ਪ੍ਰਿੰ. ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ ਨੇ ਮੱਖਣ ਬਰਾੜ ਨੂੰ ਕਬੱਡੀ ਦਾ ਪਹਿਲਾ ਗੀਤਕਾਰ ਲਿਖਿਆ ਹੈ। ਉਸ ਦੀ ਮਹਿਮਾ ਉਹਦੇ ਪਹਿਲੇ ਹੀ ਗੀਤ ‘ਆਪਣਾ ਪੰਜਾਬ ਹੋਵੇ’ ਨਾਲ ਹੋਣੀ ਸ਼ੁਰੂ ਹੋ ਗਈ ਸੀ। ਉਹਦਾ ਜਨਮ ਪਿੰਡ ਮੱਲਕੇ (ਮੋਗਾ) ਵਿਚ 3 ਜਨਵਰੀ 1949 ਨੂੰ ਹੋਇਆ। ਉਹਨੇ ਦਸਵੀਂ ਕਰ ਕੇ ਮਾਰਕਫੈੱਡ ਵਿਚ ਨੌਕਰੀ ਕਰ ਲਈ। ਫਿਰ ਚੌਦਾਂ ਸਾਲ ਦੀ ਨੌਕਰੀ ਵਿਚਾਲੇ ਛੱਡ ਕੇ 1981 ਵਿਚ ਕੈਨੇਡਾ ਉਡਾਰੀ ਮਾਰ ਲਈ। ਦੋਵੇਂ ਪੁੱਤਰ ਕੰਮ ਧੰਦਿਆਂ ’ਤੇ ਲੱਗੇ ਤਾਂ ਬਰੈਂਪਟਨ ਛੱਡ ਕੇ ਨਿਆਗਰਾ ਚਲਾ ਗਿਆ। ਉਹਦੀ ਕਿਤਾਬ ‘ਮੱਖਣ ਬਰਾੜ ਦੀ ਵਿਰਾਸਤ’ ਜਿਸ ਦਾ ਸੰਪਾਦਨ ਜਗਦੇਵ ਬਰਾੜ ਨੇ ਕੀਤਾ ਹੈ, ਸੱਚਮੁੱਚ ਵਿਰਸੇ ਦੀ ਬਾਤ ਪਾਉਂਦੀ ਹੈ।
‘ਆਗੇ ਨੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ, ਖਾਧੀਆਂ ਖੁਰਾਕਾਂ ਨਾਲੇ ਮਿਹਨਤਾਂ ਵੀ ਮਾਰੀਆਂ’ ਵਰਗੇ ਗੀਤ ਲਿਖਣ ਵਾਲਾ ਮੱਖਣ ਬਰਾੜ ਖੇਡ ਮੇਲਿਆਂ ਦਾ ਸਿ਼ੰਗਾਰ ਹੈ। ਉਸ ਨੇ ਪੁਸਤਕ ‘ਮੱਖਣ ਬਰਾੜ ਦੀ ਵਿਰਾਸਤ’ ਲਿਖੀ ਹੈ। ਉਹ ਕਬੱਡੀ ਦਾ ਪਹਿਲਾ ਗੀਤਕਾਰ ਹੈ ਜਿਸ ਦੀ ਰੀਸ ਨਾਲ ਕਈਆਂ ਨੇ ਕਬੱਡੀ ਗੀਤ ਲਿਖਣੇ ਸ਼ੁਰੂ ਕੀਤੇ। ਕਬੱਡੀ ਟੂਰਨਾਮੈਂਟਾਂ ਵਿਚ ਉਹਦੇ ਸਿ਼ਅਰ ਤਾਂ ਪੈਸਿਆਂ ਬਦਲੇ ਕਲੱਬ ਬਦਲਣ ਵਾਲੇ ਚੁਫੇਰਗੜ੍ਹੀਏ ਖਿਡਾਰੀਆਂ ਨੂੰ ਵੀ ਨਹੀਂ ਬਖਸ਼ਦੇ:
ਪਹਿਲਾਂ ਹੁੰਦਾ ਸੀ ਕਬੱਡੀ ਦਾ ਮੁੱਲ ਕੌਡੀ,
ਢਿੱਡੋਂ ਜਾਈ ਇਹ ਖੇਡ ਸੀ ਘਰ ਘਰ ਦੀ
ਖਿਡਾਰੀ ਜਾਂਦੇ ਸੀ ਬੱਸਾਂ/ਸਾਈਕਲਾਂ ਤੇ,
ਹੁਣ ਸੁੱਖ ਨਾਲ ਜਹਾਜ਼ਾਂ ਤੇ ਫਿਰੇ ਚੜ੍ਹਦੀ
ਤਕੜੇ ਪਲੇਅਰ ਦਾ ਚੋਖਾ ਹੈ ਮੁੱਲ ਪੈਂਦਾ,
ਤਕੜੀ ਕਲੱਬ ਹੀ ਓਸ ਨੂੰ ਸਾਈਨ ਕਰਦੀ
ਮੱਖਣ ਬਰਾੜਾ ਖਿਡਾਰੀ ਪਰ ਇਉਂ ਹੋ ਗੇ,
ਆਂਡੇ ਕਿਤੇ ਤੇ ਕੁੜ-ਕੁੜ ਕਿਤੇ ਕਰਦੀ!
ਮੱਖਣ ਬਰਾੜ ਦੀ ਮਹਿਮਾ ਉਹਦੇ ਪਹਿਲੇ ਹੀ ਗੀਤ ‘ਆਪਣਾ ਪੰਜਾਬ ਹੋਵੇ’ ਨਾਲ ਹੋਣੀ ਸ਼ੁਰੂ ਹੋ ਗਈ ਸੀ। ਇਹ ਗੀਤ ਮਹਿਫ਼ਲਾਂ ਵਿਚ ਵਾਰ ਵਾਰ ਗਾਇਆ ਜਾਣ ਲੱਗਾ। ਦੇਸ਼ ਵਿਦੇਸ਼ ਵਿਚ ‘ਆਪਣਾ ਪੰਜਾਬ ਆਪਣਾ ਪੰਜਾਬ’ ਹੋਣ ਲੱਗੀ। ਇਉਂ ਇਸ ਗੀਤ ਦੀ ਉਮਰ ਲੋਕ ਗੀਤ ਵਾਂਗ ਲੰਮੀ ਹੋ ਗਈ।
ਇਸ ਗੀਤ ਦੇ ਪਿਛੋਕੜ ਬਾਰੇ ਮੱਖਣ ਬਰਾੜ ਦੱਸਦਾ ਹੈ ਕਿ ਪੰਜਾਬ ਤੋਂ ਕੈਨੇਡਾ ਜਾ ਕੇ ਉਹਦਾ ਜੀਅ ਨਹੀਂ ਸੀ ਲੱਗਦਾ। ਉਦਰੇਵੇਂ ਵਿਚ ਉਹਨੇ ਮਾਂ ਨੂੰ ਪਹਿਲੀ ਚਿੱਠੀ ਲਿਖੀ ਕਵਿਤਾ ਵਿਚ ਹੀ ਲਿਖੀ। ਲਿਖਿਆ, ਮਾਂ ਮੈਨੂੰ ਤੇਰਾ ਬਣਾਇਆ ਸਾਗ ਯਾਦ ਆਉਂਦਾ, ਕੂੰਡੇ ਚ ਰਗੜੀ ਚਟਣੀ ਚੇਤੇ ਆਉਂਦੀ ਐ, ਘਰ ਦੇ ਕੱਟੇ-ਵੱਛੇ ਤੇ ਕੰਧਾਂ ਬਨੇਰੇ ਯਾਦ ਆਉਂਦੇ ਐ…। ਸਬੱਬੀਂ ਉਹਦਾ ਮਿੱਤਰ ਸਿਆਟਲ ਤੋਂ ਉਹਨੂੰ ਮਿਲਣ ਟੋਰਾਂਟੋ ਆ ਗਿਆ। ਦੋਵੇਂ ਖਾਂਦੇ ਪੀਂਦੇ ਪੰਜਾਬ ਦੀਆਂ ਗੱਲਾਂ ਕਰਨ ਲੱਗ ਪਏ। ਗੰਨੇ ਚੂਪਣ ਦੀਆਂ ਗੱਲਾਂ, ਸ਼ਰਾਬ ਕੱਢਣ ਦੀਆਂ, ਬਿਨਾਂ ਗਿਣੇ ਰੋਟੀਆਂ ਖਾਣ ਦੀਆਂ, ਗੰਢਿਆਂ ਮੂਲੀਆਂ ਦੀਆਂ ਤੇ ਵਾਣ ਦੇ ਮੰਜੇ ਤੇ ਲਮਲੇਟ ਹੋ ਜਾਣ ਦੀਆਂ ਗੱਲਾਂ। ਤੜਕੇ ਉਠਦਿਆਂ ਉਹਨੇ ਗੀਤ ਜੋੜ ਲਿਆ: ਆਪਣਾ ਪੰਜਾਬ ਹੋਵੇ…। ਉੱਦਣ ਹੀ ਟੋਰਾਂਟੋ ਗੁਰਦਾਸ ਮਾਨ ਦਾ ਸ਼ੋਅ ਸੀ। ਉਹ ਪਰਮਜੀਤ ਸਿੱਧੂ ਕੋਲ ਠਹਿਰਿਆ ਹੋਇਆ ਸੀ। ਮੱਖਣ ਸਿਓਂ ਪਰਮਜੀਤ ਕੋਲ ਆਉਂਦਾ ਜਾਂਦਾ ਰਹਿੰਦਾ ਸੀ। ਉਸ ਨੇ ਬਰਾੜ ਨੂੰ ਕੁਝ ਸੁਣਾਉਣ ਲਈ ਕਿਹਾ ਤਾਂ ਉਸ ਨੇ ਤਾਜ਼ਾ ਲਿਖਿਆ ਗੀਤ ਸੁਣਾ ਦਿੱਤਾ ਜੋ ਗੁਰਦਾਸ ਮਾਨ ਨੂੰ ਪਸੰਦ ਆ ਗਿਆ। ਉਹੀ ਗੀਤ ਗੁਰਦਾਸ ਮਾਨ ਨੇ ਸ਼ੋਅ ਵਿਚ ਗਾਇਆ ਤਾਂ ਲੋਕਾਂ ਦੇ ਸਿਰ ਚੜ੍ਹ ਗਿਆ। ਫਿਰ ਗੁਰਦਾਸ ਮਾਨ ਜਿਥੇ ਵੀ ਗਾਉਂਦਾ ਸਰੋਤਿਆਂ ਦੀ ਮੰਗ ਉਤੇ ‘ਆਪਣਾ ਪੰਜਾਬ’ ਦੋ ਤਿੰਨ ਵਾਰ ਗਾਉਣਾ ਪੈਂਦਾ। ਗੀਤ ਦੀ ਏਨੀ ਮੰਗ ਵੇਖ ਕੇ ਗੁਰਦਾਸ ਮਾਨ ਨੇ ਇਹ ਗੀਤ ਰਿਕਾਰਡ ਕਰਵਾ ਦਿੱਤਾ।
ਮੱਖਣ ਬਰਾੜ ਨੇ ਲਿਖਿਆ ਸੀ: ਪਿੰਡ ਦੀਆਂ ਗੱਲਾਂ ਪੁੱਛਾਂ ਆਪਣੇ ਮੈਂ ਹਾਣੀ ਕੋਲੋਂ, ਕਿੱਦਾਂ ਦੀ ਮਹਿਕ ਆਉਂਦੀ ਤੇਲੀਆਂ ਦੀ ਰਾਣੀ ਕੋਲੋਂ। ਮਾਨ ਨੇ ਰਿਕਾਰਡ ਕਰਵਾਇਆ: ਆਪਣੇ ਗਰਾਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ, ਮਰ ਜਾਣੇ ਮਾਨਾਂ ਕਿਉਂ ਪੰਜਾਬ ਜਾਂਦਾ ਖਿੰਡਦਾ। ਇਉਂ ਮਾਨ ਦਾ ਨਾਂ ਵੀ ਗੀਤ ਵਿਚ ਰਿਕਾਰਡ ਹੋ ਗਿਆ। ਚੋਟੀ ਦੇ ਗਾਇਕ ਗੁਰਦਾਸ ਮਾਨ ਵੱਲੋਂ ਗਾਏ ਜਾਣ ਨਾਲ ਇਸ ਗੀਤ ਦੀ ਗੂੰਜ ਦੂਰ ਦੂਰ ਤਕ ਪਹੁੰਚ ਗਈ। ਰਹਿੰਦੀ ਕਸਰ ਉਹਦੇ ਕਬੱਡੀ ਦੇ ਪਲੇਠੇ ਗੀਤ ‘ਸਿੰਗ ਫਸਗੇ ਕੁੰਢੀਆਂ ਦੇ, ਮਿੱਤਰਾ ਬਹਿਜਾ ਗੋਡੀ ਲਾ ਕੇ’ ਨੇ ਕੱਢ ਦਿੱਤੀ। ਹੁਣ ਹਰਜੀਤ ਬਾਜਾਖਾਨਾ ਦੇ ਕਬੱਡੀ ਟੂਰਨਾਮੈਂਟ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਪੰਜਾਬੀ ਖੇਡ ਮੇਲਿਆਂ ਵਿਚ ਪਈ ‘ਮੱਖਣ ਬਰਾੜ, ਮੱਖਣ ਬਰਾੜ’ ਹੁੰਦੀ ਹੈ। ਜਿੰਨੇ ਕੁ ਖੇਡ ਮੇਲੇ ਮੈਂ ਤੇ ਪ੍ਰੋ. ਮੱਖਣ ਸਿੰਘ ਨੇ ਦੇਖੇ ਨੇ, ਓਨੇ ਕੁ ਖੇਡ ਮੇਲਿਆਂ `ਚ ਮੱਖਣ ਬਰਾੜ ਵੀ ਹਾਜ਼ਰੀ ਲੁਆ ਚੁੱਕਾ ਹੈ। ਅਸੀਂ ਉਥੇ ਮੈਚਾਂ ਦੀ ਕੁਮੈਂਟਰੀ ਕਰਦੇ ਤੇ ਉਹ ਸਿ਼ਅਰੋ ਸ਼ਾਇਰੀ ਸੁਣਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦਾ। ਕੈਨੇਡਾ ਜਾਣ ਤੋਂ ਪਹਿਲਾਂ ਉਹ ਪੱਗ ਬੰਨ੍ਹਦਾ ਸੀ ਪਰ ਕੈਨੇਡਾ ਜਾ ਕੇ ਪਟੇ ਰੱਖ ਲਏ ਸਨ। ਸੱਠਾਂ ਸਾਲਾਂ ਦਾ ਹੋ ਕੇ ਫਿਰ ਦਸਤਾਰ ਸਜਾਉਣ ਲੱਗ ਪਿਆ। ਪਟਿਆਂ ਉਤੋਂ ਦੀ ਪੱਗ ਬੰਨ੍ਹ ਕੇ ਕੈਨੇਡਾ ਕਬੱਡੀ ਕੱਪ ਵਿਚ ਪੁੱਜਾ ਤਾਂ ਜਾਂਦਿਆਂ ਸਿ਼ਅਰ ਸੁਣਾਇਆ:
ਹੋਵੇ ਬਦਲਣਾ ਆਪਣੇ ਆਪ ਨੂੰ ਜੇ,
ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ
ਬਿਨਾਂ ਵਰਦੀ ਦੇ ਲੱਗਦਾ ਆਮ ਬੰਦਾ,
ਵਰਦੀ ਪਾਈ ਤੋਂ ਹੀ ਠਾਣੇਦਾਰ ਲੱਗਦਾ
ਕੀਹਦਾ ਪੁੱਤ ਇਹ ਕੀਹਦਾ ਹੋਊ ਪੋਤਾ,
ਬੰਨ੍ਹੀ ਪੱਗ ਜੇ ਹੋਵੇ ਸਰਦਾਰ ਲੱਗਦਾ
ਪਹਿਲਾਂ ਦੇਖਣ ਨੂੰ ਗੰਜਾ ਜਾ ਲੱਗਦਾ ਸੀ,
ਹੁਣ ਦੇਖੋ ਖਾਂ ਮੱਖਣ ਬਰਾੜ ਲੱਗਦਾ!
ਇਸ ਤਰ੍ਹਾਂ ਦੀ ਟੋਟਕੇਬਾਜ਼ੀ ਨਾਲ ਉਹ ਸਰੋਤਿਆਂ ਦਾ ਜੀਅ ਪਰਚਾਉਂਦਾ ਰਹਿੰਦਾ ਹੈ:
ਪੈਸੇ ਕੱਢ ਕੇ ਬਾਪੂ ਦੀ ਜੇਬ ਵਿਚੋਂ,
ਬੋਤਲ ਠੇਕੇ ਤੋਂ ਪੀਵਣੀ ਬੜੀ ਸੌਖੀ
ਪੱਲਿਓਂ ਪੀਂਦੇ ਜੋ ਪੀਣੀ ਛੱਡ ਜਾਂਦੇ,
ਮਿਲੇ ਮੁਫ਼ਤ ਤਾਂ ਛੱਡਣੀ ਬੜੀ ਔਖੀ
ਬਿਨਾਂ ਟੀਕੇ ਦੇ ਕੌਡੀ ਨਾ ਖੇਡ ਹੁੰਦੀ,
ਟੀਕਾ ਲਾਏ ਤੋਂ ਖੇਡਣੀ ਬੜੀ ਸੌਖੀ
ਸੌਖੀ ਮੱਝ ਨਾ ਕੱਢਣੀ ਛੱਪੜ ਵਿਚੋਂ,
ਤੀਵੀਂ ਹੱਟੀ ਚੋਂ ਕੱਢਣੀ ਬੜੀ ਔਖੀ!
1995 ਵਿਚ ਹੇਵਰਡ ਯੂਨੀਵਰਸਿਟੀ ਦੇ ਸਟੇਡੀਅਮ ਵਿਚ ‘ਕੈਲੀਫੋਰਨੀਆ ਕਬੱਡੀ ਕੱਪ’ ਹੋ ਰਿਹਾ ਸੀ। ਮੈਂ ਤੇ ਦਾਰਾ ਗਰੇਵਾਲ ਉਥੇ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਗਏ ਸਾਂ। ਉਦੋਂ ਗਾਇਕ ਜਗਤ ਸਿੰਘ ਜੱਗਾ ਜਿਊਂਦਾ ਸੀ। ਕਿਹਾ ਜਾਂਦਾ ਸੀ ਕਿ ਉਸ ਨੇ ਕਤਲ ਕੇਸ ਵਿਚ ਦਾਰੇ ਪਹਿਲਵਾਨ ਨਾਲ ਫਿਰੋਜ਼ਪੁਰ ਜੇਲ੍ਹ ਵਿਚ ਕੈਦ ਕੱਟੀ ਸੀ। ਉਹ ਚਿੱਟਾ ਚਾਦਰਾ, ਚਿੱਟਾ ਕੁੜਤਾ ਤੇ ਚਿੱਟੀ ਟੌਰੇ ਵਾਲੀ ਪੱਗ ਬੰਨ੍ਹ ਕੇ ਚਿਮਟੇ ਨਾਲ ਗਾਇਆ ਕਰਦਾ ਸੀ। ਆਖ਼ਰੀ ਉਮਰੇ ਉਹ ਅਮਰੀਕਾ ਚਲਾ ਗਿਆ ਸੀ। ਉਹ ਵੀ ਸਟੇਜ ਤੇ ਆ ਪੁੱਜਾ ਪਰ ਮੈਂ ਉਸ ਨੂੰ ਸਿਆਣ ਨਾ ਸਕਿਆ। ਉੱਦਣ ਉਹ ਚਿੱਟੇ ਚਾਦਰੇ ਤੇ ਚਿੱਟੇ ਕਲੀਆਂ ਵਾਲੇ ਕੁੜਤੇ ਵਿਚ ਨਹੀਂ ਸੀ। ਉਹ ਮੈਨੂੰ ਕਹਿਣ ਲੱਗਾ, “ਪ੍ਰੋਫ਼ੈਸਰ ਸਾਹਿਬ ਮੈਂ ਕਬੱਡੀ `ਤੇ ਗੀਤ ਲਿਖਿਐ। ਲਓ ਪੜ੍ਹ ਲਓ, ਜੇ ਸਮਾਂ ਮਿਲਿਆ ਤਾਂ ਲੋਕਾਂ ਨੂੰ ਸੁਣਾ ਵੀ ਦੇਵਾਂਗੇ। ਗੀਤ ਦਾ ਮੁਖੜਾ ਸੀ: ਹਟ ਕਬੱਡੀ ਯਾਰਾਂ ਦੀ, ਇਹ ਖੇਡ ਵੱਡੇ ਸਰਦਾਰਾਂ ਦੀ…।
ਮੇਰੀ ਜਾਣਕਾਰੀ ਮੁਤਾਬਿਕ ਕਬੱਡੀ ਦਾ ਉਹ ਪਹਿਲਾ ਗੀਤ ਸੀ ਪਰ ਉਸ ਨੂੰ ਜੱਗਾ ਰਿਕਾਰਡ ਨਾ ਕਰਵਾ ਸਕਿਆ। ਛੇਤੀ ਹੀ ਉਸ ਦਾ ਦੇਹਾਂਤ ਹੋ ਗਿਆ। ਇਸ ਲਈ ਕਬੱਡੀ ਦਾ ਪਹਿਲਾ ਗੀਤ ਮੱਖਣ ਬਰਾੜ ਦੇ ਨਾਂ ਲੱਗ ਗਿਆ ਜੋ 2000 ਦੇ ਆਸ ਪਾਸ ਰਿਕਾਰਡ ਹੋਇਆ:
ਮੁੰਡੇ ਕੌਡੀ ਖੇਡਣ ਬਈ,
ਖੇਡਣ ਵਿਚ ’ਖਾੜਿਆਂ ਆ ਕੇ
ਚਿਹਰੇ ਦਗਦੇ ਸ਼ੇਰਾਂ ਦੇ,
ੱਖਦੇ ਡੌਲਿ਼ਆਂ ਨੂੰ ਲਿਸ਼ਕਾ ਕੇ
ਦੁਨੀਆਂ ਪਹੁੰਚੀ ਜਾਂਦੀ ਐ,
ਦੂਰੋਂ ਨੇੜਿਓਂ ਹੁੰਮ ਹੁੰਮਾ ਕੇ
ਸਿੰਗ ਫਸਗੇ ਕੁੰਢੀਆਂ ਦੇ,
ਮਿੱਤਰਾ ਬਹਿ ਜਾ ਗੋਡੀ ਲਾ ਕੇ
ਆਹ ਪੁੱਤ ਬਰਾੜਾਂ ਦਾ,
ਜੀਹਦਾ ਪਿੰਡ ਹੈ ਬਾਜਾਖਾਨਾ
ਗਾਗੋ ਕਹਿੰਦਾ ਕਾਲੇ ਨੂੰ,
ਅੱਜ ਨੀ ਛੱਡਣਾ ਕੋਈ ਜੁਆਨਾਂ
ਔਹ ਬਾਘਾ ਮੱਲਕਿਆਂ ਦਾ,
ਜੱਫੇ ਲਾਉਂਦਾ ਗਰਮੀ ਖਾ ਕੇ
ਸਿੰਗ ਫਸਗੇ ਕੁੰਢੀਆਂ ਦੇ…
ਔਹ ਮਾਰਨ ਥਾਪੀਆਂ ਬਈ,
ਤੋਚੀ ਲੱਖਾ ਜਵਾਹਰਾ ਲਾਲੀ
ਲੋਕੀਂ ਗੱਲਾਂ ਕਰਦੇ ਆ,
ਭੀਮਾ ਮੰਦਰ ਮੁੜਨ ਨਾ ਖਾਲੀ
ਔਹ ਵੈੱਲੀ ਭੱਜ ਤੁਰਿਆ,
ਜੀਤੇ ਮੌੜ ਨਾ ਪੰਗਾ ਪਾ ਕੇ
ਸਿੰਗ ਫਸਗੇ ਕੁੰਢੀਆਂ ਦੇ…
ਇਸ ਪਿੱਛੋਂ ਕਬੱਡੀ ਦੇ ਦਰਜਨਾਂ ਗੀਤ ਰਿਕਾਰਡ ਹੋਏ। ‘ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ’ ਤੋਂ ਲੈ ਕੇ ‘ਜੁਗਾਂ ਜੁਗਾਂ ਤੋਂ ਕਰਨ ਪੰਜਾਬੀ, ਪਿਆਰ ਕਬੱਡੀ ਨੂੰ’ ਤਕ। ਜਿਸ ਖੇਡ ਦੇ ਗੀਤ ਚੱਲ ਪੈਣ ਉਹਦੀ ਹਰਮਨ-ਪਿਆਰਤਾ ਦਾ ਕੋਈ ਹੱਦ ਬੰਨਾ ਨਹੀਂ ਰਹਿੰਦਾ। ਕਬੱਡੀ ਮੇਲਿਆਂ ਵਿਚ ਕੁਮੈਂਟੇਟਰਾਂ ਦਾ ਆਪਣਾ ਰੋਲ ਹੁੰਦਾ ਹੈ ਤੇ ਮਨੋਰੰਜਨ ਕਰਨ ਵਾਲਿਆਂ ਦਾ ਆਪਣਾ। ਮੱਖਣ ਬਰਾੜ ਦਾ ਰੋਲ ਆਮ ਕਰ ਕੇ ਮਨੋਰੰਜਨ ਕਰਨ ਦਾ ਹੀ ਰਿਹਾ ਹੈ। ਇਸ ਗੇੜ ਵਿਚ ਉਸ ਨੇ ਭਾਰਤ ਤੇ ਕੈਨੇਡਾ ਤੋਂ ਬਾਹਰ ਇੰਗਲੈਂਡ, ਜਰਮਨੀ, ਸਵਿਟਰਜ਼ਰਲੈਂਡ, ਹਾਲੈਂਡ, ਫਰਾਂਸ, ਪੋਲੈਂਡ, ਨਾਰਵੇ, ਅਮਰੀਕਾ, ਪਾਕਿਸਤਾਨ, ਦੁਬਈ, ਆਬੂਧਾਬੀ, ਆਸਟਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ ਤੇ ਸਿੰਗਾਪੁਰ ਦੇ ਪੰਜਾਬੀ ਮੇਲਿਆਂ ਵਿਚ ਰੌਣਕਾਂ ਲਾਈਆਂ ਹਨ।
ਮੱਖਣ ਬਰਾੜ ਵਾਂਗ ਪੰਜਾਬ ਦੇ ਕਬੱਡੀ ਵਰਲਡ ਕੱਪ-2010 ਵਿਚ ਭਗਵੰਤ ਮਾਨ ਵੀ ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਸ਼ਾਮਲ ਸੀ। ਉਦੋਂ ਉਹ ਸਿਆਸੀ ਨੇਤਾ ਨਹੀਂ, ਕੇਵਲ ਕਾਮੇਡੀਅਨ ਸੀ। ਉਸ ਨੂੰ ਭੀੜਾਂ ਖਿੱਚਣ ਲਈ ਹੀ ਬਾਦਲ ਸਰਕਾਰ ਨੇ ਲੱਖਾਂ ਦੀ ਸਾਈ ਦੇ ਕੇ ਸੱਦਿਆ ਸੀ। ਕਬੱਡੀ ਬਾਰੇ ਜਾਣਕਾਰੀ ਦੇਣ ਮੈਂ ਉਸ ਨੂੰ ਕਿਤਾਬ ‘ਕਬੱਡੀ ਕਬੱਡੀ ਕਬੱਡੀ’ ਭੇਟ ਕੀਤੀ। ਉਸਨੇ ਕਾਮੇਡੀ ਵਾਲੀ ਕੁਮੈਂਟਰੀ ਨਾਲ ਸਟੇਡੀਅਮ ਵਿਚ ਬੈਠੇ ਤੇ ਟੀਵੀ ਵੇਖਦੇ ਲੱਖਾਂ ਕਰੋੜਾਂ ਦਰਸ਼ਕਾਂ ਦਾ ਮਨੋਰੰਜਨ ਜੁ ਕਰਨਾ ਸੀ। ਉਹ ਫਿਰ ਇਹੋ ਜਿਹੇ ਟੋਟਕੇ ਸੁਣਾਉਣ ਲੱਗਾ: ਹਰ ਤਰਫ਼ ਯਹੀ ਅਫ਼ਸਾਨੇ ਹੈਂ, ਹਮ ਕੌਡ-ਕਬੱਡੀ ਕੇ ਦੀਵਾਨੇ ਹੈਂ। ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ, ਲੋਕੀਂ ਦੇਖਦੇ ਨੇ ਦੂਰੋਂ ਖੜ੍ਹ ਖੜ੍ਹ ਕੇ। ਵਿਚ ਮੈਦਾਨੇ ਭਿੜਨਾ ਕੰਮ ਹੈ ਹੁੰਦਾ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਚੌਕੇ ਛਿੱਕੇ ਭੁੱਲੇ ਕੌਡੀ ਦੀ ਗੱਲ ਚਲਦੀ, ਆਈਪੀਐੱਲ ਤਾਂ ਹੋ ਗਈ ਯਾਰੋ ਗੱਲ ਕੱਲ੍ਹ ਦੀ। ਖੇਡ ਕਬੱਡੀ ਦੇਖਣ ਲੋਕੀਂ ਛੱਤਾਂ ਤੋਂ ਲਮਕਣਗੇ, ਧੋਨੀ ਸਚਿਨ ਵਾਂਗੂੰ, ਮੰਗੀ ਬੱਗਾ ਬਿੱਟੂ ਦੁੱਲਾ ਚਮਕਣਗੇ…। ਮੈਚ ਤੋਂ ਪਹਿਲਾਂ, ਮੈਚ ਦੀ ਬਰੇਕ ਸਮੇਂ ਤੇ ਮੈਚ ਤੋਂ ਪਿੱਛੋਂ ਮਾਈਕ ਉਹਦੇ ਹੱਥ ਹੁੰਦਾ ਸੀ। ਮੱਖਣ ਬਰਾੜ ਨੂੰ ਵੀ ਅਸੀਂ ਉਦੋਂ ਹੀ ਮਾਈਕ ਫੜਾਉਂਦੇ ਜਦੋਂ ਮੈਚ ਰੁਕਦਾ ਤਾਂ ਜੋ ਦਰਸ਼ਕ ਹਿੱਲਣ ਨਾ। ਉਹ ਕੋਈ ਨਵਾਂ ਲਿਖਿਆ ਸਿ਼ਅਰ ਸੁਣਾਉਂਦਾ ਤੇ ਸਰੋਤਿਆਂ ਦੀ ਮੰਗ ਤੇ ਪੁਰਾਣੇ ਵੀ ਦੁਹਰਾਉਂਦਾ। ਏਨੇ ਨਾਲ ਕੁਮੈਂਟੇਟਰ ਨੂੰ ਦਮ ਮਿਲ ਜਾਂਦਾ।
ਮੱਖਣ ਬਰਾੜ ਦਾ ਜਨਮ ਪਿੰਡ ਮੱਲਕੇ ਜਿ਼ਲ੍ਹਾ ਮੋਗਾ ਵਿਚ ਪਿਤਾ ਪੂਰਨ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ 3 ਜਨਵਰੀ 1949 ਨੂੰ ਹੋਇਆ ਸੀ। ਉਹਦੀ ਮਾਂ ਕਹਿੰਦੀ ਹੁੰਦੀ ਸੀ, ‘ਹੱਲਿਆਂ ਵਾਲੇ ਸਾਲ’ ਤੋਂ ਡੂਢ ਸਾਲ ਪਿੱਛੋਂ ਜੰਮਿਆ ਸੀ। ਗ਼ੌਰ ਕਰਨ ਵਾਲੀ ਗੱਲ ਹੈ ਕਿ ‘ਆਜ਼ਾਦੀ’ ਵਾਲੇ ਸਾਲ ਨੂੰ ਕੋਈ ‘ਹੱਲਿਆਂ ਵਾਲਾ ਸਾਲ’, ਕੋਈ ‘ਰੌਲਿ਼ਆਂ ਵਾਲਾ ਸਾਲ’ ਤੇ ਕੋਈ ‘ਉਜਾੜੇ ਵਾਲਾ ਸਾਲ’ ਕਹਿੰਦਾ ਹੈ। ਉਦੋਂ ਦਸ ਲੱਖ ਪੰਜਾਬੀ ‘ਆਜ਼ਾਦੀ’ ਦੀ ਭੇਟ ਚੜ੍ਹੇ ਸਨ। 1947 ਦਾ ਸਾਲ ਪੰਜਾਬੀਆਂ ਅਤੇ ਬੰਗਾਲੀਆਂ ਲਈ ‘ਆਜ਼ਾਦੀ’ ਦਾ ਘੱਟ ਪਰ ‘ਬਰਬਾਦੀ’ ਦਾ ਵੱਧ ਸਾਲ ਸਾਬਤ ਹੋਇਆ। ਇਕੋ ਬੋਲੀ ਤੇ ਇਕੋ ਸਭਿਆਚਾਰ ਸੰਗ ਜਿਊਂਦੇ ਕਰੋੜਾਂ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਦੇ ਉਲਟ ਧਿੰਗੋਜ਼ੋਰੀ ਨਿਖੇੜ ਦਿੱਤਾ ਗਿਆ। ਹਾਕਮਾਂ ਨੇ ਰਾਜ ਗੱਦੀਆਂ ਲਈ ਲੋਕ ਧਰਮਾਂ ਦੇ ਨਾਂ ਤੇ ਨਾ ਸਿਰਫ਼ ਆਪਸ ਵਿਚ ਵੰਡੇ ਬਲਕਿ ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ। ਨਵੇਂ ਹਾਕਮਾਂ ਨੇ ਵੀ ਇਸ ਪਾੜੇ ਨੂੰ ਮੇਟਣ ਦੀ ਥਾਂ ਹੋਰ ਡੂੰਘਾ ਹੀ ਕੀਤਾ। ਪਾੜਾ ਮੇਟਣ ਲਈ ਮੱਖਣ ਬਰਾੜ ਵਰਗੇ ਗੀਤਕਾਰ ਨੂੰ ਆਪਣੇ ਗੀਤ ਵਿਚ ਪੁਕਾਰ ਕਰਨੀ ਪਈ: ਸੁਖੀ ਵਸੇ ਕਸ਼ਮੀਰ, ਮੁੱਕੇ ਰੇੜਕਾ ਪਸੌ਼ਰ ਦਾ, ਕਰੀਂ ਕਿਤੇ ਮੇਲ ਰੱਬਾ! ਦਿੱਲੀ ਤੇ ਲਾਹੌਰ ਦਾ…।
ਇਹ ਗੀਤ ਰਿਕਾਰਡ ਕਰਾਉਣ ਵਾਲਾ ਗਿੱਲ ਹਰਦੀਪ, ਢੁੱਡੀਕੇ ਕਾਲਜ ਵਿਚ ਪੜ੍ਹਨ ਵੇਲੇ ਮੇਰੇ ਰਜਿਸਟਰ ਵਿਚ ਹਰਦੀਪ ਸਿੰਘ ਲਿਖਿਆ ਹੁੰਦਾ ਸੀ। ਉਹ ਕੋਕਰੀ ਤੋਂ ਪੜ੍ਹਨ ਆਉਂਦਾ ਸੀ। ਆਪਣੇ ਸਫ਼ਰਨਾਮੇ ‘ਫੇਰੀ ਵਤਨਾਂ ਦੀ’ ਦਾ ਇਕ ਕਾਂਡ ਮੈਂ ਉਹਦੇ ਗਾਣੇ ਨਾਲ ਸ਼ੁਰੂ ਕੀਤਾ ਸੀ:
ਧੁੰਦ ਪੈਂਦੀ ਲੋਹੜੇ ਦੀ ਮੇਰਾ ਅੰਗ ਅੰਗ ਜਾਂਦਾ ਠਰਦਾ
ਸੀਟੀ ਮਾਰ ਅਰਜਨਾ ਵੇ ਭੁੱਲਗੀ ਮੋੜ ਗੁਲਾਬੋ ਘਰਦਾ…
ਗੱਡੀ ਵਿਚ ਉਹਦਾ ਗਾਣਾ ਗੂੰਜ ਰਿਹਾ ਸੀ। ਬਾਹਰ ਧੁੰਦ ਸੀ ਤੇ ਅੰਦਰ ਠਾਰੀ। ਪੋਹ ਦੀ ਠੰਢ ’ਚ ਅੰਗ ਸੱਚੀਮੁੱਚੀਂ ਠਰੀ ਜਾਂਦੇ ਸਨ। ਹਰਦੀਪ ਦੀ ਆਵਾਜ਼ ’ਚ ਲੋਹੜੇ ਦਾ ਸੋਜ਼ ਸੀ। ਸਮੇਂ ਤੇ ਸਥਾਨ ਦਾ ਅਜੀਬ ਮੇਲ ਸੀ। ਗੱਡੀ ਢੁੱਡੀਕੇ ਤੋਂ ਮੱਦੋਕੇ ਜਾ ਰਹੀ ਸੀ। ਢੁੱਡੀਕੇ ਦਾ ਕਾਲਜ ਜਿਥੇ ਮੈਂ 30 ਸਾਲ ਪੜ੍ਹਾਇਆ, ਧੁੰਦ ਦੀ ਬੁੱਕਲ ’ਚ ਸੁੱਤਾ ਪਿਆ ਸੀ। ਉਹਦੇ ਗੇਟ ਅੱਗੇ ਅਸੀਂ ਕੁਝ ਪਲ ਰੁਕੇ। ਮੈਂ ਸਿਰ ਨਿਵਾ ਕੇ ਸਿਜਦਾ ਕੀਤਾ ਜਿਥੇ 1967 ਤੋਂ 96 ਤਕ ਪੜ੍ਹਾਉਂਦਾ ਰਿਹਾ ਸਾਂ। ਗੀਤ ਲਗਾਤਾਰ ਗੂੰਜੀ ਜਾਂਦਾ ਸੀ, ਸੀਟੀ ਮਾਰ ਅਰਜਨਾ ਵੇ…।
ਮੈਨੂੰ ਹਰਦੀਪ ਨਾਲ ਅਰਜਨ ਵੀ ਯਾਦ ਆ ਗਿਆ। ਕੌਂਕਿਆਂ ਦਾ ਅਰਜਨ ਕਬੱਡੀ ਦਾ ਤਕੜਾ ਧਾਵੀ ਸੀ ਜਿਸ ਨੇ ਆਪਣੀ ਖੇਡ ਦੀਆਂ ਧੁੰਮਾਂ ਵਲਾਇਤਾਂ ਤਕ ਜਾ ਪਾਈਆਂ ਸਨ। ਹਰਦੀਪ ਗਾਉਣ ਲੱਗਾ ਰੋਡਵੇਜ਼ ਦੀ ਲਾਰੀ ਦੀਆਂ ਨਕਲਾਂ ਲਾਇਆ ਕਰਦਾ ਸੀ ਜਿਹੜੀ ਮਸਾਂ ਸਟਾਰਟ ਹੁੰਦੀ ਸੀ। ਉਹ ਮੂੰਹ ਨਾਲ ਹੀ ਕੰਡਕਟਰ ਦੀ ਸੀਟੀ ਵਜਾਉਂਦਾ ਤੇ ਰੇਸ ਘਟਾਉਂਦਾ ਵਧਾਉਂਦਾ। ਉਦੋ ਕਿਸੇ ਦੇ ਖ਼ਾਬ ਖਿ਼ਆਲ ਵਿਚ ਵੀ ਨਹੀਂ ਸੀ ਕਿ ਉਹ ਕਹਿੰਦਾ ਕਹਾਉਂਦਾ ਗਾਇਕ ਬਣੇਗਾ। ਆਹ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ, ਇਹਦੇ ਪਿੱਛੇ ‘ਕਰੀਂ ਕਿਤੇ ਮੇਲ ਰੱਬਾ’ ਵਰਗੇ ਗੀਤਾਂ ਦਾ ਵੀ ਯੋਗਦਾਨ ਹੈ।
ਗਿੱਲ ਹਰਦੀਪ ਜਦੋਂ ‘ਮਨ ਵਿਚ ਵਸਣੈ, ਵਸਣੈ ਵੇ ਰਹਿੰਨੈਂ ਅੱਖੀਆਂ ਤੋਂ ਦੂਰ, ਤੂੰ ਕੀ ਜਾਣੇ, ਸੱਜਣਾ ਮੈਂ ਐਥੇ ਕਿੰਨੀ ਮਜਬੂਰ… ’ ਗਾ ਰਿਹਾ ਹੁੰਦੈ ਤਾਂ ਜਾਪਦੈ ਜਿਵੇਂ ਦਿਲਸ਼ਾਦ ਅਖ਼ਤਰ ਮੁੜ ਜੀਅ ਪਿਆ ਹੋਵੇ। ਉਹਦਾ ਮੁਹਾਂਦਰਾ ਦਿਲਸ਼ਾਦ ਅਖ਼ਤਰ ਨਾਲ ਮਿਲਦਾ ਜੁਲਦਾ ਹੈ ਅਤੇ ਆਵਾਜ਼ ਵੀ। ਉਂਜ ਵੀ ਉਹਦੇ ਗਾਇਕੀ ਦੇ ਮਾਡਲ ਆਲਮ ਲੁਹਾਰ, ਸ਼ੌਕਤ ਅਲੀ ਤੇ ਦਿਲਸ਼ਾਦ ਅਖ਼ਤਰ ਹੀ ਹਨ। ਪਿਛਲੇ ਕਈ ਸਾਲਾਂ ਤੋਂ ਗਿੱਲ ਹਰਦੀਪ ਤੇ ਮੱਖਣ ਬਰਾੜ ਇਕੱਠੇ ਪ੍ਰੋਗਰਾਮ ਪੇਸ਼ ਕਰਦੇ ਆ ਰਹੇ ਹਨ। ਮੱਖਣ ਬਰਾੜ ਦੇ ਗੀਤ ਬੇਸ਼ਕ ਗੁਰਦਾਸ ਮਾਨ, ਹੰਸ ਰਾਜ ਹੰਸ, ਮਲਕੀਤ ਸਿੰਘ, ਸਰਬਜੀਤ ਚੀਮਾ, ਮੰਡੇਰ ਬ੍ਰਦਰਜ਼, ਅੰਗਰੇਜ਼ ਅਲੀ, ਸਤਵਿੰਦਰ ਬੁੱਗਾ, ਰਾਜ ਬਰਾੜ, ਬਲਬੀਰ ਚੋਟੀਆਂ, ਬੱਬੂ ਗੁਰਪਾਲ, ਲਾਭ ਹੀਰਾ, ਜਗਤਾਰ ਬਰਾੜ ਤੇ ਗੁਰਤੇਜ ਵਰਗਿਆਂ ਨੇ ਵੀ ਗਾਏ ਹਨ ਪਰ ਸਭ ਤੋਂ ਵੱਧ ਗਿੱਲ ਹਰਦੀਪ ਨੇ ਹੀ ਗਾਏ ਹਨ: ਕਰੀਂ ਕਿਤੇ ਮੇਲ ਰੱਬਾ, ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਐ, ਹਾੜ੍ਹੇ ਲਾਂਘਾ ਖੋਲ੍ਹ ਦਿਓ ਬਾਬੇ ਦੇ ਖੇਤਾਂ ਨੂੰ ਆਦਿ।
ਮੱਖਣ ਬਰਾੜ ਦੱਸਦਾ ਹੈ: ਇਕ ਵਾਰ ਗਿੱਲ ਹਰਦੀਪ ਕੈਨੇਡਾ ਵਿਚ ਮੇਰਾ ਗੀਤ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ’ ਗਾ ਰਿਹਾ ਸੀ। ਉਥੇ ਇਕ ਪਾਕਿਸਤਾਨੀ ਭਰਾ ਕਹਿਣ ਲੱਗਾ, ਮੈਂ ਗੀਤ ਲਿਖਣ ਵਾਲੇ ਨੂੰ ਵੀ ਇਨਾਮ ਦੇਣਾ। ਉਸ ਨੇ ਮੇਰੀ ਨਾਂਹ-ਨੁੱਕਰ ਦੇ ਬਾਵਜੂਦ ਮੈਨੂੰ ਇਕ ਹਜ਼ਾਰ ਡਾਲਰ ਦਾ ਇਨਾਮ ਦਿੱਤਾ। ਇਕ ਵਾਰ ਮੈਂ ਮੁੰਬਈ ਗਿਆ। ਉਥੇ ਇਕ ਫੰਕਸ਼ਨ ਵਿਚ ਧਰਮਿੰਦਰ, ਸੁਨੀਲ, ਕਪੂਰ ਫੈਮਲੀ, ਕਾਦਰ ਖਾਨ, ਬਲਦੇਵ ਖੋਸਾ ਤੇ ਹੋਰ ਪੰਜਾਬੀ ਕਲਾਕਾਰ ਆਏ ਸਨ। ‘ਆਪਣਾ ਪੰਜਾਬ ਹੋਵੇ’ ਗੀਤ ਚੱਲਿਆ ਤਾਂ ਉਹਨਾਂ ਨੇ ਨੋਟਾਂ ਨਾਲ ਮੇਰੇ ਬੋਝੇ ਭਰ ਦਿੱਤੇ, ਬਈ ਗੀਤ ਨਾਲ ਮੁੜ ਕੇ ਪੰਜਾਬ ਦੇਖ ਲਿਆ। ਕਾਦਰ ਖਾਨ ਨੇ ‘ਕਰੀਂ ਕਿਤੇ ਮੇਲ ਰੱਬਾ’ ਸਣਿਆ ਤਾਂ ਨੋਟਾਂ ਦਾ ਰੁੱਗ ਮੇਰੇ ਬੋਝੇ ਵਿਚ ਤੁੰਨ ਦਿੱਤਾ। ਜੇ ਮੈਂ ਗੀਤਾਂ ਵਿਚ ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਮਾਣ ਦਿੱਤਾ ਤਾਂ ਪੰਜਾਬੀਆਂ ਨੇ ਵੀ ਮੈਨੂੰ ਮਾਨਾਂ ਸਨਮਾਨਾਂ ਨਾਲ ਲੱਦ ਦਿੱਤਾ।
ਮੱਖਣ ਬਰਾੜ ਦਾ ਪਿੰਡ ਮੱਲਕੇ ਭਾਵੇਂ ਕਿਸੇ ਵੱਡੇ ਸ਼ਹਿਰ ਜਾਂ ਸੜਕ ਨਾਲ ਨਹੀਂ ਲੱਗਦਾ ਪਰ ਉਸ ਦੀ ਮਸ਼ਹੂਰੀ ਬਹੁਤ ਹੈ। ਪਹਿਲਾਂ ਇਹ ਗੁੰਮਨਾਮ ਪਿੰਡ ਸੀ, ਹੁਣ ਗਾਉਣ ਵਾਲਿਆਂ ਦਾ ਪਿੰਡ ਵੱਜਦਾ ਹੈ। ਰਾਜ ਬਰਾੜ, ਰਾਜਿੰਦਰ ਬਰਾੜ ਤੇ ਹੋਰ ਕਈ ਬਰਾੜ ਇਥੋਂ ਦੇ ਗਾਇਕ ਤੇ ਗੀਤਕਾਰ ਹਨ। ਕਬੱਡੀ ਦਾ ਪ੍ਰਸਿੱਧ ਖਿਡਾਰੀ ਦਿਲਬਾਗ ਬਾਘਾ ਵੀ ਮੱਲਕਿਆਂ ਦਾ ਹੈ। ਇਸ ਪਿੰਡ ਵਿਚ ਪੰਜਾਬ ਦਾ ਮਰਹੂਮ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਵਿਆਹਿਆ ਸੀ। ਕਈਆਂ ਨੂੰ ਹੈਰਾਨੀ ਹੋਵੇਗੀ ਕਿ ਸੌ ਸਾਲ ਪਹਿਲਾਂ ਮਾਝੇ ਦਾ ਮੁੰਡਾ ਮਾਲਵੇ ਦੀ ਕੁੜੀ ਨਾਲ ਕਿਵੇਂ ਵਿਆਹਿਆ ਗਿਆ?
ਪਰਤਾਪ ਸਿੰਘ ਕੈਰੋਂ ਦੀ ਪਤਨੀ ਸਰਦਾਰਨੀ ਰਾਮ ਕੌਰ ਮੱਲਕੇ ਦੇ ਸਾਧਾਰਨ ਕਿਸਾਨ ਸੰਮਾ ਸਿੰਘ ਬਰਾੜ ਦੀ ਧੀ ਸੀ ਜੋ ਪਿੰਡ ਕੈਰੋਂ ਵਿਖੇ ਕੁੜੀਆਂ ਦੀ ਪਾਠਸ਼ਾਲਾ ਵਿਚ ਪੜ੍ਹੀ ਸੀ। ਉਸ ਨੇ ਮੁੱਢਲੀ ਸਿੱਖਿਆ ਮੱਲਕੇ ਦੇ ਸਫੈਦਪੋਸ਼ ਬਾਬਾ ਸ਼ਾਮ ਸਿੰਘ ਤੋਂ ਲਈ ਸੀ ਜਿਸ ਨੇ ਸੰਮਾ ਸਿੰਘ ਨੂੰ ਕਿਹਾ ਕਿ ਬੀਬੀ ਪੜ੍ਹਨ ਵਾਲੀ ਹੈ, ਇਸ ਨੂੰ ਦਸਵੀਂ ਤਕ ਜ਼ਰੂਰ ਪੜ੍ਹਾਓ। ਤਿੰਨ ਕੁੜੀਆਂ ਦੇ ਮਾਪੇ ਮਸਾਂ ਮੰਨੇ। ਉਨ੍ਹੀਂ ਦਿਨੀਂ ਪਿੰਡਾਂ ਦੇ ਅਣਪੜ੍ਹ ਮਾਪੇ ਆਪਣੀਆਂ ਕੁੜੀਆਂ ਨੂੰ ਇਸ ਕਰ ਕੇ ਵੀ ਨਹੀਂ ਸਨ ਪੜ੍ਹਾਉਂਦੇ ਕਿ ਪੜ੍ਹ ਲਿਖ ਕੇ ਮੁੰਡਿਆਂ ਨੂੰ ਚਿੱਠੀਆਂ ਨਾ ਲਿਖਣ ਲੱਗ ਪੈਣ! ਪਰ ਬੀਬੀ ਰਾਮ ਕੌਰ ਨੂੰ ਦੋ ਹੋਰ ਕੁੜੀਆਂ ਨਾਲ ਕੈਰੋਂ ਦੀ ਪਾਠਸ਼ਾਲਾ ਵਿਚ ਪੜ੍ਹਨੇ ਪਾ ਦਿੱਤਾ ਗਿਆ ਜਿਸ ਨਾਲ ਉਹਦਾ ਰਿਸ਼ਤਾ ਮਾਝੇ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਹੋ ਗਿਆ। ਪਰਤਾਪ ਸਿੰਘ ਦਾ ਪਿਤਾ ਨਿਹਾਲ ਸਿੰਘ ਉੱਘਾ ਸਮਾਜ ਸੇਵੀ ਸੀ ਜਿਸ ਨੇ ਆਪਣੇ ਪਿੰਡ ਕੈਰੋਂ ਵਿਚ ਕੁੜੀਆਂ ਦੀ ਪੜ੍ਹਾਈ ਲਈ ਪਾਠਸ਼ਾਲਾ ਖੋਲ੍ਹ ਰੱਖੀ ਸੀ। ਉਥੇ ਦੂਰ ਦੂਰ ਤੋਂ ਕੁੜੀਆਂ ਪੜ੍ਹਨ ਆਉਂਦੀਆਂ ਜੋ ਹੋਸਟਲ ਵਿਚ ਰਹਿੰਦੀਆਂ।
ਸਰਦਾਰਨੀ ਰਾਮ ਕੌਰ ਦੀ ਕੁੱਖੋਂ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਬਾਅਦ ਵਿਚ ਪਰਤਾਪ ਸਿੰਘ ਕੈਰੋਂ ਦੀ ਭਤੀਜੀ ਗੁਰਵਿੰਦਰ ਕੌਰ ਪਿੰਡ ਸਰਾਏ ਨਾਗਾ ਦੇ ਕਾਕੇ ਹਰਚਰਨ ਸਿੰਘ ਬਰਾੜ ਨਾਲ ਵਿਆਹੀ ਗਈ ਅਤੇ ਪੋਤਾ ਆਦੇਸ਼ ਪਰਤਾਪ ਸਿੰਘ, ਪ੍ਰਕਾਸ਼ ਸਿੰਘ ਬਾਦਲ ਦੀ ਬੀਬੀ ਪਰਨੀਤ ਕੌਰ ਨਾਲ ਵਿਆਹਿਆ ਗਿਆ। ਮੱਲਕੇ ਤੇ ਸਰਾਏ ਨਾਗਾ ਵਾਲੇ ਬਰਾੜ ਹਨ ਜਦ ਕਿ ਕੈਰੋਂ ਤੇ ਬਾਦਲ ਹੋਰੀਂ ਢਿੱਲੋਂ ਹਨ।
ਮੱਲਕੇ ਦੇ ਬਜ਼ੁਰਗ ਨਿੱਕੇ ਨਿੱਕੇ ਨਿੱਜੀ ਕੰਮਾਂ ਲਈ ਕੈਰੋਂ ਕੋਲ ਜਾਂਦੇ ਰਹਿੰਦੇ ਸਨ। ਇਕ ਦਿਨ ਕੈਰੋਂ ਨੇ ਕਿਹਾ, “ਮੈਂ ਤੁਹਾਡਾ ਜੁਆਈ ਭਾਈ ਆਂ। ਮੈਥੋਂ ਨਿੱਕੀਆਂ ਸਿਫਾਰਸ਼ਾਂ ਦੀ ਥਾਂ ਕੋਈ ਚੱਜ ਦਾ ਵੱਡਾ ਕੰਮ ਕਰਾਓ ਜੀਹਦਾ ਇਲਾਕੇ ਨੂੰ ਫਾਇਦਾ ਹੋਵੇ।” ਫਿਰ ਆਪ ਹੀ ਉਸ ਨੇ ਸਹੁਰੇ ਪਿੰਡਾਂ ਨੂੰ ਪੌਲੀਟੈਕਨਿਕ ਕਾਲਜ ਦੇ ਦਿੱਤਾ ਜੋ ਇਲਾਕੇ ਨੂੰ ਬੜਾ ਰਾਸ ਆਇਆ ਪਰ ਮੱਖਣ ਬਰਾੜ ਉਹਦੇ ਵਿਚ ਨਹੀਂ ਪੜ੍ਹਿਆ। ਉਸ ਨੇ ਦਸਵੀਂ ਪਾਸ ਕਰ ਕੇ ਮਾਰਕਫੈੱਡ ਵਿਚ ਨੌਕਰੀ ਕਰ ਲਈ। ਫਿਰ ਚੌਦਾਂ ਸਾਲ ਦੀ ਨੌਕਰੀ ਵਿਚਾਲੇ ਛੱਡ ਕੇ 1981 ਵਿਚ ਕੈਨੇਡਾ ਦੀ ਉਡਾਰੀ ਮਾਰ ਲਈ। ਪਹਿਲਾਂ ਵੀਡੀਓ ਸਟੋਰ ਖੋਲ੍ਹਿਆ ਤੇ ਪਿਛੋਂ ਟੈਂਟ ਹਾਊਸ। ਦੋਵੇਂ ਪੁੱਤਰ ਕੰਮ ਧੰਦਿਆਂ ਤੇ ਲੱਗੇ ਤਾਂ ਬਰੈਂਪਟਨ ਛੱਡ ਕੇ ਨਿਆਗਰਾ ਚਲਾ ਗਿਆ ਜਿਥੇ ਹੁਣ ਨਿਆਗਰਾ ਫਾਲਜ਼ ਦੇ ਨਜ਼ਾਰੇ ਲੈ ਰਿਹੈ।
ਗੁਰਦਾਸ ਮਾਨ ਨੇ ਲਿਖਿਆ: ਪੰਜਾਬੀ ਸਭਿਆਚਾਰ ਨੂੰ ਆਪਣੀ ਕਲਮ ਰਾਹੀਂ ਲਿਖ ਕੇ ਤੇ ਸਟੇਜਾਂ ਉਪਰ ਬੋਲ ਕੇ ਬਿਆਨ ਕਰਨ ਵਾਲੇ ਦਾ ਨਾਂ ਹੈ ਮੱਖਣ ਬਰਾੜ। ਪੰਜਾਬੀਆਂ ਦਾ ਉਹ ਹਰਮਨ ਪਿਆਰਾ ਸ਼ਾਇਰ ਹੈ। ਮਾਲਵੇ ਦੀ ਸਿੱਧੀ ਪੱਧਰੀ ਬੋਲੀ ਨੂੰ ਬੜੇ ਵਧੀਆ ਅਲੰਕਾਰਾਂ ਵਿਚ ਜੜ ਕੇ ਲਿਖਣਾ ਉਸ ਨੂੰ ਆਉਂਦਾ ਹੈ। ਮੱਖਣ ਬਰਾੜ ਦਾ ਲਿਖਿਆ ‘ਆਪਣਾ ਪੰਜਾਬ ਹੋਵੇ’ ਲੋਕ ਗੀਤ ਬਣ ਗਿਆ ਜਿਸ ਨੂੰ ਸੁਣਨ ਦੀ ਫਰਮਾਇਸ਼ ਮੈਨੂੰ ਹਰ ਪ੍ਰੋਗਰਾਮ ਤੇ, ਕੈਨੇਡਾ ਹੋਵੇ ਜਾਂ ਪੰਜਾਬ, ਅਮਰੀਕਾ ਹੋਵੇ ਜਾਂ ਇੰਗਲੈਂਡ ਹਰ ਜਗ੍ਹਾ ਆਉਂਦੀ ਰਹਿੰਦੀ ਹੈ। ਮੱਖਣ ਬਰਾੜ ਨਾਲ ਮਿਲਣ ਬੈਠਣ ਦਾ ਮੌਕਾ ਇਥੇ ਪੰਜਾਬ ਵਿਚ ਵੀ ਤੇ ਕੈਨੇਡਾ ਵਿਚ ਵੀ ਮਿਲਦਾ ਰਹਿੰਦਾ ਹੈ। ਸ਼ਾਇਰ ਹੋਣ ਦੇ ਨਾਲ ਉਹ ਹਸਮੁੱਖ ਤੇ ਹਾਜ਼ਰ ਜੁਆਬ ਇਨਸਾਨ ਹਨ। ਆਸ ਕਰਦਾ ਹਾਂ ਕਿ ਮੱਖਣ ਬਰਾੜ ਪੰਜਾਬੀ ਮਾਂ ਬੋਲੀ ਦਾ ਸਿਰ ਨੀਵਾਂ ਨਹੀਂ ਹੋਣ ਦੇਵੇਗਾ। ਆਮੀਨ!
ਹੰਸ ਰਾਜ ਹੰਸ ਨੇ ਲਿਖਿਆ: ਮੈਨੂੰ ਵੀ ਮੱਖਣ ਬਰਾੜ ਦਾ ਲਿਖਿਆ ਗੀਤ ਗਾਉਣ ਦਾ ਮੌਕਾ ਮਿਲਿਆ ਜੋ ਮੇਰੇ ਗਾਏ ਗੀਤਾਂ ਦੀ ਮੂਹਰਲੀ ਕਤਾਰ ਵਿਚ ਆਉਂਦਾ ਹੈ: ‘ਇਕ ਵਾਰੀ ਦੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ’। ਉਹਦੇ ਗੀਤਾਂ ਵਿਚ ਪਿੰਡਾਂ ਦੀ ਮਿੱਟੀ ਦੀ ਮਹਿਕ ਅਤੇ ਅੰਤਾਂ ਦਾ ਮੋਹ ਛੁਪਿਆ ਹੁੰਦਾ ਹੈ ਜੋ ਸੁਣਨ ਵਾਲਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਉਸ ਦੇ ਲਿਖੇ ਬੋਲ ਕਦੇ ਪੁਰਾਣੇ ਨਹੀਂ ਹੁੰਦੇ। ਰੱਬ ਕਰੇ ਸਾਡਾ ਵੀਰ ਮੱਖਣ ਬਰਾੜ ਹੋਰ ਬੁਲੰਦੀਆਂ ਛੂਹੇ। ਖੇਡਾਂ ਬਾਰੇ ਲਿਖੇ ਉਹਦੇ ਗੀਤਾਂ ਦੀਆਂ ਕੁਝ ਹੋਰ ਵੰਨਗੀਆਂ:
-ਕੌਡੀ ਖੇਡੀ ਤੇ ਖੇਡਦੇ ਬੜੇ ਦੇਖੇ,
ਖੇਡ ਦੇਖੀ ਨੀ ਕਦੇ ਹਰਜੀਤ ਵਰਗੀ
ਮੱਖਣ ਬਰਾੜਾ ਉਹ ਮਰੇ ਨੀ ਅਮਰ ਹੋਗੇ,
ਮੌਤ ਮਾਰਦੀ ਉਨ੍ਹਾਂ ਨੂੰ ਆਪ ਮਰਗੀ…
-ਗ਼ਲਤੀ ਕਰਦਾ ਨਹੀਂ ਰੈਫਰੀ ਜਾਣ ਬੁੱਝ ਕੇ,
ਜੇਕਰ ਹੋਜੇ ਤਾਂ ਓਸ ਨੂੰ ਪੂਰ ਦਿੰਦਾ
ਥੱਪੜ ਮਾਰਦਾ ਧੌਲ ਦੀ ਥਾਂ ਜਿਹੜਾ,
ਸਿਆਣਾ ਰੈਫਰੀ ਓਸ ਨੂੰ ਘੂਰ ਦਿੰਦਾ
ਜਿਹੜੇ ਜਾਫੀ ਨੇ ਮਾਂ ਦਾ ਦੁੱਧ ਪੀਤਾ,
ਕੈਂਚੀ ਮਾਰ ਕੇ ਰੇਡਰ ਨੂੰ ਨੂੜ ਦਿੰਦਾ…
-ਚੋਟੀ ਦਾ ਤੂੰ ਜਾਫੀ ਮਿੱਤਰਾ,
ਪਰ ਅਸੀਂ ਲੱਤ ਨੀ ਕਿਸੇ ਨੂੰ ਫੜਨ ਦੇਣੀ
ਛਾਤੀ ਜੱਟ ਦੀ ਵਿਚ ਤੂੰ ਵੱਜ ਸਿੱਧਾ,
ਧੌਲ ਕੰਨ ਦੇ ਉਤੇ ਨੀ ਜੜਨ ਦੇਣੀ…
-ਚੱਲਿਆ ਰੇਡਰ ਰੇਡ ਪਾਉਣ ਲਈ,
ਮਾਰ ਦਿੱਤੀ ਹੈ ਥਾਪੀ
ਧੌਲਾਂ ਧੱਫੇ ਝੱਲਣੇ ਪੈਣੇ,
ਹੁਣ ਨੀ ਮਿਲਣੀ ਮਾਫੀ…
-ਮੈਨੂੰ ਖੁਸ਼ੀ ਹੈ ਮੇਰੇ ਹੀ ਸਿ਼ਅਰ ਪੜ੍ਹ ਕੇ,
ਤੋਰੀ ਫੁਲਕਾ ਕਈ ਆਪਣਾ ਤੋਰ ਲੈਂਦੇ
ਕੁਮੈਂਟਰੀ ਕਰਦੇ ਕਬੱਡੀ ਦੀ ਕਈ ਬੇਲੀ,
ਲਾਈਨਾਂ ਮੇਰੀਆਂ ਤੋੜ-ਮਰੋੜ ਲੈਂਦੇ…
-ਰੌਲਾ ਪਾ ਕੇ ਖੇਡ ਨਹੀਂ ਜਿੱਤ ਹੁੰਦੀ,
ਮੱਖਣ ਬਰਾੜ ਸੱਚੀ ਗੱਲ ਕਹਿ ਗਿਆ ਹੈ…
ਨਸ਼ਾ ਕਰ ਕੇ ਜੋ ਖੇਡਦੇ ਖੇਡ ਕੌਡੀ,
ਉਨ੍ਹਾਂ ਵੀਰਾਂ ਨੂੰ ਮੇਰੀ ਹੈ ਅਰਜ਼ ਲੋਕੋ
ਥੋੜ੍ਹਾ ਟੈਮ ਈ ਨਸ਼ਾ ਹੈ ਕੰਮ ਕਰਦਾ,
ਬਣੇ ਜਿ਼ੰਦਗੀ ਭਰ ਲਈ ਮਰਜ਼ ਲੋਕੋ
ਨਸ਼ੇ ਵਾਲੇ ਨੂੰ ਲੋਕ ਦੁਰਕਾਰਦੇ ਨੇ,
ਨਾਲੇ ਸਿਹਤ ਦਾ ਹੁੰਦਾ ਹੈ ਹਰਜ ਲੋਕੋ
ਗੁੱਸਾ ਕਰੋ ਨਾ ਸੁਧਰਜੋ ਵੀਰ ਮੇਰੇ,
ਮੱਖਣ ਬਰਾੜ ਦਾ ਕਹਿਣਾ ਫਰਜ਼ ਲੋਕੋ…
-ਵਾਰੇ ਜਾਵਾਂ ਮੈਂ ਉਨ੍ਹਾਂ ਪ੍ਰਮੋਟਰਾਂ ਦੇ,
ਖੇਡ ਕਬੱਡੀ ਨੂੰ ਜਿਹੜੇ ਪਿਆਰ ਕਰਦੇ
ਜਿਊਂਦੀ ਰੱਖਣ ਨੂੰ ਤੈਨੂੰ ਕਬੱਡੀਏ ਨੀ,
ਖਰਚਾ ਤੇਰੇ `ਤੇ ਲੱਖ ਹਜ਼ਾਰ ਕਰਦੇ
ਸਰਵਣ ਸਿੰਘ ਤੇ ਮੱਖਣ ਸਿੰਘ ਜਿਹੇ,
ਨਾਲੇ ਸੱਦੇ ਐ ਮੱਖਣ ਬਰਾੜ ਵਰਗੇ…।
ਈਮੇਲ: principalsarwansingh@gmail.com