ਬਲਵਿੰਦਰ ਸਿੰਘ ਸਿਪਰੇ
ਪੰਜਾਬ ਦਾ ਸਭ ਤੋਂ ਵੱਡਾ ਅਤੇ ਧੁਰ ਪੂਰਬ-ਦੱਖਣ ਵੱਲ ਵਹਿੰਦਾ ਦਰਿਆ ਸਤਲੁਜ ਹੈ ਅਤੇ ਜੇ ਅਗਾਂਹ ਲਹਿੰਦੇ ਵੱਲ ਜਾਈਏ ਤਾਂ ਅਗਲਾ ਦਰਿਆ ਬਿਆਸ ਆਉਂਦਾ ਹੈ। ਸਤੁਲਜ ਜਿੱਥੇ ਪੰਜ ਦਰਿਆਵਾਂ ’ਚੋਂ ਸਭ ਤੋਂ ਲੰਬਾ ਹੈ, ਉਥੇ ਬਿਆਸ ਸਭ ਤੋਂ ਛੋਟਾ ਹੈ। ਸਤੁਲਜ ਦਾ ਪੈਂਡਾ ਕਰੀਬ 1450 ਕਿਲੋਮੀਟਰ ਜਾਂ 900 ਮੀਲ ਹੈ ਤੇ ਬਿਆਸ ਦਾ 470 ਕਿਲੋਮੀਟਰ ਜਾਂ 290 ਮੀਲ। ਰਾਵੀ ਦਾ ਪੈਂਡਾ 720 ਕਿਲੋਮੀਟਰ, ਜਿਹਲਮ ਦਾ 720 ਕਿਲੋਮੀਟਰ ਤੇ ਚਨਾਬ ਦਾ ਪੈਂਡਾ 960 ਕਿਲੋਮੀਟਰ ਹੈ।
ਬਿਆਸ ਦਰਿਆ ਇਤਿਹਾਸਕ ਪੱਖੋਂ ਬਹੁਤ ਅਹਿਮੀਅਤ ਰੱਖਦਾ ਹੈ। ਦੇਸ਼ ਦੇ ਹੋਰ ਦਰਿਆਵਾਂ ਵਾਂਗ ਬਿਆਸ ਨਾਲ ਵੀ ਬਹੁਤ ਸਾਰੀਆਂ ਮਿਥਿਹਾਸਕ ਘਟਨਾਵਾਂ ਜੁੜੀਆਂ ਹਨ। ਇਸ ਦਾ ਪ੍ਰਾਚੀਨ ਨਾਂ ‘ਅਰਜਿਕੀਆ’ ਜਾਂ ‘ਵਿਪਾਸ਼ਾ’ ਸੀ। ਇਸ ਦਾ ਜ਼ਿਕਰ ਰਿਗਵੇਦ ਅਤੇ ਵਾਲਮੀਕਿ ਰਾਮਾਇਣ ਤੇ ਮਹਾਭਾਰਤ ਵਿਚ ਆਉਂਦਾ ਹੈ। ਦੱਸਿਆ ਜਾਂਦਾ ਹੈ ਕਿ ਰਿਸ਼ੀ ਵਸ਼ਿਸ਼ਠ ਨੇ ਪੁੱਤਰ ਵਿਯੋਗ ਵਿਚ ਖ਼ੁਦ ਨੂੰ ਬੰਨ੍ਹ ਕੇ ਭਾਵ ਪਾਸ਼ਯੁਕਤ ਹੋ ਕੇ ਬਿਆਸ ਵਿਚ ਛਾਲ ਮਾਰ ਦਿੱਤੀ, ਪਰ ਉਹ ਦਰਿਆ ਵਿਚੋਂ ਬੰਧਨ-ਮੁਕਤ ਜਾਂ ‘ਵਿਪਾਸ਼’ ਹੋ ਕੇ ਬਾਹਰ ਆ ਗਏ, ਜਿਸ ਕਾਰਨ ਇਸ ਦਾ ਨਾਂ ਵਿਪਾਸ਼ਾ ਤੇ ਫਿਰ ਵਿਪਾਸ਼ ਅਤੇ ਫਿਰ ਬਿਆਸ ਪੈ ਗਿਆ। ਇਸ ਦਾ ਨਾਮਕਰਨ ਰਿਸ਼ੀ ਵਸ਼ਿਸ਼ਠ ਦੇ ਪੜਪੋਤਰੇ ਤੇ ‘ਮਹਾਭਾਰਤ’ ਦੇ ਰਚੇਤਾ ਮੰਨੇ ਜਾਂਦੇ ਰਿਸ਼ੀ ਵੇਦ ਵਿਆਸ ਨਾਲ ਵੀ ਜੋੜਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਬਿਆਸ ਵਿਚ ਉਨ੍ਹਾਂ ਦਾ ਤਪ ਸਥਾਨ ਸੀ, ਜਿਥੇ ਹੁਣ ਵੀ ਉਨ੍ਹਾਂ ਦੇ ਨਾਂ ’ਤੇ ਮੰਦਰ ਬਣਿਆ ਹੈ ਤੇ ਉਨ੍ਹਾਂ ਦੀ ਮੂਰਤੀ ਲੱਗੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਕਿਸੇ ਸਮੇਂ ਦਰਿਆ ਬਿਆਸ ਇਸ ਸਥਾਨ ਕੋਲੋਂ ਵਗਦਾ ਸੀ, ਜੋ ਹੁਣ ਆਪਣਾ ਵਹਿਣ ਬਦਲ ਕੇ ਇਥੋਂ ਕਰੀਬ 100 ਕਿਲੋਮੀਟਰ ਲਹਿੰਦੇ ਵੱਲ ਜਾ ਚੁੱਕਾ ਹੈ।
ਬਿਆਸ ਦਾ ਸਭ ਤੋਂ ਅਹਿਮ ਇਤਿਹਾਸਕ ਪੱਖ ਇਹ ਹੈ ਕਿ ਇਹ 326 ਈਸਵੀ ਪੂਰਬ ਦੌਰਾਨ ਯੂਨਾਨੀ ਹਮਲਾਵਰ ਸਿਕੰਦਰ ਦੇ ਹਮਲੇ ਵੇਲੇ ਉਸ ਦੀ ਸਲਤਨਤ ਦੀ ਪੂਰਬੀ ਹੱਦ ਬਣਿਆ। ਜਿਵੇਂ ਅੰਗਰੇਜ਼ਾਂ ਅੱਗੇ ਲੰਮਾ ਸਮਾਂ ਸਤਲੁਜ ਦਰਿਆ ਕੰਧ ਬਣਿਆ ਰਿਹਾ, ਉਸੇ ਤਰ੍ਹਾਂ ਬਿਆਸ ਦਰਿਆ ਯੂਨਾਨੀਆਂ ਅੱਗੇ ਕੰਧ ਬਣਿਆ ਤੇ ਸਿਕੰਦਰ ਦਾ ਇਸ ਨੂੰ ਪਾਰ ਕਰ ਕੇ ਅਗਾਂਹ ਵਧਣ ਦਾ ਜੇਰਾ ਨਾ ਪਿਆ। ਉਸ ਦੀ ਫ਼ੌਜ, ਉਸ ਦੇ ਸਿਪਾਹੀਆਂ ਨੇ ਅੱਗੇ ਜਾਣ ਤੋਂ ਸਾਫ਼ ਨਾਂਹ ਕਰ ਦਿੱਤੀ। ਪ੍ਰਾਚੀਨ ਯੂਨਾਨੀ ਲਿਖਤਾਂ ’ਚ ਬਿਆਸ ਨੂੰ ਹਾਈਫੇਸਿਸ ਦਾ ਨਾਂ ਦਿੱਤਾ ਗਿਆ ਹੈ।
ਪੰਜਾਬ ਦਾ ਪਿਆਰਾ ਦਰਿਆ ਬਿਆਸ, ਇਤਿਹਾਸਕ ਤੌਰ ’ਤੇ ਪੰਜਾਬ ਦਾ ਹੀ ਹਿੱਸਾ ਰਹੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਹਿਮਾਲਾ ਦੀ ਜਾਸਕਰ ਪਰਬਤ ਲੜੀ ਅਤੇ ਰੋਹਤਾਂਗ ਦੱਰੇ ਦੇ ਖੇਤਰ ਵਿਚੋਂ ਬਿਆਸ ਕੁੰਡ ਤੋਂ ਨਿਕਲਦਾ ਹੈ। ਇਸ ਥਾਂ ਦੀ ਸਮੁੰਦਰ ਤਲ ਤੋਂ ਉਚਾਈ ਕਰੀਬ 4361 ਮੀਟਰ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮੰਡੀ, ਹਮੀਰਪੁਰ ਤੇ ਕਾਂਗੜਾ ਜ਼ਿਲ੍ਹਿਆਂ ਵਿਚੋਂ ਵਗਦਾ ਹੋਇਆ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਤਲਵਾੜਾ ’ਚ ਮੌਜੂਦਾ ਪੰਜਾਬ ਨੂੰ ਛੂਹੰਦਾ ਹੈ ਅਤੇ ਫਿਰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਰਮਿਆਨ ਲੰਬੀ ਸਰਹੱਦ ਬਣਾਉਂਦਾ ਹੋਇਆ ਆਖਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਲਾਗੇ ਪੰਜਾਬ ਵਿਚ ਦਾਖ਼ਲ ਹੁੰਦਾ ਹੈ। ਹਿਮਾਚਲ ਵਿਚ ਬਿਆਸ ’ਤੇ ਦੋ ਵੱਡੇ ਬੰਨ੍ਹ ਪੌਂਗ ਡੈਮ ਤੇ ਪੰਡੋਹ ਡੈਮ ਮਾਰੇ ਗਏ ਹਨ, ਜਿਥੇ ਸੈਂਕੜੇ ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਪੌਂਗ ਡੈਮ ਤੋਂ ਉਰਲੇ ਪਾਸੇ ਪੰਜਾਬ ਦੀ ਸਰਹੱਦ ਦੇ ਐਨ ਨੇੜੇ ਇਸ ਤੋਂ ਸ਼ਾਹਪੁਰ ਬੈਰਾਜ ਰਾਹੀਂ ਸ਼ਾਹਪੁਰ ਨਹਿਰ ਕੱਢੀ ਗਈ ਹੈ, ਜੋ ਸਿੰਜਾਈ ਦੇ ਨਾਲ-ਨਾਲ ਤਿੰਨ ਬਿਜਲੀ ਸਟੇਸ਼ਨਾਂ ਦੀਆਂ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਹੈ। ਅਗਾਂਹ ਹਰੀਕੇ ਬੈਰਾਜ ਤੇ ਹੁਸੈਨੀਵਾਲਾ ਬੈਰਾਜ ਤੋਂ ਨਿਕਲਣ ਵਾਲੀਆਂ ਨਹਿਰਾਂ ਰਾਹੀਂ ਵੀ ਬਿਆਸ ਦਾ ਪਾਣੀ ਮਾਲਵੇ ਹੀ ਨਹੀਂ ਸਗੋਂ ਰਾਜਸਥਾਨ ਦੀ ਧਰਤੀ ਨੂੰ ਵੀ ਸਿੰਜਦਾ ਹੈ ਅਤੇ ਖੇਤਾਂ ਤੇ ਲੋਕਾਂ ਦੀ ਪਿਆਸ ਬੁਝਾਉਂਦਾ ਹੈ।
ਬਿਆਸ ਕੁੰਡ ਤੋਂ ਦੱਖਣ ਤੇ ਫਿਰ ਪੱਛਮ ਦੇ ਰੁਖ਼ ਵਗਦਾ ਬਿਆਸ ਦਰਿਆ ਮੰਡੀ ਜ਼ਿਲ੍ਹੇ ਵਿਚ ਪੰਡੋਹ ਡੈਮ ਤੋਂ ਉੱਤਰ ਵੱਲ ਨੂੰ ਤਿੱਖਾ ਮੋੜ ਕੱਟਦਾ ਹੈ ਤੇ ਫਿਰ ਕਿਤੇ-ਕਿਤੇ ਪੱਛਮ ਪਰ ਬਹੁਤਾ ਉੱਤਰ ਵੱਲ ਨੂੰ ਵਗਦਾ ਸੱਪ ਵਾਂਗ ਵਲ਼ ਸ਼ਾਹਪੁਰ ਬੈਰਾਜ ਟੱਪਣ ਤੋਂ ਬਾਅਦ ਤਲਵਾੜੇ ਲਾਗੇ ਮੁੜ ਉੱਤਰ ਵੱਲ ਕੂਹਣੀ ਮੋੜ ਕੱਟ ਕੇ ਦੀਨਾਨਗਰ-ਪਠਾਣਕੋਟ ਇਲਾਕੇ ਲਾਗੇ ਜਾ ਪੁੱਜਦਾ ਹੈ ਤੇ ਉਥੋਂ ਦੱਖਣ-ਪੱਛਮ ਦਾ ਰੁਖ਼ ਕਰ ਕੇ ਅਖ਼ੀਰ ਹਰੀਕੇ ਅੱਪੜਦਾ ਹੈ। ਹਿਮਾਚਲ ਵਿਚ ਬਿਆਸ ਵਿਚ ਅਨੇਕਾਂ ਵੱਡੀਆਂ-ਛੋਟੀਆਂ ਨਦੀਆਂ ਤੇ ਜਲਧਾਰਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਪਤਲੀਕੁਹਲ, ਪਾਰਵਤੀ, ਮਲਾਣਾ ਨਾਲਾ, ਸਰਵਰੀ, ਸੈਜ, ਗਜ ਤੇ ਚੱਕੀ ਆਦਿ ਪ੍ਰਮੁੱਖ ਹਨ। ਪੰਜਾਬ ਵਿਚ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਕਾਲੀ ਵੇਈਂ ਦਾ ਹਰੀਕੇ ਤੋਂ ਐਨ ਪਹਿਲਾਂ ਬਿਆਸ ਨਾਲ ਸੰਗਮ ਹੁੰਦਾ ਹੈ। ਪੰਜਾਬ ਵਿਚ ਇਸ ਦੇ ਕੰਢੇ ਪੈਣ ਵਾਲੇ ਮੁੱਖ ਕਸਬੇ ਹਨ; ਤਲਵਾੜਾ, ਸ੍ਰੀ ਹਰਿਗੋਬਿੰਦਪੁਰ, ਬਿਆਸ ਅਤੇ ਗੋਇੰਦਵਾਲ ਸਾਹਿਬ। ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਗੁਰਗੱਦੀ ਮਿਲਣ ਤੋਂ ਪਹਿਲਾਂ ਦੂਜੇ ਗੁਰੂ ਅੰਗਦ ਦੇਵ ਦੀ ਸੇਵਾ ਵਿਚ ਗੁਰੂ ਸਾਹਿਬ ਦੇ ਇਸ਼ਨਾਨ ਲਈ ਤੜਕੇ ਉੱਠ ਕੇ ਖਡੂਰ ਸਾਹਿਬ ਤੋਂ ਕਈ ਕਿਲੋਮੀਟਰ ਪੈਦਲ ਚੱਲਦੇ ਹੋਏ ਗੋਇੰਦਵਾਲ ਸਾਹਿਬ ਪੁੱਜ ਕੇ ਬਿਆਸ ਦਾ ਜਲ ਲਿਜਾਂਦੇ ਸਨ। ਬਾਅਦ ਵਿਚ ਜਦੋਂ ਤੀਜੇ ਗੁਰੂ ਨੇ ਗੋਇੰਦਵਾਲ ਸਾਹਿਬ ਨੂੰ ਨਗਰ ਵਜੋਂ ਵਿਕਸਤ ਕੀਤਾ ਤਾਂ ਉਨ੍ਹਾਂ ਇਸ ਸਥਾਨ ’ਤੇ 84 ਪੌੜੀਆਂ ਵਾਲੀ ਬਾਉਲੀ ਤਾਮੀਰ ਕਰਵਾਈ। ਪੰਜਾਬ ਵਿਚ ਆਪਣੇ ਪੈਂਡੇ ਦੌਰਾਨ ਬਿਆਸ ਪੰਜਾਬ ਦੇ ਦੋ ਭੂਗੋਲਿਕ ਖ਼ਿੱਤਿਆਂ ਦੁਆਬੇ ਤੇ ਮਾਝੇ ਦਰਮਿਆਨ ਹੱਦ ਬਣਾਉਂਦਾ ਹੈ। ਇਹ ਸਤਲੁਜ ਨਾਲ ਮਿਲ ਕੇ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਿਸ ਦਾ ਸਦਰਮੁਕਾਮ ਨਵਾਂਸ਼ਹਿਰ ਹੈ, ’ਤੇ ਆਧਾਰਤ ਦੋਆਬਾ ਖ਼ਿੱਤਾ ਵੀ ਸਿਰਜਦਾ ਹੈ। ਉਂਜ ਤਾਂ ਦੋ ਦਰਿਆਵਾਂ ਵਿਚਕਾਰਲੀ ਧਰਤੀ ਨੂੰ ਦੋਆਬ ਜਾਂ ਦੋਆਬਾ ਹੀ ਆਖਿਆ ਜਾਂਦਾ ਹੈ, ਪਰ ਬਿਆਸ ਤੇ ਸਤਲੁਜ ਵਿਚਕਾਰਲੇ ਪੰਜਾਬ ਦੇ ਇਸ ਖ਼ਿੱਤੇ ਦਾ ਨਾਂ ਦੋਆਬਾ ਹੀ ਪੈ ਗਿਆ, ਜਿਵੇਂ ਇਰਾਕ, ਸੀਰੀਆ ਤੇ ਤੁਰਕੀ ਵਿਚ ਦੋ ਦਰਿਆਵਾਂ ਦਜਲਾ ਤੇ ਫ਼ਰਾਤ, ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਟਿਗਰਿਸ ਤੇ ਯੂਫਰੇਟਸ ਆਖਿਆ ਜਾਂਦਾ ਹੈ, ਵਿਚਕਾਰ ਪੈਦਾ ਹੋਈ ਪ੍ਰਾਚੀਨ ਤਹਿਜ਼ੀਬ ਨੂੰ ਮੈਸੋਪੋਟਾਮੀਆ ਦਾ ਨਾਂ ਦਿੱਤਾ ਗਿਆ, ਕਿਉਂਕਿ ਯੂਨਾਨੀ ਭਾਸ਼ਾ ਵਿਚ ਮੈਸੋਪੋਟਾਮੀਆ ਦਾ ਅਰਥ ਵੀ ਦੋਆਬ ਹੀ ਹੁੰਦਾ ਹੈ। ਇਸ ਸਦਕਾ ਪੰਜਾਬ ਦੇ ਦੋਆਬੇ ਦੇ ਲੋਕਾਂ ਨੂੰ ਦੁਆਬੀਏ ਤੇ ਇਥੋਂ ਦੀ ਬੋਲੀ ਨੂੰ ਦੋਆਬੀ ਕਿਹਾ ਜਾਂਦਾ ਹੈ। ਉਂਜ ਤਕਨੀਕੀ ਤੌਰ ’ਤੇ ਸਤਲੁਜ ਤੇ ਬਿਆਸ ਵਿਚਕਾਰਲੇ ਦੋਆਬ ਨੂੰ ਬਿਆਸ ਤੇ ਸਤਲੁਜ ਦੇ ਨਾਵਾਂ ਤੋਂ ਬਿਸਤ ਦੁਆਬ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਬਿਆਸ ਤੇ ਰਾਵੀ ਵਿਚਕਾਰ ਬਾਰੀ ਦੋਆਬ, ਰਾਵੀ ਤੇ ਚਨਾਬ ਦਰਮਿਆਨ ਰਚਨਾ ਦੋਆਬ ਅਤੇ ਚਨਾਬ ਤੇ ਜਿਹਲਮ ਦਰਮਿਆਨ ਜੱਚ/ਝੱਜ ਦੋਆਬ ਬਣਦੇ ਹਨ। ਜਿਹਲਮ ਤੇ ਚਨਾਬ ਦੇ ਸਿੰਧੂ ਦਰਿਆ ਨਾਲ ਬਣਨ ਵਾਲੇ ਦੋਆਬ ਨੂੰ ਸਿੰਧ ਸਾਗਰ ਦੋਆਬ ਦਾ ਨਾਂ ਦਿੱਤਾ ਗਿਆ ਹੈ।
ਆਖ਼ਰ ਬਿਆਸ ਕਰੀਬ 470 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਹਰੀਕੇ ਵਿੱਚ ਦਰਿਆ ਸਤਲੁਜ ਨਾਲ ਇਕ-ਮਿਕ ਹੋ ਕੇ ਲਹਿੰਦੇ ਵੱਲ ਹੋ ਤੁਰਦਾ ਹੈ। ਸਤਲੁਜ ਅਗਾਂਹ ਪਾਕਿਸਤਾਨ ਵਿਚ ਜ਼ਿਲ੍ਹਾ ਮੁਜ਼ੱਫ਼ਰਗੜ੍ਹ ਵਿਚ ਉੱਚ ਸ਼ਰੀਫ਼ ਨਾਮੀ ਸਥਾਨ ’ਤੇ ਚਨਾਬ ਨਾਲ ਮਿਲਦਾ ਹੈ, ਜਿੱਥੇ ਪੰਜਾਬ ਦੇ ਪੰਜੇ ਦਰਿਆਵਾਂ ਦੇ ਸੰਗਮ ਨਾਲ ਪੰਜ-ਨਦ ਬਣਦਾ ਹੈ, ਜਿਸ ਤੋਂ ਬਾਅਦ ਇਹ ਪੰਜ ਦਰਿਆਵਾਂ ਦਾ ਪੰਜ-ਨਦ ਹੋਰ 72 ਕਿਲੋਮੀਟਰ ਅਗਾਂਹ ਜਾ ਕੇ ਸਿੰਧੂ ਦਰਿਆ ਨਾਲ ਮਿਲ ਜਾਂਦਾ ਹੈ।
ਜਲ ਜੀਵਨ ਦੇ ਪੱਖ ਤੋਂ ਬਿਆਸ ਦਰਿਆ ਦੀ ਵਿਲੱਖਣ ਖ਼ੂਬੀ ਇਹ ਹੈ ਕਿ ਇਸ ਵਿਚ ਥੋੜੀ ਜਿਹੀ ਗਿਣਤੀ ਵਿਚ ਸਿੰਧੂ ਦਰਿਆਈ ਡੌਲਫਿਨ ਮੱਛੀਆਂ ਵੀ ਪਾਈਆਂ ਜਾਂਦੀਆਂ ਹਨ। ਇਹ ਦੱਖਣੀ ਭਾਰਤੀ ਦਰਿਆਈ ਡੌਲਫਿਨਾਂ ਦੀਆਂ ਦੋ ਕਿਸਮਾਂ ਵਿਚੋਂ ਇਕ ਹੈ। ਦੂਜੀ ਕਿਸਮ ਹੈ ਗੰਗਾ ਦਰਿਆਈ ਡੌਲਫਿਨ, ਜਿਹੜੀ ਭਾਰਤ ਭਰ ਦੇ ਵੱਖ-ਵੱਖ ਦਰਿਆਵਾਂ ਵਿਚ ਪਾਈ ਜਾਂਦੀ ਹੈ। ਇਸੇ ਤਰ੍ਹਾਂ ਮੁੱਖ ਤੌਰ ’ਤੇ ਸਿੰਧੂ ਦਰਿਆ ਵਿਚ ਮਿਲਣ ਵਾਲੀਆਂ ਸਿੰਧੂ ਦਰਿਆਈ ਡੌਲਫਿਨਾਂ ਨੂੰ ਇਕ ਸਮੇਂ ਭਾਰਤ ਵਿਚੋਂ ਲੋਪ ਹੋ ਗਈ ਮੰਨ ਲਿਆ ਗਿਆ ਸੀ, ਪਰ 2017 ਵਿਚ ਇਨ੍ਹਾਂ ਨੂੰ ਹਰੀਕੇ ਛੰਭ ਤੇ ਬਿਆਸ ਵਿਚ ਦੇਖਿਆ ਗਿਆ। ਪਰ ਬਿਆਸ ਦਰਿਆ ਅਤੇ ਇਸ ਦੇ ਜਲ ਜੀਵਨ ਲਈ ਬੜੀ ਹੀ ਬਿਪਤਾ ਮਈ 2018 ਵਿਚ ਆਈ, ਜਦੋਂ ਇਸ ਦੇ ਕੰਢੇ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਵਿੱਚ ਸਥਿਤ ਸ਼ੂਗਰ ਮਿਲ ਤੋਂ ਨਿਕਲੇ ਹੋਏ ਸੀਰੇ ਦਾ ਮਣਾਂ ਮੂੰਹੀਂ ਪਾਣੀ ਇਸ ਵਿਚ ਚੁੱਪ-ਚੁਪੀਤੇ ਵਹਾਅ ਦਿੱਤਾ ਗਿਆ, ਜਿਸ ਨਾਲ ਦਰਿਆ ਦਾ ਸਮੁੱਚਾ ਪਾਣੀ ਕਾਲਾ ਸਿਆਹ ਹੋ ਗਿਆ ਅਤੇ ਇਸ ਵਿਚਲੇ ਕਰੀਬ ਸਾਰੇ ਹੀ ਜਲਚਰ ਜੀਵ ਦਮ ਘੁਟਣ ਨਾਲ ਮਰ ਗਏ। ਇਹ ਪਾਣੀ ਪੀਣ ਨਾਲ ਵੀ ਅਨੇਕਾਂ ਜਾਨਵਰਾਂ ਦੀ ਮੌਤ ਹੋ ਗਈ। ਇਹ ਗੰਧਲਾ ਪਾਣੀ ਅਗਾਂਹ ਹਰੀਕੇ ਤੋਂ ਨਹਿਰਾਂ ਰਾਹੀਂ ਰਾਜਸਥਾਨ ਤੱਕ ਪੁੱਜਣ ਕਾਰਨ ਉਥੇ ਤੱਕ ਇਸ ਦਾ ਅਸਰ ਦੇਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਵਾਤਾਵਰਨ ਪੱਖੋਂ ਇਸ ਭਿਆਨਕ ਤ੍ਰਾਸਦੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਰਕਾਰ ਨੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ, ਸਗੋਂ ਉੱਪਰੋਂ ਦਰਿਆ ਵਿਚ ਵਾਧੂ ਪਾਣੀ ਛੱਡ ਕੇ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਲੋਕਾਂ ਨੂੰ ਕੀਤਾ ਗਿਆ ਜੁਰਮਾਨਾ ਵੀ ਉਨ੍ਹਾਂ ਵੱਲੋਂ ਅਦਾਲਤ ਦਾ ਬੂਹਾ ਖੜਕਾਏ ਜਾਣ ਕਾਰਨ ਵਸੂਲਿਆ ਨਹੀਂ ਜਾ ਸਕਿਆ। ਇਕ ਪਾਸੇ ਜਿਥੇ ਸਰਕਾਰ ਨੂੰ ਦਰਿਆਵਾਂ, ਇਨ੍ਹਾਂ ਦੇ ਪਾਣੀ ਤੇ ਜਲ-ਥਲ ਜੀਵਨ ਦੀ ਕੋਈ ਪ੍ਰਵਾਹ ਨਹੀਂ ਹੈ, ਉਥੇ ਹੁਣ ਇਸ ਵੱਲੋਂ ਕਰੀਬ 2200 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰਾਜੈਕਟ ਉਲੀਕਿਆ ਜਾ ਰਿਹਾ ਹੈ, ਤਾਂ ਕਿ ਜਲੰਧਰ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਲੋੜ ਬਿਆਸ ਤੋਂ ਪੂਰੀ ਹੋ ਸਕੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।
ਬਿਆਸ ਦਰਿਆ ਨਾਲ 8 ਜੂਨ, 2014 ਦੀ ਇਕ ਹੋਰ ਮੰਦਭਾਗੀ ਘਟਨਾ ਜੁੜੀ ਹੋਈ ਹੈ, ਜਦੋਂ ਮੰਡੀ ਜ਼ਿਲ੍ਹੇ ਵਿਚ ਹੈਦਰਾਬਾਦ ਦੇ ਇਕ ਇੰਜਨੀਅਰਿੰਗ ਕਾਲਜ ਦੇ 24 ਵਿਦਿਆਰਥੀਆਂ ਤੇ ਉਨ੍ਹਾਂ ਦੇ ਇਕ ਅਧਿਆਪਕ ਦੀ ਇਸ ਵਿਚ ਰੁੜ੍ਹਨ ਕਾਰਨ ਮੌਤ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟੇ ਲਈ ਆਏ ਹੋਏ ਇਹ ਵਿਦਿਆਰਥੀ ਘਟਨਾ ਵਾਲੀ ਥਾਂ ਪਾਣੀ ਨਾਲ ਖੇਡ ਰਹੇ ਸਨ ਕਿ ਅਚਾਨਕ ਵਹਿਣ ਦੇ ਉਪਰਲੇ ਪਾਸੇ ਸਥਿਤ ਲਾਰਜੀ ਹਾਈਡਰੋ ਪਾਵਰ ਸਟੇਸ਼ਨ ਤੋਂ ਭਾਰੀ ਮਾਤਰਾ ਵਿਚ ਵਾਧੂ ਪਾਣੀ ਦਰਿਆ ਵਿਚ ਛੱਡ ਦਿੱਤਾ ਗਿਆ।
ਸੰਪਰਕ: 95794-00005