ਗੁਜ਼ਰ ਜਾਂਦਾ ਹੈ, ਵਸਤੂ ਪਿੱਛੇ ਰਹਿ ਜਾਂਦੀ ਹੈ। ਪੇਂਟਿੰਗ ਦੱਸ ਰਹੀ ਹੈ ਕਿ ਬਾਵਾ ਬਲਵੰਤ ਦੇ ਇਕ ਮੋਢੇ ਥੈਲਾ ਹੁੰਦਾ ਸੀ ਅਤੇ ਦੂਸਰੇ ਵੱਲ ਦੇ ਹੱਥ ਵਿਚ ਛਤਰੀ। ਵਿਅਕਤੀ ਅਤੇ ਵਸਤੂਆਂ ਨਾਲੋ-ਨਾਲ ਰਹੇ, ਐਪਰ ਇਕ ਦਿਨ ਵਿਅਕਤੀ ਵਸਤੂਆਂ ਪਿੱਛੇ ਛੱਡ ਆਪ ਅੱਗੇ ਤੁਰ ਗਿਆ। ਦੁਖ ਦੀ ਗੱਲ ਇਹ ਹੈ ਕਿ ਇਸ ਵੇਲੇ ਸਾਡਾ ਧਿਆਨ ਨਾ ਤਾਂ ਸਾਹਿਤਕਾਰ ਵੱਲ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਵਸਤਾਂ ਵੱਲ ਜੋ ਉਸ ਦੀ ਪਛਾਣ ਬਣ ਚੁੱਕੀਆਂ ਸਨ।
ਦੋਹਾਂ ਦੀ ‘ਪਲੇਸਮੈਂਟ’ ਚਿੱਤਰ ਨੂੰ ਸੰਤੁਲਨ ਦੇਣ ਦੇ ਨਾਲ ਨਾਲ ਇਸ ਨੂੰ ਮੰਨਣਯੋਗ ਬਣਾਉਂਦੀ ਹੈ। ਲੋਅ ਦਾ ਆਗਮਨ ਸਰੋਤ ਕੈਨਵਸ ਦੇ ਖੱਬੇ ਪਾਸਿਓਂ ਹੈ ਜਿਹੜਾ ਜ਼ਿਆਦਾ ਉਚਾਈ ਉਪਰ ਨਹੀਂ। ਤਾਹੀਓਂ ਵਸਤਾਂ ਦੇ ਪਰਛਾਵੇਂ ਲੰਮੇਰੇ ਹਨ। ਦੋਵੇਂ ਵਸਤਾਂ ਦਾ ਆਪਸੀ ਨਿਖੇੜ ਸਪਸ਼ਟ ਹੈ, ਪਰ ਇਨ੍ਹਾਂ ਦੇ ਪਰਛਾਵੇਂ ਇਕ-ਦੂਜੇ ਵਿਚ ਮਿਲੇ ਹੋਏ ਹਨ। ਥੈਲੇ ਦੀ ਤਣੀ ਦੇ ਪਰਛਾਵੇਂ ਦੇ ਵਿਚਾਲੇ ਜਿਹੇ ਛਤਰੀ ਖੜ੍ਹੀ ਹੋਈ ਹੈ। ਆਵਾਰਗੀ ਕਰਦਾ ਖ਼ਿਆਲ ਇਕਦਮ ‘ਲਿੰਗ ਯੋਨੀ ਸਬੰਧ’ ਵੱਲ ਚਲਿਆ ਜਾਂਦਾ ਹੈ ਕਿਉਂਕਿ ਧਰਤੀ ਉਪਰਲੀ ਪਰਛਾਈ ਮਨੁੱਖੀ ਆਕਾਰ ਦਾ ਸੰਦੇਹ ਪੈਦਾ ਕਰਦੀ ਹੈ। ਸਪਸ਼ਟਤਾ ਤਾਂ ਭਾਵੇਂ ਇੱਥੇ ਨਹੀਂ ਹੈ, ਪਰ ਜੋ ਸੁੱਝਿਆ ਹੈ ਰੱਦ ਵੀ ਨਹੀਂ ਕੀਤਾ ਜਾ ਸਕਦਾ।
ਥੈਲੇ ਅਤੇ ਛਤਰੀ ਦਾ ਰੰਗ ਕਾਲਾ ਹੈ। ਆਮ ਤੌਰ ਉਪਰ ਇਹ ਰੰਗ ਅਸਹਿਮਤੀ, ਅਸਵੀਕਾਰ, ਵਿਰੋਧ ਦਾ ਰੰਗ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਬਾਵਾ ਬਲਵੰਤ ਪ੍ਰਗਤੀਸ਼ੀਲ ਸੋਚ ਨੂੰ ਪਰਣਾਇਆ ਹੋਇਆ ਸੀ। ਉਸ ਦੇ ਪਿਆਰ ਸਬੰਧਾਂ ਵਿਚ ਜਿਨ੍ਹਾਂ ਕਾਰਨਾਂ ਕਰਕੇ ਤਰੇੜ ਆਈ, ਉਨ੍ਹਾਂ ਪ੍ਰਤੀ ਉਹ ਸੁਖਾਵੇਂ ਵਿਚਾਰ ਨਹੀਂ ਰੱਖ ਸਕਦਾ ਸੀ। ਰੰਗਰੇਜ਼ ਜਸਵੰਤ ਸਿੰਘ ਆਪਣੇ ਮਿੱਤਰ ਨੂੰ ਨੇੜਿਓਂ ਜਾਣਦਾ ਸੀ। ਲੱਗਦਾ ਹੈ ਚਿੱਤਰਕਾਰ ਬਾਵਾ ਬਲਵੰਤ ਦੇ ਭਾਵ ਜਗਤ ਨੂੰ ਰੰਗਾਂ ਵਿਚ ਤਬਦੀਲ ਕਰ ਸੰਚਾਰ ਰਿਹਾ ਹੈ। ਬਾਵਾ ਦਾ ਵਿਰੋਧ ਸਮਾਜ ਪ੍ਰਬੰਧ, ਪ੍ਰਚਲਿਤ ਅਰਥਚਾਰੇ, ਵਿਅਕਤੀ ਵੱਲੋਂ ਨਿੱਜੀ ਲਾਭ ਹਿਤ ਦੂਜੀ ਧਿਰ ਦਾ ਤਿਰਸਕਾਰ ਕਰਨ ਵਾਲਿਆਂ ਪ੍ਰਤੀ ਰਿਹਾ। ਚਿਤੇਰੇ ਨੇ ਆਪਣੇ ਕੰਮ ਨੂੰ ਕਿਸੇ ਬੰਧੇਜ ਵਿਚ ਨਹੀਂ ਬੰਨ੍ਹਿਆ। ਇਹ ਇਸ ਦੀ ਖ਼ੂਬਸੂਰਤੀ ਹੈ।
ਕੈਨਵਸ ਗਹਿਰਾਈ ਦਾ ਬੋਧ ਪੈਦਾ ਕਰਦਾ ਹੈ। ਇਹ ਸਾਰਥਕ ਹੈ। ਇਹ ਕਵੀ ਦੇ ਜੀਵਨ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਹੈ। ਸਪਾਟ ਬਜਰੀ-ਨੁਮਾ ਧਰਾਤਲ ਪਿਛਾਂਹ ਨੂੰ ਵਧਦਿਆਂ, ਖੱਬੇ ਵਾਲਾ ਪਾਸਾ ਜ਼ਿਆਦਾ ਸਿਆਹ ਹੈ ਜਦੋਂਕਿ ਸੱਜੇ ਪਾਸੇ ਦਾ ਹਿੱਸਾ ਹੋਰ ਰੰਗਾਂ (ਨੀਲਾ, ਹਰਾ) ਵਾਲਾ ਜੋ ਇਸ ਦੇ ਪ੍ਰਭਾਵ ਨੂੰ ਤੋੜਦੇ ਹਨ। ਦੂਰ ਇਮਾਰਤਾਂ ਦੇ ਨਾਲ ਨਾਲ ਬਨਸਪਤੀ ਦਿਸਦੀ ਹੈ। ਵਧੇਰੇ ਕਰਕੇ ਇਮਾਰਤਾਂ ਹਰਿਆਵਲ ਦੇ ਪਿੱਛੇ ਹਨ। ਲੱਗਦਾ ਹੈ ਜਿਵੇਂ ਲੁਕੀਆਂ ਹੋਣ। ਹਰਿਆਵਲ ਅਤੇ ਇਮਾਰਤਾਂ ਸੁਖ, ਸਕੂਨ ਦੇਣ ਵਾਲੀਆਂ ਇਕਾਈਆਂ ਹਨ। ਬਾਵਾ ਕੋਲ ਦੋਵੇਂ ਚੀਜ਼ਾਂ ਨਹੀਂ ਸਨ। ਉਸ ਨੇ ਤਾਂ ਸੁਚੇਤ ਹੋ ਇਨ੍ਹਾਂ ਦਾ ਤਿਆਗ ਕਰ ਦਿੱਤਾ ਸੀ। ਜਿੱਥੇ ਉਸ ਦੇ ਪਛਾਣ ਚਿੰਨ੍ਹ ਪਏ ਹਨ ਉਹ ਥਾਂ ਰੜੀ, ਰੇਤਲੀ, ਤਪਤ ਹੈ। ਉਸ ਨੇ ਆਪਣੀ ਸਾਰੀ ਉਮਰ ਨਿਥਾਵਾਂ ਹੋ ਕੇ ਹੀ ਗੁਜ਼ਾਰੀ।
ਖੱਬੇ ਪਾਸੇ ਦੇ ਰਹੱਸਮਈ ਨ੍ਹੇਰੇ ਵਿਚਾਲਿਓਂ ਸੋਨ ਰੰਗੀ ਗੁੰਬਦ ਤੋਂ ਇਲਾਵਾ ਇਕ-ਦੋ ਹੋਰ ਇਮਾਰਤਾਂ ਝਾਕ ਰਹੀਆਂ ਹਨ। ਇਹ ਕਿਰਤ ਅਤੇ ਕਵੀ ਜੀਵਨ ਨਾਲ ਜੁੜੀਆਂ ਸੰਦਰਭਗਤ ਇਕਾਈਆਂ ਹਨ ਅਤੇ ਸੁਚੇਤ ਪੱਧਰ ’ਤੇ ਬਣਾਈਆਂ ਗਈਆਂ ਹਨ। ਇਹ ਉਹ ਥਾਂ ਹੈ ਜਿਸ ਦਾ ਬਾਵਾ ਤਿਆਗ ਕਰ ਚੁੱਕਾ ਹੈ। ਪਿਛਾਂਹ ਮੁੜ ਕੇ ਉਹ ਬੀਤੇ ਵਿਚ ਨਹੀਂ ਜਿਊਣਾ ਚਾਹੁੰਦਾ ਸੀ।
ਹਲਕੀ ਸੋਨ ਰੰਗੀ ਝਿਲਮਿਲ ਵਾਲਾ ਅਸਥਾਨ ‘ਦਰਬਾਰ ਸਾਹਿਬ’ (ਅੰਮ੍ਰਿਤਸਰ) ਹੈ। ਬਾਵਾ ਇਸੇ ਸ਼ਹਿਰ ਦਾ ਨਿਵਾਸੀ ਸੀ, ਪਰ ਆਪਣੇ ਪ੍ਰੇਮ ਨੂੰ ਟੁੱਟਦਾ ਦੇਖ ਦਿੱਲੀ ਆ ਰਹਿਣ ਲੱਗ ਜਾਂਦਾ ਹੈ। ਚਿੱਤਰਕਾਰ ਆਪਣੀ ਕਲਾ ਜੁਗਤ ਰਾਹੀਂ ਦੋ ਸ਼ਹਿਰਾਂ ਨੂੰ ਇਕੋ ਜਗ੍ਹਾ ਬਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਰਤੋਂ ਵਿਹਾਰ ਨੂੰ ਉਭਾਰ ਰਿਹਾ ਹੈ। ਦੋਵੇਂ ਸ਼ਹਿਰਾਂ ਵਿਚ ਕੁਝ ਵਾਪਰਿਆ ਸੀ ਤਾਹੀਓਂ ਉਹ ਇਕ ਕੈਨਵਸ ਦਾ ਹਿੱਸਾ ਬਣੇ ਹਨ। ਅੰਮ੍ਰਿਤਸਰ ਸ਼ਹਿਰ ਰਸਿਆ-ਵਸਿਆ ਹੈ। ਉਸ ਦਾ ਇਮਾਰਤੀ ਰੂਪ ਹਾਜ਼ਰ ਹੈ, ਪਰ ਦਿੱਲੀ ਇਮਾਰਤ ਵਿਹੂਣੀ ਪੇਸ਼ ਹੋਈ ਹੈ। ਸਪਾਟ ਅਤੇ ਰੇਤ ਵਾਂਗ ਭੁਰ-ਭੁਰੀ ਹੋਣਾ ਉਸ ਦੇ ਰੁੱਖੇ ਅਤੇ ਨਿਰਮੋਹੀ ਹੋਣ ਦਾ ਸੰਕੇਤ ਹੈ।
ਬਾਵਾ ਨੇ ਰੌਣਕ ਭਰੇ ਸ਼ਹਿਰ ਨੂੰ ਤਿਆਗ ਕੇ ਜਿਸ ਦਿੱਲੀ ਨੂੰ ਅਪਣਾਇਆ, ਉੱਥੋਂ ਵੀ ਉਹ ਗ਼ੈਰਹਾਜ਼ਰ ਹੋ ਜਾਂਦਾ ਹੈ। ਤਪੇ, ਲੂੰਹਦੇ ਵਾਤਾਵਰਨ ਵਿਚ ਉਸ ਦੀਆਂ ਦੋ ਵਸਤਾਂ ਪਿੱਛੇ ਰਹਿ ਗਈਆਂ ਜਿਹੜੀਆਂ ਬੇਜਾਨ ਹਨ। ਕਵੀ ਦੇ ਕੋਲ ਰਹਿਣ ਵਾਲੀਆਂ ਅਤੇ ਔਖ ਵੇਲੇ ਵਕਤ ਸਾਰਨ ਵਾਲੀਆਂ ਦੋਵੇਂ ਵਸਤਾਂ ਹੁਣ ਵਰਤੋਂ ਦਾ ਹਿੱਸਾ ਨਹੀਂ। ਚਿੱਤਰਕਾਰ ਇਨ੍ਹਾਂ ਰਾਹੀਂ ਆਪਣੇ ਅਰਥ ਸੰਚਾਰ ਰਿਹਾ ਹੈ।
ਸੰਪਰਕ: 98990-91186