‘‘ਵੇ ਕਾਕੇ ਏਧਰ ਆ, ਤੂੰ ਵੋਟਾਂ ਬਣਾਉਂਦਾ ਏ ਨਾ, ਸਾਡੀਆਂ ਦੋਵਾਂ ਕੁੜੀਆਂ ਦੀਆਂ ਬਣਾ ਦੇ, ਲੈ ਲਵੀਂ ਜਿਹੜੇ 20-50 ਲੈਣੇ ਨੇ।’’ ਚੋਣ ਕਮਿਸ਼ਨ ਵਾਲਾ ਝੋਲਾ ਟੰਗੀ ਜਾਂਦੇ ਨੂੰ, ਗੇਟ ’ਚੋਂ ਹੂ-ਬ-ਹੂ ‘ਨਿੱਕਾ ਜੈਲਦਾਰ’ ਫਿਲਮ ਦੀ ‘ਦਾਦੀ’ ਵਰਗੀ ਅਸਲੀ ਦਾਦੀ ਨੇ ਭਾਰੀ ਆਵਾਜ਼ ’ਚ ਲਗਭਗ ਹੁਕਮ ਹੀ ਸੁਣਾਇਆ। ਮੈਂ ਐਕਟਿਵਾ ਰੋਕ ਅੰਦਰ ਵੜਿਆ ਤਾਂ ਮਾਤਾ ਨੂੰਹ ਨੂੰ ਗੁੱਸੇ ਨਾਲ ਆਖ ਰਹੀ ਸੀ, ‘‘ਕਿੱਥੇ ਮਰਗੀ ਏਂ, ਲੈ ਆ ਕੁਰਸੀ ਹੋਰ ਚੁੱਲ੍ਹੇ ਕੋਲ ਈ ਆ ਜਾਵੇ ਅਗਲਾ…।’’ ਮੈਂ ਸਮਝ ਗਿਆ, ਅਸਲ ’ਚ ਇਸ਼ਾਰਾ ਮੈਨੂੰ ਸੀ ਕਿ ਖੜ੍ਹ ਜਾ ਇੱਥੇ ਈ।
ਇੰਨੇ ਨੂੰ ਬੀਬੀ ਦਾ ਪੁੱਤਰ ਰੇਸ਼ਮ ਆ ਗਿਆ, ‘‘ਹੋਰ ਜੀ ਮਾਸਟਰ ਜੀ! ਆਓ ਆਓ ਬਾਹਰ ਕਿਉਂ ਖੜ੍ਹੇ ਜੇ! ਤੁਸੀਂ ਬੈਠੋ। ਵੋਟ ਬਣਾ ਕੇ ਜਾਇਓ। ਮੁਆਫ਼ ਕਰਨਾ, ਮੈਂ ਪਿੰਡ ਚੱਲਿਆਂ, ਪਟਵਾਰੀ ਆ ਰਿਹਾ ਏ ਗਿਰਦਾਵਰੀ ਕਰਨ।’’ ਮਾਤਾ ਸਮਝ ਗਈ ਕਿ ਕਮੇਟੀਆਂ ਇਕੱਠੀਆਂ ਕਰਨ ਵਾਲੇ ਏਜੰਟਾਂ ਅਤੇ ਵੋਟ ਬਣਾਉਣ ਵਾਲਿਆਂ ’ਚ ਫ਼ਰਕ ਏ। ਲੀਡਰਾਂ ਵਾਂਗ ਤੁਰੰਤ ਪਲਟਦਿਆਂ ਮਾਤਾ ਨੇ ਆਡਰ ਕੀਤੇ, ‘‘ਨੀਂ ਕੁੜੇ ਪਹਿਲਾਂ ਚਾਹ ਤਾਂ ਧਰੋ, ਆਹ ਮਾਸਟਰ ਜੀ ਕਿਹੜਾ ਰੋਜ਼-ਰੋਜ਼ ਘਰੇ ਆਉਂਦੇ ਨੇ। ਆਜਾ ਆਜਾ ਪੁੱਤਰ।’’
ਮੈਂ ਫਾਰਮ ਭਰਨ ਲੱਗਾ। ‘‘ਪੁੱਤ, ਆ ਗੁਰਪ੍ਰੀਤ ਏ, 16ਮੀ ’ਚ ਪੜ੍ਹਦੀ ਏ, ਅਬ੍ਹੋਰ ਵੱਡੇ ਕਾਲਜ ’ਚ। ਛੋਟੀ ਸਿਮਰਨ ਹੁਣ 13ਮੀ ’ਚ ਏ। ਜੈ ਵੱਢੀ ਦਾ ਲੋਕਡੋਨ ਡੂਢ ਸਾਲ ਲੱਗਾ ਰਿਹਾ, ਪਰ … ਨੇ ਫੀਸ ’ਚੋਂ ਠਿਆਨੀ ਨੀਂ ਛੱਡੀ। ਬਾਕੀ ਸਾਡੀ ਗੁਰਪ੍ਰੀਤ ਪੜ੍ਹਾਈ ’ਚ ਹੁਸ਼ਿਆਰ ਬੜੀ ਏ, ਘਰ ਦਾ ਵੀ ਸਾਰਾ ਈ ਕੰਮ ਜਾਣਦੀ ਏ।’’ ਮੈਂ ਪਾਣੀ ਪੀ ਗਲਾਸ ਥੱਲੇ ਰੱਖਿਆ ਤੇ ਜ਼ਰੂਰੀ ਕਾਗਜ਼ਾਂ ’ਤੇ ਦਸਤਖਤ ਕਰਵਾਏ। ਇੰਨੇ ਨੂੰ ਚਾਹ ਤੇ ਬਿਸਕੁਟ ਆ ਗਏ।
ਮੈਂ ਦੋ ਚੁਸਕੀਆਂ ਹੀ ਲਈਆਂ ਸਨ ਕਿ, ‘‘ਪੁੱਤ, ਤਨਖਾਹ ਕਿੰਨੀ ਕੁ ਏ ਤੇਰੀ? ਅੱਜਕੱਲ੍ਹ ਮਾਸਟਰ ਕਿਹੜੇ ਇਕੋ ਤਰ੍ਹਾਂ ਦੇ ਨੇ! ਤੂੰ ਪੱਕਾ ਏਂ ਜਾਂ ਟੈਂਕੀ ਵਾਲਾ ਈ ਏਂ?’’ ਮਾਤਾ ਨੇ ਪੁੱਛਿਆ। ‘‘ਜੀ, ਮੈਂ ਸੀ ਤਾਂ ਟੈਂਕੀ ਆਲਾ ਈ ਪਰ ਹੁਣ ਪੱਕਾ ਆਂ।’’ ਅੱਖਾਂ ’ਚ ਚਮਕ ਨਾਲ ਮਾਤਾ ਨੇ ਪੁੱਛਿਆ, ‘‘ਤੁਸੀਂ ਵੀ ਜਿੰਮੀਦਾਰਾਂ ’ਚੋਂ ਆਉਂਦੇ ਜੇ ਨਾ?’’ ਮੈਂ ਸਮਝ ਗਿਆ ਕਿ ਮਾਤਾ 12 ਸਾਲ ਪਹਿਲਾਂ ਵਿਆਹੇ ਗਏ ਮਾਸਟਰ ਯਾਨੀ ਮੈਨੂੰ ਕੁਆਰਾ ਮੁੰਡਾ ਸਮਝਣ ਦੀ ਭੁੱਲ ਕਰ ਰਹੀ ਏ, ਪਰ ਮੈਂ ਸੋਚਿਆ ਕਿਉਂ ਨਾ ਮਾਤਾ ਦਾ ਇਕ ਰੂਪ ਹੋਰ ਵੇਖਿਆ ਜਾਵੇ। ਮੈਂ ਚਾਹ ਦਾ ਖਾਲੀ ਕੱਪ ਥੱਲੇ ਰੱਖਦਿਆਂ ਕਿਹਾ, ‘‘ਜੀ ਨਹੀਂ, ਅਸੀਂ ਤਾਂ … ਆਂ।’’
‘‘ਜਦੋਂ ਫਾਰਮ ਭਰੇ ਗਏ ਤਾਂ ਤੁਸੀਂ ਇੱਥੇ ਖੜ੍ਹੀਆਂ ਕੀ, ਨੱਚੂੰ-ਨੱਚੂੰ ਕਰਦੀਆਂ ਜੇ, ਚੱਲੋ ਅੰਦਰ।’’ ਮਾਤਾ ਦੇ ਤੇਵਰ ਦੱਸ ਰਹੇ ਸਨ ਕਿ ਝਿੜਕਾਂ ਪੋਤੀਆਂ ਲਈ ਨਹੀਂ ਸਨ।
– ਅਸ਼ੋਕ ਸੋਨੀ
ਸੰਪਰਕ: 98727-05078