ਸੁਰਿੰਦਰ ਸਿੰਘ ਤੇਜ
ਯਕੂਤੀਆ, ਰੂਸ ਦਾ ਨੀਮ ਖ਼ੁਦਮੁਖ਼ਤਾਰ ਗਣਰਾਜ ਹੈ। ਸਾਇਬੇਰੀਆ ਵਿਚ ਪੈਂਦਾ ਹੈ ਇਹ ਗਣਰਾਜ। ਆਕਾਰ ਪੱਖੋਂ ਕਾਫ਼ੀ ਵੱਡਾ ਹੈ: ਚੀਨ ਅਫ਼ਗਾਨਿਸਤਾਨ ਤੇ ਨਾਇਜੀਰੀਆ ਸਹਿਜੇ ਹੀ ਇਸ ਅੰਦਰ ਸਮਾਅ ਸਕਦੇ ਹਨ। ਪਰ ਆਬਾਦੀ ਸਿਰਫ਼ 9 ਲੱਖ ਹੈ, ਬਰਫ਼ਾਨੀ ਖ਼ਿੱਤਾ ਹੋਣ ਕਰਕੇ। ਆਲਮੀ ਤਪਸ਼ ਦਾ ਇਸ ਗਣਰਾਜ ’ਤੇ ਸਿੱਧਾ ਅਸਰ ਪਿਆ ਹੈ। ਇਸ ਦੇ ਇਕ ਇਲਾਕੇ ਬਾਤਾਤਲਿਕਾ ਵਿਚ ਯੁੱਗਾਂ-ਯੁਗਾਂਤਰਾਂ ਤੋਂ ਜੰਮੀ ਬਰਫ਼ ਹੁਣ ਪਿਘਲ ਗਈ ਹੈ। ਸਰਦੀਆਂ ਵਿਚ ਇਸ ਇਲਾਕੇ ਦਾ ਤਾਪਮਾਨ ਮਨਫ਼ੀ 64 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ, ਪਰ ਗਰਮੀਆਂ ਸ਼ੁਰੂ ਹੁੰਦਿਆਂ ਸਰਦੀਆਂ ਵਾਲੀ ਨਵੀਂ ਬਰਫ਼ ਪਾਣੀ ਬਣ ਜਾਂਦੀ ਹੈ। ਤਿੰਨ ਦਹਾਕੇ ਪਹਿਲਾਂ ਕਿਸੇ ਨੇ ਇਹ ਕਿਆਸ ਤਕ ਨਹੀਂ ਸੀ ਕੀਤਾ ਹੋਣਾ ਕਿ ਯੁੱਗਾਂ ਪੁਰਾਣੀ ਬਰਫ਼ ਏਨੀ ਪਿਘਲ ਜਾਵੇਗੀ ਕਿ ਉਸ ਦੇ ਹੇਠੋਂ ਹਜ਼ਾਰਾਂ ਸਾਲ ਪਹਿਲਾਂ ਵਾਲੀ ਬਨਸਪਤੀ ਗਲੀ-ਸੜੀ ਹਾਲਤ ਵਿਚ ਬਾਹਰ ਆ ਜਾਵੇਗੀ। ਇਸ ਗਲੀ-ਸੜੀ ਬਨਸਪਤੀ ਵਿਚ ਅਰਬਾਂ ਮਾਈਕ੍ਰੋਬ ਪਲ ਰਹੇ ਹਨ ਜਿਨ੍ਹਾਂ ਕਾਰਨ ਇਹ ਸੜ੍ਹਿਆਂਦ ਛੱਡਦੀ ਹੈ। ਇਹ ਸੜ੍ਹਿਆਂਦ ਕਾਰਬਨ ਤੇ ਮੀਥੇਨ ਗੈਸਾਂ ਤੋਂ ਉਪਜਦੀ ਹੈ। ਪਰ ਸੜ੍ਹਿਆਂਦ ਵਾਲੇ ਦਲਦਲੀ ਪਾਣੀ ਵਿਚੋਂ ਵੀ ਸਥਾਨਕ ਲੋਕਾਂ ਨੂੰ ਕਮਾਈ ਦਾ ਨਵਾਂ ਸਾਧਨ ਮਿਲ ਚੁੱਕਾ ਹੈ। ਉਹ ਸਵੇਰ ਹੁੰਦਿਆਂ ਹੀ ਨਿੱਕੀਆਂ ਨਿੱਕੀਆਂ ਕਿਸ਼ਤੀਆਂ ’ਤੇ ਸਵਾਰ ਹੋ ਕੇ ਬਰਫ਼ਾਨੀ ਯੁੱਗ (ਆਈਸ ਏਜ) ਵੇਲੇ ਦੇ ਮਹਾਂ-ਹਾਥੀਆਂ (ਅੰਗਰੇਜ਼ੀ ਵਿਚ ਮੈਮਥਜ਼) ਦੇ ਪਿੰਜਰਾਂ ਦੀ ਭਾਲ ਵਿਚ ਨਿਕਲ ਪੈਂਦੇ ਹਨ। ਮੈਮਥਾਂ ਦੇ ਦਰਜਨਾਂ ਪਿੰਜਰ ਇਸ ਇਲਾਕੇ ਵਿਚੋਂ ਮਿਲੇ ਹਨ। ਇਕ ਤਾਂ ਸਾਬਤਾ-ਸਬੂਤਾ ਮੈਮਥ ਵੀ ਮਿਲਿਆ। ਕਈ-ਕਈ ਇੰਚ ਮੋਟੀ ਜੱਤ ਵਾਲਾ। ਹਾਰਵਰਡ ਯੂਨੀਵਰਸਿਟੀ (ਅਮਰੀਕਾ) ਦਾ ਨਾਮਵਰ ਪ੍ਰਜਨਨ ਵਿਗਿਆਨੀ ਜਾਰਜ ਚਰਚ ਇਸ ਤੋਂ ਡੀਐਨਏ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ। ਉਸਦਾ ਦਾਅਵਾ ਹੈ ਕਿ ਉਹ ਏਸ਼ਿਆਈ ਹਾਥੀਆਂ ਦੇ ਜਿਨੋਮ ਸਿਲਸਿਲੇ ਤੇ ਇਸ ਡੀਐਨਏ ਦੇ ਮੇਲ ਰਾਹੀਂ ਮੈਮਥ ਦੀ ਨਸਲ ਨੂੰ ਸੁਰਜੀਤ ਕਰ ਦਿਖਾਵੇਗਾ।
ਯਕੂਤੀਆ ਵਿਚ ਜੋ ਕੁਝ ਵਾਪਰਿਆ ਜਾਂ ਵਾਪਰ ਰਿਹਾ ਹੈ ਉਸ ਤੋਂ ਮੁਕਾਮੀ ਲੋਕ ਫ਼ਿਕਰਮੰਦ ਤਾਂ ਹਨ, ਪਰ ਬਹੁਤ ਜ਼ਿਆਦਾ ਨਹੀਂ। ਮੈਮਥ ਦੇ ਬਾਹਰੀ ਦੰਦ (ਟਸਕ) ਬੇਸ਼ਕੀਮਤੀ ਮੰੰਨੇ ਜਾਂਦੇ ਹਨ। ਚੀਨੀ ਵਪਾਰੀ ਹਾਥੀ ਦੰਦਾਂ ਦਾ ਬਹੁਤ ਮੁੱਲ ਪਾਉਂਦੇ ਹਨ। ਮੈਮਥ ਦਾ ਸਾਫ਼-ਸ਼ਫਾਫ ਦੰਦ 10 ਹਜ਼ਾਰ ਡਾਲਰਾਂ ਵਿਚ ਵਿਕਦਾ ਹੈ। ਇਹ ਰਕਮ ਆਮ ਲੋਕਾਂ ਦੀ ਕਈ ਮਹੀਨਿਆਂ ਦੀ ਆਮਦਨ ਤੋਂ ਵੱਧ ਹੈ। ਚੀਨ ਨੇ ਸੰਯੁਕਤ ਰਾਸ਼ਟਰ ਤੇ ਹੋਰ ਕਈ ਕੌਮਾਂਤਰੀ ਏਜੰਸੀਆਂ ਦੇ ਦਬਾਅ ਕਾਰਨ ਹਾਥੀ-ਦੰਦ ਦੇ ਕਾਰੋਬਾਰ ਉੱਤੇ ਪਾਬੰਦੀ ਲਗਾਈ ਹੋਈ ਹੈ, ਪਰ ਚੀਨੀ ਸਮਗਲਰਾਂ ਨੂੰ ਇਸ ਪਾਬੰਦੀ ਦੀ ਪਰਵਾਹ ਨਹੀਂ। ਲਿਹਾਜ਼ਾ ਯਕੂਤੀਆ ਵਿਚ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਹਰ ਰੋਜ਼ ਸਵੇਰੇ ਮੈਮਥ ਦੇ ਦੰਦ ਖੋਜਣ ਨਿਕਲਦੇ ਹਨ ਅਤੇ ਪੂਰਾ ਦਿਨ ਬਾਹਰ ਰਹਿੰਦੇ ਹਨ। ਚੀਨੀ ਸਮਗਲਰਾਂ ਵਾਂਗ ਚੀਨੀ ਕੰਪਨੀਆਂ ਵੀ ਇਸ ਇਲਾਕੇ ਵਿਚ ਸਰਗਰਮ ਹਨ। ਕੁਝ ਟੈਂਕਰਾਂ ਵਿਚ ਪਾਣੀ ਭਰ ਕੇ ਆਪਣੇ ਮੁਲਕ ਭੇਜਦੀਆਂ ਹਨ ਅਤੇ ਕੁਝ ਨੇ ਪਾਣੀ ਨੂੰ ਬੋਤਲਬੰਦ ਕਰਨ ਦੇ ਪਲਾਂਟ ਲਾਏ ਹੋਏ ਹਨ। ਕੁਝ ਚੀਨੀ ਕੰਪਨੀਆਂ ਹਵਾ ਵਿਚਲੇ ਕਾਰਬਨ ਨੂੰ ਕੰਪਰੈੱਸ ਕਰ ਕੇ ਆਪਣੇ ਮੁਲਕ ਭੇਜਣ ਦੇ ਕੰਮ ਵਿਚ ਸਰਗਰਮ ਹਨ। ਇਹ ਕਾਰਬਨ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਵਿਚ ਵਰਤੀ ਜਾਂਦੀ ਹੈ।
ਸਾਇਮਨ ਮੰਡੀ (Simon Mundy) ਦੀ ਕਿਤਾਬ ‘‘ਰੇਸ ਫਾਰ ਟੁਮੌਰੌ’’ (ਵਿਲੀਅਮ ਕੌਲਿਨਜ਼ ਕੰਪਨੀ; 396 ਪੰਨੇ; 599 ਰੁਪਏ) ਵਾਤਾਵਰਨ ਪਰਿਵਰਤਨ ਦੇ ਅਸਰਾਤ ਦੇ ਉਪਰੋਕਤ ਤਸਵੱਰ ਨਾਲ ਸ਼ੁਰੂ ਹੁੰਦੀ ਹੈ। ਇਹ ਛੇ ਮਹਾਂਦੀਪਾਂ ਦੇ 26 ਮੁਲਕਾਂ ਦੀਆਂ ਉਨ੍ਹਾਂ ਥਾਵਾਂ ਦੇ ਮੰਜ਼ਰ ਤੇ ਬਿਰਤਾਂਤ ਪੇਸ਼ ਕਰਦੀ ਹੈ ਜਿੱਥੇ ਆਲਮੀ ਤਪਸ਼ ਦਾ ਅਸਰ ਸਿੱਧੇ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤਪਸ਼ ਨੇ ਕਈ ਥਾਈਂ ਤਾਂ ਮੌਸਮ ਹੀ ਬਦਲ ਦਿੱਤੇ ਹਨ। ਉੱਤਰੀ ਧਰੁਵੀ ਖੇਤਰ ਵਿਚ ਨਵੰਬਰ ਮਹੀਨੇ ਅੰਤਾਂ ਦੀ ਗਰਮੀ ਪੈਣ ਦਾ ਕਿਆਸ ਇਕ ਦਹਾਕਾ ਪਹਿਲਾਂ ਤੱਕ ਕਿਸੇ ਨੇ ਨਹੀਂ ਕੀਤਾ ਹੋਵਾ। ਪਰ 2016 ਤੋਂ ਬਾਅਦ ਨਵੰਬਰ ਦੇ ਕੁਝ ਦਿਨ ਅਜਿਹੇ ਰਹਿੰਦੇ ਹਨ ਜਦੋਂ ਦਿਨ ਦਾ ਤਾਪਮਾਨ 34 ਡਿਗਰੀ ਤਕ ਪੁੱਜ ਜਾਂਦਾ ਹੈ। ਪਹਿਲਾਂ ਇਹੋ ਮੰਨਿਆ ਜਾਂਦਾ ਸੀ ਕਿ ਤਬਦੀਲੀਆਂ ਹੌਲੀ ਹੌਲੀ ਆਉਣਗੀਆਂ ਪਰ ਹੁਣ ਜੋ ਕੁਝ ਵਾਪਰਨਾ ਸ਼ੁਰੂ ਹੋ ਰਿਆ ਹੈ, ਉਹ ਅਨੁਮਾਨਾਂ ਤੋਂ ਐਨ ਉਲਟ ਹੈ। ਖ਼ੈਰੀਅਤ ਵਾਲੀ ਗੱਲ ਇਹ ਹੈ ਕਿ ਮਨੁੱਖ ਨੇ ਇਸ ਅਮਲ ਅੱਗੇ ਹਥਿਆਰ ਨਹੀਂ ਸੁੱਟੇ, ਉਹ ਹਰ ਤਬਦੀਲੀ/ਸੰਭਾਵੀ ਤਬਦੀਲੀ ਮੁਤਾਬਿਕ ਢਲਣ ਵਾਸਤੇ ਢੁਕਵੇਂ ਉਪਾਅ ਖੋਜਣ ਵਿਚ ਲੱਗਿਆ ਹੋਇਆ ਹੈ। ਇਸ ਕਾਰਜ ਲਈ ਲੋੜੀਂਦੀ ਤਕਨਾਲੌਜੀ ਤੇਜ਼ੀ ਨਾਲ ਵਿਕਸਿਤ ਕੀਤੀ ਜਾ ਰਹੀ ਹੈ। ਕਮਾਲ ਦੀ ਗੱਲ ਹੈ ਕਿ ਸਿਰ ’ਤੇ ਮੁਸੀਬਤ ਪਈ ਹੋਣ ਦੇ ਬਾਵਜੂਦ ਹਰ ਸਥਿਤੀ ਤੋਂ ਮੁਨਾਫ਼ਾ ਕਮਾਉਣ ਦੀ ਬਿਰਤੀ ਕਮਜ਼ੋਰ ਨਹੀਂ ਪਈ। ਇਸ ਨੂੰ ਲੋਭ ਜਾਂ ਲਚੀਲਾਪਣ ਜਾਂ ਦ੍ਰਿੜ੍ਹਤਾ ਕਹਿਣਾ ਤੁਹਾਡੀ ਸੋਚ ’ਤੇ ਨਿਰਭਰ ਕਰਦਾ ਹੈ। ਸਾਇਮਨ ਮੰਡੀ ਨੇ ਇਸ ਬਿਰਤੀ ਦੇ ਰੰਗ ਆਪਣੀ ਕਿਤਾਬ ਦੇ ਹਰ ਅਨੁਭਾਗ ਦੇ ਹਰ ਅਧਿਆਇ ਵਿਚ ਦਰਸਾਏ ਹਨ।
ਉਹ ਪੇਸ਼ੇਵਰ ਪੱਤਰਕਾਰ ਹੈ। ਵਰ੍ਹਿਆਂ ਤਕ ਉਹ ਨਾਮਵਰ ਬ੍ਰਿਟਿਸ਼ ਅਖ਼ਬਾਰ ‘ਫਾਇਨਾਂਸ਼ਲ ਟਾਈਮਜ਼’ (ਐਫ.ਟੀ.) ਦਾ ਭਾਰਤੀ ਨਾਮਾਨਿਗਾਰ ਰਿਹਾ। ਹੁਣ ਵੀ ਇਸੇ ਅਖ਼ਬਾਰ ਦੇ ਸੰਪਾਦਕੀ ਮੰਡਲ ਦਾ ਮੈਂਬਰ ਹੈ। ਮੁੰਬਈ ਰਹਿੰਦਿਆਂ 2016 ਵਿਚ ਉਸ ਨੇ ਬਚਾਅ, ਉਪਾਅ ਤੇ ਮੁਨਾਫ਼ੇ ਦੀ ਇਨਸਾਨੀ ਬਿਰਤੀ ਨੂੰ ਵਾਤਾਵਰਨ ਪਰਿਵਰਤਨ ਦੇ ਆਈਨੇ ਵਿਚੋਂ ਦੇਖਣਾ ਸ਼ੁਰੂ ਕੀਤਾ। ਫਿਰ ਦੋ ਵਰ੍ਹੇ ਇਸ ਪਰਿਵਰਤਨ ਦੀ ਥਾਹ ਪਾਉਣ ਅਤੇ ਇਸ ਦੇ ਅਸਰਾਤ ਦਾ ਜਾਇਜ਼ਾ ਲੈਣ ਦੇ ਕੰਮ ਉੱਤੇ ਲਾਏ। ਇਹ ਕਾਰਜ ਉਸ ਨੂੰ ਸਾਇਬੇਰੀਆ ਤੋਂ (ਪ੍ਰਸ਼ਾਂਤ ਮਹਾਂਸਾਗਰੀ) ਸੌਲੋਮਨ ਜਜ਼ੀਰਿਆਂ, ਬੰਗਲਾਦੇਸ਼ ਤੋਂ ਬ੍ਰਾਜ਼ੀਲ, ਆਈਸਲੈਂਡ ਤੋਂ ਆਸਟਰੇਲੀਆ ਅਤੇ ਚੀਨ ਤੋਂ ਚਿੱਲੀ ਤਕ ਲੈ ਗਿਆ। ਇਹ ਜਾਨਣ ਤੇ ਜਾਂਚਣ ਹਿੱਤ ਕਿ ਮੌਸਮੀ ‘‘ਪਰਿਵਰਤਨਾਂ ਨੇ ਕਿਵੇਂ ਤੇ ਕਿੰਨਾ ਕਹਿਰ ਢਾਹਿਆ ਅਤੇ ਇਨ੍ਹਾਂ ਪਰਿਵਰਤਨਾਂ ਦਾ ਅਸਰ ਘਟਾਉਣ ਲਈ ਕਿਹੜੇ ਕਿਹੜੇ ਤੇ ਕਿੰਨੇ ਕੁ ਲਾਭਦਾਇਕ ਉਪਾਅ ਕੀਤੇ ਗਏ ਜਾਂ ਕੀਤੇ ਜਾ ਰਹੇ ਹਨ।
ਇਹ ਸਮੁੱਚਾ ਯਾਤਰਨਾਮਾ ਅਨੂਠੀ ਤਫ਼ਸੀਲ ਪੇਸ਼ ਕਰਦਾ ਹੈ। ਗਲੇਸ਼ੀਅਰ 10 ਹਜ਼ਾਰ ਟਨ ਪ੍ਰਤਿ ਸਕਿੰਟ ਦੀ ਦਰ ਨਾਲ ਸੁੰਗੜ (ਪਿਘਲ) ਰਹੇ ਹਨ, ਇਸ ਵਰਤਾਰੇ ਕਾਰਨ ਦੁਨੀਆਂ ਭਰ ਵਿਚ 3500 ਤੋਂ ਵੱਧ ਝੀਲਾਂ ਪੈਦਾ ਹੋ ਗਈਆਂ ਹਨ; ਇਨ੍ਹਾਂ ਵਿਚੋਂ 800 ਤੋਂ ਵੱਧ ਝੀਲਾਂ ਹਿਮਾਲੀਆ ਵਿਚ ਹਨ; ਇਨ੍ਹਾਂ ਝੀਲਾਂ ਵਿਚ ਵਧ ਰਿਹਾ ਪਾਣੀ ਲੱਖਾਂ ਟਨ ਚਟਾਨਾਂ ਤੇ ਗਾਰ ਵਾਲੇ ਅਚਨਚੇਤੀ ਹੜ੍ਹਾਂ ਦੀ ਵਜ੍ਹਾ ਬਣ ਰਿਹਾ ਹੈ। ਸੱਚਮੁੱਚ ਕਿੰਨਾ ਕੁਝ ਨਵਾਂ ਤੇ ਖ਼ਤਰਨਾਕ ਵਾਪਰ ਰਿਹਾ ਹੈ ਸਾਡੇ ਜਹਾਨ ਵਿਚ। ਆਸਟਰੇਲੀਆ ਵਿਚ ਬੇਮੌਸਮੀਆਂ ਬਾਰਸ਼ਾਂ ਹੋ ਰਹੀਆਂ ਹਨ, ਹੜ੍ਹ ਆ ਰਹੇ ਹਨ; ਇਥੋਪੀਆ ਵਿਚੋਂ ਸੋਕੇ ਮੁੱਕਣ ਦਾ ਨਾਂਅ ਨਹੀਂ ਲੈ ਰਹੇ। ਸੌਲੋਮਨ ਜਜ਼ੀਰਿਆਂ ਦੀ ਰਾਜਧਾਨੀ ਖੁਰਦੀ ਤੇ ਡੁੱਬਦੀ ਜਾ ਰਹੀ ਹੈ। ਇਹੋ ਹਸ਼ਰ ਮਾਲਦੀਵ ਦੇ ਕਈ ਟਾਪੂਆਂ ਦਾ ਹੋ ਰਿਹਾ ਹੈ। ਨਹਿਰਾਂ ਦੀ ਨਗਰੀ ਵੈਨਿਸ ਨੂੰ ਸਮੁੰਦਰ ਦੀ ਛੱਲਾਂ ਦੀ ਮਾਰ ਤੋਂ ਬਚਾਉਣ ਦੇ ਉਪਾਅ ਨਾਕਾਰਗਰ ਸਾਬਤ ਹੋਏ ਹਨ। ਗ੍ਰੀਨਲੈਂਡ ਦੀ ਬਰਫ਼ੀਲੀ ਧਰਤ ਬਰਫ਼ ਤੋਂ ਵਿਹੂਣੀ ਹੁੰਦੀ ਜਾ ਰਹੀ ਹੈ। ਉਸ ਦੀ ਧਰਤੀ ਅੰਦਰਲੇ ਸੰਭਾਵੀ ਖਣਿਜਾਂ ਉੱਤੇ ਕਾਬਜ਼ ਹੋਣ ਦੀ ਦੌੜ ਵਿਚ ਚੀਨ, ਅਮਰੀਕਾ ਨੂੰ ਠਿੱਬੀ ਮਾਰ ਗਿਆ ਸੀ, ਪਰ ਐਨ ਆਖ਼ਰੀ ਮੌਕੇ ਡੈਨਮਾਰਕ ਨੇ ਚੀਨੀ ਚਾਲ ਨਾਕਾਮ ਬਣਾ ਦਿੱਤੀ।
ਕਿਤਾਬ ਵਿਚ ਬਹੁਤ ਕੁਝ ਹਨੇਰਮੁਖੀ ਹੈ, ਪਰ ਕਈ ਕੁਝ ਉੱਜਲਾ ਵੀ ਹੈ। ਇਹ ਸਾਡੇ ਵਾਲੀ ਕਾਇਨਾਤ ਫ਼ਨਾਹ ਹੋਣ ਦੀ ਗੱਲ ਨਹੀਂ ਕਰਦੀ, ਫ਼ਨਾਹੀ ਤੋਂ ਬਚਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਸਾਰਥਿਕਤਾ ਦੀ ਬਾਤ ਪਾਉਂਦੀ ਹੈ। ਇਹ ਇਨਸਾਨ ਅੰਦਰਲੀ ਜੁਝਾਰੂ ਭਾਵਨਾ ਤੇ ਲਚੀਲੇਪਣ ਦੀ ਤਸਵੀਰ ਵੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਪਰ ਨਾਲ ਹੀ ਇਹ ਸ਼ਿਕਵਾ ਵੀ ਕਰਦੀ ਹੈ ਕਿ ਉਪਰੋਕਤ ਜੂਝਾਰੂ ਜਜ਼ਬਾ, ਮੁਨਾਫ਼ੇ ਦਾ ਗ਼ੁਲਾਮ ਕਿਉਂ ਬਣ ਗਿਅਆ ਹੈ। ਕਿਤਾਬ ਦੀ ਭੂਮਿਕਾ ਵਿਚ ਸਾਇਮਨ ਮੰਡੀ ਲਿਖਦਾ ਹੈ ਕਿ ਉਹ ਰਿਪੋਰਟਰ ਹੈ, ਸਿਆਸੀ ਸਮਾਜਿਕ ਐਕਟੀਵਿਸਟ (ਕਾਰਕੁਨ) ਨਹੀਂ। ਇਸੇ ਲਈ ਉਸ ਨੇ ਹਰ ਆਧਿਆਇ ਵਿਚ ਆਪਣੇ ਸਾਹਮਣੇ ਵਾਪਰੇ ਘਟਨਾਕ੍ਰਮ ਦੀ ਤਸਵੀਰ ਪੇਸ਼ ਕੀਤੀ ਹੈ, ਕੋਈ ਫ਼ੈਸਲਾ ਦੇਣ ਜਾਂ ਧਿਰ ਬਣਨ ਤੋਂ ਪਰਹੇਜ਼ ਕੀਤਾ ਹੈ। ਅਜਿਹੀ ਪੇਸ਼ੇਵਾਰਾਨਾ ਵਚਨਬੱਧਤਾ ਆਪਣੀ ਥਾਂ ਦਰੁਸਤ ਹੈ ਪਰ ਜਦੋਂ (ਬ੍ਰਾਜ਼ੀਲ ਬਰਸਾਤੀ ਜੰਗਲਾਂ ਦੇ ਘਾਣ ਵਾਲੇ ਅਧਿਆਈ ਵਿਚ) ਅੱਖਾਂ ਸਾਹਮਣੇ ਖ਼ੂਨ ਹੋ ਰਿਹਾ ਹੋਵੇ ਤਾਂ ਪੇਸ਼ੇਵਾਰਾਨਾ ਪਹੁੰਚ ਦੇ ਲਬਾਦੇ ਹੇਠ ਆਪਣੇ ਅੰਦਰਲੇ ਇਨਸਾਨ ਨੂੰ ਮਾਰੀ ਰੱਖਣਾ ਕੀ ਜਾਇਜ਼ ਹੈ? ਬਹਰਹਾਲ, ਖ਼ਾਮੀਆਂ ਦੇ ਬਾਵਜੂਦ ਕਿਤਾਬ ਸ਼ਾਨਦਾਰ ਹੈ, ਜਾਨਦਾਰ ਹੈ।
* * *
ਤਾਲਿਬਾਨ ਨੇ ਕਾਬੁਲ ਉੱਤੇ ਉਸ ਦਿਨ (15 ਅਗਸਤ, 2021) ਕਬਜ਼ਾ ਕੀਤਾ ਜਿਸ ਦਿਨ ਭਾਰਤ ਆਪਣਾ 75ਵਾਂ ਆਜ਼ਾਦੀ ਦਿਨ ਮਨਾ ਰਿਹਾ ਸੀ। ਇਕ ਪਾਸੇ ਦਿੱਲੀ ਦੇ ਲਾਲ ਕਿਲੇ ਦੇ ਮੈਦਾਨ ਵਿਚ ਕੌਮੀ ਪਰੇਡ ਚੱਲ ਰਹੀ ਸੀ, ਦੂਜੇ ਪਾਸੇ ਕਾਬੁਲ ਸਥਿਤ ‘ਅਰਗ਼’ (ਅਫ਼ਗ਼ਾਨ ਸਦਰ ਦੇ ਮਹੱਲ) ਵਿਚ ਤਾਲਿਬਾਨ ਵੱਲੋਂ ਬੱਕਰੇ ਬੁਲਾਏ ਜਾ ਰਹੇ ਸਨ। ਘਟਨਾਵਾਂ ਦੇ ਇਸ ਗੇੜ ਤੋਂ ਅਮਰੀਕਾ ਤੇ ਯੂਰੋਪ ਦੀਆਂ ਰਾਜਧਾਨੀਆਂ ਵਿਚ ਅੰਤਾਂ ਦੀ ਨਮੋਸ਼ੀ ਮਹਿਸੂਸ ਕੀਤੀ ਜਾ ਰਹੀ ਸੀ, ਪਰ ਪਾਕਿਸਤਾਨੀ ਰਾਜਧਾਨੀ ਇਸਲਾਮਾਬਾਦ ਵਿਚ ਅੰਤਾਂ ਦੀਆਂ ਖ਼ੁਸ਼ੀਆਂ ਦਾ ਆਲਮ ਸੀ। ਚੀਨ ਖ਼ਾਮੋਸ਼ ਸੀ। ਉਸ ਨੇ ਤਾਲਿਬਾਨੀ ਜਿੱਤ ਤੇ ਅਮਰੀਕੀ ਸ਼ਿਕਸਤ ਤੋਂ ਉਪਜੀ ਸਥਿਤੀ ਨੂੰ ਕਈ ਮਹੀਨੇ ਪਹਿਲਾਂ ਭਾਂਪ ਲਿਆ ਸੀ। ਇਸ ਦਾ ਕਾਰੋਬਾਰੀ ਤੇ ਸਿਆਸੀ ਲਾਹਾ ਲੈਣ ਦੀਆਂ ਯੋਜਨਾਵਾਂ ਵੀ ਉਦੋਂ ਤੋਂ ਉਲੀਕਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬੇਸ਼ਕੀਮਤੀ ਖਣਿਜਾਂ ਦੀ ਖਾਣ ਮੰਨੀ ਜਾਂਦੀ ਹੈ ਅਫ਼ਗ਼ਾਨ ਭੂਮੀ। ਅਵੈੜ ਜਾਪਣ ਵਾਲੇ ਪਹਾੜਾਂ ਹੇਠ ਛੁਪੇ ਖਣਿਜੀ ਖ਼ਜ਼ਾਨੇ ’ਤੇ ਚੀਨ ਦੀ ਨਜ਼ਰ 1980ਵਿਆਂ ਤੋਂ ਹੈ। ਇਸੇ ਲਈ ਤਾਲਿਬਾਨ ਜਦੋਂ ਪਹਿਲੀ ਵਾਰ ਸੱਤਾ ਵਿਚ ਆਏ ਸਨ ਤਾਂ ਚੀਨ ਨੇ ਉਨ੍ਹਾਂ ਵੱਲ ਦੋਸਤੀ ਦਾ ਹੱਥ ਸਭ ਤੋਂ ਪਹਿਲਾਂ ਵਧਾਇਆ ਸੀ। ਹੁਣ ਹਾਲਾਤ ਵੱਧ ਸਾਜ਼ਗਾਰ ਹਨ। ਚੀਨ, ਅਫ਼ਗ਼ਾਨ ਭੂਮੀ ਦੀ ਭੂਗੋਲਿਕ ਸਥਿਤੀ ਦਾ ਵੱਧ ਆਰਥਿਕ-ਸਿਆਸੀ ਲਾਭ ਲੈਣ ਦੀ ਪੁਜ਼ੀਸ਼ਨ ਵਿਚ ਹੈ। ਇਸ ਮੁਲਕ ਨੂੰ ਉਹ ਅਰਬ ਦੇਸ਼ਾਂ ਤੱਕ ਸਿੱਧੀ ਸੜਕੀ ਪਹੁੰਚ ਦਾ ਵਸੀਲਾ ਵੀ ਮੰਨਦਾ ਹੈ। ਇਸ ਵਸੀਲੇ ਦਾ ਪੂਰਾ ਲਾਹਾ ਲੈਣ ਵਾਸਤੇ ਉਹ ਦ੍ਰਿੜ੍ਹ-ਸੰਕਲਪ ਹੈ।
ਉਪਰੋਕਤ ਕਥਾਕ੍ਰਮ ਤੇ ਵੱਖ-ਵੱਖ ਅੰਗਾਂ ਤੇ ਪੱਖਾਂ ਦਾ ਜਾਇਜ਼ਾ ਪੇਸ਼ ਕਰਦੀ ਹੈ ਅਨੰਤ ਕ੍ਰਿਸ਼ਨਨ ਤੇ ਸਟੈਨਲੀ ਜੌਹਨੀ ਦੀ ਕਿਤਾਬ ‘‘ਦਿ ਕੌਮਰੇਡਜ਼ ਐਂਡ ਦਿ ਮੁੱਲਾਜ਼’’ (ਹਾਰਪਰ ਕੌਲਿਨਜ਼; 304 ਪੰਨੇ; 599 ਰੁਪਏ)। ਦੋਵੇਂ ‘ਦਿ ਹਿੰਦੂ’ ਅਖ਼ਬਾਰ ਦੇ ਸੰਪਾਦਕੀ ਮੰਡਲ ਦੇ ਮੈਂਬਰ ਹਨ; ਦੋਵੇਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਚ ਅਧਿਆਪਨ ਕਾਰਜ ਵੀ ਕਰ ਚੁੱਕੇ ਹਨ। ਸਟੈਨਲੀ ਜੌਹਨੀ ਨੂੰ ਭਾਰਤ ਦੇ ਪੱਛਮ ਵਿਚ ਪੈਂਦੇ ਇਸਲਾਮੀ ਮੁਲਕਾਂ ਦੇ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। (ਭਾਰਤ ਤੇ ਪਾਕਿਸਤਾਨ ਦਰਮਿਆਨ ਕੰਟਰੋਲ ਰੇਖਾ ਦੇ ਨਾਲ ਨਾਲ ਪੈਂਦੇ ਇਲਾਕਿਆਂ ਦੇ ਦੌਰੇ ਬਾਰੇ ਉਸ ਦੀ ਕਿਤਾਬ ਦੀ ਚਰਚਾ ਇਸ ਕਾਲਮ ਵਿਚ ਪਹਿਲਾਂ ਹੋ ਚੁੱਕੀ ਹੈ)। ਅੱਠ ਅਧਿਆਇ ਹਨ ਕਾਮਰੇਡਾਂ ਤੇ ਮੁੱਲਾਵਾਂ ਦੇ ਰਿਸ਼ਤਿਆਂ ਬਾਰੇ ਕਿਤਾਬ ਦੇ। ਪਹਿਲੇ ਚਾਰ ਅਧਿਆਇ ਤਾਲਿਬਾਨ ਦੀ ਪੈਦਾਇਸ਼, ਜੱਦੋਜਹਿਦ ਅਤੇ ਜਿੱਤਾਂ ਦਾ ਇਤਿਹਾਸ ਪੇਸ਼ ਕਰਦੇ ਹਨ। ਬਾਕੀ ਚਾਰ ਤਾਲਿਬਾਨ ਤੇ ਚੀਨ ਦੀ ਸਾਂਝ ਅਤੇ ਚੀਨ ਵੱਲੋਂ ਉਲੀਕੇ ਗਏ ਮਨਸੂਬਿਆਂ ਬਾਰੇ ਜਾਣਕਾਰੀ ਦਿੰਦੇ ਹਨ। ਕਿਤਾਬ ਦੱਸਦੀ ਹੈ ਕਿ ਚੀਨੀ ਮਨਸੂਬੇ ਭਾਵੇਂ ਜ਼ਾਹਰਾ ਤੌਰ ’ਤੇ ਗ਼ੈਰਅਮਲੀ ਜਾਪਦੇ ਹਨ, ਪਰ ਚੀਨੀਆਂ ਲਈ ਇਹ ਅਸਲਵਾਦੀ ਹਨ। ਇਸੇ ਲਈ ਜਦੋਂ ਅਮਰੀਕਾ ਤੇ ਹੋਰ ਮੁਲਕ, ਅਫ਼ਗ਼ਾਨਿਸਤਾਨ ਵਿਚੋਂ ਆਪੋ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਆਹਰ ਵਿਚ ਲੱਗੇ ਹੋਏ ਸਨ ਤਾਂ ਪਹਾੜ ਪੁੱਟਣ ਵਾਲੀ ਚੀਨੀ ਮਸ਼ੀਨਰੀ ਤੇ ਕਾਮੇ ਅਫ਼ਗ਼ਾਨ ਮੁਲਕ ਵਿਚ ਦਾਖ਼ਲ ਹੋਣੇ ਸ਼ੁਰੂ ਹੋ ਗਏ ਸਨ। ਚੀਨ-ਅਫ਼ਗ਼ਾਨ ਗੱਠਜੋੜ ਰਾਹੀਂ ਭਾਰਤ ਲਈ ਕਿਹੜੀਆਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਦਾ ਜਾਇਜ਼ਾ ਵੀ ਪੇਸ਼ ਕਰਦੀ ਹੈ ਇਹ ਕਿਤਾਬ। ਰੌਚਿਕ ਢੰਗ ਨਾਲ, ਬਿਨਾਂ ਕਿਸੇ ਰਾਸ਼ਟਰਵਾਦੀ ਲੱਗ-ਲਬੇੜ ਦੇ।
* * *
ਮੋਹਨਜੀਤ ਹੁਰਾਂ ਦਾ ਨਵਾਂ ਕਾਵਿ-ਸੰਗ੍ਰਹਿ ‘‘ਕੋਈ ਲੀਕ ਮੇਰੀ ਵੀ’’ (ਚੇਤਨਾ ਪ੍ਰਕਾਸ਼ਨ; 126 ਪੰਨੇ; 250 ਰੁਪਏ) ਪੜ੍ਹਦਿਆਂ ਤਿੰਨ ਕਵਿਤਾਵਾਂ ‘ਸਿਰਜਣਾ ਦਾ ਜਸ਼ਨ’, ‘ਸਿਰਫ਼ ਤੂੰ ਹੀ’ ਤੇ ‘ਉਹ ਵੇਲਾ ਕਦੋਂ ਆਏਗਾ’ ਨੇ ਉਚੇਚੇ ਤੌਰ ’ਤੇ ਕੀਲੀ ਰੱਖਿਆ। ਹਰ ਕਵਿਤਾ ਦਾ ਆਪਣਾ ਸਰੋਦੀ ਰੰਗ ਹੈ, ਆਪਣੀ ਨਿਵੇਕਲੀ ਮਹਿਕ ਹੈ, ਆਪਣੀ ਨਿਛੋਹ ਕਾਇਆ ਹੈ। ਜਿਵੇਂ ਕਿ ‘ਤੂੰ ਆਏਂਗੀ ਤਾਂ ਇਕ ਦੂਜੇ ’ਚ ਰਲਾਂਗੇ, ਢਲਾਂਗੇ/ ਤੇ ਫਿਰ ਆਪਣੇ ਰਾਹਾਂ ’ਤੇ ਤੁਰਾਂਗੇ/ ਜੀਣ ਦਾ ਭੇਦ ਲੈ ਕੇ/ ਤੁਰਨ ਦੀ ਜਾਚ ਲੈ ਕੇ’ (ਸਿਰਜਣਾ ਦਾ ਜਸ਼ਨ, ਪੰਨਾ 47) ਜਾਂ ‘ਉਹ ਆਉਂਦੀ/ ਮੁਸਕਰਾਉਂਦੀ/ ਆਖਦੀ: ਮੇਰੇ ਵੱਲ ਚੁੱਪ ਚੁੱਪ ਵੇਖਦਾ ਰਹੁ/ ਬੋਲਾਂ ਤੋਂ ਪਾਰ ਜਾਣ ਦਾ ਆਪਣਾ ਮਜ਼ਾ ਹੈ’ (ਸਿਰਫ਼ ਤੂੰ ਹੀ, ਪੰਨਾ 54-55) ਜਾਂ ‘ਸਦੀਆਂ ਬੀਤੀਆਂ ਨੇ/ ਅਜੇ ਵੀ ਬਾਬਰਾਂ ਦੀ ਚੜ੍ਹਤ ਹੈ/ ਲਹੂ ਹੀ ਲਹੂ ਹੈ ਚੌਫੇਰੇ/ ਜੋ ਹਾਕਮਾਂ ਦੇ ਅੱਗੇ ਬੋਲਦਾ ਹੈ/ ਓਸ ਨੂੰ ਕਪਟੀ ਕਹਿੰਦੇ ਨੇ/ ਦਲੀਲ ਦੁਸ਼ਮਣੀ ਦਾ ਨਾਮ ਬਣ ਗਈ ਹੈ’ (ਉਹ ਵੇਲਾ ਕਦੋਂ ਆਏਗਾ, ਪੰਨਾ 93)।
ਮੈਨੂੰ ਖੁੱਲ੍ਹੀ ਕਵਿਤਾ ਅਕਸਰ ਪ੍ਰਭਾਵਿਤ ਨਹੀਂ ਕਰਦੀ। ਪਰ ਜਦੋਂ ਉਪਰ ਦਰਜ ਸਤਰਾਂ ਵਰਗੇ ਪ੍ਰਗਟਾਓ (ਐਕਸਪ੍ਰੈਸ਼ਨਜ਼) ਪੜ੍ਹਨ ਨੂੰ ਮਿਲਦੇ ਹਨ ਤਾਂ ਰਾਇ ਖ਼ੁਦ-ਬਖ਼ੁਦ ਬਦਲ ਜਾਂਦੀ ਹੈ। ਅਲਫ਼ਾਜ਼ ਤੇ ਕਾਵਿਕਤਾ ਦਾ ਰੂਹਾਨੀ ਸੁਮੇਲ ਸੰਭਵ ਬਣਾਉਣ ਦਾ ਹੁਨਰ ਮੋਹਨਜੀਤ ਹੁਰਾਂ ਦੀ ਕਲਮ ਵਿਚ ਕੈਦ ਹੈ। ਇਹ ਹੁਨਰ ਤੇ ਕਲਮ, ਦੋਵੇਂ ਹੀ ਸਲਾਮ ਦੇ ਹੱਕਦਾਰ ਹਨ। ਮੈਂ ਸਿਰਫ਼ ਤਿੰਨ ਕਵਿਤਾਵਾਂ ਦਾ ਜ਼ਿਕਰ ਕੀਤਾ ਹੈ; ਬਾਕੀ ਵੀ ਇਨ੍ਹਾਂ ਦੇ ਹਾਣ ਦੀਆਂ ਹਨ।