ਰਾਕੇਸ਼ ਕੁਮਾਰ
ਗੁੱਸਾ ਇਨਸਾਨ ਨੂੰ ਜਾਨਵਰ ਬਣਾ ਦਿੰਦਾ ਹੈ। ਘਰਾਂ ਵਿਚ ਹੋਣ ਵਾਲੇ ਕਲੇਸ਼ਾਂ, ਝਗੜਿਆਂ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਉੱਤੇ ਹੁੰਦਾ ਹੈ। ਕਈ ਵਾਰ ਇਹ ਝਗੜਾ ਜਾਨਲੇਵਾ ਵੀ ਹੁੰਦਾ ਹੈ ਜਿਸ ਦੀ ਭੇਟ ਬੱਚੇ ਵੀ ਚੜ੍ਹ ਜਾਂਦੇ ਹਨ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਘਰ ਦੇ ਆਦਮੀ ਨੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਜਾਂ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬਾਅਦ ਵਿਚ ਖ਼ੁਦਕੁਸ਼ੀ ਕਰ ਲਈ। ਪਤੀ-ਪਤਨੀ ਦੇ ਝਗੜੇ ਵਿਚ ਪਤਨੀ ਨੇ ਬੱਚਿਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਸਭ ਗੱਲਾਂ ਕਿੰਨੀਆਂ ਖ਼ੌਫ਼ਨਾਕ ਅਤੇ ਦਰਦਨਾਕ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਇਕ ਸਵਾਲ ਜ਼ਰੂਰ ਉਠਾਉਂਦੀਆਂ ਹਨ ਕਿ ਵੱਡਿਆਂ ਦੀ ਲੜਾਈ ਼ਵਿਚ ਬੱਚਿਆਂ ਦਾ ਕੀ ਕਸੂਰ ਹੁੰਦਾ ਹੈ? ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ। ਬੱਚੇ ਮਨ ਦੇ ਸਾਫ਼ ਅਤੇ ਅਣਭੋਲ ਗੱਲਾਂ ਕਰਨ ਵਾਲੇ ਹੁੰਦੇ ਹਨ। ਇਹ ਰੱਬ ਦਾ ਰੂਪ ਹੁੰਦੇ ਹਨ। ਇਹ ਵੀ ਘਰੇਲੂ ਕਲੇਸ਼ ਦੀ ਭੇਂਟ ਚੜ੍ਹ ਜਾਂਦੇ ਹਨ। ਬੱਚਿਆਂ ਨੂੰ ਨਾ ਤਾਂ ਕੋਈ ਵੈਰ ਹੁੰਦਾ ਹੈ ਨਾ ਹੀ ਕਿਸੇ ਨਾਲ ਕੋਈ ਈਰਖਾ। ਪਤੀ-ਪਤਨੀ ਦੀ ਲੜਾਈ ਵਿਚ ਸਭ ਤੋਂ ਜ਼ਿਆਦਾ ਗੁੱਸਾ ਬੱਚਿਆਂ ’ਤੇ ਕੱਢਿਆ ਜਾਂਦਾ ਹੈ। ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ।
ਕਈ ਵਾਰ ਬੱਚਿਆਂ ਦੁਆਰਾ ਕੀਤੀ ਗ਼ਲਤੀ ਦੀ ਅਜਿਹੀ ਸਜ਼ਾ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਇਸ ਦਾ ਕਾਰਨ ਵੀ ਮਾਨਸਿਕ ਪ੍ਰੇਸ਼ਾਨੀ ਹੀ ਹੈ। ਪਤੀ-ਪਤਨੀ ਵਿਚ ਝਗੜਿਆਂ ਦਾ ਕਾਰਨ ਛੋਟੀਆਂ-ਛੋਟੀਆਂ ਗੱਲਾਂ ਹੀ ਹੁੰਦੀਆਂ ਹਨ, ਪਰ ਆਪਣੀ ਹਉਮੈ ਨੂੰ ਦੋਵਾਂ ਵਿੱਚੋਂ ਕੋਈ ਵੀ ਛੱਡਣ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਇਹ ਝਗੜੇ ਭਿਆਨਕ ਰੂਪ ਅਖ਼ਤਿਆਰ ਕਰ ਲੈਂਦੇ ਹਨ। ਜੇਕਰ ਅਸੀਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਦੇ ਜੀਵਨ ਵੱਲ ਝਾਤ ਮਾਰ ਕੇ ਦੇਖੀਏ ਤਾਂ ਪੁਰਾਣੇ ਜ਼ਮਾਨੇ ’ਚ ਛੇ-ਸੱਤ ਬੱਚਿਆਂ ਦਾ ਪਾਲਣ ਪੋਸ਼ਣ ਬਿਨਾਂ ਕਿਸੇ ਮਾਨਸਿਕ ਪ੍ਰੇਸ਼ਾਨੀ ਤੋਂ ਹੋ ਜਾਂਦਾ ਸੀ। ਪਤੀ-ਪਤਨੀ ਦੀ ਆਪਸੀ ਸਮਝ ਅਤੇ ਸਹਿਣਸ਼ੀਲਤਾ ਕਾਰਨ ਕੋਈ ਵੱਡੀ ਲੜਾਈ ਜਾਂ ਤਲਾਕ ਦੀ ਨੌਬਤ ਨਹੀਂ ਸੀ ਆਉਂਦੀ। ਘਰ ਦੀ ਇੱਜ਼ਤ ਅਤੇ ਸਮਾਜਿਕ ਮਰਿਆਦਾ ਨੂੰ ਪਹਿਲ ਦਿੱਤੀ ਜਾਂਦੀ ਸੀ। ਅਜੋਕੇ ਸਮੇਂ ਵਿਚ ਇਹ ਗੱਲ ਲਗਭਗ ਖ਼ਤਮ ਹੋ ਚੁੱਕੀ ਹੈ।ਅੱਜਕੱਲ੍ਹ ਪਤੀ-ਪਤਨੀ ਵਿਚ ਸਹਿਣਸ਼ੀਲਤਾ ਲਗਪਗ ਖ਼ਤਮ ਹੋ ਚੁੱਕੀ ਹੈ। ਉਹ ਆਪਣੀ ਗੱਲ ਨੂੰ ਮਨਾਉਣ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਨ ਜਿਸ ਕਾਰਨ ਇਹ ਝਗੜੇ ਖ਼ੁਦਕੁਸ਼ੀ ਤੱਕ ਵੀ ਪਹੁੰਚ ਜਾਂਦੇ ਹਨ ਅਤੇ ਬੱਚੇ ਲਾਵਾਰਸਾਂ ਵਾਂਗ ਹੋ ਜਾਂਦੇ ਹਨ। ਕਈ ਵਾਰ ਪਤੀ ਦੁਆਰਾ ਪਤਨੀ ਨੂੰ ਘਰੋਂ ਕੁੱਟ ਕੇ ਕੱਢਿਆ ਜਾਂਦਾ ਹੈ ਜਾਂ ਤਲਾਕ ਦੇ ਦਿੱਤਾ ਜਾਂਦਾ ਹੈ, ਉਸ ਹਾਲਤ ਵਿਚ ਵੀ ਬੱਚਿਆਂ ’ਤੇ ਮਾਨਸਿਕ ਬੋਝ ਪੈਂਦਾ ਹੈ ਜਿਸ ਨੂੰ ਉਹ ਢੁੱਕਵੇਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਪਤੀ-ਪਤਨੀ ਦੇ ਅਲੱਗ ਹੋ ਜਾਣ ’ਤੇ ਬੱਚਿਆਂ ਨੂੰ ਵੀ ਆਪਣੇ ਮਾਤਾ ਜਾਂ ਪਿਤਾ ਵਿਚੋਂ ਕਿਸੇ ਇਕ ਕੋਲ ਰਹਿਣਾ ਪੈਂਦਾ ਹੈ। ਉਹ ਇਸ ਗੱਲ ਨਾਲ ਮਨ ਹੀ ਮਨ ਬਹੁਤ ਦੁਖੀ ਹੁੰਦੇ ਹਨ, ਪਰ ਕਰ ਕੁਝ ਨਹੀਂ ਸਕਦੇ। ਬੱਚਿਆਂ ਨੂੰ ਤਾਂ ਮਾਂ-ਬਾਪ ਦੋਵਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਇਉਂ ਘਰ ਟੁੱਟਣ ਨਾਲ ਬੱਚੇ ਮਾਂ-ਬਾਪ ਦੇ ਪਿਆਰ ਤੋਂ ਵਾਂਝੇ ਹੋ ਜਾਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਘਰਾਂ ਵਿਚ ਸੁਖਾਵਾਂ ਮਾਹੌਲ ਬਣਾ ਕੇ ਰੱਖੀਏ ਤਾਂ ਜੋ ਲੜਾਈ-ਝਗੜੇ ਦੀ ਨੌਬਤ ਨਾ ਆਵੇੇ। ਬੱਚਿਆਂ ਦਾ ਬਚਪਨ ਖ਼ਰਾਬ ਨਾ ਹੋਵੇ ਅਤੇ ਬੱਚਿਆਂ ਨੂੰ ਮਾਂ-ਬਾਪ ਦੋਵਾਂ ਦਾ ਪਿਆਰ ਮਿਲ ਸਕੇ।
ਸੰਪਰਕ: 94630-24455