ਡਾਕਟਰ ਗੁਰਦੇਵ ਸਿੰਘ ਸਿੱਧੂ
ਸਿੰਘ ਸਭਾ ਲਹਿਰ ਦੇ ਮੋਢੀਆਂ ’ਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਅਤੇ ਭਾਈ ਮਈਆ ਸਿੰਘ ਪ੍ਰਮੁੱਖ ਸਥਾਨ ਰੱਖਦੇ ਹਨ। ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੇ ਦੇਹਾਂਤ (ਕ੍ਰਮਵਾਰ 24 ਸਤੰਬਰ, 1898 ਈਸਵੀ ਅਤੇ 6 ਸਤੰਬਰ 1901) ਪਿੱਛੋਂ ਉਨ੍ਹਾਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਸਮਾਜ ਦੇ ਸੁਧਾਰ ਲਈ ਆਰੰਭ ਕੀਤੇ ਕਾਰਜਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਭਾਈ ਜਵਾਹਰ ਸਿੰਘ ਦੇ ਮੋਢਿਆਂ ਉੱਤੇ ਆ ਪਈ ਜਿਸ ਨੂੰ ਉਨ੍ਹਾਂ ਨੇ ਬਹੁਤ ਸੁਯੋਗਤਾ ਨਾਲ ਨਿਭਾਇਆ।
ਭਾਈ ਜਵਾਹਰ ਸਿੰਘ ਦਾ ਜਨਮ 1858 ਈਸਵੀ ਵਿਚ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਆਤਮਾ ਸਿੰਘ ਸੀ। ਭਾਈ ਆਤਮਾ ਸਿੰਘ ਨੇ ਆਪਣੇ ਪੁੱਤਰ ਦੀ ਸਿਖਿਆ ਵੱਲ ਉਚੇਚਾ ਧਿਆਨ ਦਿੱਤਾ। 1876 ਵਿਚ ਸਕੂਲ ਪੱਧਰ ਦੀ ਪੜ੍ਹਾਈ ਖਤਮ ਕਰਨ ਪਿੱਛੋਂ ਉਨ੍ਹਾਂ ਨੂੰ ਨਵੰਬਰ ਦੇ ਮਹੀਨੇ ਸਿੰਧ-ਪੰਜਾਬ, ਦਿੱਲੀ ਰੇਲ ਕੰਪਨੀ ਵਿਚ ਨੌਕਰੀ ਮਿਲ ਗਈ। ਸਕੂਲ ਵਿਚ ਪੜ੍ਹਦਿਆਂ ਉਨ੍ਹਾਂ ਦਾ ਮੇਲ ਗੁਲਾਬਦਾਸੀ ਸੰਪਰਦਾ ਦੇ ਪੈਰੋਕਾਰ ਭਾਈ ਬਹਾਦਰ ਸਿੰਘ ਨਾਲ ਹੋਇਆ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਜਵਾਹਰ ਸਿੰਘ ਨੇ ਗੁਲਾਬਦਾਸੀ ਮਤ ਦਾ ਗੰਭੀਰਤਾ ਨਾਲ ਅਧਿਐਨ ਕੀਤਾ। ਛੇਤੀ ਹੀ ਉਹ ਗੁਲਾਬਦਾਸੀ ਨਜ਼ਰੀਏ ਤੋਂ ਵਾਦ ਵਿਵਾਦ ਕਰਨ ਵਿਚ ਮਾਹਰ ਹੋ ਗਏ। 1877 ਵਿਚ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾ ਨੰਦ ਪੰਜਾਬ ਆਏ ਤਾਂ ਮੂਰਤੀ ਪੂਜਾ ਬਾਰੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਮਲਵਈ ਬੁੰਗੇ ਅਤੇ ਘੰਟਾ ਘਰ ਵਾਲੇ ਚੌਗਾਨ ਵਿਚ ਉਨ੍ਹਾਂ ਦੇ ਲੈਕਚਰ ਕਰਵਾਏ। ਇਸ ਮੌਕੇ ਭਾਈ ਜਵਾਹਰ ਸਿੰਘ ਨੇ ਸਵਾਮੀ ਦਯਾ ਨੰਦ ਨਾਲ ਵਿਚਾਰ ਚਰਚਾ ਕੀਤੀ ਜਿਸ ਤੋਂ ਪ੍ਰਭਾਵਿਤ ਹੋ ਕੇ ਆਰੀਆ ਸਮਾਜੀਆਂ ਨੇ ਭਾਈ ਜਵਾਹਰ ਸਿੰਘ ਉੱਤੇ ਡੋਰੇ ਪਾਉਣੇ ਸ਼ੁਰੂ ਕੀਤੇ ਅਤੇ ਸਫਲ ਹੋਏ। ਨਵੰਬਰ 1879 ਵਿਚ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਵਿਚਾਲੇ ਹੋਈ ਬਹਿਸ ਵਿਚ ਭਾਈ ਜਵਾਹਰ ਸਿੰਘ ਨੇ ਆਰੀਆ ਸਮਾਜ ਦਾ ਪੱਖ ਪੂਰਿਆ। ਇਸ ਸਾਲ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਆਰੀਆ ਸਮਾਜ ਦਾ ਸਕੱਤਰ ਥਾਪਿਆ ਗਿਆ।
1873 ਵਿਚ ਅੰਮ੍ਰਿਤਸਰ ਵਿਚ ਸਿੰਘ ਸਭਾ ਸਥਾਪਤ ਹੋਈ ਤਾਂ ਇਸ ਵਿਚ ਦੋ ਵਿਚਾਰਾਂ ਵਾਲੇ ਵਿਅਕਤੀ ਸ਼ਾਮਲ ਸਨ। ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕ੍ਰਮਾ ਸਿੰਘ ਫਰੀਦਕੋਟ ਆਦਿ ਸਨਾਤਨੀ ਵਿਚਾਰਾਂ ਦੇ ਧਾਰਨੀ ਸਨ ਅਤੇ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਆਦਿ ਸਿੱਖ ਧਰਮ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਏ ਰਾਹ ਉੱਤੇ ਅੱਗੇ ਤੋਰਨ ਦੇ ਹਾਮੀ ਸਨ। ਕੰਵਰ ਬਿਕ੍ਰਮਾ ਸਿੰਘ ਕਪੂਰਥਲਾ, ਅਤਰ ਸਿੰਘ ਭਦੌੜ ਆਦਿ ਉਨ੍ਹਾਂ ਦੇ ਅਜਿਹੇ ਵਿਚਾਰਾਂ ਦਾ ਪੱਖ ਪੂਰਦੇ ਸਨ। ਇਸ ਵਿਚਾਰਧਾਰਿਕ ਵਿਖਰੇਵੇਂ ਕਾਰਨ ਸਿੰਘ ਸਭਾ ਅੰਮ੍ਰਿਤਸਰ ਪੂਰੀ ਸਰਗਰਮੀ ਨਾਲ ਕੰਮ ਨਹੀਂ ਸੀ ਕਰ ਰਹੀ। ਇਸ ਖੜੋਤ ਨੂੰ ਤੋੜਨ ਵਾਸਤੇ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ 1879 ਵਿਚ ਲਾਹੌਰ ਵਿਚ ਸਿੰਘ ਸਭਾ ਬਣਾ ਕੇ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਮੌਕੇ ਗਿਆਨੀ ਦਿੱਤ ਸਿੰਘ ਨੂੰ ਗੁਲਾਬਦਾਸੀ ਸੰਪਰਦਾ ਵਿਚਲੇ ਆਪਣੇ ਸੂਝਵਾਨ ਸਾਥੀ ਭਾਈ ਜਵਾਹਰ ਸਿੰਘ ਦੀ ਲੋੜ ਮਹਿਸੂਸ ਹੋਈ ਤਾਂ ਭਾਈ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਪ੍ਰੇਰਨਾ ਸਦਕਾ ਭਾਈ ਜਵਾਹਰ ਸਿੰਘ ਆਪਣੇ ਸਿੱਖ ਭਾਈਚਾਰੇ ਦੀ ਸੇਵਾ ਕਰਨ ਵਾਸਤੇ ਉਨ੍ਹਾਂ ਦੇ ਸੰਗੀ ਬਣ ਗਏ। ਦੋਵੇਂ ਸਭਾਵਾਂ ਆਪੋ-ਆਪਣੇ ਪੱਧਰ ਉੱਤੇ ਕੰਮ ਕਰਦੀਆਂ ਰਹੀਆਂ ਪਰ ਇਨ੍ਹਾਂ ਦੇ ਕਾਰਜਾਂ ’ਚੋਂ ਆਪਸੀ ਰੰਜਿਸ਼ ਦਿਖਾਈ ਦਿੰਦੀ ਸੀ। ਸੂਝਵਾਨ ਅਤੇ ਦੂਰ-ਅੰਦੇਸ਼ ਸਿੱਖ ਆਗੂਆਂ ਨੇ ਇਸ ਸਥਿਤੀ ਨੂੰ ਕੌਮੀ ਬਿਹਤਰੀ ਲਈ ਹਾਨੀਕਾਰਕ ਸਮਝਦਿਆਂ ਇਕ ਸਾਂਝੀ ਜਨਰਲ ਸਭਾ ਬਣਾਈ। ਇਸ ਸਭਾ ਨੇ ਭਾਈ ਜਵਾਹਰ ਸਿੰਘ ਨੂੰ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਚਾਰਕ ਵਜੋਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੇ ਕਾਰਜ ਦੀ ਮਾਨਤਾ ਵਜੋਂ ਬਾਬਾ ਖੇਮ ਸਿੰਘ ਬੇਦੀ ਅਤੇ ਪ੍ਰੋ. ਗੁਰਮੁਖ ਸਿੰਘ ਦੇ ਦਸਤਖਤਾਂ ਹੇਠ ਸਨਦ ਦਿੱਤੀ। ਜਦੋਂ ਜਨਰਲ ਸਿੰਘ ਸਭਾ ਵੀ ਮਿੱਥੇ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾ ਕਰ ਸਕੀ ਤਾਂ ‘ਖਾਲਸਾ ਦੀਵਾਨ’ ਨਾਂ ਦੀ ਸੰਸਥਾ ਖੜ੍ਹੀ ਕੀਤੀ ਗਈ ਪਰ ਵਿਵਾਦੀ ਸਥਿਤੀ ਫਿਰ ਵੀ ਬਣੀ ਰਹੀ। ਨਤੀਜੇ ਵਜੋਂ ਪ੍ਰੋ. ਗੁਰਮੁਖ ਸਿੰਘ ਨੇ ਸਿੱਖ ਮੁਖੀਆਂ ਦੀ ਸਲਾਹ ਨਾਲ 11 ਅਪਰੈਲ 1886 ਨੂੰ ਲਾਹੌਰ ਵਿਚ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਅਤੇ ਆਪਣੇ ਤੌਰ ’ਤੇ ਧਾਰਮਿਕ ਖੇਤਰ ਵਿਚ ਕੰਮ ਕਰਨਾ ਜਾਰੀ ਰੱਖਿਆ। ਇਸ ਮੌਕੇ ਭਾਈ ਜਵਾਹਰ ਸਿੰਘ ਨੇ ਪ੍ਰੋ. ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਇਕ ਸ਼ਕਤੀਸ਼ਾਲੀ ਧਿਰ ਬਣ ਕੇ ਸਾਥ ਦਿਤਾ। ਧਰਮ ਪ੍ਰਚਾਰ ਦੇ ਖੇਤਰ ਵਿੱਚ ਪਿੱਛੇ ਰਹਿਣ ਨੇ ਬਾਬਾ ਖੇਮ ਸਿੰਘ ਦੇ ਧੜੇ ਵਿਚ ਪ੍ਰੋ. ਗੁਰਮੁਖ ਸਿੰਘ ਬਾਰੇ ਇੰਨੀ ਕੁੜੱਤਣ ਭਰੀ ਕਿ ਉਨ੍ਹਾਂ 18 ਮਾਰਚ 1887 ਨੂੰ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਪੁਜਾਰੀਆਂ ਤੋਂ ਪ੍ਰੋ. ਗੁਰਮੁਖ ਸਿੰਘ ਨੂੰ ਸਿੱਖੀ ਤੋਂ ਖਾਰਜ ਕਰਨ ਦਾ ਐਲਾਨ ਕਰਵਾਇਆ ਅਤੇ ਪ੍ਰੋ. ਗੁਰਮੁਖ ਸਿੰਘ ਦੇ ਪੱਖੀਆਂ ਨੂੰ ਡਰਾ ਧਮਕਾ ਕੇ ਆਪਣੇ ਧੜੇ ਵਿਚ ਲਿਆਉਣ ਲੱਗੇ। ਉਸ ਧੜੇ ਨੇ ਭਾਈ ਜਵਾਹਰ ਸਿੰਘ ਉੱਤੇ ਵੀ ਡੋਰੇ ਪਾਉਣੇ ਚਾਹੇ ਪਰ ਭਾਈ ਜਵਾਹਰ ਸਿੰਘ ਨੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਭਾਈ ਜਵਾਹਰ ਸਿੰਘ ਨੇ ਲੰਮਾ ਸਮਾਂ ਖਾਲਸਾ ਦੀਵਾਨ ਲਾਹੌਰ ਦੇ ਮੁੱਖ ਸਕੱਤਰ ਅਤੇ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਈ। ਭਾਵੇਂ ਅਜੇ ਭਾਈ ਜਵਾਹਰ ਸਿੰਘ ਨੇ ਉਮਰ ਦੇ ਤਿੰਨ ਦਹਾਕੇ ਵੀ ਨਹੀਂ ਸਨ ਪੂਰੇ ਕੀਤੇ ਪਰ ਪੰਜਾਬ ਦੇ ਸਰਕਾਰੀ ਹਲਕਿਆਂ ਵਿਚ ਉਨ੍ਹਾਂ ਦੀ ਵਿਦਵਤਾ ਨੂੰ ਮਾਨਤਾ ਦਿੱਤੀ ਜਾ ਰਹੀ ਸੀ, ਇਸ ਕਾਰਨ ਉਨ੍ਹਾਂ ਨੂੰ 12 ਨਵੰਬਰ 1895 ਨੂੰ ਅੰਜੁਮਨ-ਏ-ਪੰਜਾਬ ਦਾ ਫੈਲੋ ਨਿਯੁਕਤ ਕੀਤਾ ਗਿਆ।
ਉਂਝ ਤਾਂ ਸਵਾਮੀ ਦਯਾ ਨੰਦ ਵੱਲੋਂ ਆਪਣੀ ਪੁਸਤਕ ‘ਸੱਤਿਆਰਥ ਪ੍ਰਕਾਸ਼’ ਵਿਚ ਹੋਰਨਾਂ ਮਹਾਪੁਰਸ਼ਾਂ ਦੇ ਨਾਲ ਸਿੱਖ ਗੁਰੂ ਸਾਹਿਬਾਨ ਲਈ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਦਿਨ ਤੋਂ ਹੀ ਸਿੱਖਾਂ ਦੇ ਮਨਾਂ ਵਿਚ ਸਿੱਖ ਧਰਮ ਬਾਰੇ ਆਰੀਆ ਸਮਾਜ ਦੀ ਗੁੱਝੀ ਮਨਸ਼ਾ ਬਾਰੇ ਸ਼ੱਕ ਪੈਦਾ ਹੋਣੇ ਸ਼ੁਰੂ ਹੋ ਗਏ ਸਨ ਪਰ ਉਦੋਂ ਤਾਂ ਹੱਦ ਹੀ ਹੋ ਗਈ ਜਦੋਂ 25 ਨਵੰਬਰ 1888 ਦੇ ਦਿਨ ਆਰੀਆ ਸਮਾਜ ਦੀ ਗਿਆਰਵੀਂ ਵਰਵੇਗੰਢ ਮੌਕੇ ਪੰਡਤ ਗੁਰੂ ਦੱਤ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਭਾਈ ਜਵਾਹਰ ਸਿੰਘ ਨੇ 2 ਦਸੰਬਰ ਨੂੰ ਗੁਰਦੁਆਰਾ ਬਾਉਲੀ ਸਾਹਿਬ ਲਾਹੌਰ ਵਿਚ ਸਿੱਖ ਸੰਗਤ ਦੀ ਭਰਵੀਂ ਇਕੱਤਰਤਾ ਵਿਚ ਆਰੀਆ ਸਮਾਜ ਦੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹੀਂਵੀਂ ਸਦੀ ਦੇ ਅੰਤ ਵਿਚ ਸਿੱਖ ਜਗਤ ਵਿਚ ਖਾਲਸਾ ਕਾਲਜ ਸਥਾਪਤ ਕਰਨ ਬਾਰੇ ਚਰਚਾ ਹੋਣੀ ਸ਼ੁਰੂ ਹੋਈ ਤਾਂ ਕਾਲਜ ਅਸਥਾਪਨ ਕਮੇਟੀ ਬਣੀ ਜਿਸ ਵਿਚ ਭਾਈ ਜਵਾਹਰ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਕਾਲਜ ਬਣਾਉਣ ਦੀ ਸੰਭਾਵਨਾ ਬਣ ਗਈ ਤਾਂ ਇਸ ਕਮੇਟੀ ਦੀ ਥਾਂ ਕਾਲਜ ਕੌਂਸਲ ਨੇ ਲਈ। ਕਾਲਜ ਕੌਂਸਲ ਵਿਚ ਫਿਰ ਭਾਈ ਜਵਾਹਰ ਸਿੰਘ ਨੂੰ ਆਨਰੇਰੀ ਸਕੱਥਰ ਥਾਪਿਆ ਗਿਆ। ਉਨ੍ਹਾਂ ਦੇ ਉਪਰਾਲੇ ਸਦਕਾ 22 ਅਕਤੂਬਰ 1892 ਨੂੰ ਖਾਲਸਾ ਕਾਲਜ ਸਕੂਲ ਦੀ ਆਰੰਭਤਾ ਹੋਈ। ਖਾਲਸਾ ਕਾਲਜ ਕੌਂਸਲ ਦੇ ਸਕੱਤਰ ਵਜੋਂ ਪੰਜ ਸਾਲ ਜ਼ਿੰਮੇਵਾਰੀ ਨਿਭਾਉਣ ਪਿੱਛੋਂ ਭਾਈ ਜਵਾਹਰ ਸਿੰਘ ਨੇ ਇਸ ਪਦ ਤੋਂ ਅਸਤੀਫਾ ਦਿੱਤਾ ਜੋ ਨਾ-ਮਨਜ਼ੂਰ ਹੋਇਆ। ਖਾਲਸਾ ਕਾਲਜ ਨੂੰ ਮਿਆਰੀ ਸੰਸਥਾ ਬਣਾਉਣ ਵਾਸਤੇ ਭਾਈ ਜਵਾਹਰ ਸਿੰਘ ਵੱਲੋਂ ਪਾਏ ਯੋਗਦਾਨ ਦਾ ਅਨੁਮਾਨ ਇੱਥੋਂ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਵਾਰ ਵਾਰ ਕਾਲਜ ਕੌਂਸਲ ਦੇ ਸਕੱਤਰ ਦੇ ਪਦ-ਭਾਰ ਤੋਂ ਮੁਕਤ ਕੀਤੇ ਜਾਣ ਦੀ ਬੇਨਤੀ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਤੋਂ ਫਾਰਗ ਨਹੀਂ ਕੀਤਾ ਗਿਆ। ਆਖਰ ਦਸੰਬਰ 1906 ਵਿਚ ਭਾਈ ਜਵਾਹਰ ਸਿੰਘ ਨੂੰ ਖਾਲਸਾ ਕਾਲਜ ਕੌਂਸਲ ਦੇ ਪਦ ਆਨਰੇਰੀ ਸਕੱਤਰ ਤੋਂ ਮੁਕਤੀ ਮਿਲੀ।
ਭਾਈ ਜਵਾਹਰ ਸਿੰਘ ਵੱਲੋਂ ਸਿੰਘ ਸਭਾ ਲਾਹੌਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੀ ਬੇਨਤੀ ਕਾਰਨ ਹੀ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸਰਕਾਰੀ ਛੁੱਟੀ ਕੀਤੇ ਜਾਣ ਦੇ ਹੁਕਮ ਹੋਏ। ਸਤੰਬਰ 1897 ਵਿਚ ਭਾਈ ਜਵਾਹਰ ਸਿੰਘ ਨੂੰ ਕਲਕੱਤਾ ਲਿਟਰੇਰੀ ਸੁਸਾਇਟੀ ਦਾ ਮੈਂਬਰ ਚੁਣਿਆ ਗਿਆ। ਲੈਫਟੀਨੈਂਟ ਗਵਰਨਰ ਪੰਜਾਬ ਨੇ ਪਹਿਲੀ ਨਵੰਬਰ 1899 ਨੂੰ ਉਨ੍ਹਾਂ ਨੂੰ ਪੰਜਾਬ ਟੈਕਸਟ ਬੁਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ। ਨਵੰਬਰ 1904 ਵਿਚ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦਾ ਫੈਲੋ ਨਿਯੁਕਤ ਕੀਤਾ ਗਿਆ। ਧਰਮ ਪ੍ਰਚਾਰ, ਸਿੱਖਿਆ ਅਤੇ ਸਮਾਜਕ ਕਾਰਜ ਕਰਨ ਦੇ ਨਾਲ ਭਾਈ ਜਵਾਹਰ ਸਿੰਘ ਨੇ ਕਲਮੀ ਸੇਵਾ ਵੀ ਕੀਤੀ। ਉਨ੍ਹਾਂ ਦਾ ਵਧੇਰੇ ਕੰਮ ਅੰਗਰੇਜ਼ੀ ਵਿਚ ਹੈ। ਉਨ੍ਹਾਂ ਦੀਆਂ ਲਿਖੀਆਂ ਦੋ ਪੁਸਤਕਾਂ ‘The Poverty of India’ ਅਤੇ ‘Thoughts on Duty’ ਬਾਰੇ ਅਖਬਾਰਾਂ ਵਿਚ ਚੰਗੀ ਚਰਚਾ ਹੋਈ। ‘ਧਰਮ ਵਿਚਾਰ’ ਅਤੇ ‘ਅਫਲਾਸ ਹਿੰਦ’ ਉਨ੍ਹਾਂ ਦੀਆਂ ਉਰਦੂ ਵਿਚ ਪ੍ਰਕਾਸ਼ਿਤ ਪੁਸਤਕਾਂ ਹਨ। ‘ਧਰਮ ਵਿਚਾਰ’ 28 ਅਪਰੈਲ 1889 ਨੂੰ ਸ੍ਰੀ ਗੁਰੂ ਸਿੰਘ ਸਭਾ ਫਿਰੋਜ਼ਪੁਰ ਦੇ ਸਾਲਾਨਾ ਸਮਾਗਮ ਵੇਲੇ ਦਿੱਤੇ ਭਾਸ਼ਣ ਦਾ ਕਿਤਾਬੀ ਰੂਪ ਸੀ।
ਧਰਮ, ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ਵਿਚ ਸਲਾਹੁਣਯੋਗ ਕੰਮ ਕਰਨ ਵਾਲੇ ਭਾਈ ਜਵਾਹਰ ਸਿੰਘ ਦਾ ਬਵੰਜਾ ਕੁ ਸਾਲ ਦੀ ਉਮਰ ਵਿਚ 14 ਮਈ 1910 ਨੂੰ ਲਾਹੌਰ ਵਿਚ ਦੇਹਾਂਤ ਹੋ ਗਿਆ।
ਸੰਪਰਕ: 94170-49417