ਪ੍ਰਿੰ. ਸਰਵਣ ਸਿੰਘ
ਮਨਦੀਪ ਸਿੰਘ ਸੁਨਾਮ ਮੁੱਕੇਬਾਜ਼ ਵੀ ਹੈ ਤੇ ਖੇਡ ਲੇਖਕ ਵੀ। ਉਸ ਦੇ ਸੌ ਤੋਂ ਵੱਧ ਖੇਡ ਲੇਖ ਅਖ਼ਬਾਰਾਂ ਵਿਚ ਛਪ ਚੁੱਕੇ ਹਨ। ਉਸ ਦੀ ਪਹਿਲੀ ਪੁਸਤਕ ਦਾ ਨਾਂ ਹੈ: ਮੁੱਕੇਬਾਜ਼ੀ ਇੱਕ ਪ੍ਰਾਚੀਨ ਅਤੇ ਮਹਾਨ ਖੇਡ। ਆਜ਼ਾਦੀ ਤੋਂ ਪਹਿਲਾਂ ਸੁਨਾਮ ਦੀ ਮਸ਼ਹੂਰੀ ਸ਼ਹੀਦ ਊਧਮ ਸਿੰਘ ਨੇ ਕਰਵਾਈ ਸੀ ਅਤੇ ਆਜ਼ਾਦੀ ਤੋਂ ਪਿੱਛੋਂ ਉਥੋਂ ਦੇ ਮੁੱਕੇਬਾਜ਼ ਕਰਵਾ ਰਹੇ ਹਨ। ਖੇਡ ਹਲਕਿਆਂ ਵਿਚ ਸੁਨਾਮ ਨੂੰ ਮੁੱਕੇਬਾਜ਼ਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਜਿਵੇਂ ਸੰਸਾਰਪੁਰ ਨੂੰ ਹਾਕੀ ਖਿਡਾਰੀਆਂ ਦਾ ਪਿੰਡ ਆਖਿਆ ਜਾਂਦੈ। ਉਸੇ ਸ਼ਹਿਰ ਵਿਚ ਮਨਦੀਪ ਸਿੰਘ ਦਾ ਜਨਮ 15 ਅਗਸਤ 1982 ਨੂੰ ਬਿਜਲੀ ਬੋਰਡ ਦੇ ਲਾਈਨਮੈਨ ਸੋਮ ਸਿੰਘ ਅਤ ਅੰਮ੍ਰਿਤ ਕੌਰ ਦੇ ਘਰ ਹੋਇਆ। ਇੱਕ ਤਾਂ ਉਹ ਜੰਮਿਆ ਆਜ਼ਾਦੀ ਦਿਵਸ ਤੇ, ਦੂਜਾ ਦੇਸ਼ ਭਗਤ ਪਿਤਾ ਨੇ ਬਚਪਨ ਤੋਂ ਹੀ ਦੇਸ਼ ਭਗਤੀ ਦੀ ਗੁੜ੍ਹਤੀ ਦੇ ਦਿੱਤੀ। ਪਿਉ ਨੇ ਸ਼ੁਰੂ ਤੋਂ ਹੀ ਅਨੁਸ਼ਾਸਨ ਵਿਚ ਰਹਿਣ ਤੇ ਸੰਘਰਸ਼ ਕਰਨ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਮਾਤਾ ਅੰਮ੍ਰਿਤ ਕੌਰ ਨੇ ਵੀ ਬਹੁਤਾ ਸਿਰ ਨਾ ਚੜ੍ਹਾਇਆ ਸਗੋਂ ਹਮੇਸ਼ਾ ਤਾੜ ਕੇ ਰੱਖਿਆ। ਬਚਪਨ ਵਿਚ ਗੋਲ ਮਟੋਲ ਜਿਹਾ ਹੋਣ ਕਰਕੇ ਮਹੱਲੇ ਦੀਆਂ ਕੁੜੀਆਂ ਬੁੜ੍ਹੀਆਂ ਨੇ ਲਾਡ ਨਾਲ ਉਹਦਾ ਨਾਂ ‘ਲੱਡੂ’ ਪਕਾ ਦਿੱਤਾ ਜੋ ਮੁੱਕੇਬਾਜ਼ੀ ਦਾ ਚੈਂਪੀਅਨ ਬਣਨ ਮਗਰੋਂ ਵੀ ‘ਲੱਡੂ ਬੌਕਸਰ’ ਹੀ ਚੱਲ ਰਿਹੈ! ਉਹ ਲਿਖਦੈ:
‘ਸੱਸਾ’ ਅੱਖਰ ਦਾ ਮੇਰੇ ਨਾਲ ਕਮਾਲ ਦਾ ਰਿਸ਼ਤਾ ਹੈ! ਮੈਂ ਸੁਨਾਮ ਦੇ ਸ. ਸੋਮ ਸਿੰਘ ਦੇ ਘਰ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ `ਤੇ ਸਵੇਰ ਸਾਰ ਪੈਦਾ ਹੋਇਆ ਸਾਂ। ਮੈਨੂੰ ਜਮਾਉਣ ਵਾਲੀ ਦਾਈ ਦਾ ਨਾਂ ਵੀ ਸੱਸੇ ਨਾਲ ਸ਼ੁਰੂ ਹੁੰਦਾ ਸੀ। ਮੇਰੇ ਮਾਪਿਆਂ ਨੇ ਬੇਸ਼ਕ ਮੇਰਾ ਨਾਂ ‘ਸੱਸੇ’ ਦਾ ਵਾਕ ਲੈ ਕੇ ਨਹੀਂ ਸੀ ਰੱਖਿਆ ਪਰ ਮੈਂ ਆਪ ਹੀ ਆਪਣੇ ਨਾਂ ਨਾਲ ਸੱਸੇ ਤੋਂ ਸੁਨਾਮ ਜੋੜ ਲਿਆ। ਉਂਜ ਤਾਂ ਨਾਂ ਨਾਲ ਸੁਨਾਮ ਦੀ ਥਾਂ ‘ਸੰਘਰਸ਼’ ਜੋੜ ਦਿੱਤਾ ਜਾਂਦਾ ਤਾਂ ਮਨਦੀਪ ਸਿੰਘ ਸੰਘਰਸ਼ ਵੀ ਬੜਾ ਜਚਦਾ। ਜਿੰ਼ਦਗੀ ਵਿਚ ਮੈਨੂੰ ਹਰ ਚੀਜ਼ ਮੁੱਕੇਬਾਜ਼ੀ ਵਰਗੇ ਕਰੜੇ ਸੰਘਰਸ਼ ਨਾਲ ਹੀ ਮਿਲੀ ਤੇ ਮਿਲਦੀ ਆ ਰਹੀ ਹੈ। ਜਿਵੇਂ ਪੱਥਰ ਘੜ ਘੜ ਕੇ ਬੁੱਤਕਾਰ ਮੂਰਤੀ ਬਣਾਉਂਦੇ ਹਨ, ਉਵੇਂ ਜਿ਼ੰਦਗੀ ਮੈਨੂੰ ਵੀ ਸੰਘਰਸ਼ਾਂ ਵਿਚੋਂ ਲੰਘਾ ਲੰਘਾ ਕੇ ਕੌੜੇ ਮਿੱਠੇ ਤਜਰਬਿਆਂ ਰਾਹੀਂ ਸਫਲਤਾ ਬਖਸ਼ਦੀ ਆ ਰਹੀ ਹੈ। ਮੈਨੂੰ ਤਾਂ ਬਚਪਨ ਤੋਂ ਹੀ ਹਰ ਚੀਜ਼ ਸੰਘਰਸ਼ ਕਰਨ ਨਾਲ ਹੀ ਮਿਲੀ ਹੈ।
2018 ਵਿਚ ਜਦੋਂ ਮੈਂ ਡੀਪੀਐੱਸ ਸੰਗਰੂਰ ਵਿਚ ਬਤੌਰ ਖੇਡ ਤੇ ਸਰੀਰਕ ਸਿੱਖਿਆ ਵਿਭਾਗ ਦਾ ਮੁਖੀ ਸੀ ਤਾਂ ਸੀਬੀਐੱਸਈ ਨਵੀਂ ਦਿੱਲੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਮਨਜੀਤ ਸਿੰਘ ਨੇ ਮੇਰੀਆਂ ਖੇਡ ਸੇਵਾਵਾਂ ਨੂੰ ਦੇਖਦੇ ਹੋਏ ਮੈਨੂੰ ਸੀਬੀਐੱਸਈ ਦੀ ਦਸ ਮੈਂਬਰੀ ਸਪੋਰਟਸ ਐਂਡ ਸਿਲੇਬਸ ਕਮੇਟੀ ਦਾ ਮੈਂਬਰ ਬਣਾ ਲਿਆ। ਪੰਜਾਬ ਵਿਚੋਂ ਮੈਂ ਇਕੱਲਾ ਹੀ ਮੈਂਬਰ ਸੀ। ਉਸ ਸਮੇਂ ਖੇਡਾਂ ਤੇ ਸਰੀਰਕ ਸਿੱਖਿਆ ਵਿਸ਼ੇ ਲਈ ਮੈਂ ਵਧ ਚੜ੍ਹ ਕੇ ਕੰਮ ਕੀਤਾ। ਉਸੇ ਸਾਲ ਮੈਂ ਫਲਾਈਂਗ ਸਿੱਖ ਮਿਲਖਾ ਸਿੰਘ ਬਾਰੇ ਆਪਣਾ ਪਹਿਲਾ ਖੇਡ ਆਰਟੀਕਲ ਲਿਖਿਆ: ਕਦੋਂ ਪੈਦਾ ਹੋਣਗੇ ਉਡਣੇ ਸਿੱਖ ਮਿਲਖਾ ਸਿੰਘ ਵਰਗੇ ਐਥਲੀਟ? ਅਖ਼ਬਾਰ ਵਿਚ ਛਪੇ ਉਸ ਆਰਟੀਕਲ ਦੀ ਇੱਕ ਕਾਪੀ ਮੈਂ ਮਿਲਖਾ ਸਿੰਘ ਜੀ ਦੇ ਘਰ ਦੇ ਪਤੇ ਤੇ ਭੇਜ ਦਿੱਤੀ। ਕੁਝ ਦਿਨਾਂ ਬਾਅਦ ਉਹਨਾਂ ਦੀ ਪਤਨੀ ਨਿਰਮਲ ਕੌਰ ਦਾ ਫੋਨ ਆਇਆ ਕਿ ਤੁਸੀਂ ਬਹੁਤ ਵਧੀਆ ਆਰਟੀਕਲ ਲਿਖਿਆ ਹੈ, ਕਦੇ ਸਾਡੇ ਘਰ ਮਿਲਣ ਆਓ। ਇਹ ਸੁਣ ਕੇ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਤੇ ਮੈਂ ਉਹਨਾਂ ਦੀ ਪਤਨੀ ਤੋਂ ਫੋਨ ਤੇ ਮਿਲਣ ਦਾ ਸਮਾਂ ਲੈ ਕੇ ਚੰਡੀਗੜ੍ਹ ਚੱਲ ਪਿਆ। ਮੇਰੇ ਨਾਲ ਮੇਰੇ ਵਿਭਾਗ ਦੇ ਦੋ ਅਧਿਆਪਕ ਵੀ ਤਿਆਰ ਹੋ ਗਏ। ਅਸੀਂ ਤਿੰਨੇ ਜਣੇ ਜਦੋਂ ਉਹਨਾਂ ਦੀ ਕੋਠੀ ਪਹੁੰਚੇ ਤਾਂ ਮਿਲਖਾ ਸਿੰਘ ਜੀ ਵਿਹੜੇ ਵਿਚ ਪਈ ਆਲੂਆਂ ਦੀ ਬੋਰੀ ਤੇ ਬੈਠੇ ਸਿਆਲ ਦੀ ਨਿੱਘੀ ਧੁੱਪ ਸੇਕ ਰਹੇ ਸਨ। ਮੈਨੂੰ ਪੁੱਛਿਆ ਕਿ ਹਾਂ ਜੀ ਬੇਟਾ ਤੁਸੀਂ ਕਿਵੇਂ? ਤਾਂ ਮੈਂ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਲਾਅਨ ਵਿਚਲੀਆਂ ਕੁਰਸੀਆਂ ਤੇ ਸਾਨੂੰ ਬਿਠਾ ਲਿਆ ਅਤੇ ਆਪਣੀ ਜਿ਼ੰਦਗੀ ਦੀਆਂ ਕਾਫੀ ਗੱਲਾਂ ਦੱਸੀਆਂ। ਮੈਂ ਵੀ ਆਪਣੇ ਖੇਡ ਜੀਵਨ ਅਤੇ ਲਿਖਣ ਦੇ ਸ਼ੌਕ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਏ ਅਤੇ ਮੈਨੂੰ ਕਿਹਾ ਕਿ ਚੰਗਾ ਲਿਖੋ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਲਿਖੋ। ਬੱਸ ਉਸ ਦਿਨ ਤੋਂ ਮੈਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਤੇ ਸਰੀਰਕ ਸਿੱਖਿਆ ਦੇ ਵਿਸ਼ੇ ਪ੍ਰਤੀ ਜਾਗਰੂਕ ਕਰਨ ਲਈ ਆਪਣੀ ਸਮਰੱਥਾ ਮੁਤਾਬਕ ਕਲਮ ਚਲਾ ਰਿਹਾ ਹਾਂ।
ਮਨਦੀਪ ਸੁਨਾਮ ਅੱਜ ਕੱਲ੍ਹ ਅਜਨਾਲੇ ਲਾਗੇ ਬਾਰਡਰ ਦੇ ਕਿਸੇ ਪੇਂਡੂ ਸਕੂਲ ਵਿਚ ਡੀਪੀਈ ਦੀ ਨੌਕਰੀ ਕਰ ਰਿਹਾ ਹੈ। ਬਾਰਾਂ ਸਾਲ ਦੀ ਉਮਰੇ ਆਪਣੇ ਪਹਿਲੇ ਪੰਜਾਬ ਸਬ ਜੂਨੀਅਰ ਮੁਕਾਬਲਿਆਂ ਵਿਚੋਂ ਉਸ ਨੇ ਸੋਨੇ ਦਾ ਤਗਮਾ ਜਿੱਤਿਆ ਲਿਆ ਸੀ। ਉਸ ਸਮੇਂ ਉਹ ਐਨਾ ਭੋਲਾ ਸੀ ਕਿ ਨਿਕਲ ਦੇ ਸਾਧਾਰਨ ਤਗਮੇ ਨੂੰ ਖਰੇ ਸੋਨੇ ਦਾ ਹੀ ਸਮਝੀ ਗਿਆ। ਉਸ ਨੂੰ ਸੰਭਾਲ ਸੰਭਾਲ ਰੱਖਦਾ ਕਿ ਚੋਰੀ ਨਾ ਹੋ ਜਾਵੇ। ਫਿਰ ਹੋਰ ਸੋਨ ਤਗਮੇ ਜਿੱਤਦਾ ਸਕੂਲਾਂ ਦਾ ਬਿਹਤਰੀਨ ਮੁੱਕੇਬਾਜ਼ ਐਲਾਨਿਆ ਗਿਆ ਤੇ ਬੰਗਲੌਰ ਵਿਖੇ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲਿਆ। ਓਦੂੰ ਬਾਅਦ ਉਸ ਨੇ ਖੇਡਾਂ ਨੂੰ ਹੀ ਆਪਣੀ ਜਿ਼ੰਦਗੀ ਦੀ ਮੰਜਿ਼ਲ ਮੰਨ ਲਿਆ ਅਤੇ ਇਸੇ ਖੇਤਰ ਵਿਚ ਹੀ ਪੜ੍ਹਾਈ ਕਰਨ ਦੀ ਠਾਨ ਲਈ।
ਫਿਰ ਉਸ ਨੇ ਸਰਕਾਰੀ ਮਹਿੰਦਰਾ ਕਾਲਜ ਵਿਚ ਦਾਖਲਾ ਲੈਣ ਪਿੱਛੋਂ ਐੱਨਆਈਐੱਸ ਪਟਿਆਲਾ ਵਿਖੇ ਮੁੱਕੇਬਾਜ਼ੀ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਉਥੇ ਅੰਤਰਰਾਸ਼ਟਰੀ ਅਥਲੀਟਾਂ ਨੂੰ ਦੇਖਣਾ, ਮਿਲਣਾ ਤੇ ਉਹਨਾਂ ਨਾਲ ਟ੍ਰੇਨਿੰਗ ਕਰਦੇ ਹੋਏ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ। ਉਥੇ ਟ੍ਰੇਨਿੰਗ ਕਰਦਿਆਂ ਬੜੇ ਤਜਰਬੇ ਹੋਏ। ਉਸੇ ਸਾਲ ਮਨੀਪੁਰੀਏ ਮੁੱਕੇਬਾਜ਼ ਡਿੰਕੋ ਸਿੰਘ ਨੇ ਏਸ਼ੀਅਨ ਖੇਡਾਂ ਦਾ ਗੋਲਡ ਮੈਡਲ ਜਿੱਤ ਕੇ ਖਲਬਲੀ ਮਚਾ ਦਿੱਤੀ ਸੀ। ਉਥੇ ਉਸ ਨੇ ਡਿੰਕੋ ਸਿੰਘ ਦਾ ਸਾਥ ਮਾਣਿਆ ਤੇ ਉਸ ਤੋਂ ਮੁੱਕੇਬਾਜ਼ੀ ਦੇ ਕਈ ਗੁਰ ਸਿੱਖੇ। ਉਥੇ ਉਹ ਉਚ ਕੋਟੀ ਦਾ ਮੁੱਕੇਬਾਜ਼ ਬਣ ਗਿਆ। ਮਹਿੰਦਰਾ ਕਾਲਜ ਵਿਚ ਪੜ੍ਹਦਿਆਂ ਫਿਰ ਕਾਲਜ ਨੂੰ ਤੇ ਪੰਜਾਬੀ ਯੂਨੀਵਰਸਿਟੀ ਨੂੰ ਤਗਮੇ ਜਿਤਾਏ ਤੇ ਕਾਲਜ ਦਾ ਰੋਲ ਆਫ ਆਨਰ ਲਿਆ।
ਬੀਏ ਕਰਨ ਬਾਅਦ ਉਸ ਦਾ ਟੀਚਾ ਡੀਪੀਐੱਡ ਵਿਚ ਦਾਖਲਾ ਲੈਣ ਦਾ ਸੀ। ਉਸ ਸਮੇਂ ਪੰਜਾਬ ਵਿਚ ਕੇਵਲ ਤਿੰਨ ਸਰੀਰਕ ਸਿੱਖਿਆ ਕਾਲਜ ਸਨ ਜਿਨ੍ਹਾਂ ਵਿਚ ਦਾਖਲਾ ਬੜਾ ਮੁਸ਼ਕਿਲ ਮਿਲਦਾ ਸੀ। ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਖੇ ਸਰੀਰਕ ਸਿੱਖਿਆ ਦੇ ਕਾਲਜ ਦੁਕਾਨਾਂ ਵਾਂਗ ਚੱਲ ਰਹੇ ਸਨ। ਉਥੋਂ ਪੰਜਾਬ ਅਤੇ ਹੋਰ ਸੂਬਿਆਂ ਦੇ ਸਾਧਾਰਨ ਵਿਦਿਆਰਥੀ ਵੀ ਥੋਕ ਦੇ ਭਾਅ ਡੀਪੀਐੱਡ/ਬੀਪੀਐੱਡ ਦੀਆਂ ਡਿਗਰੀਆਂ ਗਲਾਂ ਵਿਚ ਲਟਕਾ ਕੇ ਗੱਡੀ ਚੜ੍ਹ ਆਉਂਦੇ ਪਰ ਸਾਨੂੰ ਜਾਪਦਾ ਸੀ ਕਿ ਪੰਜਾਬ ਵਿਚ ਡਿਗਰੀ ਕਰਨ ਵਾਲਿਆਂ ਨੂੰ ਨੌਕਰੀ ਵਿਚ ਪਹਿਲ ਮਿਲੇਗੀ, ਸੋ ਪੰਜਾਬ ਤੋਂ ਹੀ ਡਿਗਰੀ ਕਰਾਂਗੇ।
ਖੇਡਾਂ ਵਿਚ ਤਗਮੇ ਜਿੱਤਣ ਕਾਰਨ ਆਖ਼ਰ ਧੱਕੇ ਖਾ ਕੇ ਪੰਜਾਬੀ ਯੂਨੀਵਰਸਿਟੀ ਦੇ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਚ ਦਾਖਲਾ ਮਿਲ ਗਿਆ ਤੇ ਉਮੀਦ ਜਾਗੀ ਕਿ ਚਲੋ ਹੁਣ ਡੀਪੀਈ ਦੀ ਸਰਕਾਰੀ ਨੌਕਰੀ ਤਾਂ ਮਿਲ ਹੀ ਜਾਊ। 2006 ਵਿਚ ਜਦੋਂ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਲਈ ਸਿਰਫ ਪੰਜਾਹ ਨੌਕਰੀਆਂ ਹੀ ਕੱਢੀਆਂ ਤਾਂ ਉਹ ਨਾਗਪੁਰ ਦੀ ਡਿਗਰੀ ਵਾਲੇ ਲੈ ਗਏ। ਉਸ ਵੇਲੇ ਬੜੇ ਪਛਤਾਏ, ਕਾਸ਼! ਅਸੀਂ ਵੀ ਨਾਗਪੁਰ ਤੋਂ ਡਿਗਰੀ ਲੈ ਆਉਂਦੇ। ਜਿੱਥੇ ਪੰਜਾਬ ਦੇ ਕਾਲਜਾਂ ਦੀ ਮੈਰਿਟ ਖਤਮ ਹੁੰਦੀ ਸੀ, ਉਥੋਂ ਨਾਗਪੁਰ ਦੇ ਕਾਲਜਾਂ ਦੀ ਸ਼ੁਰੂ ਹੁੰਦੀ ਸੀ। ਇਹਨਾਂ ਪੋਸਟਾਂ ਦੀ ਭਰਤੀ ਲਈ ਨਿਰੀ ਡਿਗਰੀਆਂ ਦੇ ਅੰਕਾਂ ਦੀ ਹੀ ਮੈਰਿਟ ਰੱਖੀ ਗਈ ਸੀ। ਇੰਜ ਸਾਰੇ ਦੇ ਸਾਰੇ ਨਾਗਪੁਰੀਏ ਭਰਤੀ ਹੋ ਗਏ। ਹਾਰ ਕੇ 2005 ਤੋਂ ਲੈ ਕੇ 20 ਤੱਕ ਪ੍ਰਾਈਵੇਟ ਸਕੂਲਾਂ ਵਿਚ ਨੌਕਰੀ ਕੀਤੀ। ਨਾਲ ਲਿਖਣਾ ਸ਼ੁਰੂ ਕਰ ਲਿਆ। ਮੁੱਕੇਬਾਜ਼ ਮੁਹੰਮਦ ਅਲੀ ਬਾਰੇ ਲਿਖਿਆ ਲੇਖ ਪੜ੍ਹ ਕੇ ਮੁੱਕੇਬਾਜ਼ੀ ਬਾਰੇ ਲਿਖਣ ਲਈ ਪ੍ਰੇਰਿਆ ਗਿਆ। ਉਸ ਲੇਖ ਦੀਆਂ ਮੁੱਢਲੀਆਂ ਸਤਰਾਂ ਮੈਨੂੰ ਹੁਣ ਵੀ ਯਾਦ ਹਨ:
ਮੁੱਕੇਬਾਜ਼ੀ ਦਾ ਸ਼ਹਿਨਸ਼ਾਹ ਮੁਹੰਮਦ ਅਲੀ
ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਘੁਲਣਾ ਹੈ। ਉਹਦੇ ਇਕ ਇਕ ਭੇੜ ਦੀ ਕੀਮਤ ਕਰੋੜਾਂ ਰੁਪਿਆਂ ਤਕ ਪੁੱਜਦੀ ਰਹੀ। ਉਹਦੇ ਬਾਰੇ ਸੈਂਕੜੇ ਕਲਮਾਂ ਨੇ ਲੱਖਾਂ ਲਫ਼ਜ਼ ਲਿਖੇ ਅਤੇ ਮੁਹੰਮਦ ਅਲੀ ਦੇ ਨਾਂ ਦੀਆਂ ਹਜ਼ਾਰਾਂ ਸੁਰਖ਼ੀਆਂ ਲੱਗੀਆਂ। ਜਦੋਂ ਉਹਦਾ ਮੁੱਕੇਬਾਜ਼ੀ ਦਾ ਭੇੜ ਹੁੰਦਾ ਸੀ ਤਾਂ ਅਰਬ ਤੋਂ ਵੱਧ ਅੱਖਾਂ ਟੀਵੀ ਦੇ ਪਰਦਿਆਂ ਤੇ ਉਹਦਾ ਮੁਕਾਬਲਾ ਵੇਖਦੀਆਂ ਸਨ। ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਆਦਮੀ ਸੀ। ਉਹਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕਰਵਾਏ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਰਿੰਗਾਂ ਦਾ ਸਿ਼ੰਗਾਰ ਰਿਹਾ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖਿ਼ਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਅਤੇ ਨੌਂ ਬੱਚਿਆਂ ਦਾ ਬਾਪ ਬਣਿਆ। ਉਹਦੀ ਧੀ ਲੈਲਾ ਨੇ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ। ਚੁਤਾਲੀ ਸਾਲਾਂ ਦੀ ਉਮਰ ਵਿਚ ਉਹਨੇ ਅਠਾਈ ਸਾਲਾਂ ਦੀ ਯੋਲੰਡਾ ਨਾਲ ਚੌਥਾ ਵਿਆਹ ਕਰਵਾਇਆ ਸੀ। ਮੁਹੰਮਦ ਅਲੀ ਦਾ ਮੁਢਲਾ ਨਾਂ ਕੈਸੀਅਸ ਕਲੇਅ ਸੀ। ਉਹਦਾ ਜਨਮ ਅਮਰੀਕਾ ਵਿਚ ਲੂਈਸਵਿਲੇ ਦੇ ਹਸਪਤਾਲ ਚ 17 ਜਨਵਰੀ 1942 ਨੂੰ ਸ਼ਾਮ ਦੇ 6.35 ਵਜੇ ਹੋਇਆ ਸੀ। ਉਹ ਮਾਪਿਆਂ ਦਾ ਪਹਿਲਾ ਬੱਚਾ ਸੀ। ਤਿੰਨ ਸਾਲ ਦੀ ਉਮਰ ਵਿਚ ਉਹ ਪੰਜਾਂ ਸਾਲਾਂ ਦਾ ਲੱਗਦਾ ਸੀ ਜਿਸ ਕਰਕੇ ਉਹਦੀ ਮਾਂ ਨੂੰ ਬੱਸ/ਗੱਡੀ ਦੀ ਉਹਦੀ ਟਿਕਟ ਲੈਣੀ ਪੈਂਦੀ ਸੀ। ਇਕ ਵਾਰ ਗੋਦੀ ਵਿਚ ਦੁੱਧ ਚੁੰਘਦੇ ਨੇ ਮਾਂ ਦੇ ਅਜਿਹਾ ਘਸੁੰਨ ਮਾਰਿਆ ਕਿ ਉਹਦਾ ਦੰਦ ਨਿਕਲ ਗਿਆ। ਗੀ ਗੀ ਉਹਦੇ ਪਹਿਲੇ ਬੋਲ ਸਨ ਜਿਨ੍ਹਾਂ ਦੇ ਅਰਥ ਬਾਅਦ ਵਿਚ ਕਿਸੇ ਨੇ ‘ਗੋਲਡਨ ਗਲੱਵਜ਼’ ਕੱਢੇ ਤੇ ਕਿਸੇ ਨੇ ‘ਗਿਫਟ ਆਫ ਗਾਡ’। ਪੇਸ਼ ਹਨ ਮਨਦੀਪ ਸੁਨਾਮ ਦੀਆਂ ਖੇਡ ਲਿਖਤਾਂ ਦੇ ਕੁਝ ਅੰਸ਼:
ਮੁੱਕੇਬਾਜ਼ੀ ਇੱਕ ਪ੍ਰਾਚੀਨ ਖੇਡ
ਮੁੱਕੇਬਾਜ਼ੀ ਸੰਸਾਰ ਦੀਆਂ ਪ੍ਰਾਚੀਨ ਖੇਡਾਂ ਵਿਚੋਂ ਇੱਕ ਹੈ। ਆਦਿ ਕਾਲ ਸਮੇਂ ਜਦੋਂ ਬਚਾਅ ਲਈ ਮਨੁੱਖ ਕੋਲ ਕੋਈ ਹਥਿਆਰ ਨਹੀਂ ਸਨ ਤਾਂ ਆਪਣੇ ਮੁੱਕਿਆਂ ਨਾਲ ਹੀ ਇੱਕ ਦੂਜੇ ਤੋਂ ਬਚਾਅ ਕਰਨ ਦੀ ਖੇਡ ਦਾ ਵਿਕਾਸ ਹੋਇਆ। ਈਸਾ ਤੋਂ 400 ਸਾਲ ਪਹਿਲਾਂ ਦੇ ਚਿੱਤਰਾਂ ਤੋਂ ਪਤਾ ਲੱਗਦਾ ਹੈ ਕਿ ਮਿਸਰ ਦੇ ਸੈਨਿਕ ਮੁੱਕੇਬਾਜ਼ੀ ਵਿਚ ਨਿਪੁੰਨ ਸਨ ਤੇ ਇਹਨਾਂ ਕੋਲੋਂ ਹੀ ਯੂਨਾਨੀਆਂ ਨੇ ਮੁੱਕੇਬਾਜ਼ੀ ਦੀ ਕਲਾ ਸਿੱਖੀ। ਪ੍ਰਾਚੀਨ ਓਲੰਪਿਕ ਖੇਡਾਂ ਜੋ ਈਸਾ ਤੋਂ 776 ਸਾਲ ਪਹਿਲਾਂ ਸ਼ੁਰੂ ਹੋਈਆਂ, ਉਹਨਾਂ ਖੇਡਾਂ ਵਿਚ ਮੁੱਕੇਬਾਜ਼ੀ ਦੀ ਖੇਡ ਵੀ ਸ਼ਾਮਿਲ ਸੀ। ਉਹਨਾਂ ਮਹਾਨ ਪ੍ਰਾਚੀਨ ਖੇਡਾਂ ਵਿਚ ਮੁੱਕੇਬਾਜ਼ੀ 668 ਬੀਸੀ ਵਿਚ ਸ਼ਾਮਲ ਕੀਤੀ ਗਈ। ਰੋਮਨ ਸਾਮਰਾਜ ਵਿਚ ਮੁੱਕੇਬਾਜ਼ੀ ਨੂੰ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ। ਸੋ, ਇਸ ਗੱਲ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਕੇਬਾਜ਼ੀ ਸੰਸਾਰ ਦੀ ਬਹੁਤ ਪੁਰਾਣੀ ਖੇਡ ਹੈ।
ਆਧੁਨਿਕ ਸਮੇਂ ਨਵੀਨਤਮ ਮੁੱਕੇਬਾਜ਼ੀ ਦੀ ਸ਼ੁਰੂਆਤ ਇੰਗਲੈਂਡ ਵਿਚ ਹੋਈ। ਸ਼ੁਰੂਆਤੀ ਦਿਨਾਂ ਵਿਚ ਇਸ ਨੂੰ ‘ਫਿਸਟ ਫਾਈਟਿੰਗ’ ਕਿਹਾ ਜਾਂਦਾ ਸੀ। ਉਥੇ ਜੇਤੂਆਂ ਨੂੰ ਇਨਾਮ ਵਿਚ ਧਨ ਰਾਸ਼ੀ ਮਿਲਦੀ ਸੀ ਤੇ ਇੰਗਲੈਂਡ ਦੇ ਜੇਮਸਫਿਗ ਮੁੱਕੇਬਾਜ਼ੀ ਦੇ ਪਹਿਲੇ ਵਿਜੇਤਾ ਮੰਨੇ ਜਾਂਦੇ ਹਨ। ਸੰਨ 1868 ਵਿਚ ਕਵੀਂਸਬਰੀ ਦੇ ਡਗਲਸ ਨੇ ਮੁੱਕੇਬਾਜ਼ੀ ਦੇ ਨਿਯਮ ਤਿਆਰ ਕੀਤੇ ਜਿਨ੍ਹਾਂ ਨੂੰ 1889 ਵਿਚ ਪੂਰੇ ਇੰਗਲੈਂਡ ਵਿਚ ਮਾਨਤਾ ਪ੍ਰਾਪਤ ਹੋਈ ਅਤੇ ਵਰਤਮਾਨ ਵਿਚ ਵੀ ਇਹੋ ਨਿਯਮ ਮੁੱਕੇਬਾਜ਼ੀ ਦਾ ਆਧਾਰ ਹਨ। ਹਾਲਾਂਕਿ ਸਮੇਂ ਸਮੇਂ ਇਹਨਾਂ ਨਿਯਮਾਂ ਵਿਚ ਬਦਲਾਅ ਆਉਂਦੇ ਰਹੇ ਹਨ। ਕਵੀਂਸਬਰੀ ਦੇ ਨਿਯਮਾਂ ਨੇ ਹੀ ਮੁੱਕੇਬਾਜ਼ੀ ਦੇ ਘਾਤਕ ਰੂਪ ਨੂੰ ਖਤਮ ਕਰ ਕੇ ਹੱਥਾਂ ਵਿਚ ਦਸਤਾਨੇ ਪਾਉਣ ਅਤੇ ਤਿੰਨ ਤਿੰਨ ਮਿੰਟ ਦੇ ਰਾਊਂਡਾਂ ਵਿਚ ਲੜਨ ਦੀ ਪ੍ਰਣਾਲੀ ਵਿਕਸਿਤ ਕੀਤੀ। ਵਰਤਮਾਨ ਸਮੇਂ ਇਹ ਖੇਡ ਦੋ ਰੂਪਾਂ ਵਿਚ ਵਿਕਸਿਤ ਹੈ। ਪਹਿਲੀ ਪੇਸ਼ੇਵਰ ਮੁੱਕੇਬਾਜ਼ੀ ਤੇ ਦੂਜੀ ਸ਼ੌਕੀਆ ਮੁੱਕੇਬਾਜ਼ੀ। ਪ੍ਰਾਚੀਨ ਅਤੇ ਆਧੁਨਿਕ ਮੁੱਕੇਬਾਜ਼ੀ ਵਿਚ ਬਹੁਤ ਅੰਤਰ ਹੈ। ਉਦੋਂ ਅਜੋਕੇ ਸਮੇਂ ਵਾਂਗ ਰੱਖਿਆਤਮਕ ਕਵਚ ਨਹੀਂ ਸਨ ਪਹਿਨੇ ਜਾਂਦੇ।
ਆਧੁਨਿਕ ਓਲੰਪਿਕ ਖੇਡਾਂ ਵਿਚ ਮੁੱਕੇਬਾਜ਼ੀ ਨੂੰ 1904 ਦੀਆਂ ਸੇਂਟ ਲੁਈਸ (ਅਮਰੀਕਾ) ਖੇਡਾਂ ਵਿਚ ਸ਼ਾਮਲ ਕੀਤਾ ਗਿਆ ਤੇ ਵਰਲਡ ਬਾਕਸਿੰਗ ਕਾਊਂਸਲ 1963 ਵਿਚ ਹੋਂਦ ਵਿਚ ਆਈ ਅਤੇ ਇਸ ਦਾ ਦਫਤਰ ਮੈਕਸਿਕੋ ਵਿਚ ਹੈ। ਦੁਨੀਆ ਦੇ ਪ੍ਰਸਿੱਧ ਮੁੱਕੇਬਾਜ਼ ਜੈਕ ਡੈਂਪਸੀ, ਮੁਹੰਮਦ ਅਲੀ, ਮਾਈਕ ਟਾਈਸਨ, ਰੌਕੀ ਮਾਰਸੀਆਨੋ ਆਦਿ ਰਹੇ ਹਨ ਜਿਨ੍ਹਾਂ ਨੇ ਆਪਣੇ ਮੁੱਕਿਆਂ ਨਾਲ ਸੰਸਾਰ ਫਤਹਿ ਕੀਤਾ ਸੀ। ਭਾਰਤ ਵਿਚ ਵੀ ਇਸ ਸਮੇਂ ਮੁੱਕੇਬਾਜ਼ੀ ਸਿਖਰਾਂ ਤੇ ਹੈ। ਵਿਜੇਂਦਰ ਸਿੰਘ ਨੇ ਜਦੋਂ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿਚ ਤਾਂਬੇ ਦਾ ਤਗਮਾ ਜਿੱਤਿਆ ਸੀ ਉਸ ਤੋਂ ਬਾਅਦ ਭਾਰਤ ਵਿਚ ਮੁੱਕੇਬਾਜ਼ੀ ਦੇ ਖੇਤਰ ਵਿਚ ਕਾਫੀ ਤਰੱਕੀ ਹੋਈ ਅਤੇ ਵਿਸ਼ਵ ਪੱਧਰ ਤੇ ਭਾਰਤੀ ਸ਼ੇਰਨੀ ਮੈਰੀਕਾਮ ਨੇ ਦੁਨੀਆ ਭਰ ਦੀਆਂ ਮੁੱਕੇਬਾਜ਼ਾਂ ਨੂੰ ਧੂੜ ਚਟਾ ਕੇ ਸਾਰਾ ਵਿਸ਼ਵ ਫਤਹਿ ਕੀਤਾ। 2008 ਦੀਆਂ ਓਲੰਪਿਕ ਖੇਡਾਂ ਵਿਚ ਤਗਮਾ ਜਿੱਤਣ ਮਗਰੋਂ ਹਰ ਓਲੰਪਿਕ ਵਿਚ ਭਾਰਤ ਤਗਮਾ ਜਿੱਤਦਾ ਆ ਰਿਹਾ ਹੈ ਤੇ ਹੁਣ ਭਾਰਤ ਵਿਚ ਇਹ ਖੇਡ ਬੁਲੰਦੀਆਂ ਨੂੰ ਛੋਹ ਰਹੀ ਹੈ। ਸੋ, ਮੁੱਕੇਬਾਜ਼ੀ ਦੇ ਪ੍ਰਾਚੀਨ ਇਤਿਹਾਸ ਨੂੰ ਦੇਖਦੇ ਹੋਏ ਇਹ ਗੱਲ ਸਾਫ ਹੈ ਕਿ ਇਸ ਖੇਡ ਨੇ ਜਿੱਥੇ ਆਦਿ ਕਾਲ ਵਿਚ ਮਨੁੱਖ ਨੂੰ ਆਪਣੀ ਰੱਖਿਆ ਕਰਨਾ ਸਿਖਾਇਆ, ਉਥੇ ਹੀ ਇਹ ਖੇਡ ਪ੍ਰਾਚੀਨ ਓਲੰਪਿਕਸ ਤੋਂ ਹੀ ਵਿਸ਼ਵ ਖੇਡ ਖੇਤਰ ਦਾ ਸਿ਼ੰਗਾਰ ਰਹੀ ਹੈ।
ਓਲੰਪਿਕ ਚੈਂਪੀਅਨ ਨੀਰਜ ਚੋਪੜਾ
ਸਾਡਾ ਦੇਸ਼ ਭਾਵੇਂ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਪਰ ਜੇ ਦੁਨੀਆ ਦੇ ਖੇਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਅਜੇ ਵੀ ਖੇਡਾਂ ਦੇ ਫਾਡੀ ਦੇਸ਼ਾਂ ਦੀ ਕਤਾਰ ਵਿਚ ਹੀ ਖੜ੍ਹੇ ਹਾਂ। ਚੀਨ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਲਈ ਬੈਠਾ ਹੈ ਪਰ ਉਹ ਇਸ ਆਬਾਦੀ ਨੂੰ ਖੇਡਾਂ ਦੇ ਖੇਤਰ ਵਿਚ ਭਰਪੂਰ ਲਾਮਬੰਦ ਕਰਨ ਵਿਚ ਸਫਲ ਹੋਇਆ ਹੈ। ਉਸ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਦੁਨੀਆ ਦੇ ਖੇਡ ਨਕਸ਼ੇ ਤੇ ਆਪਣੇ ਆਪ ਨੂੰ ਐਸਾ ਸਾਬਤ ਕੀਤਾ ਹੈ ਅਤੇ ਉਹ ਓਲੰਪਿਕ ਖੇਡਾਂ ਦੀਆਂ ਪਹਿਲਾਂ ਤਿੰਨ ਪੁਜੀਸ਼ਨਾਂ ਵਿਚ ਹੀ ਚਲਦੇ ਆ ਰਹੇ ਹਨ। ਬੀਤੀਆਂ ਟੋਕਿਓ ਓਲੰਪਿਕ ਖੇਡਾਂ ਜੋ 2021 ਵਿਚ ਨੇਪਰੇ ਚੜ੍ਹੀਆਂ ਹਨ, ਵਿਚ ਭਾਰਤ ਨੇ ਭਾਵੇਂ ਅੱਜ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਵਜੋਂ 7 ਤਗਮੇ ਜਿੱਤੇ ਹਨ ਪਰ ਕੀ ਏਨੀ ਵੱਡੀ ਆਬਾਦੀ ਵਾਲੇ ਮੁਲਕ ਲਈ ਇਹ ਤਗਮੇ ਕਾਫੀ ਹਨ? ਇਹਨਾਂ ਖੇਡਾਂ ਵਿਚ ਜੋ ਇਤਿਹਾਸਕ ਘਟਨਾਕ੍ਰਮ ਘਟਿਆ ਉਹ ਸੀ ਨੀਰਜ ਚੋਪੜਾ ਦਾ ਇਤਿਹਾਸਕ ਸੋਨ ਤਗਮਾ ਜੋ ਕਿਸੇ ਵੀ ਭਾਰਤੀ ਅਥਲੀਟ ਵੱਲੋਂ ਅਥਲੈਟਿਕਸ ਦੇ ਕਿਸੇ ਵੀ ਈਵੈਂਟ ਵਿਚ ਜਿੱਤਿਆ ਗਿਆ ਪਹਿਲਾ ਸੋਨ ਤਗਮਾ ਹੈ। ਆਓ ਇਸ ਤਗਮੇ ਦੇ ਜਿੱਤਣ ਬਾਅਦ ਭਾਰਤੀ ਖੇਡ ਖੇਤਰ ਵਿਚ ਕੀ ਪ੍ਰਭਾਵ ਪਏ ਹਨ, ਜਾਂ ਪੈ ਸਕਦੇ ਹਨ, ਬਾਰੇ ਵਿਚਾਰ ਚਰਚਾ ਕਰੀਏ।
ਭਾਰਤ ਦੀ ਸਵਾ ਅਰਬ ਤੋਂ ਵੱਧ ਜਨਸੰਖਿਆ ਵਿਚੋਂ ਪਹਿਲੀ ਵਾਰ ਇੱਕ 23 ਸਾਲ ਦੇ ਹਰਿਆਣਵੀ ਛੋਰੇ ਨੇ ਅਥਲੈਟਿਕਸ ਦਾ ਸੋਨ ਤਗਮਾ ਜਿੱਤਿਆ ਹੈ। ਇਸ ਜਿੱਤ ਨੇ ਭਾਰਤੀ ਅਥਲੈਟਿਕਸ ਨੂੰ ਦੁਨੀਆ ਦੇ ਖੇਡ ਨਕਸ਼ੇ ਤੇ ਉਭਾਰ ਜ਼ਰੂਰ ਦਿੱਤਾ ਹੈ ਜਿਸ ਕਰਕੇ ਹੁਣ ਇਹ ਖਿਡਾਰੀ ਗਲੈਮਰਸ ਖੇਡ ਕ੍ਰਿਕਟ ਦੇ ਖਿਡਾਰੀਆਂ ਨੂੰ ਪ੍ਰਸਿੱਧੀ ਅਤੇ ਕਮਾਈ ਦੇ ਖੇਤਰ ਵਿਚ ਟੱਕਰ ਦੇ ਰਿਹਾ ਹੈ ਪਰ ਕੀ ਇਸ ਪ੍ਰਾਪਤੀ ਨਾਲ ਭਾਰਤ ਵਿਚ ਖੇਡ ਕ੍ਰਾਂਤੀ ਆ ਸਕਦੀ ਹੈ, ਇਹ ਵੱਡਾ ਸਵਾਲ ਖੜ੍ਹਾ ਹੁੰਦਾ ਹੈ? 23 ਸਾਲ ਦੇ ਇਸ ਛੈਲ ਛਬੀਲੇ ਗੱਭਰੂ ਦੇ ਭਾਲੇ ਨੇ ਜਿਸ ਤਰ੍ਹਾਂ ਓਲੰਪਿਕ ਖੇਡਾਂ ਦੇ ਸੋਨ ਤਗਮੇ ਤੇ ਨਿਸ਼ਾਨਾ ਲਾਇਆ ਉਸ ਤੋਂ ਇੱਕ ਵਾਰ ਤਾਂ ਸਾਰਾ ਦੇਸ਼ ਹੀ ਝੂਮ ਉੱਠਿਆ ਸੀ ਅਤੇ ਹਰ ਪਾਸੇ ਬੱਚਾ ਬੱਚਾ ਜੈਵਲਿਨ ਚੁੱਕੀ ਫਿਰਦਾ ਸੀ ਪਰ ਕੀ ਜ਼ਮੀਨੀ ਪੱਧਰ ਤੇ ਦੇਸ਼ ਵਿਚੋਂ ਯੋਗ ਬੱਚਿਆਂ ਨੂੰ ਚੁਣ ਕੇ ਦੇਸ਼ ਲਈ ਹੋਰ ਨੀਰਜ ਚੋਪੜੇ ਤਿਆਰ ਕੀਤੇ ਜਾ ਸਕਦੇ ਹਨ? ਕੀ ਜੈਵਲਿਨ ਤੋਂ ਬਿਨਾ ਅਥਲੈਟਿਕਸ ਦੇ ਹੋਰ ਈਵੈਂਟਾਂ ਵਿਚੋਂ ਵੀ ਦੁਨੀਆ ਦੀ ਦੂਸਰੀ ਵੱਡੀ ਆਬਾਦੀ ਦੇ ਮੁਲਕ ਵਿਚੋਂ ਹੋਰ ਖੇਡ ਸਿਤਾਰੇ ਤਿਆਰ ਕੀਤੇ ਜਾ ਸਕਦੇ ਹਨ?
ਸਵਾਲ ਬਹੁਤ ਹਨ ਪਰ ਜਵਾਬ ਜ਼ਮੀਨੀ ਪੱਧਰ ਤੇ ਹੀ ਜਾ ਕੇ ਮਿਲਦੇ ਹਨ ਕਿਉਂਕਿ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਖੇਡਾਂ ਦੀ ਦੁਨੀਆ ਦੇ ਸਿਖਰ ਤੇ ਪਹੁੰਚਣ ਵਾਲਾ ਨੀਰਜ ਚੋਪੜਾ ਜਾਂ ਉਸ ਦੇ ਗੁਰੂ ਹੀ ਜਾਣ ਸਕਦੇ ਹਨ ਕਿ ਉਸ ਨੇ ਇਸ ਪ੍ਰਾਪਤੀ ਲਈ ਕਿੰਨੀ ਘਾਲਣਾ ਘਾਲੀ ਹੈ? ਪਰ ਕੀ ਸਾਡੇ ਦੇਸ਼ ਦੇ ਛੋਟੇ ਛੋਟੇ ਬੱਚੇ ਜੋ ਨਿੱਕੇ ਹੁੰਦੇ ਹੀ ਸਮਾਰਟ ਫੋਨਾਂ ਦੀ ਦੁਨੀਆ ਵਿਚ ਗੁੰਮ ਹੋ ਕੇ ਜਾਂ ਮੋਟਰਸਾਈਕਲਾਂ ਤੇ ਚੜ੍ਹ ਕੇ ਗੇੜੀਆਂ ਲਾਉਣ ਨੂੰ ਹੀ ਜਿ਼ੰਦਗੀ ਦਾ ਟੀਚਾ ਮੰਨੀ ਬੈਠੇ ਹਨ, ਉਹ ਖੂਨ ਪਸੀਨਾ ਇੱਕ ਕਰਨ ਲਈ ਤਿਆਰ ਹਨ? ਸਵਾਲ ਦੇਸ਼ ਦੀ ਖੇਡ ਨੀਤੀ ਤੇ ਵੀ ਹੈ ਕਿ ਕਿਵੇਂ ਜ਼ਮੀਨੀ ਪੱਧਰ ਤੇ ਇੱਕ ਇਹੋ ਜਿਹੀ ਨੀਤੀ ਤਿਆਰ ਕੀਤੀ ਜਾਵੇ। ਸਕੂਲੀ ਪੱਧਰ ਤੇ ਹੀ ਖੇਡਾਂ ਦੇ ਹੀਰਿਆਂ ਨੂੰ ਪਰਖ ਕੇ ਉਹਨਾਂ ਨੂੰ ਮਿਹਨਤ ਦੀ ਭੱਠੀ ਵਿਚ ਤਪਾਉਣ ਲਈ ਇਕ ਇਹੋ ਜਿਹਾ ਸਰੀਰਕ ਤੇ ਮਨੋਵਿਗਿਆਨਕ ਤੌਰ ਤੇ ਖਾਕਾ ਤਿਆਰ ਕੀਤਾ ਜਾਵੇ ਕਿ ਉਹ ਆਪਣੇ ਆਪ ਨੂੰ ਖੇਡਾਂ ਦੇ ਉਸ ਮੁਕਾਮ ਤੇ ਖੜ੍ਹਾ ਦੇਖਣ ਦਾ ਸੁਪਨਾ ਸਜਾ ਲੈਣ। ਉਨ੍ਹਾਂ ਨੂੰ ਉੱਠਦੇ ਬੈਠਦੇ ਸਿਰਫ਼ ਦੁਨੀਆ ਦਾ ਸਿਖਰਲਾ ਮੁਕਾਮ ਹੀ ਯਾਦ ਰਹੇ।
ਆਮ ਤੌਰ ਤੇ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਉਦੋਂ ਤੱਕ ਖੇਡਾਂ ਵਿਚ ਮੱਲਾਂ ਮਾਰਨ ਦਾ ਚਾਅ ਰਹਿੰਦਾ ਹੈ ਜਦੋਂ ਤੱਕ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਜਾਂਦਾ। ਬਹੁਤਿਆਂ ਦਾ ਨਿਸ਼ਾਨਾ ਖੇਡਾਂ ਦੇ ਸਿਰ ਤੇ ਨੌਕਰੀ ਲੈਣਾ ਹੀ ਹੁੰਦਾ ਹੈ। ਲੋੜ ਹੈ, ਇਸ ਸੋਚ ਨੂੰ ਬਦਲਣ ਦੀ। ਅੱਜ ਜਿਸ ਮੁਕਾਮ ਤੇ ਸਾਡਾ ਖੇਡ ਸਿਤਾਰਾ ਨੀਰਜ ਚੋਪੜਾ ਪਹੁੰਚਿਆ ਹੈ ਤੇ ਸ਼ੁਹਰਤ ਦੀ ਜਿਸ ਸਿਖਰ ਤੇ ਹੈ, ਉਸ ਤੋਂ ਵੱਧ ਦੁਨੀਆ ਵਿਚ ਕੁੱਝ ਵੀ ਨਹੀਂ ਪਰ ਅਜੇ ਵੀ ਦੇਸ਼ ਨੂੰ ਉਸ ਤੋਂ ਬਹੁਤ ਉਮੀਦਾਂ ਹਨ ਤੇ ਪਰਮਾਤਮਾ ਕਰੇ, ਉਹ ਦੇਸ਼ ਲਈ ਅਗਲੀ ਓਲੰਪਿਕ ਵਿਚ ਵੀ ਗੋਲਡ ਮੈਡਲ ਜਿੱਤੇ। ਜਾਂਦੇ ਜਾਂਦੇ ਇੱਕ ਸਵਾਲ ਹੈ, ਕਿਹੜੀ ਸੰਜੀਵਨੀ ਬੂਟੀ ਲਿਆਈਏ ਕਿ ਸਾਡੇ ਦੇਸ਼ ਦੇ ਨੌਜਵਾਨ ਨੀਰਜ ਚੋਪੜੇ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਮਿਹਨਤ ਦੀ ਭੱਠੀ ਵਿਚ ਤਪ ਕੇ ਦੇਸ਼ ਦੇ ਝੰਡੇ ਨੂੰ ਹੋਰ ਬੁਲੰਦ ਕਰ ਸਕਣ?
ਸਰੀਰਕ ਸਿੱਖਿਆ ਅਧਿਆਪਕਾਂ ਦਾ ਰੋਲ
ਸਿੱਖਿਆ ਦਾ ਮੁੱਖ ਮੰਤਵ ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਹੁੰਦਾ ਹੈ। ਸਰਵਪੱਖੀ ਵਿਕਾਸ ਸਰੀਰਕ ਵਿਕਾਸ ਤੋਂ ਬਿਨਾ ਅਧੂਰਾ ਰਹਿੰਦਾ ਹੈ ਕਿਉਂਕਿ ਮਨੁੱਖੀ ਸਰੀਰ ਹੀ ਹਰ ਚੀਜ਼ ਦਾ ਧੁਰਾ ਹੈ। ਸਾਡੇ ਦੇਸ਼ ਵਿਚ ਇਸ ਸਮੇਂ ਬੇਸ਼ੱਕ ‘ਫਿੱਟ ਇੰਡੀਆ’ ਅਤੇ ‘ਖੇਲੋ ਇੰਡੀਆ’ ਵਰਗੀਆਂ ਸਕੀਮਾਂ ਦੇ ਪ੍ਰਚਾਰ ਨੂੰ ਵਧ ਚੜ੍ਹ ਕੇ ਹੁਲਾਰਾ ਦਿੱਤਾ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ਤੇ ਇਹ ਸਕੀਮਾਂ ਕਿਧਰੇ ਵੀ ਨਜ਼ਰ ਨਹੀਂ ਆਉਂਦੀਆਂ। ਜਦੋਂ ਤੱਕ ਬੱਚਿਆਂ ਨੂੰ ਖੇਡਾਂ ਤੇ ਸਰੀਰਕ ਸਿੱਖਿਆ ਦਾ ਓ ਅ ਪੜ੍ਹਾਉਣ ਵਾਲੇ ਅਧਿਆਪਕ ਹੀ ਨਹੀਂ ਹੋਣਗੇ ਤਾਂ ਇਹ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਗਈਆਂ ਸਕੀਮਾਂ ਦਾ ਕੋਈ ਫਾਇਦਾ ਨਹੀਂ। ਇਹ ਸਿਰਫ਼ ਇਸ਼ਤਿਹਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੀਆਂ ਹਨ। ਸਰੀਰਕ ਸਿੱਖਿਆ ਅਤੇ ਖੇਡਾਂ ਦੇ ਅਧਿਆਪਕ ਜੋ ਬੱਚਿਆਂ ਨੂੰ ਉਂਗਲ ਫੜ ਕੇ ਮੈਦਾਨਾਂ ਵਿਚ ਲਿਜਾਂਦੇ ਹਨ, ਉਹਨਾਂ ਦੀ ਇਸ ਸਮੇਂ ਸਾਡੇ ਦੇਸ਼ ਵਿਚ ਕਿੰਨੀ ਕੁ ਕਦਰ ਹੈ, ਉਹ ਸਭ ਦੇ ਸਾਹਮਣੇ ਹੈ। ਖੇਡ ਨਰਸਰੀਆਂ ਭਾਵ ਸਕੂਲਾਂ ਵਿਚ ਖਿਡਾਰੀ ਰੂਪੀ ਬੂਟਿਆਂ ਨੂੰ ਪਾਣੀ ਦੇ ਕੇ ਵੱਡੇ ਕਰਨ ਵਾਲੇ ਇਹਨਾਂ ਮਾਲੀ ਰੂਪੀ ਗੁਰੂ ਦਰੋਣਾਚਾਰੀਆ ਬਾਰੇ ਚਰਚਾ ਕਰੀਏ ਕਿ ਕਿਵੇਂ ਦੇਸ਼ ਵਿਚ ਸੁਚੱਜਾ ਖੇਡ ਵਾਤਾਵਰਨ ਪੈਦਾ ਕਰਨ ਲਈ ਇਹਨਾਂ ਦੀ ਸਖਤ ਲੋੜ ਹੈ।
ਆਦਿ ਕਾਲ ਤੋਂ ਹੀ ਰਾਜੇ ਮਹਾਰਾਜੇ ਵੀ ਗੁਰੂਕੁਲਾਂ ਵਿਚ ਸ਼ਸਤਰ ਵਿੱਦਿਆ ਦੇ ਨਾਲ ਨਾਲ ਸਰੀਰਕ ਬਲ ਵਧਾਉਣ ਲਈ ਆਪਣੇ ਮਹਿਲਾਂ ਤੋਂ ਦੂਰ ਰਹਿੰਦੇ ਸਨ। ਉਹਨਾਂ ਦੀ ਜਿੰ਼ਦਗੀ ਵਿਚ ਉਹਨਾਂ ਗੁਰੂਕੁਲਾਂ ਦੇ ਗੁਰੂਆਂ ਦਾ ਵਿਸ਼ੇਸ਼ ਮਹੱਤਵ ਸੀ। ਰਾਮਾਇਣ ਅਤੇ ਮਹਾਭਾਰਤ ਕਾਲ ਤੋਂ ਹੀ ਇਹਨਾਂ ਗੁਰੂਆਂ ਵੱਲੋਂ ਤਿਆਰ ਕੀਤੇ ਗਏ ਯੋਧੇ ਅਤੇ ਮਹਾਬਲੀਆਂ ਦੀਆਂ ਗਾਥਾਵਾਂ ਸਾਰੇ ਸੰਸਾਰ ਸਾਹਮਣੇ ਹਨ। ਅਜੋਕੇ ਯੁਗ ਵਿਚ ਸਕੂਲ ਹੀ ਪਹਿਲੀ ਗੁਰੂਸ਼ਾਲਾ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਨ ਦੇ ਨਾਲ ਨਾਲ ਦੇਸ਼ ਲਈ ਖੇਡ ਪਨੀਰੀ ਤਿਆਰ ਕੀਤੀ ਜਾਂਦੀ ਹੈ ਅਤੇ ਖੇਡ ਤੇ ਸਰੀਰਕ ਸਿੱਖਿਆ ਅਧਿਆਪਕ ਹੀ ਬੱਚਿਆਂ ਨੂੰ ਖੇਡਾਂ ਦੀ ਚੇਟਕ ਲਗਾਉਂਦੇ ਹਨ। ਸਕੂਲਾਂ ਵਿਚ ਖੇਡ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਲੋੜ ਸਭ ਤੋਂ ਜਿ਼ਆਦਾ ਹੁੰਦੀ ਹੈ ਪਰ ਅੱਜ ਇਹਨਾਂ ਦੀ ਭਰਤੀ ਨਾ-ਮਾਤਰ ਹੈ। ਜੇਕਰ ਜ਼ਮੀਨੀ ਪੱਧਰ ਤੇ ਹੀ ਬੱਚਿਆਂ ਨੂੰ ਖੇਡ ਵਾਤਾਵਰਨ ਨਹੀਂ ਮਿਲੇਗਾ ਤਾਂ ਉਹ ਕਿਸ ਤਰ੍ਹਾਂ ਖੇਡ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਆਪਣੇ ਦੇਸ਼ ਲਈ ਵਿਸ਼ਵ ਪੱਧਰ ਤੇ ਨਾਮਣਾ ਖੱਟਣਗੇ? ਇਸ ਲਈ ਪ੍ਰਾਇਮਰੀ ਪੱਧਰ ਤੋਂ ਹੀ ਵਿਦਿਆਰਥੀਆਂ ਲਈ ਵਿਸ਼ੇਸ਼ ਖੇਡ ਅਧਿਆਪਕਾਂ ਅਤੇ ਖੇਡ ਵਾਤਾਵਰਨ ਦਾ ਹੋਣਾ ਬਹੁਤ ਜ਼ਰੂਰੀ ਹੈ। ਦੇਸ਼ ਵਿਚ ਵੱਡੀਆ ਖੇਡ ਸਕੀਮਾਂ ਜੋ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਜਾ ਰਹੀਆਂ ਹਨ, ਇਹ ਤਦ ਹੀ ਸਿਰੇ ਚੜ੍ਹ ਸਕਦੀਆਂ ਹਨ, ਜੇਕਰ ਨਰਸਰੀ ਪੱਧਰ ਤੋਂ ਖਿਡਾਰੀ ਤਿਆਰ ਕੀਤੇ ਮਿਲਣਗੇ ਨਹੀਂ ਤਾਂ ਇਹ ਸਕੀਮਾਂ ਮਹਿਜ਼ ਖਾਨਾਪੂਰਤੀ ਸਾਬਤ ਹੋਣਗੀਆਂ। ਇਸ ਲਈ ਦੇਸ਼ ਦੀਆਂ ਸਰਕਾਰਾਂ ਨੂੰ ਸਕੂਲਾਂ ਵਿਚ ਖੇਡ ਅਧਿਆਪਕ ਲਾਉਣ ਅਤੇ ਯੋਗ ਖੇਡ ਵਾਤਾਵਰਨ ਪੈਦਾ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸੰਪਰਕ: principalsarwansingh@gmail.com