ਡਾ. ਸੁੱਖਵਿੰਦਰ
ਕਥਾ ਪ੍ਰਵਾਹ
ਡਿੰਗ ਡੌਂਗ-ਡਿੰਗ ਡੌਂਗ…
– ਸੁਖਦੀਪ ਕੌਣ ਸੀ?
– ਜੋ ਅੱਜਕੱਲ੍ਹ ਅਖ਼ਬਾਰਾਂ ਤੇ ਟੀ.ਵੀ. ’ਤੇ, ਉਹੀ ਗੇਟ ’ਤੇ- ਕਰੋਨਾ-ਲੌਕਡਾਊਨ- ਕਰੋਨਾ ਦੇ ਮਾਰੇ ਭੁੱਖੇ ਭਾਣੇ ਗ਼ਰੀਬ- ਨਾਲ ਹੀ ਹੱਡੀਆਂ ਦੀ ਮੁੱਠ ਬਣੇ, ਨੰਗ ਭੜੰਗੇ, ਭੁੱਖ ਨਾਲ ਵਿਲਕਦੇ ਬੱਚੇ- ‘‘ਕੋਈ ਆਟਾ- ਕੋਈ ਰੋਟੀਆਂ- ਪੈਸਾ’’ ਲੇਲ੍ਹੜੀਆਂ ਕੱਢਦੇ ਲੋਕ- ਕੌਣ ਸੀ…? ਤੂੰ ਚੁੱਪ ਨਹੀਂ ਰਹਿ ਸਕਦੀ? ਸ਼ੁਕਰ ਕਰ ਅਜੇ ਬੈੱਲ ਹੀ ਵੱਜੀ ਐ, ਦਰਵਾਜ਼ਾ ਨਹੀਂ ਟੁੱਟਿਆ।
– ਹੈਂ, ਤੁਸੀਂ ਮੇਰੇ ਨਾਲ ਕਿਉਂ ਖਿੱਝਦੇ ਹੋ? ਲੱਗਦੈ ਤੁਹਾਡੀ ਤਾਂ ਬੋਲ-ਬਾਣੀ ਨੂੰ ਵੀ ਕਰੋਨਾ ਹੋ ਗਿਆ। ਪੂਰੀ ਬ੍ਰੈੱਡ ਪਈ ਐ, ਰੋਟੀਆਂ ਪਈਆਂ ਨੇ ਦੇ ਦੇਵੋ, ਲੋਕਾਂ ਤਾਂ ਲੰਗਰ ਲਾਏ ਹੋਏ ਨੇ, ਤੁਸੀਂ ਤਾਂ ਨਾਂਹ ਕਰਕੇ ਆ ਗਏ ਹੋ, ਇਹ ਤਾਂ ਪੁੰਨ ਦਾ ਕੰਮ ਹੈ।
– ਗੀਤੂ, ਇਹ ਮੰਗਤੇ ਨਹੀਂ। ਮਜ਼ਦੂਰ ਨੇ, ਅਣਖ ਨਾਲ ਕਮਾ ਕੇ ਖਾਣ ਵਾਲੇ ਲੋਕ। ਨਾਲੇ ਅੱਜ ਤਾਂ ਦੇ ਦੇਵਾਂਗੇ- ਫੇਰ ਕੱਲ੍ਹ ਨੂੰ, ਪਰਸੋਂ, ਮਹੀਨੇ ਬਾਅਦ ਕੌਣ ਕਰੂ ਪੁੰਨ? ਅੱਗੇ ਫਰਵਰੀ ਵਿਚ ਸਭ ਕੁਝ ਚੀਨ ਵਿਚ ਵਿਖਾਈ ਦੇ ਰਿਹਾ ਸੀ, ਉਦੋਂ ਦੁਨੀਆਂ ਦੇ ਵੱਡੇ ਨੇਤਾ ਆਗਰੇ ਕਬਰਾਂ ’ਤੇ ਖੜ੍ਹ ਕੇ ਜੱਫੀਆਂ ਪਾ, ਫੋਟੋਆਂ ਖਿਚਾ ਹੱਸ ਰਹੇ ਸਨ ਕਿ ਆਪਾਂ ਕੀ ਲੈਣਾ ਇਹ ਤਾਂ ਚੀਨੀ ਵਾਇਰਸ ਹੈ, ਆਪੇ ਭੁਗਤੂ। ਹੁਣ ਬਿਨਾਂ ਡਾਕਟਰਾਂ ਦੀ ਸਲਾਹ ਤੋਂ, ਬਿਨਾਂ ਕੋਈ ਸਕੀਮ ਬਣਾਇਆਂ ਚੀਨ ਦੀ ਦੇਖਾ-ਦੇਖੀ ਬਾਂਦਰ ਸੋਚ ਨਾਲ ਚਾਰ ਘੰਟਿਆਂ ਦਾ ਸਮਾਂ ਦੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਕਿ ਕਰੋਨਾ ਇੱਕੀ ਦਿਨ ਵਿਚ ਫ਼ਤਹਿ। ਸੋਚਿਆ ਹੀ ਨਹੀਂ ਕਿ ਮਜ਼ਦੂਰ ਕੀ ਕਰਨਗੇ।
ਪੰਜ ਮਹੀਨਿਆਂ ਵਿਚ ਸਿਰਫ਼ ਅਡਾਨੀ, ਅੰਬਾਨੀ ਅਮੀਰੀ ’ਚ ਹੋਰ ਅਗਾਂਹ ਹੋ ਗਏ ਤੇ ਬਾਕੀ ਸਭ ਦੀਆਂ ਗੋਡਣੀਆਂ ਲੱਗ ਗਈਆਂ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਜਦੋਂ ਤੁਹਾਡੀਆਂ ਫੈਕਟਰੀਆਂ ਚਾਰ ਸੌ ਪ੍ਰਤੀਸ਼ਤ ਮੁਨਾਫੇ਼ ’ਤੇ ਜਾਂਦੀਆਂ, ਉਦੋਂ ਉਸ ਵਿਚ ਮਜ਼ਦੂਰਾਂ ਦਾ ਕੋਈ ਹਿੱਸਾ ਨਹੀਂ ਹੁੰਦਾ? ਇਨ੍ਹਾਂ ਦੇ ਖ਼ੂਨ-ਪਸੀਨੇ ਦੇ ਚੜ੍ਹਾਵੇ ਨਾਲ ਧਾਰਮਿਕ ਅਸਥਾਨਾਂ ’ਤੇ ਲਹਿਰਾਂ-ਬਹਿਰਾਂ ਹੁੰਦੀਆਂ ਨੇ। ਲਾਭ ਹੋਵੇ ਤਾਂ ਮਾਲਕਾਂ ਦਾ, ਘਾਟਾ ਹੋਵੇ ਤਾਂ ਇਕੱਲੇ ਮਜ਼ਦੂਰਾਂ ਦਾ ਵਾਹ! ਔਖੇ ਵੇਲੇ ਸਭ ਨੇ ਬੂਹੇ ਬੰਦ ਕਰ ਲਏ।
– ਸੁੱਖੀ, ਕੁਝ ਨਹੀਂ ਹੋਣ ਲੱਗਿਆ ਹਾਲਾਤ ਨੂੰ। ਆਫ਼ਤ ਨਹੀਂ ਆਉਣ ਲੱਗੀ, ਆਪਣੇ ਕੋਲ ਚਾਰ ਮਹੀਨਿਆਂ ਦਾ ਰਾਸ਼ਨ ਪਿਐ। ਤੁਸੀਂ ਠੰਢ ਰੱਖੋ।
– ਤੂੰ ਆਫ਼ਤ ਕਹਿੰਨੀ ਐਂ, ਇਹ ਤਾਂ ਇਟਲੀ ਵਾਂਗਰ ਪਰਲੋ ਆਉਣ ਵਾਲੀ ਐ, ਖਾਣ ਨੂੰ ਰੋਟੀ ਨਹੀਂ ਹੋਣੀ, ਇਲਾਜ ਲਈ ਦਵਾਈ ਨਹੀਂ, ਮੁਰਦੇ ਦੱਬਣ ਲਈ ਕਬਰਾਂ ਨਹੀਂ ਹੋਣੀਆਂ। ਅੱਗੇ ਲੀਡਰਾਂ ਵੀ ਤੇਰੇ ਵਾਂਗਰ ਆਪਣਾ ਰਾਸ਼ਨ ਦੇਖ ਲਿਆ, ਗ਼ਰੀਬ ਦੇ ਖਾਲੀ ਤੇ ਚਿੱਬੇ ਹੋਏ ਪੀਪੇ ਬਾਰੇ ਸੋਚਿਆ ਨਹੀਂ। ਨਾਲੇ ਆਪਣਾ ਰਾਸ਼ਨ ਵੀ ਆਪਾਂ ਓਨਾ ਚਿਰ ਹੀ ਖਾ ਸਕਦੇ ਹਾਂ ਜਿੰਨਾ ਚਿਰ ਗ਼ਰੀਬ ਨੂੰ ਰੋਟੀ ਮਿਲਦੀ ਹੈ, ਭਾਵੇਂ ਇਕ ਡੰਗ ਦੀ ਹੀ ਮਿਲੇ। ਉਹ ਬਿਨਾਂ ਛੱਤ ਤੇ ਕੱਪੜਿਆਂ ਤੋਂ ਤੁਹਾਡੇ ਦਬਕੇ ਖਾ ਕੇ ਆਪ ਭੁੱਖਾ ਰਹਿ ਸਕਦਾ, ਪਰ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਭੁੱਖ ਨਾਲ ਤੜਫ਼-ਤੜਫ਼ ਕੇ ਵਿਲਕਦਿਆਂ ਮਰਦੇ ਨਹੀਂ ਦੇਖ ਸਕਦਾ। ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਵਿਚੋਂ ਹਜੂਮ ਰਾਸ਼ਨ ਲੁੱਟਣ ਆਵੇਗਾ ਤੇ ਗ੍ਰਹਿ ਯੁੱਧ ਲੱਗੇਗਾ ਜੋ ਹਮੇਸ਼ਾ ਰੋਟੀ ਲਈ ਲੱਗਦਾ ਹੈ, ਕਬਜ਼ੇ ਲਈ ਨਹੀਂ। ਟੀ.ਵੀ. ’ਤੇ ਦੇਖਿਆ ਨਹੀਂ ਦਿੱਲੀ, ਮੁੰਬਈ ਤੇ ਬਾਕੀ ਵੱਡੇ ਸ਼ਹਿਰਾਂ ਵਿਚ ਭਲੇਮਾਣਸ ਲੋਕ ਰੋਟੀ ਖੋਹਣ ਦੀ ਬਜਾਏ ਸੜਕਾਂ ’ਤੇ ਕਰਫ਼ਿਊ ਦੇ ਬਾਵਜੂਦ ਬੇਕਾਬੂ ਹੋਏ ਆਪਣੇ ਪਿੰਡਾਂ ਨੂੰ ਤੁਰ ਪਏ!
– ਓ ਹੋ, ਔਖੇ ਸੌਖੇ ਟਿਕੇ ਰਹਿੰਦੇ, ਪਿੰਡਾਂ ਵਿਚ ਰੋਟੀ ਹੁੰਦੀ ਤਾਂ ਏਥੇ ਕਾਹਨੂੰ ਆਉਂਦੇ, ਦੱਸੋ ਹੁਣ ਪਿੰਡ ਜਾ ਕੇ ਕੀ ਕਰਨਗੇ?
– ਸੁਣ ਲੈ ਕੀ ਕਰਨਗੇ। ਜਿਹੜੇ ਪੁਲੀਸ ਦੀ ਝੰਬ ਤੋਂ ਬਚ ਕੇ ਪਿੰਡ ਪਹੁੰਚ ਗਏ, ਉਹ ਆਪਣੇ ਪੈਰਾਂ ਦੇ ਛਾਲੇ ਦੇਖ-ਦੇਖ ਖ਼ੁਸ਼ ਹੋਣਗੇ, ਤੇਲ ਦੇ ਫੰਬੇ ਲਾਉਣਗੇ। ਜਿਹੜੇ ਸਾਥੀਆਂ ਨੂੰ ਕਰੋਨਾ ਹੋਣ ਕਰਕੇ ਸੜਕਾਂ ’ਤੇ ਲੰਮਾ ਪਾ ਕੇ ਆ ਗਏ, ਉਨ੍ਹਾਂ ਨੂੰ ਉਡੀਕਣਗੇ। ਜਿਹੜੇ ਰਸਤੇ ਵਿਚ ਮਰ ਗਏ, ਉਨ੍ਹਾਂ ਦਾ ਸੋਗ ਮਨਾਉਣਗੇ। ਜਿਹੜੇ ਸੜਕਾਂ ’ਤੇ ਜੰਮੇ, ਉਨ੍ਹਾਂ ਦੀ ਖ਼ੁਸ਼ੀ ਮਨਾਉਣਗੇ ਤੇ ਆਪਣੇ ਕੱਚੇ ਘਰਾਂ ਵਿਚ ਬੈਠ ਕੇ ਕੰਗੋੜ ਨਾਲ ਲੱਗੇ ਢਿੱਡ ’ਤੇ ਹੱਥ ਫੇਰਦੇ ਕਦੀ ਠੰਢੇ ਚੁੱਲ੍ਹੇ ਵੱਲ ਤੇ ਕਦੇ ਮੁਫ਼ਤ ਬਣੇ ਸਰਕਾਰੀ ਪੱਕੇ ਪਖਾਨੇ ਵੱਲ ਵੇਖਣਗੇ। ਇਕ ਹੱਥ ਵਿਚ ਜ਼ੀਰੋ ਬੈਲੈਂਸ ਵਾਲੀ ਬੈਂਕ ਦੀ ਕਾਪੀ ਤੇ ਦੂਜੇ ਹੱਥ ਵਿਚ ਜੀਓ ਦਾ ਵਾਈ-ਫਾਈ ਵਾਲਾ ਮੁਫ਼ਤ ਦਾ ਫੋਨ, ਨੰਗੇ ਤਨ, ਬਿਨਾਂ ਅੰਨ ਆਪਣੇ ਕੰਨ ਨੂੰ ਲਾ ਕੇ ਮਨ ਕੀ ਬਾਤ ਸੁਣਨਗੇ ਕਿ ਹੁਣ ਵਿਕਾਸ ਕਦੋਂ ਆਵੇਗਾ? ਅੱਗੋ ਤੋਂ ਅੱਗੇ ਨਾ ਪੁੱਛ ਮੈਨੂੰ ਖਿੱਝ ਆਉਂਦੀ ਐ ਤੇ ਤੈਨੂੰ ਸਮਝ ਨਹੀਂ ਲੱਗਣੀ।
– ਕਿਉਂ? ਮੈਂ ਤਾਂ ਪੁੱਛਾਂਗੀ ਕਿ ਇਨ੍ਹਾਂ ਅਨਪੜ੍ਹ ਲੋਕਾਂ ਨੇ ਵਿਕਾਸ ਤੋਂ ਕੀ ਲੈਣਾ?
– ਗ਼ਰੀਬ ਦਾ ਹਫ਼ਤੇ ਵਿਚ ਦੋ ਵਾਰੀ ਖੁੱਲ੍ਹ ਕੇ ਪੇਟ ਸਾਫ਼ ਹੋ ਜਾਵੇ, ਇਨ੍ਹਾਂ ਲਈ ਇਹੀ ਵਿਕਾਸ ਹੁੰਦੈ। ਹੋਰ ਤੇਰੇ ਵਾਂਗਰ ਕੋਠੀਆਂ, ਕਾਰਾਂ, ਫੈਕਟਰੀਆਂ ਨੂੰ ਵਿਕਾਸ ਨਹੀਂ ਕਹਿੰਦੇ। ਹੋਰ ਕੁਝ ਦੱਸਾਂ ਕਿ ਬਹੁਤ ਹੈ?
– ਤੁਸੀਂ ਮੈਨੂੰ ਸਵੇਰ ਦੇ ਕਿਉਂ ਟੁੱਟ-ਟੁੱਟ ਪੈਂਦੇ ਹੋ। ਲੌਕਡਾਊਨ ਸਾਰੇ ਜਹਾਨ ਵਾਸਤੇ ਹੈ, ਸਾਡੇ ਇਕੱਲਿਆਂ ਵਾਸਤੇ ਨਹੀਂ। ਨਾਲੇ ਆਪਾਂ ਵੱਡੇ ਪ੍ਰਸਿੱਧ ਇੰਜਨੀਅਰਿੰਗ ਕਾਲਜ ਦੇ ਪੋਸਟ ਗਰੈਜੂਏਟ ਆਈ.ਟੀ. ਇੰਜਨੀਅਰ ਹਾਂ, ਅਮਰੀਕਾ ਦੀ ਕੰਪਨੀ ਵਿਚ ਨੌਕਰੀ ਕਰਦੇ ਹਾਂ, ਹੌਸਲਾ ਰੱਖੋ ਐਵੇਂ ਦਿਲ ਛੱਡੀ ਬੈਠੇ ਹੋ।
– ਮੈਂ ਐਵੇਂ ਦਿਲ ਨਹੀਂ ਛੱਡਦਾ। ਚੰਗਾ ਪੜ੍ਹ ਕੇ ਵੀ ਸਰਕਾਰੀ ਨੌਕਰੀ ਲਈ ਜਗ੍ਹਾ-ਜਗ੍ਹਾ ਧੱਕੇ ਖਾਧੇ, ਕਿਤੇ ਮਿਲੀ ਨਹੀਂ। ਤੈਨੂੰ ਪਤਾ ਨਹੀਂ ਆਪਾਂ ਬੁਰੀ ਤਰ੍ਹਾਂ ਫਸ ਗਏ ਹਾਂ। ਅਜੇ ਘਰ ਦੀਆਂ ਚਾਰ ਕਿਸ਼ਤਾਂ ਗਈਆਂ, ਕਾਰ ਦੀਆਂ ਚਾਰ ਰਹਿੰਦੀਆਂ ਨੇ, ਬੱਚੇ ਵੱਡੀਆਂ ਕਲਾਸਾਂ ਵਿਚ ਹੋ ਗਏ, ਉਨ੍ਹਾਂ ਦੀਆਂ ਔਨਲਾਈਨ ਕਲਾਸਾਂ ਵਾਲਾ ਨਵਾਂ ਪੰਗਾ, ਵੱਖਰੇ-ਵੱਖਰੇ ਲੈਪਟਾਪ ਹੋਣੇ ਚਾਹੀਦੇ ਨੇ, ਬੈਂਕ ਬੈਲੈਂਸ ਖ਼ਤਮ ਹੋ ਗਿਆ। ਉੱਤੋਂ ਕੰਪਨੀ ਦੀ ਮੇਲ ਆ ਗਈ, ਦੋਵਾਂ ਦੀਆਂ ਨੌਕਰੀਆਂ ਗਈਆਂ। ਹੁਣ ਅਸੀਂ ਕਿਸ ਦੀ ਬੈੱਲ ਵਜਾਈਏ? ਮੈਂ ਬਹੁਤ ਕਿਹਾ ਚੁੱਪ ਕਰ, ਨਾ ਪੁੱਛ ਅੱਗੇ ਤੋਂ ਅੱਗੇ, ਹੁਣ ਦੱਸ ਕੀ ਕਰਾਂ?
– ਹੈਂ, ਨੌਕਰੀ ਗਈ… ਆਪਾਂ ਦੋਵਾਂ ਦੀ ਗਈ? … ਮੈਂ ਵੀ ਸੋਚੀ ਜਾਨੀ ਆਂ ਕਿ ਸਵੇਰ ਦੇ ਬੁੜ-ਬੁੜ ਕਰਕੇ ਰਾਮ ਕਹਾਣੀ ਕਿਉਂ ਸੁਣਾ ਰਹੇ ਹੋ?
– ਹਾਂ, ਆਪਣੀ ਦੋਵਾਂ ਦੀ ਨੌਕਰੀ ਗਈ। ਹੁਣ ਪਈ ਨਾ ਕਾਲਜੇ ਧੂਹ…! ਹੁਣ ਦੱਸ ਗ਼ਰੀਬ ਦੀ ਹਾਲਤ ਕੀ ਹੋਵੇਗੀ?
ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਬੋਲੀ, ‘‘ਬੈਂਕ ਦੀਆਂ ਕਿਸ਼ਤਾਂ ਤਾਂ ਸਰਕਾਰ ਨੇ ਅੱਗੇ ਪਾ ਦਿੱਤੀਆਂ, ਤੁਸੀਂ ਫ਼ਿਕਰ ਨਾ ਕਰੋ।
– ਪਰ ਦੇਣੀਆਂ ਤਾਂ ਪੈਣੀਆਂ।
– ਹੌਸਲਾ ਰੱਖੋ, ਕੋਈ ਨਾ ਕੋਈ ਹੱਲ ਤਾਂ ਨਿਕਲੇਗਾ। ਨਾਲੇ ਸਰਕਾਰ ਵੀ ਲੱਗੀ ਹੋਈ ਹੈ ਹੀਲਾ ਵਸੀਲਾ ਕਰਨ।
– ਅੱਗੇ ਪੰਜ ਮਹੀਨੇ ਹੋ ਗਏ ਸਰਕਾਰੀ ਹੁਕਮ ਮੰਨਦਿਆਂ, ਮੋਮਬੱਤੀਆਂ ਜਗਾਓ, ਤਾੜੀਆਂ ਮਾਰੋ, ਥਾਲੀਆਂ ਵਜਾਓ, ਯੋਗ ਕਰੋ, ਗਊ-ਮੂਤਰ ਕਿਹੜਾ ਕਿਹੜਾ ਓਹੜ-ਪੋਹੜ ਨਹੀਂ ਕੀਤਾ ਅਸੀਂ। ਜਦੋਂ ਸਾਰੇ ਦੇਸ਼ ਵਿਚ ਛੇ ਸੌ ਕੇਸ ਸੀ, ਪੂਰਾ ਲੌਕਡਾਊਨ-ਕਰਫਿਊ, ਹੁਣ ਕਰੋੜਾਂ ਹੋ ਗਏ ਤੇ ਹੁਣ ਸਭ ਕੁਝ ਖੋਲ੍ਹ ਦਿੱਤਾ। ਨੇਤਾ, ਪੁਲੀਸ ਕਰੋਨਾ ਠੀਕ ਕਰਨ ਲੱਗੇ ਹੋਏ ਨੇ- ਡਾਕਟਰਾਂ ਨੂੰ ਪੁੱਛਿਆ ਹੀ ਨਹੀਂ। ਅਮਰੀਕਾ ਦਾ ਵੱਡਾ ਡਾਕਟਰ ਕਹਿੰਦਾ ਬਈ ਮੈਨੂੰ ਕਈ ਮਹੀਨਿਆਂ ਤੋਂ ਪੁੱਛਿਆ ਹੀ ਨਹੀਂ, ਨੇਤਾ ਜੀ ਆਪੇ ਲੱਗੇ ਹੋੋਏ ਨੇ ਬਿਆਨਾਂ ਨਾਲ ਠੀਕ ਕਰਨ। ਦੇਖਿਆ ਨਹੀਂ, ਸੋਨੇ ਰੰਗੇ ਵਾਲਾਂ ਵਾਲਾ ਗੱਬਰ ਸਿੰਘ ਦਬਕਾ ਮਾਰ ਕੇ ਕਿਵੇਂ ਕਲੋਰੋਕੁਇਨ ਖੋਹ ਕੇ ਲੈ ਗਿਆ। ਅਸੀਂ ਵੀ ‘ਜੀ ਸਰਕਾਰ’ ਕਹਿ ਕੇ ਜਹਾਜ਼ ਭਰ ਕੇ ਗੋਲੀਆਂ ਭੇਜੀਆਂ। ਇਹ ਹਸ਼ਰ ਹੁੰਦੈ ਊਠਾਂ ਵਾਲਿਆਂ ਨਾਲ ਯਾਰੀਆਂ ਲਾਉਣ ਦਾ।
– ਬੱਸ ਕਰੋ, ਬਹੁਤ ਹੋ ਗਿਆ। ਕਿਹੜੀਆਂ ਕਹਾਣੀਆਂ ਵਿਚ ਪੈ ਗਏ ਹੋ। ਬਹੁਤ ਵਾਰੀ ਕਿਹੈ ਪੁੱਠੀਆਂ-ਸਿੱਧੀਆਂ ਖ਼ਬਰਾਂ, ਕਿਤਾਬਾਂ ਨਾ ਪੜ੍ਹਿਆ ਕਰੋ। ਬਾਜ਼ਾਰ ਥੋੜ੍ਹੀ ਦੇਰ ਵਾਸਤੇ ਖੁੱਲ੍ਹਾ ਹੈ, ਕੁਝ ਜ਼ਰੂਰੀ ਚੀਜ਼ਾਂ ਲੈ ਆਓ। ਨਾਲੇ ਤੁਹਾਡਾ ਮਨ ਠੀਕ ਹੋ ਜਾਵੇਗਾ।
– ਮੈਂ ਨਹੀਂ ਜਾਣਾ। ਮੇਰਾ ਸਰੀਰ ਪਹਿਲੋਂ ਹੀ ਟੁੱਟ-ਭੱਜ ਰਿਹਾ ਹੈ। ਨਾਲੇ ਜਾ ਕੇ ਸਗੋਂ ਮਨ ਹੋਰ ਦੁਖੀ ਹੁੰਦਾ ਐ। ਸਾਰੇ ਸ਼ਹਿਰ ਵਿਚ, ਖੇਤਾਂ ਵਿਚ ਲੱਗੇ ਡਰਾਉਣਿਆਂ ਵਾਂਗਰ, ਨੇਤਾ ਜੀ ਦੇ ਡੌਲਿਆਂ ਵਾਲੇ ਫ਼ਤਹਿ ਦੇ ਬੋਰਡ ਲੱਗੇ ਹੋਏ ਨੇ। ਥੱਲੇ ਪੁਲੀਸ ਵਾਲੇ ਖੜ੍ਹ ਕੇ ਮਾਸਕ ਨਾ ਪਾਉਣ ਵਾਲਿਆਂ ਤੋਂ ਬੈਠਕਾਂ ਕਢਵਾ ਰਹੇ, ਪੰਜ-ਪੰਜ ਸੌ ਰੁਪਏ ਜੁਰਮਾਨਾ ਵਸੂਲ ਰਹੇ। ਸੁਪਰੀਮ ਕੋਰਟ ਦੀ ਹੱਤਕ ਦਾ ਇਕ ਰੁਪਈਆ ਮਾਸਕ ਦੇ ਪੰਜ ਸੌ, ਹੋ ਗਈ ਨਾ ਪੁਲੀਸ ਵਾਲਿਆਂ ਦੀ ਫ਼ਤਹਿ। ਪਹਿਲੋਂ ਚੋਣਾਂ ਜਿੱਤਣ ਲਈ ਕਾਲਾ ਧਨ, ਜੁਮਲੇਬੰਦੀ। ਫਿਰ ਆਉਂਦਿਆਂ ਹੀ ਨੋਟਬੰਦੀ, ਰੰਗਬੰਦੀ, ਮੀਟਬੰਦੀ, ਬੋਲਬੰਦੀ। ਇੰਨੀਆਂ ਬੰਦੀਆਂ ਕਰਕੇ ਲੋਕਾਂ ਦੀ ਜ਼ੁਬਾਨ ਨੂੰ ਪਹਿਲੋਂ ਹੀ ਸਿਆਸੀ ਕਰੋਨਾ ਹੋਇਆ ਸੀ, ਸਿਰਫ਼ ਸਾਹਬੰਦੀ ਰਹਿ ਗਈ ਸੀ ਜੋ ਇਹ ਕਰੋਨਾ ਕਰ ਦੇਵੇਗਾ। ਆਜ਼ਾਦੀ ਦਿਹਾੜੇ ਦਾ ਭਾਸ਼ਣ ਸੁਣ ਕੇ ਮਨ ਬਹੁਤ ਉਦਾਸ ਹੈ। ਇਕੋ ਨੇਤਾ ਦਾ ਮੂੰਹ ਖੁੱਲ੍ਹਾ, ਬਾਕੀ ਸਭ ਦੇ ਮਾਸਕ ਲਾ ਕੇ ਬੰਦ। ਇਉਂ ਲੱਗਦਾ ਹੈ ਜਿਵੇਂ ਸਾਰੇ ਦੇਸ਼ ਕੋਲ ਇਕ ਹੀ ਬੋਲਦਾ ਮੂੰਹ ਹੈ, ਬਾਕੀ ਇਕ ਸੌ ਪੈਂਤੀ ਕਰੋੜ ਕੰਨ, ਲਾਲ ਕਿਲੇ ਦੀਆਂ ਕੰਧਾਂ ਵਰਗੇ ਕੰਨ ਹਨ ਜਿਹੜੀਆਂ ਸੱਤਰ ਸਾਲਾਂ ਤੋਂ ਝੂਠ ਸੁਣ ਕੇ ਗੁੱਸੇ ਵਿਚ ਹੋਰ ਲਾਲ ਹੋ ਗਈਆਂ, ਪਰ ਬੋਲੀਆਂ ਨਹੀਂ। ਲੱਗਦਾ ਲੋਕ ਕੰਧਾਂ ਹੋ ਗਏ, ਕੱਚੀਆਂ-ਪਿੱਲੀਆਂ ਇੱਟਾਂ ਵਾਲੀਆਂ ਕੰਧਾਂ, ਜਿਨ੍ਹਾਂ ਤੋਂ ਆਵਾਜ਼ ਵਾਪਸ ਨਹੀਂ ਆਉਂਦੀ, ਗੂੰਜਦੀਆਂ ਨਹੀਂ, ਸਿਰਫ਼ ਸੁਣਦੀਆਂ। ਉਪਰੋਂ ਮਨ ਕੀ ਬਾਤ ਆਤਮ-ਨਿਰਭਰਤਾ ਲਈ ਕੁੱਤੇ ਪਾਲੋ, ਖਿਡਾਉਣੇ ਬਣਾਓ- ਜਿਨ੍ਹਾਂ ਬੱਚਿਆਂ ਨੇ ਸੁਪਰ ਕੰਪਿਊਟਰ ਬਣਾਉਣੇ ਸੀ ਉਹ ਹੁਣ ਕੁੱਤਿਆਂ ਵਾਲੇ ਸਰਦਾਰ। ਮੈਨੂੰ ਤਾਂ ਸੋਚ-ਸੋਚ ਕੇ ਬੁਖਾਰ ਹੋ ਰਿਹਾ, ਕਾਂਬਾ ਛਿੜ ਰਿਹਾ ਹੈ।
– ਤੁਹਾਨੂੰ ਤਾਂ ਸੱਚਮੁਚ ਹੀ ਬੁਖ਼ਾਰ ਹੋ ਗਿਆ। ਤੁਸੀਂ ਤਾਂ ਬੁਖ਼ਾਰ ਕਰਕੇ ਹੀ ਬੋਲੀ ਜਾਂਦੇ ਹੋ। ਗੋਲੀ ਖਾ ਕੇ ਆਰਾਮ ਕਰ ਲਵੋ। ਹਕੂਮਤਾਂ ਬਾਰੇ ਤਾਂ ਟੀ.ਵੀ., ਅਖ਼ਬਾਰਾਂ ਸਭ ਚੁੱਪ ਨੇ, ਤੁਸੀਂ ਵੀ ਸੋਚ ਸਮਝ ਕੇ ਬੋਲਿਆ ਕਰੋ, ਸਮਾਂ ਚੰਗਾ ਨਹੀਂ।
– ਹੁਣ ਅਸੀਂ ਆਪਣੇ ਘਰਾਂ ਵਿਚ ਵੀ ਸੱਚ ਨਹੀਂ ਬੋਲ ਸਕਦੇ, ਇਹ ਵੀ ਕਸ਼ਮੀਰ ਹੋ ਗਿਆ? ਕੀ ਅਸੀਂ ਝੂਠ ਸੁਣਨ ਦੇ ਆਦੀ ਹੋ ਗਏ ਹਾਂ?
– ਤੁਸੀਂ ਆਰਾਮ ਕਰ ਲਵੋ, ਸੋਚੋ ਨਾ, ਮੈਂ ਡਾਕਟਰ ਨੂੰ ਫੋਨ ਕਰਕੇ ਟਾਈਮ ਲੈਂਦੀ ਹਾਂ।
ਅਗਲੀ ਸਵੇਰ ਪੁੱਛਣ ਲੱਗੀ- ਹੁਣ ਕਿਸ ਤਰ੍ਹਾਂ, ਠੀਕ ਹੋ?
– ਨਹੀਂ, ਠੀਕ ਨਹੀਂ ਲੱਗਦਾ। ਕਿਸੇ ਡਾਕਟਰ ਨੇ ਫੋਨ ਚੁੱਕਿਆ?
– ਹਾਂ ਸਾਰੇ ਇਹੀ ਕਹਿੰਦੇ ਨੇ ਸਰਕਾਰੀ ਹਸਪਤਾਲ ਜਾਓ।
– ਅੱਛਾ, ਫੇਰ ਮੈਂ ਸਰਕਾਰੀ ਡਿਸਪੈਂਸਰੀ ਜਾ ਕੇ ਦਿਖਾ ਆਉਂਦਾ ਹਾਂ।
ਡਿਸਪੈਂਸਰੀ ਜਾ ਕੇ ਆਇਆ ਤਾਂ ਪਤਨੀ ਨੇ ਪੁੱਛਿਆ
– ਹਾਂ ਜੀ, ਕੀ ਕਿਹਾ ਡਾਕਟਰਾਂ ਨੇ?
– ਪਹਿਲੋਂ ਮੈਂ ਡਿਸਪੈਂਸਰੀ ਗਿਆ, ਉੱਥੇ ਦਰਵਾਜ਼ੇ ਅੱਗੇ ਫੀਤਾ ਲਗਾਇਆ ਹੋਇਆ ਸੀ। ਡਾਕਟਰ ਨੇ ਬਿਨਾਂ ਚੈੱਕ ਕਰਨ ਤੋਂ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਪਹੁੰਚ ਕੇ ਮੈਂ ਡਾਕਟਰ ਦੇ ਕਮਰੇ ਅੱਗੇ ਖੜ੍ਹੇ ਹੈਲਪਰ ਨੂੰ ਪੁੱਛਿਆ ਕਿ ਮੈਂ ਚੈੱਕਅਪ ਕਰਵਾਉਣਾ ਹੈ। ਉਹਨੇ ਇਸ਼ਾਰਾ ਕੀਤਾ ਕਿ ਸਾਹਮਣੇ ਲਾਈਨ ਵਿਚ ਲੱਗ ਜਾਓ, ਅੱਜਕੱਲ੍ਹ ਸਭ ਨੂੰ ਕਰੋਨਾ ਹੀ ਹੈ। ਮੈਂ ਟੈਸਟ ਦੇ ਆਇਆਂ ਹਾਂ, ਕੁਝ ਦਵਾਈਆਂ ਦਿੱਤੀਆਂ ਨੇ, ਰਿਪੋਰਟ ਪਰਸੋਂ ਆਵੇਗੀ।
– ਤੁਸੀਂ ਆਰਾਮ ਕਰ ਲਵੋ।
– ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ। ਜੇ ਪੌਜ਼ਿਟਿਵ ਆ ਗਿਆ ਤਾਂ ਹਸਪਤਾਲ ਜਾਣਾ ਪਵੇਗਾ।
– ਨਹੀਂ, ਅੱਜਕੱਲ੍ਹ ਤਾਂ ਘਰੇ ਕੁਆਰੰਟਾਈਨ ਕਰ ਦਿੰਦੇ ਨੇ।
– ਪਰ ਤੁਹਾਨੂੰ ਸਾਰਿਆਂ ਨੂੰ ਖ਼ਤਰੇ ਵਿਚ ਕਿਉਂ ਪਾਵਾਂ? ਉੱਥੋਂ ਪੰਦਰਾਂ ਦਿਨਾਂ ਵਿਚ ਠੀਕ ਹੋ ਕੇ ਆ ਜਾਵਾਂਗਾ।
– ਤੁਸੀਂ ਰੱਬ ’ਤੇ ਭਰੋਸਾ ਰੱਖੋ। ਸਭ ਠੀਕ ਹੋ ਜਾਵੇਗਾ।
– ਰੱਬ ’ਤੇ ਭਰੋਸਾ ਕੀ ਰੱਖਾਂ? ਸਭ ਧਰਮ ਅਸਥਾਨਾਂ ਨੇ ਬੂਹੇ ਬੰਦ ਕਰ ਲਏ।
ਬਾਹਰ ਹੂਟਰਾਂ ਦੀ ਆਵਾਜ਼ ਸੁਣ ਬੋਲਿਆ- ਲੈ ਆ ਗਏ।
ਬੱਚੇ ਦੌੜੇ ਦੌੜੇ ਆਏ- ਪਾਪਾ ਬਾਹਰ ਐਂਬੂਲੈਂਸ, ਪੁਲੀਸ ਤੇ ਕਿੱਟਾਂ ਪਾਈ ਹਸਪਤਾਲ ਦੇ ਬੰਦੇ ਆਏ ਨੇ, ਤੁਹਾਨੂੰ ਬਾਹਰ ਬੁਲਾ ਰਹੇ ਨੇ।
ਬਾਹਰ ਗਿਆ ਤਾਂ ਉਨ੍ਹਾਂ ਨੇ ਕਿਹਾ
– ਤੁਹਾਡਾ ਕੋਵਿਡ ਟੈਸਟ ਪੌਜ਼ਿਟਿਵ ਹੈ। ਤੁਹਾਨੂੰ ਸਾਡੇ ਨਾਲ ਕੋਵਿਡ ਵਾਲੇ ਹਸਪਤਾਲ ਚੱਲਣਾ ਪਵੇਗਾ। ਬਾਕੀਆਂ ਦੇ ਵੀ ਟੈਸਟ ਹੋਣਗੇ। ਘਰ ਦੇ ਬਾਹਰ ਨੋਟਿਸ ਲਗਾ ਦਿੱਤਾ। ਰਿਪੋਰਟ ਆਉਣ ਤੱਕ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲੇਗਾ।
– ਅਸੀਂ ਘਰ ਵਿਚ ਹੀ ਇਨ੍ਹਾਂ ਨੂੰ ਵੱਖਰਾ ਕਮਰਾ ਦੇ ਦੇਂਦੇ ਹਾਂ। ਪਤਨੀ ਨੇ ਬੇੇਨਤੀ ਕੀਤੀ।
ਡਾਕਟਰ ਬੋਲਿਆ- ਨਹੀਂ, ਮੈਂ ਚੈੱਕਅਪ ਕੀਤਾ, ਇਨ੍ਹਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਖਾਂਸੀ ਅਤੇ ਬੁਖ਼ਾਰ ਹੈ। ਆਕਸੀਜਨ ਦੀ ਲੋੜ ਪੈ ਸਕਦੀ ਹੈ।
– ਅੱਛਾ ਗੀਤੂ, ਮੈਂ ਚੱਲਦਾ ਹਾਂ। ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ ਇਹਨੂੰ ਆਖ਼ਰੀ ਮੁਲਾਕਾਤ ਹੀ ਸਮਝ। ਜੇ ਤੇਰੇ ਸੁਖਾਂ ਦਾ ਦੀਪ ਬੁਝ ਵੀ ਗਿਆ ਤਾਂ ਤੇਰੇ ਕੋਲ ਦੋ ਦੀਪ ਹੋਣਗੇ, ਪੁੱਤ ਜਗਦੀਪ ਤੇ ਧੀ ਅਰਸ਼ਦੀਪ। ਇਨ੍ਹਾਂ ਨੂੰ ਪੜ੍ਹਾਈਂ ਤਾਂ ਕਿ ਦੁਨੀਆਂ ਵਾਸਤੇ ਚਾਨਣ ਮੁਨਾਰਾ ਬਣ ਸਕਣ।
ਫੋਨ ਦੀ ਘੰਟੀ ਫਿਰ ਵੱਜੀ
– ਹੈਲੋ ਹੈਲੋ, ਦੱਸੋ।
– ਮੈਂ ਹਸਪਤਾਲ ਪਹੁੰਚ ਗਿਆ ਹਾਂ। ਇਹ ਉਹੀ ਹਸਪਤਾਲ ਹੈ ਜਿੱਥੋਂ ਦੀਆਂ ਖ਼ਬਰਾਂ ਆਪਾਂ ਰੋਜ਼ ਪੜ੍ਹਦੇ ਸੀ ਕਿ ਐੱਸ.ਐਮ.ਓ. ਜਿਹੜਾ ਆਈਸੀਯੂ ਦਾ ਮਾਹਿਰ ਸੀ, ਉਸ ਦਾ ਵੀ ਏਥੇ ਇਲਾਜ ਨਹੀਂ ਹੋਇਆ, ਪ੍ਰਾਈਵੇਟ ਹਸਪਤਾਲ ਵਿਚ ਜਾ ਕੇ ਦਮ ਤੋੜ ਗਿਆ। ਹੰਗਾਮਾ ਹੋਇਆ ਤਾਂ ਹਸਪਤਾਲ ਵਾਲੇ ਕਹਿੰਦੇ, ‘ਸਾਡੇ ਕੋਲ ਇਲਾਜ ਲਈ ਪੁਖਤਾ ਪ੍ਰਬੰਧ ਹਨ।’ ਐੱਸਐਮਓ ਨੂੰ ਘਟੀਆ ਕਿੱਟਾਂ ਖਰੀਦਣ ਕਰਕੇ ਮੁਅੱਤਲ ਕਰ ਦਿੱਤਾ। ਕੱਲ੍ਹ ਦੋ ਵਿਧਾਇਕ ਦਾਖਲ ਹੋਏ। ਰਾਤੋ-ਰਾਤ ਦੌੜ ਗਏ। ਬਾਕੀ ਆਪੇ ਹਿਸਾਬ ਲਗਾ ਲੈ ਕਿ ਮੇਰਾ ਇਲਾਜ ਕਿਸ ਤਰ੍ਹਾਂ ਦਾ ਹੋਵੇਗਾ।
– ਕਦੇ ਚੰਗਾ ਵੀ ਸੋਚ ਲਿਆ ਕਰੋ। ਹਮੇਸ਼ਾ ਨੁਕਸ ਹੀ ਲੱਭਦੇ ਰਹਿੰਦੇ ਹੋ। ਚੰਗਾ ਸੋਚੋਗੇ, ਚੰਗਾ ਹੋਵੇਗਾ।
– ਮੈਂ ਜਿਸ ਵਾਰਡ ਵਿਚ ਹਾਂ, ਇੱਥੇ ਤੀਹ ਮਰੀਜ਼ ਹਨ ਜਿਨ੍ਹਾਂ ਵਿਚੋਂ ਅਠਾਈ ਬਿਲਕੁਲ ਠੀਕ ਠਾਕ ਹਨ ਸਗੋਂ ਪੁੱਛਦੇ ਫਿਰਦੇ ਨੇ ਬਈ ਅਸੀਂ ਤਾਂ ਸਿਰਫ਼ ਪੌਜ਼ਿਟਿਵ ਹਾਂ, ਸਾਨੂੰ ਕੋਈ ਅਲਾਮਤ ਨਹੀਂ, ਪਤਾ ਨਹੀਂ ਕਿਉਂ ਦਾਖ਼ਲ ਕੀਤਾ ਹੋਇਆ ਹੈ। ਜਿਹੜੇ ਪੁਰਾਣੇ ਮਰੀਜ਼ ਆਏ ਨੇ ਉਹ ਦੱਸਦੇ ਨੇ ਜਿਹੜਾ ਏਸ ਵਾਰਡ ਵਿਚੋਂ ਬਚ ਕੇ ਚਲਾ ਜਾਏ ਉਹੀ ਬਚਦਾ ਹੈ। ਅਗਲੇ ਵਾਰਡ ਵਿਚ ਆਕਸੀਜਨ ਲੱਗਦੀ ਹੈ, ਉੱਥੋਂ ਵੀ ਕੁਝ ਬਚ ਜਾਂਦੇ ਨੇ। ਉਸ ਤੋਂ ਅੱਗੇ ਆਈਸੀਯੂ ਹੈ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਸਭ ਝਟਕਈ ਦੀਆਂ ਮੁਰਗੀਆਂ ਵਾਂਗਰ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ। ਸਿਰਫ਼ ਮੈਂ ਤੇ ਇਕ ਹੋਰ ਮਰੀਜ਼ ਜਿਹੜਾ ਆਪ ਵੀ ਡਾਕਟਰ ਹੈ, ਤੰਗ ਹਾਂ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਫਸ ਗਏ, ਧਿਆਨ ਕਿਉਂ ਨਹੀਂ ਰੱਖਿਆ। ਕਹਿੰਦੇ, ਮੈਂ ਆਪਣੇ ਮਰੀਜ਼ਾਂ ਨੂੰ ਨਾਂਹ ਹੀ ਨਹੀਂ ਕਰ ਸਕਿਆ, ਜਿਨ੍ਹਾਂ ਮੇਰੇ ’ਤੇ ਚਾਲੀ ਸਾਲ ਭਰੋਸਾ ਰੱਖਿਆ, ਜਿਨ੍ਹਾਂ ਕਰਕੇ ਮੈਨੂੰ ਸ਼ੋਹਰਤ ਮਿਲੀ, ਕੋਠੀਆਂ, ਕਾਰਾਂ, ਹਸਪਤਾਲ ਤੇ ਬੱਚੇ ਵੀ ਡਾਕਟਰ ਬਣੇ; ਅੱਜ ਮੁਸੀਬਤ ਵੇਲੇ ਕਿਸ ਤਰ੍ਹਾਂ ਜੁਆਬ ਦੇਂਦਾ, ਦਰਵਾਜ਼ੇ ਬੰਦ ਕਰ ਲੈਂਦਾ? ਫ਼ੌਜੀ ਉਹ ਜੋ ਲੜਾਈ ਲੜੇ, ਡਾਕਟਰ ਉਹ ਜੋ ਆਫ਼ਤ ਵੇਲੇ ਖੜ੍ਹੇ। ਡਾਕਟਰ ਸਿਰਫ਼ ਪੈਸੇ ਕਮਾਉਣ ਲਈ ਨਹੀਂ ਹੁੰਦੇ, ਉਨ੍ਹਾਂ ਦੇ ਸਮਾਜ ਪ੍ਰਤੀ ਫ਼ਰਜ਼ ਹੁੰਦੇ ਹਨ। ਜੇ ਉਨ੍ਹਾਂ ਨੂੰ ਨਿਭਾਉਂਦਿਆਂ ਮੈਨੂੰ ਕਰੋਨਾ ਹੋਇਆ ਤਾਂ ਕੋਈ ਅਫ਼ਸੋਸ ਨਹੀਂ। ਡਾਕਟਰ ਨੂੰ ਅਗਲੇ ਵਾਰਡ ਵਿਚ ਲੈ ਗਏ। ਇਸ ਵਾਰਡ ਦੇ ਦਰਵਾਜ਼ੇ ਦੇ ਬਾਹਰ ਇਕ ਮੇਜ਼ ਰੱਖਿਆ ਹੋਇਆ, ਅੱਗੇ ਲਾਲ ਫੀਤਾ ਲਾਇਆ ਹੋਇਆ, ਉਸ ਤੋਂ ਅੱਗੇ ਤੁਸੀਂ ਜਾ ਨਹੀਂ ਸਕਦੇ। ਉੱਥੋਂ ਹੀ ਆਵਾਜ਼ ਮਾਰਦੇ ਤੇ ਦਵਾਈਆਂ, ਪਾਣੀ ਦੀਆਂ ਬੋਤਲਾਂ ਤੇ ਖਾਣੇ ਦੇ ਪੈਕੇਟ ਹੈਲਪਰ ਤੁਹਾਡੇ ਹੱਥਾਂ ’ਤੇ ਰੱਖ ਦਿੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਤੱਕ ਅਸੀਂ ਕੰਮੀਆਂ ਨੂੰ ਸਰਦਲ ਤੋਂ ਪਰ੍ਹੇ ਬਿਠਾ ਹੱਥਾਂ ’ਤੇ ਸੁੱਟਦੇ ਰਹੇ। ਅੱਜ ਉਹੀ ਭੁਗਤ ਰਹੇ ਹਾਂ, ਦੇਖ ਕੁਦਰਤ ਦੇ ਰੰਗ ਸਭ ਉਲਟ ਹੋ ਗਿਆ।
– ਇਨ੍ਹਾਂ ਸਵੀਪਰਾਂ ਹੈਲਪਰਾਂ ਨੂੰ ਕਰੋਨਾ ਨਹੀਂ ਹੁੰਦਾ?
– ਨਹੀਂ, ਇਨ੍ਹਾਂ ਨੂੰ ਅਸੀਂ ਸਦੀਆਂ ਤੋਂ ਕਰੋਨਾ ਕੀਤਾ ਹੋਇਆ ਹੈ। ਓਸੇ ਕਰਕੇ ਇਨ੍ਹਾਂ ਨੂੰ ਜਾਂ ਬਖਸ਼ਿਸ਼ ਹੈ ਜਾਂ ਹਾਰਡ ਇਮਿਊਨਿਟੀ ਹੈ। ਦੇਖਿਆ ਨਹੀਂ ਕਿ ਇਹ ਲਗਾਤਾਰ ਹਸਪਤਾਲਾਂ, ਗਲੀਆਂ ਤੇ ਘਰਾਂ ਦੀ ਸਫ਼ਾਈ ਵਿਚ ਲੱਗੇ ਹੋਏ ਨੇ! ਇਨ੍ਹਾਂ ਵਾਸਤੇ ਕੋਈ ਲੌਕਡਾਊਨ ਨਹੀਂ ਹੋਇਆ। ਛੂਤਛਾਤ ਦਾ ਅਸਲੀ ਨਮੂਨਾ ਸਮਾਜ ਨੇ ਹੁਣ ਭੁਗਤਿਆ ਹੈ। ਜਿੱਥੇ ਵੀ ਕਰੋਨਾ ਪੌਜ਼ਿਟਿਵ ਆਇਆ, ਉੱਥੇ ਹੀ ਪੋਸਟਰ ਲੱਗ ਗਏ। ਸਭ ਨਾਲੋਂ ਹੁੱਕਾ ਪਾਣੀ ਬੰਦ। ਬਿਲਕੁਲ ਵਿਹੜੇ ਵਾਲੀਆਂ ਪਾਬੰਦੀਆਂ ਲੱਗ ਗਈਆਂ। ਮੈਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਕਰੋਨਾ ਰੱਬ ਦਾ ਹੀ ਕ੍ਰੋਧਿਤ ਹੋਇਆ ਰੂਪ ਹੋਵੇ।
– ਚਲੋ ਤੁਸੀਂ ਸੌਂ ਜਾਓ, ਬਹੁਤ ਰਾਤ ਹੋ ਗਈ। ਰੱਬ ਭਲੀ ਕਰੂ।
– ਮੈਨੂੰ ਬੱਚੇ ਦਿਖਾ ਦੇ ਇਕ ਵਾਰੀ।
– ਨਹੀਂ ਉਹ ਸੌਂ ਗਏ।
ਸਵੇਰੇ ਫਿਰ ਫੋਨ ਕੀਤਾ।
– ਹੈਲੋ, ਹਾਂ ਰਾਤ ਕਿਸ ਤਰ੍ਹਾਂ ਰਹੀ?
– ਚੰਗੀ ਨਹੀਂ ਰਹੀ, ਐਕਸਰੇ ਵਿਚ ਨੁਕਸ ਆਇਆ। ਸੀ.ਟੀ. ਦੀ ਲੋੜ ਹੈ, ਉਹ ਏਥੇ ਹੁੰਦਾ ਨਹੀਂ। ਹੁਣ ਮੈਨੂੰ ਵੀ ਆਈਸੀਯੂ ਵਿਚ ਲੈ ਆਏ। ਰਾਤੀਂ ਆਕੀਸਜਨ ਲੱਗੀ ਸੀ। ਹੁਣ ਠੀਕ ਹਾਂ। ਮੇਰੇ ਨਾਲ ਵਾਲੇ ਬੈੱਡ ’ਤੇ ਡਾਕਟਰ ਸਾਹਿਬ ਨੇ। ਕਹਿੰਦੇ, ਮੈਂ ਤਾਂ ਉਮਰ ਅਤੇ ਬਾਕੀਆਂ ਬਿਮਾਰੀਆਂ ਕਰਕੇ ਜਾਣਾ ਹੀ ਜਾਣਾ, ਪਰ ਡਾਕਟਰ ਹੋਣ ਨਾਤੇ ਮੇਰਾ ਇਹ ਵੀ ਫ਼ਰਜ਼ ਬਣਦਾ ਹੈ ਕਿ ਸਰਕਾਰ ਨੂੰ ਦੱਸਾਂ ਬਈ ਸ਼ੂਗਰ ਦੇ ਮਰੀਜ਼, ਗੁਰਦੇ ਦੇ ਮਰੀਜ਼, ਦਿਲ ਦੇ ਮਰੀਜ਼ਾਂ ਨੂੰ ਵੀ ਕਰੋਨਾ ਸਮਝ ਕੋਈ ਇਲਾਜ ਨਹੀਂ ਕਰ ਰਿਹਾ; ਸਭ ਇਲਾਜ ਖੁਣੋਂ ਜਾ ਰਹੇ ਨੇ। ਏਥੇ ਵੈਂਟੀਲੇਟਰ ਚਲਾਉਣ ਵਾਲਾ ਕੋਈ ਡਾਕਟਰ ਨਹੀਂ। ਆਈਸੀਯੂ ਟਰੇਂਡ ਸਟਾਫ ਨਹੀਂ, ਰੇਮਡੇਸਿਵਰ ਦੇ ਟੀਕੇ ਨਹੀਂ, ਆਕਸੀਜਨ ਸਿਲੰਡਰ ਨਹੀਂ। ਜਿਸ ਦੀ ਮੌਤ ਹੋ ਜਾਂਦੀ ਹੈ- ਉਸ ਦਾ ਕੀ ਇਲਾਜ ਕੀਤਾ ਕੋਈ ਕਾਰਡ ਨਹੀਂ, ਕੋਈ ਪੋਸਟਮਾਰਟਮ ਨਹੀਂ। ਮੌਤਾਂ ਦਾ ਸਮਾਂ ਨਹੀਂ। ਮੌਤ ਦਾ ਕੋਈ ਤਾਂ ਨਾਮ ਹੋਵੇ- ਕੁਦਰਤੀ ਮੌਤ, ਦਿਲ ਦਾ ਦੌਰਾ ਪਿਆ। ਸਭ ਕਰੋਨਾ ਮਰੀਜ਼- ਬੱਸ ਸਭ ਬੇਨਾਮੀ ਮੌਤ ਮਰੀ ਜਾਂਦੇ ਨੇ। ਤੁਹਾਡੇ ਕੋਲ ਮਰੀਜ਼ ਇਲਾਜ ਲਈ ਆਉਂਦਾ ਹੈ। ਹਾਂ, ਤੁਹਾਡਾ ਮਰੀਜ਼ ਫੜਨ ਤੇ ਸਸਕਾਰ ਕਰਨ ਦਾ ਪ੍ਰਬੰਧ ਬਹੁਤ ਵਧੀਆ ਹੈ। ਜਲਦੀ ਜਲਦੀ ਬਿਜਲੀ ਦੀਆਂ ਮਸ਼ੀਨਾਂ ਲਗਾ ਦਿੱਤੀਆਂ। ਬਾਕੀ ਜ਼ਿੰਮੇਵਾਰੀਆਂ ਵੱਲ ਧਿਆਨ ਦੇਵੋ, ਇਹ ਸਭ ਲਿਖ ਕੇ ਉਪਰ ਭੇਜ ਦਿੱਤਾ। ਹੋ ਸਕੇ ਤਾਂ ਤੂੰ ਇੱਥੋਂ ਭੱਜ ਜਾ। ਜੇ ਤੂੰ ਜਿਉਂਦਾ ਰਿਹਾ ਤਾਂ ਇਹ ਸਭ ਸਵਾਲ ਸਰਕਾਰ ਨੂੰ ਜ਼ਰੂਰ ਪੁੱਛੀਂ। ਡਾਕਟਰ ਸਾਹਿਬ ਨੂੰ ਵੈਂਟੀਲੇਟਰ ਲਗਾ ਦਿੱਤਾ।
– ਤੁਸੀਂ ਆ ਜਾਓ, ਆਪਾਂ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਲਵਾਂਗੇ।
– ਮੈਂ ਭੱਜਾਂ ਕਿਸ ਤਰ੍ਹਾਂ ਇਕ ਤਾਂ ਸਾਹ-ਸਤ ਨਹੀਂ। ਹਰ ਦਰਵਾਜ਼ੇ ’ਤੇ ਗਾਰਡ, ਉਸ ਤੋਂ ਅੱਗੇ ਪੁਲੀਸ, ਉਸ ਤੋਂ ਅੱਗੇ ਪੱਤਰਕਾਰ ਬਰੇਕਿੰਗ ਨਿਊਜ਼ ਵਾਸਤੇ ਸ਼ਿਕਾਰ ਫੜਨ ਲਈ ਤਿਆਰ ਖੜ੍ਹੇ। ਇਹ ਤਾਂ ਨਾਜ਼ੀਆਂ ਦੇ ਕੈਂਪ ਨਾਲੋਂ ਵੀ ਜ਼ਿਆਦਾ ਪ੍ਰਬੰਧ ਹੈ- ਹੁਣ ਏਥੇ ਹੀ ਮਰਨਾ ਪਊ।
– ਰੱਬ ਅੱਗੇ ਅਰਦਾਸ ਕਰੋ, ਸਭ ਠੀਕ ਹੋ ਜਾਊ।
– ਮੈਂ ਤਾਂ ਕਰੋਨਾ ਅੱਗੇ ਵੀ ਅਰਦਾਸ ਕਰ ਰਿਹਾਂ, ਮੇਰੇ ਬੱਚਿਆਂ ਕਰਕੇ ਬਖ਼ਸ਼ ਦੇ।
– ਤੁਸੀਂ ਆਰਾਮ ਕਰ ਲਵੋ।
– ਹੈਲੋ-ਹੈਲੋ, ਕੀ ਹਾਲ ਹੈ?
– ਮੇਰਾ ਤਾਂ ਅੱਗੇ ਨਾਲੋਂ ਠੀਕ ਹੈ, ਪਰ ਡਾਕਟਰ ਸਾਹਿਬ ਜਾ ਚੁੱਕੇ ਨੇ। ਹੁਣ ਮਨ ਬਹੁਤ ਉਦਾਸ ਹੈ। ਇਸ ਵੇਲੇ ਆਪਣੇ ਬਹੁਤ ਯਾਦ ਆਉਂਦੇ ਨੇ। ਆਪਣੇ ਨਿੱਕੇ ਭਰਾ ਨੂੰ ਫੋਨ ਕੀਤਾ, ਉਹ ਕਹਿੰਦਾ, ‘ਸਾਡੇ ਵੱਲੋਂ ਤਾਂ ਤੈਨੂੰ ਕਰੋਨਾ ਵੀਹ ਸਾਲ ਪਹਿਲਾਂ ਹੋ ਗਿਆ ਸੀ, ਜਦੋਂ ਮਾਂ ਨੂੰ ਵਿਲਕਦੀ ਛੱਡ ਗਿਆ ਸੀ’ ਤੇ ਫੋਨ ਬੰਦ ਕਰ ਦਿੱਤਾ। ਮਾਂ ਨੂੰ ਫੋਨ ਕੀਤਾ ਉਹ ਵੀ ਉਹੀ ਪੁਰਾਣਾ ਰਾਗ ਅਲਾਪੀ ਜਾ ਰਹੀ, ਕਹਿੰਦੀ, ‘ਮੈਂ ਕਿਹੜੇ ਮੂੰਹ ਨਾਲ ਵਾਹਿਗੁਰੂ ਅੱਗੇ ਅਰਦਾਸ ਕਰਾਂ, ਤੂੰ ਤਾਂ ਵਿਆਹ ਦੀ ਖ਼ਾਤਰ ਵਾਹਿਗੁਰੂ ਨੂੰ ਛੱਡ ਰਾਮ ਰਾਮ ਕਰਨ ਲੱਗ ਪਿਆ ਸੀ।’ ਮੈਂ ਕਿਹਾ- ਮਾਂ ਮੈਂ ਆਖ਼ਰੀ ਸਾਹਾਂ ’ਤੇ ਹਾਂ। ਹੁਣ ਤਾਂ ਛੱਡ ਦੇ ਧਰਮਾਂ ਦੇ ਬਖੇੜੇ, ਏਥੇ ਇਸ ਵੇਲੇ ਕੋਈ ਧਰਮ ਕਰਮ ਕੰਮ ਨਹੀਂ ਆ ਰਿਹਾ। ਸਿਰਫ਼ ਮਾਂ ਯਾਦ ਆਉਂਦੀ ਹੈ, ਪਰ ਮਾਂ ਟੱਸ ਤੋਂ ਮੱਸ ਨਹੀਂ ਹੋਈ। ਫੋਨ ਬੰਦ ਕਰ ਦਿੱਤਾ। ਅੱਜ ਪਤਾ ਲੱਗਾ ਕਿ ਬੰਦਾ ਇਕੱਲਾ ਆਉਂਦਾ ਤੇ ਇਕੱਲਾ ਹੀ ਜਾਂਦਾ ਹੈ। ਹਾਂ, ਸਸਕਾਰ ਵੇਲੇ ਕਫ਼ਨ ਖੋਲ੍ਹ ਕੇ ਮੂੰਹ ਜ਼ਰੂਰ ਦੇਖ ਲਿਓ। ਅੱਜਕੱਲ੍ਹ ਹਸਪਤਾਲਾਂ ਵਾਲੇ ਲਾਸ਼ਾਂ ਵੀ ਨਗ ਸਮਝ ਕੇ ਹੱਥ ਫੜਾਉਂਦੇ ਨੇ। ਘਰ ਜਾ ਕੇ ਲੋਕ ਬਾਪੂ ਦਾ ਸਸਕਾਰ ਕਰਨ ਲੱਗਦੇ ਨੇ ਤੇ ਉਹ ਬੇਬੇ ਨਿਕਲ ਆਉਂਦੀ ਹੈ। ਮੇਰਾ ਪੁੱਤਰ ਮੇਰੀ ਚਿਖਾ ਨੂੰ ਅੱਗ ਨਹੀਂ ਦਿਖਾ ਸਕੇਗਾ। ਇਸ ਹੱਥੋਂ ਮੇਰੇ ਫੁੱਲ ਜ਼ਰੂਰ ਪ੍ਰਵਾਹ ਕਰਵਾ ਦੇਵੀਂ।
– ਚੰਗੀਆਂ ਗੱਲਾਂ ਨਹੀਂ ਕਰ ਸਕਦੇ? ਨਿੱਕੇ ਨਿੱਕੇ ਬੱਚੇ ਨੇ, ਉਨ੍ਹਾਂ ’ਤੇ ਤਰਸ ਖਾਓ! ਮਨ ਉਦਾਸ ਹੈ, ਤੁਸੀਂ ਵੀ ਆਰਾਮ ਕਰੋ।
– ਹੈਲੋ… ਹੈਲੋ…
– ਹਾਂ ਜੀ, ਕੀ ਹਾਲ ਹੈ?
– ਮੈਂ ਠੀਕ ਹਾਂ ਬੋਲਣ ਜੋਗਾ। ਮੈਂ ਤੈਨੂੰ ਮੌਤ ਦੇ ਆਖ਼ਰੀ ਪਲ ਦਿਖਾਉਂਦਾ ਰਹਾਂਗਾ। ਉਸੇ ਫੋਨ ’ਤੇ ਉਨ੍ਹਾਂ ਰਾਤਾਂ ਵਾਂਗਰ ਜਿਨ੍ਹਾਂ ਰਾਤਾਂ ਨੂੰ ਫੋਨ ’ਤੇ ਆਪਾਂ ਸੋਹਣੇ ਸੋਹਣੇ ਸੁਪਨੇ ਲਏ। ਅੱਜ ਆਖ਼ਰੀ ਵੇਲੇ ਵੀ ਉਹ ਅੱਖਾਂ ਤੈਨੂੰ ਵੇਖਦਿਆਂ ਵੇਖਦਿਆਂ ਸਦਾ ਲਈ ਬੰਦ ਹੋ ਜਾਣਗੀਆਂ ਜਿਹੜੀਆਂ ਤੈਨੂੰ ਵੇਖਣ ਵੇਲੇ ਕਦੇ ਝਪਕਦੀਆਂ ਨਹੀਂ ਸਨ।
– ਸੁੱਖੀ ਤੂੰ ਤਾਂ ਕਹਿੰਦਾ, ਮੈਂ ਠੀਕ ਨਹੀਂ। ਤੁੂੰ ਅੱਜ ਬਹੁਤ ਵਧੀਆ ਗੱਲਾਂ ਕਰ ਰਿਹਾ ਹੈਂ।
– ਹਾਂ, ਮੈਂ ਸੱਚਮੁੱਚ ਹੀ ਠੀਕ ਮਹਿਸੂਸ ਕਰ ਰਿਹਾ ਹਾਂ। ਇਹਨੂੰ ਡਾਕਟਰ ਹੈਪੀਹਾਈਪੌਕਸੀਆ ਕਹਿੰਦੇ ਨੇ। ਮਰੀਜ਼ ਦਾ ਬੁਖਾਰ ਲੱਥ ਜਾਂਦਾ ਅਤੇ ਤੰਦਰੁਸਤ ਲੱਗਦਾ ਏ, ਪਰ ਅੰਦਰੋ-ਅੰਦਰੀ ਆਕਸੀਜਨ ਘਟ ਰਹੀ ਹੁੰਦੀ ਹੈ ਤੇ ਇਕਦਮ ਚਲਾ ਜਾਂਦਾ। ਜਿਸ ਤਰ੍ਹਾਂ ਇਕ ਡਾਕਟਰ ਦੀ ਵਾਰਡ ਵਿਚ ਨੱਚਦੇ ਦੀ ਵੀਡੀਓ ਆਈ ਤੇ ਅਗਲੇ ਦਿਨ ਮਰਨ ਦੀ ਖ਼ਬਰ।
– ਹੌਸਲਾ ਰੱਖ, ਤੂੰ ਠੀਕ ਹੋ ਰਿਹਾ ਹੈਂ। ਅਸੀਂ ਸਾਰੇ ਤੇਰੀ ਉਡੀਕ ਕਰ ਰਹੇ ਹਾਂ। (ਹੰਝੂ ਸਾਫ਼ ਕਰਦੀ ਹੋਈ) ਚੱਲ ਹੋਰ ਦੱਸ ਐਵੇਂ ਦਿਲ ਭਰ ਆਇਆ।
– ਆਹ ਦੇਖ ਆਈਸੀਯੂ ਵਿਚ ਫ਼ਰਿਸ਼ਤੇ ਤੇ ਯਮਰਾਜ ਇਕੱਠੇ ਘੁੰਮ ਰਹੇ ਨੇ। ਸਿਰ ਤੋਂ ਪੈਰ ਤੱਕ ਢਕੇ ਹੋਏ। ਬਿਲਕੁਲ ਮੌਤ ਦੀਆਂ ਕਹਾਣੀਆਂ ਵਾਂਗਰ, ਧੰਨ ਹਨ ਇਹ ਲੋਕ। ਫ਼ਰਿਸ਼ਤੇ ਬਚਾਉਣ ਲਈ ਤੇ ਯਮਰਾਜ ਉਠਾਉਣ ਲਈ ਜ਼ੋਰ ਲਗਾ ਰਹੇ ਹਨ। ਆਹ ਦੇਖ ਬੰਦਾ ਜਾਣ ਤੋਂ ਪਹਿਲਾਂ ਕਿੰਨਾ ਉਦਾਸ ਹੁੰਦੈ। ਅਗਲਾ ਤੜਫ਼ ਤੜਫ਼ ਯਮਰਾਜ ਦੀ ਗੋਦੀ ਚੜ੍ਹਨ ਹੀ ਵਾਲਾ ਹੈ। ਅਗਲੇ ਬੈੱਡ ’ਤੇ ਸਿਰਫ਼ ਵੈਂਟੀਲੇਟਰ ਚੀਕਾਂ ਮਾਰ ਰਿਹਾ ਹੈ, ਬੰਦਾ ਜਾ ਚੁੱਕਾ। ਹੁਣੇ ਯਮਰਾਜ ਆਉਣਗੇ ਤੇ ਇਹਨੂੰ ਵਲੇਟਣਗੇ ਤੇ ਮੈਨੂੰ ਏਥੇ ਪਾ ਦੇਣਗੇ।
– ਬੱਸ ਕਰ ਬੱਸ ਕਰ ਸੁੱਖੀ, ਮੈਥੋਂ ਹੋਰ ਵੇਖਿਆ ਸੁਣਿਆ ਨਹੀਂ ਜਾਂਦਾ। ਇਹ ਕਹਿ ਕੇ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗੀ। ਬੱਚੇ ਅੱਭੜਵਾਹੇ ਉੱਠ ਗੱਲ ਨੂੰ ਚਿੰਬੜ ਗਏ- ਕੀ ਹੋਇਆ ਮੰਮੀ, ਪਾਪਾ ਠੀਕ ਨੇ?
– ਹਾਂ ਪੁੱਤਰ, ਮੈਂ ਠੀਕ ਹਾਂ। ਗੀਤੂ ਹੋ ਸਕੇ ਤਾਂ ਇਹ ਰੇਮਡੇਸਿਵਰ ਦੇ ਟੀਕੇ ਲੈ ਕੇ ਭੇਜ, ਬਲੈਕ ਵਿਚ ਮਿਲਣਗੇ। ਹੋ ਸਕਦਾ ਮੇਰੇ ਬੱਚਿਆਂ ਦੀ ਕਿਸਮਤ ਇਨ੍ਹਾਂ ਟੀਕਿਆਂ ਵਿਚ ਹੋਵੇ। ਜਲਦੀ ਜਲਦੀ ਕਰ ਲੈ। ਇਹ ਨਾ ਹੋਵੇ ਕਿ ਫਿਲਮਾਂ ਵਾਂਗਰ ਤੂੰ ਟੀਕੇ ਲੈ ਕੇ ਵਾਰਡ ਦੇ ਦਰਵਾਜ਼ੇ ’ਤੇ ਪਹੁੰਚੇਂ ਤੇ ਅੱਗੇ ਡਾਕਟਰ ਸੌਰੀ ਕਹਿਣ ਨੂੰ ਖੜ੍ਹਾ ਹੋਵੇ।
– ਹਿੰਮਤ ਰੱਖ। ਮੈਨੂੰ ਵੀ ਡਾਕਟਰਾਂ ਤੇ ਏਜੰਟਾਂ ਦਾ ਕੱਲ੍ਹ ਹੀ ਮੈਸੇਜ ਆ ਗਿਆ ਸੀ, ਮੈਂ ਲੈ ਕੇ ਭੇਜ ਦਿੱਤੇ।
– ਹੈਂ, ਪੈਸੇ ਕਿੱਥੋਂ ਆਏ?
– ਭਾਪਾ ਜੀ ਨੇ ਗੱਡੀ ਵੇਚ ਦਿੱਤੀ।
– ਤੂੰ ਚੁੱਪ ਕਰ…
– ਕੀ?
– ਕੁਝ ਨਹੀਂ ਐਵੇਂ ਬੋਲੀ ਜਾਂਦੈ…
– ਉਹ ਆ ਗਏ ਮੈਨੂੰ ਲੈਣ ਵਾਸਤੇ। ਲੰਬਾ ਸਾਹ ਕਦੋਂ ਲਿਆ ਪੁੱਛਦੇ ਨੇ, ਵੈਂਟੀਲੇਟਰ ’ਤੇ ਕੁਝ ਪਤਾ ਨਹੀਂ ਲੱਗਦਾ ਸਾਹ ਬਾਹਰ ਨੂੰ ਕਦੋਂ ਖਿੱਚਿਆ, ਕਦੋਂ ਅੰਦਰ ਗਿਆ। ਉਹ ਤਾਂ ਮਰਨ ਤੋਂ ਬਾਅਦ ਵੀ ਚਲਦਾ ਰਹਿੰਦੈ- ਫੋਨ ਬੰਦ।
ਕੁਝ ਦੇਰ ਬਾਅਦ ਵੀਡੀਓ ਫੇਰ ਸ਼ੁਰੂ ਹੋਈ।
– ਹੈਂ! ਵੈਂਟੀਲੇਟਰ ਲੱਗ ਗਿਆ?
ਹੱਥ ਨਾਲ ਹਾਂ ਦਾ ਇਸ਼ਾਰਾ ਕਰਦਾ, ਮੋਬਾਈਲ ਘੁੰਮਾ ਕੇ ਮਨੀਟਰ ਦਿਖਾਉਂਦਾ ਹੈ। ਆਲੇ-ਦੁਆਲੇ ਕੋਈ ਡਾਕਟਰ ਨਹੀਂ, ਨਰਸ ਨਹੀਂ।
– ਹੌਸਲਾ ਰੱਖੋ, ਟੀਕੇ ਪਹੁੰਚ ਗਏ ਹੋਣਗੇ।
ਤਸੱਲੀ ਦਾ ਇਸ਼ਾਰਾ ਵਾਰ ਵਾਰ ਕਰ ਰਿਹਾ ਸੀ। ਬੱਚਿਆਂ ਵੱਲ ਟਿਕਟਿਕੀ ਲਗਾ ਲਈ। ਅੱਖਾਂ ਬੰਦ ਹੁੰਦੀਆਂ ਤਾਂ ਫੇਰ ਖੋਲ੍ਹਦਾ। ਕੋਈ ਇਸ਼ਾਰਾ ਕੀਤਾ, ਪਰ ਸਮਝ ਨਹੀਂ ਆਇਆ। ਤੜਫ਼ਦਾ, ਲੱਤਾਂ ਮਾਰਦਾ ਤੇ ਬਾਏ ਬਾਏ ਦਾ ਹੱਥ ਹਿਲਾਉਣ ਲੱਗਾ। ਮੋਬਾਈਲ ਹੱਥੋਂ ਛੁੱਟ ਕੇ ਡਿੱਗ ਪਿਆ।
– ਸੁੱਖੀ, ਟੀਕੇ… ਸੁੱਖੀ ਤੂੰ ਵੀ ਬੇਇਲਾਜ ਚਲਾ ਗਿਆ। ਤੂੰ ਤਾਂ ਕਹਿੰਦਾ ਸੀ, ਪਰਲੋ ਆਵੇਗੀ। ਇਹ ਤਾਂ ਪਰਲੋ ਤੋਂ ਵੀ ਪਰ੍ਹੇ ਹੋ ਗਈ…।
ਸੰਪਰਕ: 82830-03007