ਹਰਿਭਜਨ ਸਿੰਘ
ਕਵਿਤਾ ਦੀ ਮੂਲ ਇਕਾਈ ਲੈਅ ਹੈ। ਕਵਿਤਾ ਦੀ ਹੀ ਕਿਉਂ ਨਿਰਤ ਦੀ, ਸੰਗੀਤ ਦੀ ਤੇ ਜ਼ਿੰਦਗੀ ਦੀ ਵੀ। ਇਹ ਮੈਨੂੰ ਜੀਵਨ ਦੇ ਆਰੰਭ ਵਿਚ ਹੀ ਪ੍ਰਾਪਤ ਹੋਈ। ਮੇਰਾ ਘਰ ਜੰਗਲ ਦੀ ਫਿਰਨੀ ’ਤੇ ਸੀ। ਬਹੁਤ ਵਾਰ ਨੰਗ-ਧੜੰਗ ਬੰਦੇ ਕਾਹਲੀ-ਕਾਹਲੀ ਜੰਗਲ ਵੱਲ ਭੱਜੇ ਤੁਰੇ ਜਾਂਦੇ ਤੇ ਕੁਝ ਗਾਉਂਦੇ ਵੀ ਚਲੇ ਜਾਂਦੇ ਸਨ। ਉਹ ਜਿਸ ਲੈਅ ਵਿਚ ਗਾਉਂਦੇ ਸਨ, ਉਸੇ ਲੈਅ ਵਿਚ ਤੁਰਦੇ ਸਨ। ਲੈਅ ਤੁਰਨਾ, ਗਾਉਣਾ ਤੇ ਜਿਉਣਾ ਉਨ੍ਹਾਂ ਦੀ ਸੰਜੁਗਤ ਲੋੜ ਸੀ। ਇਹ ਲੋਕ ਨਾਂਗੇ ਸਨ? ਸ਼ਾਇਦ ਸਨ, ਪਰ ਪੂਰੇ ਵਿਸ਼ਵਾਸ ਨਾਲ ਨਹੀਂ ਕਹਿ ਸਕਦਾ। ਇਨ੍ਹਾਂ ਜੰਗਲ ਥਾਣੀਂ ਲੰਘਣਾ ਹੁੰਦਾ ਸੀ ਤੇ ਜੰਗਲੀ ਜਾਨਵਰਾਂ ਤੋਂ ਬਚਣਾ ਹੁੰਦਾ ਸੀ। ਉੱਚੀ-ਉੱਚੀ ਗਾਉਣ ਨਾਲ ਇਹ ਜੰਗਲੀ ਜਾਨਵਰਾਂ ਨੂੰ ਖ਼ਬਰਦਾਰ ਕਰਦੇ ਸਨ, ਆਪਣੇ ਆਉਣ ਦਾ ਪਤਾ ਦੇਂਦੇ ਸਨ ਤੇ ਆਹਮੇ-ਸਾਹਮਣੇ ਭੇੜ ਤੋਂ ਬਚਣ ਦੀ ਬਿਧ ਬਣਾ ਲੈਂਦੇ ਸਨ। ਰਾਤ ਪੈਣ ’ਤੇ ਉਹ ਹੱਥਾਂ ਵਿਚ ਮਸ਼ਾਲ ਲੈ ਕੇ ਤੁਰਦੇ ਸਨ। ਮਸ਼ਾਲ ਵੀ ਲੈਅ ਵਿਚ ਝੂਲਦੀ, ਹਵਾ ਵਿਚ ਚਿੱਤਰ ਉਲੀਕਦੀ ਜਾਂਦੀ ਸੀ। ਇਨ੍ਹਾਂ ਲੋਕਾਂ ਦੀ ਬੋਲੀ ਮੈਨੂੰ ਸਮਝ ਨਹੀਂ ਸੀ ਆਉਂਦੀ, ਪਰ ਇਨ੍ਹਾਂ ਲੋਕਾਂ ਦੀ ਲੈਅ ਮੇਰੇ ਮਨ ਵਿਚ ਅੱਜ ਤੱਕ ਵਸੀ ਹੋਈ ਹੈ। ਉਹ ਹਨੇਰੇ ਵਿਚ ਮਸ਼ਾਲ ਵਾਂਗ ਝੂਲਦੀ ਹੈ, ਤਾਬੜ-ਤੋੜ ਦੌੜੀ ਜਾਂਦੀ ਹੈ, ਭੈਦਾਇਕ ਆਲੇ-ਦੁਆਲੇ ਵਿਚ ਮੇਰੀ ਰੱਖਿਆ ਕਰਦੀ ਹੈ। ਕਈ ਵਾਰ ਮੈਂ ਇਸੇ ਲੈਅ ਵਿਚ ਸੁੱਤਾ-ਸੁੱਤਾ ਬਰੜਾਉਂਦਾ ਰਿਹਾ ਹਾਂ। ਇਹੋ ਮੇਰੀ ਕਵਿਤਾ ਦਾ ਆਦਿ-ਬਿੰਦੂ ਹੈ।
ਕੁਝ ਲੋਕਾਂ ਨੂੰ ਮੇਰੀ ਕਵਿਤਾ ਦੇ ਅਰਥ ਸਮਝ ਨਹੀਂ ਆਉਂਦੇ। ਖ਼ੁਦ ਮੈਨੂੰ ਵੀ ਆਪਣੇ ਆਪ ਤੋਂ ਇਹੋ ਸ਼ਿਕਾਇਤ ਹੈ। ਮੈਨੂੰ ਅੱਜ ਤੱਕ ਆਪਣੇ ਹੋਣ ਦਾ ਅਰਥ ਪਤਾ ਨਹੀਂ ਲੱਗਾ। ਪਰ ਮੈਂ ਆਪਣੇ ਅੰਦਰ ਤੁਰੇ ਜਾਂਦੇ ਲਹੂ ਦੀ ਲੈਅ ਤੋਂ ਵਾਕਿਫ਼ ਹਾਂ। ਮੈ ਜ਼ਿਆਦਾਤਰ ਕਿਸੇ ਅਰਥ ਦੇ ਚਲਾਇਆਂ ਨਹੀਂ ਚਲਦਾ, ਕਿਸੇ ਲੈਅ ਦੇ ਚਲਾਇਆਂ ਰਚਦਾ ਹਾਂ। ਬਹੁਤ ਵਾਰ ਮੈਨੂੰ ਲੈਅ ਦੀ ਪ੍ਰਾਪਤੀ ਪਹਿਲਾਂ ਹੁੰਦੀ ਹੈ, ਕਵਿਤਾ ਦੇ ਲਫ਼ਜ਼ ਬਾਅਦ ਵਿਚ ਮਿਲਦੇ ਹਨ। ਲੈਅ ਦਾ ਜਾਗਣਾ ਆਵੇਸ਼ ਦਾ ਚਿਹਨ ਹੈ। ਮੇਰੇ ਅੰਦਰ ਮਰਦਾਨੇ ਜਿਹਾ ਕੋਈ ਮਿੱਤਰ ਰਬਾਬ ਛੇੜਦਾ ਹੈ ਤੇ ਮੈਂ ਕੁਝ ਗਾਉਣ, ਰਚਨ ’ਤੇ ਮਜਬੂਰ ਹੁੰਦਾ ਹਾਂ। ਮੈਨੂੰ ਚੰਗੀ ਤਰ੍ਹਾਂ ਪਤਾ ਹੈ 1947 ਦੇ ਦਿਨਾਂ ਵਿਚ ਚਾਨਣੀ ਰਾਤ ਸੀ। ਮੈਂ ਘਰ ਦੀ ਛੱਤ ’ਤੇ ਘੂਕ ਸੁੱਤਾ ਪਿਆ ਸੀ। ਮੇਰੇ ਗਵਾਂਢ ਦਿੱਲੀਵਾਲ ਔਰਤਾਂ ਢੋਲਕੀ ਵਜਾਉਂਦੀਆਂ ਕੁਝ ਗਾ ਰਹੀਆਂ ਸਨ ਜਿਸ ਦੀ ਗੂੰਜ ਧੁਰ ਮੇਰੀ ਨੀਂਦ ਵਿਚ ਸਮਾਈ ਹੋਈ ਸੀ। ਹਨੇਰੀ ਰਾਤ ਵਿਚ ਮਸ਼ਾਲਾਂ ਦੇ ਤੁਰਨ ਜਿਹਾ ਅਨੁਭਵ ਸੀ। ਇਹ ਅਨੁਭਵ ਹੀ ਉਸ ਗੀਤ ਦੀ ਗੂੰਜ, ਉਹਦੀ ਲੈਅ ਦਾ ਅਰਥ ਸੀ। ਉਹ ਸੁਆਣੀਆਂ ਕੀ ਗਾ ਰਹੀਆਂ ਸਨ, ਉਹਦਾ ਅਰਥ ਕੀ ਸੀ, ਮੈਨੂੰ ਨਾ ਓਦੋਂ ਪਤਾ ਸੀ ਨਾ ਅੱਜ, ਪਰ ਅਗਲਾ ਸਾਰਾ ਦਿਨ ਉਹ ਲੈਅ ਮੱਠੀ ਮੱਠੀ ਮਹਿਕ ਵਾਂਗ ਮੇਰੇ ਅੰਦਰ ਵਸੀ ਰਹੀ ਸੀ। ਮੈਂ ਗੁਨਗੁਨਾਉਣ ਲੱਗਾ।
‘‘ਅ…ਹਾ…ਅ….ਹਾ….ਅ…ਹਾ…. ਵਰਾਨ ਹੋਈ ਰਾਤ।’’ ‘ਵਰਾਨ ਹੋਈ ਰਾਤ’ ਲਫ਼ਜ਼ ਮੈਨੂੰ ਪਹਿਲਾਂ ਅਹੁੜੇ, ‘ਸੌਂ ਜਾ ਮੇਰੇ ਮਾਲਕਾ’ ਬਾਅਦ ਵਿਚ। ਪੂਰਨ ਪੰਗਤੀ ਨੂੰ ਬਣਨ ’ਚ ਪੂਰਾ ਇਕ ਦਿਨ ਲੱਗ ਗਿਆ। ਇਹ ਗੀਤ 1947 ਦੇ ਦੰਗਿਆਂ ਨਾਲ ਸਬੰਧਿਤ ਹੈ, ਪਰ ਇਹਦਾ ਪ੍ਰੇਰਨਾ-ਬਿੰਦੂ ਉਹ ਦੰਗੇ ਨਹੀਂ। ਮੇਰੇ ਅੰਦਰਲੇ ਗੀਤਕਾਰ ਨੂੰ ਪ੍ਰੇਰਨ ਵਾਲੀ ਤਾਂ ਢੋਲਕੀ ਦੀ ‘ਕਹਿਰਵਾ’ ਤਾਲ ਸੀ ਜਿਸ ਦੀ ਪ੍ਰਾਪਤੀ ਸੁਤਨੀਂਦਰੇ ਵਿਚ ਹੋਈ। ਅਰਥ ਤਾਂ ਕਿਤੇ ਆਲੇ-ਦੁਆਲੇ ਹਵਾ ਵਿਚ ਅਦਿਸ ਫੈਲਿਆ ਹੋਇਆ ਸੀ ਜਾਂ ਮੇਰੇ ਹੀ ਅੰਦਰ ਛਹਿ ਲਾ ਕੇ ਬੈਠਾ ਹੋਇਆ ਸੀ, ਲੈਅ ਦੀ ਉਡੀਕ ਵਿਚ ਸੀ, ਲੈਅ ਮਿਲਦਿਆਂ ਹੀ ਛੰਦਾਂ ਵਿਚ ਢਲ ਗਿਆ।
ਲੈਅ ਦੀ ਪ੍ਰਾਪਤੀ ਮੈਨੂੰ ਨਾਚ ਤੋਂ ਵੀ ਹੋਈ। ਆਸਾਮ ਦਾ ਬੀਹੂ ਨਾਚ ਬੜਾ ਮਸ਼ਹੂਰ ਹੈ। ਇਸ ਵਿਚ ਇਸਤਰੀ ਪੁਰਖ ਬੜੇ ਉਤਸ਼ਾਹ ਨਾਲ ਸ਼ਾਮਿਲ ਹੁੰਦੇ ਹਨ। ਆਮ ਤੌਰ ’ਤੇ ਇਹ ਲੋਕ ਚੜ੍ਹਦੀ ਜਵਾਨੀ ਦੇ ਹੁੰਦੇ ਹਨ ਤੇ ਇਨ੍ਹਾਂ ਦੇ ਖੂਨ ਵਿਚ ਚੰਗਿਆੜੇ ਮੱਚ ਰਹੇ ਹੁੰਦੇ ਹਨ। ਇਕ ਦੂਜੇ ਦੀ ਖਿੱਚ ਵਿਚ ਇਨ੍ਹਾਂ ਦੇ ਕਦਮ ਵਧੇਰੇ ਚੰਚਲ ਹੋ ਉਠਦੇ ਹਨ। ਪਰ ਮੈਂ ਜਦੋਂ ਦੀ ਗੱਲ ਕਰਦਾ ਹਾਂ ਉਦੋਂ ਮੈਂ ਬਾਲ-ਅਵਸਥਾ ਵਿਚ ਸਾਂ। ਮੈਨੂੰ ਤਾਂ ਇਸ ਨਾਚ ਦੀਆਂ ਧੁਨਾਂ, ਲੈਆਂ ਹੀ ਪ੍ਰਭਾਵਿਤ ਕਰਦੀਆਂ ਹਨ। ਇਹ ਨਾਚ ਮੈਂ ਅਜੋਕੇ ਸਮਿਆਂ ਵਿਚ ਕਲਚਰਲ ਪ੍ਰੋਗਰਾਮ ਵਿਚ ਨਹੀਂ ਵੇਖੇ। ਵਰ੍ਹੇ ਦਾ ਇਕ ਖ਼ਾਸ ਦਿਨ ‘ਬੀਹੂ’ ਦਾ ਪੁਰਬ ਦਿਹਾੜਾ ਹੈ। ਮੁੰਡੇ ਕੁੜੀਆਂ ਨਵੀਆਂ ਪੁਸ਼ਾਕਾਂ ਵਿਚ ਇਕ ਦੂਜੇ ਦੇ ਅੰਗ-ਸੰਗ ਮਿਲਦੇ ਹਨ ਤੇ ਨੱਚਦੇ ਹਨ, ਗਾਉਂਦੇ ਹਨ। ਇਸ ਨਾਚ ਦਾ ਨਾਂ ਬੀਹੂ ਹੈ, ਇਹ ਵੀ ਮੈਨੂੰ ਉਦੋਂ ਨਹੀਂ ਸੀ ਪਤਾ। ਬੀਹੂ ਦਾ ਨਾਂ ਪਹਿਲਾਂ ਪਹਿਲ ਮੈਂ ਇਕ ਪੁਸਤਕ ਵਿਚ ਪੜ੍ਹਿਆ ਸੀ। ਪੁਸਤਕ ਸੀ ਆਸਾਮੀ ਜ਼ਬਾਨ ਦਾ ਪਹਿਲਾ ਨਾਵਲ, ਯਾਰਦੇਲਾਈ ਦੁਆਰਾ ਲਿਖਿਤ ‘ਮੀਰ ਜੀਆਈ’ ਜਿਸ ਦਾ ਪੰਜਾਬੀ ਵਿਚ ਅਨੁਵਾਦ ਅੰਮ੍ਰਿਤਾ ਪ੍ਰੀਤਮ ਨੇ ਕੀਤਾ। ਉਸ ਵਿਚ ਨਾਇਕ ਤੇ ਨਾਇਕਾ ਨੱਚਦੇ ਨੱਚਦੇ ਦੂਜੇ ਬੀਹੂ-ਨਰਤਕਾਂ ਤੋਂ ਦੂਰ ਨਿਕਲ ਜਾਂਦੇ ਹਨ ਤੇ ਇਕ ਦੂਜੇ ਨਾਲ ਪਿਆਰ ਦੇ ਵਾਅਦੇ ਕਰਦੇ ਹਨ। ਬੀਹੂ ਨੌਜਵਾਨਾਂ ਦਾ ਪਿਆਰ-ਨਾਚ ਹੈ। ਮੇਰੇ ਬਾਲ-ਮਨ ਵਿਚ ਬੀਹੂ ਦੀਆਂ ਪਿਆਰ-ਲੈਆਂ ਹੀ ਸਮਾਈਆਂ ਹੋਈਆਂ ਸਨ। ਜਾਂਗਲੀ ਕਬੀਲੇ ਸਾਡੇ ਘਰ ਲਾਗਿਓਂ ਨੱਚਦੇ-ਨੱਚਦੇ ਲੰਘਦੇ ਰਹੇ ਤੇ ਮੇਰੇ ਜ਼ਿਹਨ ਵਿਚ ਆਪਣੀਆਂ ਧੁਨਾਂ ਦੀਆਂ ਪੈੜਾਂ ਛੱਡ ਜਾਂਦੇ ਰਹੇ। ਬੜਾ ਭਰਪੂਰ ਕਿਸਮ ਦਾ ਸ਼ੋਰ ਟਿਕ ਗਿਆ ਮੇਰੇ ਮਨ-ਮੱਥੇ ਵਿਚ ਜਿਸ ਵਿਚ ਢੋਲ ਦੀ ਆਵਾਜ਼ ਵੀ ਸੀ, ਛੈਣਿਆਂ ਦੀ ਵੀ ਤੇ ਨੱਚਦੇ ਪੈਰਾਂ ਦੀ ਵੀ। ਇਹ ਆਵਾਜ਼ ਹੌਲੇ-ਹੌਲੇ ਮੱਧਮ ਹੁੰਦੀ ਗਈ। ਹੜ੍ਹ ਵਿਚ ਆਏ ਦਰਿਆ ਦਾ ਪਾਣੀ ਲਹਿੰਦਾ ਗਿਆ ਤੇ ਪਿੱਛੇ ਪਾਣੀਆਂ ਦੀਆਂ ਨਿੱਕੀਆਂ ਨਿੱਕੀਆਂ ਲੀਕਾਂ ਹੀ ਰਹਿ ਗਈਆਂ। ਅੱਜ ਮੈਨੂੰ ਉਹ ਲੈਆਂ ਯਾਦ ਨਹੀਂ ਰਹੀਆਂ, ਪਰ ਉਨ੍ਹਾਂ ਦਾ ਪ੍ਰਭਾਵ ਅੱਜ ਤੱਕ ਬਣਿਆ ਹੋਇਆ ਹੈ। ਮੇਰੀ ਕਵਿਤਾ ਲਈ ਜ਼ਮੀਨ ਇਹੋ ਜਿਹੇ ਨਿੱਕੇ ਨਿੱਕੇ ਪ੍ਰਭਾਵਾਂ ਨੇ ਹੀ ਤਿਆਰ ਕੀਤੀ ਹੈ।
ਨਾਂਗਿਆਂ ਦੇ ਗੌਣ ਅਤੇ ਬੀਹੂ ਦੇ ਨਾਚ ਤੋਂ ਛੁੱਟ ਤੀਜਾ ਵੱਡਾ ਪ੍ਰਭਾਵ ਮੇਰੇ ਉਪਰ ਗੁਰਦੁਆਰੇ ਤੇ ਗੁਰਬਾਣੀ ਦਾ ਹੈ। ਮੇਰੇ ਪਿਤਾ ਜੀ ਬੜੇ ਧਾਰਮਿਕ ਵਿਅਕਤੀ ਸਨ। ਸਿੰਘ ਸਭਾਈ, ਤੱਤ ਖਾਲਸਾ। ਅਕਾਲੀ ਕੌਰ ਸਿੰਘ ਨੇ ਆਪਣੇ ਗ੍ਰੰਥ ਵਿਚ ਉਨ੍ਹਾਂ ਦੇ ਨਾਂ ਨਾਲ ‘ਭਾਈ’ ਵਿਸ਼ੇਸ਼ਣ ਵਰਤਿਆ ਹੈ। ਘਰ ਵਿਚ ਪਾਠ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ। ਮੇਰੀ ਵੱਡੀ ਭੈਣ, ਬਿਸ਼ਨ ਕੌਰ, ਦੀ ਪਰਵਰਿਸ਼ ਉਨ੍ਹਾਂ ਆਪਣੇ ਆਤਮਿਕ ਜਾਨਸ਼ੀਨ ਵਾਂਗੂ ਕੀਤੀ। ਉਹ ਸੱਤਾਂ ਵਰ੍ਹਿਆਂ ਦੀ ਸੀ, ਜਦੋਂ ਉਹਨੇ ਇਕ ਗ੍ਰੰਥੀ ਦੀ ਦੇਖ-ਰੇਖ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਪੂਰਨ ਕੀਤਾ। ਕਿੰਨੀ ਖੁਸ਼ਨਸੀਬ ਸੀ ਮੇਰੀ ਭੈਣ ਜੀਹਨੂੰ ਅਕਾਲੀ ਕੌਰ ਸਿੰਘ ਵਰਗਾ ਗਿਆਨਵਾਨ ਗੁਰੂ ਮਿਲਿਆ। ਇਹ ਉਹੋ ਕੌਰ ਸਿੰਘ ਜੀ ਹਨ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ (ਗੁਰ ਸ਼ਬਦ ਰਤਨ ਪ੍ਰਕਾਸ਼) ਤਿਆਰ ਕੀਤਾ। ਵਰ੍ਹਾ ਭਰ ਉਹ ਸਾਡੇ ਘਰ ਠਹਿਰੇ, ਆਪਣਾ ਤਤਕਰਾ ਤਿਆਰ ਕਰਦੇ ਰਹੇ ਤੇ ਮੇਰੀ ਭੈਣ ਨੂੰ ਦੀਖਿਆ ਦਿੰਦੇ ਰਹੇ।
ਭੈਣ ਸੁਬ੍ਹਾ-ਸ਼ਾਮ ਪਾਠ ਕਰਦੀ ਤੇ ਸ਼ਾਮ ਵੇਲੇ ਆਰਤੀ ਦਾ ਕੀਰਤਨ ਕਰਦੀ ਜਿਸ ਵਿਚ ਸਾਰਾ ਘਰ ਨੇਮ ਨਾਲ ਸ਼ਾਮਲ ਹੁੰਦਾ। ਮੇਰੀ ਸ਼ਮੂਲੀਅਤ ਭੈਣ ਨੇ ਲਾਜ਼ਮੀ ਬਣਾਈ ਹੋਈ ਸੀ। ਉਹ ਮੈਨੂੰ ਆਪਣੇ ਲਾਗੇ ਬਿਠਾ ਲੈਂਦੀ ਤੇ ਸ਼ਬਦਾਂ ਦਾ ਸਰਲ ਗਾਇਨ ਕਰਦੀ। ਢੋਲਕੀ ਉਹ ਵਜਾ ਲੈਂਦੀ ਸੀ। ਘਰ ਵਿਚ ਨਿੱਕੇ-ਨਿੱਕੇ ਛੈਣੇ ਵੀ ਸਨ। ਭੈਣ ਬਿਸ਼ਨ ਕੌਰ ਮੇਰਾ ਪਹਿਲਾ ਕਾਵਿ-ਗੁਰੂ ਹੈ। ਗੁਰਬਾਣੀ ਦੇ ਨਾਲ ਨਾਲ ਅਧਿਆਤਮਿਕ ਮੁਹਾਂਦਰੇ ਵਾਲੀਆਂ ਤੁਕਾਂ ਜਾਂ ਧਾਰਨਾ ਵੀ ਉਹ ਜੋੜਦੀ ਰਹਿੰਦੀ। ‘ਆ ਗਿਆ ਬਾਬਾ ਵੈਦ ਰੋਗੀਆਂ ਦਾ’, ‘ਵਗਦੀ ਏ ਰਾਵੀ ਵਿਚ ਸੁੱਟੀਆਂ ਗਨੇਰੀਆਂ, ਅੱਗੇ ਗੁਰੂ ਨਾਨਕ ਪਿੱਛੇ ਸੰਗਤਾਂ ਬਥੇਰੀਆਂ’ ਵਰਗੀਆਂ ਅਨੇਕ ਤੁਕਾਂ ਉਹਨੂੰ ਵਿਸ਼ੇਸ਼ ਪਿਆਰੀਆਂ ਸਨ। ਭੈਣ, ਪਿਤਾ ਜੀ ਦੀ ਆਤਮਿਕ ਵਿਰਾਸਤ ਮੈਨੂੰ ਸੌਂਪਣਾ ਚਾਹੁੰਦੀ ਸੀ। ਉਹ ਬਹੁਤ ਛੇਤੀ ਤੁਰ ਗਈ, ਪਰ ਬਾਣੀ ਕੀਰਤਨ ਦੀਆਂ ਲੈਆਂ ਮੇਰੇ ਜ਼ਿਹਨ ਵਿਚ ਰਤਾ ਮਾਸਾ ਵਸਾਉਣ ਦੀ ਪਹਿਲਕਦਮੀ ਉਸੇ ਨੇ ਕੀਤੀ। ਜਦੋਂ ਮੈਂ ਆਪਣੇ ਜਨਮ ਸਬੰਧੀ ਕੁਝ ਕਾਵਿ-ਸਤਰਾਂ ਲਿਖੀਆਂ ਤਾਂ ਪਿਤਾ ਜੀ ਤੇ ਵੱਡੀ ਭੈਣ ਦਾ ਬਾਣੀ-ਪਾਠ ਮੇਰੀ ਮਨੋਭੂਮੀ ਵਿਚ ਸੀ। ਮੇਰੇ ਆਲੇ-ਦੁਆਲੇ ਜੋ ਮੇਰੀਆਂ ਮਿੱਥਾਂ ਦਾ ਵਾਤਾਵਰਣ ਉਸਾਰਿਆ ਗਿਆ ਉਸ ਤੋਂ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੇਰਾ ਜਨਮ ਸਚਮੁੱਚ ਪੰਜਾਂ ਬਾਣੀਆਂ ਦੇ ਪਾਠ ਸਦਕਾ ਹੀ ਸੰਭਵ ਹੋਇਆ ਸੀ।
ਬਾਹਰ ਬਾਬਲ ਕਿਣਮਿਣ ਪਾਣੀ ਬਰਸੇ
ਅੰਦਰ ਅੰਮੜੀ ਅਣਹੋਏ ਨੂੰ ਤਰਸੇ
ਭੈਣਾਂ ਜੀਕਣ ਨਦੀਆਂ ਜਲ ਠਹਿਰਾਏ
ਆਵਣ ਵਾਲਾ ਆਏ ਯਾ ਨਾ ਆਏ
ਜਾਗਣ ਯਾ ਨਾ ਜਾਗਣ ਕਰਮਾਂ ਸੁੱਤੇ
ਜਨਮ ਹੋਇਆ ਮੇਰੀ ਕੋਸੀ ਕੋਸੀ ਰੁੱਤੇ।
ਛਾਈਂ-ਮਾਈਂ ਹੋ ਗਏ ਪਰਿਵਾਰ ਦਾ ਕਲਪਨਾ ਚਿੱਤਰ ਬਣਾਉਂਦਾ ਹਾਂ ਤਾਂ ਇਕ ਕੀਰਤਨੀ ਜੱਥਾ ਹੋਂਦ ਵਿਚ ਆਉਂਦਾ ਹੈ ਜਿਸ ਵਿਚ ਸਭ ਤੋਂ ਉੱਘੀ ਭੂਮਿਕਾ ਵੱਡੀ ਭੈਣ ਬਿਸ਼ਨ ਕੌਰ ਦੀ ਹੈ। ਆਸਾਮ ਦੇ ਰੇਸ਼ਮੀ ਸਫ਼ੈਦ ਲਬਿਾਸ ਵਿਚ ਮਲਬੂਸ ਦੁੱਧ ਚਿੱਟੇ ਰੰਗ ਵਾਲੀ ਦੇਵੀ ਅਪੱਛਰਾਂ ਦੇ ਸਾਹਮਣੇ ਹਾਰਮੋਨੀਅਮ ਹੈ, ਮਾਂ ਕੈਂਸੀਆਂ ਵਜਾ ਰਹੀ ਹੈ, ਭੈਣ ਜੋਧਾਂ ਤਬਲਾ। ਮੈਨੂੰ ਗਾਉਣ ਲਈ ਕਿਹਾ ਜਾ ਰਿਹਾ ਹੈ। ਮੈਂ ਭੈਣ ਦੇ ਪੈਰ ਛੋਂਹਦਾ ਹਾਂ, ਉਹ ਮੁਸਕਰਾ ਕੇ ਮੇਰੇ ਮੋਢੇ ’ਤੇ ਹੱਥ ਧਰ ਕੇ ਅਸੀਸ ਦਿੰਦੀ ਹੈ ਤੇ ਮੈਂ ਗਾਇਨ ਸ਼ੁਰੂ ਕਰਦਾ ਹਾਂ। ਬਾਹਰ ਆਸਾਮ ਦਾ ਮੀਂਹ ਹੈ ਤੇ ਬਾਰ ਬਾਰ ਮੈਂ ਇਹੋ ਹੀ ਸ਼ਬਦ ਪੜਦਾ ਹਾਂ:
ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ।।
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿਖ ਲੰਘਿ ਗੁਰੂ ਪੈ ਜਾਈ।।
ਅਪ੍ਰਮਾਣਿਕ
ਹਰ ਰਾਤ ਗਲੀ ਵਿਚ ਮੈਂ ਤੇ ਤਾਰੇ ਕੱਠੇ ਸੌਂਦੇ ਹਾਂ
ਇਕ ਦੂਜੇ ਦੇ ਨਿਸਤੇਜ ਸੁਲਗਦੇ ਅੰਗਾਂ ਦੇ ਸਾਖੀ
ਇਕ ਦੂਜੇ ਦੀ ਨੀਂਦਰ ਵਿਚ ਵੀ
ਆਵਣ ਤੋਂ ਸੰਗਦੇ ਹਾਂ,
ਹਰ ਸਵੇਰ ਜਦੋਂ ਮੈਨੂੰ ਅਖ਼ਬਾਰੀ ਆਣ ਜਗਾਉਂਦਾ ਹੈ
ਮੈਂ ਖ਼ੂਬ ਸਮਝਦਾ ਹਾਂ ਮੇਰੇ ਘਰ ਸੂਰਜ ਆਇਆ ਹੈ
ਸਭ ਤਾਰੇ ਗਏ ਬੁਹਾਰੇ ਹੁਣ ਮੇਰੀ ਹੀ ਵਾਰੀ ਹੈ
ਤੇ, ਜਦੋਂ ਬੁਹਾਰੀ ਆਣ
ਖਰਖਰਾ ਏਸ ਗਲੀ ਦੀ ਪਿੱਠ ਤੇ ਕਰਦੀ ਹੈ
ਮੈਂ ਖ਼ੂਬ ਸਮਝਦਾ ਹਾਂ ਗਲੀ ਹੁਣ ਸਰਪਟ ਦੌੜੇਗੀ
ਮੈਂ ਉਠ ਬੈਠਾਂ
ਨਹੀਂ ਤਾਂ ਮੈਂ ਚੀਣਾ ਚੀਣਾ ਹੋ ਕੇ ਡਿਗ-ਡੁਲ੍ਹ ਜਾਵਾਂਗਾ
ਯਾ ਕਿਸੇ ਨਜ਼ਰ ਦੇ-
ਤੇਜ਼ ਤਿਮੂੰਹੇ ਕਾਂਟੇ ਵਿਚ ਵਿਝ ਜਾਵਾਂਗਾ
ਬੋਟੀ ਮਾਸ ਜਿਹਾ, ਨੰਗਾ, ਅਧ-ਕੱਚਾ
ਜਿਸ ਨੂੰ ਨਾ ਕੋਈ ਖਾਵੇਗਾ
ਨਾ ਤੇਜ਼ ਤਿਮੂੰਹੇ ਕਾਂਟੇ ਦੀ ਸੂਲੀ ਤੋਂ ਹੇਠਾਂ ਲਾਹੇਗਾ।
ਮੇਰਾ ਦਰਵਾਜ਼ਾ ਇਕ ਉਬਾਸੀ ਵਾਂਗੂੰ ਖੁਲ੍ਹਦਾ ਹੈ
ਮੈਂ ਆਪਣਾ ਆਪਾ ਹੂੰਝ ਗਲੀ ’ਚੋਂ ਅੰਦਰ ਸੁਟਦਾ ਹਾਂ
ਮੈਨੂੰ ਹੁੰਮਸ ਦਾ ਪਰਦਾ ਹੈ
ਮੈਂ ਸਦਾ ਪੁਰੇ ਵਿਚ ਨੰਗਾ ਹਾਂ
ਮੇਰੀ ਘਰ ਵਾਲੀ ਘਰ ਦਾ ਕੂੜਾ ਹੂੰਝ-
ਗਲੀ ਵਿਚ ਬਾਹਰ ਸੁਟਦੀ ਹੈ
ਮੈਂ ਡਰਦਾ ਹਾਂ
ਮੇਰੀ ਘਰ ਵਾਲੀ ਮੈਨੂੰ ਕਿਤੇ ਨ ਵੇਖ ਲਏ।