ਮੇਜਰ ਸਿੰਘ ਜਖੇਪਲ
ਮੋਹਣ ਬੰਸੀਆਂ ਵਾਲੇ ਦੇ ਲਿਖੇ ਗੀਤਾਂ ਨੇ ਪੰਜਾਬੀ ਸੰਗੀਤ ਵਿੱਚ ਬਹੁਤ ਨਾਮ ਕਮਾਇਆ ਹੈ। ਉਸ ਦਾ ਪੂਰਾ ਨਾਮ ਮੋਹਣ ਸਿੰਘ ਬਾਸੀ ਹੈ। ਉਸ ਦਾ ਪਿੰਡ ਬੀੜ ਬੰਸੀਆਂ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ। ਉਸ ਨੂੰ ਗੀਤ ਲਿਖਣ ਦਾ ਸ਼ੌਕ ਚੰਗਾ ਪੰਜਾਬੀ ਸਾਹਿਤ, ਇਤਿਹਾਸ ਅਤੇ ਚੰਗੀਆਂ ਕਿਤਾਬਾਂ ਪੜ੍ਹਕੇ ਅਤੇ ਸਪੀਕਰਾਂ ਉੱਪਰ ਵੱਜਦੇ ਗੀਤਾਂ ਨੂੰ ਸੁਣਨ ਕਰਕੇ ਪਿਆ। ਇਹ ਸ਼ੌਕ ਅੱਗੇ ਕਾਲਜ ਵਿੱਚ ਵੀ ਜਾਰੀ ਰਿਹਾ।
ਉਸ ਦਾ ਪਹਿਲਾ ਗੀਤ 45 ਸਾਲ ਪਹਿਲਾਂ ‘ਮਾਲਾ ਫੇਰਦੀ ਰਹੀ ਵੇ ਤੇਰੇ ਨਾਂ ਦੀ’ ਰੰਗੀਲਾ ਜੱਟ ਤੇ ਮੋਹਣੀ ਨਰੂਲਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਸ ਤੋਂ ਬਾਅਦ ‘ਮੁੰਡਾ ਚਿੱਟਿਆਂ ਰੁਮਾਲਾ ਵਾਲਾ’ (ਰੰਗੀਲਾ ਜੱਟ-ਸੁਰਿੰਦਰ ਕੌਰ), ‘ਨੈਣ ਪਾਵੇ ਪਾਣੀ ਬਾਬਾ ਖੇਡੇ ਕੰਗਣਾ’, ‘ਮੇਰਾ ਦਿਲ ਮੰਗਦਾ’, ਮੁਕਲਾਵਾ’ (ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ), ‘ਗੱਡੀ ਜੱਟ ਦੀ’, ‘ਟੁੱਟ-ਫੁੱਟ ਗਈਆਂ ਵੇ ਬਲੌਰੀ ਵੰਗਾਂ ਮੇਰੀਆਂ’ (ਸੁਰਿੰਦਰ ਛਿੰਦਾ-ਸੁਦੇਸ਼ ਕੁਮਾਰੀ), ‘ਕਬੱਡੀ’ (ਕਰਮਜੀਤ ਕੰਮਾ-ਮਿਸ ਪੂਜਾ), ‘ਸੁੱਚਾ ਸੂਰਮਾ’, ‘ਚੁਗ ਲਾਂ ਕਬੂਤਰ ਬਣ ਕੇ’ (ਜੈਜ਼ੀ ਬੀ.), ‘ਮੇਰੀਆਂ ਬਰੀਕ ਚੂੜੀਆਂ’, ‘ਮੇਲੀ ਬਣੇ ਬਰਾਤੀ’ (ਮਦਨ ਮੱਦੀ), ‘ਜਿਉਂਦੇ ਰਹਿਣ ਟਰੱਕਾਂ ਵਾਲੇ’ (ਸੁਰਿੰਦਰ ਛਿੰਦਾ-ਸੁਖਜਿੰਦਰ ਛਿੰਦਾ ਇੰਗਲੈਂਡ), ‘ਤੇਰੀ ਅੱਖ’ (ਪੰਮੀ ਬਾਈ) ਤੇ ‘ਮਾਵਾਂ’ (ਪ੍ਰਗਟ ਭਾਗੂ) ਆਦਿ ਗੀਤ ਰਿਕਾਰਡ ਕਰਵਾਏ ਹਨ।
ਉਸ ਨੇ ਇਸ ਦੇ ਨਾਲ ਨਾਲ ਧਾਰਮਿਕ ਗੀਤ ਵੀ ਲਿਖੇ ਹਨ ਤੇ ਤਿੰਨ ਧਾਰਮਿਕ ਟੇਪਾਂ ਮਾਰਕੀਟ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚ ‘ਸਦਾ ਤੇਰਾ ਝੂਲਦਾ ਨਿਸ਼ਾਨ ਖਾਲਸਾ’, ‘ਸਿੱਖੀ ਦਾ ਮਹਿਲ’ ਤੇ ‘ਚੜ੍ਹਦੀ ਕਲਾ’ ਜ਼ਿਕਰਯੋਗ ਹਨ। ਉਸ ਦੇ ਲਿਖੇ ਹੋਏ ਧਾਰਮਿਕ ਗੀਤ ਸੁਰਿੰਦਰ ਛਿੰਦਾ ਨੇ ਸਭ ਤੋਂ ਵੱਧ ਰਿਕਾਰਡ ਕਰਵਾਏ ਹਨ। ਇਸ ਤੋਂ ਬਿਨਾਂ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ (ਹਜ਼ੂਰੀ ਰਾਗੀ ਜਥਾ ਸਿੱਖ ਟੈਂਪਲ, ਕੈਲੀਫੋਰਨੀਆ), ਜੈਜ਼ੀ ਬੀ,ਭੁਪਿੰਦਰ ਗਿੱਲ, ਲਾਲ ਸਿੰਘ ਭੱਟੀ, ਤ੍ਰਿਲੋਕ ਸਿੰਘ ਤੇ ਅਨੂਪ ਸਿੰਘ ਚੀਮਾ ਨੇ ਵੀ ਰਿਕਾਰਡ ਕਰਵਾਏ ਹਨ।
ਇਸ ਤੋਂ ਇਲਾਵਾ ਉਸ ਦੇ ਗੀਤਾਂ ਨੂੰ ਨਰਿੰਦਰ ਬੀਬਾ, ਐੱਚ. ਐੱਸ. ਭਜਨ, ਦੀਪਾ, ਮਿੱਕੀ ਨਰੂਲਾ, ਯੁੱਧਵੀਰ ਮਾਣਕ, ਪਵਨ ਇੰਗਲੈਂਡ, ਚਰਨਜੀਤ, ਮਹਿੰਦਰ ਸਿੰਘ ਸੇਠੀ, ਤ੍ਰਨਮਪ੍ਰੀਤ, ਰਾਜ ਘੁੰਮਣ ਤੇ ਕੰਵਲਜੀਤ ਕੰਵਲ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ। ਨਵੇਂ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਵੀ ਉਸ ਦੇ ਗੀਤ ਜਲਦੀ ਆ ਰਹੇ ਹਨ।
ਉਸ ਨੇ ਇੱਕ ਧਾਰਮਿਕ, ਇੱਕ ਲੋਕ ਗਥਾਵਾਂ ਤੇ ਚਾਰ ਪੰਜਾਬੀ ਗੀਤਾਂ ਦੀਆਂ ਪੁਸਤਕਾਂ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਅਮਰੀਕਾ ਵੱਸਦੇ ਇਸ ਗੀਤਕਾਰ ਨੂੰ ਵਧੀਆ ਗੀਤਕਾਰ ਹੋਣ ਦੇ ਨਾਤੇ ਪ੍ਰੋ. ਮੋਹਣ ਸਿੰਘ ਮੇਲਾ, ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਵਿਦੇਸ਼ ਵੱਸਦਾ ਇਹ ਪੰਜਾਬੀ ਦਾ ਪਿਆਰਾ ਗੀਤਕਾਰ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਮਹਿਕ ਡੁੱਲ੍ਹ-ਡੁੱਲ੍ਹ ਪੈਂਦੀ ਹੈ।
ਸੰਪਰਕ: 94631-28483