ਨਵਤੇਜ ਸਰਨਾ
ਉੱਘੇ ਬਰਤਾਨਵੀ ਵਿਦਵਾਨ ਅਤੇ ਸਿੱਖ ਧਰਮ ਬਾਰੇ ਛੇ ਜਿਲਦਾਂ ਦੀ ਸ਼ਾਹਕਾਰ ਰਚਨਾ ‘ਦਿ ਸਿੱਖ ਰਿਲੀਜਨ’ ਦੇ ਲੇਖਕ ਮੈਕਸ ਆਰਥਰ ਮੈਕਾਲਿਫ ਦਾ ਭਾਈ ਕਾਹਨ ਸਿੰਘ ਨਾਭਾ (ਜਿਨ੍ਹਾਂ ਦੀ 161ਵੀਂ ਜਨਮ ਵਰ੍ਹੇਗੰਢ ਲੰਘੀ 30 ਅਗਸਤ ਨੂੰ ਸੀ) ਬਾਰੇ ਇਹ ਕਹਿਣਾ ਸੀ: ‘‘ਸਾਹਿਤਕ ਇਮਦਾਦ ਦੇ ਪੱਖ ਤੋਂ ਮੈਂ ਨਾਭਾ ਦੇ ਸਰਦਾਰ ਕਾਹਨ ਸਿੰਘ ਦਾ ਰਿਣੀ ਰਹਾਂਗਾ ਜੋ ਸਿੱਖਾਂ ਦੇ ਸਰਬੋਤਮ ਵਿਦਵਾਨ ਅਤੇ ਲਾਸਾਨੀ ਲੇਖਕ ਹਨ ਅਤੇ ਜੋ ਨਾਭਾ ਰਿਆਸਤ ਦੇ ਰਾਜੇ ਦੇ ਹੁਕਮਾਂ ’ਤੇ ਮੇਰੇ ਨਾਲ ਯੂਰਪ ਆਏ ਤੇ ਇਸ ਰਚਨਾ ਦੇ ਪ੍ਰਕਾਸ਼ਨ ਤੇ ਇਸ ਦੇ ਪਰੂਫ ਪੜ੍ਹਨ ਵਿਚ ਮੇਰੀ ਮਦਦ ਕੀਤੀ ਹੈ…।’’ ਪੱਛਮੀ ਵਿਦਵਾਨ ਕਿਸੇ ਦੀ ਬਹੁਤੀ ਪ੍ਰਸ਼ੰਸਾ ਨਹੀਂ ਕਰਦੇ। ਫਿਰ ਵੀ ਇਹ ਅਲਫਾਜ਼ ਮੈਕਾਲਿਫ਼ ਦੇ ਕਾਰਜ ਵਿਚ ਭਾਈ ਕਾਹਨ ਸਿੰਘ ਦੇ ਵਰ੍ਹਿਆਂਬੱਧੀ ਯੋਗਦਾਨ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰਦੇ ਜਿਸ ਤਹਿਤ ਉਨ੍ਹਾਂ ਇਸ ਬਰਤਾਨਵੀ ਵਿਦਵਾਨ ਨੂੰ ਸਿੱਖ ਫਲਸਫ਼ੇ ਅਤੇ ਸਿੱਖ ਧਰਮ ਗ੍ਰੰਥਾਂ ਦੇ ਹਰੇਕ ਅੰਗ ਦਾ ਅਧਿਐਨ ਕਰਨ ਵਿਚ ਮਾਰਗ ਦਰਸ਼ਨ ਕੀਤਾ ਸੀ। ਇੰਝ ਮੈਕਾਲਿਫ਼ ਜਰਮਨ ਮਿਸ਼ਨਰੀ ਅਰਨੈਸਟ ਟਰੰਪ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਬਾਰੇ ਹੋਰਨਾਂ ਲਿਖਤਾਂ ਦੇ ਅਨੁਵਾਦ ਦੌਰਾਨ ਕੀਤੀਆਂ ਵਿਸੰਗਤੀਆਂ ਨੂੰ ਦਰੁਸਤ ਕਰਨ ਦੇ ਸਮਰੱਥ ਹੋਏ ਸਨ। ਉਨ੍ਹਾਂ ਦੇ ਯੋਗਦਾਨ ਬਾਰੇ ਇਸ ਤੱਥ ਤੋਂ ਬਿਹਤਰ ਪਤਾ ਚੱਲਦਾ ਹੈ ਕਿ ਮੈਕਾਲਿਫ਼ ਨੇ ਆਪਣੀ ਰਚਨਾ ਦਾ ਕਾਪੀਰਾਈਟ ਭਾਈ ਕਾਹਨ ਸਿੰਘ ਦੇ ਨਾਂ ਕਰ ਦਿੱਤਾ ਸੀ।
ਕਾਹਨ ਸਿੰਘ ਦਾ ਜਨਮ ਇਕ ਸ਼ਰਧਾਵਾਨ ਸਿੱਖ ਪਰਿਵਾਰ ਵਿਚ ਹੋਇਆ ਸੀ। ਹਾਲਾਂਕਿ ਉਨ੍ਹਾਂ ਕੋਈ ਰਸਮੀ ਸਿੱਖਿਆ ਹਾਸਲ ਨਹੀਂ ਕੀਤੀ ਸੀ ਪਰ ਉਹ ਬਚਪਨ ਤੋਂ ਹੀ ਗਿਆਨ ਦੇ ਅਧਿਐਨ ਵਿਚ ਗਹਿਰੀ ਰੁਚੀ ਰੱਖਦੇ ਸਨ। ਜਦੋਂ ਉਹ ਉਮਰ ਦੇ ਵੀਹਵਿਆਂ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਸਿੱਖ ਦਰਸ਼ਨ ਅਤੇ ਹੋਰ ਧਰਮ ਗ੍ਰੰਥਾਂ ਦਾ ਚੋਖਾ ਗਿਆਨ ਹਾਸਲ ਕਰ ਲਿਆ ਸੀ। ਜਿੱਥੇ ਉਨ੍ਹਾਂ ਨੂੰ ਭਾਰਤੀ ਭਾਸ਼ਾਵਾਂ ਅਤੇ ਸਾਹਿਤ ਦਾ ਗਹਿਰਾ ਗਿਆਨ ਸੀ, ਉਸ ਦੇ ਨਾਲ ਹੀ ਅੰਗਰੇਜ਼ੀ, ਫ਼ਾਰਸੀ ਤੇ ਅਰਬੀ ਦਾ ਵੀ ਚੋਖਾ ਗਿਆਨ ਸੀ। ਉਹ ਇਕ ਵਧੀਆ ਸੰਗੀਤਕਾਰ ਵੀ ਸਨ ਅਤੇ ਸਿਤਾਰ ਤੇ ਦਿਲਰੁਬਾ ਦਾ ਕਮਾਲ ਦਾ ਵਾਦਨ ਕਰਦੇ ਸਨ। ਨਾਭਾ ਦੇ ਮਹਾਰਾਜਾ ਹੀਰਾ ਸਿੰਘ ਉਨ੍ਹਾਂ ਦੇ ਗਿਆਨ ਤੇ ਕਾਬਲੀਅਤ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਸ਼ਾਹੀ ਸਰਪ੍ਰਸਤੀ ਹੇਠ ਲੈ ਲਿਆ। ਉਹ ਵੱਖੋ ਵੱਖਰੀ ਹੈਸੀਅਤ ਵਿਚ ਰਿਆਸਤ ਦੀ ਸੇਵਾ ਨਿਭਾਉਂਦੇ ਰਹੇ ਜਿਸ ਤਹਿਤ ਮਹਾਰਾਜਾ ਦੇ ਪ੍ਰਾਈਵੇਟ ਸਕੱਤਰ ਤੋਂ ਲੈ ਕੇ ਹਾਈ ਕੋਰਟ ਦੇ ਜੱਜ ਅਤੇ ਰਿਆਸਤ ਦੇ ਵਾਰਸ ਟਿੱਕਾ ਰਿਪੁਦਮਨ ਸਿੰਘ ਦੇ ਅਧਿਆਪਕ ਦੇ ਰੂਪ ਵਿਚ ਰਿਆਸਤ ਲਈ ਵੱਖੋ ਵੱਖਰੀਆਂ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ 1909 ਵਿਚ ਆਨੰਦ ਮੈਰਿਜ ਐਕਟ ਦਾ ਖਰੜਾ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। 1912 ਵਿਚ ਉਨ੍ਹਾਂ ਨੇ ਰਿਆਸਤ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਆਪਣੇ ਆਪ ਨੂੰ ਵਿਦਵਾਨੀ ਕਾਰਜਾਂ ਦੇ ਲੇਖੇ ਲਾ ਦਿੱਤਾ। ਹਾਲਾਂਕਿ ਉਨ੍ਹਾਂ ਦੇ ਨਾਂ 29 ਕਿਰਤਾਂ ਸ਼ਾਮਲ ਹਨ ਪਰ ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਗੁਰਸ਼ਬਦ ਰਤਨਾਕਰ ਮਹਾਕੋਸ਼’ ਹੈ ਜਿਸ ਦੀ ਸੰਪਾਦਨਾ ਵਿਚ 15 ਸਾਲ ਲੱਗੇ ਸਨ। ਚਾਰ ਜਿਲਦਾਂ ਵਾਲਾ ਇਸ ਦਾ ਪਲੇਠਾ ਪ੍ਰਕਾਸ਼ਨ 1930 ਵਿਚ ਹੋਇਆ ਸੀ ਜਿਸ ਲਈ ਪਟਿਆਲਾ ਰਿਆਸਤ ਨੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਕਿਉਂਕਿ ਉਦੋਂ ਤੱਕ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਸੀ। ਸਿੱਖ ਸੋਚ, ਧਰਮ ਗ੍ਰੰਥ, ਇਤਿਹਾਸ, ਪ੍ਰਾਚੀਨ ਭਾਰਤੀ ਕਲਾਸੀਕਲ ਰਚਨਾਵਾਂ, ਸੰਗੀਤ ਆਦਿ ਸਮੇਤ ਅੱਡੋ ਅੱਡ ਵਿਸ਼ਿਆਂ ਦੇ ਲਗਭਗ 65000 ਇੰਦਰਾਜ਼ ਹਨ ਜਿਨ੍ਹਾਂ ਨਾਲ ਨਕਸ਼ੇ ਤੇ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਮਹਾਕੋਸ਼ ਵਿਚ ਫ਼ਾਰਸੀ ਤੇ ਅਰਬੀ ਦੇ 7000 ਤੋਂ ਜ਼ਿਆਦਾ ਸ਼ਬਦ ਮੂਲ ਉਥਾਨ ਅਤੇ ਉਚਾਰਨ ਸਹਿਤ ਦਰਜ ਕੀਤੇ ਗਏ ਹਨ। ਇਸ ਰਚਨਾ ਦੀ ਖ਼ਾਸ ਸਿਫ਼ਤ ਹੈ ਇਸ ਦੀ ਮੌਲਿਕਤਾ ਅਤੇ ਵਿਆਖਿਆਵਾਂ ਦੀ ਵਿਆਪਕਤਾ ਜਿਸ ਵਿਚ ਹਰੇਕ ਸ਼ਬਦ ਅਤੇ ਸੰਕਲਪ ਦੀ ਅੰਤਿਮ ਗਹਿਰਾਈ ਤੱਕ ਖੋਜ ਕੀਤੀ ਗਈ ਹੈ। ਨੱਬੇ ਸਾਲਾਂ ਬਾਅਦ ਵੀ ਇਸ ਦੀ ਚਮਕ ਫਿੱਕੀ ਨਹੀਂ ਪਈ ਅਤੇ ਅੱਜ ਵੀ ਸਿੱਖੀ ਦੇ ਕਿਸੇ ਵਿਦਿਆਰਥੀ ਲਈ ਲਾਜ਼ਮੀ ਹਵਾਲਾ ਗ੍ਰੰਥ ਬਣਿਆ ਹੋਇਆ ਹੈ। ਭਾਈ ਕਾਹਨ ਸਿੰਘ ਨੇ ਹੋਰ ਵੀ ਕਈ ਅਹਿਮ ਕਿਰਤਾਂ ਤਿਆਰ ਕੀਤੀਆਂ ਸਨ। ਦੋ ਜਿਲਦਾਂ ਵਿਚ ਗੁਰਮਤਿ ਮਾਰਤੰਡ (ਜਿਸ ਦਾ ਪ੍ਰਕਾਸ਼ਨ ਮਰਨ ਉਪਰੰਤ ਕੀਤਾ ਗਿਆ) ਉਨ੍ਹਾਂ ਦੇ ਸ਼ੁਰੂਆਤੀ ਕਾਰਜਾਂ ਦਾ ਸੰਗ੍ਰਹਿ ਹੈ ਅਤੇ ਸਿੱਖ ਧਰਮ ਤੇ ਦਰਸ਼ਨ ’ਤੇ ਆਧਾਰਿਤ ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ ਤੇ ਗੁਰਗੀਰ ਕਸੌਟੀ ਸ਼ਾਮਲ ਹਨ। ਬਹੁਤ ਹੀ ਬਾਰੀਕਬੀਨੀ ਨਾਲ ਕੀਤੀ ਖੋਜ ਸਦਕਾ ਜਾਣੀ ਜਾਂਦੀ ਇਸ ਕਿਰਤ ਵਿਚ ਬਹੁਤ ਹੀ ਬੱਝਵੇਂ ਢੰਗ ਨਾਲ ਸਿੱਖ ਸੰਕਲਪਾਂ ਦਾ ਖੁਲਾਸਾ ਕੀਤਾ ਗਿਆ ਹੈ ਤਾਂ ਕਿ ਸਿੱਖ ਦਰਸ਼ਨ ਦੇ ਅਸਲ ਆਧਾਰ ਤੇ ਮੂਲ ਸਿਧਾਂਤਾਂ ਦੇ ਸਹੀ ਅਰਥ ਉਜਾਗਰ ਹੋ ਸਕਣ। ਉਹ ਪ੍ਰਚੱਲਤ ਕੁਰੀਤੀਆਂ ਅਤੇ ਅਰਥ ਤੇ ਅਮਲ ਦੇ ਵਿਗਾੜਾਂ ਦਾ ਸ਼ਿੱਦਤ ਨਾਲ ਵਿਰੋਧ ਕਰਦੇ ਸਨ।
ਭਾਈ ਕਾਹਨ ਸਿੰਘ ਵੱਲੋਂ ਰਚੀ ਗਈ ‘ਗੁਰੂ ਮਹਿਮਾ ਰਤਨਾਵਲੀ’ ਤੋਂ ਉਨ੍ਹਾਂ ਦੀ ਬੌਧਿਕਤਾ ਝਲਕਦੀ ਹੈ ਜਿਸ ਵਿਚ 99 ਕਵੀਆਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੀਆਂ ਕਵਿਤਾਵਾਂ ਦੇ ਨਮੂਨੇ ਦਿੱਤੇ ਗਏ ਹਨ ਜਿਹੜੇ ਸਾਰੇ ਦੇ ਸਾਰੇ ਦੁਰਲੱਭ ਖਰੜਿਆਂ ’ਤੇ ਆਧਾਰਿਤ ਹਨ। ਉਨ੍ਹਾਂ ਦੇ ਜਿਊਂਦੇ ਜੀਅ ਇਹ ਕਾਰਜ ਸੰਪੂਰਨ ਨਹੀਂ ਹੋ ਸਕਿਆ ਅਤੇ ਬਾਅਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਵੱਲੋਂ ਇਸ ਦਾ ਸੰਪਾਦਨ ਕਰ ਕੇ ਪ੍ਰਕਾਸ਼ਨ ਕਰਵਾਇਆ ਗਿਆ।
ਭਾਈ ਕਾਹਨ ਸਿੰਘ ਨੇ ਪੌਰਾਣਿਕ ਗ੍ਰੰਥਾਂ ਬਾਰੇ ਤਿੰਨ ਟੀਕੇ ਵੀ ਲਿਖੇ ਅਤੇ ‘ਗੁਰਛੰਦ ਦਿਵਾਕਰ’ ਦੀ ਰਚਨਾ ਵੀ ਕੀਤੀ ਜੋ ਛੰਦ ਸ਼ੈਲੀ ਦਾ ਕਾਵਿਕ ਵਿਸ਼ਲੇਸ਼ਣ ਤੇ ਖੁਲਾਸਾ ਹੈ ਅਤੇ ਸਿੱਖ ਕਿਰਤਾਂ ਤੇ ਹੋਰ ਪ੍ਰਾਚੀਨ ਲਿਖਤਾਂ ਵਿਚ ਅਕਸਰ ਵਰਤਿਆ ਜਾਂਦਾ ਹੈ। ਉਨ੍ਹਾਂ ਦੀਆਂ ਤਿੰਨ ਮਗਰਲੀਆਂ ਕਿਰਤਾਂ ਵਿਚ ਸਮਾਜਿਕ ਮੁੱਦਿਆਂ ਦੀ ਪੜਚੋਲ ਕੀਤੀ ਗਈ ਹੈ ਜਿਨ੍ਹਾਂ ’ਚੋਂ ‘ਠੱਗਲੀਲ੍ਹਾ’ ਵਿਚ ਧਾਰਮਿਕ ਸਥਾਨਾਂ ਵਿਚ ਚਲਦੀਆਂ ਭ੍ਰਿਸ਼ਟ ਅਤੇ ਸ਼ੋਸ਼ਣਕਾਰੀ ਵਿਧੀਆਂ ’ਤੇ ਚੋਟ ਕੀਤੀ ਗਈ ਹੈ। ‘ਰਾਜਧਰਮ’ ਉਨ੍ਹਾਂ ਦੇ ਸ਼ਾਹੀ ਸਰਪ੍ਰਸਤ ਮਹਾਰਾਜਾ ਹੀਰਾ ਸਿੰਘ ਨਾਲ ਵਾਰਤਾਵਾਂ ’ਤੇ ਆਧਾਰਿਤ ਰਚਨਾ ਹੈ ਜਿਸ ਵਿਚ ਸ਼ਾਸਨ ਵਿਵਸਥਾ ਦੀ ਨਿਰਖ ਪਰਖ ਕੀਤੀ ਗਈ ਹੈ।
ਉਨ੍ਹਾਂ ਦੀ ਪਹਿਲੀ ਜਿਲਦ ‘ਹਮ ਹਿੰਦੂ ਨਹੀਂ’ (1897) ਉਨ੍ਹਾਂ ਦੇ ਵਿਅਕਤੀਤਵ ਅਤੇ ਸੋਚ ਧਾਰਾ ਨੂੰ ਪ੍ਰਤੀਬਿੰਬਤ ਕਰਦੀ ਹੈ। ਉਹ ਸਿੱਖ ਚੇਤਨਾ ਤੇ ਸਿੰਘ ਸਭਾ ਲਹਿਰ ਦੀ ਪੈਦਾਵਾਰ ਵੀ ਸਨ ਅਤੇ ਇਸ ਦੇ ਮੋਢੀ ਮੈਂਬਰ ਵੀ। ਇਹ ਕਿਤਾਬ ਉਸ ਵੇਲੇ ਸਨਾਤਨ ਧਰਮ ਤੇ ਆਰੀਆ ਸਮਾਜ ਦੇ ਪ੍ਰਭਾਵ ਦੇ ਮੱਦੇਨਜ਼ਰ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਪਛਾਣ ਨੂੰ ਲੱਗ ਰਹੇ ਖੋਰੇ ਦੇ ਮੱਦੇਨਜ਼ਰ ਪ੍ਰਚੱਲਤ ਵਿਵਾਦ ਦਾ ਅਨੂਠਾ ਜਵਾਬ ਸੀ। ‘ਹਮ ਹਿੰਦੂ ਨਹੀਂ’ ਵਾਰਤਾਲਾਪ ਅਤੇ ਤਰਕ ਵਿਤਰਕ ਦੇ ਅੰਦਾਜ਼ ਵਿਚ ਲਿਖੀ ਗਈ ਹੈ ਪਰ ਇਹ ਜ਼ਰਾ ਵੀ ਹਮਲਾਵਰ ਨਹੀਂ ਸਗੋਂ ਇਹ ਵੱਖ-ਵੱਖ ਧਰਮਾਂ ਦਰਮਿਆਨ ਅਮਨ ਅਤੇ ਸੂਝ-ਬੂਝ ਪੈਦਾ ਕਰਨ ’ਤੇ ਜ਼ੋਰ ਦਿੰਦੀ ਹੈ। ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਇਕ ਸਪਸ਼ਟ ਅਤੇ ਰਾਜਸੀ ਸਿੱਖ ਪਛਾਣ ਦੇ ਮੁੜ ਉਭਾਰ ਵਿਚ ਇਸ ਕਿਤਾਬ ਦਾ ਇਤਿਹਾਸਕ ਯੋਗਦਾਨ ਰਿਹਾ ਹੈ।
ਉੱਘੇ ਇਤਿਹਾਸਕਾਰ ਅਤੇ ਲੇਖਕ ਖੁਸ਼ਵੰਤ ਸਿੰਘ ਨਾਲ ਮੇਰੀਆਂ ਕੁਝ ਅਖੀਰਲੀਆਂ ਮੁਲਾਕਾਤਾਂ ਵਿਚ ਉਨ੍ਹਾਂ ਮੈਨੂੰ ਇਕ ਸਲਾਹ ਦਿੱਤੀ ਸੀ, ਉਹ ਇਹ ਸੀ ਕਿ ਭਾਈ ਕਾਹਨ ਸਿੰਘ ਨਾਭਾ ਵੱਲੋਂ ਰਚੇ ਮਹਾਕੋਸ਼ ਦੀ ਘੱਟੋਘੱਟ ਇਕ ਕਾਪੀ ਘਰ ਵਿਚ ਜ਼ਰੂਰ ਰੱਖੀ ਜਾਵੇ। ਇਸ ਪਿੱਛੇ ਉਨ੍ਹਾਂ ਦੀ ਸੋਝੀ ਨੂੰ ਮੈਂ ਭਲੀਭਾਂਤ ਸਮਝ ਸਕਦਾ ਹਾਂ।
ਭਾਈ ਕਾਹਨ ਸਿੰਘ ਬਹੁਤ ਹੀ ਦੁਰਲੱਭ ਸਾਹਿਤਕ ਤੇ ਰੂਹਾਨੀ ਵਿਧਾ ਵਾਲੇ ਵਿਦਵਾਨ ਤੇ ਅਜਿਹੇ ਚਿੰਤਕ ਸਨ ਜਿਨ੍ਹਾਂ ਦਾ ਸਿੱਖ ਵਿਰਾਸਤ ਨੂੰ ਸਮਝਣ ਵਿਚ ਅੱਜ ਤੱਕ ਬੇਮਿਸਾਲ ਯੋਗਦਾਨ ਰਿਹਾ ਹੈ। ਸਿੱਖਿਆ ਦੇ ਕਾਜ਼ ਲਈ ਉਨ੍ਹਾਂ ਦੀ ਨਿਸ਼ਠਾ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਖ਼ਾਲਸਾ ਕਾਲਜ, ਅੰਮ੍ਰਿਤਸਰ ਲਈ ਉਨ੍ਹਾਂ ਦੀ ਇਮਦਾਦ ਕਿੰਨੀ ਸ਼ਾਨਦਾਰ ਰਹੀ ਸੀ ਅਤੇ ਅੱਗੇ ਚੱਲ ਕੇ 1931 ਵਿਚ ਉਨ੍ਹਾਂ ਦੀ ਅਗਵਾਈ ਹੇਠ ਸਿੱਖ ਵਿਦਿਅਕ ਕਾਨਫਰੰਸ ਕੀਤੀ ਗਈ ਸੀ। ਭਾਈ ਕਾਹਨ ਸਿੰਘ ਨਾਭਾ ਸੱਚੀ ਸੁੱਚੀ ਚੇਤਨਾ ਜਗਾਉਣ ਵਾਲੇ ਦਾਨਿਸ਼ਵਰ ਸਨ ਜਿਨ੍ਹਾਂ ਨੇ ਸਿੱਖ ਸਿਧਾਂਤਾਂ ’ਤੇ ਸਦੀਵੀ ਛਾਪ ਛੱਡੀ ਹੈ।
* ਲੇਖਕ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਹਨ।
ਗਿਆਨ ਦਾ ਸਾਗਰ
ਮਹਾਨ ਕੋਸ਼ ਵਿਚਲਾ ਵਿਸਥਾਰ ਦੇਖਣ ਵਾਲਾ ਹੈ। ਮਿਸਾਲ ਵਜੋਂ: ਕਹਕਹਾ ਦੀਵਾਰ ਦਾ ਨਾਂ ਫ਼ਾਰਸੀ ਵਿੱਚ ਲਿਖਣ ਮਗਰੋਂ ਦੱਸਿਆ ਹੈ ਕਿ ‘‘ਚੀਨ ਦੇਸ਼ ਦੀ ਇੱਕ ਕੰਧ, ਜਿਸ ਨੂੰ ਦੇਖਦੇ ਹੀ ਕ਼ਹਕ਼ਹਾ (ਹਾਸੀ) ਆ ਜਾਵੇ. ਇਹ ਦੀਵਾਰ ੧੫੦੦ ਮੀਲ ਲੰਮੀ ੨੦ ਫੁੱਟ ਉੱਚੀ ਅਤੇ ਇਤਨੀ ਹੀ ਚੌੜੀ ਹੈ, ਸੌ ਸੌ ਗਜ਼ ਦੀ ਵਿੱਥ ਤੇ ਮਜਬੂਤ ਬੁਰਜ ਬਣੇ ਹੋਏ ਹਨ. ਇਹ ਕੰਧ ਈਸਵੀ ਸਨ ਦੇ ਆਰੰਭ ਤੋਂ ੨੧੩ ਵਰ੍ਹੇ ਪਹਿਲਾਂ ਚੀਨ ਦੇ ਰਾਜਾ ਸੀਹ੍ਵਾਙਤੀ ਨੇ ਆਪਣੇ ਵੈਰੀ ਮੰਗੋਲਾਂ ਦੇ ਹੱਲੇ ਰੋਕਣ ਲਈ ਬਣਾਈ ਸੀ। ੨. ਹੁਣ ਮੁਹਾਵਰੇ ਵਿੱਚ ਇਹ ਪਦ ਅਤਿ ਕਠਿਨ ਜਾਂ ਅਚਰਜ ਵਸਤੁ ਲਈ ਵਰਤੀਦਾ ਹੈ…’’