ਨਵਦੀਪ ਸਿੰਘ ਗਿੱਲ
ਪਰਵੀਨ ਕੁਮਾਰ ਦੀ ਪ੍ਰਸਿੱਧੀ ਜਿੰਨੀ ਖਿਡਾਰੀ ਕਰਕੇ ਹੈ, ਓਨੀ ਹੀ ਮਹਾਭਾਰਤ ਵਿੱਚ ਨਿਭਾਏ ਭੀਮ ਦੇ ਕਿਰਦਾਰ ਕਰਕੇ ਹੈ। ਦੋਵੇਂ ਹੀ ਕਿਰਦਾਰਾਂ ਵਿੱਚ ਉਹ ਦਮਦਾਰ ਤੇ ਵਜ਼ਨਦਾਰ ਹੋ ਕੇ ਨਿਭਿਆ। ਪਰਵੀਨ ਵਰਗਾ ਅਥਲੀਟ ਭਾਵੇਂ ਵਿਰਲਾ ਹੀ ਜੰਮਦਾ ਹੈ ਪਰ ਟੈਲੀਵੀਜ਼ਨ ਦੇ ਦੌਰ ਵਿੱਚ ਮਹਾਭਾਰਤ ਸੀਰੀਅਲ ਦੇ ਭੀਮ ਦੇ ਕਿਰਦਾਰ ਨੇ ਉਸ ਦੀ ਪਛਾਣ ਮਹਾਨ ਖਿਡਾਰੀ ਨਾਲੋਂ ਇਕ ਵੱਡੇ ਅਦਾਕਾਰ ਦੀ ਵੱਧ ਬਣਾਈ। ਪਰਵੀਨ ਖੁਦ ਮੰਨਦਾ ਸੀ ਕਿ ਅਜੋਕੀ ਪੀੜ੍ਹੀ ਲਈ ਉਸ ਦੀ ਪਛਾਣ ਸਿਰਫ ਭੀਮ ਕਰਕੇ ਸੀ। ਪਰ ਉਹ ਆਪਣੇ ਆਪ ਨੂੰ ਪਹਿਲਾਂ ਅਥਲੀਟ ਤੇ ਫਿਰ ਅਦਾਕਾਰ ਕਹਾਉਣਾ ਪਸੰਦ ਕਰਦਾ ਸੀ।
ਪਰਵੀਨ ਕੁਮਾਰ ਦੇ ਤੁਰ ਜਾਣ ਨਾਲ ਭਾਰਤੀ ਅਥਲੈਟਿਕਸ ਦਾ ਥੰਮ੍ਹ ਡਿੱਗ ਗਿਆ। ਏਸ਼ਿਆਈ ਚੈਂਪੀਅਨ ਅਤੇ ਓਲੰਪੀਅਨ ਰਹੇ ਅਥਲੀਟ ਪਰਵੀਨ ਕੁਮਾਰ ਦਾ 74 ਵਰ੍ਹਿਆਂ ਦੀ ਉਮਰੇ 7 ਤੇ 8 ਫਰਵਰੀ ਦੀ ਦਰਮਿਆਨੀ ਰਾਤ ਨਵੀਂ ਦਿੱਲੀ ਸਥਿਤ ਅਸ਼ੋਕ ਵਿਹਾਰ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਵਿੱਚ ਪਤਨੀ, ਬੇਟੀ-ਜਵਾਈ ਤੇ ਇਕ ਦੋਹਤੀ ਹੈ। ਪਰਵੀਨ ਭਾਰਤੀ ਅਥਲੈਟਿਕਸ ਦੇ ਸੁਨਹਿਰੀ ਸਮੇਂ ਦੇ ਅਥਲੀਟਾਂ ’ਚੋਂ ਇਕ ਹੈ। ਆਜ਼ਾਦ ਭਾਰਤ ਦੇ ਪਹਿਲੇ ਤਿੰਨ ਦਹਾਕਿਆਂ ਦੇ ਸਮੇਂ ਵਿੱਚ ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਪ੍ਰਦੁਮਣ ਸਿੰਘ, ਪਰਵੀਨ ਕੁਮਾਰ, ਮਹਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ, ਕਮਲਜੀਤ ਸੰਧੂ ਦੀ ਅਥਲੈਟਿਕਸ ਵਿੱਚ ਤੂਤੀ ਬੋਲਦੀ ਸੀ। ਪੰਜਾਬ ਦੇ ਜਾਏ ਇਨ੍ਹਾਂ ਅਥਲੀਟਾਂ ਬਿਨਾਂ ਭਾਰਤੀ ਅਥਲੈਟਿਕਸ ਦੀ ਗੱਲ ਅਧੂਰੀ ਸੀ।
ਪਰਵੀਨ ਕੁਮਾਰ ਦੀ ਪ੍ਰਸਿੱਧੀ ਜਿੰਨੀ ਖਿਡਾਰੀ ਕਰਕੇ ਹੈ, ਓਨੀ ਹੀ ਮਹਾਭਾਰਤ ਵਿੱਚ ਨਿਭਾਏ ਭੀਮ ਦੇ ਕਿਰਦਾਰ ਕਰਕੇ ਹੈ। ਦੋਵੇਂ ਹੀ ਕਿਰਦਾਰਾਂ ਵਿੱਚ ਉਹ ਦਮਦਾਰ ਤੇ ਵਜ਼ਨਦਾਰ ਹੋ ਕੇ ਨਿਭਿਆ ਹੈ। ਅਥਲੈਟਿਕਸ ਦੇ ਡਿਸਕਸ ਤੇ ਹੈਮਰ ਥਰੋਅ ਈਵੈਂਟ ਵਿੱਚ ਏਸ਼ੀਆ ਤੇ ਰਾਸ਼ਟਰਮੰਡਲ ਖੇਡਾਂ ਦਾ ਜੇਤੂ ਬਣਿਆ। ਬੀਐੱਸਐੱਫ ’ਚੋਂ ਡਿਪਟੀ ਕਮਾਂਡੈਂਟ ਰਿਟਾਇਰ ਹੋਇਆ। ਮਹਾਭਾਰਤ ਵਿੱਚ ਮਹਾਬਲੀ ਭੀਮ ਦੇ ਯਾਦਗਾਰੀ ਰੋਲ ਨਾਲ ਉਹ ਦੇਸ਼ ਵਿੱਚ ਤਾਕਤ ਤੇ ਸ਼ਕਤੀ ਦਾ ਮਜੁੱਸਮਾ ਬਣ ਗਿਆ। ਨਾ ਹੀ ਖੇਡਾਂ ਵਿੱਚ ਬਣਾਏ ਉਸ ਦੇ ਰਿਕਾਰਡ ਸੌਖੇ ਟੁੱਟੇ ਅਤੇ ਨਾ ਹੀ ਕਿਸੇ ਟੀਵੀ ਸੀਰੀਅਲ ਵਿੱਚ ਉਸ ਜਿੰਨੀ ਕਿਸੇ ਨੂੰ ਮਕਬੂਲੀਅਤ ਮਿਲੀ। ਸਵਾ ਛੇ ਫੁੱਟ ਕੱਦ ਤੇ ਸਵਾ ਕੁਇੰਟਲ ਭਾਰ ਵਾਲੇ ਪਰਵੀਨ ਨੂੰ ਦੇਖਦਿਆਂ ਹੀ ਭੁੱਖ ਲਹਿੰਦੀ ਸੀ। ਅੰਨ੍ਹੀ ਤਾਕਤ ਤੇ ਜ਼ੋਰ ਵਿੱਚ ਉਸ ਦਾ ਕੋਈ ਸਾਨੀ ਨਹੀਂ ਰਿਹਾ। ਪਰਵੀਨ ਵਰਗਾ ਅਥਲੀਟ ਭਾਵੇਂ ਵਿਰਲਾ ਹੀ ਜੰਮਦਾ ਹੈ ਪਰ ਟੈਲੀਵੀਜ਼ਨ ਦੇ ਦੌਰ ਵਿੱਚ ਮਹਾਭਾਰਤ ਸੀਰੀਅਲ ਦੇ ਭੀਮ ਦੇ ਕਿਰਦਾਰ ਨੇ ਉਸ ਦੀ ਪਛਾਣ ਮਹਾਨ ਖਿਡਾਰੀ ਨਾਲੋਂ ਇਕ ਵੱਡੇ ਅਦਾਕਾਰ ਦੀ ਵੱਧ ਬਣਾਈ। ਪਰਵੀਨ ਖੁਦ ਮੰਨਦਾ ਸੀ ਕਿ ਅਜੋਕੀ ਪੀੜ੍ਹੀ ਲਈ ਉਸ ਦੀ ਪਛਾਣ ਸਿਰਫ ਭੀਮ ਕਰਕੇ ਸੀ। ਪਰ ਉਹ ਆਪਣੇ ਆਪ ਨੂੰ ਪਹਿਲਾਂ ਅਥਲੀਟ ਤੇ ਫਿਰ ਅਦਾਕਾਰ ਕਹਾਉਣਾ ਪਸੰਦ ਕਰਦਾ ਸੀ।
ਪਰਵੀਨ ਕੁਮਾਰ ਇਕ ਦਹਾਕਾ ਏਸ਼ੀਆ ਦਾ ਚੈਂਪੀਅਨ ਥਰੋਅਰ ਰਿਹਾ। 10 ਸਾਲ ਉਸ ਨੇ ਕਿਸੇ ਏਸ਼ੀਅਨ ਥਰੋਅਰ ਨੂੰ ਨੇੜੇ ਨਹੀਂ ਲੱਗਣ ਦਿੱਤਾ। ਡਿਸਕਸ ਤੇ ਹੈਮਰ ਥਰੋਅ ਦੋਵਾਂ ਵਿੱਚ ਹੀ ਲੋਹਾ ਮਨਵਾਇਆ। ਡਿਸਕਸ ਵਿਚ ਤਾਂ ਏਸ਼ੀਆ ਦਾ ਨਵਾਂ ਰਿਕਾਰਡ ਵੀ ਬਣਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੀ ਕਪਤਾਨੀ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਿਹਾ। ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਦੋ ਵਾਰ ਓਲੰਪਿਕ ਖੇਡਾਂ (ਮੈਕਸੀਕੋ-1968 ਤੇ ਮਿਊਨਿਖ-1972) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਪਰਵੀਨ ਦੇ ਸਮਿਆਂ ਵਿੱਚ ਕੋਚਿੰਗ ਤਕਨੀਕਾਂ ਅਤੇ ਸਹੂਲਤਾਂ ਦੀ ਬਹੁਤ ਘਾਟ ਸੀ। ਜੇ ਉਸ ਨੂੰ ਅੱਜ ਵਰਗੇ ਸਮਿਆਂ ਦੀਆਂ ਸਹੂਲਤਾਂ ਮਿਲੀਆਂ ਹੁੰਦੀਆਂ ਤਾਂ ਉਹ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਕੋਈ ਤਮਗਾ ਜ਼ਰੂਰ ਜਿੱਤਦਾ। ਖੇਡਾਂ ਵਿੱਚ ਪਰਵੀਨ ਦੀਆਂ ਪ੍ਰਾਪਤੀਆਂ ਹੋਰ ਵੀ ਵਧ ਸਕਦੀਆਂ ਸਨ ਪਰ ਉਸ ਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ ਨੇ ਰੋਕ ਦਿੱਤਾ। ਪਰਵੀਨ ਨੇ ਪੂਰੇ ਖੇਡ ਜੀਵਨ ਵਿੱਚ ਦਰਜਨਾਂ ਵਾਰ ਕੌਮਾਂਤਰੀ ਪੱਧਰ ’ਤੇ ਤਗਮੇ ਜਿੱਤੇ। ਡਿਸਕਸ ਸੁੱਟਣ ਵਿੱਚ 15 ਸਾਲ ਕੌਮੀ ਰਿਕਾਰਡ ਹੋਲਡਰ ਰਿਹਾ। ਭਾਰਤ ਸਰਕਾਰ ਨੇ ਪਰਵੀਨ ਨੂੰ ‘ਅਰਜੁਨਾ ਐਵਾਰਡ’ ਅਤੇ ਪੰਜਾਬ ਸਰਕਾਰ ਨੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਆ।
ਪਰਵੀਨ ਕੁਮਾਰ ਸੋਬਤੀ ਦਾ ਜਨਮ 6 ਸਤੰਬਰ 1947 ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸਰਹਾਲੀ (ਉਦੋਂ ਅੰਮ੍ਰਿਤਸਰ ਜ਼ਿਲ੍ਹਾ) ਵਿੱਚ ਹੋਇਆ। ਪੰਜਾਬ ਪੁਲੀਸ ਵਿੱਚ ਥਾਣੇਦਾਰ ਰਿਟਾਇਰ ਹੋਏ ਕੁਲਵੰਤ ਰਾਏ ਦੇ ਘਰ ਮਾਤਾ ਸੁਮਿੱਤਰਾ ਦੇਵੀ ਦੀ ਕੁੱਖੋਂ ਪੈਦਾ ਹੋਇਆ ਪਰਵੀਨ ਬਚਪਨ ਤੋਂ ਹੀ ਚੰਗੇ ਕੱਦ-ਕਾਠ ਵਾਲਾ ਸੀ। ਖਾਣ-ਪੀਣ ਘਰ ਵਿੱਚ ਖੁੱਲ੍ਹਾ ਸੀ ਜਿਸ ਕਰਕੇ ਖੇਡਾਂ ਵੱਲ ਝੁਕਾਅ ਸੁਭਾਵਕ ਹੀ ਸੀ। ਸ਼ੁਰੂਆਤ ਵਿੱਚ ਉਸ ਨੂੰ ਸਰੀਰ ਬਣਾਉਣ ਤੇ ਭਾਰ ਚੁੱਕਣ ਦਾ ਸ਼ੌਕ ਸੀ, ਜਿਸ ਲਈ ਮੁੱਢਲੇ ਸਮੇਂ ਵਿੱਚ ਉਸ ਦਾ ਰੁਝਾਨ ਬਾਡੀ ਬਿਲਡਿੰਗ ਤੇ ਵੇਟਲਿਫਟਿੰਗ ਵੱਲ ਸੀ। ਉਸ ਵੇਲੇ ਜੀ.ਜੀ.ਐਸ.ਖਾਲਸਾ ਹਾਇਰ ਸੈਕੰਡਰੀ ਸਕੂਲ ਸਰਹਾਲੀ ਦੇ ਮੁੱਖ ਅਧਿਆਪਕ ਹਰਬੰਸ ਸਿੰਘ ਗਿੱਲ ਨੇ ਪਰਵੀਨ ਦੇ ਕੱਦ-ਕਾਠ ਨੂੰ ਦੇਖਦਿਆਂ ਡਿਸਕਸ ਤੇ ਗੋਲਾ ਸੁੱਟਣ ਨੂੰ ਕਿਹਾ। ਉਦੋਂ ਉਸ ਨੂੰ ਦੋਵੇਂ ਈਵੈਂਟਾਂ ਬਾਰੇ ਕੁਝ ਨਹੀਂ ਪਤਾ ਸੀ। ਅੱਠਵੀਂ ਪੜ੍ਹਦਿਆਂ ਸਕੂਲ ਦੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਹੋਏ ਸਵਾਗਤ ਨਾਲ ਪਰਵੀਨ ਨੂੰ ਪ੍ਰੇਰਨਾ ਮਿਲੀ। ਪਰਵੀਨ ਨੇ ਸਵੱਖਤੇ ਚਾਰ ਵਜੇ ਉਠ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਉਹ ਆਪਣੀ ਵਰਜਿਸ਼ ਘਰ ਵਿੱਚ ਆਟਾ ਪੀਹਣ ਵਾਲੀ ਚੱਕੀ ਦੇ ਪੁੜਾਂ ਨੂੰ ਚੁੱਕ ਕੇ ਕਰਦਾ ਹੁੰਦਾ ਸੀ। ਕਬੱਡੀ ਖੇਡਣੀ, ਅਖਾੜੇ ਵਿੱਚ ਘੋਲ ਕਰਨੇ ਅਤੇ ਰੱਸੇ ਨਾਲ ਜ਼ੋਰ ਅਜ਼ਮਾਇਸ਼ ਕਰਨੀ। ਕਦੇ-ਕਦੇ ਗੁੱਲੀ-ਡੰਡਾ ਖੇਡਣ ਲੱਗ ਜਾਂਦਾ।
ਪਰਵੀਨ ਨੇ ਪਹਿਲੀ ਵਾਰ 1962-63 ਨੂੰ ਅਹਿਮਦਾਬਾਦ ਦੀਆਂ ਕੌਮੀ ਸਕੂਲ ਖੇਡਾਂ ’ਚ ਡਿਸਕਸ ਥਰੋਅ ’ਚ ਸੋਨ ਤਗਮਾ ਜਿੱਤਿਆ। ਫਿਰ ਕਲਕੱਤਾ ਵਿਚ ਜੂਨੀਅਰ ਨੈਸ਼ਨਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਉਹ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨ ਬਣਿਆ। ਨਿੱਕੇ ਪਰਵੀਨ ਨੇ ਵੱਡਿਆਂ ਦੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕੌਮੀ ਪੱਧਰ ’ਤੇ ਆਪਣੀ ਦਸਤਕ ਦੇ ਦਿੱਤੀ। ਫਿਰ ਉਸ ਦੀ ਚੋਣ ਸੋਵੀਅਤ ਸੰਘ ਖ਼ਿਲਾਫ਼ ਅਥਲੈਟਿਕਸ ਮੀਟ ਵਿੱਚ ਭਾਰਤੀ ਟੀਮ ’ਚ ਹੋ ਗਈ, ਜਿੱਥੇ ਉਸ ਨੇ ਹੈਮਰ ਥਰੋਅ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਉਸ ਤੋਂ ਬਾਅਦ ਉਸ ਨੇ 15 ਸਾਲ ਪਿੱਛੇ ਮੁੜ ਕੇ ਨਹੀਂ ਵੇਖਿਆ। 1965 ਤੋਂ 1980 ਤੱਕ ਤਾਂ ਉਹ ਡਿਸਕਸ ਥਰੋਅ ਦਾ ਕੌਮੀ ਰਿਕਾਰਡ ਹੋਲਡਰ ਰਿਹਾ। ਉਸ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਡਿਸਕਸ ਤੇ ਹੈਮਰ ਥਰੋਅ ਦੋਵਾਂ ਈਵੈਂਟਸ ਵਿੱਚ ਢੇਰਾਂ ਤਗਮੇ ਜਿੱਤੇ। 1971, 1972, 1974, 1977, 1978 ਤੇ 1979 ਦੀਆਂ ਨੈਸ਼ਨਲ ਮੀਟਸ ਵਿੱਚ ਉਹ ਦੋਵੇਂ ਈਵੈਂਟਸ ਦਾ ਚੈਂਪੀਅਨ ਬਣਦਾ ਰਿਹਾ।
1966 ਵਿੱਚ ਕਿੰਗਸਟਨ ਰਾਸ਼ਟਰਮੰਡਲ ਖੇਡਾਂ, ਜਿਸ ਨੂੰ ਉਸ ਵੇਲੇ ਬ੍ਰਿਟਿਸ਼ ਅੰਪਾਇਰ ਅਤੇ ਰਾਸ਼ਟਰਮੰਡਲ ਖੇਡਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿੱਚ ਪਰਵੀਨ ਨੇ 60.12 ਮੀਟਰ ਹੈਮਰ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਮਿਲਖਾ ਸਿੰਘ ਤੋਂ ਬਾਅਦ ਉਹ ਦੇਸ਼ ਦਾ ਦੂਜਾ ਅਥਲੀਟ ਸੀ, ਜਿਸ ਨੇ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿਚ ਕੋਈ ਤਮਗਾ ਜਿੱਤਿਆ ਹੋਵੇ। 1966 ਵਿਚ ਹੀ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਪਰਵੀਨ ਨੇ ਡਿਸਕਸ ਵਿਚ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਅਤੇ ਹੈਮਰ ਥਰੋਅ ਵਿਚ 57.18 ਮੀਟਰ ਦੀ ਥਰੋਅ ਨਾਲ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1967 ਵਿਚ ਕੋਲੰਬੋ ’ਚ ਹੋਈ ਇੰਟਰਨੈਸ਼ਨਲ ਮੀਟ ਵਿੱਚ ਉਸ ਨੇ ਡਿਸਕਸ ਤੇ ਹੈਮਰ ਦੋਵਾਂ ਈਵੈਂਟਸ ਵਿਚ ਸੋਨੇ ਦਾ ਤਗਮਾ ਜਿੱਤਿਆ। 1970 ’ਚ ਬੈਂਕਾਕ ਵਿਚ ਹੋਈਆਂ ਏਸ਼ਿਆਈ ਖੇਡਾਂ ’ਚ ਉਹ ਦੂਜੀ ਵਾਰ ਡਿਸਕਸ ਥਰੋਅ ਦਾ ਚੈਂਪੀਅਨ ਬਣਿਆ। ਉਥੇ ਉਸ ਨੇ 52.38 ਮੀਟਰ ਦੀ ਥਰੋਅ ਨਾਲ ਸੋਨੇ ਦਾ ਤਮਗਾ ਜਿੱਤਿਆ। ਪਰਵੀਨ ਨੇ 1973 ਵਿੱਚ ਮਨੀਲਾ ’ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਿਆ। 1974 ਵਿਚ ਤਹਿਰਾਨ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਪਰਵੀਨ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਇੱਥੇ ਉਸ ਨੇ ਡਿਸਕਸ ਥਰੋਅ ’ਚ 53.64 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਪਰਵੀਨ ਨੇ 1975 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। 1977 ਵਿੱਚ ਬਰਲਿਨ ’ਚ ਹੋਏ ਵਿਸ਼ਵ ਕੱਪ ਮੁਕਾਬਲੇ ’ਚ ਪਰਵੀਨ ਨੇ ਏਸ਼ੀਆ ਦੀ ਅਥਲੈਟਿਕਸ ਟੀਮ ਦੀ ਕਪਤਾਨੀ ਕੀਤੀ ਜਿੱਥੇ ਉਸ ਨੇ ਚੌਥਾ ਸਥਾਨ ਹਾਸਲ ਕੀਤਾ। 1977 ਵਿੱਚ ਸਕਾਟਲੈਂਡ ’ਚ ਹੋਈ ਇੰਟਰਨੈਸ਼ਨਲ ਮੀਟ ਵਿਚ ਉਸ ਨੇ ਡਿਸਕਸ ਥਰੋਅ ’ਚ ਕਾਂਸੀ ਦਾ ਤਮਗਾ ਜਿੱਤਿਆ। ਇਹ ਉਸ ਦੇ ਕੌਮਾਂਤਰੀ ਖੇਡ ਜੀਵਨ ਦਾ ਆਖਰੀ ਤਗਮਾ ਸੀ। 1980 ਵਿੱਚ ਉਸ ਨੇ ਖੇਡਾਂ ਤੋਂ ਸੰਨਿਆਸ ਲੈ ਲਿਆ।
ਪਰਵੀਨ ਦੀ ਪ੍ਰਸਿੱਧੀ ਪਿੱਛੇ ਉਸ ਦੀ ਤਕੜੀ ਘਾਲਣਾ ਸੀ। ਘੰਟਿਆਂ ਬੱਧੀ ਪ੍ਰੈਕਟਿਸ ਉਸ ਦਾ ਨਿੱਤ ਨੇਮ ਸੀ। 100-150 ਡੰਡ ਤੇ 500-600 ਬੈਠਕਾਂ ਉਸ ਲਈ ਆਮ ਗੱਲ ਸੀ। ਪ੍ਰੈਕਟਿਸ ਦੇ ਦਿਨਾਂ ਵਿੱਚ ਉਸ ਦੀ ਇਕ ਦਿਨ ਦੀ ਖੁਰਾਕ ਵਿੱਚ 5-6 ਕਿਲੋ ਦੁੱਧ, 6-7 ਆਂਡੇ, ਕਿਲੋ-ਸਵਾ ਕਿਲੋ ਮੀਟ ਤੇ ਪਾ-ਡੇਢ ਪਾ ਦੇਸੀ ਘਿਓ ਸ਼ਾਮਲ ਹੁੰਦਾ ਸੀ। ਸਰਹਾਲੀ ਦੀਆਂ ਸੱਥਾਂ ਵਿੱਚ ਇਹ ਗੱਲ ਪ੍ਰਚੱਲਿਤ ਹੁੰਦੀ ਸੀ ਕਿ ਪਰਵੀਨ ਦੀ ਖੁਰਾਕ ਕਰਕੇ ਪਿੰਡ ਵਿੱਚ ਕੋਈ ਵੀ ਕੁੱਕੜ ਨਹੀਂ ਬਚਦਾ ਸੀ। ਪਰਵੀਨ ਨੇ ਆਪਣੇ ਅਦਾਕਾਰੀ ਦੇ ਕਰੀਅਰ ਵਿੱਚ 50 ਤੋਂ ਵੱਧ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ‘ਸ਼ਹਿਨਸ਼ਾਹ’, ‘ਹਮ ਸੇ ਹੈ ਜ਼ਮਾਨਾ’, ‘ਗਜ਼ਬ’, ‘ਜਾਗੀਰ’, ‘ਕ੍ਰਿਸ਼ਮਾ ਕੁਦਰਤ ਕਾ’, ‘ਲੋਹਾ’, ‘ਯੁੱਧ’, ‘ਜ਼ਬਰਦਸਤ’, ‘ਡਾਕ ਬੰਗਲਾ’, ‘ਕਮਾਂਡੋ’, ‘ਇਲਾਕਾ’, ‘ਮਿੱਟੀ ਕਾ ਸੋਨਾ’, ‘ਘਾਇਲ’, ‘ਆਜ ਕਾ ਅਰਜੁਨ’, ‘ਅਜੂਬਾ’, ‘ਜਾਨ’ ਅਤੇ ‘ਅਜੈ’ ਪ੍ਰਮੁੱਖ ਸਨ। ਮਹਾਭਾਰਤ ਸੀਰੀਅਲ ਵਿੱਚ ਨਿਭਾਏ ਭੀਮ ਦੇ ਯਾਦਗਾਰੀ ਰੋਲ ਨੇ ਪਰਵੀਨ ਨੂੰ ਸਦਾ ਲਈ ਲੋਕਾਂ ਦੇ ਮਨਾਂ ਵਿੱਚ ਵਸਾ ਦਿੱਤਾ।
ਸੰਪਰਕ: 97800-36216