ਕਰਮਜੀਤ ਸਕਰੱਲਾਂਪੁਰੀ
ਛੋਟੇ ਸਕੂਲ ’ਚ ਪੜ੍ਹਦਿਆਂ ਬੜੀਆਂ ਮੌਜਾਂ ਕੀਤੀਆਂ। ਉਨ੍ਹਾਂ ਵਿੱਚੋਂ ਕਈ ਯਾਦ ਵੀ ਨੇ। ਮੀਂਹ ’ਚ ਸਿਰਾਂ ’ਤੇ ਮੋਮੀ ਕਾਗਜ਼ ਦੇ ਲਿਫ਼ਾਫ਼ੇ ਬੰਨ੍ਹ ਕੇ ਨਾਹੁਣਾ, ਰੋਹੀਆਂ ’ਚ ਜਾਮਣਾਂ ਖਾਣੀਆਂ, ਅੰਬਾਂ ਦੇ ਬਾਗਾਂ ’ਚ ਜਾ ਕੇ ਅੰਬ ਚੂਪਣੇ। ਗੰਨਿਆਂ ਦੀਆਂ ਟਰਾਲੀਆਂ ’ਚੋਂ ਗੰਨੇ ਖਿੱਚਣੇ। ਅਮਰੂਦ ’ਤੇ ਅੰਗੂਰ ਤਾਂ ਭਾਵੇਂ ਟਾਵੇਂ-ਟਾਗੇਂ ਘਰਾਂ ’ਚ ਹੀ ਹੁੰਦੇ ਸਨ, ਪਰ ਫੇਰ ਵੀ ਅਸੀਂ ਦਾਅ ਲਾ ਲੈਂਦੇ ਸੀ। ਘਰਾਂ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਲਟਕਦੇ ਅਮਰੂਦ ਜਾਂ ਅੰਗੂਰਾਂ ਦੇ ਖੱਟੇ-ਮਿੱਠੇ ਗੁੱਛੇ ਤੋੜ ਕੇ ਕੂਕਾਂ ਮਾਰਦਿਆਂ ਨੇ ਭੱਜ ਜਾਣਾ। ਮਗਰੋਂ ਜਿਹੜੀਆਂ ਗਾਲ੍ਹਾਂ ਪੈਂਦੀਆਂ ਉਨ੍ਹਾਂ ਦਾ ਤਾਂ ਕਹਿਣਾ ਈ ਕਿਆ…। ਕਿਸੇ-ਕਿਸੇ ਕਿਸਮਤ ਵਾਲੇ ਦੇ ਘਰੇ ਤਾਂ ਉਲਾਂਭੇ ਵੀ ਪਹੁੰਚ ਜਾਂਦੇ ਸਨ।
ਇਨ੍ਹਾਂ ਸਾਰੇ ਸੁਆਦਾਂ ਉੱਤੇ ਬੇਬੇ ਦੀ ਬੇਰੀ ਦੇ ਬੇਰਾਂ ਦਾ ਸੁਆਦ ਭਾਰੂ ਪੈਂਦਾ ਸੀ। ਸੁਨਹਿਰੀ ਸੰਧੂਰੀ ਰੰਗੇ ਗੋਲ-ਗੋਲ ਬੇਰਾਂ ਦੀਆਂ ਕਿਆ ਰੀਸਾਂ…!!! ਛੋਟੀ ਜਿਹੀ ਗਿੱਟਕ ਤੇ ਗਿਦੋ …ਮੱਖਣੀ ਵਰਗੀ ਹੁੰਦੀ ਸੀ ਬੇਰਾਂ ਦੀ। ਬੇਰੀ ਫਲ਼ਦੀ ਵੀ ਬਹੁਤ ਸੀ। ਨਿੱਘੇ- ਨਿੱਘੇ ਦਿਨਾਂ ’ਚ ਅੱਧੀ ਛੁੱਟੀ ਨੂੰ ਅਸੀਂ ਬੇਬੇ ਦੀ ਬੇਰੀ ’ਤੇ ਜਾ ਹੱਲਾ ਬੋਲ ਦਿੰਦੇ। ਬੇਬੇ ਦਾ ਘਰ ਸਕੂਲ ਦੇ ਐਨ ਪਿੱਛੇ, ਚੜ੍ਹਦੇ ਪਾਸੇ ਨੂੰ ਸੀ। ਘਰ ਦੇ ਸੱਜੇ ਹੱਥ ਟੋਭਾ ਸੀ ਜਿੱਥੇ ਅਸੀਂ ਅੱਧੀ ਛੁੱਟੀ ਵੇਲੇ ਫੱਟੀਆਂ ਧੋਂਦੇ ਹੁੰਦੇ ਸਾਂ। ਬੇਬੇ ਦੇ ਘਰ ਤੋਂ ਥੋੜ੍ਹੀ ਦੂਰ ਦੇਵੀ ਮਾਤਾ ਦਾ ਮੰਦਰ ਅਤੇ ਗੁਰਦੁਆਰਾ ਸੀ। ਬੇਬੇ ਦੇ ਘਰ ਦਾ ਬੂਹਾ ਅਕਸਰ ਖੁੱਲ੍ਹਾ ਹੀ ਹੁੰਦਾ ਸੀ ਸਾਡੇ ਲਈ। ਘਰ ਕੱਚਾ ਸੀ ਜਿਸ ਵਿੱਚ ਇੱਕ ਕੋਠਾ, ਦੋ ਕੋਠੜੀਆਂ, ਇੱਕ ਝਲਾਨੀ ਅਤੇ ਇੱਕ ਛੱਪਰ ਸੀ। ਕੋਠੇ ਦੀਆਂ ਇੱਕ-ਦੋ ਕੰਧਾਂ ਹੀ ਪੱਕੀਆਂ ਸਨ। ਝਲਾਨੀ ਦੇ ਬਾਹਰ ਦੋ-ਤਿੰਨ ਘੜੇ ਪਏ ਹੁੰਦੇ ਸਨ। ਵਿਹੜਾ ਖੁੱਲ੍ਹਾ ਸੀ। ਇੱਕ ਖੂੰਜੇ ’ਚ ਨਲਕਾ ਹੁੰਦਾ ਸੀ। ਸਕੂਲ ’ਚ ਨਲਕਾ ਨਾ ਹੋਣ ਕਰਕੇ ਅਸੀਂ ਉੱਥੇ ਹੀ ਪਾਣੀ ਪੀਣ ਜਾਇਆ ਕਰਦੇ ਸਾਂ। ਪੰਚਾਇਤੀ ਖੜ੍ਹਵੀਆਂ ਇੱਟਾਂ ਨਾਲ ਬਣੀ ਹੋਈ ਗਲ਼ੀ ਦੇ ਨਾਲ-ਨਾਲ ਬੇਬੇ ਦੇ ਘਰ ਦੀ ਕੱਚੀ ਕੰਧ ਸੀ ਜਿਹਦੇ ਐਨ ਵਿਚਾਲੇ ਦਰਵਾਜ਼ਾ ਹੁੰਦਾ ਸੀ। ਇਹ ਗਲੀ ਸਾਡੇ ਸਕੂਲ ਮੂਹਰਲੇ ਚੌਂਕ ਤੋਂ ਸ਼ੁਰੂ ਹੋ ਕੇ ਬੇਬੇ ਦੇ ਘਰ ਮੂਹਰਿਉਂ ਹੁੰਦੀ ਹੋਈ ਚੋਈ ਨਾਲ ਜਾ ਲੱਗਦੀ ਸੀ। ਵਿਹੜੇ ਦੇ ਐਨ ਗੱਭੇ ਨਿੰਮ੍ਹ ਸੀ ਬਹੁਤ ਭਾਰੀ ਜਿਸਦਾ ਇੱਕ ਟਾਹਣਾ ਵੱਢ ਕੇ ਛੱਪਰ ਨੇੜੇ ਹੀ ਮੱਝ ਦੀ ਖੁਰਲੀ ਬਣਾਈ ਹੋਈ ਸੀ। ਦੋ ਬੱਕਰੀਆਂ ਵੀ ਬੰਨ੍ਹੀਆਂ ਹੁੰਦੀਆਂ ਸਨ ਮੱਝ ਕੋਲ ਹੀ। ਸੰਝ ਨੂੰ ਜਦ ਅਸੀਂ ਡੰਗਰ ਚਾਰਨ ਲਈ ਗਲੀ ’ਚੋਂ ਲੰਘਣਾ, ਬੇਬੇ ਆਪਣੀਆਂ ਬੱਕਰੀਆਂ ਤੇ ਮੱਝ ਸਾਡੇ ਡੰਗਰਾਂ ਨਾਲ ਹੀ ਹੱਕ ਦਿੰਦੀ ਸੀ। ਚੋਈ ਦੇ ਪਰਲੇ ਪਾਸੇ ਡੰਗਰਾਂ ਨੇ ਆਪਣੇ-ਆਪ ਚਰਦੇ ਰਹਿਣਾ ਤੇ ਅਸੀਂ ਕੌਡੀ ਖੇਲ੍ਹੀ ਜਾਣਾ। ਬੇਬੇ ਸਿਆਲ ਵਿਚ ਚਰਖਾ ਕੱਤਦੀ ਇਕ ਪਾਸੇ ਧੁੱਪੇ ਬੈਠੀ ਹੁੰਦੀ। ਕਦੇ ਉਹਨੇ ਚਿੱਟੀ ਚੁੰਨੀ ਦੀ ਬੁੱਕਲ ਮਾਰੀ ਹੁੰਦੀ ਤੇ ਕਦੇ ਕਾਲ਼ੀ ਚੁੰਨੀ ਦੀ। ਕੋਈ ਤੀਸਰਾ ਰੰਗ ਨਹੀਂ ਸੀ ਦੇਖਿਆ ਕਦੇ ਉਹਦੀ ਚੁੰਨੀ ਦਾ।
ਸਾਨੂੰ ਦੇਖਦੇ ਸਾਰ ਉਹਦੇ ਮੂੰਹੋਂ ਨਿਕਲਦਾ, ‘‘ਆਜੋ ਼਼…ਆਜੋ …ਬੂਝਿਓ…!! ਬੇਰੀ ਵਰਾਗੀ ਪਈ ਸੀ ਤੁਹਾਨੂੰ …ਮੈਂ ਕਦੋਂ ਦੀ ਵਰਾ ਰਹੀ ਹਾਂ ਇਹਨੂੰ… ਤੋੜ ਲਉ ਬੇਰ… ਰੱਜ ਕੇ ਖਾਉ, ਮੈਂ ਸਾਰੇ ਕੰਡੇ ਹੂੰਝ ਦਿੱਤੇ ਹੋਏ ਆ।’’
ਸਾਡੇ ਕਿਹੜਾ ਉਦੋਂ ਬੂਟ-ਚੱਪਲਾਂ ਪਾਏੇ ਹੁੰਦੇ ਸਨ, ਨੰਗੇ ਪੈਰੀਂ ਹੀ ਜਾਂਦੇ ਹੁੰਦੇ ਸਾਂ ਸਕੂਲ। ਬੇਬੇ ਸਾਡੇ ਨੰਗੇ ਪੈਰਾਂ ਦਾ ਵੀ ਖਿਆਲ ਰੱਖਦੀ ਸੀ। ਬੇਰ ਹੀ ਨਹੀਂ ਸਨ ਮਿੱਠੇ, ਬੇਬੇ ਦਾ ਮੋਹ-ਪਿਆਰ ਵੀ ਮਾਖਿਓਂ ਮਿੱਠਾ ਹੁੰਦਾ ਸੀ। ਉਹਦਾ ਹਰ ਕੰਮ ਕਰਨੇ ਨੂੰ ਸਾਡਾ ਜੀਅ ਕਰਦਾ ਹੁੰਦਾ ਸੀ। ਜਦੋਂ ਅਸੀਂ ਬੇਰ ਖਾ ਹਟਦੇ ਤਾਂ ਉਹ ਸਾਨੂੰ ਰੋਕ ਕੇ ਬੇਰਾਂ ਦੀਆਂ ਭਰੀਆਂ ਹੋਈਆਂ ਦੋ ਬਾਟੀਆਂ ਸਾਡੇ ਝੱਗਿਆਂ ਦੀ ਝੋਲੀ ’ਚ ਪਾਉਂਦੀ ਹੋਈ ਕਹਿੰਦੀ, “ਆਪਣੇ ਮਾਸਟਰਾਂ ਤੇ ਭੈਣਜੀਆਂ ਨੂੰ ਵੀ ਦੇ ਦਿਉ, ਉਨ੍ਹਾਂ ਦਾ ਵੀ ਹੱਕ ਹੈ ਬੇਰੀ ਦੇ ਬੇਰਾਂ ’ਤੇ।’’
ਊਂਅ… ਬੇਬੇ ਤਾਂ ਕਦੇ ਤੋਤਿਆਂ ਨੂੰ ਵੀ ਨਹੀਂ ਸੀ ਉਡਾਉਂਦੀ ਬੇਰ ਖਾਂਦਿਆਂ-ਟੁਕਦਿਆਂ ਨੂੰ। “ਉਹਨੂੰ ਕੁਦਰਤ ਦੀਆਂ ਚੀਜ਼ਾਂ ’ਤੇ ਕਬਜ਼ੇ ਕਰਨੇ ਨਹੀਂ ਸੀ ਆਉਂਦੇ।” ਸਾਰਾ ਪਿੰਡ ਉਹਦੀ ਏਹ ਸਿਫ਼ਤ ਜਰੂਰ ਕਰਦਾ ਸੀ।
ਬੇਬੇ ਦੀਆਂ ਤਿੰਨ ਕੁੜੀਆਂ ਹੀ ਸਨ, ਸਭ ਤੋਂ ਵੱਡੀ ਤਾਂ ਵਿਆਹੀ ਹੋਈ ਸੀ, ਉਹਦਾ ਤਾਂ ਸਾਨੂੰ ਉਦੋਂ ਨਾਉਂ ਵੀ ਨਹੀਂ ਸੀ ਪਤਾ। ਉਹਨੂੰ ਅਸੀਂ ਘੱਟ ਹੀ ਦੇਖਿਆ ਬੇਬੇ ਦੇ ਘਰ …ਸਹੁਰਿਆਂ ਤੋਂ ਆਈ ਹੋਈ ਹੀ ਸ਼ਾਇਦ ਕਦੇ ਦੇਖੀ ਹੋਊ …ਪਰ ਸੰਵਾਰ ਕੇ ਯਾਦ ਨਹੀਂ। ਉਹਦਾ ਵਿਆਹ ਤਾਂ ਸਾਡੀ ਸੋਝੀ ਤੋਂ ਪਹਿਲਾਂ ਹੋ ਚੁੱਕਿਆ ਸੀ। ਅੱਕੀ ਅਤੇ ਨਿੱਕੋ ਉਦੋਂ ਕੁਆਰੀਆਂ ਹੁੰਦੀਆਂ ਸਨ। ਦੋਵੇਂ ਹੀ ਸਾਥੋਂ ਕਾਫ਼ੀ ਵੱਡੀਆਂ ਸਨ। ਅੱਕੀ ਨੂੰ ਅਸੀਂ ਬੜੀ ਭੈਣ ਤੇ ਨਿੱਕੋ ਨੂੰ ਛੋਟੀ ਭੈਣ ਕਹਿੰਦੇ ਹੁੰਦੇ ਸੀ। ਉਹ ਵੀ ਬੇਬੇ ਕੋਲ਼ ਸੂਤ ਨਾਲ਼ ਬੁਣੇ ਮੰਜੇ ’ਤੇ ਬੈਠੀਆਂ ਚਾਦਰਾਂ-ਸਿਰਹਾਣਿਆਂ ਉੱਤੇ ਫੁੱਲ ਬੂਟੀਆਂ ਕੱਢਦੀਆਂ ਹੁੰਦੀਆਂ ਸਨ। ਜਦ ਅਸੀਂ ਛੇਵੀਂ ਸੱਤਵੀਂ ’ਚ ਹੋਏ, ਅੱਕੀ ਭੈਣ ਤੇ ਨਿੱਕੋ ਭੈਣ ਦੇ ਵੀ ਵਾਰੀ-ਵਾਰੀ ਵਿਆਹ ਹੋ ਗਏ ਸਨ।
ਬੇਬੇ ਦਾ ਸਾਡੇ ਪ੍ਰਾਇਮਰੀ ਸਕੂਲ ਦੇ ਮਾਸਟਰ ਭੈਣਜੀਆਂ ਨਾਲ ਵੀ ਨਿੱਘਾ ਰਿਸ਼ਤਾ ਸੀ। ਉਹ ਵੀ ਬੇਬੇ ਨੂੰ ਸਕੂਲ ਦੇ ਸਾਰੇ ਪ੍ਰੋਗਰਾਮਾਂ ’ਚ ਬੁਲਾੳਂਦੇ, ਬੇਬੇ ਆ ਵੀ ਜਾਂਦੀ ਸੀ ਪਰ ਪੰਦਰਾਂ ਅਗਸਤ ਨੂੰ ਨਾ ਉਹ ਸਕੂਲ ਆਉਂਦੀ ਤੇ ਨਾ ਹੀ ਘਰ ਦਾ ਬੂਹਾ ਖੋਲ੍ਹਦੀ।
ਅਸੀਂ ਛੋਟੇ ਹੁੰਦਿਆਂ ਕਦੇ ਇਹਦੇ ਬਾਰੇ ਸੋਚਿਆ-ਸਮਝਿਆ ਹੀ ਨਹੀਂ…। ਉਦੋਂ ਤਾਂ ਬਸ ਖੇਡਾਂ, ਮੌਜ ਮਸਤੀ ਜਾਂ ਫਿਰ ਬੇਰ…। ਬੇਬੇ ਨੂੰ ਅਸੀਂ “ਬੇਰੀ ਆਲ਼ੀ ਬੇਬੇ’’ ਕਹਿੰਦੇ ਹੁੰਦੇ ਸੀ। ਉਦੋਂ ਤਾਂ ਸਾਨੂੰ ਬੇਬੇ ਦਾ ਨਾਉਂ ਵੀ ਨਹੀਂ ਸੀ ਪਤਾ ਹੁੰਦਾ।
ਖਿੱਚ-ਧੂਹ ਕੇ ਮੈਂ ਬਾਰਵੀਂ ਕਰ ਲਈ ਸੀ। ਬਾਅਦ ’ਚ ਇਲੈੱਕਟ੍ਰੀਸ਼ਨ ਟਰੇਡ ਰੱਖ ਕੇ ਆਈ.ਟੀ.ਆਈ. ਵੀ ਕਰ ਲਈ ਸੀ, ਬਸੀ ਪਠਾਣਾਂ ਤੋਂ ਪਰ ਕੋਈ ਨੌਕਰੀ ਨਾ ਮਿਲੀ… ਨੌਕਰੀ ਦੀ ਬਹੁਤੀ ਉਡੀਕ ਵੀ ਨਹੀਂ ਕੀਤੀ। ਫਿਰ ਵੱਡੇ ਤਾਏ ਦੇ ਮੁੰਡੇ ਤਾਰੇ ਨਾਲ ਕੁਵੈਤ ਨੂੰ ਜਹਾਜ਼ ਚੜ੍ਹ ਗਿਆ। ਉਹ ਤਾਂ ਪਹਿਲਾਂ ਹੀ ਉਧਰ ਸੀ। ਜਾਂਦਿਆਂ ਹੀ ਉਹਨੇ ਉਧਰ ਕੰਮ ’ਤੇ ਲਵਾ ਦਿੱਤਾ। ਬਹੁਤ ਵਧੀਆ ਮੁਲਕ। ਕੰਮ ਤੋਂ ਵਿਹਲੇ ਹੋ ਕੇ ਅਸੀਂ ਸ਼ਾਮ ਨੂੰ ਘੁੰਮਣ-ਫਿਰਨ ਚਲੇ ਜਾਣਾ। ਜਿੰਨੇ ਨਜ਼ਾਰੇ ਉਨੀਆਂ ਹੀ ਉਧਰ ਤਰੱਕੀਆਂ …ਬਾਹਲ਼ੀਆਂ ਤਰੱਕੀਆਂ ਨੇ ਜੀ ਉਧਰ। ਅਸੀਂ ਉੱਥੋਂ ਪੈਸੇ ਕਮਾ-ਕਮਾ ਕੇ ਪਿੰਡ ਭੇਜਦੇ ਰਹੇ। ਐਧਰ ਬਾਪੂ ਨੇ ਸਾਰਾ ਘਰ ਢਾਹ ਕੇ ਨਵਾਂ ਬਣਾ ‘ਤਾ। ਫ਼ੋਟੋਆਂ ਖਿੱਚ ਕੇ ਵੀ ਭੇਜੀਆਂ ਸਨ ਮੈਨੂੰ ਉੱਥੇ ਸਾਰੇ ਘਰ ਦੀਆਂ। ਅਖੰਡ ਪਾਠ ਦੇ ਭੋਗ ਦੀਆਂ ਫ਼ੋਟੋਆਂ ਭੇਜੀਆਂ ਸਨ। ਫਿਰ ਸੱਤ-ਅੱਠ ਸਾਲਾਂ ਬਾਅਦ ਇਰਾਕ ਯੁੱਧ ਦੇ ਡਰੋਂ ਮੈਂ ਤੇ ਤਾਰਾ ਪੱਕੇ ਤੌਰ ’ਤੇ ਈ ਪਿੰਡ ਆ ਗਏ। ਏਧਰ ਆ ਕੇ ਸ਼ਾਹਿਰ ’ਚ ਤਾਰੇ ਅਤੇ ਮੈਂ ਰਲ਼ ਕੇ ਹਾਰਡਵੇਅਰ ਦੀ ਦੁਕਾਨ ਖੋਲ੍ਹ ਲਈ। ਤਾਰੇ ਦੀ ਛੋਟੀ ਸਾਲ਼ੀ ਨਾਲ ਹੀ ਮੇਰਾ ਵਿਆਹ ਹੋ ਗਿਆ। ਭਾਬੀ ਵੀ ਸਾਡੀ ਬਹੁਤ ਸੁਨੱਖੀ ਸੀ। ਉਹਨੇ ਆਪਣੀ ਛੋਟੀ ਭੈਣ ਨਿੰਦੋ ਦੀ ਗੱਲ ਤਾਰੇ ਰਾਹੀਂ ਮੇਰੇ ਨਾਲ ਕੀਤੀ। ਤਾਰੇ ਦੇ ਵਿਆਹ ’ਚ ਰਬਿਨ ਕਟਵਾਉਣ ਵੇਲੇ ਮੈਂ ਉਹ ਪਹਿਲਾਂ ਹੀ ਦੇਖੀ ਹੋਈ ਸੀ। ਆਪਾਂ ਪਟੱਕ ਦੇ ਕੇ ਹਾਂ ਕਰ ਦਿੱਤੀ। ਖ਼ੈਰ! ਸਾਡਾ ਵਿਆਹ ਹੋ ਗਿਆ।
ਜ਼ਿੰਦਗੀ ਦੀ ਦੂਸਰੀ ਪਾਰੀ ਸ਼ੂਰੂ ਹੋ ਗਈ ਸੀ। ਐਨੇ ਸਾਲ ਬੇਰੀ ਆਲ਼ੀ ਬੇਬੇ ਦਾ ਚੇਤਾ ਜਿਵੇਂ ਭੁੱਲਿਆ ਜਿਹਾ ਹੀ ਰਿਹਾ।
ਫਿਰ ਇੱਕ ਦਿਨ ਸਾਡੇ ਪਿੰਡ ’ਚ ਬਾਜ਼ੀ ਪੈਣੀ ਸੀ। ਢੋਲੀ ਸਾਰੇ ਪਿੰਡ ’ਚ ਮੁਨਿਆਦੀ ਕਰ ਗਿਆ ਸੀ। ਗੁਰਦੁਆਰੇ ਦੇ ਸਪੀਕਰ ਰਾਹੀਂ ਅਨਾਊਂਸਮੈਂਟ ਵੀ ਹੋ ਗਈ ਸੀ। ਤੀਜੇ ਪਹਿਰ ਸਕੂਲ ਮੂਹਰਲੇ ਚੌਂਕ ਵਿਚ ਸਾਰਾ ਪਿੰਡ ‘ਕੱਠਾ ਹੋ ਗਿਆ। ਮੈਂ ਵੀ ਬਾਜ਼ੀ ਦੇਖਣ ਗਿਆ। ਬਾਜ਼ੀ ਦੇਖ ਕੇ ਮੁੜਨ ਲੱਗਿਆਂ ਮੇਰੀ ਨਿਗ੍ਹਾ ਬੇਬੇ ਦੇ ਘਰ ਦੇ ਖੁੱਲ੍ਹੇ ਬੂਹੇ ’ਤੇ ਪੈ ਗਈ। ਮੇਰੇ ਪੈਰ ਆਪਣੇ-ਆਪ ਉਧਰ ਨੂੰ ਤੁਰ ਪਏ।
ਬੇਬੇ ਸਾਹਮਣੇ ਹੀ ਬੈਠੀ ਸੀ। ਬਹੁਤ ਕਮਜ਼ੋਰ ਹੋਈ ਪਈ ਸੀ ਹੁਣ ਤਾਂ। ਕੋਲ ਹੀ ਨਿੱਕੋ ਭੈਣ ਕੁੰਡੀ-ਸੋਟੇ ’ਚ ਸ਼ਾਇਦ ਮਸਾਲਾ ਕੁੱਟ ਰਹੀ ਸੀ। ਮੈਂ ਜਾਂਦਿਆਂ ਹੀ ਸਾਸਰੀ ਕਾਲ ਬੁਲਾਈ। ਬੇਬੇ ਨੂੰ ਮੱਥਾ ਟੇਕਿਆ। ਸਟੂਲ ਖਿੱਚ ਕੇ ਮੈਂ ਬੇਬੇ ਕੋਲ ਹੀ ਬੈਠ ਗਿਆ।
ਬੇਬੇ ਨੇ ਆਪਣੀ ਕਾਲ਼ੀ ਫ਼ਰੇਮ ਵਾਲੀ, ਮੋਟੇ ਸ਼ੀਸ਼ਿਆਂ ਵਾਲੀ ਐਨਕ ਸੰਵਾਰਦਿਆਂ ਉਤਾਂਹ ਨੂੰ ਵੇਖਕੇ ਹੌਲੀ ਜਿਹੀ ਕਿਹਾ, “ਜਿਉਂਦਾ ਰਹੁ ਬੂਝਾ…।’’ ਪਤਾ ਨਹੀਂ ਮੈਂ ਬੇਬੇ ਨੂੰ ਕਿੰਨੇ ਸਾਲਾਂ ਬਾਅਦ ਦੇਖ ਰਿਹਾ ਸੀ।
“ਬੂਝਾ… ਮੈਂ ਪਛਾਣਿਆ ਨੀ ਤੈਨੂੰ?’’
“ਬੇਬੇ…!! ਮੈਂ ਪਿੰਡ ਦਾ ਈ ਹਾਂ ਬਜਾਜੀ ਦਾ ਪੋਤਾ ਜੀਤੀ।”
ਸਾਡਾ ਦਾਦਾ ਕੱਪੜਾ ਵੇਚਦਾ ਹੁੰਦਾ ਸੀ। ਉਹਨੂੰ ਸਾਰੇ ਬਜਾਜੀ ਕਹਿੰਦੇ ਹੁੰਦੇ ਸਨ ਪਿੰਡ ’ਚ। ਬੇਬੇ ਵੀ ਮੇਰੇ ਦਾਦੇ ਤੋਂ ਲੀੜਾ-ਲੱਤਾ ਲਿਆ ਕਰਦੀ ਸੀ।
“ਆ ਗਿਆ ਚੇਤੇ …ਜੀਤੀ ਐਂ ਤੂੰ। ਬੂਝਾ …ਤੂੰ ਤਾਂ ਕਹਿੰਦੇ ਬਾਹਰਲੇ ਮੁਲਖ ਗਿਆ ਹੋਇਆ ਸੀ, ਬਹੁਤ ਚਿਰ ਹੋ ਗਿਆ ਦੇਖਿਆਂ…” ਐਨਾ ਕਹਿ ਬੇਬੇ ਨੇ ਮੇਰੇ ਸਿਰ ’ਤੇ ਪਿਆਰ ਦਿੱਤਾ। “ਹਾਂ …ਬੇਬੇ! ਪਰ ਹੁਣ ਪੱਕਾ ਈ ਆ ਗਿਆ।” ਮੇਰਾ ਜੁਆਬ ਸੀ। ਬਹੁਤ ਗੱਲਾਂ ਕੀਤੀਆਂ। ਨਿੱਕੋ ਭੈਣ ਨੇ ਸਟੀਲ ਦੇ ਗਿਲਾਸ ’ਚ ਚਾਹ ਫੜਾ ‘ਤੀ। ਗੱਲਾਂ ਕਰਦਿਆਂ ਮੈਂ ਸਾਰੇ ਘਰ ਵੱਲ ਨਿਗ੍ਹਾ ਮਾਰੀ। ਬੇਰੀ ਤਾਂ ਹੁਣ ਪੂਰੀ ਤਰ੍ਹਾਂ ਸੁੱਕ ਗਈ ਸੀ। ਦੋਵਾਂ ਕੋਠੜੀਆਂ ਦੀ ਥਾਂ ਲੰਮਾ ਬਰਾਂਡਾ ਬਣਿਆ ਹੋਇਆ ਸੀ। ਬਰਾਂਡੇ ਦੇ ਅੰਦਰ ਹੀ ਰਸੋਈ ਸੀ। ਨਲਕੇ ਦੇ ਨਾਲ ਟੂਟੀ ਵੀ ਲੱਗੀ ਹੋਈ ਸੀ। ਕੱਚੀ ਕੰਧ ਪੱਕੀ ਹੋ ਗਈ ਸੀ। ਗਲੀ ’ਚ ਹੋਰ ਵੀ ਕਈ ਘਰ ਪੈ ਗਏ ਸਨ ਪਰ ਨਿੰਮ੍ਹ ਦੇ ਟਾਹਣੇ ਵਾਲੀ ਖੁਰਲੀ ਸੁੰਨੀ ਪਈ ਸੀ।
ਬੇਬੇ ਨਾਲ਼ ਗੱਲਾਂ ਕਰਦਿਆਂ ਦਿਲ ਬਹੁਤ ਉਦਾਸ ਹੋ ਗਿਆ। ਬੇਬੇ ਦੇ ਸਿਰ ਉੱਤੇ ਤਾਂ ਮੁਸੀਬਤਾਂ ਦੇ ਤੂਫ਼ਾਨ ਝੁੱਲ ਰਹੇ ਸਨ। ਆਪ ਤਾਂ ਉਹ ਕੈਂਸਰ ਦੀ ਮਰੀਜ਼ ਸੀ ਪਰ ਉਹਨੂੰ ਇਸ ਨਾਲੋਂ ਵੀ ਵੱਡਾ ਦੁੱਖ ਨਿੱਕੋ ਭੈਣ ਦਾ ਸੀ।
ਨਿੱਕੋ ਭੈਣ ਦਾ ਪ੍ਰਾਹੁਣਾ ਦਿੱਲੀ ’ਚ ਟੈਕਸੀ ਡਰਾਈਵਰ ਸੀ। ਚੁਰਾਸੀ ਦੇ ਦੰਗਿਆਂ ’ਚ ਬਚਦੇ-ਬਚਾਉਂਦੇ ਉਹ ਕਿਸੇ ਤਰ੍ਹਾਂ ਰਾਤ-ਬਰਾਤੇ ਪੰਜਾਬ ਆ ਗਏ ਸਨ। ਬਾਕੀ ਤਾਂ ਦਿੱਲੀ ਨੇ ਉਹਦਾ ਸਾਰਾ ਘਰ-ਬਾਰ ਲੁੱਟ ਲਿਆ ਸੀ। ਜੇ ਕੁਝ ਬਚਿਆ ਸੀ ਤਾਂ ਬਸ ਉਨਾਂ ਦੀ ਜਾਨ ਬਚੀ ਸੀ। ਨਿੱਕੋ ਭੈਣ ਦਾ ਘਰਵਾਲਾ ਇਸ ਕਰਕੇ ਬਚ ਗਿਆ ਕਿ ਉਸ ਨੇ ਵਾਲ਼ ਕੱਟੇ ਹੋਏ ਸਨ। ਬੇਬੇ ਕਹਿੰਦੀ ਜਦ ਉਹ ਏਧਰ ਪੰਜਾਬ ਆਪਣੇ ਘਰ ਸਮਰਾਲੇ ਆ ਗਏ ਤਾਂ ਕਿਤੇ ਮੇਰੀ ਜਾਨ ’ਚ ਜਾਨ ਆਈ ਸੀ ਪਰ ਕੀ ਪਤਾ ਸੀ ਮੌਤ ਐਥੇ ਵੀ ਆ ਘੇਰੇਗੀ। ਚੁਰਾਸੀ ਤੋਂ ਬਾਅਦ ਪੰਜਾਬ ’ਚ ਜਿਹੜਾ ਕਾਲਾ ਦੌਰ ਚੱਲਿਆ ਉਹਦੀ ਲਪੇਟ ਵਿਚ ਨਿੱਕੋ ਭੈਣ ਦਾ ਪ੍ਰਾਹਣਾ ਕੇਹਰ ਸਿਹੁੰ ਆ ਗਿਆ। ਬੇਬੇ ਕਹਿੰਦੀ, ਖਾੜਕੂਆਂ ਨੇ ਉਸ ਤੋਂ ਕਾਰ ਖੋਹਣ ਲੱਗਿਆਂ ਗੋਲ਼ੀ ਮਾਰਤੀ ਸੀ। ਉਧਰ ਕਾਰ ਵਿਚ ਸਵਾਰ ਖਾੜਕੂਆਂ ਨੇ ਕਿਤੇ ਕੋਈ ਵਾਰਦਾਤ ਕਰ ਦਿੱਤੀ ਤਾਂ ਕਾਰ ਦੀ ਸ਼ਨਾਖਤ ਕਰਕੇ ’ਚ ਪੁਲੀਸ ਨਿੱਕੋ ਭੈਣ ਦੇ ਸਹੁਰੇ ਘਰ ਗੇੜੇ ਮਾਰਨ ਲੱਗੀ। ਨਵੀਂ ਪਰੇਸ਼ਾਨੀ ਖੜ੍ਹੀ ਹੋ ਗਈ ਸੀ। ਨਿੱਤ ਦੇ ਗੇੜਿਆਂ ਤੋਂ ਤੰਗ ਪਰੇੇਸ਼ਾਨ ਨਿੱਕੋ ਭੈਣ ਆਪਣੇ ਮੁੰਡੇ ਨੂੰ ਲੈ ਕੇ ਸਹੁਰਿਆਂ ਦੀ ਸਹਿਮਤੀ ਨਾਲ ਬੇਬੇ ਕੋਲ ਹੀ ਆ ਗਈ ਸੀ। ਸਾਡੇ ਪਿੰਡ ਵਾਲਿਆਂ ਨੇ ਉਹਨੂੰ ਐਥੇ ਤੱਤੀ ਵਆ ਨਹੀਂ ਸੀ ਲੱਗਣ ਦਿੱਤੀ।
ਬੇਬੇ ਨੇ ਗੱਲਾਂ ਦੱਸਦਿਆਂ ਐਨਕਾਂ ਚੁੱਕ ਕੇ ਆਪਣੇ ਹੰਝੂ ਚਿੱਟੇ ਝੋਨੇ ਨਾਲ ਪੂੰਝਦਿਆਂ ਕਿਹਾ, “ਬੂਝਾ …ਰੱਬ ਨੇ ਮੇਰੇ ਕਰਮਾਂ ’ਚ ਦੁੱਖ ਈ ਦੁੱਖ ਲਿਖੇ ਹੋਏ ਐ …ਮੈਨੂੰ ਤਾਂ ਆਪਣੇ ਦੁੱਖ ਹੀ ਨਹੀਂ ਭੁੱਲੇ ਅਜੇ ਤਾਈਂ, ਹੁਣ ਮੇਰੀ ਧੀ ਨਿੱਕੋ ਵੀ ਵਿਚਾਰੀ…।’’ ਇਹ ਕਹਿੰਦਿਆਂ ਉਹ ਬੋਲਦੀ-ਬੋਲਦੀ ਰੁਕ ਗਈ। ਉਸ ਨੂੰ ਖੰਘ ਛਿੜ ਗਈ ਸੀ ਬਹੁਤ ਜ਼ੋਰ ਦੀ। ਨਿੱਕੋ ਭੈਣ ਨੇ ਸੁਆਹ ਪਾ ਕੇ ਤਸਲਾ ਕੋਲ ਨੂੰ ਖਿੱਚਿਆ ਤੇ ਪਾਣੀ ਦਾ ਗਿਲਾਸ ਦਿੱਤਾ। ਕੋਸੇ ਪਾਣੀ ਦਾ ਘੁੱਟ ਭਰਦਿਆਂ ਬੇਬੇ ਦੀ ਖੰਘ ਹੌਲੀ ਹੌਲੀ ਟਿਕ ਗਈ।
ਘਰ ਦਾ ਖਰਚਾ-ਪਾਣੀ ਸਮਰਾਲੇ ਵਾਲੇ ਕਰਦੇ ਸਨ ਪਰ ਬੇਬੇ ਦੀ ਦਵਾਈ-ਬੂਟੀ ਅੱਕੀ ਭੈਣ ਹੋਰੀਂ ਕਰਦੇ ਸਨ। ਉਹਦਾ ਸਹੁਰਾ ਪਰਿਵਾਰ ਕਹਿੰਦੇ ਵਧੀਆ ਗ਼ੁਜ਼ਾਰੇ ’ਚ ਸੀ।
ਮੇਰੇ ਮਨ ’ਚ ਆਇਆ ‘ਕਾਸ਼! …ਕੁਵੈਤ ’ਚ ਹੁੰਦਿਆਂ ਬੇਬੇ ਦੀਆਂ ਮੁਸੀਬਤਾਂ ਦਾ ਪਤਾ ਹੁੰਦਾ, ਥੋੜ੍ਹਾ ਬਹੁਤਾ ਮੈਂ ਵੀ ਕਰ ਦਿੰਦਾ’।
ਮੈਂ ਬੇਬੇ ਨੂੰ ਹੋਰ ਬੁਲਾਉਣਾ ਠੀਕ ਨਾ ਸਮਝਿਆ। ਬਾਹਰ ਬੱਦਲਵਾਈ ਹੋਣ ਕਰਕੇ ਨਿੱਕੋ ਭੈਣ ਨਾਲ ਬੇਬੇ ਦਾ ਮੰਜਾ ਬਰਾਂਡੇ ’ਚ ਕਰਵਾਇਆ। ’ਨੇਰੀ ਦਾ ਮੌਸਮ ਹੋ ਗਿਆ ਸੀ, ਬਿਜਲੀ ਗੁੱਲ ਹੋ ਗਈ। ਅੱਕੀ ਭੈਣ ਨੇ ਆਲ਼ੇ ’ਚ ਪਿਆ ਦੀਵਾ ਜਗਾ ਕੇ ਚਾਨਣਾ ਕਰ ਲਿਆ ਸੀ।
“ਚੰਗਾ ਭੈਣ ਮੈਂ ਚਲਦਾਂ…!!’’ ਐਨਾ ਕਹਿ ਕੇ ਮੈਂ ਮੁੜ ਆਇਆ।
ਮੁੜਦਿਆਂ ਰਾਹ ’ਚ ਮੇਰੇ ਦਿਮਾਗ ’ਚ ਉਹ ਗੱਲ ਆ ਗਈ ਜੋ ਹੁਣ ਤੱਕ ਪਹਿਲਾਂ ਕਦੇ ਨਹੀਂ ਸੀ ਆਈ। ਮੈਂ ਕਦੇ ਵੀ ਬੇਬੇ ਦੇ ਘਰਵਾਲ਼ੇ ਬਾਰੇ ਨਾ ਸੁਣਿਆ ਨਾ ਉਹਨੂੰ ਦੇਖਿਆ ਸੀ। ਛੋਟੇ ਹੁੰਦਿਆਂ ਵੀ ਨਹੀਂ। ਸ਼ਾਇਦ ਕਦੇ ਨਹੀਂ। …ਨਹੀਂ …ਉਹਨੂੰ ਕਦੇ ਨਹੀਂ ਸੀ ਦੇਖਿਆ। …ਨਾ ਹੀ ਏਸ ਪਾਸੇ ਕਦੇ ਸੋਚਿਆ, ਫਿਰ ਕੁਵੈਤ ਨੂੰ ਉੱਡ ਗਏ। ਉੱਥੇ ਤਾਂ ਬਸ ਪੈਸੇ ਕਮਾਉਣੇ ਹੁੰਦੇ ਸੀ… ਉੱਥੇ ਨਾ ਬੇਬੇ ਯਾਦ ਆਈ ਕਦੇ… ਨਾ ਬੇਰ…।
ਉਸ ਰਾਤ ਮੀਂਹ ਵੀ ਬਹੁਤ ਪਿਆ ਤੇ ‘ਨ੍ਹੇਰੀ ਵੀ ਬਹੁਤ ਚੱਲੀ। ਮੈਂ ਬੇਬੇ ਦੇ ਘਰੋਂ ਕੁਵੇਲੇ ਹੀ ਆਇਆ ਸੀ ਪਰ ਦੂਸਰੇ ਦਿਨ ਪਹੁ-ਫੁਟਾਲਾ ਹੁੰਦਿਆਂ, ਬਾਹਰ ਜਿਵੇਂ ਹੀ ਲੋਕਾਂ ਦੀ ਆਵਾਜਾਈ ਵਧੀ ਤਾਂ ਇੱਕ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ “ਬੇਰੀ ਆਲ਼ੀ ਬੇਬੇ’’ ਰਾਤ ਚੜ੍ਹਾਈ ਕਰ ਗਈ।
ਸੁਣ ਕੇ ਮੈਂ ਹੈਰਾਨ ਸੀ, ਮੈਨੂੰ ਲੱਗਿਆ ਜਿਵੇਂ ਮੇਰਾ ਮਿਲਣਾ ਹੀ ਬਾਕੀ ਸੀ ਬਸ। ਖ਼ੈਰ! ਦਿਨ ਚੜ੍ਹਦੇ ਹੀ ਲੋਕ ਬੇਬੇ ਦੇ ਵਿਹੜੇ ’ਚ ’ਕੱਠੇ ਹੋਣੇ ਸ਼ੁਰੂ ਹੋ ਗਏ ਸਨ। ਮੈਂ ਉਸ ਦਿਨ ਤਾਰੇ ਬਾਈ ਨਾਲ ਦੁਕਾਨ ’ਤੇ ਨਾ ਗਿਆ। ਦਿਨ ਚੜ੍ਹੇ ਮੈਂ ਇੱਕ ਦੋ ਕਿਕਰ ਦੀਆਂ ਲੱਕੜਾਂ ਲੈ ਕੇ ਬੇਬੇ ਦੇ ਘਰ ਵੱਲ ਨੂੰ ਤੁਰ ਪਿਆ। ਸਕੂਲ ਵਾਲੇ ਚੌਂਕ ’ਚ ਖੜ੍ਹੀ ਟਰਾਲੀ ਵਿੱਚ ਹੋਰ ਵੀ ਲੋਕ ਲੱਕੜਾਂ-ਪਾਥੀਆਂ ਰੱਖ ਰਹੇ ਸਨ।
ਉੱਥੇ ਕੋਲੋਂ ਲੰਘਦੇ ਗਦਰੀ ਬਾਬੇ ਨੇ ਮੈਨੂੰ ਹਾਕ ਮਾਰ ਕੇ ਕਿਹਾ, “ਜੀਤੀ ਪੁੱਤ! …ਜਦ ਦਾਗ਼ ਲਾਉਣ ਜਾਓਗੇ ਤਾਂ ਮੈਨੂੰ ਹਾਕ ਮਾਰ ਲਿਉ… ਮੈਂ ਬਾਹਰ ਬਾੜੇ ਵਿਚ ਈ ਹੋਊਂਗਾ…।”
“ਠੀਕ ਐ ਬਾਬਾ ਜੀ’’ ਮੇਰਾ ਜਵਾਬ ਸੀ।
ਅੰਦਰ ਵਿਹੜੇ ’ਚ ਨਿੱਕੋ ਭੈਣ ਦੀਆਂ ਕੂਕਾਂ ਆਸਮਾਨ ਪਾੜ ਰਹੀਆਂ ਸਨ। ਮਾਵਾਂ-ਧੀਆਂ ਦਾ ਵਿਛੋੜਾ ਬੜਾ ਹੀ ਦਿਲ-ਕੰਬਾਊ ਹੁੰਦੈ। ਤੀਵੀਆਂ ਉਹਦੇ ਗਲ਼ ਲੱਗ-ਲੱਗ ਕੇ ਉਸ ਦਾ ਦੁੱਖ ਵੰਡਾ ਰਹੀਆਂ ਸਨ। ਅੱਕੀ ਭੈਣ ਅਤੇ ਉਸ ਤੋਂ ਵੱਡੀ ਭੈਣ ਵੀ ਲਗਭਗ ਹੀ ਸਾਰੇ ਆ ਚੁੱਕੇ ਸਨ। ਵਿਹੜੇ ਵਿਚ ਚੀਕ-ਚਿਹਾੜਾ ਵਧ ਗਿਆ ਸੀ। ਅਸੀਂ ਉਹ ਨਿੰਮ ਦਾ ਟਾਹਣਾ ਵੀ ਪਾੜ ਕੇ ਟਰਾਲੀ ’ਚ ਰੱਖ ਲਿਆ ਜਿਹਦੀ ਕਦੇ ਖੁਰਲੀ ਬਣਾਈ ਹੋਈ ਸੀ।
ਤੀਵੀਆਂ ਨੇ ਬੇਬੇ ਨੂੰ ਇਸ਼ਨਾਨ ਕਰਵਾਇਆ ਤੇ ਬਾਕੀ ਰਸਮਾਂ ਕਰਵਾ ਕੇ ਸਾਰੇ ਸ਼ਮਸ਼ਾਨਘਾਟ ਨੂੰ ਤੁਰ ਪਏ। ਮੈਂ ਗਦਰੀ ਬਾਬੇ ਨੂੰ ਨਾਲ ਲੈ ਕੇ ਪੁੱਜ ਗਿਆ। ਲਗਭਗ ਸਾਰਾ ਪਿੰਡ ਹੀ ਉੱਥੇ ਮੌਜੂਦ ਸੀ।
ਚਿਖਾ ਅਗਨ ਭੇਂਟ ਕੀਤੀ। ਡੱਕਾ ਪਾਉਣ ਵੇਲੇ ਗਦਰੀ ਬਾਬੇ ਦੇ ਬੋਲ “…ਮਾਫ਼ ਕਰੀਂ ਭਾਈ ਬਸੰਤ ਕੁਰੇ ਜੇ ਹੋ ਸਕੇ …ਸਾਰੇ ਪਿੰਡ ਨੂੰ …ਕੌਮ ਨੂੰ …ਇਸ ਮੁਲਕ ਨੂੰ।’’ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ।
“ਕਾਹਦੀ ਮਾਫ਼ੀ….?’’ ਮੇਰੇ ਮਨ ’ਚ ਇਕਦਮ ਸੁਆਲ ਉੱਠਿਆ। ਸਸਕਾਰ ਮਗਰੋਂ ਮੈਂ ਗਦਰੀ ਬਾਬੇ ਨਾਲ ਹੀ ਉਸ ਦੇ ਬਾੜੇ ’ਚ ਆ ਗਿਆ। ਗਦਰੀ ਬਾਬਾ ਸਾਡੇ ਪਿੰਡ ਦਾ ਸਭ ਤੋਂ ਬਜ਼ੁਰਗ ਬੰਦਾ ਸੀ। ਉਮਰ ਉਦੋਂ ਹੋਊ ਸ਼ਾਇਦ ਅੱਸੀ-ਪਚਾਸੀ ਸਾਲ, ਜਾਂ ਦੋ ਚਾਰ ਸਾਲ ਹੋਰ ਏਧਰ ਉਧਰ। ਬਹੁਤਾ ਖੜ੍ਹ-ਬੈਠ ਤਾਂ ਨਹੀਂ ਸੀ ਸਕਦਾ ਪਰ ਹੌਲੀ ਹੌਲੀ ਤੁਰ ਫਿਰ ਸਕਦਾ ਸੀ। ਬਾਬੇ ਦਾ ਪੂਰਾ ਨਾਉਂ ਵਸਾਖਾ ਸਿੰਘ ਸੀ। ਕਹਿੰਦੇ ਬਾਬਾ ਜੁਆਨੀ ਪਹਿਰੇ ਗਦਰੀ ਬਾਬਿਆਂ ਦੇ ਕਾਰਨਾਮੇ ਤੇ ਉਨ੍ਹਾਂ ਦੀਆਂ ਕਵਿਤਾਵਾਂ ਬੜੇ ਜੋਸ਼ ਨਾਲ ਸਭ ਨੂੰ ਸੱਥ ’ਚ ਸੁਣਾਉਂਦਾ ਹੁੰਦਾ ਸੀ। ਬਸ ਉਦੋਂ ਤੋਂ ਸਾਰੇ ਲੋਕ ਬਾਬੇ ਨੂੰ ‘ਗਦਰੀ ਬਾਬਾ’ ਹੀ ਕਹਿਣ ਲੱਗ ਪਏ ਸੀ।
ਬਾਬੇ ਨੇ ਆਉਂਦਿਆਂ ਹੀ ਪਾਣੀ ਪੀਤਾ। ਹੁੰਮਸ ਬਹੁਤ ਸੀ ਉੱਦਣ।
ਪੱਖਾ ਛੱਡ ਕੇ ਅਸੀਂ ਮੰਜਿਆਂ ’ਤੇ ਬੈਠ ਗਏ ਸੀ। ਬਾਬਾ ਜੀ ਮੰਜੇ ’ਤੇ ਟੇਢੇ ਹੋ ਗਏ। ਥੋੜ੍ਹੀ ਦੇਰ ਚੁੱਪ ਰਹਿਣ ਮਗਰੋਂ ਮੇਰੇ ਮਨ ’ਚ ਆਇਆ ਕਿ ਬੇਬੇ ਦੇ ਘਰਵਾਲੇ ਬਾਰੇ ਪਤਾ ਕਰਾਂ…।
“…ਬਾਬਾ ਜੀ! ਬੇਬੇ ਦਾ ਘਰਵਾਲ਼ਾ ਕਦੇ ਨੀ ਦੇਖਿਆ ਅਸੀਂ, ਕੌਣ ਸੀ ਉਹ?’’ ਮੈਂ ਪੁੱਛਿਆ।
ਫਿਰ ਮੈਂ ਮੁਆਫ਼ੀ ਵਾਲੀ ਗੱਲ ਵੀ ਕਰਨੀ ਸੀ।
“ਬਹੁਤ ਮਾੜਾ ਬੰਦਾ ਸੀ ਪੁੱਤ! ਦਸ ਨੰਬਰੀਆਂ ’ਚ ਨਾਉਂ ਸੀ ਉਹਦਾ …ਪੂਰਾ ਬਦਮਾਸ਼। ਬਦਮਾਸ਼ਾਂ ਦੀ ਜੁੰਡਲੀ ਦਾ ਮੋਹਰੀ ਸੀ। ਨਾਉਂ ਸੀ ਉਹਦਾ… ਨਰੰਗਾ। ਮੈਥੋਂ ਛੋਟਾ ਸੀ ਚਾਰ-ਪੰਜ ਸਾਲ। ਜਦ ਸੰਤਾਲ਼ੀ ਦੇ ਹੱਲੇ ਪਏ ਤਾਂ ਇਨ੍ਹਾਂ ਨੇ ਬਹੁਤ ਲੁੱਟ-ਮਾਰ ਕੀਤੀ। ਏਧਰੋਂ ਪਾਕਿਸਤਾਨ ਜਾਣ ਵਾਲੇ ਲੋਕਾਂ ਦਾ ਸਮਾਨ, ਗਹਿਣਾ-ਗੱਟਾ ਲੁੱਟ ਕੇ ਪਤਾ ਨੀ ਕਿੰਨੇ ਕੁ ਲੋਕਾਂ ਨੂੰ ਮਾਰ ਮੁਕਾਇਆ। ਪਤਾ ਨੀ ਕਿੰਨੀਆਂ ਕੁ ਜਨਾਨੀਆਂ ਦੀਆਂ ਇੱਜ਼ਤਾਂ ਖਰਾਬ ਕੀਤੀਆਂ … ਨੇ । ਹਾਲ ਤਾਂ ਭਾਵੇਂ ਉਦੋਂ ਦੋਵੇਂ ਪਾਸੇ ਇਹੀ ਸੀ ਪਰ ਮੈਂ ਤਾਂ ਏਧਰ ਆਲਾ ਹਾਲ਼ ਈ ਦੇਖਿਐ ਬਸ, …ਰੱਬ ਕਰਕੇ ਕਦੇ ਕਿਸੇ ਮੁਲਕ ਦਾ ਬਟਵਾਰਾ ਨਾ ਹੋਵੇ। ਆਹ ਬਸੰਤ ਕੁਰ ਦਾ ਪਰਿਵਾਰ ਵੀ ਇਨ੍ਹਾਂ ਦੇ ਲੋਟੂ ਟੋਲੇ ਨੇ ਹੀ ਮਾਰਿਆ ਸੀ।
ਇਹ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਪਰ ਗਦਰੀ ਅੱਗੇ ਬੋਲ ਰਿਹਾ ਸੀ…
‘‘…ਬਸੰਤ ਕੁਰ ਦਾ ਅਸਲ ਨਾਉਂ ਤਾਂ ਬਸ਼ੀਰਾਂ ਸੀ। ਇਨ੍ਹਾਂ ਦਾ ਕਾਫ਼ਲਾ ਛੋਟਾ ਸੀ, ਸਰਹਿੰਦ ਕੋਲੋਂ ਲੰਘ ਰਿਹਾ ਸੀ। ਮੀਂਹ ਪੈਣ ਕਰਕੇ ਗੱਡਾ ਗਾਰੇ ਵਿਚ ਫ਼ਸ ਗਿਆ। ਉਦੋਂ ਵਿਚਾਰੀ ਬਸ਼ੀਰਾਂ ਦੀ ਉਮਰ ਮਸਾਂ ਵੀਹ ਕੁ ਵਰ੍ਹੇ ਹੋਊ। ਨਰੰਗਾ ਛੜਾ ਸੀ …ਵੈਲੀ ਸੀ। ਦਾਰੂ ਕੱਢਦਾ ਤੇ ਲੜਾਈ ਕਰਨਾ ਉਹਦਾ ਸ਼ੁਗਲ ਸੀ। ਉਮਰ ਪੈਂਤੀਆਂ ਦੇ ਪਾਰ ਸੀ ਉਦੋਂ ਨਰੰਗੇ ਦੀ। ਪਿੰਡ ’ਚ ਉਹਦਾ ਬਹੁਤ ਭੈਅ ਸੀ। ਅੰਗਰੇਜ਼ਾਂ ਦਾ ਟਾਊਟ ਵੀ ਸੀ ਉਹ। ਅੰਗਰੇਜ਼ਾਂ ਨੂੰ ਤਾਂ ਏਹੋ ਜਿਹੇ ਬੰਦੇ ਦੀ ਲੋੜ ਹੁੰਦੀ ਸੀ। ਲੋਕਾਂ ਨੂੰ ਡਰਾਉਣ ਵਾਲੇ ਦੀ। ਜਦੋਂ ਇਨ੍ਹਾਂ ਨੇ ਬਸ਼ੀਰਾਂ ਹੋਰਾਂ ਦੇ ਕਾਫ਼ਲੇ ’ਤੇ ਹੱਲਾ ਬੋਲਿਆ ਤਾਂ ਬਸ਼ੀਰਾਂ ਦੌੜ ਕੇ ਮੱਕੀ ’ਚ ਵੜਗੀ ਸੀ। ਬਾਕੀ ਸਾਰਾ ਟੱਬਰ ਟਕੂਏ ਗੰਡਾਸਿਆਂ ਨਾਲ ਵੱਡ ‘ਤਾ। ਨਰੰਗੇ ਦੇ ਵੀ ਮੋਢੇ ’ਤੇ ਸਫ਼ਾਜੰਗ ਵੱਜਿਆ ਸੀ। ਜਰਵਾਣਿਆਂ ਨੇ ਛੋਟੇ-ਛੋਟੇ ਜੁਆਕ ਵੀ ਮਾਰ ਮੁਕਾਏ। ਅਖੇ, ਅਸੀਂ ਕੌਮ ਦਾ ਬਦਲਾ ਲੈ ਰਹੇ ਹਾਂ…। ਇਹੋ ਜਿਹੇ ਬੰਦੇ ਕਿਸੇ ਕੌਮ ਕਿਸੇ ਧਰਮ ਦੇ ਨੀ ਹੁੰਦੇ। ਬਸ ਪੁੱਤ…! ਬਹੁਤੇ ਬੰਦੇ ਪਾਗਲ ਹੋ ਗਏ ਸਨ ਉਦੋਂ… ਬਹੁਤ ਕਹਿਰ ਵਰ੍ਹਿਆ…।”
“ਬਾਕੀਆਂ ਨੇ ਸਾਰਾ ਸਮਾਨ ਵੰਡ ਲਿਆ ਤੇ ਨਰੰਗੇ ਨੇ ਮੱਕੀ ’ਚ ਲੁਕ ਕੇ ਬੈਠੀ ਬਸ਼ੀਰਾਂ ਲੈਣੀ ਮੰਨ ਲਈ। ਨਰੰਗਾ ਇਹਨੂੰ ਇਹ ਕਹਿ ਕੇ ਮਨਾ ਲਿਆਇਆ ਕਿ ਤੇਰੇ ਨਾਲ ਕੁਝ ਮਾੜਾ ਨੀ ਹੁੰਦਾ… ਕਹਿੰਦਾ… ਜੇ ਮਾੜਾ ਕਰਨਾ ਹੁੰਦਾ ਤਾਂ ਬਚਾ ਕੇ ਕਿਉਂ ਲਿਆਉਂਦਾ… ਬੱਸ ਉਹਦੀਆਂ ਗੱਲਾਂ ’ਚ ਆਗੀ ਵਿਚਾਰੀ, ਗਊ ਵਰਗੀ ਕੁੜੀ।’’
ਗਦਰੀ ਬਾਬਾ ਜਿਉਂ ਜਿਉਂ ਦੱਸਦਾ ਗਿਆ, ਮੇਰੀਆਂ ਅੱਖਾਂ ਮੂਹਰੇ ਸੰਤਾਲ਼ੀ ਦੀ ਵੰਡ ਫ਼ਿਲਮ ਵਾਂਗ ਘੁੰਮਣ ਲੱਗੀ।
ਬਾਬਾ ਬੋਲ ਰਿਹਾ ਸੀ, ‘‘ਮਹੀਨਾ ਕੁ ਕਿਤੇ ਬਾਹਰ ਰੱਖਿਆ ਬਸ਼ੀਰਾਂ ਨੂੰ ਨਰੰਗੇ ਨੇ… ਫੇਰ ਉਹਨੇ ਪਿੰਡ ’ਚ ਆਪੇ ਬਣੇ ਚੌਧਰੀਆਂ ਰਾਹੀਂ ਬਸ਼ੀਰਾਂ ਨਾਲ ਵਿਆਹ ਕਰ ਲਿਆ। ਸਿੱਖਣੀ ਬਣਾ ਕੇ ਉਹਦਾ ਨਾਉਂ ਬਸੰਤ ਕੌਰ ਰਖਾ ‘ਤਾ। ਏਹ ਵਿਚਾਰੀ ਕੀ ਕਰ ਸਕਦੀ ਸੀ। ਗਿਆਨੀ ਬਖਤੌਰ ਸਿੰਘ ਹੁੰਦਾ ਸੀ ਇਕ ਆਪਣੇ ਪਿੰਡ ਉਦੋਂ, ਉਹਨੇ ਇਹ ਵਿਆਹ ਰੋਕਣ ਦੀ ਪੂਰੀ ਵਾਹ ਲਾਈ ਪਰ ਉਹਦੀ ਪੇਸ਼ ਨਾ ਚੱਲਣ ਦਿੱਤੀ। ਅਖੀਰ ਬਸੰਤ ਕੌਰ ਦੀ ਬੇਬਸੀ ਦੀ ਚੁੱਪ ਨੂੰ ਸਹਿਮਤੀ ਮੰਨ ਕੇ ਨਰੰਗੇ ਨਾਲ ਬੰਨ੍ਹ ਦਿੱਤਾ। ਪਿੰਡ ਵਾਲਿਆਂ ਨੇ ਦੋ ਚਾਰ ਦਿਨ ਤਾਂ ਗੱਲਾਂ ਕੀਤੀਆਂ ਫੇਰ ਭੁੱਲ-ਭਲਾ ਗਏ…। ਹਾਂ… ਉਹ ਭੱਜ ਸਕਦੀ ਸੀ ਪਰ ਜਾਂਦੀ ਕਿੱਥੇ? ਕਿਸ ਕੋਲ ਜਾਂਦੀ…?? ਉਹਦੇ ਕੋਲ ਰਾਹ ਵੀ ਤਾਂ ਕੋਈ ਨਹੀਂ ਸੀ। ਫੇਰ ਕੁੜੀਆਂ ਹੋ ਗਈਆਂ…। ਮੋਹ-ਮਮਤਾ ’ਚ ਪੈਗੀ ਬਸ ਫੇਰ ਪਰ ਇਹਨੇ ਨਰੰਗੇ ਨੂੰ ਕਦੇ ਮਨੋ ਨੀ ਆਪਣਾ ਮੰਨਿਆ। ਹਾਂ… ਢਿੱਡੋਂ ਜਾਈਆਂ ਕੁੜੀਆਂ ਦੀ ਬਹੁਤ ਚਿੰਤਾ ਕਰਦੀ ਸੀ। ਨਰੰਗੇ ਕੋਲ ਥੋੜ੍ਹੀ ਬਹੁਤੀ ਜ਼ਮੀਨ ਸੀ ਜਿਹਦੇ ਕਰਕੇ ਵਿਚਾਰੀ ਦਾ ਗੁਜ਼ਾਰਾ ਚਲਦਾ ਰਿਹਾ। ਨਰੰਗਾ ਮੁੰਡਾ ਚਾਹੁੰਦਾ ਸੀ ਪਰ ਉਹਦੇ ਚਾਰ ਕੁੜੀਆਂ ਹੀ ਹੋਈਆਂ। ਇਕ ਸਾਲ ਕੁ ਦੀ ਹੋ ਕੇ ਮਰਗੀ ਸੀ। ਫੇਰ ਨਰੰਗਾ ਪਿੰਡ ਛੱਡ ਕੇ ਦਿੱਲੀ ਚਲੇ ਗਿਆ। ਉੱਥੇ ਗੱਡੀ ਵਗੈਰਾ ਚਲਾਉਣ ਲੱਗ ਗਿਆ। ਫੇਰ ਕਹਿੰਦੇ ਉਧਰ ਉਹਨੇ ਇੱਕ ਹੋਰ ਵਿਆਹ ਕਰ ਲਿਆ ਸੀ। ਼…ਫੇਰ ਸੁਣਿਐ… ਕਲਕੱਤੇ ਚਲੇ ਗਿਆ। ਫੇਰ ਉਹਦਾ ਕੋਈ ਪਤਾ ਟਿਕਾਣਾ ਨਾ ਮਿਲਿਆ ਕਦੇ। ਹੈ ਵੀ ਐ ਕਿ ਮਰ ਮੁੱਕ ਗਿਆ ਕੁਝ ਨੀ ਪਤਾ ਹੁਣ ਉਹਦਾ…। ਨਰੰਗੇ ਦੇ ਦੂਸਰੇ ਵਿਆਹ ਦਾ ਪਿੰਡ ਨੇ ਬੁਰਾ ਮਨਾਇਆ। ਪਿੰਡ ਵਾਲਿਆਂ ਨੇ ਸਲਾਹਾਂ ਦਿੱਤੀਆਂ ਬਸੰਤ ਕੁਰ ਨੂੰ। ਬਥੇਰਾ ਕਿਹਾ ਕਿ ਕੇਸ ਕਰ ਦੇਵੇ …ਖਰਚਾ ਸਾਰਾ ਪਿੰਡ ‘ਕੱਠਾ ਕਰਕੇ ਕਰੂ… ਪਰ ਇਹ ਮੰਨੀ ਹੀ ਨਹੀਂ…। ਸਭ ਨੂੰ ਹੱਥ ਜੋੜ ਕੇ ਕੁੜੀਆਂ ਦੇ ਸਿਰਾਂ ’ਤੇ ਹੱਥ ਰੱਖ ਕੇ ਕਹਿੰਦੀ, ਕੇਸ ਤਾਂ ਮੈਂ ਕੋਈ ਨੀ ਕਰਨਾ …ਪਰ ਜੇ ਪਿੰਡ ਮੇਰਾ ਦਰਦ ਰੱਖਦੈ ਤਾਂ ਮੇਰੀਆਂ ਕੁੜੀਆਂ ਦੇ ਵਿਆਹਾਂ ‘ਚ ਮਦਦ ਜ਼ਰੂਰ ਕਰੇ…। ਬਿਚਾਰੀ ਨੇ ਪਤਾ ਨੀ ਕਿਵੇਂ ਕੁੜੀਆਂ ਪਾਲ਼ੀਆਂ-ਪੋਸੀਆਂ ਪਰ ਸਾਰੇ ਪਿੰਡ ਨੇ ਇਕਮਤ ਹੋ ਕੇ ਉਹਦੀ ਗੱਲ ’ਤੇ ਫੁੱਲ ਚੜ੍ਹਾਏ। ਜ਼ਮੀਨ ਦਾ ਥੋੜ੍ਹਾ ਜਿਹਾ ਹਿੱਸਾ ਬੈਅ ਕਰ ਕੇ ਬਸੰਤ ਕੁਰ ਨੇ ਘਰ-ਬਾਰ ਪੱਕਾ ਜਿਹਾ ਕਰ ਲਿਆ, ਵਿਆਹ ਕਰਤੇ…। ਜਦੋਂ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਤਾਂ ਬਿਚਾਰੀ ਅਜੇ ਸੁਰਖਰੂ ਹੋਈ ਈ ਸੀ ਕਿ ਗੱਭਲੀ ਕੁੜੀ ਦਾ ਘਰਵਾਲਾ ਚੁਰਾਸੀ ਦੀ ਭੇਟ ਚੜ੍ਹ ਗਿਆ। ਦੁੱਖ ਅਜਿਹਾ ਲੱਗਿਆ ਕਿ ਕੈਂਸਰ ਬਣ ਗਿਆ। ਵਿਚਾਰੀ ਬਸੰਤ ਕੁਰ ਦੀ ਸਾਰੀ ਜ਼ਿੰਦਗੀ ਪੱਤਝੜ ਹੀ ਬਣੀ ਰਹੀ।… ਊਂ ਨਾਊਂ ਭਾਵੇਂ ਬਸੰਤ ਕੁਰ ਹੋ ਗਿਆ ਸੀ…।’’
ਇਕ ਪਾਸੇ ਸ਼ਮਸ਼ਾਨਘਾਟ ’ਚ ਬੇਬੇ ਦਾ ਸਿਵਾ ਲਟ-ਲਟ ਬਲ਼ ਰਿਹਾ ਸੀ ਅਤੇ ਇਕ ਪਾਸੇ ਮੈਂ ਬੇਬੇ ਦੀ ਕਹਾਣੀ ਸੁਣ ਰਿਹਾ ਸੀ। ਬੇਬੇ ਭਾਵੇਂ ਮਰ ਚੁੱਕੀ ਸੀ ਪਰ ਮੇਰੇ ਸਾਹਮਣੇ ਕਹਾਣੀ ’ਚ ਉਹ ਸਦਾ ਲਈ ਜਿਉਂਦੀ ਹੋ ਗਈ ਸੀ। ਕਹਾਣੀ ਸੁਣਦਿਆਂ ਮੇਰੇ ਮਨ ’ਚ ਕਈ ਸਵਾਲ ਵੀ ਖੜ੍ਹੇ ਹੋਏ ਪਰ ਹੁਣ ਪੁੱਛ ਕੇ ਕੀ ਕਰਨਾ ਸੀ।
“ਜੀਤੀ ਪੁੱਤ…! ਧਰਮਾਂ ਦੀਆਂ ਲੜਾਈਆਂ ਵਿਚ ਸਭ ਤੋਂ ਵੱਧ ਔਰਤਾਂ ਤੇ ਬੱਚਿਆਂ ਦੀ ਦੁਰਗਤੀ ਹੁੰਦੀ ਹੈ।” ਗਦਰੀ ਬਾਬਾ ਆਖ਼ਰੀ ਗੱਲ ਕਹਿ ਕੇ ਮੰਜੇ ’ਤੇ ਪੈ ਗਿਆ।
ਮੈਨੂੰ ਬੇਬੇ ਦਾ ਅਤੀਤ ਹੁਣ ਬੇਰੀ ਦੇ ਕੰਡਿਆਂ ਦੀ ਪੰਡ ਲੱਗ ਰਿਹਾ ਸੀ ਜਿਨ੍ਹਾਂ ਨੂੰ ਉਹ ਜਿੰਨਾ ਹੂੰਝਦੀ ਰਹੀ… ਓਨੇ ਹੀ ਹੋਰ ਝੜਦੇ ਰਹੇ।
ਮੁੜਦੇ ਹੋਇਆਂ ਸਕੂਲ ਮੂਹਰਿਉਂ ਲੰਘਦੇ ਨੂੰ ਮਹਿਸੂਸ ਹੋਇਆ ਕਿ ਬੇਬੇ ਨੇ ਉਸ ਪੰਦਰਾਂ ਅਗਸਤ ਦਾ ਕੀ ਚਾਅ ਮਨਾਉਣਾ ਸੀ ਜਿਸ ਨੇ ਉਸ ਨੂੰ ਸੱਚੀਂ-ਮੁੱਚੀਂ ਦੀ ਬਸ਼ੀਰਾਂ ਤੋਂ ਝੂਠੀ-ਮੂਠੀ ਦੀ ਬਸੰਤ ਕੌਰ ਬਣਾ ਕੇ ਰੱਖ ਦਿੱਤਾ ਸੀ …ਸਾਰੀ ਉਮਰ ਲਈ। ਕਿੰਨੀ ਅਜੀਬ ਗੱਲ ਹੈ ਜਦ ਬੇਬੇ ਜਿਉਂਦੀ ਸੀ ਤਾਂ ਕੁਝ ਨਹੀਂ ਸੀ ਪਤਾ ਉਹਦੇ ਬਾਰੇ …ਹੁਣ ਜਦ ਉਹ ਨਹੀਂ ਸੀ ਤਾਂ ਸਾਰਾ ਕੁਝ ਪਤਾ ਲੱਗ ਗਿਆ ਸੀ…।
ਬੇਬੇ ਹੁਣ ਮੇਰੇ ਲਈ ਬਸ਼ੀਰਾਂ ਵੀ ਹੈ, ਬਸੰਤ ਕੌਰ ਵੀ ….ਤੇ “ਬੇਰੀ ਆਲ਼ੀ ਬੇਬੇ’’ ਵੀ।
ਸੰਪਰਕ: 94632-89212