ਬਹਾਦਰ ਸਿੰਘ ਗੋਸਲ
ਸਿੱਖ ਇਤਿਹਾਸ ਵਿੱਚ ਭਾਈ ਘਨ੍ਹੱਈਆ ਜੀ ਨੂੰ ਗੁਰੂ ਘਰ ਦਾ ਅਨਿਨ ਸੇਵਕ ਅਤੇ ਵਿਲੱਖਣ ਸੇਵਾ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਮਨੁੱਖਤਾ ਦੇ ਭਲੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਭਾਈ ਘਨ੍ਹੱਈਆ ਜੀ ਗੁਰੂ ਘਰ ਦੇ ਖਾਸ ਨਜ਼ਦੀਕੀਆਂ ’ਚੋਂ ਸਨ। ਉਨ੍ਹਾਂ ਦਾ ਜਨਮ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿੱਚ ਵਜ਼ੀਰਾਬਾਦ ਦੇ ਨੇੜੇ ਪਿੰਡ ਸੌਦਰਾਂ ਵਿੱਚ ਸੰਨ 1648 ਈ. ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਨੱਥੂ ਰਾਮ ਅਤੇ ਮਾਤਾ ਦਾ ਨਾਂ ਮਾਤਾ ਸੁੰਦਰੀ ਸੀ। ਉਨ੍ਹਾਂ ਦੇ ਪਿਤਾ ਜੀ ਇੱਕ ਵੱਡੇ ਵਪਾਰੀ ਸਨ ਜੋ ਸ਼ਾਹੀ ਫ਼ੌਜਾਂ ਨੂੰ ਖਾਣੇ ਦੀਆਂ ਵਸਤੂਆਂ ਸਪਲਾਈ ਕਰਦੇ ਸਨ। ਇਹ ਵਪਾਰੀ ਪਰਿਵਾਰ ਬਹੁਤ ਖੁਸ਼ਹਾਲ ਅਤੇ ਸਮਾਜ ਵਿੱਚ ਰਸੂਖ ਰੱਖਣ ਵਾਲਾ ਸੀ ਪਰ ਭਾਈ ਘਨ੍ਹੱਈਆ ਜੀ ਦੀ ਬਚਪਨ ਤੋਂ ਹੀ ਸੇਵਾ ਭਾਵਨਾ ਵਾਲੀ ਬਿਰਤੀ ਸੀ। ਛੋਟੇ ਹੁੰਦਿਆਂ ਵੀ ਜੋ ਉਨ੍ਹਾਂ ਕੋਲ ਪੈਸੇ ਹੁੰਦੇ ਸਨ ਉਹ ਗਰੀਬਾਂ ਅਤੇ ਲੋੜਵੰਦਾਂ ਵਿਚ ਵੰਡ ਦਿੰਦੇ ਸਨ। ਜਿਉਂ ਹੀ ਉਹ ਵੱਡੇ ਹੋਏ, ਉਨ੍ਹਾਂ ਨੇ ਆਪਣੇ ਕੰਮ ਦੇ ਨਾਲ-ਨਾਲ ਵਜ਼ੀਰਾਬਾਦ ਵਿੱਚ ਭਾਈ ਨੰਨੂਆ ਜੀ ਦੀ ਸੰਗਤ ਵਿੱਚ ਆਉਣਾ-ਜਾਣਾ ਸ਼ੁਰੂ ਕੀਤਾ ਅਤੇ ਇਸ ਸਦਕਾ ਹੀ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਗਏ।
ਭਾਈ ਨੰਨੂਆ ਜੀ ਸਮੇਂ-ਸਮੇਂ ’ਤੇ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਜਾਇਆ ਕਰਦੇ ਸਨ। ਇਸ ਦੌਰਾਨ ਭਾਈ ਘਨ੍ਹੱਈਆ ਜੀ ਨੂੰ ਗੁਰੂ ਘਰ ਦੇ ਪ੍ਰੇਮ ਦੀ ਲਗਨ ਲੱਗ ਗਈ। ਜਦੋਂ ਭਾਈ ਨੰਨੂਆ ਜੀ ਅਕਾਲ ਚਲਾਣਾ ਕਰ ਗਏ ਤਾਂ ਭਾਈ ਘਨ੍ਹੱਈਆ ਜੀ ਇਕ ਦਿਨ ਸੰਨ 1674 ਈ. ਵਿੱਚ ਆਨੰਦਪੁਰ ਸਾਹਿਬ ਬਾਰੇ ਪੁੱਛਦੇ-ਪੁਛਾਉਂਦੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਪਹੁੰਚ ਗਏ। ਉਸ ਸਮੇਂ ਭਾਈ ਘਨ੍ਹੱਈਆ ਜੀ ਦੀ ਉਮਰ ਲਗਪਗ 25-26 ਸਾਲ ਦੀ ਹੋਵੇਗੀ। ਉਥੇ ਉਹ ਲੰਗਰ ਅਤੇ ਘੋੜਿਆਂ ਦੀ ਸੇਵਾ ਸੰਭਾਲ ਵਿੱਚ ਮਸਤ ਹੋ ਗਏ। ਇਤਿਹਾਸ ਅਨੁਸਾਰ ਨੌਵੇ ਪਾਤਸ਼ਾਹ ਨੇ ਉਨ੍ਹਾਂ ਦੀ ਸੇਵਾ ਦੇਖ ਕੇ ਖ਼ੁਸ਼ ਹੁੰਦਿਆਂ ਕਿਹਾ, ‘‘ਤੁਹਾਡੀ ਘਾਲ ਥਾਇ ਪਈ, ਹੁਣ ਤੁਸੀਂ ਜਾਓ, ਆਪ ਵੀ ਨਾਮ ਜਪੋ ਅਤੇ ਹੋਰਨਾਂ ਨੂੰ ਵੀ ਜਪਾਉ।’’
ਗੁਰੂ ਜੀ ਦੇ ਬਚਨ ਸੁਣ ਕੇ ਉਹ ਆਪਣੇ ਇਲਾਕੇ ਵੱਲ ਚਲੇ ਗਏ ਅਤੇ ਇਲਾਕੇ ਵਿੱਚ ਪਾਣੀ ਦੀ ਘਾਟ ਦੇਖ ਕੇ ਜਲ-ਪਾਣੀ ਦੀ ਸੇਵਾ ਵਿੱਚ ਲੱਗ ਗਏ। ਇਹ ਇਲਾਕਾ ਅਟਕ ਦੇ ਨੇੜੇ ਕਵੇਹ ਨਾਮੀ ਸਥਾਨ ਹੈ। ਇਸ ਤਰ੍ਹਾਂ ਪਾਣੀ ਦੀ ਸੇਵਾ ਵਿਚ ਲੱਗੇ ਭਾਈ ਘਨ੍ਹੱਈਆ ਜੀ ‘ਕਰੋਹ’ ਨਾਮੀ ਨਦੀ ਤੋਂ ਪਾਣੀ ਦਾ ਘੜਾ ਭਰ ਕੇ ਪਿਆਸਿਆਂ ਨੂੰ ਪਾਣੀ ਪਿਲਾਉਣ ਵਿੱਚ ਲੱਗੇ ਰਹਿੰਦੇ। ਸੰਗਤ ਦੀ ਖੁਸ਼ੀ ਲਈ ਧਰਮਸ਼ਾਲਾ ਬਣਾ ਕੇ ਉੱਥੇ ਇੱਕ ਖੂਹ ਵੀ ਲਗਵਾਇਆ ਪਰ ਕੁੱਝ ਦੇਰ ਬਾਅਦ ਉਨ੍ਹਾਂ ਮੁੜ ਆਨੰਦਪੁਰ ਸਾਹਿਬ ਜਾ ਕੇ ਆਪਣਾ ਟਿਕਾਣਾ ਕਰ ਲਿਆ ਅਤੇ ਗਲ ਵਿੱਚ ਮਸ਼ਕ ਜਾਂ ਸਿਰ ’ਤੇ ਘੜਾ ਰੱਖ ਸੰਗਤ ਦੀ ਜਲ-ਪਾਣੀ ਦੀ ਸੇਵਾ ਵਿਚ ਲੱਗ ਗਏ। ਜਦੋਂ ਆਨੰਦਪੁਰ ਸਾਹਿਬ ਦੇ ਹਾਲਾਤ ਬਦਲੇ ਅਤੇ ਆਨੰਦਪੁਰੀ ਰਣ ਭੂਮੀ ਵਿੱਚ ਬਦਲ ਗਈ ਤਾਂ ਜੰਗ ਦੌਰਾਨ ਵੀ ਭਾਈ ਸਾਹਿਬ ਪਾਣੀ ਦੀ ਸੇਵਾ ਵਿਚ ਲੱਗੇ ਰਹਿੰਦੇ। ਉਹ ਕਿਸੇ ਵੀ ਵਿਤਕਰੇ ਨੂੰ ਭੁੱਲ ਕੇ ਸਾਰੇ ਸੈਨਿਕਾਂ ਨੂੰ ਪਾਣੀ ਪਿਲਾਉਂਦੇ, ਭਾਵੇਂ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ। ਕਈ ਵਾਰ ਅਜਿਹਾ ਵੀ ਹੁੰਦਾ ਕਿ ਜ਼ਖ਼ਮੀ ਦੁਸ਼ਮਣ ਪਾਣੀ ਪੀ ਕੇ ਫਿਰ ਤਕੜਾ ਹੋ ਕੇ ਸਿੱਖ ਸੈਨਿਕਾਂ ’ਤੇ ਟੁੱਟ ਪੈਂਦਾ। ਇਹ ਦੇਖ ਸਿੱਖ ਸੈਨਿਕ ਗੁੱਸਾ ਵੀ ਕਰਦੇ ਪਰ ਸਿੱਖ ਦਾ ਗੁਰੂ ਜੀ ਪ੍ਰਤੀ ਪ੍ਰੇਮ ਦੇਖ ਚੁੱਪ ਰਹਿੰਦੇ। ਆਖਰਕਾਰ ਕੁੱਝ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਭਾਈ ਘਨ੍ਹੱਈਆ ਜੀ ਦੀ ਸ਼ਿਕਾਇਤ ਕਰ ਦਿੱਤੀ। ਗੁਰੂ ਜੀ ਨੇ ਵੀ ਭਾਈ ਘਨ੍ਹੱਈਆ ਜੀ ਨੂੰ ਸਿੰਘਾਂ ਦੇ ਸਾਹਮਣੇ ਆਪਣੇ ਕੋਲ ਬੁਲਾਇਆ ਅਤੇ ਸ਼ਿਕਾਇਤ ਦਾ ਨਿਬੇੜਾ ਕਰਨ ਲਈ ਭਾਈ ਸਾਹਿਬ ਤੋਂ ਪੁੱਛਿਆ, ‘‘ਭਾਈ ਸਾਹਿਬ! ਤੁਹਾਡੇ ਵਿਰੁੱਧ ਸ਼ਿਕਾਇਤ ਆਈ ਏ ਕਿ ਜਿੱਥੇ ਤੁਸੀਂ ਸਿੱਖ ਸੈਨਿਕਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਹੀ ਫੱਟੜ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਹੋ ਅਤੇ ਕੋਈ ਫ਼ਰਕ ਵੀ ਨਹੀਂ ਕਰਦੇ?’’ ਗੁਰੂ ਜੀ ਦਾ ਪ੍ਰਸ਼ਨ ਸੁਣ ਕੇ ਭਾਈ ਘਨ੍ਹੱਈਆ ਜੀ ਨੇ ਬਹੁਤ ਹੀ ਨਿਮਰਤਾ ਨਾਲ ਬੇਨਤੀ ਕੀਤੀ, ‘‘ਗੁਰੂ ਜੀ ਮੈਨੂੰ ਤਾਂ ਯੁੱਧ ਵਿੱਚ ਕੋਈ ਦੁਸ਼ਮਣ ਦਿੱਸਦਾ ਹੀ ਨਹੀਂ। ਮੈਨੂੰ ਤਾਂ ਹਰ ਫੱਟੜ ਦੇ ਮੂੰਹ ’ਤੇ ਤੁਹਾਡਾ ਹੀ ਚਿਹਰਾ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤਾਂ ਸਿਰਫ ਫੱਟੜਾਂ ਅਤੇ ਦੁਖੀਆਂ ਦੇ ਮੂੰਹ ਪਾਣੀ ਪਾਇਆ ਏ।’’
ਗੁਰੂ ਜੀ ਉਨ੍ਹਾਂ ਦਾ ਉੱਤਰ ਸੁਣ ਕੇ ਸਮਝ ਗਏ ਕਿ ਇਸ ਸਿੱਖ ਨੇ ਗੁਰੂ ਘਰ ਤੋਂ ਅਸਲ ਅਤੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਸਨ ਤੋਂ ਉੱਠ ਕੇ ਭਾਈ ਘਨ੍ਹੱਈਆ ਜੀ ਨੂੰ ਆਪਣੀ ਛਾਤੀ ਨਾਲ ਲਾਇਆ, ਪਿਆਰ ਜਤਾਇਆ ਅਤੇ ਕਿਹਾ ਕਿ ਭਾਈ ਘਨ੍ਹੱਈਆ ਜੀ ਦੀ ਕਮਾਈ ਧੰਨ ਹੈ ਅਤੇ ਉਹ ਗੁਰੂ ਘਰ ਦਾ ਅਨਿਨ ਸੇਵਕ ਬਣ ਨਿੱਤਰਿਆ ਹੈ। ਉਸ ਸਮੇਂ ਗੁਰੂ ਜੀ ਨੇ ਮਲ੍ਹਮ ਦੀ ਡੱਬੀ ਅਤੇ ਪੱਟੀ ਮੰਗਵਾ ਕੇ ਭਾਈ ਘਨ੍ਹੱਈਆ ਜੀ ਨੂੰ ਦੇ ਕੇ ਕਿਹਾ, ‘‘ਲਓ ਭਾਈ, ਜਿੱਥੇ ਤੁਸੀਂ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ, ਉੱਥੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।’’ ਇਸ ਤੋਂ ਬਾਅਦ ਭਾਈ ਘਨ੍ਹੱਈਆ ਜੀ ਨੇ ਇਹ ਸੇਵਾ ਨਿਰੰਤਰ ਜਾਰੀ ਰੱਖੀ ਅਤੇ ਜੀਵਨ ਦੇ ਪਿਛਲੇ 10 ਸਾਲ ਆਪਣੇ ਇਲਾਕੇ ਵਿਚ ਸੇਵਾ ਕਰਦਿਆਂ ਗੁਜ਼ਾਰੇ ਅਤੇ 70 ਸਾਲ ਦੀ ਉਮਰ ਵਿੱਚ 20 ਸਤੰਬਰ 1718 ਈ. ਨੂੰ ਆਪਣੇ ਪਿੰਡ ਸੌਦਰਾਂ ਵਿੱਚ ਹੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸੰਗਤ ਨੇ ਵੀ ਉਨ੍ਹਾਂ ਦੀ ਜਲ ਸੇਵਾ ਵੇਖਦਿਆਂ ਹੋਇਆਂ ਉਨ੍ਹਾਂ ਦੀ ਦੇਹ ਸਸਕਾਰ ਕਰਨ ਦੀ ਬਜਾਏ ਜਲ ਪ੍ਰਵਾਹ ਕਰ ਦਿੱਤੀ।
ਇਸ ਤਰ੍ਹਾਂ ਭਾਈ ਘਨ੍ਹੱਈਆ ਜੀ ਦੇ ਕਾਰਜਾਂ ਨੇ ਮਨੁੱਖਤਾ ਨੂੰ ਇੱਕ ਨਵੀਂ ਸੇਧ ਦਿੱਤੀ ਅਤੇ ਦੁਨੀਆ ਵਿੱਚ ਕਿਸੇ ਵਿਤਕਰੇ ਤੋਂ ਬਿਨਾਂ ਮਨੁੱਖ ਦੀ ਸੇਵਾ ਕਰਨ ਦੀ ਨਵੀਂ ਪਿਰਤ ਸ਼ੁਰੂ ਹੋਈ। ਪੰਜਾਬ ਵਿੱਚ 1704 ਈ. ਨੂੰ ਅਜਿਹੀ ਇਕ ਸੰਸਥਾ ਨੇ ਜਨਮ ਲਿਆ ਜਿਸ ਦਾ ਨਾਂ ਇਤਿਹਾਸ ਵਿੱਚ ‘ਸੇਵਾ ਪੰਥੀ’ ਪ੍ਰਚਲਿਤ ਹੋਇਆ। ਪੰਜਾਬ ਵਿੱਚ ਸੈਂਕੜੇ ਥਾਵਾਂ ’ਤੇ ਅੱਜ ਵੀ ‘ਸੇਵਾ ਪੰਥੀਆਂ’ ਦੇ ਡੇਰੇ ਹਨ। ਇਸ ਤਰ੍ਹਾਂ ਭਾਈ ਘਨ੍ਹੱਈਆ ਜੀ ਨੇ ਬਿਨਾਂ ਕਿਸੇ ਵਿਤਕਰੇ ਦੇ ਮਨੁੱਖਤਾ ਦੀ ਸੇਵਾ ਕਰਨ ਦੀ ਰੀਤ ਦਾ ਮੁੱਢ ਬੰਨ੍ਹਿਆ। ਭਾਈ ਘਨ੍ਹੱਈਆ ਜੀ ਦੀ ਸੋਚ ਨੂੰ ਹੀ ਸਮਰਪਿਤ ਮੌਜੂਦਾ ‘ਰੈੱਡ ਕਰਾਸ ਸੰਸਥਾ’ ਦੀ ਸਥਾਪਨਾ ਸੰਨ 1863 ਈ. ਵਿੱਚ ਕੀਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਭਾਈ ਘਨ੍ਹੱਈਆ ਜੀ ਦੀਆਂ ਯਾਦਾਂ ਬਾਉਲੀ ਸਾਹਿਬ ਅਤੇ ਉਨ੍ਹਾਂ ਦੇ ਤਪ ਅਸਥਾਨ ਦੀ ਸੇਵਾ ਸੰਭਾਲ ਵੱਡੇ ਪੱਧਰ ’ਤੇ ਕਰਨੀ ਚਾਹੀਦੀ ਹੈ।
ਸੰਪਰਕ: 98764-52223