ਡਾ. ਗੁਰਵਿੰਦਰ ਸਿੰਘ
ਇੱਕ ਵਾਰ ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਨੇ ਹੱਡਬੀਤੀ ਸੁਣਾਈ। ਕੈਨੇਡਾ ਦਾ ਇੱਕ ਪ੍ਰਮੁੱਖ ਗੁਰਦੁਆਰਾ ਸੀ ਅਤੇ ਸਵੇਰ ਦੇ ਦੀਵਾਨਾਂ ਦਾ ਸਮਾਂ ਸੀ। ਗਿਆਨੀ ਜੀ ਨੇ ਮੱਥਾ ਟੇਕ ਕੇ ਕੁਝ ਸਮਾਂ ਦੀਵਾਨ ’ਚ ਵਿਚਾਰਾਂ ਸੁਣੀਆਂ। ਜਦੋਂ ਬਾਹਰ ਆਏ ਤਾਂ ਮੁੱਖ ਪ੍ਰਬੰਧਕ ਨੂੰ ਕਹਿਣ ਲੱਗੇ, ‘‘ਕਿਉਂ ਬਈ, ਅੱਜ ਮੇਵਾ ਸਿੰਘ ਦਾ ਸ਼ਹੀਦੀ ਦਿਨ ਸੀ। ਉਨ੍ਹਾਂ ਬਾਰੇ ਵੀ ਪ੍ਰੋਗਰਾਮ ਰੱਖ ਲੈਣਾ ਸੀ।’’ ਨਾਵਲਕਾਰ ਕੇਸਰ ਸਿੰਘ ਦੀ ਹੈਰਾਨੀ ਤੇ ਗੁੱਸੇ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਅੱਗਿਓਂ ਪ੍ਰਬੰਧਕ ਨੇ ਪੁੱਛ ਲਿਆ, ‘‘ਮੇਵਾ ਸਿੰਘ ਕੌਣ ਸੀ?’’ ਬੱਸ ਫੇਰ ਕੀ ਸੀ, ਤੱਤੇ ਸੁਭਾਅ ਦੇ ਮਾਲਕ ਗਿਆਨੀ ਜੀ ਨੇ ਉਸ ਨੰ ਸਖ਼ਤ ਝਾੜ ਪਾਉਂਦਿਆਂ ਇਥੋਂ ਤਕ ਕਹਿ ਦਿੱਤਾ, ‘‘ਉਹ ਤੇਰਾ ਪਿਓ ਸੀ। ਓਏ, ਤੁਸੀਂ ਸ਼ਹੀਦ ਮੇਵਾ ਸਿੰਘ ਬਾਰੇ ਪੁੱਛਦੇ ਹੋ, ਉਹ ਕੌਣ ਸੀ? ਥੋਨੂੰ ਸ਼ਰਮ ਨਹੀਂ ਆਉਂਦੀ, ਜਿਨ੍ਹਾਂ ਦੀ ਕੁਰਬਾਨੀ ਸਦਕੇ ਇਥੇ ਬੈਠੇ ਹੋ, ਅਕ੍ਰਿਤਘਣੋ, ਉਨ੍ਹਾਂ ਨੂੰ ਹੀ ਭੁਲਾਈ ਬੈਠੇ ਹੋ? ਸ਼ੇਰਾਂ ਦੀਆਂ ਮਾਰਾਂ ’ਤੇ ਗਿੱਦੜ ਕਲੋਲਾਂ ਕਰ ਰਹੇ ਨੇ।’’ ਦਰਅਸਲ ਇਹ ਤਲਖ ਹਕੀਕਤ ਕਿਸੇ ਇੱਕ ਪ੍ਰਬੰਧਕ ਜਾਂ ਅਸਥਾਨ ’ਤੇ ਹੀ ਨਹੀਂ ਢੁਕਦੀ, ਬਲਕਿ ਦੇਸ਼-ਵਿਦੇਸ਼ਾਂ ਅੰਦਰ ਅਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ, ਜਦੋਂ ਮੋਢੀ ਯੋਧਿਆਂ ਨੂੰ ਭੁਲਾ ਕੇ ਮੌਕਾਪ੍ਰਸਤ ਲੀਡਰਾਂ ਦੇ ਸੋਹਲੇ ਗਾਏ ਜਾਂਦੇ ਹਨ।
ਸ਼ਹੀਦ ਭਾਈ ਮੇਵਾ ਸਿੰਘ ਦੀ ਕੁਰਬਾਨੀ ਨੂੰ ਨਾ ਤਾਂ ਸਿੱਖ ਜਗਤ ਨੇ ਬਣਦੀ ਮਾਨਤਾ ਦਿੱਤੀ ਹੈ ਤੇ ਨਾ ਹੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ’ਚ ਹੀ ਉਨ੍ਹਾਂ ਦਾ ਬਹੁਤਾ ਜ਼ਿਕਰ ਮਿਲਦਾ ਹੈ। ਇਹ ਜਾਣਦਿਆਂ ਕਈਆਂ ਨੂੰ ਹੈਰਾਨੀ ਹੋਵੇਗੀ ਕਿ ਭਾਈ ਮੇਵਾ ਸਿੰਘ ਕੈਨੇਡਾ ’ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਨੂੰ ਫਾਂਸੀ ਕਿਉਂ ਦਿੱਤੀ ਗਈ, ਇਹ ਇਤਿਹਾਸ ਜਾਨਣਾ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਇਹ ਕੁਰਬਾਨੀ ਹੀ ਅੱਗਿਓ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਸਣੇ ਅਨੇਕਾਂ ਗ਼ਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੀ। 21 ਅਕਤੂਬਰ 1914 ਈ. ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆ ਪ੍ਰੋਵਿੰਸ਼ੀਅਲ ਕੋਰਟ ਵਿੱਚ ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਬਦਨਾਮ ਤੇ ਗੱਦਾਰ, ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਸੋਧਿਆ ਸੀ ਤੇ ਮਗਰੋਂ ਖ਼ੁਦ ਨੂੰ ਪੁਲੀਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵੱਲੋਂ ਲੰਡਨ ’ਚ ਪੰਜਾਬ ਦੇ ਸਾਬਕਾ ਗਵਰਨਰ, ਮਾਈਕਲ ਓਡਵਾਇਰ ਨੂੰ ਸੰਨ 1940 ਵਿੱਚ ਮਾਰਨ ਨਾਲ ਕਾਫੀ ਮਿਲਦੀ ਹੈ। ਫਰਕ ਸਿਰਫ਼ ਇੰਨਾ ਹੈ ਕਿ ਸ਼ਹੀਦ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ, ਜਿਹੜਾ ਇਤਿਹਾਸ ਦੀਆਂ ਕਿਤਾਬਾਂ ਦੇ ਅਣਗੌਲੇ ਪੰਨਿਆਂ ਦੀ ਧੂੜ ’ਚ ਹੀ ਗਵਾਚ ਗਿਆ। ਕਿੰਨਾ ਚੰਗਾ ਹੋਵੇ ਜੇ ਘੱਟੋ-ਘੱਟ ਪੰਜਾਬ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੱਤੀ ਜਾਵੇ।
ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ’ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿੱਚ ਸੰਨ 1880 ਨੂੰ ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ ’ਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਵੀ ਸੁਨਹਿਰੀ ਭਵਿੱਖ ਸਿਰਜਨ ਲਈ 1906 ਈ. ਵਿੱਚ ਵੈਨਕੂਵਰ ਆ ਵਸੇ। ਉਨ੍ਹੀਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ਿਆਈ ਲੋਕਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨੌਣੀ ਮਿਸਾਲ 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ’ਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ-ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰੇ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇਥੇ ਹੀ 21 ਜੂਨ 1908 ਨੂੰ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖ਼ਿਲਾਫ਼ ਲੜਨ ਅਤੇ ਸੱਚ ’ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ, ਸੱਚ ਅਤੇ ਇਨਸਾਫ਼ ਲਈ ਮਰ-ਮਿਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਵਿਆਹ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜਵਾਨੀ ’ਚ ਸ਼ਹੀਦੀ ਪਾ ਗਏ।
ਸ਼ਹੀਦ ਮੇਵਾ ਸਿੰਘ ਦੇ ਜੀਵਨ ’ਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ਜਹਾਜ਼) ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ’ਚ ‘ਗੁਰੂ ਨਾਨਕ ਜਹਾਜ਼’, ਜਿਸ ਨੂੰ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ ’ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕ ਦਿੱਤਾ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ’ਚ ਵਸਦੇ ਸਾਰੇ ਗ਼ਦਰੀ ਯੋਧਿਆਂ ਵਿੱਚ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖ਼ਿਲਾਫ਼ ਫ਼ੈਸਲਾ ਸੁਣਾ ਕੇ ਉਨ੍ਹਾਂ ਨੂੰ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗ਼ਦਰੀ ਬਾਬਿਆਂ ਨੇ ਫ਼ੈਸਲਾ ਕੀਤਾ ਕਿ ਕਾਮਾਗਾਟਾਮਾਰੂ ਦੇ ਵਾਪਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗ਼ਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ’ਚ ਦਾਖਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਪਰਤੇ। ਕੈਨੇਡਾ ਦੇ ਸ਼ਹਿਰ ਐਬਟਸਫੋਰਡ ’ਚ ਸੁੂਮਸ ਸਰਹੱਦ ਨੇੜਲੀਆਂ ਝਾੜੀਆਂ ਰਾਹੀਂ ਦਾਖਲ ਹੁੰਦਿਆਂ ਭਾਈ ਮੇਵਾ ਸਿੰਘ ਵੀ ਬਾਕੀ ਗ਼ਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੂੰ ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਅਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗ਼ਦਰੀ ਯੋਧਿਆਂ ਖ਼ਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਦੌਰਾਨ ਹੀ 23 ਜੁਲਾਈ ਨੂੰ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗ਼ਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਵਿਰੋਧ ਸਿਖਰਾਂ ’ਤੇ ਸੀ। ਉਧਰ 4 ਅਗਸਤ ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗ਼ਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ ਤਾਂ ਇੱਕ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਾਪਕਿਨਸਨ ਦੀ ਸ਼ਹਿ ’ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ’ਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਇਸੇ ਤਰ੍ਹਾਂ ਕੁਝ ਵਰ੍ਹਿਆਂ ਬਾਅਦ ਸੰਨ 1919 ’ਚ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ’ਚ ਬੇਕਸੂਰ ਸੈਂਕੜੇ ਲੋਕਾਂ ਦਾ ਸ਼ਹੀਦੀ ਦ੍ਰਿਸ਼ ਵੇਖ ਕੇ ਊਧਮ ਸਿੰਘ ਦਾ ਖ਼ੂਨ ਖੌਲ ਉਠਿਆ ਸੀ ਤੇ ਉਸ ਨੇ ਖੂਨੀ ਸਾਕੇ ਲਈ ਜਨਰਲ ਡਾਇਰ ਤੇ ਮਾਈਕਲ ਓਡਵਾਇਰ ਨੂੰ ਦੋਸ਼ੀ ਮੰਨਦਿਆਂ ਸੋਧਣ ਦੀ ਸਹੁੰ ਖਾਧੀ ਸੀ।
ਭਾਈ ਮੇਵਾ ਸਿੰਘ ਦੀ ਨਜ਼ਰ ’ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ। ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖ਼ਿਲਾਫ਼ ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ ’ਚ ਵਾਰੀ-ਵਾਰੀ ਲੈ ਕੇ ਗੋਲੀਆਂ ਦਾਗ਼ ਦਿੱਤੀਆਂ। ਹਾਪਕਿਨਸਨ ਮੌਕੇ ’ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲੀਸ ਹਵਾਲੇ ਕਰ ਦਿੱਤਾ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ’ਤੇ ਮੁਕੱਦਮੇ ਦੀ ਸੁਣਵਾਈ ਲਈ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵੱਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਚਾਅ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ ’ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿਨ੍ਹਾਂ ’ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਹਨ। ਅਦਾਲਤ ਇੰਟਰਪਰੇਟਰ ਮਿਸਟਰ ਡਾਲਟਨ ਵੱਲੋਂ ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ, ‘‘ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹੈ। ਮੇਰੀ ਜ਼ੁਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ… ਅਸੀਂ ਸਿੱਖ ਗੁਰਦੁਆਰੇ ’ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ’ਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ’ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ’ਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ’ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲੀਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ…।’’
ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ ’ਚ ਉਨ੍ਹਾਂ ਪਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲ ਕੰਬਾਊ ਤਸਵੀਰ ਪੇਸ਼ ਕੀਤੀ ਹੈ। ਆਪਣੇ ਸ਼ਬਦਾਂ ’ਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ 1 ਘੰਟਾ 40 ਮਿੰਟ ’ਚ ਫ਼ੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟ ਦੀ ਪ੍ਰੋਵਿੰਸ਼ੀਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ‘ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ’ ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ 400 ਦੇ ਕਰੀਬ ਲੋਕ ਵੈਰਾਗ ’ਚ ‘ਸ਼ਹੀਦ ਮੇਵਾ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ-ਜੈ ਕਾਰ ਕਰ ਰਹੇ ਸਨ।
ਸੰਪਰਕ: 001-604-825-1550