ਪ੍ਰਿੰ. ਸਰਵਣ ਸਿੰਘ
ਪਹਿਲਾਂ ਸਕੂਲ ਅਧਿਆਪਕਾ ਅਤੇ ਹੁਣ ਕਾਲਜ ਲੈਕਚਰਾਰ ਡਾ. ਸੁਖਵਿੰਦਰ ਕੌਰ ਖੋਜੀ ਖੇਡ ਲੇਖਕਾ ਹੈ। ਉਸ ਨੇ ਬਾਲ ਲੋਕ-ਖੇਡਾਂ ਦੇ ਵਿਸ਼ੇ ’ਤੇ ਪੀਐੱਚਡੀ ਕੀਤੀ ਹੈ। ਹੁਣ ਤੱਕ ਵੀਹ ਕੁ ਖੋਜ ਪੱਤਰ ਅਤੇ ਦੋ ਖੇਡ ਪੁਸਤਕਾਂ ਲਿਖੀਆਂ ਹਨ, ਇਨ੍ਹਾਂ ਦੇ ਨਾਂ ‘ਬਾਲ ਲੋਕ-ਖੇਡਾਂ’ ਤੇ ‘ਬਾਲ ਲੋਕ-ਖੇਡਾਂ ਸੰਕਲਨ ਅਤੇ ਅਧਿਐਨ’ ਹਨ। ਇਸ ਖੇਤਰ ਵਿਚ ਅੱਧੀ ਕੁ ਦਰਜਨ ਐਸੇ ਖੋਜਕਾਰ ਹਨ ਜਿਨ੍ਹਾਂ ਨੇ ਪੀਐੱਚਡੀ ਡਿਗਰੀਆਂ ਹਾਸਲ ਕੀਤੀਆਂ ਹਨ ਡਾ. ਸੁਖਵਿੰਦਰ ਕੌਰ ਇਨ੍ਹਾਂ ਵਿਚੋਂ ਇਕ ਹੈ। ਉਸ ਨੇ ਗਿਆਨੀ ਕਰਨ ਪਿੱਛੋਂ ਬੀਏ ਬੀਐੱਡ, ਐੱਮਏ ਪਬਲਿਕ ਐਡਮਨਿਸਟ੍ਰੇਸ਼ਨ ਅਤੇ ਐੱਮਏ ਪੰਜਾਬੀ ਕਰ ਕੇ ਪੀਐੱਚਡੀ ਕੀਤੀ। ਉਹਨੇ ਸਬੰਧਿਤ ਇਲਾਕਿਆਂ ਵਿਚ ਜਾ ਕੇ ਸਮੱਗਰੀ ਇਕੱਠੀ ਕੀਤੀ ਅਤੇ ਫਿਰ ਆਪਣੇ ਤਜਰਬੇ ਕਾਗਜ਼ ’ਤੇ ਉਤਾਰੇ।
ਡਾ. ਸੁਖਵਿੰਦਰ ਕੌਰ ਖੋਜੀ ਖੇਡ ਲੇਖਕਾ ਹੈ। ਉਸ ਨੇ ਬਾਲ ਲੋਕ-ਖੇਡਾਂ ਦੇ ਵਿਸ਼ੇ ’ਤੇ ਪੀਐੱਚਡੀ ਕੀਤੀ ਹੈ। ਖੋਜ ਕਾਰਜ ਕਰਦਿਆਂ ਉਸ ਨੇ ਵੀਹ ਕੁ ਖੋਜ ਪੱਤਰ ਤੇ ਦੋ ਖੇਡ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਦੇ ਨਾਂ ‘ਬਾਲ ਲੋਕ-ਖੇਡਾਂ’ ਤੇ ‘ਬਾਲ ਲੋਕ-ਖੇਡਾਂ ਸੰਕਲਨ ਅਤੇ ਅਧਿਐਨ’ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1996 ਵਿਚ ਪ੍ਰਕਾਸ਼ਿਤ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਮੈਂ 87 ਲੋਕ ਖੇਡਾਂ ਦਾ ਵੇਰਵਾ ਦਿੱਤਾ ਸੀ ਜਿਨ੍ਹਾਂ ਵਿਚ ਬੱਚਿਆਂ, ਨੌਜੁਆਨਾਂ, ਬਜ਼ੁਰਗਾਂ ਤੇ ਪਸ਼ੂ-ਪੰਛੀਆਂ ਨਾਲ ਸਬੰਧਿਤ ਖੇਡਾਂ ਸ਼ਾਮਲ ਸਨ। ਉਸ ਦੀ ‘ਅੰਤਿਕਾ’ ਵਿਚ ਲਿਖਿਆ ਸੀ: ਪੰਜਾਬ ਦੀਆਂ ਦੇਸੀ ਖੇਡਾਂ ’ਤੇ ਇਹ ਤਰਵੀਂ ਜਿਹੀ ਝਾਤ ਹੈ। ਵਿਦਵਾਨ ਤੇ ਖੋਜ ਸਕਾਲਰ ਇਨ੍ਹਾਂ ਦੀ ਚੀਰ ਫਾੜ ਕਰ ਕੇ ਇਨ੍ਹਾਂ ਅੰਦਰ ਸਮੋਏ ਲੋਕ-ਵੇਦ ਨੂੰ ਉਜਾਗਰ ਕਰ ਸਕਦੇ ਹਨ। ਲੋਕਾਚਾਰ ਦੇ ਬੁਨਿਆਦੀ ਲੱਛਣਾਂ ਨੂੰ ਲੱਭਣ ਵਿਚ ਇਨ੍ਹਾਂ ਖੇਡਾਂ ਦੀ ‘ਟੈਕਸਟ’ ਕਾਫੀ ਹੱਦ ਤਕ ਸਹਾਈ ਹੋ ਸਕਦੀ ਹੈ। ਹਾਲਾਂ ਤਕ ਸਾਡੇ ਕੋਲ ਆਪਣੀਆਂ ਦੇਸੀ ਖੇਡਾਂ ਦੀ ਟੈਕਸਟ ਮੌਜੂਦ ਨਹੀਂ। ਇਹ ਪੁਸਤਕ ਪੰਜਾਬ ਦੀਆਂ ਲੋਕ-ਖੇਡਾਂ ਦੀ ਟੈਕਸਟ ਮੁਹੱਈਆ ਕਰਨ ਦਾ ਹੀ ਉਪਰਾਲਾ ਹੈ। ਆਸ ਹੈ, ਪੰਜਾਬੀ ਲੋਕ-ਖੇਡਾਂ ਦੀ ਟੈਕਸਟ ਮੁਕੰਮਲ ਕਰਨ ਵਿਚ ਹੋਰ ਕਲਮਾਂ ਵੀ ਯੋਗਦਾਨ ਪਾਉਣਗੀਆਂ।
ਹੋਰ ਕਲਮਾਂ ਨੇ, ਬੇਸ਼ੱਕ, ਬੜਾ ਯੋਗਦਾਨ ਪਾਇਆ ਹੈ। ਅੱਧੀ ਕੁ ਦਰਜਨ ਐਸੇ ਖੋਜਕਾਰ ਹਨ ਜਿਨ੍ਹਾਂ ਨੇ ਇਸ ਖੇਤਰ ਵਿਚ ਪੀਐੱਚਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ। ਇਨ੍ਹਾਂ ਵਿਚ ਡਾ. ਸੁਖਵਿੰਦਰ ਕੌਰ ਹੈ। ਉਹਦਾ ਜਨਮ ਧਰਮ ਸਿੰਘ ਦੇ ਘਰ, ਪਿੰਡ ਮੋਜੋਵਾਲ, ਤਹਿਸੀਲ ਨੰਗਲ, ਜ਼ਿਲ੍ਹਾ ਰੋਪੜ ਵਿਚ ਪਹਿਲੀ ਮਾਰਚ 1977 ਨੂੰ ਹੋਇਆ ਸੀ। ਉਸ ਨੇ ਗਿਆਨੀ ਕਰਨ ਪਿੱਛੋਂ ਬੀਏ ਬੀਐੱਡ, ਐੱਮਏ ਪਬਲਿਕ ਐਡਮਨਿਸਟ੍ਰੇਸ਼ਨ ਅਤੇ ਐੱਮਏ ਪੰਜਾਬੀ ਕਰ ਕੇ ਪੀਐੱਚਡੀ ਕੀਤੀ। ਪਹਿਲਾਂ ਉਹ ਕਿਸੇ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਸੀ, ਹੁਣ ਕਿਸੇ ਪ੍ਰਾਈਵੇਟ ਕਾਲਜ ਵਿਚ ਐਡਹਾਕ ਲੈਕਚਰਾਰ ਹੈ। ਜਿਨ੍ਹਾਂ ਖੇਡ ਲਿਖਤਾਂ ਨੂੰ ਕੁਝ ਸਾਲ ਪਹਿਲਾਂ ਤਕ ਸਾਹਿਤ ਨਹੀਂ ਸੀ ਸਮਝਿਆ ਜਾਂਦਾ, ਮੈਨੂੰ ਖੁਸ਼ੀ ਹੈ ਕਿ ਹੁਣ ਉਨ੍ਹਾਂ ਲਿਖਤਾਂ ਉਪਰ ਖੋਜ ਕਰਨ ਵਾਲਿਆਂ ਨੂੰ ਉੱਚ ਡਿਗਰੀਆਂ ਮਿਲਣ ਲੱਗੀਆਂ ਹਨ। ਸੁਖਵਿੰਦਰ ਕੌਰ ਆਪਣੀ ਪੁਸਤਕ ‘ਲੋਕ ਬਾਲ-ਖੇਡਾਂ’ ਦੀ ਭੂਮਿਕਾ ਵਿਚ ਲਿਖਦੀ ਹੈ:
ਬਾਲ ਲੋਕ-ਖੇਡਾਂ ਦੀ ਪਰਿਭਾਸ਼ਾ
ਲੋਕ-ਗੀਤ, ਲੋਕ-ਕਹਾਣੀਆਂ, ਬੁਝਾਰਤਾਂ, ਅਖਾਣ, ਮੁਹਾਵਰੇ, ਲੋਕ-ਕਥਾਵਾਂ, ਲੋਕ-ਖੇਡਾਂ ਆਦਿ ਲੋਕ-ਸਾਹਿਤ ਦੇ ਅਭਿੰਨ ਅੰਗ ਹਨ। ਲੋਕ-ਖੇਡਾਂ ਕਿਸੇ ਸਮਾਜ ਦੇ ਸਭਿਆਚਾਰ ਦਾ ਵਡਮੁੱਲਾ ਖ਼ਜ਼ਾਨਾ ਹੁੰਦੀਆਂ ਹਨ। ਇਸ ਲਈ ਇਹਨਾਂ ਨੂੰ ਸਮਾਜ ਅਤੇ ਸਭਿਆਚਾਰ ਤੋਂ ਵੱਖਰਾ ਕਰ ਕੇ ਨਹੀਂ ਵੇਖਿਆ ਜਾ ਸਕਦਾ। ਲੋਕ-ਖੇਡਾਂ ਬੱਚਿਆਂ ਦਾ ਮਨਭਾਉਂਦਾ ਮਨੋਰੰਜਨ ਹੁੰਦੀਆਂ ਹਨ। ਵਾਸਤਵ ਵਿਚ ਬੱਚੇ ਹੀ ਇਹਨਾਂ ਦੇ ਸਿਰਜਕ ਹੁੰਦੇ ਹਨ ਜੋ ਆਪਣੇ ਵਡ-ਵਡੇਰਿਆਂ ਦੇ ਨਿਤਾਪ੍ਰਤੀ ਦੇ ਕਾਰਜਾਂ, ਰਸਮ-ਰਿਵਾਜਾਂ, ਦਿਨ-ਤਿਉਹਾਰ ਅਤੇ ਹੋਰ ਸਰੀਰਕ ਗਤੀਵਿਧੀਆਂ ਦੀ ਹੀ ਨਕਲ ਕਰਦੇ ਹਨ। ਇਹ ਨਕਲ ਹੀ ਇਹਨਾਂ ਦੀ ਹਰਮਨ-ਪਿਆਰੀ ਖੇਡ ਬਣ ਜਾਂਦੀ ਹੈ। ਬਚਪਨ ਵਿਚ ਜ਼ਿਆਦਾ ਵਿਹਲਾ ਸਮਾਂ ਹੋਣ ਕਾਰਨ ਬੱਚੇ ਆਪਣੇ ਆਪ ਨੂੰ ਵਿਅਸਤ ਕਰਨ ਲਈ ਕੋਈ ਨਾ ਕੋਈ ਕਾਰਜ ਕਰਦੇ ਰਹਿੰਦੇ ਹਨ। ਵੱਡਿਆਂ ਲਈ ਭਾਵੇਂ ਇਹਨਾਂ ਦਾ ਕੋਈ ਮਹੱਤਵ ਨਹੀਂ ਹੁੰਦਾ ਪਰ ਬੱਚਿਆਂ ਇਹ ਲਈ ਬੜੇ ਡੂੰਘੇ ਅਰਥਾਂ ਦੀਆਂ ਧਾਰਨੀ ਹੁੰਦੀਆਂ ਹਨ। ਵਾਸਤਵ ਵਿਚ ਬੱਚੇ ਨਕਲ ਦੇ ਨਾਲ ਨਾਲ ਅਚੇਤ ਰੂਪ ਵਿਚ ਜੀਵਨ ਦੇ ਅਸਲ ਰੰਗਾਂ ਦੀ ਪਛਾਣ ਕਰ ਰਹੇ ਹੁੰਦੇ ਹਨ।
ਖੇਡ ਬਾਰੇ ਵੱਖੋ-ਵੱਖਰੇ ਵਿਦਵਾਨਾਂ ਦੇ ਆਪੋ-ਆਪਣੇ ਵਿਚਾਰ ਹਨ ਅਤੇ ਉਹਨਾਂ ਨੇ ਖੇਡ ਦੇ ਅਰਥਾਂ ਨੂੰ ਅਲੱਗ-ਅਲੱਗ ਰੂਪਾਂ ਵਿਚ ਪ੍ਰਗਟ ਕੀਤਾ ਹੈ। ਜਿਵੇਂ ਖੇਡ, ਨਕਲ, ਡਰਾਮਾ, ਦਿਲ-ਪ੍ਰਚਾਵੇ ਦਾ ਸਾਧਨ, ਪ੍ਰਸੰਨਤਾ ਦੇਣ ਵਾਲੀ ਕਿਰਿਆ, ਸਹਿਜ ਕਰਮ, ਚੁਸਤੀ ਦਾਇਕ ਅਤੇ ਰਚਨਾਤਮਿਕ ਕਿਰਿਆਵਾਂ ਨੂੰ ਵਿਅਕਤ ਕਰਨ ਵਾਲੀ ਪ੍ਰਣਾਲੀ ਹੈ। ਬਾਲ ਜੀਵਨ ਵਿਚ ਖੇਡਾਂ ਦਾ ਅਹਿਮ ਸਥਾਨ ਹੈ। ਬਾਲਕ ਖੇਡ ਦੁਆਰਾ ਇਹ ਖੁਸ਼ੀ ਪ੍ਰਾਪਤ ਕਰਦੇ ਹਨ ਤੇ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਖੇਡ ਸਮੇਂ ਬਾਲ ਆਪਣੇ ਹਾਣੀਆਂ ਨਾਲ ਖੇਡਣਾ ਪਸੰਦ ਕਰਦੇ ਹਨ। ਇਸ ਸਥਿਤੀ ਵਿਚ ਖੇਡਾਂ ਬਾਲਾਂ ਨੂੰ ਮੈਂ ਮੇਰਾ ਤੋਂ ਪਾਰ ਜਾਣ ਅਤੇ ਆਪਣੇ ਆਪ ਨੂੰ ਦੂਜਿਆਂ ਨੂੰ ਸਮਰਪਿਤ ਕਰਨ ਦੀ ਸੋਝੀ ਦਿੰਦੀਆਂ ਹਨ ਜਿਸ ਨਾਲ ਭਾਈਚਾਰਕ ਸਾਂਝ ਬੱਝਦੀ ਹੈ। ਇਹ ਸਾਂਝ ਹੀ ਨਿੱਜ ਨੂੰ ਲੋਕ ਸ਼ਬਦ ਵਿਚ ਵਲੀਨ ਹੋਣ ਲਈ ਪ੍ਰੇਰਦੀ ਹੈ ਜਿਸ ਨਾਲ ਬੱਚਾ ਕੇਵਲ ਆਪਣੇ ਆਪ ਬਾਰੇ ਨਾ ਸੋਚ ਕੇ ਸਗੋਂ ਸਮੂਹ ਦੀ ਗੱਲ ਕਰਨੀ ਆਰੰਭ ਕਰਦਾ ਹੈ। ਇੱਕ ਸਮੂਹ ਜਾਂ ਲੋਕਾਂ ਦੁਆਰਾ ਕੀਤੀਆਂ ਗਈਆਂ ਸਾਂਝੀਆਂ ਗਤੀਵਿਧੀਆਂ ਨੂੰ ‘ਲੋਕ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਜਿਵੇਂ ਲੋਕ-ਕਲਾ, ਲੋਕ-ਸਾਹਿਤ, ਲੋਕ-ਖੇਡਾਂ ਆਦਿ। ਇਸ ਤਰ੍ਹਾਂ ਆਮ ਲੋਕਾਂ ਦੁਆਰਾ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਲੋਕ-ਖੇਡਾਂ ਕਹਿੰਦੇ ਹਾਂ। ਲੋਕ-ਖੇਡਾਂ ਦੀ ਸਿਰਜਣਾ ਵਿਅਕਤੀ ਵਿਸ਼ੇਸ ਦੁਆਰਾ ਨਹੀਂ ਹੁੰਦੀ ਸਗੋਂ ਇਹ ਲੋਕ ਸਮੂਹ ਦੀ ਦੇਣ ਹੁੰਦੀਆਂ ਹਨ। ਲੋਕ ਸਮੂਹ ਦੀ ਪ੍ਰਵਾਨਗੀ ਇਹਨਾਂ ਲਈ ਜ਼ਰੂਰੀ ਹੈ ਜੋ ਇਹਨਾਂ ਦੀ ਲੋਕ-ਖੇਡਾਂ ਹੋਣ ਦੀ ਹਾਮੀ ਭਰਦੀ ਹੈ। ਲੋਕ-ਖੇਡਾਂ ਸ਼ੁਰੂ ਤੋਂ ਹੀ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ।
ਪੰਜਾਬ ਦੀਆਂ ਲੋਕ-ਖੇਡਾਂ ਵਿਚ ਵੰਨ-ਸਵੰਨਤਾ ਹੈ। ਇਹ ਹਰ ਵਰਗ ਲਈ ਵੱਖੋ-ਵੱਖਰੀਆਂ ਹਨ। ਜਿਵੇਂ ਬਾਲਾਂ ਦੀਆਂ ਲੋਕ-ਖੇਡਾਂ, ਬਾਲ ਕੁੜੀਆਂ ਦੀਆਂ ਲੋਕ-ਖੇਡਾਂ, ਬਾਲ ਮੁੰਡਿਆਂ ਦੀਆਂ ਲੋਕ-ਖੇਡਾਂ, ਗੱਭਰੂਆਂ ਦੀਆਂ ਲੋਕ-ਖੇਡਾਂ, ਬਜ਼ੁਰਗਾਂ ਦੀਆਂ ਲੋਕ-ਖੇਡਾਂ ਆਦਿ। ਲੋਕ-ਖੇਡਾਂ ਨਾ ਤਾਂ ਸਖ਼ਤ ਨਿਯਮਾਂ ਦੀ ਪਾਲਣਾ ਕਰਦੀਆਂ ਹਨ ਅਤੇ ਨਾ ਹੀ ਇਹਨਾਂ ਲਈ ਕਿਸੇ ਖ਼ਾਸ ਜਾਂ ਮਹਿੰਗੇ ਸਾਜ਼ੋ-ਸਮਾਨ ਦੀ ਲੋੜ ਹੁੰਦੀ ਹੈ ਬਲਕਿ ਇਹਨਾਂ ਖੇਡਾਂ ਨੂੰ ਖੇਡਣ ਲਈ ਘਰੇਲੂ ਵਸਤੂਆਂ ਜਾਂ ਆਲੇ-ਦੁਆਲੇ ਤੋਂ ਅਸਾਨੀ ਨਾਲ ਪ੍ਰਾਪਤ ਹੋਣ ਵਾਲੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਖੇਡਾਂ ਵਿਚ ਖੇਡਣ ਲਈ ਕਿਸੇ ਵੀ ਸਮੱਗਰੀ ਦੀ ਲੋੜ ਨਹੀਂ ਪੈਂਦੀ। ਭਾਵੇਂ ਹਰ ਵਰਗ ਲਈ ਵੱਖੋ-ਵੱਖਰੀਆਂ ਲੋਕ-ਖੇਡਾਂ ਮੌਜੂਦ ਹਨ ਪਰ ਬਾਲ ਲੋਕ-ਖੇਡਾਂ ਦੀ ਗਿਣਤੀ ਹੋਰ ਵਰਗਾਂ ਤੋਂ ਕਿਤੇ ਵੱਧ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਅਨੁਸਾਰ ਬੱਚਿਆਂ ਲਈ ਖੇਡਣ ਦਾ ਕੋਈ ਸਮਾਂ ਨਿਸ਼ਚਿਤ ਨਹੀ ਹੁੰਦਾ। ਜਦੋਂ ਮਨ ਵਿਚ ਵਲੇਲ ਉੱਠੀ, ਖੇਡ ਲਿਆ। ਬਾਲ ਲੋਕ-ਖੇਡਾਂ ਕਿਸੇ ਨਿਸ਼ਚਿਤ ਸਮੇਂ ਅਤੇ ਸਥਾਨ ਦੀਆਂ ਗ਼ੁਲਾਮ ਨਹੀਂ ਹੁੰਦੀਆਂ। ਜਦੋਂ ਵੀ ਬੱਚਿਆਂ ਦਾ ਮਨ ਕਰੇ ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਇਹਨਾਂ ਨੂੰ ਖੇਡਣ ਲਈ ਕਿਸੇ ਵਿਸ਼ੇਸ਼ ਖੇਡ ਮੈਦਾਨ ਦੀ ਲੋੜ ਨਹੀਂ ਹੁੰਦੀ ਸਗੋਂ ਇਹ ਘਰਾਂ ਅੰਦਰ, ਖੁੱਲ੍ਹੇ ਵਿਹੜਿਆਂ, ਖੁੱਲ੍ਹੀਆਂ ਗਲੀਆਂ, ਪਿੰਡ ਦੀਆਂ ਸੱਥਾਂ, ਘਰਾਂ ਦੀਆਂ ਛੱਤਾਂ, ਖਾਲੀ ਖੇਤ, ਸ਼ਹਿਰਾਂ ਵਿਚ ਕਮਿਊਨਿਟੀ ਸੈਂਟਰ, ਪਾਰਕਾਂ ਤੇ ਅੱਧੀ ਛੁੱਟੀ ਸਮੇਂ ਸਕੂਲਾਂ ਦੇ ਖੇਡ ਮੈਦਾਨਾਂ ਆਦਿ ਵਿਚ ਖੇਡੀਆਂ ਜਾ ਸਕਦੀਆਂ ਹਨ। ਜ਼ਿਆਦਾਤਰ ਖੇਡਾਂ ਨੂੰ ਖੇਡਣ ਲਈ ਸਾਥੀ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਇਹ ਚੋਣ ਵਿਧੀਆਂ ਵੀ ਬੱਚਿਆਂ ਦੁਆਰਾ ਹੀ ਸਿਰਜੀਆਂ ਹੁੰਦੀਆਂ ਹਨ। ਇਹਨਾਂ ਚੋਣ ਵਿਧੀਆਂ ਵਿਚ ਸਾਧਾਰਨ ਲੌਜਿਕ ਅਤੇ ਤੁੱਕਬੰਦੀ ਹੁੰਦੀ ਹੈ ਜਿਹੜੀ ਸਰਬ ਪ੍ਰਮਾਣਿਕ ਹੁੰਦੀ ਹੈ। ਇਸ ਵਿਧੀ ਦੁਆਰਾ ਚੁਣਿਆ ਖਿਡਾਰੀ ਆਪਣੇ ਆਪ ਨੂੰ ਠੀਕ ਢੰਗ ਨਾਲ ਚੁਣਿਆ ਖਿਡਾਰੀ ਮੰਨਦਾ ਹੈ ਜਿਸ ਨਾਲ ਹੋਰ ਬੱਚੇ ਵੀ ਉਸ ਦੀ ਚੋਣ ’ਤੇ ਕਿੰਤੂ-ਪ੍ਰੰਤੂ ਨਹੀਂ ਕਰਦੇ। ਇਸ ਕਾਰਨ ਜਿੱਥੇ ਲੋਕ-ਖੇਡਾਂ ਦੀ ਗੱਲ ਚਲਦੀ ਹੈ ਤਾਂ ਪੁਗਣ ਵਿਧੀਆਂ ਦੀ ਗੱਲ ਕਰਨੀ ਲਾਜ਼ਮੀ ਹੈ। ਸਮੇਂ ਅਨੁਸਾਰ ਇਹਨਾਂ ਵਿਚ ਕੁਝ ਬਦਲਾਵ ਵੀ ਆਉਂਦੇ ਰਹਿੰਦੇ ਹਨ।
ਮੇਰੇ ਖੋਜ ਕਾਰਜ ਦਾ ਮੁੱਖ ਉਦੇਸ਼ ਸਮਕਾਲੀ ਬਾਲ ਲੋਕ-ਖੇਡਾਂ ਨੂੰ ਇਕੱਤਰ ਕਰਨਾ ਅਤੇ ਉਹਨਾਂ ਦਾ ਅਧਿਐਨ ਕਰਨਾ ਸੀ। ਹਥਲਾ ਵਿਸ਼ਾ ਇਸ ਮਕਸਦ ਨਾਲ ਚੁਣਿਆ ਗਿਆ ਸੀ ਕਿ ਅੱਜ ਦੇ ਕੰਪਿਊਟਰ ਯੁਗ ਵਿਚ ਕਿੰਨੀਆਂ ਕੁ ਬਾਲ ਲੋਕ-ਖੇਡਾਂ ਖੇਡੀਆਂ ਜਾ ਰਹੀਆਂ ਹਨ। ਸਮਕਾਲ ਵਿਚ ਆਮ ਗੱਲਬਾਤ ਦੌਰਾਨ ਵਿਦਵਾਨਾਂ ਦੁਆਰਾ, ਅਖ਼ਬਾਰਾਂ, ਰਸਾਲਿਆਂ, ਪੁਸਤਕਾਂ, ਟੀਵੀ ਚੈਨਲਾਂ ਆਦਿ ਵਿਚ ਵਿਚਾਰ ਚਰਚਾ ਕਰਦਿਆਂ ਇਹੀ ਦੁਹਰਾਇਆ ਜਾ ਰਿਹਾ ਹੈ ਕਿ ਅਜੋਕੇ ਵਿਗਿਆਨਿਕ ਯੁਗ ਵਿਚ ਬਾਲ ਲੋਕ-ਖੇਡਾਂ ਵਿਸਰ ਗਈਆਂ ਜਾਂ ਲੋਪ ਹੋ ਗਈਆਂ ਹਨ ਕਿਉਂਕਿ ਅੱਜ ਦਾ ਬਾਲ ਆਧੁਨਿਕ ਵਿੱਦਿਆ ਪ੍ਰਣਾਲੀ ਨਾਲ ਏਨਾ ਕੁ ਬੋਝ ਹੇਠ ਹੈ ਕਿ ਉਸ ਕੋਲ ਲੋਕ-ਖੇਡਾਂ ਖੇਡਣ ਲਈ ਸਮਾਂ ਹੀ ਨਹੀਂ ਹੈ ਜਾਂ ਇਲੈਕਟ੍ਰਾਨਿਕ ਖੇਡਾਂ ਨੇ ਇਹਨਾਂ ਦੀ ਥਾਂ ਲੈ ਲਈ ਹੈ ਪਰ ਖੇਤਰੀ ਖੋਜ ਦੌਰਾਨ ਇਹ ਸੰਸਾ ਨਿਰਮੂਲ ਨਿਕਲਿਆ। ਭਾਵੇਂ ਵੱਡਿਆਂ ਦੀਆਂ ਕੁਝ ਲੋਕ-ਖੇਡਾਂ ਆਧੁਨਿਕ ਦੌਰ ਵਿਚ ਘਟ ਗਈਆਂ ਹਨ ਪਰ ਬੱਚਿਆਂ ਦੀਆਂ ਬਾਲ ਲੋਕ-ਖੇਡਾਂ ਅੱਜ ਵੀ ਮੌਜੂਦ ਹਨ ਸਗੋਂ ਇਲੈਕਟ੍ਰਾਨਿਕ ਮੀਡੀਆ ਨਾਲ ਇਹਨਾਂ ਵਿਚ ਹੋਰ ਵੀ ਇਜ਼ਾਫਾ ਹੋਇਆ ਹੈ। ਇਸ ਦਾ ਖੇਤਰੀ ਖੋਜ ਕਾਰਜ ਕਰਨ ਦੌਰਾਨ ਬੱਚਿਆਂ ਨਾਲ ਕੀਤੀਆਂ ਗੱਲਾਂਬਾਤਾਂ ਤੋਂ ਪਤਾ ਲੱਗਿਆ ਹੈ ਕਿ ਕਈ ਤੇਜ਼ ਦਿਮਾਗ ਬੱਚੇ ਨੈੱਟ ਤੋਂ ਖੇਡਾਂ ਖੇਡਣੀਆਂ ਸਿੱਖ ਲੈਂਦੇ ਹਨ ਅਤੇ ਸਕੂਲ ਵਿਚ ਅੱਧੀ ਛੁੱਟੀ ਸਮੇਂ ਜਾਂ ਘਰਾਂ ਵਿਚ ਵਿਹਲੇ ਸਮੇਂ ਆਪਣੇ ਸਾਥੀਆਂ ਨਾਲ ਉਹ ਖੇਡਾਂ ਖੇਡਦੇ ਹਨ। ਹਾਂ, ਜੇ ਕੁਝ ਲੋਕ-ਖੇਡਾਂ ਖ਼ਤਮ ਵੀ ਹੋਈਆਂ ਹਨ ਜਾਂ ਮੱਧਮ ਪੈ ਚੁੱਕੀਆਂ ਹਨ ਤਾਂ ਉਹਨਾਂ ਦੀ ਥਾਂ ਹੋਰ ਨਵੀਆਂ ਬਾਲ ਲੋਕ-ਖੇਡਾਂ ਨੇ ਲੈ ਲਈ ਹੈ ਜਿਹਨਾਂ ਵਿਚ ਸਮਕਾਲੀ ਸਮਾਜ ਅਤੇ ਸਭਿਆਚਾਰ ਦੀ ਝਲਕ ਸਪੱਸ਼ਟ ਰੂਪ ਵਿਚ ਦੇਖੀ ਜਾ ਸਕਦੀ ਹੈ।
ਇਸ ਖੋਜ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਮੈਂ ਵਿਸ਼ੇ ਨਾਲ ਸੰਬੰਧਿਤ ਪਹਿਲਾਂ ਹੋਏ ਕਾਰਜਾਂ ਦਾ ਜਾਇਜ਼ਾ ਲਿਆ। ਉਹਨਾਂ ਵਿਚੋਂ ਇੱਕਾ-ਦੁੱਕਾ ਖੋਜ ਕਾਰਜਾਂ ਨੂੰ ਛੱਡ ਕੇ ਉਹ ਜਾਂ ਤਾਂ ਇੱਕ ਦੂਜੇ ਦਾ ਦੁਹਰਾਓ ਹੈ ਜਾਂ ਪੁਰਾਤਨ ਲੋਕ-ਖੇਡਾਂ ਨੂੰ ਹੀ ਆਧਾਰ ਬਣਾ ਕੇ ਵਿਭਿੰਨ ਦ੍ਰਿਸ਼ਟੀ ਤੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹਰ ਲੇਖਕ ਵੱਲੋਂ ਆਪਣੀ ਪੁਸਤਕ ਵਿਚ ਇਹ ਵਿਚਾਰ ਜ਼ਰੂਰ ਦਿੱਤੇ ਗਏ ਹਨ ਕਿ ਲੋਕ-ਖੇਡਾਂ ਵਿਸਰ ਗਈਆਂ ਹਨ ਜਾਂ ਖ਼ਤਮ ਹੋ ਰਹੀਆਂ ਹਨ। ਇਹੀ ਭਰਮ ਪਾਲਿਆ ਜਾ ਰਿਹੈ ਕਿ ਸਮਕਾਲ ਵਿਚ ਤਾਂ ਲੋਕ-ਖੇਡਾਂ ਮੌਜੂਦ ਹੀ ਨਹੀਂ। ਸ਼ੁਰੂ ਸ਼ੁਰੂ ਵਿਚ ਇਹਨਾਂ ਵਿਚਾਰਾਂ ਨੇ ਮੈਨੂੰ ਕਾਫੀ ਨਿਰਾਸ਼ ਕੀਤਾ ਪਰ ਜਦੋਂ ਮੈਂ ਖੇਤਰੀ ਖੋਜ ਕਾਰਜ ਲਈ ਖੇਤਰ ਵਿਚ ਗਈ ਤਾਂ ਮੈਨੂੰ ਬੱਚਿਆਂ ਦਾ ਜੋ ਪ੍ਰਤੀਕਰਮ ਮਿਲਿਆ, ਮੈਨੂੰ ਉਸ ਤੋਂ ਬੜਾ ਉਤਸ਼ਾਹ ਪ੍ਰਾਪਤ ਹੋਇਆ।
ਅੰਤ ਵਿਚ ਇਸ ਖੋਜ ਕਾਰਜ ਦੌਰਾਨ ਪ੍ਰਾਪਤ ਸਮੱਗਰੀ ਨੂੰ ਕੇਵਲ ਖੋਜਾਰਥੀਆਂ ਤੱਕ ਸੀਮਤ ਨਾ ਰੱਖਦੀ ਹੋਈ ਇਸ ਨੂੰ ਆਮ ਪਾਠਕਾਂ ਦੇ ਸਨਮੁੱਖ ਕਰਨ ਲਈ ਪੁਸਤਕ ਦਾ ਰੂਪ ਦੇ ਰਹੀ ਹਾਂ। ਇਸ ਪੁਸਤਕ ਦੇ ਸ਼ੁਰੂ ਵਿਚ ਸਾਂਝੀਆਂ ਬਾਲ ਲੋਕ-ਖੇਡਾਂ ਦਿੱਤੀਆਂ ਗਈਆਂ ਹਨ। ਸਾਂਝੀਆਂ ਤੋਂ ਭਾਵ ਉਹ ਬਾਲ ਲੋਕ-ਖੇਡਾਂ ਜਿਹਨਾਂ ਨੂੰ ਬਿਲਕੁਲ ਛੋਟੇ ਬੱਚੇ, ਮੁੰਡੇ ਅਤੇ ਕੁੜੀਆਂ ਰਲ ਕੇ ਖੇਡ ਸਕਦੇ ਹਨ। ਇਹਨਾਂ ਬੱਚਿਆਂ ਵਿਚ ਕੋਈ ਲਿੰਗਕ ਵਖਰੇਵਾਂ ਨਹੀਂ ਹੁੰਦਾ ਅਤੇ ਮਾਪੇ ਵੀ ਇੱਕਠੇ ਖੇਡਦਿਆਂ ਨੂੰ ਵੇਖ ਕੇ ਟੋਕਾ-ਟਾਕੀ ਨਹੀਂ ਕਰਦੇ। ਇਹ ਬੱਚੇ ਬਹੁਤ ਹੀ ਆਲੇ-ਭੋਲ਼ੇ ਹੁੰਦੇ ਹਨ ਅਤੇ ਇਹਨਾਂ ਦੀਆਂ ਖੇਡਾਂ ਵੀ ਆਲ਼ੀਆਂ-ਭੋਲ਼ੀਆਂ ਹੀ ਹੁੰਦੀਆਂ ਹਨ। ਇਹ ਬੱਚੇ ਘੱਟ ਸਮੇਂ ਵਿਚ ਖੇਡੀਆਂ ਜਾਣ ਵਾਲੀਆਂ ਅਤੇ ਘੱਟ ਭੱਜ-ਦੌੜ ਵਾਲੀਆਂ ਖੇਡਾਂ ਹੀ ਖੇਡਣੀਆਂ ਪਸੰਦ ਕਰਦੇ ਹਨ। ਇਹਨਾਂ ਦੀਆਂ ਜ਼ਿਆਦਾਤਰ ਖੇਡਾਂ ਘਰਾਂ ਅੰਦਰ ਜਾਂ ਘਰਾਂ ਦੇ ਆਲ਼ੇ-ਦੁਆਲੇ ਹੀ ਖੇਡੀਆਂ ਜਾਣ ਵਾਲੀਆਂ ਹੁੰਦੀਆਂ ਹਨ। ਕਈ ਵਾਰ ਇਹ ਛੋਟੇ ਬੱਚੇ ਆਂਗਨਵਾੜੀ ਸਕੂਲਾਂ ਵਿਚ ਇਕੱਠੇ ਖੇਡਦੇ ਦੇਖੇ ਜਾ ਸਕਦੇ ਹਨ। ਇਸ ਤੋਂ ਅੱਗੇ ਬਾਲ ਕੁੜੀਆਂ ਦੀਆਂ ਲੋਕ-ਖੇਡਾਂ ਦਿੱਤੀਆ ਗਈਆਂ ਹਨ। ਬਾਲ ਕੁੜੀਆਂ ਤੋਂ ਭਾਵ ਜਿਹੜੀਆਂ ਕੁੜੀਆਂ ਨਾ ਤਾਂ ਛੋਟੇ ਬੱਚਿਆਂ ਨਾਲ ਖੇਡਦੀਆਂ ਹਨ ਅਤੇ ਨਾ ਹੀ ਆਪਣੇ ਹਾਣ ਦੇ ਮੁੰਡਿਆਂ ਨਾਲ ਖੇਡਣਾ ਪਸੰਦ ਕਰਦੀਆਂ ਹਨ ਜਾਂ ਮਾਪੇ ਮੁੰਡਿਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਇਸ ਵੰਨਗੀ ਵਿਚ ਖੇਡੀਆਂ ਜਾਣ ਵਾਲੀਆਂ ਲੋਕ-ਖੇਡਾਂ ਨਾਜ਼ਕ ਅਤੇ ਘੱਟ ਜ਼ੋਰ ਅਜ਼ਮਾਇਸ਼ ਵਾਲੀਆਂ ਹੁੰਦੀਆਂ ਹਨ। ਇਹ ਖੇਡਾਂ ਵਧੇਰੇ ਕਰ ਕੇ ਮਾਨਸਿਕ ਇਕਾਗਰਤਾ ਨਾਲ ਸੰਬੰਧਿਤ ਹੁੰਦੀਆਂ ਹਨ। ਕੁੜੀਆਂ ਦੀਆਂ ਵਧੇਰੇ ਲੋਕ-ਖੇਡਾਂ ਘਰਾਂ ਦੇ ਆਲੇ-ਦੁਆਲੇ ਜਾਂ ਘਰਾਂ ਦੀਆਂ ਚਾਰ-ਦੀਵਾਰੀਆਂ ਅੰਦਰ ਹੀ ਖੇਡੀਆਂ ਜਾਂਦੀਆਂ ਹਨ। ਕੁੜੀਆਂ ਦੀਆਂ ਵਧੇਰੇ ਲੋਕ-ਖੇਡਾਂ ‘ਥਾਲ ਖੇਡ’ ਵਾਂਗ ਟੱਪਿਆਂ ਦੇ ਨਾਲ ਸਰੀਰਕ ਅਤੇ ਮਾਨਸਿਕ ਇਕਾਗਰਤਾ ਵਾਲੀਆਂ ਹੁੰਦੀਆਂ ਹਨ। ਇਸ ਪੁਸਤਕ ਦੇ ਆਖ਼ਰ ਵਿਚ ਬਾਲ ਮੁੰਡਿਆਂ ਦੀਆਂ ਲੋਕ-ਖੇਡਾਂ ਨੂੰ ਰਖਿਆ ਗਿਆ ਹੈ। ਇਸ ਵੰਨਗੀ ਵਿਚ ਉਹਨਾਂ ਮੁੰਡਿਆਂ ਦੀਆਂ ਲੋਕ-ਖੇਡਾਂ ਨੂੰ ਵਿਚਾਰਿਆ ਗਿਆ ਹੈ ਜਿਨ੍ਹਾਂ ਦੀਆਂ ਲੋਕ-ਖੇਡਾਂ ਦੀ ਗਿਣਤੀ ਕੁਝ ਵਧੇਰੇ ਹੁੰਦੀ ਹੈ ਕਿਉਂਕਿ ਇਸ ਵੰਨਗੀ ਦੇ ਬੱਚੇ ਆਪਣੀਆਂ ਲੋਕ-ਖੇਡਾਂ ਦੇ ਨਾਲ ਨਾਲ ਕਈ ਵਾਰ ਆਪਣੇ ਤੋਂ ਛੋਟੇ ਬੱਚਿਆਂ ਦੀਆਂ ਲੋਕ-ਖੇਡਾਂ ਅਤੇ ਆਪਣੇ ਤੋਂ ਵੱਡੇ ਬੱਚਿਆਂ ਦੀਆਂ ਲੋਕ-ਖੇਡਾਂ ਵੀ ਖੇਡ ਲੈਂਦੇ ਹਨ। ਇਹ ਲੋਕ-ਖੇਡਾਂ ਵਧੇਰੇ ਜ਼ੋਰ ਅਜ਼ਮਾਇਸ਼ ਵਾਲੀਆਂ ਅਤੇ ਭੱਜ-ਦੌੜ ਵਾਲੀਆਂ ਹੁੰਦੀਆਂ ਹਨ। ਇਹਨਾਂ ਦੀਆਂ ਖੇਡਾਂ ਵਿਚ ਚੁਸਤੀ-ਫੁਰਤੀ ਦੇ ਅੰਸ਼ ਵਧੇਰੇ ਹੁੰਦੇ ਹਨ। ਖੇਤਰੀ ਖੋਜ ਕਾਰਜ ਦੌਰਾਨ ਬਾਲ ਮੁੰਡਿਆਂ ਦੀਆਂ ਕਾਫ਼ੀ ਬਾਲ ਲੋਕ-ਖੇਡਾਂ ਦੇ ਪ੍ਰਚਲਿਤ ਰੂਪ ਪ੍ਰਾਪਤ ਹੋਏ ਹਨ ਜਿਹਨਾਂ ਦਾ ਵੇਰਵਾ ਵਿਸਤਾਰ ਪੂਰਵਕ ਦਿੱਤਾ ਗਿਆ ਹੈ। ਮੈਂ ਉਹਨਾਂ ਸਾਰੇ ਬਾਲ ਸਰੋਤਾਂ ਦੀ ਰਿਣੀ ਹਾਂ ਜਿਨ੍ਹਾਂ ਨੇ ਮੇਰੇ ਖੇਤਰੀ ਖੋਜ ਕਾਰਜ ਦੌਰਾਨ ਆਪਣਾ ਕੀਮਤੀ ਸਮਾਂ ਦੇ ਕੇ ਅਤੇ ਅਜੋਕੇ ਸਮੇਂ ਪ੍ਰਚਲਿਤ ਬਾਲ ਲੋਕ-ਖੇਡਾਂ ਨੂੰ ਮੇਰੇ ਧਿਆਨ ਵਿਚ ਹੀ ਨਹੀਂ ਲਿਆਂਦਾ ਸਗੋਂ ਖੇਡ ਕੇ ਵੀ ਦਿਖਾਇਆ। ਇਸ ਕਾਰਜ ਰਾਹੀਂ ਉਹਨਾਂ ਨੇ ਵਿਲੱਖਣ ਅਤੇ ਅਣਗੌਲੇ ਖ਼ਜ਼ਾਨੇ ਨੂੰ ਸਾਂਭਣ ਵਿਚ ਆਪਣਾ ਯੋਗਦਾਨ ਪਾਇਆ।
ਪੁਰਾਤਨ ਤੇ ਮਾਡਰਨ ਬਾਲ ਲੋਕ-ਖੇਡਾਂ
ਮੈਂ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਬੱਚਿਆਂ ਦੀਆਂ ਖੇਡਾਂ ਗੀਟੇ, ਅੱਡੀ ਛੜੱਪਾ, ਥਾਲ ਜਾਂ ਖਿੱਦੋ, ਬੁੱਢੀ ਮਾਈ, ਤੇਰਾ ਮੇਰਾ ਮੇਲ ਨਹੀਂ, ਈਂਗਣ ਮੀਂਗਣ, ਦੋ ਮੰਜ਼ਲੀ, ਉੱਡ ਉੱਡ ਚਿੜੀਏ, ਤੋ ਵੇ ਤੋਤੜਿਆ, ਛਟਾਪੂ, ਭੰਡਾ ਭੰਡਾਰੀਆ, ਕੂਕਾਂ ਕਾਂਗੜੇ, ਮੁਸ਼ਕਣਾ ਮੁਸ਼ਕੋਈਆ, ਟਿੱਲਣਾ ਟਿੱਲਣੀ, ਠੀਕਰੀ ਲਾਉਣਾ, ਬਾਂਦਰ ਕਿੱਲਾ, ਪਿੱਠੂ, ਖਿੱਦੋ ਖੂੰਡੀ, ਗੁੱਲੀ ਡੰਡਾ, ਵੰਝ ਵੜਿਕਾ, ਡੰਡਾ ਡੁੱਕ, ਲੂਣ ਮਿਆਣੀ, ਸ਼ੱਕਰ ਭਿੱਜੀ, ਰੱਬ ਦੀ ਖੁੱਤੀ, ਡੰਡ ਪਰੰਬਲ, ਖਾਨ ਘੋੜੀ, ਤਿੱਤਰ ਮੋਰ ਛਕੰਬਾ, ਦਾਈਆਂ ਦੁੱਕੜੇ, ਘੋੜੀਆਂ ਦੇ ਸਵਾਰ, ਊਠਕ ਬੈਠਕ, ਡੂਮਣਾ ਮਖਿਆਲ, ਲੱਕੜ ਕਾਠ, ਸ਼ੇਰ ਤੇ ਬੱਕਰੀ, ਸੱਤ ਤਾੜੀਆਂ, ਸਮੁੰਦਰ ਤੇ ਮੱਛੀ, ਨਾਗਰ ਵੇਲ, ਕਾਹਨਾ ਕਾਹਨਾ ਸ਼ੇਰ ਜਵਾਨਾਂ, ਅੰਨ੍ਹਾ ਝੋਟਾ, ਪਤੰਗਬਾਜ਼ੀ, ਗੁਲੇਲਬਾਜ਼ੀ, ਪੂਛ-ਪੂਛ, ਊਚ-ਨੀਚ, ਰਾਜੇ ਤੇ ਨੌਕਰ, ਨਦੀ ਕਿਨਾਰਾ, ਰਾਜਾ ਮੰਗੇ ਬੱਕਰੀ, ਕਿਣ ਮਿਣ ਕਾਣੀ ਕੌਣ ਕਿਣਿਆ ਆਦਿ ਖੇਡਾਂ ਦਾ ਹੀ ਵੇਰਵਾ ਦਿੱਤਾ ਸੀ; ਸੁਖਵਿੰਦਰ ਕੌਰ ਨੇ ਤਾਂ ਆਧੁਨਿਕ ਦੌਰ ਦੀਆਂ 80 ਤੋਂ ਵੱਧ ਨਵੀਆਂ ਬਾਲ ਲੋਕ-ਖੇਡਾਂ ਦਾ ਵੇਰਵਾ ਦੇ ਦਿੱਤਾ ਹੈ:
ਜਿਵੇਂ ਟੈਗ-ਟੈਗ, ਟਿੱਪੀ-ਟਿੱਪੀ ਟੌਪ ਕੌਮ, ਮੰਮੀ ਮੰਮੀ ਟਾਫੀ ਦੇ, ਚਾਚਾ ਚੱਕੀ ਚਲਾਈ/ਆਂਡਾ ਗੜੂਪ, ਕਟੀ ਪਤੰਗ, ਕਾਂ-ਕਾਂ ਕਾਂ ਦੀ ਮਰਗੀ ਮਾਂ, ਬਿੱਟੂ ਬਟੇਰ, ਕਰੰਟ-ਬਾਕਸ, ਚਿਕਲੈੱਸ-ਚਿਕਲੈੱਸ, ਝੂਟੇ ਮਾਟੇ, ਤੱਪੜਾ ਬਈ ਤੱਪੜਾ, ਅੱਚ-ਕੱਚ ਰੰਗ ਦੱਸ, ਪਿੱਪਲ ਦਾ ਭੂਤ, ਬੋਲ ਮਾਈ ਕਿੰਨੇ, ਟੌਮ ਐਂਡ ਜ਼ੈਰੀ, ਹਵਾ ਵਿਚ ਅੱਖਰ, ਸਟਾਰ ਖੇਡਣਾ, ਘੋੜਾ-ਘੋੜਾ, ਡੂ-ਡੂ-ਡੈਸ਼ੀ, ਕੁਰਸੀ-ਕੁਰਸੀ ਤੇ ਕਿਤਾਬ, ਗੜੈਂ-ਗੜੈਂ ਗੜੱਪ, ਕਾਟੀ ਜ਼ੀਰੋ ਜਾਂ ਜ਼ੀਰੋ ਕਾਟਾ, ਥੋਡੇ ਵਿਹੜੇ ਕੀਤਾ ਵਿਆਹ, ਵੰਜੂ/ਗੈਲਰੀ/ਬੌੜੀ, ਚੈਨ ਟੁੱਟੀ, ਤਾੜੀ ਬਾਲ ਜਾਂ ਸਿਰਹਾਣਾ ਘੁਮਾਉਣਾ, ਜਲੇਬੀ ਖੇਡ, ਮਕਾਨ ਅਤੇ ਕਿਰਾਏਦਾਰ, ਕੰਬਲ ਕੁੱਟ ਜਾਂ ਭਾਨ ਪਾਉਣੀ, ਆਂਡਾ ਬਈ ਆਂਡਾ, ਵੱਟੇ ਤੇ ਵੱਟਾ/ਝਾਟੀ ਵੱਟਾ, ਦਰਵਾਜ਼ਾ ਭੰਨਣਾ, ਚਿੱਚੜੀ ਛੁਡਾਲਾ, ਹਿੰਦੁਸਤਾਨ-ਪਾਕਿਸਤਾਨ, ਅੱਖਰ ਤੇ ਨਾਮ, ਸਨੇਕ-ਵਾਟਰ-ਗੰਨ, ਪਰਾਹੁਣੇ-ਪਰਾਹੁਣੇ, ਵੈਰੀ-ਵੈਰੀ ਜਾਂ ਵੈਰੀ ਕਬੂਤਰ, ਗੇਂਦ ਗੁੱਚੀ, ਕੈਂਪਾ ਕੋਲਾ, ਡਮਰੂ ਕਰਾਸ, ਘੋੜੀ ਦਾ ਲਾਲ ਬਛੇਰਾ, ਛੁਡਾਉਣ ਛਡੀਕਾ, ਹਾਥੀ ਸੁੰਡ, ਤਿੰਨ ਤਾੜੀ, ਰੈੱਡ ਹੈਂਡ, ਸਟੋਨ, ਪੇਪਰ, ਸੀਜ਼ਰ, ਰੈਬਿਟ, ਲੱਡੂ, ਪੰਜਾ ਲੜਾਉਣਾ, ਮੈਂ ਆਪਣੀ ਗੁਡੀਆ ਕੋ ਗਿਣਤੀ ਸਿਖਾਊਂਗੀ, ਆਮ ਚੂਰੀ, ਕੱਚ ਕੀ ਪਲੇਟ ਮੇਂ ਨਿੰਬੂ ਕਾ ਆਚਾਰ, ਘੂਮ ਮੂਰਤੀ ਘੂਮ, ਗੱਬਰ ਸੇਠ, ਮੈਡਮ-ਮੈਡਮ ਛੁੱਟੀ ਦਿਓ, ਇਡਲੀ ਡੋਸਾ, ਜੰਗਲ ਮੇਂ ਆਗ ਲਗੀ, ਬਨੋ ਮੂਰਤੀ, ਗੋਲ-ਗੋਲ ਗੁੰਮਾ, ਬਾਪੂ-ਬਾਪੂ, ਸੈਵਨ ਅੱਪ, ਆਰ ਮੀਨਾ, ਨਦੀ ਕਿਨਾਰੇ ਕਾਲਾ-ਕਾਲਾ ਸਾਂਪ, ਫਾਈਵ ਸਟਾਰ, ਗੁਰਮੁਖੀ ਵਿਦਿਆ, ਲੈਟਰ ਪੈਡ, ਨਿੱਕੀ ਸਹੇਲੀ ਰੋ ਰਹੀ ਸੀ, ਆ ਜਾ ਮੀਨਾ, ਕੰਨ ਖਜੂਰੀ, ਤੱਤੀਆਂ ਤੱਤੀਆਂ ਪੂਰੀਆਂ, ਭੂਤਨੀ ਬਤਾਈਂ ਤੇਰਾ ਘਰ ਕੌਣਸਾ, ਬੁੱਢੀ ਮਾਈ ਦਾ ਨਦੀ ਕਿਨਾਰਾ, ਮੰਮੀ ਬੱਚਾ, ਮੈਡਮ ਬੱਚਾ, ਪਾਰਲਰ-ਪਾਰਲਰ, ਡਾਕਟਰ-ਡਾਕਟਰ, ਦਰਜ਼ੀ-ਦਰਜ਼ੀ, ਜੰਪਿੰਗ-ਜੰਪਿੰਗ, ਚਿੰਗ-ਚਾਉਨ-ਚਾਈਨਾ, ਘਰ-ਘਰ ਤੇ ਡੌਲ-ਡੌਲ।
ਸਭਿਆਚਾਰ ਵਹਿੰਦਾ ਦਰਿਆ ਹੁੰਦਾ ਹੈ ਜੋ ਸਮੇਂ ਅਤੇ ਹਾਲਾਤ ਅਨੁਸਾਰ ਵੇਗ ਬਦਲਦਾ ਰਹਿੰਦਾ ਹੈ। ਲੋਕ ਖੇਡਾਂ ਵੀ ਸਮੇਂ ਅਤੇ ਹਾਲਾਤ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ।
ਸੰਪਰਕ: principalsarwasingh@gmail.com