ਜੋਧ ਸਿੰਘ ਮੋਗਾ
ਕਿਸੇ ਸਮੇਂ ਸਿਆਣੇ ਆਖਦੇ ਹੁੰਦੇ ਸਨ ‘ਕੁੜੀ ਪੜ੍ਹੀ ਹੋਵੇ ਤਾਂ ਸਮਝੋ ਖ਼ਾਨਦਾਨ ਪੜ੍ਹ ਗਿਆ।’ ਅੰਤ੍ਰੀਵ ਭਾਵ ਅਤੇ ਵਿਚਾਰ ਤੁਹਾਨੂੰ ਪਤਾ ਹੀ ਹੈ। ਭਾਰਤ ਦੇ 74% ਲੋਕ ਪੜ੍ਹੇ-ਲਿਖੇ ਗਿਣੇ ਜਾਂਦੇ ਹਨ। 2011 ਦੀ ਜਨਗਣਨਾ ਅਨੁਸਾਰ ਮਰਦ 82% ਅਤੇ ਇਸਤਰੀਆਂ 65% ਸਾਖਰ ਹਨ। ਉੱਪਰਲੇ ਵਿਚਾਰ ਨੂੰ ਮੁੱਖ ਰੱਖਦੇ ਹੋਏ 2015 ਵਿਚ ਅਭਿਆਨ ਚਲਾਇਆ ਗਿਆ ‘ਬੇਟੀ ਬਚਾਓ, ਬੇਟੀ ਪੜ੍ਹਾਓ’। ਬੱਚੀਆਂ ਵਾਸਤੇ ਮੁਫ਼ਤ ਸਿੱਖਿਆ, ਜ਼ਿਆਦਾ ਸਕੂਲ, ਚੰਗੇ ਵਜ਼ੀਫੇ ਦਿੱਤੇ ਗਏ ਅਤੇ ਮੁਫ਼ਤ ਸਾਈਕਲ ਵੀ ਵੰਡੇ ਗਏ। ਪੰਜਾਬ ਤਾਂ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਿਆ। ਸੋ ਕੁੜੀਆਂ ਦੀ ਸਿੱਖਿਆ ਲਈ ਹਰ ਪੱਖੋਂ ਚੰਗੇ ਯਤਨ ਕੀਤੇ ਜਾ ਰਹੇ ਹਨ, ਪਰ 21ਵੀਂ ਸਦੀ ਵਿਚ ਅੱਜ ਵੀ ਕਈ ਦੇਸ਼ ਸਿੱਖਿਆ ਦੇ ਖੇਤਰ ਵਿਚ ਕਈ ਕਾਰਨਾਂ ਕਾਰਨ ਪੱਛੜੇ ਹੋਏ ਹਨ ਅਤੇ ਖ਼ਾਸ ਕਰਕੇ ਕੁੜੀਆਂ ਦੀ ਸਿੱਖਿਆ ਦੇ ਤਾਂ ਬਿਲਕੁਲ ਹੱਕ ਵਿਚ ਨਹੀਂ ਹਨ। ਪਾਕਿਸਤਾਨ ਦੇ ਕੁਝ ਕੱਟੜ ਲੋਕ ਅਤੇ ਲੀਡਰ ਤਾਂ ਇਸਤਰੀ ਸਿੱਖਿਆ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਦਬਾਉਣ ਦਾ ਯਤਨ ਕਰ ਰਹੇ ਹਨ, ਪਰ ਇਕ ਨਾਬਾਲਗ, ਸਿੱਧੀ-ਸਾਦੀ ਜਿਹੀ ਕੁੜੀ ਨੇ ਇਸ ਪਿਛਾਂਹ ਖਿੱਚੂ ਵਿਚਾਰ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਕੁੜੀਆਂ ਦੀ ਆਜ਼ਾਦੀ ਅਤੇ ਸਾਖਰਤਾ ਦੇ ਹੱਕ ਵਿਚ ਝੰਡਾ ਚੁੱਕਿਆ। ਇਸ ਪਾਕਿਸਤਾਨੀ ਕੁੜੀ ਦਾ ਨਾਂ ਹੈ ਮਲਾਲਾ ਯੂਸਫ਼ਜ਼ਈ।
ਮਲਾਲਾ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਉੱਤਰ ਪੱਛਮੀ ਅਫ਼ਗਾਨਿਸਤਾਨ ਨਾਲ ਲੱਗਦੀ ਸਵਾਤ ਵਾਦੀ ਦੇ ਵੱਡੇ ਸ਼ਹਿਰ ਮੰਗੋਰਾ ਵਿਚ ਹੋਇਆ। ਉਸ ਦੇ ਪਿਤਾ ਯੂਸਫ਼ਜ਼ਈ ਅਗਾਂਹਵਧੂ ਅਤੇ ਖੁੱਲ੍ਹੇ ਵਿਚਾਰਾਂ ਦੇ ਹਨ ਅਤੇ ਇਕ ਚੰਗੀ ਵਿੱਦਿਅਕ ਸੰਸਥਾ ਨਾਲ ਸਬੰਧਤ ਸਨ। ਇਸ ਲਈ ਬਚਪਨ ਤੋਂ ਹੀ ਮਲਾਲਾ ਦੇ ਮਨ ਵਿਚ ਕੁੜੀਆਂ ਦੀ ਪੜ੍ਹਾਈ ਅਤੇ ਆਜ਼ਾਦੀ ਬਾਰੇ ਵਿਚਾਰ ਘਰ ਕਰ ਚੁੱਕੇ ਸਨ। ਆਪਣੇ ਸਕੂਲੀ ਸਮੇਂ ਵਿਚ ਹੀ ਉਹ ਇਸ ਬਾਰੇ ਭਾਸ਼ਣ ਦਿੰਦੀ, ਸਮਰਥਨ ਕਰਦੀ ਅਤੇ ਤਾਲਿਬਾਨ ਵੱਲੋਂ ਲਾਈਆਂ ਪਾਬੰਦੀਆਂ ਦਾ ਵਿਰੋਧ ਕਰਦੀ। ਉਨ੍ਹੀਂ ਦਿਨੀਂ ਤਾਲਿਬਾਨ ਦਾ ਜ਼ੋਰ ਸੀ, ਉਹ ਦੇਸ਼ ਨੂੰ ਖਾਲਸ ਮੁਸਲਿਮ ਦੇਸ਼ ਬਣਾਉਣਾ ਚਾਹੁੰਦੇ ਸਨ। ਕੁੜੀਆਂ ਦੀ ਪੜ੍ਹਾਈ, ਆਜ਼ਾਦੀ, ਬੁਰਕੇ ਦੀ ਵਰਤੋਂ, ਮੇਕਅਪ, ਫ਼ਿਲਮਾਂ ਅਤੇ ਟੀ.ਵੀ. ਦੇਖਣਾ ਧਰਮ ਦੇ ਉਲਟ ਮੰਨਦੇ ਸਨ ਅਤੇ ਸਖ਼ਤੀ ਨਾਲ ਦਬਾ ਰਹੇ ਸਨ। ਮਲਾਲਾ ਵਧੀਆ ਅਧਿਆਪਕ ਜਾਂ ਡਾਕਟਰ ਬਣਨਾ ਚਾਹੁੰਦੀ ਸੀ। ਇਸ ਲਈ ਇਲਾਕੇ ਦੇ ਦੋ ਵਧੀਆ ਸਕੂਲਾਂ ਐਜਬੈਸਟਨ ਹਾਈ ਸਕੂਲ ਅਤੇ ਖੁਸ਼ਾਲ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ।
ਪਰ 9 ਅਕਤੂਬਰ 2012 ਨੂੰ ਜਦੋਂ ਉਹ 15 ਸਾਲ ਦੀ ਹੀ ਸੀ ਤਾਂ ਇਕ ਅਣਸੁਖਾਵੀਂ ਘਟਨਾ ਵਾਪਰ ਗਈ, ਜਿਸ ਨੇ ਉਸ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹ ਇਮਤਿਹਾਨ ਦੇ ਕੇ ਆਪਣੀਆਂ ਸਹੇਲੀਆਂ ਨਾਲ ਬੱਸ ਰਾਹੀਂ ਆਪਣੇ ਘਰ ਪਰਤ ਰਹੀ ਸੀ ਤਾਂ ਤਾਲਿਬਾਨ ਗਰੁੱਪ ਦੇ ਇਕ ਬੰਦੂਕਧਾਰੀ ਨੌਜਵਾਨ ਨੇ ਬੱਸ ਰੁਕਵਾ ਲਈ ਅਤੇ ਬੱਸ ਵਿਚ ਆ ਕੇ ਪੁੱਛਿਆ ਕਿ ਕਿਹੜੀ ਕੁੜੀ ਦਾ ਨਾਮ ਹੈ ਮਲਾਲਾ। ਪਤਾ ਲੱਗਣ ’ਤੇ ਮਲਾਲਾ ਨੂੰ ਮਾਰਨ ਵਾਸਤੇ ਤਿੰਨ ਗੋਲੀਆਂ ਦਾਗ ਦਿੱਤੀਆਂ। ਇਕ ਗੋਲੀ ਉਸ ਦੀ ਖੋਪੜੀ ਨੂੰ ਚੀਰਦੀ ਹੋਈ ਮੋਢੇ ਵਿਚ ਜਾ ਲੱਗੀ। ਬੰਦੂਕਧਾਰੀ ਉਸ ਨੂੰ ਮਰੀ ਹੋਈ ਸਮਝ ਕੇ ਦੌੜ ਗਿਆ। ਮਲਾਲਾ ਬੇਹੋਸ਼ ਹੋ ਗਈ। ਉਨ੍ਹੀਂ ਦਿਨੀਂ ਫ਼ੌਜ ਤਾਲਿਬਾਨ ਦੀਆਂ ਗਤੀਵਿਧੀਆਂ ਤੋਂ ਬੜੀ ਚੌਕਸ ਸੀ, ਘਟਨਾ ਦੀ ਖ਼ਬਰ ਮਿਲਦੇ ਹੀ ਜ਼ਖ਼ਮੀ, ਬੇਹੋਸ਼ ਅਤੇ ਅਧਮੋਈ ਮਲਾਲਾ ਨੂੰ ਪਿਸ਼ਾਵਰ ਲਿਆਂਦਾ ਗਿਆ, ਹਾਲਤ ਹੋਰ ਵਿਗੜਣ ’ਤੇ ਰਾਵਲਪਿੰਡੀ ਅਤੇ ਫੇਰ ਬਚਾਉਣ ਦੇ ਆਖ਼ਰੀ ਯਤਨ ਵਾਸਤੇ ਜਹਾਜ਼ ਰਾਹੀਂ ਇੰਗਲੈਂਡ ਵਿਚ ਬਰਮਿੰਘਮ ਦੇ ਕੂਈਨ ਐਲਿਜ਼ਬੈਥ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਮਾਹਰ ਸਰਜਨਾਂ ਦੀ ਟੀਮ ਨੇ ਉਸ ਦੀ ਖੋਪੜੀ ਦਾ ਔਖਾ ਅਪਰੇਸ਼ਨ ਕਰਕੇ ਉਸ ਨੂੰ ਬਚਾ ਲਿਆ। ਡਾਕਟਰਾਂ ਨੇ ਉਸ ਨੂੰ ‘ਧਰਤੀ ਦੀ ਸਭ ਤੋਂ ਬਹਾਦਰ ਕੁੜੀ’ ਆਖਿਆ ਸੀ। ਉਹ 72 ਘੰਟੇ ਕੋਮਾ ਵਿਚ ਰਹੀ, ਪਰ 3 ਮਹੀਨੇ ਵਿਚ ਯਾਦ ਸ਼ਕਤੀ, ਸੁਣਨ ਸ਼ਕਤੀ ਅਤੇ ਬੋਲਣ ਸ਼ਕਤੀ ਸਮੇਤ ਤੁਰਨ-ਫਿਰਨਯੋਗ ਹੋ ਗਈ। ਸਾਰੇ ਹਮਦਰਦ ਮੁਲਕਾਂ ਦੇ ਸਹਿਯੋਗ ਨਾਲ ਉਹ ਆਪਣੇ ਪਿਤਾ ਅਤੇ ਪਰਿਵਾਰ ਸਮੇਤ ਇਲਾਜ ਅਤੇ ਪੜ੍ਹਾਈ ਲਈ ਬਰਮਿੰਘਮ ਹੀ ਰਹਿ ਗਈ। 14 ਜਨਵਰੀ 2019 ਨੂੰ ਉਹ ਪਾਕਿਸਤਾਨ ਆਈ ਸੀ।
ਦੁਨੀਆਂ ਦਾ ਸਭ ਤੋਂ ਵੱਡਾ ਇਨਾਮ ਨੋਬੇਲ ਪੁਰਸਕਾਰ ਹੈ। ਮਲਾਲਾ ਦੇ ਵਿਚਾਰ, ਘਾਲਣਾ ਅਤੇ ਸੰਘਰਸ਼ ਦੀ ਘੋਖ ਮਗਰੋਂ 2014 ਵਿਚ ਉਸ ਨੂੰ ਨੋਬੇਲ ਅਮਨ ਪੁਰਸਕਾਰ ਲਈ ਚੁਣ ਲਿਆ ਗਿਆ ਅਤੇ ਮਲਾਲਾ 17 ਸਾਲ ਦੀ ਉਮਰ ਵਿਚ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਨੋਬੇਲ ਇਨਾਮ ਜੇਤੂ ਬਣ ਗਈ। ਅੱਜ ਉਹ ਛੋਟੀ ਹੁੰਦੀ ਹੋਈ ਵੀ ਮਦਰ ਟੈਰੇਸਾ ਵਰਗੀਆਂ ਮਹਾਨ ਇਸਤਰੀਆਂ ਦੀ ਕਤਾਰ ਵਿਚ ਖੜੋਤੀ ਹੈ। ਇਹ ਪੁਰਸਕਾਰ ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਮਲਾਲਾ ਨੂੰ ਸਾਂਝਾ ਦਿੱਤਾ ਗਿਆ। ਸਤਿਆਰਥੀ ਵੀ ਬਾਲ ਸਿੱਖਿਆ, ਬਾਲ ਮਜ਼ਦੂਰੀ ਅਤੇ ਗ਼ਰੀਬ ਲਾਵਾਰਸ ਬੱਚਿਆਂ ਦੀ ਹਰ ਪੱਖੋਂ ਉੱਨਤੀ ਲਈ ਸੰਘਰਸ਼ ਕਰ ਰਹੇ ਸਨ। ਇਨਾਮ ਦੀ ਕੁੱਲ ਰਕਮ 860000 ਪੌਂਡ ਸੀ (8 ਕਰੋੜ 17 ਲੱਖ ਰੁਪਏ) ਸੀ ਜੋ ਦੋ ਹਿੱਸਿਆਂ ਵਿਚ ਵੰਡੀ ਗਈ।
ਮਲਾਲਾ ਨੇ ਆਪਣੇ ਇਨਾਮ ਦੀ ਰਕਮ ਆਪਣੇ ਮਿਸ਼ਨ ਦੀ ਪੂਰਤੀ, ਕੁੜੀਆਂ ਦੀ ਸਿੱਖਿਆ ਲਈ ਖ਼ਰਚ ਕਰ ਦਿੱਤੀ। ਉਸ ਦੀ ਸਭ ਤੋਂ ਮਹਾਨ ਅਤੇ ਕਰਾਮਾਤੀ ਪ੍ਰਾਪਤੀ ‘ਮਲਾਲਾ ਫੰਡ’ ਦੀ ਸ਼ੁਰੂਆਤ ਹੈ। ਇਸ ਫੰਡ ਵਿਚ ਹਰ ਸਾਲ ਬਹੁਤ ਸਾਰੇ ਦੇਸ਼, ਯੂ.ਐੱਨ.ਓ., ਯੂਨੈਸਕੋ, ਯੂਨੀਸੈਫ ਅਤੇ ਹੋਰ ਦਾਨੀ ਸੰਸਥਾਵਾਂ ਕਰੋੜਾਂ ਰੁਪਏ ਪਾਉਂਦੀਆਂ ਹਨ। ਇਸ ਤੋਂ ਇਲਾਵਾ ਮਲਾਲਾ ਵੱਲੋਂ ਦਿੱਤੇ ਗਏ ਭਾਸ਼ਣਾਂ ਅਤੇ ਬਹੁਤ ਸਾਰੀਆਂ ਲਿਖੀਆਂ ਗਈਆਂ ਪੁਸਤਕਾਂ ਰਾਹੀਂ ਕਰੋੜਾਂ ਰੁਪਏ ਮਲਾਲਾ ਫੰਡ ਵਿਚ ਪੈਂਦੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਇਸ ਫੰਡ ਵਿਚ 180 ਕਰੋੜ ਰੁਪਏ ਸਾਲਾਨਾ ਆਉਂਦੇ ਹਨ। ਫੰਡ ਦੀ ਸਹੀ ਵਰਤੋਂ ਅਤੇ ਦੇਖ-ਰੇਖ ਵਾਸਤੇ ਵਾਸ਼ਿੰਗਟਨ ਵਿਚ ਦਫ਼ਤਰ ਹੈ ਅਤੇ ਹੋਰ ਦੇਸ਼ਾਂ ਵਿਚ ਬਰਾਂਚਾਂ ਹਨ। ਦੁਨੀਆਂ ਦੇ 40 ਹਜ਼ਾਰ ਗ਼ਰੀਬ ਸਕੂਲ ਇਸ ਫੰਡ ਰਾਹੀਂ ਚੱਲਦੇ ਹਨ। ‘ਮਲਾਲਾ ਫੰਡ’ ਦਾ ਮਿਸ਼ਨ ਅਤੇ ਮਾਟੋ ਇਹ ਹੈ ਕਿ ਦੁਨੀਆਂ ਦੀ ਹਰ ਬੱਚੀ ਨੂੰ 12 ਸਾਲ ਮੁਫ਼ਤ ਅਤੇ ਵਧੀਆ ਸਿੱਖਿਆ ਮਿਲ ਸਕੇ।
ਸੋ, ਅੱਜ ਸਿਰਫ਼ 23 ਸਾਲ ਦੀ ਸਾਦੀ, ਸਾਧਾਰਨ ਅਤੇ ਸਦਾ ਸਿਰ ’ਤੇ ਚੁੰਨੀ ਲੈਣ ਵਾਲੀ ਮਲਾਲਾ, ਦੁਨੀਆਂ ਦੀਆਂ ਬੱਚੀਆਂ ਲਈ ਇਕ ਮਾਡਲ ਹੈ। ਦੁਨੀਆਂ ਦੇ ਵਿਕਸਤ ਦੇਸ਼ ਉਸ ਦੇ ਸਹਾਇਕ ਹਨ ਅਤੇ ਉਸ ’ਤੇ ਮਾਣ ਕਰਦੇ ਹਨ।
ਸੰਪਰਕ: 62802-58057