ਬੀ.ਐੱਨ. ਗੋਸਵਾਮੀ
ਬੰਗਾਲੀ ਭਾਸ਼ਾ ਦੀ ਇਕ ਮਸ਼ਹੂਰ ਕਹਾਵਤ ਹੈ: ‘ਬਾਂਸ ਬਨਾਏ ਡੋਮ ਕਾਨਾ’; ਮਤਲਬ ਬਾਂਸ ਦੇ ਜੰਗਲ ਵਿਚ ਬਾਂਸ ਵੱਢਣ ਵਾਲਾ ਕਾਣਾ ਜਾਂ ਅੰਨ੍ਹਿਆਂ ਹਾਰ ਹੋ ਜਾਂਦਾ ਹੈ। ਕਾਰਨ ਇਹ ਕਿ ਉੱਥੇ ਚੋਣ ਕਰਨ ਲਈ ਇੰਨੇ ਸਾਰੇ ਬਾਂਸ ਹੁੰਦੇ ਹਨ, ਕਿ ਉਸ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕਿਸ ਨੂੰ ਵੱਢੇ ਤੇ ਕਿਸ ਨੂੰ ਛੱਡੇ। ਪਰ ਇਹ ਅਹਿਸਾਸ ਉਦੋਂ ਫਿੱਕਾ ਪੈ ਜਾਂਦਾ ਹੈ, ਜਦੋਂ ਅਸੀਂ ਐਬਰਹਾਰਡ ਫਿਸ਼ਰ (Eberhard Fischer) ਅਤੇ ਹਾਕੂ ਸ਼ਾਹ ਦੀ ‘ਤਾਜ਼ਾਤਰੀਨ’ ਕਿਤਾਬ ‘ਭਾਰਤ ਦੇ ਦੱਖਣੀ ਗੁਜਰਾਤ ਵਿਚ ਕਬਾਇਲੀ ਕਰਮ-ਕਾਂਡਾਂ ਵਿਚਲੀ ਕਲਾ’ ਨੂੰ ਦੇਖਦੇ ਹਾਂ, ਜਾਂ ਇਸ ਤੋਂ ਵੀ ਬਿਹਤਰ ਸ਼ਬਦ ਵਰਤਦਿਆਂ ਆਖ ਸਕਦੇ ਹਾਂ ਕਿ ਜਦੋਂ ਸਾਡਾ ਇਸ ਕਿਤਾਬ ਨਾਲ ‘ਟਾਕਰਾ’ ਹੁੰਦਾ ਹੈ। ਉਂਝ ਇਸ ਦੇ ਉਪ-ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਇਹ ਕਿਤਾਬ ਇੰਨੀ ਨਵੀਂ ਜਾਂ ਤਾਜ਼ਾ ਨਹੀਂ ਹੈ ਕਿਉਂਕਿ ਇਸ ਦਾ ਉਪ-ਸਿਰਲੇਖ ਹੈ ‘1969 ਦਾ ਇਕ ਵਿਜ਼ੂਅਲ ਮਾਨਵ ਵਿਗਿਆਨੀ ਸਰਵੇਖਣ’। ਪਰ ਇਸ ਵਿਚ ਇੰਨਾ ਕੁਝ ਹੈ, ਐਨਾ ਤਾਜ਼ਗੀ ਭਰਪੂਰ ਅਤੇ ਬਹੁਤ ਹੀ ਵੇਰਵਿਆਂ ਤੇ ਤਫ਼ਸੀਲ ਦੇ ਨਾਲ, ਕਿ ਇਹ ਮੰਨਣਾ ਬਹੁਤ ਔਖਾ ਲੱਗਦਾ ਹੈ ਕਿ ਇਹ ਸਾਰਾ ਕੁਝ ਅੱਜ ਤੋਂ ਕਰੀਬ 50 ਸਾਲ ਜਾਂ ਉਸ ਤੋਂ ਵੀ ਪਹਿਲਾਂ ਨਾਲ ਜਾ ਜੁੜਦਾ ਹੈ। ਇਨ੍ਹਾਂ ਖੋਜਕਾਰ ਲੇਖਕਾਂ ਵਿਚੋਂ ਇਕ (ਫਿਸ਼ਰ) ਜਰਮਨੀ ਦੀ ਹੀਡਲਬਰਗ ਯੂਨੀਵਰਸਿਟੀ ਨਾਲ ਜੁੜੇ ਸਨ ਤੇ ਦੂਜੇ (ਹਾਕੂ ਸ਼ਾਹ) ਅਹਿਮਦਾਬਾਦ ਸਥਿਤ ਗੁਜਰਾਤ ਵਿਦਿਆਪੀਠ ਦੀ ਕਬਾਇਲੀ ਖੋਜ ਤੇ ਸਿਖਲਾਈ ਸੰਸਥਾ ਨਾਲ। ਉਹ ਨੌਜਵਾਨ ਹੁੰਦਿਆਂ 1969 ਵਿਚ ਗੁਜਰਾਤ ਦੇ ਇਸ ਦੂਰ-ਦੂਰਾਡੇ ਹਿੱਸੇ ਵਿਚ ਪੁੱਜੇ ਅਤੇ ਉਨ੍ਹਾਂ ਦੋਵਾਂ ਨੇ ਨਾ ਸਿਰਫ਼ ਸਭ ਕਾਸੇ ਨੂੰ ਤਾਜ਼ਗੀ ਭਰਪੂਰ ਤੇ ਉਤਸ਼ਾਹ ਭਰੀਆਂ ਨਜ਼ਰਾਂ ਨਾਲ ਦੇਖਿਆ ਸਗੋਂ ਹੁਣ ਉਨ੍ਹਾਂ ਨੇ ਆਪਣੀਆਂ ਨਜ਼ਰਾਂ ਰਾਹੀਂ ਇਹ ਸਭ ਕੁਝ ਸਾਨੂੰ ਵੀ ਦਿਖਾ ਦਿੱਤਾ ਹੈ।
ਕਿਤਾਬ ਦੇ ਸਫ਼ੇ ਫਰੋਲਦੇ ਅਤੇ ਅਗਲੇ ਤੋਂ ਅਗਲੇ ਅਧਿਆਏ ਪੜ੍ਹਦੇ ਜਾਂਦੇ ਪਾਠਕ ਨੂੰ ਲੱਗਦਾ ਹੈ ਕਿ ਜਿਵੇਂ ਉਹ ਉਨ੍ਹਾਂ ਦੇ ਨਾਲ-ਨਾਲ ਹੀ ਦੂਰ-ਦੁਰਾਡੇ ਦੇ ਪਿੰਡਾਂ ਵਿਚ ਤੁਰਿਆ ਜਾ ਰਿਹਾ ਹੋਵੇ। ਇਸ ਦੌਰਾਨ ਜਿਵੇਂ ਉਹ ਨਾਲ ਹੀ ਬਿਖੜੇ ਪੈਂਡੇ ਸਰ ਕਰਦਾ, ਪਹਾੜੀਆਂ ਚੜ੍ਹਦਾ-ਉਤਰਦਾ, ਝਾੜੀਆਂ-ਝੁੰਡਾਂ ਨਾਲ ਖਹਿੰਦਾ ਹੋਇਆ ਅੱਗੇ ਵਧ ਰਿਹਾ ਹੋਵੇ, ਨਾਲ ਹੀ ਜਾਣਕਾਰੀ ਦੇਣ ਵਾਲਿਆਂ ਨੂੰ ਲੱਭਦਾ ਤੇ ਲੋਕਾਂ ਦੀਆਂ ਇੰਟਰਵਿਊਆਂ ਲੈਂਦਾ, ਛੰਨਾਂ-ਝੁੱਗੀਆਂ ਰੂਪੀ ਘਰਾਂ ਵਿਚ ਚਾਹ ਦੀਆਂ ਚੁਸਕੀਆਂ ਭਰਦਾ, ਖੁੱਲ੍ਹੇ ਆਸਮਾਨ ਹੇਠ ਸੌਂਦਾ, ਕਲਾ-ਕ੍ਰਿਤੀਆਂ ਨੂੰ ਨਿਹਾਰਦਾ-ਮਾਪਦਾ ਹੋਵੇ, ਮੌਤ ਨਾਲ ਜੁੜੇ ਕਰਮ-ਕਾਂਡ ਤੇ ਅਧਿਆਤਮਕ ਇਲਾਜ ਦੇਖ ਰਿਹਾ ਹੋਵੇ, ਨਾਲ ਹੀ ਗੀਤ ਸੁਣਦਾ ਹੋਇਆ ਉਨ੍ਹਾਂ ਦੀਆਂ ਸੁਰਾਂ ਨਾਲ ਝੂਮ ਰਿਹਾ ਹੋਵੇ, ਥਾਵਾਂ ਦੀ ਪਰਿਕਰਮਾ ਕਰ ਰਿਹਾ ਅਤੇ ਤਰਾਸ਼ੀਆਂ ਜਾ ਰਹੀਆਂ ਕ੍ਰਿਤੀਆਂ ਨੂੰ ਨਿਹਾਰ ਰਿਹਾ ਹੋਵੇ। ਇਸ ਦੇ ਨਾਲ ਹੀ ਹਰ ਵਕਤ ਕਲਿਕ-ਕਲਿਕ ਕਰਦਾ ਤਸਵੀਰਾਂ ਦਰ ਤਸਵੀਰਾਂ ਵੀ ਖਿੱਚ ਰਿਹਾ ਹੋਵੇ। ਇਹ ਸਾਰੇ ਦਿਨ ਦੌਰਾਨ ਕਰਨ ਵਾਲੇ ਕੰਮ ਹੁੰਦੇ ਸਨ। ਫਿਰ ਰਾਤੀ ਇਨ੍ਹਾਂ ਕਾਹਲੀ ਵਿਚ ਲਏ ਗਏ ਨੋਟਸ ਨੂੰ ਸਿੱਧੇ ਕਰ ਕੇ ਲਿਖਣਾ ਅਤੇ ਟਾਈਪ ਕਰਨਾ ਹੁੰਦਾ ਸੀ।
ਇੰਨਾ ਹੀ ਨਹੀਂ, ਕਿਤਾਬ ਦੇ ਅਧਿਆਇਆਂ ਦੇ ਸਿਰਲੇਖਾਂ ਉੱਤੇ ਮਾਰੀ ਪੰਛੀ ਝਾਤ ਵੀ ਪੜ੍ਹਨਹਾਰ ਨੂੰ ਸੋਚਣ ਲਾ ਦਿੰਦੀ ਹੈ। ਦੋਵਾਂ ਖੋਜਕਾਰ ਲੇਖਕਾਂ ਵਿਚੋਂ ਐਬਰਹਾਰਡ ਫਿਸ਼ਰ ਇਕ ਮਾਹਿਰ ਮਾਨਵ ਵਿਗਿਆਨੀ ਹੈ ਜੋ ਪਹਿਲਾਂ ਵੀ ਅਫ਼ਰੀਕਾ ਵਿਚ ਕਬਾਇਲੀ ਕਲਾ ਤੇ ਸੱਭਿਆਚਾਰ ’ਤੇ ਕੰਮ ਕਰ ਚੁੱਕਾ ਹੈ ਅਤੇ ਨਾਲ ਹੀ ਨਾਮੀ ਅਧਿਆਪਕ ਐਲਫ਼ਰਡ ਬੁਹਲਰ ਦੇ ਕਰੀਬ ਰਹਿ ਚੁੱਕਾ ਹੈ; ਜਦੋਂਕਿ ਹਾਕੂ ਸ਼ਾਹ ਦੀਆਂ ਜੜ੍ਹਾਂ ਗੁਜਰਾਤੀ ਸੱਭਿਆਚਾਰ ਵਿਚ ਬਹੁਤ ਡੂੰਘੀਆਂ ਹਨ ਜੋ ਕਬਾਇਲੀ ਕਲਾ ਦੇ ਅਧਿਐਨ ਨੂੰ ਪਰਣਾਇਆ ਹੋਇਆ ਹੈ। ਉਨ੍ਹਾਂ ਕਿਤਾਬ ਦੀ ਸ਼ੁਰੂਆਤ ਗੁਜਰਾਤ ਦੇ ਸਾਬਕਾ ਸੂਰਤ ਜ਼ਿਲ੍ਹੇ ਦੀ ਧਰਤੀ ਤੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਕੀਤੀ ਹੈ। ਇਸ ਦੇ ਨਾਲ ਹੀ ਉਹ ਪੂਰੀ ਆਸਾਨੀ ਨਾਲ ‘ਕਬਾਇਲੀਆਂ’ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਵਿਚ ਦਾਖ਼ਲ ਹੋ ਜਾਂਦੇ ਹਨ। ਉਂਝ ਇਹ ਸ਼ਬਦ Tribals (ਕਬਾਇਲੀ) ਹੁਣ ਘੱਟ ਹੀ ਸੁਣਨ ਨੂੰ ਮਿਲਦਾ ਹੈ ਤੇ ਇਸ ਦੀ ਥਾਂ ਹਿੰਦੀ ਸ਼ਬਦ ‘ਆਦਿਵਾਸੀ’ ਨੇ ਲੈ ਲਈ ਹੈ। ਲੇਖਕ ਕਬਾਇਲੀਆਂ ਤੋਂ ‘ਅਲੌਕਿਤ ਤੇ ਗ਼ੈਬੀ ਤਾਕਤਾਂ’ ਸਬੰਧੀ ਉਨ੍ਹਾਂ ਦੀ ਜਾਣਕਾਰੀ ਬਾਰੇ ਪੁੱਛਦੇ ਹਨ, ‘ਇਨਸਾਨੀ ਆਤਮਾ ਤੇ ਮੁਰਦਿਆਂ ਦੀਆਂ ਰੂਹਾਂ’ ਬਾਰੇ ਜਾਣਕਾਰੀ ਹਾਸਲ ਕਰਦੇ ਹਨ; ਕਰਮ-ਕਾਂਡਾਂ, ਭਵਿੱਖਬਾਣੀਆਂ ਤੇ ਉਪਾਅ ਆਦਿ ਕਰਨ ਦੇ ਮਾਹਿਰ ‘ਭਗਤਾਂ’ ਦੀ ਦੁਨੀਆਂ ਵਿਚ ਜਾ ਵੜਦੇ ਹਨ; ਟੈਰਾਕੋਟਾ ਦੇ ਬਣੇ ਘੋੜੇ ਹਿਮਾਰੀਆ ਦੇਵਤੇ ਨੂੰ ਭੇਟ ਕੀਤੇ ਜਾਣ ਦੀ ਕਾਰਵਾਈ ਦੇਖਦੇ ਹਨ; ਨਾਲ ਹੀ ‘ਮੌਤ ਤੇ ਮੁਰਦਿਆਂ ਨਾਲ ਰਾਬਤਾ ਕੀਤੇ ਜਾਣ’ ਵਰਗੀ ਚੁੱਪ-ਚੁਪੀਤੀ ਕਾਰਵਾਈ ਵੀ ਦੇਖਦੇ ਹਨ।
ਇੰਨਾ ਹੀ ਨਹੀਂ, ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਫਿਸ਼ਰ, ਮਾਨਵ ਵਿਗਿਆਨੀ ਹੋਣ ਦੇ ਨਾਲ-ਨਾਲ ਕਲਾ ਇਤਿਹਾਸਕਾਰ ਵੀ ਹੈ। ਦੋਵੇਂ ਲੇਖਕ ਮੁਰਦਿਆਂ ਲਈ ਪੁਤਲੇ ਬਣਾਏ ਜਾਣ ਦੀ ਕਾਰਵਾਈ ਨੂੰ ਬੜੀ ਦਿਲਚਸਪੀ ਨਾਲ, ਨੀਝ ਲਾ ਕੇ, ਕਦਮ ਦਰ ਕਦਮ ਦੇਖਦੇ ਸਮਝਦੇ ਹਨ। ਇਸੇ ਤਰ੍ਹਾਂ ਆਤਮਾ-ਪੱਥਰ, ਜਿਸ ਨੂੰ ਖਾਟਰੂ ਆਖਦੇ ਹਨ, ਖੰਬੇ ਅਤੇ ਪੱਥਰ ਦੀਆਂ ਯਾਦਗਾਰੀ ਸਲੈਬਜ਼ ਵੀ ਬਣਾਈਆਂ ਜਾਂਦੀਆਂ ਹਨ। ਬਹੁਤ ਹੀ ਪੂਜਨੀਕ, ਲੱਕੜੀ ਦਾ ਬਣਿਆ ਮੋਗਰਾ ਦੇਵ – ਮਗਰਮੱਛ ਦੇਵਤਾ – ਉਨ੍ਹਾਂ ਨੂੰ ਬੜਾ ਖ਼ਾਸ ਲੱਗਦਾ ਹੈ ਅਤੇ ਉਹ ਪਵਿੱਤਰ ਥਾਵਾਂ ਨੂੰ ਵੀ ਦੇਖਦੇ-ਘੋਖਦੇ ਹਨ। ਇੰਨਾ ਹੀ ਨਹੀਂ ਸਗੋਂ ਕਬਾਇਲੀਆਂ ਦੀ ਜ਼ਿੰਦਗੀ ਦੇ ਕਾਰ-ਵਿਹਾਰ ਵੀ ਨਾ ਸਿਰਫ਼ ਜ਼ੁਬਾਨੀ ਰੂਪ ਵਿਚ ਦਰਜ ਕੀਤੇ ਜਾਂਦੇ ਹਨ ਸਗੋਂ ਇਨ੍ਹਾਂ ਦਾ ਵਿਜ਼ੂਅਲ ਢੰਗ ਨਾਲ ਦਸਤਾਵੇਜ਼ੀਕਰਨ ਵੀ ਕੀਤਾ ਗਿਆ ਦਿਖਾਈ ਦਿੰਦਾ ਹੈ। ਇਹ ਸਾਰਾ ਕੁਝ ਇੰਨਾ ਠੋਸ ਢੰਗ ਨਾਲ ਕੀਤਾ ਗਿਆ ਹੈ ਕਿ ਜਦੋਂ ਕੋਈ ਇਕ ਸਫ਼ੇ ਤੋਂ ਦੂਜੇ ਉਤੇ ਜਾਂਦਾ ਹੈ ਤਾਂ ਉਸ ਨੂੰ ਅਜਿਹਾ ਅਹਿਸਾਸ ਹੁੰਦਾ ਹੈ, ਜਿਵੇਂ ਉਹ ਫੋਟੋਗ੍ਰਾਫਰ ਦੀਆਂ ਕੰਟੈਕਟ ਸ਼ੀਟਸ ਦੇ ਪੁਲੰਦੇ ਨੂੰ ਹੀ ਦੇਖ ਰਿਹਾ ਹੋਵੇ।
ਇਸ ਪੂਰੇ ਅਮਲ ਦੌਰਾਨ ਸਾਰਾ ਕੁਝ ਬਹੁਤ ਧਿਆਨ ਨਾਲ ਕੀਤਾ ਗਿਆ ਤੇ ਕਿਤੇ ਵੀ ਕੋਈ ਲਾਪ੍ਰਵਾਹੀ ਨਹੀਂ ਵਰਤੀ ਗਈ। ਜਿੱਥੋਂ ਤੱਕ ਵਿਸ਼ੇ ਤੱਕ ਪਹੁੰਚ ਤੇ ਲੋਕਾਂ ਦਾ ਮਾਮਲਾ ਸੀ, ਬੜੀ ਸੰਜੀਦਗੀ ਤੇ ਮਜ਼ਬੂਤੀ ਨਾਲ ਸਪਸ਼ਟ ‘ਮਾਨਵ ਵਿਗਿਆਨੀ’ ਤਰੀਕਾ ਅਪਣਾਇਆ ਗਿਆ। ਉਨ੍ਹਾਂ ਨੇ ਇਹ ਸਾਰੀ ਜਾਣਕਾਰੀ ਸ਼ੁਰੂਆਤ ਵਿਚ ਹੀ ਦੇ ਦਿੱਤੀ ਹੈ। ਉਨ੍ਹਾਂ ਆਪਣੀ ਯੋਜਨਾ ਦੱਸਦਿਆਂ ਲਿਖਿਆ ਹੈ, ‘ਸਭ ਤੋਂ ਪਹਿਲਾਂ ਸਿਰਫ਼ ਸਾਡੇ ਵਿਜ਼ੂਅਲ ਤੇ ਆਡੀਓ ਆਧਾਰਿਤ ਤਜਰਬੇ ਹੀ ਦਰਜ ਕੀਤੇ ਜਾਣਗੇ’’; ਕੋਸ਼ਿਸ਼ ਇਹ ਸੀ ਕਿ ‘‘ਸਾਡੇ ਤਜਰਬਿਆਂ ਨੂੰ ਪੂਰੀ ਨਿਰਪੱਖਤਾ ਨਾਲ, ਸੌਖੀ ਭਾਸ਼ਾ ਵਿਚ ਦਰਜ ਕੀਤਾ ਜਾਵੇ ਅਤੇ ਇਸ ਉੱਤੇ ਕਿਵੇਂ ਵੀ ਸਾਡੀਆਂ ਜਾਤੀ ਭਾਵਨਾਵਾਂ ਦਾ ਅਸਰ ਨਾ ਪੈਣ ਦਿੱਤਾ ਜਾਵੇ’’; ਇਸ ਲਈ ਜਾਣ-ਬੁੱਝ ਕੇ ‘ਸ਼ਬਦਾਂ ਦਾ ਘੱਟ ਵਿਸਤ੍ਰਿਤ ਪ੍ਰਗਟਾਵਾ’ ਵਰਤਿਆ ਗਿਆ। ਨਾਲ ਹੀ ‘ਲੱਭਤਾਂ ਨਾਲ ਤੁਲਨਾ ਵਾਸਤੇ ਹੋਰ ਇਲਾਕਿਆਂ ਤੋਂ ਪਹਿਲਾਂ ਹੀ ਮੌਜੂਦ ਸਾਹਿਤ ਉੱਤੇ ਕੰਮ ਕਰਨ ਤੋਂ’ ਪਰਹੇਜ਼ ਕੀਤਾ ਗਿਆ। ਜੇ ਕੋਈ ਪਾਠਕ ਅੰਤਿਮ ਰੂਪ ਵਿਚ ਪੇਸ਼ ਕੀਤੇ ਗਏ ਕੰਮ ਨੂੰ ਪੜ੍ਹਦਾ ਤੇ ਦੇਖਦਾ ਹੈ ਤਾਂ ਉਹ ਪਾਉਂਦਾ ਹੈ ਕਿ ਇਸ ‘ਪ੍ਰੋਟੋਕੋਲ’ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ। ਉਨ੍ਹਾਂ ਜੋ ਤੇ ਜਿਵੇਂ ਵੀ ਦਰਜ ਕੀਤਾ, ਉਸ ਸਬੰਧੀ ਕੋਈ ਆਲੋਚਨਾਤਮਕ ਝੁਕਾਅ ਨਹੀਂ ਹੈ; ਨਾ ਕੋਈ ‘ਰਾਇ’ ਦਿੱਤੀ ਜਾਂ ਸਿਫਾਰਸ਼ ਕੀਤੀ ਗਈ ਹੈ; ਇੱਥੋਂ ਤੱਕ ਕਿ ਉੱਤਮਤਾ ਦਾ ਵੀ ਕੋਈ ਮਾਮੂਲੀ ਜਿਹਾ ਭਾਵ ਤੱਕ ਨਹੀਂ ਹੈ।
ਸਭ ਕੁਝ ਸਪਸ਼ਟ ਤੇ ਪਾਰਦਰਸ਼ੀ ਹੈ। ਜੇ ਕੁਝ ਹੈ ਤਾਂ ਉਹ ਹੈ ਇਨਸਾਨੀਅਤ ਦਾ ਨਿੱਘ; ਜੋ ਹੈ ਮਰਦਾਂ ਤੇ ਔਰਤਾਂ ਦੀਆਂ ਤਸਵੀਰਾਂ ਵਿਚ, ਹਮਦਰਦੀ ਵਿਚ, ਜਿਸ ਨਾਲ ਮੌਤ ਦੇ ਕਰਮ-ਕਾਂਡ ਦਰਜ ਕੀਤੇ ਜਾਂਦੇ ਹਨ; ਉਨ੍ਹਾਂ ਦੇ ਵਿਸ਼ਵਾਸਾਂ ਨੂੰ ਦਿੱਤੇ ਗਈ ਸਤਿਕਾਰ ਵਿਚ ਤੇ ਉਨ੍ਹਾਂ ਦੇ ਸੌਂਦਰਯਸ਼ਾਸਤਰ ਦੇ ਸਨਮਾਨ ਵਿਚ। ਇਸ ਨੂੰ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ: ਪਿੰਡ ਦੇ ਮੇਲੇ ਵਿਚ ਸ਼ਾਮਲ ਹੋਣ ਜਾਂਦੀਆਂ ਮੁਟਿਆਰਾਂ ਦੀ ਜੋਸ਼ੀਲੀ ਚਾਲ ਵਿਚਲੀ ਖ਼ੁਸ਼ੀ; ਉਨ੍ਹਾਂ ਮੌਕਿਆਂ ਦੀ ਸੰਜੀਦਗੀ ਜਦੋਂ ਮ੍ਰਿਤਕ ਦੇਹਾਂ ਨੂੰ ਅੰਤਿਮ ਰਸਮਾਂ ਲਈ ਤਿਆਰ ਕੀਤਾ ਜਾਂਦਾ ਹੈ; ਜਦੋਂ ਦਸਤਕਾਰਾਂ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਕੁੱਲ ਸਮਾਵੇਸ਼; ਨਰਤਕੀਆਂ ਦੇ ਨਾਚ ਵਿਚਲੀ ਸਾਹਹੀਣਤਾ (breathlessness) ਤੇ ਖ਼ੂਬਸੂਰਤੀ।
ਇਸ ਕਿਤਾਬ ਵਿਚ ਬੜਾ ਭਾਰੀ ਸਰਮਾਇਆ ਪੇਸ਼ ਕੀਤਾ ਗਿਆ ਹੈ, ਅਤੇ ਜਿਸ ਤਰ੍ਹਾਂ ਇਹ – ਇਬਾਰਤ, ਤਸਵੀਰਾਂ ਤੇ ਵਿਚਾਰ – ਕੁੱਲ ਮਿਲਾ ਕੇ ਕਰੀਬ ਅੱਧੀ ਸਦੀ ਤੱਕ ਬਚੇ ਰਹੇ ਹਨ, ਉਸ ਤੋਂ ਕੋਈ ਹੈਰਾਨ ਹੀ ਹੋ ਸਕਦਾ ਹੈ। ਮੇਰੇ ਲਈ ਇਸ ਅਧਿਐਨ ਵਿਚੋਂ ਜੋ ਕੁਝ ਨਿਕਲ ਕੇ ਆਉਂਦਾ ਹੈ, ਉਹ ਮਹਿਜ਼ ਦਸਤਾਵੇਜ਼ੀਕਰਨ ਨਹੀਂ ਹੈ; ਸਗੋਂ ਇਹ ਹੈ, ਉਨ੍ਹਾਂ ਲੋਕਾਂ ਜਿਨ੍ਹਾਂ ਦੀ ਜ਼ਿੰਦਗੀ ਤੇ ਰਹਿਣ-ਸਹਿਣ ਦਾ ਅਧਿਐਨ ਤੇ ਦਸਤਾਵੇਜ਼ੀਕਰਨ ਕੀਤਾ ਗਿਆ ਹੈ, ਉਨ੍ਹਾਂ ਦੇ ਜਿਉਣ-ਢੰਗ ਵਿਚੋਂ ਉਭਰ ਕੇ ਆਉਂਦੀ ਸਮਝ ਤੇ ਸਿਆਣਪ ਪ੍ਰਤੀ ਦਿਖਾਇਆ ਗਿਆ ਸਤਿਕਾਰ ਤੇ ਇੱਜ਼ਤ-ਮਾਣ। ਉਸ ਵਰਤਾਰੇ ਲਈ ਵੀ ਸਤਿਕਾਰ, ਜਿਸ ਨੂੰ ਅਸੀਂ ‘ਸਾਦਗੀ’ ਕਹਿੰਦੇ ਹਾਂ, ਜਿਸ ਵਿਚ ਸਰਲ ਵਰਤ ਵਿਹਾਰ ਦੇ ਨਾਲ ਹੀ ‘ਇਮਾਨਦਾਰੀ’, ‘ਪਾਰਦਰਸ਼ਤਾ’ ਅਤੇ ‘ਸੱਚਾਈ’ ਵੀ ਸ਼ਾਮਲ ਹੁੰਦੀ ਹੈ।